‘ਭਾਰਤ ਮਾਤਾ ਦੀ ਜੈ’ ਤੋਂ ਬਾਅਦ ਹੁਣ ‘ਜੈ ਸ੍ਰੀਰਾਮ’ ਦੀ ਮਾਰ
ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਦੀ ਦੂਜੀ ਪਾਰੀ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਵਿਚ ਹਜੂਮੀ ਹਿੰਸਾ ਦੀਆਂ ਇਕ ਤੋਂ ਬਾਅਦ ਇਕ ਵਾਪਰ ਰਹੀਆਂ ਘਟਨਾਵਾਂ ਵੱਡੇ ਸਵਾਲ ਖੜ੍ਹੇ ਕਰ ਰਹੀਆਂ ਹਨ। ਇਹ ਮਸਲਾ ਸੰਸਦ ਵਿਚ ਵੀ ਜ਼ੋਰ-ਸ਼ੋਰ ਨਾਲ ਉਠਿਆ ਹੈ। ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਮੈਂਬਰ ਨੇ ਤਾਂ ਸੰਸਦ ਵਿਚ ਇਥੋਂ ਤੱਕ ਆਖ ਦਿੱਤਾ ਕਿ ‘ਸਾਨੂੰ ਤੈਅ ਕਰਨਾ ਪਵੇਗਾ ਕਿ ਇਸ ਦੇਸ਼ ਵਿਚ ਮੁਸਲਮਾਨ ਕਿਵੇਂ ਜੀਣ।’
ਮੋਦੀ ਸਰਕਾਰ ਦੀ ਪਿਛਲੀ ਪਾਰੀ ਵਿਚ ਅਜਿਹੀਆਂ ਅਣਗਿਣਤ ਘਟਨਾਵਾਂ ਵਾਪਰੀਆਂ ਸਨ ਜਦੋਂ ਗਊ ਰੱਖਿਆ ਦੇ ਨਾਮ ਉਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਕੱਟੜ ਸੋਚ ਵਾਲੇ ਗਊ ਰਾਖਿਆਂ ਨੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਕੁਝ ਲੋਕਾਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰਿਆ ਪਰ ਅਜਿਹੇ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸ਼ਰੇਆਮ ਲੋਕਾਂ ਨੂੰ ਧੌਣੋਂ ਫੜ ਕੇ ‘ਜੈ ਸ੍ਰੀਰਾਮ’ ਦੇ ਨਾਅਰੇ ਮਾਰਨ ਲਈ ਮਜਬੂਰ ਕਰ ਰਹੇ ਹਨ। ‘ਭਾਰਤ ਮਾਤਾ ਦੀ ਜੈ’ ਤੋਂ ਬਾਅਦ ‘ਜੈ ਸ੍ਰੀਰਾਮ’ ਦਾ ਨਾਅਰਾ ਨਵੀਂ ਤਰ੍ਹਾਂ ਦੀ ‘ਦੇਸ਼ ਭਗਤੀ’ ਦਾ ਪ੍ਰਤੀਕ ਬਣ ਕੇ ਉਭਰਿਆ ਹੈ। ਕਾਨਪੁਰ ਦੇ ਬਾਰਾ ਇਲਾਕੇ ‘ਚ ਮੁਸਲਿਮ ਲੜਕੇ ਨੂੰ ਅਜਿਹੀ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ। ਨੌਜਵਾਨ ਨੇ ਟੋਪੀ ਪਹਿਨੀ ਹੋਈ ਸੀ ਤੇ ਕੁੱਟਣ ਵਾਲੇ ਉਸ ਨੂੰ ‘ਜੈ ਸ੍ਰੀਰਾਮ’ ਦਾ ਨਾਅਰਾ ਲਾਉਣ ਲਈ ਮਜਬੂਰ ਕਰ ਰਹੇ ਸਨ। ਬਾਰਾ ਵਾਸੀ ਤਾਜ (16) ਜਦ ਕਿਦਵਈ ਨਗਰ ਸਥਿਤ ਮਸਜਿਦ ਤੋਂ ਨਮਾਜ ਅਦਾ ਕਰ ਕੇ ਪਰਤ ਰਿਹਾ ਸੀ ਤਾਂ ਤਿੰਨ-ਚਾਰ ਬਾਈਕ ਸਵਾਰਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਦੇ ਟੋਪੀ ਪਹਿਨੇ ਹੋਣ ਦਾ ਵਿਰੋਧ ਕੀਤਾ।
ਇਸੇ ਤਰ੍ਹਾਂ ਬਾਈ ਜੂਨ ਨੂੰ 24 ਵਰ੍ਹਿਆਂ ਦੇ ਤਰਬੇਜ਼ ਅਨਸਾਰੀ ਨੂੰ ਝਾਰਖੰਡ ਦੇ ਪਿੰਡ ਘਾਤਕੀਡੀਹ (ਜ਼ਿਲ੍ਹਾ ਸਰਾਏਕੇਲਾ) ‘ਚ ਹਜੂਮ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਸ ਨੂੰ ਕੁੱਟਣ ਦੀ ਵਾਇਰਲ ਹੋਈ ਵੀਡੀਓ ਅਨੁਸਾਰ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਗਈ ਅਤੇ ‘ਜੈ ਸ੍ਰੀਰਾਮ ਅਤੇ ‘ਜੈ ਹਨੂੰਮਾਨ’ ਦੇ ਨਾਅਰੇ ਲਵਾਏ ਗਏ। ਤਰਬੇਜ਼ ਅਨਸਾਰੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਤਰਬੇਜ਼ ਨੂੰ ਪੁਲਿਸ ਹਿਰਾਸਤ ਵਿਚ ਲੈਣ ਤੋਂ ਬਾਅਦ ਉਸ ਦਾ ਤੁਰਤ ਇਲਾਜ ਨਹੀਂ ਕਰਾਇਆ ਗਿਆ; ਉਹ ਪੁਲਿਸ ਦੀਆਂ ਮਿੰਨਤਾਂ ਕਰਦੇ ਰਹੇ ਕਿ ਤਰਬੇਜ਼ ਨੂੰ ਹਸਪਤਾਲ ਲਿਜਾਇਆ ਜਾਵੇ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ।
ਅਸਲ ਵਿਚ ਕੱਟੜ ਸੋਚ ਪਾਲੀ ਬੈਠੇ ਸਿਆਸਤਦਾਨ ਇਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਉਤਰ ਪ੍ਰਦੇਸ਼ ਤੋਂ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸੁਨੀਤਾ ਸਿੰਘ ਗੌੜ ਇਸ ਦੀ ਢੁਕਵੀਂ ਉਦਾਹਰਨ ਹੈ। ਜਿਸ ਨੇ ਪਿਛਲੇ ਹਫਤੇ ਬਿਆਨ ਦਿੱਤਾ ਸੀ ਕਿ ਹਿੰਦੂਆਂ ਨੂੰ ਮੁਸਲਿਮ ਮਹਿਲਾਵਾਂ ਨਾਲ ਗੈਂਗਰੇਪ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਦੇ ਬਿਆਨ ਸਿਆਸੀ ਆਗੂ ਨਿੱਤ ਦੇ ਰਹੇ ਹਨ। ਮੋਦੀ ਦੀ ਚੁੱਪ ਵੀ ਅਜਿਹੇ ਅਨਸਰਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ।