ਐਸ਼ ਅਸ਼ੋਕ ਭੌਰਾ
ਵਕਤ ਬਦਲਿਆਂ ਕਈ ਕੁਝ ਨਹੀਂ ਬਦਲਦਾ, ਬਹੁਤ ਕੁਝ ਬਦਲ ਜਾਂਦਾ ਹੈ-ਤੁਹਾਡੇ ਉਦੇਸ਼ ਬਦਲ ਜਾਂਦੇ ਨੇ, ਸੋਚ ਬਦਲ ਜਾਂਦੀ ਹੈ, ਉਮੀਦਾਂ ਤੇ ਆਸਾਂ ਦਾ ਸਿਧਾਂਤ ਬਦਲ ਜਾਂਦਾ ਹੈ। ਇਹ ਵਕਤ ਹੀ ਹੱਥ ਦਿਖਾਉਂਦਾ ਹੈ ਕਿ ਮੋਤੀਆਂ ਵਰਗੇ ਦੰਦ ਕਰੇਲੇ ਦੇ ਬੀਆਂ ਵਰਗੇ ਬਣ ਜਾਂਦੇ ਨੇ। ਅੱਖਾਂ ‘ਤੇ ਮੋਟੀਆਂ ਐਨਕਾਂ ਲੱਗ ਜਾਂਦੀਆਂ ਨੇ। ਕਈਆਂ ਦੇ ਕੰਨ ਮਸ਼ੀਨਾਂ ਮੰਗਣ ਲੱਗ ਪੈਂਦੇ ਨੇ, ਝੁਰੜੀਆਂ ਤੁਹਾਨੂੰ ਦੱਸਣ ਲੱਗ ਪੈਂਦੀਆਂ ਨੇ ਕਿ ਜ਼ਿੰਦਗੀ ਦਾ ਰੰਗ ਮੁੱਕ ਗਿਆ ਹੈ। ਸ਼ੀਸ਼ਾ ਦੇਖ ਕੇ ਬੰਦਾ ਕਚੀਚੀਆਂ ਵੱਟਦਾ ਹੈ ਕਿ ਮੂਰਖ ਲੋਕ ਨੇ, ਜਿਨ੍ਹਾਂ ਨੇ ਸ਼ੀਸ਼ਾ ਬਣਾਇਆ ਹੈ ਕਿਉਂਕਿ ਇਕ ਵਕਤ ਅਜਿਹਾ ਹੁੰਦਾ ਹੈ, ਜਦੋਂ ਤੁਸੀਂ ਜਵਾਨੀ ਚੇਤੇ ਕਰਕੇ ਬੇਇੱਜਤ ਸ਼ੀਸ਼ੇ ਦੇ ਹੱਥੋਂ ਹੀ ਹੋਣਾ ਹੁੰਦਾ ਹੈ।
ਚਲੋ ਖੈਰ! ਕੁਝ ਵੀ ਐ ਬੰਦਾ ਜ਼ਿੰਦਗੀ ‘ਚ ਇਕ ਵਾਰ ਸਿਕੰਦਰ ਜ਼ਰੂਰ ਹੁੰਦੈ। ਇਹ ਵੱਖਰੀ ਗੱਲ ਹੈ ਕਿ ਕਈ ਘਰ ਵਾਲੀ ਲਈ ਸਿਕੰਦਰ ਹੁੰਦੇ ਨੇ, ਕਈ ਪੁੱਤਾਂ ਲਈ ਤੇ ਕਈ ਪਰਿਵਾਰਾਂ ਲਈ, ਪਰ ਬਹੁਤ ਘੱਟ ਹਾਲਾਤ ਅਜਿਹੇ ਨੇ, ਜਦੋਂ ਤੁਹਾਨੂੰ ਸਮਾਂ ਸਿਕੰਦਰ ਮੰਨ ਰਿਹਾ ਹੁੰਦਾ ਹੈ। ਇਹ ਘਟਨਾ ਹੀ ਨਹੀਂ, ਮੈਨੂੰ ਹੁਣ ਦੁਰਘਟਨਾ ਲੱਗਦੀ ਰਹਿੰਦੀ ਹੈ। ਹੁਣ ਹੋ ਸਕਦੈ ਕਿ ਕੋਈ ਤਹਿਸੀਲਦਾਰ ਵੀ ਮੇਰਾ ਕਹਿਣਾ ਨਾ ਮੰਨੇ, ਕੋਈ ਦਫਤਰੀ ਬਾਬੂ ਵੀ ਨਾ ਪਛਾਣੇ, ਪਰ ਇਕ ਵਾਰ ਸਮਾਂ ਅਜਿਹਾ ਸੀ, ਜਦੋਂ ਮੈਂ ਜਿਲਾ ਮੈਜਿਸਟ੍ਰੇਟ ਤਾਂ ਨਹੀਂ ਸੀ, ਪਰ ਮੈਂ ਜਿਲੇ ਦੀ ਛੁੱਟੀ ਦਾ ਐਲਾਨ ਕਰਨ ਦੇ ਸਮਰੱਥ ਹੋ ਗਿਆ ਸੀ। ਬੜਾ ਅਜੀਬ ਲੱਗੇਗਾ ਜਾਂ ਅਜਿਹੀ ਸਥਿਤੀ, ਜਿੱਥੇ ਤੁਹਾਡੇ ਖਾਜ ਹੁੰਦੀ ਹੋਵੇ, ਉਥੇ ਹੱਥ ਨਾ ਪੁੱਜ ਰਿਹਾ ਹੋਵੇ।
ਜਿਹੜੇ ਜਲੰਧਰ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਨੇ, ਉਨ੍ਹਾਂ ਨੂੰ ਪਤਾ ਹੈ ਕਿ ਬੰਗਾ ਤੋਂ ਅੱਗੇ ਇਕ ਕਸਬਾ ਆਉਂਦੈ ਗੜ੍ਹਸ਼ੰਕਰ। ਗੜ੍ਹਸ਼ੰਕਰ ਵਾਲੀ ਨਹਿਰ ਟੱਪੋ ਤਾਂ ਖੱਬੇ ਹੱਥ ਦਿਸਦੈ ਮਾਹਲ ਥਿਏਟਰ। ਇਤਫਾਕ ਇਹ ਸੀ ਕਿ ਮੈਂ ਇਸ ਥਿਏਟਰ ਵਿਚ ਫਿਲਮ ਕੋਈ ਵੀ ਨ੍ਹੀਂ ਸੀ ਵੇਖੀ। ਕਿਸੇ ਵੇਲੇ ਸਾਡੇ ਗੁਆਂਢੀ ਪਿੰਡ ਦੇ ਬਾਬੂ ਦਾ ਇਹ ਥਿਏਟਰ ਹੁੰਦਾ ਸੀ, ਹੁਣ ਮੈਨੂੰ ਪਤਾ ਨਹੀਂ। ਪਰ ਇਸ ਥਿਏਟਰ ਵਿਚ ਜੋ ਫਿਲਮ ਮੈਂ ਚਲਾਈ, ਉਹ ਸ਼ੂਟ ਨਹੀਂ ਕੀਤੀ ਗਈ ਸੀ, ਕਲਾਕਾਰਾਂ ਦਾ ਸਿੱਧਾ ਪ੍ਰਸਾਰਣ ਸੀ।
ਗੱਲ 1993 ਦੀ ਹੈ, ਗੋਲਡਨ ਸਟਾਰ ਮਲਕੀਤ ਸਿੰਘ ਨੂੰ ਮੈਂ ਸ਼ੌਂਕੀ ਮੇਲੇ ‘ਚ ਸ਼ਿਰਕਤ ਕਰਨ ਲਈ ਮਨਾਇਆ। ਨਵਿਆਂ ਨੂੰ ਦੱਸ ਦਿਆਂ ਕਿ ਸ਼ੌਂਕੀ ਮੇਲਾ ‘ਛੋਟੇ ਲਾਲ ਦੋ ਪਿਆਰੇ’, ‘ਸਾਹਿਬਾਂ ‘ਵਾਜਾਂ ਮਾਰਦੀ’, ‘ਆ ਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ’ ਵਰਗੇ ਅਮਰ ਗੀਤ ਗਾਉਣ ਵਾਲੇ ਢਾਡੀ ਅਮਰ ਸਿੰਘ ਸ਼ੌਂਕੀ ਦੀ ਯਾਦ ‘ਚ ਲੱਗਦਾ ਸੀ। ਗੜ੍ਹਸ਼ੰਕਰ ਤੋਂ ਤਿੰਨ ਮੀਲ ‘ਤੇ ਸ਼ੌਂਕੀ ਦਾ ਪਿੰਡ ਭਜਲਾਂ ਹੈ, ਤੇ ਅੱਗੇ 13 ਕਿਲੋਮੀਟਰ ‘ਤੇ ਮਾਹਿਲਪੁਰ, ਜਿੱਥੋਂ ਦੀ ਧਰਤੀ ਨਾਲ ਇਹ ਮੇਲਾ ਗਲਵੱਕੜੀ ਹੋਇਆ ਰਿਹਾ। ਉਨ੍ਹੀਂ ਦਿਨੀਂ ਮਲਕੀਤ ਦਾ ‘ਤੂਤਕ ਤੂਤਕ ਤੂਤੀਆਂ’ ਗੀਤ ਕਰਕੇ ਕਰੇਜ਼ ਬੜਾ ਸੀ। ਇਹ ਕੋਈ ਪੱਖਪਾਤੀ ਗੱਲ ਨਹੀਂ, ਆਮ ਪੰਜਾਬੀ ਮਲਕੀਤ ਦੁਆਲੇ ਏਨਾ ਝੁਰਮੁਟ ਪਾ ਸਕਦੇ ਸਨ, ਜਿੰਨਾ ਅੱਜ ਕੱਲ ਅਮਿਤਾਭ ਜਾਂ ਸ਼ਾਹਰੁਖ ਖਾਨ ਦੇ ਦੁਆਲੇ ਪੈਂਦਾ ਹੈ।
28, 29 ਜਨਵਰੀ 1993 ਦੇ ਪੰਜਵੇਂ ਸ਼ੌਂਕੀ ਮੇਲੇ ‘ਤੇ ਜਦੋਂ ਮੈਂ ਮਲਕੀਅਤ ਦੇ ਆਉਣ ਦਾ ਐਲਾਨ ਕੀਤਾ ਤਾਂ ਦਰਸ਼ਕਾਂ ਨੇ ਹੀ ਬੜੀ ਉਤਸੁਕਤਾ ਨਹੀਂ ਦਿਖਾਈ, ਸਗੋਂ ਹੁਸ਼ਿਆਰਪੁਰ ਦਾ ਸਾਰਾ ਪ੍ਰਸ਼ਾਸਨ ਇਹ ਮੇਲਾ ਵੇਖਣ ਤੇ ਮਲਕੀਤ ਨਾਲ ਤਸਵੀਰਾਂ ਖਿਚਵਾਉਣ ਲਈ ਉਤਾਵਲਾ ਹੋ ਗਿਆ ਸੀ। ਗੜ੍ਹਸ਼ੰਕਰ ਉਨ੍ਹੀਂ ਦਿਨੀਂ ਸਤਵੰਤ ਸਿੰਘ ਜੌਹਲ ਐਸ਼ ਡੀ. ਐਮ. ਲੱਗੇ ਹੋਏ ਸਨ। ਉਹ ਅਫਸਰ ਤਾਂ ਸੀ ਹੀ, ਮੇਰੇ ਨਿੱਜੀ ਮਿੱਤਰਾਂ ‘ਚੋਂ ਵੀ ਸੀ। ਮੈਨੂੰ ਦਫਤਰ ਬੁਲਾਇਆ ਤੇ ਕਹਿਣ ਲੱਗਾ ਕਿ ਕਿਉਂ ਨਾ ਆਪਾਂ ਇਕ ਤੀਰ ਨਾਲ ਦੋ ਨਿਸ਼ਾਨੇ ਮਾਰ ਲਈਏ। ਜਿਲਾ ਰੈਡ ਕਰਾਸ ਲਈ ਇਕ ਨਾਈਟ ਕਰਵਾ ਲਈਏ। ਮੈਂ ਮਲਕੀਤ ਨੂੰ ਬਿਨਾ ਪੁੱਛੇ ਹੀ ਹਾਂ ਕਰ ਦਿੱਤੀ। ਡਿਪਟੀ ਕਮਿਸ਼ਨਰ ਹੁਸ਼ਿਆਪੁਰ ਗੁਰਮੇਲ ਸਿੰਘ ਬੈਂਸ ਸਨ। ਉਨ੍ਹਾਂ ਨੇ ਮੇਰੇ ਕੋਲ ਏਲਚੀ ਭੇਜਿਆ ਕਿ ਸੱਚੀਂ ਮੁੱਚੀਂ ਹੀ ਮਲਕੀਤ ਆਏਗਾ? ਕਿਉਂਕਿ ਸਾਡੇ ਕੁਝ ਰਿਸ਼ਤੇਦਾਰ ਵੀ ਉਸ ਨੂੰ ਵੇਖਣ ਲਈ ਕਾਹਲੇ ਹਨ।
ਚਲੋ, ਇਹ ਤੈਅ ਹੋ ਗਿਆ ਕਿ ਮੇਲੇ ਤੋਂ ਇਕ ਦਿਨ ਪਹਿਲਾਂ ਗੜ੍ਹਸ਼ੰਕਰ ਦੇ ਮਾਹਲ ਥਿਏਟਰ ‘ਚ ਰੈਡ ਕਰਾਸ ਨਾਈਟ ਹੋਵੇਗੀ। 28, 29 ਜਨਵਰੀ ਨੂੰ ਸ਼ੌਂਕੀ ਮੇਲਾ ਸੀ, 26 ਜਨਵਰੀ ਨੂੰ ਸਰਕਾਰੀ ਸਮਾਗਮ ਸਨ, 25 ਜਨਵਰੀ ਨੂੰ ਮਲਕੀਤ ਨੇ ਇੰਗਲੈਂਡ ਤੋਂ ਜਲੰਧਰ ਪਹੁੰਚਣਾ ਸੀ ਤੇ 30 ਸ਼ਾਮ ਦੀ ਵਾਪਸੀ ਸੀ। ਇਸ ਕਰਕੇ 27 ਜਨਵਰੀ ਹੀ ਫਿੱਟ ਬੈਠਦੀ ਸੀ। ਗੱਲ ਮਲਕੀਤ ਤੱਕ ਹੀ ਨਹੀਂ ਮੁੱਕੀ, ਮੈਂ ਇਸ ਨਾਈਟ ‘ਚ ਸਰੂਪ ਪਰਿੰਦਾ ਤੇ ਦੇਸ ਰਾਜ ਯਾਨਿ ‘ਅਤਰੋ ਤੇ ਚਤਰੋ’ ਨੂੰ ਵੀ ਲੈ ਕੇ ਆਇਆ। ਉਨ੍ਹੀਂ ਦਿਨੀਂ ‘ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਆ’ ਵਾਲੇ ਕਮਲਜੀਤ ਨੀਲੋਂ ਦਾ ਵੀ ਵੱਡਾ ਸਟਾਰਡਮ ਸੀ, ਉਹ ਵੀ ਆਇਆ। ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਵੀ।
ਅਸਲ ‘ਚ ਸ਼ੌਂਕੀ ਮੇਲੇ ਤੋਂ ਇਕ ਦਿਨ ਪਹਿਲਾਂ ਮੇਲਾ, ਤੇ ਉਹ ਵੀ ਰਾਤ ਨੂੰ ਗੜ੍ਹਸ਼ੰਕਰ ਦੇ ਮਾਹਲ ਥਿਏਟਰ ‘ਚ ਲਾ ਦਿੱਤਾ। ਰੈਡ ਕਰਾਸ ਲਈ ਚੰਗੀ ਆਮਦਨ ਹੋਈ। ਮਲਕੀਤ ਨੂੰ ਇਸ ਨਾਈਟ ‘ਚ ਗਾਉਣ ਲਈ 25000 ਰੁਪਿਆ ਦਿੱਤਾ। ਬਾਕੀ ਸਾਰੇ ਕਲਾਕਾਰ ਪੰਜ ਤੋਂ ਸੱਤ ਹਜ਼ਾਰ ਦੀ ਅਦਾਇਗੀ ਨਾਲ ਆਏ। ਸਫਲ ਨਾਈਟ ਹੋਣ ਕਰਕੇ ਰੈਡ ਕਰਾਸ ਲਈ ਚਾਰ ਪੈਸੇ ‘ਕੱਠੇ ਹੋਣ ਨਾਲ ਮੇਰੀ ਭੱਲ ਚੰਗੀ ਬਣ ਗਈ ਸੀ।
ਇਤਫਾਕ ਹੀ ਸੀ ਕਿ ਐਸ਼ ਐਸ਼ ਪੀ. ਰਾਜਨ ਗੁਪਤਾ ਤੇ ਡਿਪਟੀ ਕਮਿਸ਼ਨਰ ਗੁਰਮੇਲ ਸਿੰਘ ਬੈਂਸ ਨਾਲ ਮੈਂ ਗੂੜ੍ਹੇ ਮਿੱਤਰਾਂ ਵਾਂਗ ਤੇ ਬਿਨਾ ਕਿਸੇ ਝਿਜਕ ਤੋਂ ਗੱਲਬਾਤ ਕਰ ਸਕਦਾ ਸੀ। ਕਈਆਂ ਨੂੰ ਇਹ ਗੱਲ ‘ਮੈਂ’ ਲੱਗੇਗੀ ਇਸ ਲਈ ‘ਮੈਂ’ ਮੁਆਫੀ ਚਾਹੁੰਨਾਂ; ਗੱਲ ਮੈਂ ਨਾਲ ਕਰਨੀ ਪੈਣੀ ਸੀ ਇਸੇ ਕਰਕੇ ‘ਮੈਂ’ ਨਾਲ ਕਰ ਰਿਹਾ ਹਾਂ।
ਇਸ ਨਾਈਟ ‘ਚ ਦੋ ਘਟਨਾਵਾਂ ਬੜੀਆਂ ਦਿਲਚਸਪ ਵਾਪਰੀਆਂ। ਪਹਿਲੀ ਹਾਸੋਹੀਣੀ ਵੀ ਸੀ ਤੇ ਦੁਖਦਾਇਕ ਵੀ। ਬਹੁਤਿਆਂ ਨੂੰ ਯਾਦ ਹੋਵੇਗਾ ਕਿ ਉਨ੍ਹੀਂ ਦਿਨੀਂ ਮਾਹਿਲਪੁਰ ਹਲਕੇ ਦੇ ਇਕ ਬੰਦੇ ਦੀ ਵਿਦੇਸ਼ ‘ਚ ਵੱਡੀ ਲਾਟਰੀ ਨਿਕਲ ਆਈ ਸੀ, ਉਹ ਵੀ ਕਰੋੜਾਂ ਰੁਪਏ ਦੀ, ਲੋਕ ਉਹਦਾ ਅਸਲ ਨਾਂ ਭੁੱਲ ਗਏ ਤੇ ਉਹਦਾ ਨਾਂ ‘ਕਰੋੜੀ ਮੱਲ’ ਈ ਪੈ ਗਿਆ। ਕਰੋੜੀ ਮੱਲ ਵੀ ਇਸ ਨਾਈਟ ‘ਚ ਹਾਜ਼ਰ ਸੀ। ਉਹਨੇ ਵੱਡੀ ਰਕਮ ਪ੍ਰਸ਼ਾਸਨ ਨੂੰ ਦੇਣੀ ਸੀ। ਪੈਸੇ ਦੇ ਕੇ ਸਤਿਕਾਰ ਤਾਂ ਹੁੰਦਾ ਬੰਦੇ ਦਾ, ਪੈਸੇ ਦੇ ਕੇ ਲੋਕੀਂ ਮੁੱਖ ਮਹਿਮਾਨ ਬਣ ਜਾਂਦੇ ਨੇ, ਪਰ ਮੈਂ ਪੈਸੇ ਦੇ ਕੇ ਕਿਸੇ ਨੂੰ ਚਪੇੜਾਂ ਖਾਂਦਿਆਂ ਪਹਿਲੀ ਵਾਰ ਵੇਖਿਆ ਸੀ। ਸੋਚ ਕੇ ਦੇਖੋ ਕਿ ਏਦਾਂ ਹੋ ਸਕਦੈ ਕਿ ਕੋਈ ਬੰਦਾ ਅਮੀਰੀ ਦੀ ਪੌੜੀ ਚੜ੍ਹਿਆ ਹੋਵੇ, ਉਹ ਪੰਜਾਹ ਹਜ਼ਾਰ ਰੁਪਏ ਦੇ ਰਿਹਾ ਹੋਵੇ ਤੇ ਨਾਲ ਇਹ ਕਹਿੰਦਾ ਹੋਵੇ ਕਿ ਮੇਰੇ ਪੰਜ ਚਪੇੜਾਂ ਵੱਟ ਵੱਟ ਕੇ ਮਾਰੋ, ਸਮਝ ਤੋਂ ਬਾਹਰ ਹੈ। ਝਲਕ ਦੇਖੋ ਕਿ ਉਹਨੇ ਪੰਜ-ਪੰਜ ਹਜ਼ਾਰ ਦੀਆਂ ਦਸ ਦੱਥੀਆਂ ਪਲੇਟ ‘ਚ ਰੱਖੀਆਂ, ਸਟੇਜ ‘ਤੇ ਭੇਟ ਕੀਤੀਆਂ।
ਜਦੋਂ ਬਾਹਰ ਆਇਆ ਤਾਂ ਉਹ ਪਿੱਛੇ ਖੜ੍ਹੀ ਕਾਰ ‘ਚ ਪੈਗ ਲਾਉਣ ਲੱਗਾ, ਠੰਡ ਏਨੀ ਕਿ ਕੁਲਫੀ ਜੰਮ ਰਹੀ ਸੀ। ਇਕ ਪੁਲਿਸ ਅਫਸਰ ਨੇ ਉਸ ਨੂੰ ਆਉਂਦੇ ਨੂੰ ਪੁੱਛਿਆ, “ਉਏ ਤੂੰ ਕਿੰਨੇ ਪੈਸੇ ਦਿੱਤੇ?” ਉਹਨੇ ਨਿਮਰਤਾ ਨਾਲ ਜੁਆਬ ਦਿੱਤਾ, “ਸਰ ਪੰਜਾਹ ਹਜ਼ਾਰ।” “ਸਾਲਿਆ ਲੱਖ ਕਹਿ ਕੇ ਪੰਜਾਹ ਹਜ਼ਾਰ, ਤੂੰ ਮੂਰਖ ਬਣਾ ਗਿਆਂ ਸਾਨੂੰ।” ਉਹਨੇ ਬਿਨਾ ਕੋਈ ਉਤਰ ਸੁਣਿਆਂ ਉਸ ਵਿਚਾਰੇ ਦਾ ਠੰਡ ਨਾਲ ਪਹਿਲਾਂ ਹੀ ਲਾਲ ਮੂੰਹ ਚਪੇੜਾਂ ਮਾਰ ਮਾਰ ਕੇ ਨੀਲਾ ਕਰ ਦਿੱਤਾ। ਉਹ ਕੁਝ ਨਾ ਬੋਲਿਆ, ਚਪੇੜਾਂ ਖਾ ਕੇ ਗੱਡੀ ‘ਚ ਹੱਥ ਮਾਰਿਆ ਤੇ ਪੰਜ-ਪੰਜ ਹਜ਼ਾਰ ਦੀਆਂ ਦਸ ਦੱਥੀਆਂ ਹੋਰ ਦੇ ਕੇ ਆਖਣ ਲੱਗਾ, “ਸਰ ਆਹ ਪੰਜਾਹ ਹਜ਼ਾਰ ਵੀ ਲਓ, ਮੈਥੋਂ ਗਲਤੀ ਹੋ ਗਈ।” ਉਸ ਦਿਨ ਮੈਨੂੰ ਲੱਗਦਾ ਸੀ ਕਿ ਪੈਸਾ ਹੱਕ ਦਾ ਹੀ ਹੋਣਾ ਚਾਹੀਦਾ ਹੈ। ਇਹ ਲਾਟਰੀਆਂ ਦਾ ਪੈਸਾ ਬਹੁਤ ਘੱਟ ਲੋਕਾਂ ਨੂੰ ਵਰਤਣਾ ਆਉਂਦਾ ਹੈ।
ਪ੍ਰੋਗਰਾਮ ਜੋਬਨ ‘ਤੇ ਸੀ। ਸਾਹਮਣੇ ਕੁਰਸੀਆਂ ‘ਤੇ ਪੂਰਾ ਜਿਲਾ ਪ੍ਰਸ਼ਾਸਨ ਬੈਠਾ ਸੀ। ਪ੍ਰੋ. ਮੋਹਣ ਸਿੰਘ ਮੇਲੇ ‘ਤੇ ਡਿਪਟੀ ਕਮਿਸ਼ਨਰ ਜਿਲੇ ‘ਚ ਛੁੱਟੀ ਕਰਦਾ ਹੁੰਦਾ ਸੀ, ਓਹੀ ਖਿਆਲ ਮੇਰੇ ਮਨ ‘ਚ ਆਇਆ ਤੇ ਮੈਂ ਬਿਨਾ ਡਿਪਟੀ ਕਮਿਸ਼ਨਰ ਨੂੰ ਪੁੱਛੇ ਮਲਕੀਤ ਤੋਂ ਮਾਈਕ ਫੜ ਕੇ ਐਲਾਨ ਕਰ ਦਿੱਤਾ ਕਿ 29 ਜਨਵਰੀ ਨੂੰ ਪੂਰੇ ਜਿਲੇ ਦੇ ਸਾਰੇ ਦਫਤਰਾਂ ‘ਚ ਸ਼ੌਂਕੀ ਮੇਲੇ ਕਰਕੇ ਸਰਕਾਰੀ ਛੁੱਟੀ ਹੋਵੇਗੀ। ਤਾੜੀਆਂ ਵੱਜੀਆਂ, ਸ਼ੌਂਕੀ ਮੇਲੇ ਦੀ ਪ੍ਰਾਪਤੀ ਹੋਈ। ਐਸ਼ ਡੀ. ਐਮ. ਜੌਹਲ ਮੈਨੂੰ ਆਣ ਕੇ ਕਹਿਣ ਲੱਗਾ, “ਅਸ਼ੋਕ ਡੀ. ਸੀ. ਸਾਹਿਬ ਨੂੰ ਪੁੱਛ ਤਾਂ ਲੈਣਾ ਸੀ! ਇਹਦੇ ਲਈ ਬਾਕਾਇਦਾ ਕਾਗਜ਼ੀ ਕਾਰਵਾਈ ਕਰਨੀ ਹੁੰਦੀ ਹੈ।”
ਮੈਂ ਕਿਹਾ, “ਸਰ ਏਡੀ ਵੱਡੀ ਨਾਈਟ ਕਰਵਾ ਦਿੱਤੀ, ਐਨੇ ਕਲਾਕਾਰ ਮੈਂ ਲੈ ਆਇਆਂ, ਚਾਰ ਪੈਸੇ ਰੈਡ ਕਰਾਸ ਨੂੰ ‘ਕੱਠੇ ਕਰਵਾ ਦਿੱਤੇ, ਮੈਂ ਏਨਾ ਵੀ ਨਹੀਂ ਸੀ ਕਰ ਸਕਦਾ?” ਤੇ ਉਹ ਆਖਣ ਲੱਗਾ, “ਆ ਮੇਰੇ ਨਾਲ, ਆਪਾਂ ਡੀ. ਸੀ. ਸਾਹਿਬ ਨੂੰ ਕਹਿ ਤਾਂ ਦੇਈਏ ਕਿ ਗਲਤੀ ਹੋ ਗਈ ਹੈ, ਹੁਣ ਪ੍ਰਵਾਨ ਕਰੋ।”
ਜਿਸ ਡਿਪਟੀ ਕਮਿਸ਼ਨਰ ਨੂੰ ਪੂਰਾ ਪੰਜਾਬ ਬੀਬਾ ਤੇ ਇਮਾਨਦਾਰ ਮੰਨਦਾ ਸੀ, ਉਹ ਹੱਸ ਕੇ ਕਹਿਣ ਲੱਗਾ, “ਜੌਹਲ ਸਾਹਿਬ, ਕੋਈ ਗੱਲ ਨਹੀਂ, ਜੇ ਮੁੰਡੇ ਨੇ ਛੁੱਟੀ ਕਰ ਦਿੱਤੀ ਤਾਂ ਛੁੱਟੀ ਹੀ ਐ।”
ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਮੈਨੂੰ ਏਦਾਂ ਲੱਗਦਾ ਸੀ ਕਿ ਸ਼ਾਇਦ ਮੈਂ ਪੰਜ ਕੁ ਮਿੰਟ ਲਈ ਡਿਪਟੀ ਕਮਿਸ਼ਨਰ ਬਣ ਗਿਆ ਹੋਵਾਂ, ਤੇ ਡੀ. ਸੀ. ਦੇ ਅਧਿਕਾਰ ਆਪ ਹੀ ਵਰਤ ਲਏ ਹੋਣ। ਰਾਤ ਨੂੰ ਅਖਬਾਰਾਂ ‘ਚ ਖਬਰ ਲੁਆ ਦਿੱਤੀ, ਛੁੱਟੀ ਦੀਆਂ ਖਬਰਾਂ ਛਪ ਗਈਆਂ, ਪਰ ਮੈਨੂੰ 29 ਤਰੀਕ ਸਵੇਰੇ ਪਤਾ ਲੱਗਾ ਕਿ ਸਾਰਾ ਪ੍ਰਸ਼ਾਸਨ ਛੁੱਟੀ ਦੇ ਨੋਟੀਫਿਕੇਸ਼ਨ ਦਾ ਸਰਕੂਲਰ ਹੱਥੋ ਹੱਥੀ ਸਾਰੇ ਜਿਲੇ ‘ਚ ਵੰਡ ਰਿਹਾ ਸੀ। ਇਹਨੂੰ ਕਹਿੰਦੇ ਨੇ, ‘ਦਿਨ ਉਹ ਨਾ ਰਹੇ, ਦਿਨ ਇਹ ਵੀ ਨਹੀਂ ਰਹਿਣਗੇ।’
ਕਈ ਵਾਰ ਸੋਚਦਾਂ ਕਿ ਮੈਂ ਸ਼ੌਂਕੀ ਮੇਲਾ ਹੀ ਨਹੀਂ ਲਾਇਆ, ਸਗੋਂ ਮੇਲਿਆਂ ਦਾ ਇਕ ਇਤਿਹਾਸ ਸਿਰਜਿਆ ਹੈ, ਕਿਉਂਕਿ ਪਹਿਲਿਆਂ ‘ਚ ਸ਼ਾਇਦ ਕਈ ਕੰਪਨੀਆਂ ਬਿਨਾ ਮਾਅਰਕੇ ਤੋਂ ਵੀ ਚੱਲਦੀਆਂ ਰਹੀਆਂ ਹਨ।
ਜੇ ਕਦੇ ਓਦਰ ਜਾਓ ਤਾਂ ਏਨਾ ਨਾ ਓਦਰੋ ਕਿ ਦਿਨ ਨੂੰ ਰਾਤ ਦਿਸਣ ਲੱਗ ਜਾਵੇ। ਜੇ ਖੁਸ਼ੀ ਹੋਵੇ ਤਾਂ ਏਨਾ ਨਾ ਉਛਲੋ ਕਿ ਤੁਹਾਡੀ ਲੱਤ-ਬਾਂਹ ਟੁੱਟਣ ਦੀ ਸੰਭਾਵਨਾ ਬਣ ਜਾਵੇ। ਗੱਲ ਸਹੀ ਹੈ ਕਿ ਸਮਾਂ ਬਦਲਣ ਨਾਲ ਤੁਸੀਂ ਰਾਮ ਸਿੰਘ ਤਾਂ ਸ਼ਾਇਦ ਬਣੇ ਰਹੋਂ, ਪਰ ਜੋ ਕੰਮ ਰਾਮ ਸਿੰਘ ਨੇ ਕੀਤੇ ਸੀ, ਉਹ ਸ਼ਾਇਦ ਮੁੜ ਕੇ ਕਰਨ ਦੀ ਸੰਭਾਵਨਾ ਨਾ ਬਣੇ। ਤਾੜੀ ਅੱਗੇ ਨੂੰ ਹੱਥ ਕਰਕੇ ਹੀ ਮਾਰੀ ਚੰਗੀ ਲੱਗਦੀ ਹੈ, ਰਾਮਦੇਵ ਦੇ ਯੋਗਾ ਵਾਲੀ ਹੱਥ ਪਿੱਛੇ ਨੂੰ ਕਰਕੇ ਤਾੜੀ ਵਜਾਉਣੀ ਸਿਹਤ ਲਈ ਤਾਂ ਫਾਇਦੇਮੰਦ ਹੋ ਸਕਦੀ ਹੈ, ਪਰ ਖੁਸ਼ੀ ਦਾ ਪ੍ਰਤੀਕ ਨਹੀਂ ਹੋ ਸਕਦੀ।