ਜੇਲ੍ਹ ਪ੍ਰਬੰਧਾਂ ‘ਤੇ ਉਠੇ ਵੱਡੇ ਸਵਾਲ
ਚੰਡੀਗੜ੍ਹ: ਨਾਭਾ ਜੇਲ੍ਹ ਵਿਚ ਬੇਅਦਬੀ ਮਾਮਲੇ ਵਿਚ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਇਕ ਹਫਤੇ ਦੇ ਅੰਦਰ ਹੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਦਰਮਿਆਨ ਟਕਰਾਅ ਤੋਂ ਬਾਅਦ ਫੈਲੀ ਹਿੰਸਾ ਨੇ ਸੂਬੇ ਦੇ ਜੇਲ੍ਹਾਂ ਅੰਦਰਲੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸਾਥੀ ਕੈਦੀ 32 ਸਾਲਾ ਸਨੀ ਸੂਦ ਦੀ ਮੌਤ ਤੋਂ ਬਾਅਦ ਭੜਕੇ ਕੈਦੀਆਂ ਨੂੰ ਕੰਟਰੋਲ ਕਰਨ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਲੁਧਿਆਣਾ ਦੇ ਰਹਿਣ ਵਾਲੇ ਇਕ ਕੈਦੀ ਦੀ ਮੌਤ ਹੋ ਗਈ ਅਤੇ ਇਕ ਫਰਾਰ ਹੋ ਗਿਆ।
ਟਕਰਾਅ ਦੌਰਾਨ ਤਿੰਨ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਕੈਦੀ ਜ਼ਖਮੀ ਹੋ ਗਏ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਲਗਭਗ 3200 ਕੈਦੀਆਂ ਨੂੰ ਸੰਭਾਲਣ ਲਈ ਮਹਿਜ਼ ਡੇਢ ਦਰਜਨ ਸਟਾਫ ਹੀ ਲਗਾਇਆ ਗਿਆ ਹੈ। ਇਹ ਗੱਲ ਹਮੇਸ਼ਾ ਚਰਚਾ ਵਿਚ ਰਹੀ ਹੈ ਕਿ ਇਕ ਪਾਸੇ ਰਸੂਖ ਵਾਲੇ ਕੈਦੀ ਮੌਜਾਂ ਕਰਦੇ ਹਨ ਤੇ ਦੂਜੇ ਪਾਸੇ ਸਾਧਾਰਨ ਕੈਦੀਆਂ ਨੂੰ ਇਲਾਜ ਖੁਣੋਂ ਹੀ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ। ਲੁਧਿਆਣਾ ਜੇਲ੍ਹ ਹਿੰਸਾ ਵੀ ਇਸੇ ਰੋਸ ਵਜੋਂ ਸ਼ੁਰੂ ਹੋਈ ਸੀ। ਥਾਣਿਆਂ ਜਾਂ ਜੇਲ੍ਹਾਂ ਅੰਦਰ ਹਿਰਾਸਤੀ ਮੌਤ ਦਾ ਕਾਰਨ ਕੋਈ ਵੀ ਹੋਵੇ ਪਰ ਸਰਕਾਰ ਜ਼ਿੰਮੇਵਾਰੀ ਤੋਂ ਮੂੰਹ ਮੋੜ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਜੇਲ੍ਹ ਵਿਚ ਬੰਦ 3200 ਕੈਦੀਆਂ ਤੇ ਹਵਾਲਾਤੀਆਂ ਨੇ ਹੰਗਾਮਾ ਕੀਤਾ ਤਾਂ ਉਸ ਵੇਲੇ ਉਨ੍ਹਾਂ ਦੀ ਸੁਰੱਖਿਆ ਲਈ ਸਿਰਫ 18 ਮੁਲਾਜ਼ਮ ਡਿਊਟੀ ‘ਤੇ ਸਨ, ਜਿਨ੍ਹਾਂ ਕੋਲ ਹਥਿਆਰ ਵੀ ਨਾਂ-ਮਾਤਰ ਹੀ ਸਨ। ਪੁਰਾਣੇ ਹਥਿਆਰਾਂ ਤੇ ਡੰਡਿਆਂ ਨਾਲ ਲੈਸ ਮੁਲਾਜ਼ਮ ਭੜਕੇ ਕੈਦੀਆਂ ਨੂੰ ਕਾਬੂ ਨਹੀਂ ਕਰ ਸਕੇ, ਇਸੇ ਲਈ ਕੁਝ ਹੀ ਮਿੰਟਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਨੇ ਜੇਲ੍ਹ ‘ਤੇ ਕਬਜ਼ਾ ਕਰ ਲਿਆ ਸੀ। ਲੁਧਿਆਣਾ ਕੇਂਦਰੀ ਜੇਲ੍ਹ ‘ਚ ਮੌਜੂਦਾ ਸਮੇਂ 3200 ਦੇ ਕਰੀਬ ਕੈਦੀ ਹਨ, ਜਿਨ੍ਹਾਂ ‘ਚ 150 ਦੇ ਕਰੀਬ ਖਤਰਨਾਕ ਕੈਦੀ ਹਨ ਜੋ ਗੈਂਗਸਟਰ ਜਾਂ ਫਿਰ ਗੈਂਗਸਟਰ ਦੇ ਨੇੜੇ ਦੇ ਸਾਥੀ ਹਨ। ਇਨ੍ਹਾਂ ਕੈਦੀਆਂ ਦੀ ਸੁਰੱਖਿਆ ਲਈ, ਪੁਲਿਸ ਕੋਲ ਸਿਰਫ 150 ਦੇ ਕਰੀਬ ਮੁਲਾਜ਼ਮ ਹਨ, ਜੋ ਤਿੰਨ ਸ਼ਿਫਟਾਂ ‘ਚ ਕੰਮ ਕਰਦੇ ਹਨ।
ਇਨ੍ਹਾਂ ਘਟਨਾਵਾਂ ਨੇ ਇਕ ਵਾਰ ਫਿਰ ਸਭ ਦਾ ਧਿਆਨ ਪੰਜਾਬ ਦੀਆਂ ਜੇਲ੍ਹਾਂ ਅੰਦਰਲੀ ਮਾੜੀ ਵਿਵਸਥਾ ਅਤੇ ਪੰਜਾਬ ਪੁਲਿਸ ਦੀ ਨਾਕਸ ਕਾਰਗੁਜ਼ਾਰੀ ਵਲ ਖਿੱਚਿਆ ਹੈ। ਨਾਭੇ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ਵਿਚੋਂ ਹੀ 27 ਨਵੰਬਰ, 2016 ਨੂੰ ਗੈਂਗਸਟਰ ਵਿੱਕੀ ਗੌਂਡਰ ਅਤੇ 6 ਹੋਰ ਅਪਰਾਧੀਆਂ ਨੂੰ ਉਨ੍ਹਾਂ ਦੇ ਸਾਥੀ ਗੈਂਗਸਟਰ ਹਮਲਾ ਕਰਕੇ ਛੁਡਾ ਕੇ ਲੈ ਗਏ ਸਨ। ਕੁਝ ਅਰਸਾ ਪਹਿਲਾਂ ਹੀ ਪਟਿਆਲੇ ਦੇ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਅਤੇ ਦੋ ਸਹਾਇਕ ਸੁਪਰਡੈਂਟਾਂ ਅਤੇ ਇਕ ਵਾਰਡਨ ਨੂੰ ਬਰਖਾਸਤ ਕੀਤਾ ਗਿਆ ਹੈ ਕਿਉਂਕਿ ਉਹ ਗੈਂਗਸਟਰਾਂ ਨਾਲ ਰਲ ਕੇ ਫਿਰੌਤੀਆਂ ਵਸੂਲਣ ਦਾ ਧੰਦਾ ਕਰ ਰਹੇ ਸਨ। ਅਕਸਰ ਹੀ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੋਬਾਈਲ ਫੋਨ ਮਿਲਣ ਅਤੇ ਅੰਦਰ ਨਸ਼ੀਲੇ ਪਦਾਰਥਾਂ ਦੀ ਧੜੱਲੇ ਨਾਲ ਤਸਕਰੀ ਹੋਣ ਦੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਕਹਿਣ ਨੂੰ ਤਾਂ ਪੰਜਾਬ ਦੀਆਂ ਜੇਲ੍ਹਾਂ ਨੂੰ ਸਮੇਂ-ਸਮੇਂ ਸਿਆਸਤਦਾਨਾਂ ਵੱਲੋਂ ਸੁਧਾਰ ਘਰਾਂ ਦਾ ਨਾਂ ਦਿੱਤਾ ਜਾਂਦਾ ਰਿਹਾ ਹੈ ਪਰ ਇਸ ਸਮੇਂ ਇਹ ਸੁਧਾਰ ਘਰਾਂ ਨਾਲੋਂ ਵਿਗਾੜ ਘਰ ਜ਼ਿਆਦਾ ਬਣੀਆਂ ਨਜ਼ਰ ਆਉਂਦੀਆਂ ਹਨ। ਜੇਲ੍ਹਾਂ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਨਾਲ ਤਾਂ ਛੋਟੇ-ਮੋਟੇ ਅਪਰਾਧੀ ਵੀ ਜੇਲ੍ਹ ਵਿਚ ਕੁਝ ਸਮਾਂ ਰਹਿ ਕੇ ਖੂੰਖਾਰ ਅਪਰਾਧੀ ਬਣ ਸਕਦੇ ਹਨ।
ਜੇਲ੍ਹਾਂ ਵਿਚ ਗੈਂਗਸਟਰਾਂ ਤੇ ਖਤਰਨਾਕ ਅਪਰਾਧੀਆਂ ਦਾ ਬੋਲਬਾਲਾ ਹੈ। ਪੁਲਿਸ ਮੁਲਾਜ਼ਮ ਵੀ ਅਕਸਰ ਇਨ੍ਹਾਂ ਤੋਂ ਡਰ ਮਹਿਸੂਸ ਕਰਦੇ ਹਨ। ਇਹ ਸਾਰੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ਪੁਲਿਸ ਦੇ ਕੰਮਕਾਜ ਵਿਚ ਵੱਡੀਆਂ ਤਰੁੱਟੀਆਂ ਪੈਦਾ ਹੋ ਗਈਆਂ ਹਨ। ਕਿਸੇ ਸਮੇਂ ਪੰਜਾਬ ਪੁਲਿਸ ਆਪਣੀ ਬਿਹਤਰ ਕਾਰਗੁਜ਼ਾਰੀ ਲਈ ਪੂਰੇ ਦੇਸ਼ ਵਿਚ ਜਾਣੀ ਜਾਂਦੀ ਸੀ ਅਤੇ ਵੱਖ-ਵੱਖ ਥਾਂਵਾਂ ‘ਤੇ ਅਮਨ ਕਾਨੂੰਨ ਦੀਆਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੀ ਮੰਗ ਕੀਤੀ ਜਾਂਦੀ ਸੀ ਪਰ ਅੱਜ ਸਿਆਸੀ ਗਰਜ਼ ਕਾਰਨ ਪੰਜਾਬ ਪੁਲਿਸ ਦੀ ਸਥਿਤੀ ਇਹ ਹੋ ਗਈ ਹੈ ਕਿ ਉਹ ਰਾਜ ਵਿਚ ਅਤੇ ਇਥੋਂ ਤੱਕ ਕਿ ਆਪਣੀਆਂ ਜੇਲ੍ਹਾਂ ਵਿਚ ਵੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਕੰਟਰੋਲ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ।
ਨਾਭਾ ਜੇਲ੍ਹ ਵਿਚੋਂ ਸਾਲ 2016 ਦੌਰਾਨ ਖਤਰਨਾਕ ਗੈਂਗਸਟਰਾਂ ਅਤੇ ਅਤਿਵਾਦੀਆਂ ਦੇ ਫਰਾਰ ਹੋਣ ਦੀ ਘਟਨਾ ਤੋਂ ਪਹਿਲਾਂ ਕਪੂਰਥਲਾ, ਜਲੰਧਰ, ਗੁਰਦਾਸਪੁਰ, ਫਰੀਦਕੋਟ ਆਦਿ ਸ਼ਹਿਰਾਂ ‘ਚ ਸਥਿਤ ਜੇਲ੍ਹਾਂ ਅੰਦਰ ਪੁਲਿਸ ਅਤੇ ਕੈਦੀਆਂ ਦਰਮਿਆਨ ਹੋਈਆਂ ਝੜਪਾਂ ਕਰਕੇ ਕਈ ਵਾਰੀ ਦੰਗਿਆਂ ਵਰਗੇ ਹਾਲਾਤ ਬਣ ਗਏ ਸਨ। ਜੇਲ੍ਹਾਂ ਵਿਚ ਬੰਦ ਅਪਰਾਧੀਆਂ ਵੱਲੋਂ ਗਤੀਵਿਧੀਆਂ ਚਲਾਉਣ ਦੀਆਂ ਰਿਪੋਰਟਾਂ ਪ੍ਰਤੀ ਅਕਸਰ ਖੁਫੀਆ ਏਜੰਸੀਆਂ ਜੇਲ੍ਹ ਵਿਭਾਗ ਨੂੰ ਚੌਕਸ ਕਰਦੀਆਂ ਹਨ। ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਸਪਲਾਈ ਤਾਂ ਜੇਲ੍ਹਾਂ ਅੰਦਰ ਸਾਧਾਰਨ ਵਰਤਾਰਾ ਬਣ ਗਈ ਹੈ।