ਗੁੜ ਦੀ ਮਹਿਕ ਜਿਹੀ ਪੁਸਤਕ ‘ਮੇਰੇ ਅੰਦਰਲੇ ਚਿਰਾਗ’

ਪੁਸਤਕ: ਮੇਰੇ ਅੰਦਰਲੇ ਚਿਰਾਗ
ਲੇਖਕ: ਜਸਵੰਤ ਸਿੰਘ ਸੰਧੂ (ਘਰਿੰਡਾ)
ਪ੍ਰਕਾਸ਼ਕ: ਨਾਨਕ ਪੁਸਤਕ ਮਾਲਾ, ਅੰਮ੍ਰਿਤਸਰ
ਕਈ ਵਾਰੀ ਸਥਿਤੀ ਅਜਿਹੀ ਹੁੰਦੀ ਹੈ ਕਿ ਅਵਾਜ਼ ਨਾ ਵੀ ਆਉਂਦੀ ਹੋਵੇ ਤਾਂ ਚਿੱਤਰਕਾਰ ਇਹ ਕੰਮ ਚਿਹਰਿਆਂ ਨੂੰ ਬੋਲਣ ਲਈ ਦੇ ਚੁਕਾ ਹੁੰਦਾ ਹੈ। ਕਈ ਲਿਖਤਾਂ ਅਜਿਹੀਆਂ ਹੁੰਦੀਆਂ ਹਨ ਕਿ ਲੇਖਕ ਨਾਲ ਹੀ ਨਹੀਂ ਲੈ ਤੁਰਦਾ, ਸਗੋਂ ਤੁਸੀਂ ਲਿਖਤਾਂ ਨਾਲ ਗਹਿਗੱਚ ਤੇ ਆਪ ਮੁਹਾਰੇ ਚੱਲ ਰਹੇ ਹੁੰਦੇ ਹੋ। ਅਜਿਹਾ ਕੁਝ ਹੀ ਜਸਵੰਤ ਸਿੰਘ ਸੰਧੂ ਦੀ ਪੁਸਤਕ ‘ਮੇਰੇ ਅੰਦਰਲੇ ਚਿਰਾਗ’ ‘ਚੋਂ ਲੱਭਦਾ ਹੈ।

ਉਹ ਸਥਾਈ ਲੇਖਕ ਨਹੀਂ ਹੈ, ਕਦੇ ਕਦੇ ਲਿਖਦਾ ਹੈ; ਪਰ ਜੋ ਕਦੇ ਕਦੇ ਲਿਖਦਾ ਹੈ, ਉਹ ਅਜਿਹਾ ਲਿਖਦਾ ਹੈ ਕਿ ਸਥਾਈ ਲੇਖਕ ਵੀ ਸੋਚਦੇ ਨੇ ਕਿ ਸੰਧੂ ਲਗਾਤਾਰ ਕਿਉਂ ਨਹੀਂ ਲਿਖਦਾ? ਸ਼ੈਲੀ ਅਤੇ ਰਵਾਨਗੀ ਸੰਧੂ ਦੀ ਜਸਵੰਤ ਸਿੰਘ ਕੰਵਲ ਵਰਗੀ ਹੈ ਅਤੇ ਝਲਕਾਰਾ ਵਰਿਆਮ ਸੰਧੂ ਵਰਗਾ। ਉਹ ਕੰਵਲ ਨੂੰ ਕਦੇ ਨਹੀਂ ਮਿਲਿਆ, ਪਰ ਸੰਧੂ ਦਾ ਆੜੀ ਹੈ।
ਪੁਸਤਕ ‘ਮੇਰੇ ਅੰਦਰਲੇ ਚਿਰਾਗ’ ਕਈ ਪੱਖਾਂ ਤੋਂ ਨਿਹਾਰੀ ਜਾ ਸਕਦੀ ਹੈ। ਇਕ ਇਹ ਕਿ ਇਸ ਪੁਸਤਕ ਵਿਚ ਉਹਨੇ ਰੇਖਾ ਚਿੱਤਰ ਨਹੀਂ ਲਿਖੇ, ਸਗੋਂ ਜੀਵਨ ਬਿਰਤਾਂਤ ਨੂੰ ਅਜਿਹੇ ਢੰਗ ਨਾਲ ਲਿਖਿਆ ਹੈ ਕਿ ਸੰਖੇਪ ਹੋਣ ਦੇ ਬਾਵਜੂਦ ਤੁਹਾਨੂੰ ਹੋਰ ਕਿਸੇ ਵੱਲ ਵੇਖਣ ਦੀ ਲੋੜ ਨਹੀਂ ਪੈਂਦੀ। ਦੂਜੀ ਗੱਲ, ਜਿਨ੍ਹਾਂ ਬਾਰੇ ਉਹਨੇ ਇਸ ਪੁਸਤਕ ਵਿਚ ਲਿਖਿਆ ਹੈ, ਉਹ ਨਾਮਵਰ ਹਨ, ਕੱਦਾਵਰ ਹਨ ਤੇ ਉਨ੍ਹਾਂ ਬਾਰੇ ਲਿਖਣਾ ਆਮ ਬੰਦੇ ਲਈ ਸਹਿਜ ਸੁਭਾਅ ਨਹੀਂ ਹੁੰਦਾ। ਕਮਾਲ ਦੇਖੋ, ਜਸਵੰਤ ਸਿੰਘ ਸੰਧੂ ਨਾਵਲਕਾਰ ਨਾਨਕ ਸਿੰਘ ਦੀ ਗੱਲ ਵੀ ਕਰਦਾ ਹੈ, ਲਹਿੰਦੇ ਪੰਜਾਬ ਦੇ ਰੇਡੀਓ ਪੇਸ਼ਕਾਰ ਚੌਧਰੀ ਨਿਜ਼ਾਮੂਦੀਨ ਦੀ ਵੀ, ਉਹ ਢਾਡੀ ਸੋਹਣ ਸਿੰਘ ਸੀਤਲ ਅਤੇ ਕੁਲਵੰਤ ਸਿੰਘ ਬੀ. ਏ. ਨੂੰ ਵੀ ਨਾਲ ਲੈ ਕੇ ਤੁਰਿਆ ਹੈ। ਸ਼ਾਮ ਸਿੰਘ ਅਟਾਰੀ ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਗੱਲ ਉਹਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਇਤਿਹਾਸ ਪਿਛਵਾੜ ਵੱਲ ਨਾ ਹੋਵੇ, ਸਗੋਂ ਸਾਹਮਣਿਓਂ ਤੁਰਿਆ ਆਉਂਦਾ ਹੋਵੇ। ਇਨ੍ਹਾਂ ਬਾਰੇ ਪੜ੍ਹਦਿਆਂ ਲੱਗਦਾ ਹੈ ਕਿ ਸ਼ਬਦਾਵਲੀ ਸੁਆਦਲੀ ਹੈ।
ਉਹ ਨਿਜ਼ਾਮੂਦੀਨ ਦੀ ਗੱਲ ਕਰਦਿਆਂ ਰੇਡੀਓ ਸੁਣਨ ਦੇ ਇਕ ਯੁੱਗ ਦੀ ਮੁਕੰਮਲ ਬਾਤ ਪਾ ਜਾਂਦਾ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਬਾਰੇ ਬਹੁਤ ਲੋਕਾਂ ਨੇ ਲਿਖਿਆ, ਧਨੀ ਰਾਮ ਚਾਤ੍ਰਿਕ ਬਾਰੇ ਵੀ, ਕਰਤਾਰ ਸਿੰਘ ਝੱਬਰ ਬਾਰੇ ਵੀ, ਦਰਸ਼ਨ ਸਿੰਘ ਫੇਰੂਮਾਨ ਬਾਰੇ ਵੀ, ਪਰ ‘ਮੇਰੇ ਅੰਦਰਲੇ ਚਿਰਾਗ’ ਵਿਚ ਜਦ ਤੁਸੀਂ ਜਸਵੰਤ ਸਿੰਘ ਸੰਧੂ ਦੀਆਂ ਲਿਖਤਾਂ ਪੜ੍ਹੋਗੇ ਤਾਂ ਮਨ ਮੱਲੋਮੱਲੀ ਕਹੇਗਾ, ‘ਕਿਆ ਕਮਾਲਾਂ ਨੇ?’ ਮਨ ਬਾਗੋ ਬਾਗ ਹੈ।
ਪਿਆਰਾ ਸਿੰਘ ਪੰਛੀ ਢਾਡੀ ਤਾਂ ਸੀ, ਪਰ ਇਸ ਪੁਸਤਕ ‘ਚ ਪਿਆਰਾ ਸਿੰਘ ਪੰਛੀ ਨੂੰ ਪੜ੍ਹ ਕੇ ਵੇਖਿਓ ਕਿ ਸੰਧੂ ਨੇ ਇਕ ਕਲਾ ਦੇ ਪੰਛੀਆਂ ਦੀ ਕੂੰਜਾਂ ਵਾਂਗ ਸਾਂਝੀ ਉਡਾਣ ਕਿਵੇਂ ਭਰੀ ਹੈ? ਵਾਹਗੇ ਨੇੜੇ ਉਸ ਦਾ ਪਿੰਡ ਹੈ ਘਰਿੰਡਾ, ਸਰਹੱਦੀ ਹਲਕਾ ਹੈ, ਜਿਥੋਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ। ਇਸ ਕਰਕੇ ਵੀ ਵੱਧ ਜਾਣਦਾ ਹੈ ਕਿ ਉਹ ਇਕ ਅਧਿਆਪਕ ਰਿਹਾ ਹੈ ਅਤੇ ਇਕ ਅਧਿਆਪਕ ਦਾ ਅਨੁਭਵ ਆਮ ਲੋਕਾਂ ਨਾਲੋਂ ਵੱਖਰਾ ਹੁੰਦਾ ਹੈ। ਕੁਝ ਹੱਡਬੀਤੀਆਂ, ਮੇਰੇ ਪਿੰਡ ਦਾ ਇਮਾਨਦਾਰ ਅਫਸਰ, ਮੇਰੇ ਪਿਤਾ ਜੀ, ਦਿਲ ਵਾਲਾ ਦੁੱਖੜਾ, ਪੰਜਾਬ ਤੇ ਸ਼ਰਾਬ ਪੜ੍ਹੋਗੇ ਤਾਂ ਇਹ ਕਹਿਣਾ ਪਵੇਗਾ ਕਿ ਆਪਣੇ ਪਿੰਡ ਨੂੰ, ਆਪਣੀ ਮਿੱਟੀ ਨੂੰ, ਆਪਣੇ ਗਲੀ ਵਿਹੜਿਆਂ ਨੂੰ, ਖੂਹਾਂ ਢਾਰਿਆਂ ਨੂੰ, ਸੱਥਾਂ ਤੇ ਖੇਤਾਂ ਨੂੰ ਏਦਾਂ ਵੀ ਯਾਦ ਕੀਤਾ ਜਾ ਸਕਦਾ ਹੈ।
ਕਮਾਲ ਦੇਖੋ, ਲੋਕੀਂ ਅਮਰੀਕਾ ਯਾਤਰਾ ਲਿਖਦੇ ਹਨ ਪਰ ਉਹ ਜਦੋਂ ਪੰਜਾਬ ਤੋਂ ਅਮਰੀਕਾ ਪਰਤਦਾ ਹੈ, ਤਾਂ ਉਥੋਂ ਦੀਆਂ ਗੱਲਾਂ ਇੱਥੋਂ ਦੇ ਬਾਬਿਆਂ ਨੂੰ ਲੱਕ ‘ਤੇ ਹੱਥ ਰੱਖ ਕੇ ਸੁਣਾਉਂਦਾ ਹੈ।
ਪੁਸਤਕ ਦੀ ਦਿੱਖ ਤਾਂ ਕਮਾਲ ਹੈ, ਪਰ ਜੋ ਕੁਝ ਇਸ ਪੁਸਤਕ ‘ਚ ਹੈ, ਉਹ ਉਸੇ ਕਥਨ ਵਾਂਗ ਹੈ ਕਿ ਗਿਰੀ ਬਦਾਮ ਭੰਨ੍ਹ ਕੇ ਹੀ ਨਿਕਲਦੀ ਹੈ। ਇਸ ਪੁਸਤਕ ਦੀਆਂ ਸਾਰੀਆਂ ਲਿਖਤਾਂ ਨੂੰ ਅੱਜ ਦੇ ਯੁੱਗ ਵਾਲੀ ਭਾਸ਼ਾ ‘ਚ ਆਰਗੈਨਿਕ ਅਤੇ ਦੇਸੀ ਸਵਾਦ ਵਾਲੀਆਂ ਗਿਰੀਆਂ ਕਿਹਾ ਜਾ ਸਕਦਾ ਹੈ।
ਜਸਵੰਤ ਸਿੰਘ ਸੰਧੂ ਨੇ ਇਹ ਪੁਸਤਕ ਹੀ ਨਹੀਂ ਲਿਖੀ, ਸਗੋਂ ਉਹਨੇ ਬਹੁਤ ਸਾਰੇ ਉਨ੍ਹਾਂ ਲੋਕਾਂ ਦੀਆਂ ਗੱਲਾਂ ਨੂੰ ਸੰਭਾਲਿਆ ਹੈ, ਬਹੁਤ ਸਾਰੇ ਉਨ੍ਹਾਂ ਲੋਕਾਂ ਦੇ ਜ਼ਿਕਰਯੋਗ ਕਾਰਨਾਮਿਆਂ ਨੂੰ ਇਕ ਸ਼ਬਦ ਸਮੂਹ ਵਿਚ ਬੰਨ੍ਹ ਦਿੱਤਾ ਹੈ। ਪੁਸਤਕ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਜਿਵੇਂ ਜਿਮੀਂਦਾਰ ਜਦੋਂ ਮੰਡੀ ‘ਚ ਜਿਣਸ ਦਾ ਅੰਬਾਰ ਲਾਉਂਦਾ ਹੈ ਤਾਂ ਉਹਦਾ ਭਾਅ ਲਾਉਣ ਵਾਲਾ ਇੰਸਪੈਕਟਰ ਅੰਬਾਰ ‘ਚ ਬਾਂਹ ਪਾ ਕੇ ਜਿਹੜੇ ਕੁਝ ਦਾਣੇ ਕੱਢ ਕੇ ਲਿਆਉਂਦਾ ਹੈ, ਉਹੀ ਦੱਸਦੇ ਹਨ ਕਿ ਭਾਈ ਮੁੱਲ ਕਿੰਨਾ ਕੁ ਪੈਣਾ ਹੈ? ਇਹ ਸਾਰੀ ਪੁਸਤਕ ਤੇ ਪੁਸਤਕ ਵਿਚਲਾ ਸ਼ਬਦੀ ਰੰਗ ਸੱਚੀਂ ਮੁੱਚੀਂ ਹੀ ਇਨ੍ਹਾਂ ਦਾਣਿਆਂ ਵਰਗਾ ਹੈ। ਪੁਸਤਕ ਪੜ੍ਹਨਯੋਗ ਹੈ, ਪੰਜਾਬੀ ਸਾਹਿਤ ਜਗਤ ਨੂੰ ਇਕ ਸ਼ਬਦਾਂ ਦਾ ਭੰਡਾਰ ਮਿਲਿਆ ਹੈ ਤੇ ਇਹ ਸਿੱਧ ਹੋਇਆ ਹੈ ਕਿ ਕੋਈ ਲਗਾਤਾਰ ਲਿਖਣ ਨਾਲ ਹੀ ਲੇਖਕ ਨਹੀਂ ਬਣਦਾ, ਸਗੋਂ ਸਾਹਿਤ ਦੀਆਂ ਪੂਣੀਆਂ ਕਿਸੇ ਉਮਰੇ ਵੀ ਕੱਤੀਆਂ ਜਾ ਸਕਦੀਆਂ ਹਨ।
ਵਰਿਆਮ ਸੰਧੂ ਨੇ ਇਸ ਪੁਸਤਕ ਦੀ ਭੂਮਿਕਾ ‘ਚ ਕਿਹਾ ਹੈ ਕਿ ਇਸ ਵਿਚਲੇ ਸਾਰੇ ਸ਼ਬਦ ਉਸ ਗੁੜ ਦੀ ਮਹਿਕ ਵਰਗੇ ਹਨ, ਜੋ ਵੇਲਣਾ ਚੱਲਣ ਵੇਲੇ ਦੋ ਕੋਹ ਦੂਰੋਂ ਆ ਜਾਂਦੀ ਹੈ। ਦੁਆ ਕਰਾਂਗਾ ਕਿ ਜਸਵੰਤ ਸਿੰਘ ਸੰਧੂ ਉਮਰ ਲੰਬੀ ਭੋਗੇ, ਉਹ ਹੋਰ ਲਿਖਤਾਂ ਲਿਖੇ ਤੇ ਸਾਹਿਤ ਦੇ ਅਹਿਮ ਹਿੱਸੇ ਦਾ ਹੀਰਾ ਲੇਖਕ ਬਣੇ।
-ਐਸ਼ ਅਸ਼ੋਕ ਭੌਰਾ