ਪੰਜਾਬ ਦੇ ਸੰਸਦ ਮੈਂਬਰਾਂ ਨੇ ਸੰਸਦੀ ਕੋਟੇ ਦੇ ਫੰਡਾਂ ਉਤੇ ਮਾਰੀ ਰੱਖੀ ਕੁੰਡਲੀ

ਬਠਿੰਡਾ: ਪੰਜਾਬ ਵਿਚ ਸੰਸਦੀ ਕੋਟੇ ਦੇ ਫੰਡਾਂ ਦੀ ਵਰਤੋਂ ਦੀ ਚਾਲ ਮੱਠੀ ਹੈ। ਨਵੀਂ 17ਵੀਂ ਲੋਕ ਸਭਾ ‘ਚ ਵੀ ਐਮ.ਪੀ ਡਟ ਗਏ ਹਨ ਪਰ ਪੁਰਾਣੇ ਵੰਡੇ ਫੰਡ ਖਰਚੇ ਨਹੀਂ ਜਾ ਸਕੇ ਹਨ। ਨਵੇਂ ਐਮ.ਪੀਜ਼ ਵੱਲੋਂ ਸੰਸਦੀ ਕੋਟੇ ਦੇ ਫੰਡਾਂ ਦਾ ਜਲਦੀ ਖਾਤਾ ਖੋਲ੍ਹਣਗੇ। ਜੋ ਪਹਿਲਾਂ ਪੰਜਾਬ ‘ਚ ਐਮ.ਪੀ ਕੋਟੇ ਦੇ ਫੰਡਾਂ ਦੀ ਵੰਡ ਹੋਈ ਹੈ, ਉਸ ‘ਚੋਂ 89 ਕਰੋੜ ਰੁਪਏ ਦੀ ਹਾਲੇ ਤੱਕ ਵਰਤੋਂ ਨਹੀਂ ਹੋ ਸਕੀ ਹੈ। ਪੰਜਾਬ ਦੇ ਲੋਕ ਸਭਾ ਮੈਂਬਰਾਂ ਵੱਲੋਂ ਪੰਜ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਕਰੀਬ 358 ਕਰੋੜ ਦੇ ਫੰਡਾਂ ਦੀ ਸਿਫਾਰਸ਼ ਕੀਤੀ ਗਈ ਸੀ।

ਨਵੀਂ ਸੰਸਦ ਵੀ ਜੁੜ ਗਈ ਹੈ ਪਰ ਪੁਰਾਣੇ ਫੰਡ ਵਰਤੇ ਨਹੀਂ ਜਾ ਸਕੇ ਹਨ।
ਵੇਰਵਿਆਂ ਅਨੁਸਾਰ ਲੁਧਿਆਣਾ ਤੋਂ ਐਮ.ਪੀ ਰਵਨੀਤ ਬਿੱਟੂ ਨੇ ਪਿਛਲੇ ਪੰਜ ਵਰ੍ਹਿਆਂ ਵਿਚ ਸੰਸਦੀ ਕੋਟੇ ਦੇ 39.22 ਕਰੋੜ ਦੇ ਫੰਡ ਸਿਫਾਰਸ਼ ਕੀਤੇ ਸਨ, ਜਿਨ੍ਹਾਂ ਵਿਚੋਂ ਸਿਰਫ 22.90 ਕਰੋੜ ਖਰਚ ਹੋਏ ਹਨ ਜਦੋਂ ਕਿ 16.32 ਕਰੋੜ ਦੇ ਫੰਡ ਖਰਚ ਨਹੀਂ ਹੋ ਸਕੇ ਹਨ। ਸਾਬਕਾ ਮੰਤਰੀ ਵਿਜੇ ਸਾਂਪਲਾ ਨੂੰ ਇਸ ਵਾਰੀ ਟਿਕਟ ਵੀ ਨਹੀਂ ਮਿਲੀ ਹੈ ਅਤੇ ਉਨ੍ਹਾਂ ਵੱਲੋਂ ਪੰਜ ਸਾਲਾਂ ਦੌਰਾਨ ਵੰਡੇ ਫੰਡਾਂ ‘ਚੋਂ ਹਾਲੇ 13.54 ਕਰੋੜ ਖਰਚ ਹੋਣ ਤੋਂ ਪਏ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਫੰਡਾਂ ਨਾਲ ਵੀ ਇਵੇਂ ਹੀ ਹੋਇਆ ਹੈ। ਹਰਸਿਮਰਤ ਕੌਰ ਬਾਦਲ ਨੇ 29.32 ਕਰੋੜ ਦੇ ਫੰਡ ਸਿਫਾਰਸ਼ ਕੀਤੇ ਗਏ, ਜਿਨ੍ਹਾਂ ਵਿਚੋਂ 10.76 ਕਰੋੜ ਦੇ ਫੰਡ ਹਾਲੇ ਖਰਚ ਨਹੀਂ ਹੋ ਸਕੇ ਹਨ।
ਸਾਬਕਾ ਐਮ.ਪੀ ਸ਼ੇਰ ਸਿੰਘ ਘੁਬਾਇਆ ਭਾਵੇਂ ਐਤਕੀਂ ਸੰਸਦ ਦੀ ਪੌੜੀ ਚੜ੍ਹਨ ਤੋਂ ਖੁੰਝ ਗਏ ਹਨ ਪਰ ਉਨ੍ਹਾਂ ਵੱਲੋਂ ਵੰਡੇ ਫੰਡ ਪੂਰੀ ਤਰ੍ਹਾਂ ਖਰਚੇ ਜਾ ਚੁੱਕੇ ਹਨ। ਸਿਰਫ 88 ਲੱਖ ਦੇ ਫੰਡ ਖਰਚਣ ਤੋਂ ਪਏ ਹਨ। ਫਰੀਦਕੋਟ ਤੋਂ ਸਾਬਕਾ ਐਮ.ਪੀ ਪ੍ਰੋ. ਸਾਧੂ ਸਿੰਘ ਵੱਲੋਂ ਬਤੌਰ ਐਮ.ਪੀ ਵੰਡੇ ਫੰਡ ਵਿਚੋਂ 1.62 ਕਰੋੜ ਹਾਲੇ ਤੱਕ ਖਰਚੇ ਨਹੀਂ ਜਾ ਸਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਐਮ.ਪੀ ਅੰਮ੍ਰਿਤਸਰ ਹਲਕੇ ਵਿਚ 18.71 ਕਰੋੜ ਦੇ ਫੰਡ ਜਾਰੀ ਕੀਤੇ ਸਨ ਜਿਨ੍ਹਾਂ ‘ਚੋਂ 4.66 ਕਰੋੜ ਦੇ ਫੰਡਾਂ ਦੀ ਵਰਤੋਂ ਸਰਟੀਫਿਕੇਟ ਹਾਲੇ ਤੱਕ ਆਏ ਨਹੀਂ ਹਨ। ਵਿਰੋਧੀ ਧਿਰਾਂ ਦੇ ਐਮ.ਪੀ ਇਹ ਇਲਜ਼ਾਮ ਵੀ ਨਹੀਂ ਲਾ ਸਕਦੇ ਹਨ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਫੰਡ ਖਰਚਣ ਵਿਚ ਅਫਸਰਸ਼ਾਹੀ ਵਿਤਕਰਾ ਕਰਦੀ ਹੈ। ਮਰਹੂਮ ਵਿਨੋਦ ਖੰਨਾ ਇਸ ਦੁਨੀਆਂ ਵਿਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਵੰਡੇ ਫੰਡਾਂ ‘ਚੋਂ 1.57 ਕਰੋੜ ਹਾਲੇ ਤੱਕ ਕਿਸੇ ਲੇਖੇ ਨਹੀਂ ਲੱਗੇ ਹਨ।
ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਚੋਣ ਜਿੱਤਣ ਵਿਚ ਫੇਲ੍ਹ ਰਹੇ ਪਰ ਸੰਸਦੀ ਕੋਟੇ ਦੇ ਫੰਡਾਂ ਨੂੰ ਵਰਤਣ ਵਿਚ ਪੂਰੀ ਤਰ੍ਹਾਂ ਪਾਸ ਹੋਏ ਹਨ। ਉਨ੍ਹਾਂ ਨੇ 25.14 ਕਰੋੜ ਦੇ ਫੰਡ ਸਿਫਾਰਸ਼ ਕੀਤੇ ਸਨ, ਜਿਨ੍ਹਾਂ ‘ਚੋਂ ਸਿਰਫ 26 ਲੱਖ ਦੇ ਵਰਤੋਂ ਸਰਟੀਫਿਕੇਟ ਆਉਣੇ ਬਾਕੀ ਹਨ। ਦੂਸਰੀ ਵਾਰ ਐਮ.ਪੀ ਬਣੇ ਭਗਵੰਤ ਮਾਨ ਨੇ ਬੜੀ ਤੇਜ਼ੀ ਨਾਲ ਫੰਡਾਂ ਦੀ ਵੰਡ ਕੀਤੀ ਅਤੇ ਪੰਜ ਵਰ੍ਹਿਆਂ ਵਿਚ 28.94 ਕਰੋੜ ਦੇ ਫੰਡ ਵੰਡੇ ਸਨ, ਜਿਨ੍ਹਾਂ ‘ਚੋਂ 6.81 ਕਰੋੜ ਦੇ ਫੰਡਾਂ ਦੀ ਵਰਤੋਂ ਸਰਟੀਫਿਕੇਟ ਆਏ ਨਹੀਂ ਹਨ। ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਦਿੱਤੇ ਫੰਡਾਂ ਵਿਚੋਂ ਸਿਰਫ 45 ਲੱਖ ਰੁਪਏ ਹੀ ਖਰਚ ਹੋਣੋਂ ਰਹਿ ਗਏ ਹਨ।
ਸਾਬਕਾ ਐਮ.ਪੀ ਹਰਿੰਦਰ ਸਿੰਘ ਖਾਲਸਾ ਦੇ 6.45 ਕਰੋੜ ਦੇ ਫੰਡਾਂ ਦੀ ਵਰਤੋਂ ਹਾਲੇ ਤੱਕ ਨਹੀਂ ਹੋਈ ਹੈ ਅਤੇ ਇਸੇ ਤਰ੍ਹਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਫੰਡਾਂ ਵਿਚੋਂ 4.38 ਕਰੋੜ ਦਾ ਹਾਲੇ ਤੱਕ ਕੋਈ ਹਿਸਾਬ ਕਿਤਾਬ ਆਇਆ ਨਹੀਂ ਹੈ। ਸੁਨੀਲ ਜਾਖੜ ਨੇ 2.20 ਕਰੋੜ ਦੇ ਫੰਡ ਜਾਰੀ ਕੀਤੇ ਜਿਨ੍ਹਾਂ ‘ਚੋਂ ਸਿਰਫ 20 ਲੱਖ ਦੀ ਰਾਸ਼ੀ ਹੀ ਖਰਚ ਹੋਈ ਹੈ। ਦੂਸਰੀ ਦਫਾ ਅੰਮ੍ਰਿਤਸਰ ਤੋਂ ਐਮ.ਪੀ ਬਣੇ ਗੁਰਜੀਤ ਸਿੰਘ ਔਜਲਾ ਦੇ ਵੀ 4.34 ਕਰੋੜ ਖਰਚ ਹੋਣੋਂ ਬਾਕੀ ਪਏ ਹਨ।