ਚੰਡੀਗੜ੍ਹ: ਰੁਜ਼ਗਾਰ ਦੀ ਭਾਲ ‘ਚ ਖਾੜੀ ਮੁਲਕਾਂ ‘ਚ ਗਈਆਂ ਪੰਜਾਬੀ ਲੜਕੀਆਂ ਦੀ ਦਾਸਤਾਨ ਲੂ ਕੰਢੇ ਖੜ੍ਹੇ ਕਰ ਦੇਣ ਵਾਲੀ ਹੈ। ਕਈ-ਕਈ ਦਿਨ ਭੁੱਖੇ-ਪਿਆਸੇ ਰੱਖ ਕੇ ਉਨ੍ਹਾਂ ਨਾਲ ਮਾਰਕੁੱਟ ਹੀ ਨਹੀਂ ਕੀਤੀ ਜਾਂਦੀ ਬਲਕਿ ਇਨ੍ਹਾਂ ਲੜਕੀਆਂ ਦਾ ਸਰੀਰਕ ਸ਼ੋਸ਼ਣ ਤੱਕ ਵੀ ਕੀਤਾ ਜਾਂਦਾ ਹੈ। ਅਜਿਹੀਆਂ ਇਕ-ਦੋ ਨਹੀਂ ਸਗੋਂ ਅਨੇਕਾਂ ਲੜਕੀਆਂ ਹਨ, ਜੋ ਏਜੰਟਾਂ ਦੇ ਧੱਕੇ ਚੜ੍ਹ ਕੇ ਖਾੜੀ ਮੁਲਕਾਂ ‘ਚ ਨਰਕ ਵਾਲਾ ਜੀਵਨ ਜਿਊਣ ਲਈ ਮਜਬੂਰ ਹੋ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਏਜੰਟਾਂ ਵੱਲੋਂ ਪਿੰਡਾਂ ਦੀਆਂ ਭੋਲੀਆਂ-ਭਾਲੀਆਂ ਲੜਕੀਆਂ ਨੂੰ ਆਪਣੇ ਜਾਲ ‘ਚ ਫਸਾ ਕੇ ਖਾੜੀ ਦੇਸ਼ਾਂ ‘ਚ ਭੇਜ ਦਿੱਤਾ ਜਾਂਦਾ ਹੈ ਤੇ ਫਿਰ ਸ਼ੁਰੂ ਹੁੰਦੀ ਹੈ ਉਨ੍ਹਾਂ ਦੇ ਦੁੱਖ-ਦਰਦ ਦੀ ਕਦੇ ਨਾ ਮੁੱਕਣ ਵਾਲੀ ਦਾਸਤਾਨ। ਖਾੜੀ ਮੁਲਕਾਂ ‘ਚ ਖੁਸ਼ਹਾਲ ਜ਼ਿੰਦਗੀ ਦੇ ਸੁਫਨੇ ਸਜਾ ਕੇ ਪੁੱਜੀਆਂ ਲੜਕੀਆਂ ਦੇ ਪੈਰਾਂ ਹੇਠੋਂ ਉਸ ਸਮੇਂ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਏਜੰਟਾਂ ਵੱਲੋਂ ਲੜਕੀਆਂ ਦਾ ਸੌਦਾ ਉਥੋਂ ਦੇ ਬਾਸ਼ਿੰਦਿਆਂ ਨਾਲ ਕਰ ਲਿਆ ਜਾਂਦਾ ਹੈ ਤੇ ਨਾਂਹ ਨੁੱਕਰ ਕਰਨ ਵਾਲੀ ਲੜਕੀ ਨੂੰ ਤਸੀਹੇ ਦਿੱਤੇ ਜਾਂਦੇ ਹਨ। ਤਸੀਹੇ ਸਹਿ ਕੇ ਥੱਕ-ਹਾਰ ਚੁੱਕੀ ਲੜਕੀ ਕੋਲ ਏਜੰਟਾਂ ਅੱਗੇ ਆਤਮ ਸਮਰਪਣ ਕਰਨ ਤੋਂ ਸਿਵਾਏ ਕੋਈ ਹੱਲ ਨਹੀਂ ਬਚਦਾ, ਹਾਲਾਂਕਿ ਕਈ ਲੜਕੀਆਂ ਦੀ ਕਿਸਮਤ ਚੰਗੀ ਹੁੰਦੀ ਹੈ ਤੇ ਉਹ ਕਿਸੇ ਤਰ੍ਹਾਂ ਇਨ੍ਹਾਂ ਏਜੰਟਾਂ ਦੇ ਚੁੰਗਲ ‘ਚੋਂ ਬਚ ਨਿਕਲਣ ਵਿਚ ਕਾਮਯਾਬ ਹੋ ਜਾਂਦੀਆਂ ਹਨ। ਪਿਛਲੇ ਦਿਨੀਂ ਮਸਕਟ ਤੋਂ ਕਿਸੇ ਤਰ੍ਹਾਂ ਏਜੰਟਾਂ ਦੇ ਕਬਜ਼ੇ ‘ਚੋਂ ਬਚ ਕੇ ਨਿਕਲੀਆਂ ਦੋ ਲੜਕੀਆਂ ਨੇ ਵੀ ਅਜਿਹੇ ਖੁਲਾਸੇ ਕਰਦੇ ਹੋਏ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਲੜਕੀਆਂ ਨੂੰ ਖਾੜੀ ਮੁਲਕਾਂ ‘ਚ ਬਿਨਾਂ ਕਿਸੇ ਭਰੋਸੇਮੰਦ ਏਜੰਟ ਤੇ ਸਹੀ ਦਸਤਾਵੇਜ਼ਾਂ ਤੋਂ ਕਦੇ ਨਾ ਭੇਜਣ। ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਹ ਆਪਣੇ ਕਿਸੇ ਜਾਣਕਾਰ ਰਾਹੀਂ ਮਸਕਟ ‘ਚ ਰਹਿੰਦੀ ਇਕ ਔਰਤ ਏਜੰਟ ਦੇ ਸੰਪਰਕ ‘ਚ ਆਈ, ਜਿਸ ਨੇ ਉਸ ਨੂੰ ਮਸਕਟ ‘ਚ ਕਿਸੇ ਦਫਤਰ ‘ਚ ਕੰਮ ਦਿਵਾਉਣ ਦਾ ਭਰੋਸਾ ਦਿੱਤਾ ਤੇ ਉਸ ਨੂੰ
ਟੂਰਿਸਟ ਵੀਜ਼ੇ ‘ਤੇ ਮਸਕਟ ਬੁਲਾ ਲਿਆ। ਉਸ ਨੇ ਮਸਕਟ ਜਾਣ ਲਈ ਉਕਤ ਏਜੰਟ ਨੂੰ ਇਕ ਲੱਖ ਰੁਪਏ ਵੀ ਦਿੱਤੇ ਪਰ ਜਦੋਂ ਉਹ ਮਸਕਟ ਪੁੱਜੀ ਤਾਂ ਉਥੇ ਪਹਿਲਾਂ ਉਸ ਨੂੰ 3-4 ਦਿਨ ਦਫਤਰ ‘ਚ ਭੁੱਖੇ ਪਿਆਸੇ ਰੱਖਿਆ ਗਿਆ ਤੇ ਬਾਅਦ ‘ਚ ਇਕ ਸ਼ੇਖ ਦੇ ਘਰ ‘ਚ ਕੰਮ ਕਰਨ ਲਈ ਮਜਬੂਰ ਕੀਤਾ ਜਾਣ ਲੱਗਾ, ਜਦੋਂ ਉਹ ਉਥੇ ਕੰਮ ਕਰਨ ਲਈ ਗਈ ਤਾਂ ਉਥੇ ਵੀ ਉਸ ਨਾਲ ਬਹੁਤ ਹੀ ਭੈੜਾ ਸਲੂਕ ਕੀਤਾ ਜਾਂਦਾ ਰਿਹਾ। ਉਸ ਕੋਲੋਂ ਰਾਤ-ਦਿਨ ਕੰਮ ਲਿਆ ਜਾਂਦਾ ਸੀ ਤੇ ਉਸ ਨੂੰ ਕਈ-ਕਈ ਦਿਨ ਦੇ ਬੇਹੇ ਚੌਲ ਹੀ ਖਾਣ ਨੂੰ ਮਿਲਦੇ ਸਨ ਤੇ ਉਹ ਵੀ ਕਦੇ-ਕਦਾਈਂ। ਜਦੋਂ ਉਸ ਨੇ ਵਾਪਸ ਭੇਜੇ ਜਾਣ ਦੀ ਗੱਲ ਕੀਤੀ ਤਾਂ ਉਸ ਨੂੰ ਡਰਾਇਆ-ਧਮਕਾਇਆ ਗਿਆ ਤੇ ਹੋਰ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਭਾਰਤੀ ਦੂਤਘਰ ਨਾਲ ਸੰਪਰਕ ਕਰਨ ਲਈ ਕਿਹਾ ਤੇ ਕਿਸੇ ਤਰ੍ਹਾਂ ਉਹ ਦੂਤਘਰ ਪੁੱਜੀ, ਜਿਥੇ ਉਹ ਕਰੀਬ ਦੋ ਮਹੀਨੇ ਰਹੀ ਪਰ ਇਸ ਦੌਰਾਨ ਏਜੰਟ ਤੇ ਉਸ ਦੇ ਸਾਥੀ ਉਸ ਨੂੰ ਧਮਕੀਆਂ ਦਿੰਦੇ ਰਹੇ। ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਨਾਲ ਇਕ ਹੋਰ ਲੜਕੀ ਨੇ ਵੀ ਦੱਸਿਆ ਕਿ ਉਹ ਵੀ ਅਪਰੈਲ ਮਹੀਨੇ ‘ਚ ਹੀ ਕਿਸੇ ਏਜੰਟ ਰਾਹੀਂ ਮਸਕਟ ਪੁੱਜੀ, ਜਿਥੇ ਉਸ ਨੂੰ ਇਕ ਸ਼ੇਖ ਦੇ ਘਰ ‘ਚ ਕੰਮ ਉਤੇ ਲਗਾ ਦਿੱਤਾ ਗਿਆ। ਸ਼ੇਖ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਜਾਂਦਾ ਸੀ ਤੇ ਉਸ ਨੂੰ ਖਾਣ-ਪੀਣ ਲਈ ਵੀ ਕੁਝ ਨਹੀਂ ਸੀ ਦਿੱਤਾ ਜਾਂਦਾ।