ਸਿੱਧੂ ਦੇ ਕਾਰਜਕਾਲ ਵਿਚ ਖਾਮੀਆਂ ਲੱਭਣ ਵਿਚ ਜੁਟੀ ਸਰਕਾਰ

ਅੰਮ੍ਰਿਤਸਰ: ਕੈਪਟਨ ਸਰਕਾਰ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀ ਤਿਆਰੀ ਵਿਚ ਹੈ। ਸਿੱਧੂ ਖਿਲਾਫ ਜਿਥੇ ਕੈਪਟਨ ਦੇ ਮੰੰਤਰੀਆਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ, ਉਥੇ ਸਿੱਧੂ ਦੇ ਸਥਾਨਕ ਸਰਕਾਰਾਂ ਮੰਤਰੀ ਹੁੰਦਿਆਂ ਕੀਤੇ ਕੰਮਾਂ ਦੀ ਘੋਖ ਕੀਤੀ ਜਾ ਰਹੀ ਹੈ।

ਸਥਾਨਕ ਸਰਕਾਰਾਂ ਵਿਭਾਗ ਅਧੀਨ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਤੋਂ ਬਾਅਦ ਚੌਕਸੀ ਵਿਭਾਗ ਦੀ ਟੀਮ ਨੇ ਵਿਭਾਗ ਦੇ ਅਧੀਨ ਨਗਰ ਨਿਗਮ ਅੰਮ੍ਰਿਤਸਰ ਦੇ ਦਫਤਰ ‘ਚ ਦਸਤਕ ਦਿੱਤੀ। ਭਾਵੇਂ ਚੌਕਸੀ ਵਿਭਾਗ ਦੀ ਟੀਮ ਆਪਣੀ ਇਸ ਫੇਰੀ ਨੂੰ ਆਮ ਚੈਕਿੰਗ ਦੱਸ ਰਹੀ ਹੈ ਪਰ ਵਿਭਾਗ ਦੀ ਨਵਜੋਤ ਸਿੰਘ ਸਿੱਧੂ ਦੇ ਪਿਛਲੇ ਵਿਭਾਗ ਦੇ ਵੱਖ-ਵੱਖ ਦਫਤਰਾਂ ‘ਚ ਮਾਰੀ ਜਾ ਰਹੀ ਛਾਪੇਮਾਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦਰਮਿਆਨ ਛਿੜੇ ਵਿਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਚੌਕਸੀ ਵਿਭਾਗ ਦੀ ਟੀਮ ਡੀ.ਐਸ਼ਪੀ. ਵਿਜੀਲੈਂਸ ਕੰਵਲਦੀਪ ਕੌਰ ਦੀ ਅਗਵਾਈ ਹੇਠ ਨਿਗਮ ਦਫਤਰ ਪੁੱਜੀ। ਇਸ ਟੀਮ ਨੇ ਸਭ ਤੋਂ ਪਹਿਲਾਂ ਨਿਗਮ ਮੁਲਾਜ਼ਮਾਂ ਦੀਆਂ ਹਾਜ਼ਰੀਆਂ ਦੀ ਜਾਂਚ ਕੀਤੀ ਤੇ ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਖਾਸ ਕਰਕੇ ਬਿਲਡਿੰਗ ਵਿਭਾਗ, ਸਿਵਲ ਵਿਭਾਗ ਤੇ ਓ.ਐਂਡ.ਐਮ. ਵਿਭਾਗਾਂ ਵਿਚ ਜਾ ਕੇ ਸਬੰਧਿਤ ਵਿਭਾਗਾਂ ਤੋਂ ਅਧਿਕਾਰੀਆਂ ਤੋਂ ਬੀਤੇ ਸਾਲ ਦਾ ਰਿਕਾਰਡ ਮੰਗਿਆ। ਇਸ ਤੋਂ ਬਾਅਦ ਇਸ ਟੀਮ ਨੇ ਸੰਯੁਕਤ ਕਮਿਸ਼ਨਰ ਨਿਤਿਸ਼ ਸਿੰਗਲਾ ਨਾਲ ਬੈਠਕ ਕੀਤੀ। ਉਪਰੰਤ ਇਸ ਟੀਮ ਦੇ ਅਧਿਕਾਰੀਆਂ ਨੇ ਕਮਿਸ਼ਨਰ ਹਰਬੀਰ ਸਿੰਘ ਦੇ ਦਫਤਰ ਦੇ ਨਾਲ ਸਥਿਤ ਮੀਟਿੰਗ ਹਾਲ ‘ਚ ਡੇਰੇ ਲਗਾ ਲਏ ਅਤੇ ਉੱਥੇ ਚੌਕਸੀ ਵਿਭਾਗ ਤੇ ਅਧਿਕਾਰੀਆਂ ਨੇ ਨਿਗਮ ਦੇ ਬਿਲਡਿੰਗ ਵਿਭਾਗ ਦੇ ਐਮ.ਟੀ.ਪੀ. ਇਕਬਾਲਪ੍ਰੀਤ ਸਿੰਘ ਰੰਧਾਵਾ, ਐਮ. ਟੀ. ਪੀ. ਪਰਮਪਾਲ ਸਿੰਘ, ਸਿਵਲ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਉਨ੍ਹਾਂ ਕੋਲੋਂ ਨੂੰ ਆਪਣੇ ਆਪਣੇ ਵਿਭਾਗ ਦੇ ਦੋ ਸਾਲ ਦਾ ਰਿਕਾਰਡ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ। ਪੂਰਾ ਦਿਨ ਨਿਗਮ ਦਫਤਰ ਵਿਖੇ ਰਹਿਣ ਵਾਲੀ ਇਸ ਚੌਕਸੀ ਵਿਭਾਗ ਦੀ ਟੀਮ ਨੇ ਬਿਲਡਿੰਗ ਵਿਭਾਗ ਕੋਲੋਂ ਦੋ ਸਾਲ ਵਿਚ ਬਣਨ ਵਾਲੀਆਂ ਕਾਲੋਨੀਆਂ, ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਣੇ ਹੋਟਲਾਂ ਤੇ ਹੋਰ ਇਮਾਰਤਾਂ ਦਾ ਵੇਰਵਾ ਮੰਗਿਆ, ਜੋ ਐਮ.ਟੀ.ਪੀ. ਪਰਮਪਾਲ ਸਿੰਘ ਵੱਲੋਂ ਮੁਹੱਈਆ ਕਰਵਾਇਆ ਗਿਆ।
ਇਸ ਦੌਰਾਨ ਟੀਮ ਨੇ ਸਿਵਲ ਅਤੇ ਓ.ਐਂਡ. ਐਮ. ਵਿਭਾਗ ਕੋਲੋਂ ਦੋ ਸਾਲ ‘ਚ ਕਰਵਾਏ ਕੰਮਾਂ ਤੋਂ ਇਲਾਵਾ ਨਿਗਮ ਵਲੋਂ ‘ਹਿਰਦੇ’ ਸਕੀਮ ਤਹਿਤ ਕਰਵਾਏ ਪਤੰਗਬਾਜੀ ਮੁਕਾਬਲੇ ਤੇ ਗਾਇਕ ਐਮੀ ਵਿਰਕ ਦੀ ਸ਼ਾਮ ‘ਤੇ ਆਏ ਖਰਚ ਦਾ ਵੇਰਵਾ ਵੀ ਲਿਆ। ਇਸ ਦੌਰਾਨ ਚੌਕਸੀ ਵਿਭਾਗ ਦੀ ਟੀਮ ਨੇ ਸਿੱਧੂ ਜੋੜੇ ਖਿਲਾਫ ਕਈ ਤਰ੍ਹਾਂ ਦੇ ਦੋਸ਼ ਲਾਉਣ ਵਾਲੇ ਕਾਂਗਰਸ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਨਾਲ ਵੀ ਗੱਲਬਾਤ ਕੀਤੀ। ਚੌਕਸੀ ਵਿਭਾਗ ਦੇ ਐਸ਼ਐਸ਼ਪੀ. ਆਰ.ਕੇ. ਬਖ਼ਸ਼ੀ ਨੇ ਦੱਸਿਆ ਕਿ ਚੌਕਸੀ ਵਿਭਾਗ ਦੀ ਇਹ ਆਮ ਜਾਂਚ ਹੈ ਤੇ ਇਸ ਦੌਰਾਨ ਪਿਛਲੇ ਸਾਲਾਂ ਦਾ ਕੁਝ ਰਿਕਾਰਡ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਇਸ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ।
_________________________________
ਰਾਹੁਲ ਦੇ ਇਸ਼ਾਰੇ ‘ਤੇ ਕੈਪਟਨ ਨੂੰ ਕਮਜ਼ੋਰ ਕਰ ਰਿਹੈ ਸਿੱਧੂ: ਸ਼ਵੇਤ ਮਲਿਕ
ਜਲੰਧਰ: ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਾਲਿਕ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੈਪਟਨ ਨੂੰ ਕਮਜ਼ੋਰ ਕਰਨ ਲਈ ਸਿੱਧੂ ਨੂੰ ਸ਼ਹਿ ਦਿੱਤੀ ਹੋਈ ਹੈ। ਕਾਂਗਰਸ ਵੱਲੋਂ ਅੰਦਰੂਨੀ ਰਾਜਨੀਤੀ ਨਾਲ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਰਾਜਨੀਤਕ ਪਾਰਟੀ ਦਾ ਕੌਮੀ ਪ੍ਰਧਾਨ ਆਪਣੇ ਹੀ ਮੁੱਖ ਮੰਤਰੀ ਨੂੰ ਨੁਕਸਾਨ ਪਹੁੰਚਾਉਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ‘ਚ ਰੁਕਾਵਟ ਪਾਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਭੇਜਿਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿਚ ਫੇਰ ਬਦਲ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲ ਕੇ ਭਾਜਪਾ ਦੀ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਸੂਬੇ ‘ਚ ਵਿਕਾਸ ਦੇ ਸਾਰੇ ਕੰਮਕਾਜ ਠੱਪ ਪਏ ਹੋਏ ਸਨ।
___________________________
ਕੈਪਟਨ ਵੱਲੋਂ ਦਿੱਲੀ ਪਹੁੰਚ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ‘ਚ ਕਾਂਗਰਸ ਦੇ ਜਨਰਲ ਸਕੱਤਰ ਅਹਿਮਦ ਪਟੇਲ ਜਿਨ੍ਹਾਂ ਨੂੰ ਰਾਹੁਲ ਗਾਂਧੀ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਸੁਲਝਾਉਣ ਦਾ ਚਾਰਜ ਦਿੱਤਾ ਗਿਆ ਸੀ, ਨਾਲ ਮੁਲਾਕਾਤ ਕੀਤੀ । ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਅਹਿਮਦ ਪਟੇਲ ਨੂੰ ਇਸ ਲਈ ਮਿਲਣ ਗਏ, ਕਿਉਂਕਿ ਕੁਝ ਦਿਨ ਪਹਿਲਾਂ ਉਹ ਪਟੇਲ ਵੱਲੋਂ ਖਾਣੇ ਦੇ ਸੱਦੇ ‘ਤੇ ਨਹੀਂ ਪੁੱਜ ਸਕੇ ਸਨ। ਮੀਟਿੰਗ ‘ਚ ਪੰਜਾਬ ਸਬੰਧੀ ਜਾਂ ਸਿੱਧੂ ਮਾਮਲੇ ਦੀ ਕੋਈ ਗੱਲਬਾਤ ਨਹੀਂ ਹੋਈ, ਪਰ ਪਤਾ ਲੱਗਾ ਹੈ ਕਿ ਮੀਟਿੰਗ ਦਾ ਮੁੱਖ ਮੁੱਦਾ ਹੀ ਨਵਜੋਤ ਸਿੰਘ ਸਿੱਧੂ ਸਨ ਅਤੇ ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਮੀਟਿੰਗ ਦੌਰਾਨ ਆਪਣੇ ਪਹਿਲਾਂ ਵਾਲੇ ਸਟੈਂਡ ਨੂੰ ਹੀ ਦੁਹਰਾਅ ਰਹੇ ਸਨ ਕਿ ਮੰਤਰੀਆਂ ਦੇ ਵਿਭਾਗਾਂ ‘ਚ ਰੱਦੋਬਦਲ ਸਰਕਾਰ ਦੇ ਕੰਮਕਾਜ ‘ਚ ਸੁਧਾਰ ਲਿਆਉਣ ਲਈ ਕੀਤੀ ਗਈ, ਜੋ ਕਿ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਹੈ।