ਮਨਾਲੀ ਤੇ ਰੋਹਤਾਂਗ ਅੱਧੀ ਸਦੀ ਪਹਿਲਾਂ

ਗੁਲਜ਼ਾਰ ਸਿੰਘ ਸੰਧੂ
ਤਿੰਨ ਸਾਲ ਤੋਂ ਕਾਲਕਾ-ਸ਼ਿਮਲਾ ਮਾਰਗ ਚੌੜਾ ਕੀਤਾ ਜਾ ਰਿਹਾ ਹੈ। ਯਾਤਰੀ ਆਵਾਜਾਈ ਨਾਂ-ਮਾਤਰ ਹੈ, ਠੱਪ ਹੀ ਸਮਝੋ। ਬਹੁਤੇ ਯਾਤਰੀ ਕੁੱਲੂ, ਮਨਾਲੀ ਤੇ ਰੋਹਤਾਂਗ ਵਲ ਜਾ ਰਹੇ ਹਨ। ਮੀਡੀਆ ਰੋਹਤਾਂਗ ਦੇ ਬਰਫਾਂ ਲੱਦੇ ਸਚਿੱਤਰ ਲਾਂਘੇ ਦੀਆਂ ਝਾਕੀਆਂ ਪੇਸ਼ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਮਨਾਲੀ ਤੋਂ ਰੋਹਤਾਂਗ ਲਈ ਇਲੈਕਟ੍ਰਾਨਿਕ ਬੱਸਾਂ ਜਾਂਦੀਆਂ ਹਨ। 25-25 ਸੀਟਾਂ ਵਾਲੀਆਂ ਦੋ ਬੱਸਾਂ। ਸਵੇਰੇ ਮਨਾਲੀ ਤੋਂ ਚਲ ਕੇ ਦੋ ਘੰਟੇ ਰੋਹਤਾਂਗ ਠਹਿਰ ਕੇ ਮੁੜਦੀਆਂ ਹਨ। ਰਸਤੇ ਵਿਚ ਕੋਟੀ ਤੇ ਮੜ੍ਹੀ ਪੈਂਦੇ ਹਨ। ਉਥੇ ਰੁਕਦੀਆਂ ਹਨ ਜਾਂ ਨਹੀਂ, ਮੈਂ ਨਹੀਂ ਜਾਣਦਾ। ਰੋਹਤਾਂਗ ਦੇ ਅਜੋਕੇ ਨਜ਼ਾਰਿਆਂ ਨੇ ਮੈਨੂੰ ਆਪਣਾ ਸੱਠ ਵਰ੍ਹੇ ਪਹਿਲਾਂ ਵਾਲਾ ਸਫਰ ਚੇਤੇ ਕਰਵਾ ਦਿੱਤਾ ਹੈ। ਮੈਂ ਪਹਿਲੀ ਵਾਰ ਰੋਹਤਾਂਗ 1958 ਦੀ ਗਰਮੀ ਰੁੱਤੇ ਗਿਆ ਸਾਂ। ਦਿੱਲੀ ਤੋਂ ਡੇਢ ਹਾਰਸ ਪਾਵਰ ਦੇ ਰਾਇਲ ਇਨਫੀਲਡ ਮੋਟਰ ਸਾਈਕਲ ਉਤੇ ਸਵਾਰ ਹੋ ਕੇ।

ਜੇ ਸੱਚ ਪੁੱਛੋ ਤਾਂ ਅਸੀਂ ਚਾਰ ਬੰਦੇ ਸਾਂ-ਲੰਮਾ ਪੈਂਡਾ ਛੋਟੇ ਮੋਟਰਸਾਈਕਲ ਦੇ ਸਹਾਰੇ ਕਰਨ ਵਾਲੇ। ਸਾਡੇ ਵਿਚੋਂ ਮੈਂ ਅਤੇ ਪੱਤਰਕਾਰ ਰਾਜ ਗਿੱਲ ਡਰਾਈਵਰ ਸਾਂ ਅਤੇ ਮਨਮੋਹਨ ਸਿੰਘ (ਸਰਵਜੀਤ ਸਿੰਘ ਆਈ. ਏ. ਐਸ਼ ਦੇ ਪਿਤਾ) ਤੇ ਜਗਤ ਰਾਮ ਸਾਹਬਾ ਸੜੋਆ ਨਾਨ-ਡਰਾਈਵਰ।
ਇਕ ਡਰਾਈਵਰ ਤੇ ਨਾਨ-ਡਰਾਈਵਰ ਟੀਮ ਬੱਸ ਰਾਹੀਂ ਜਾਂਦੀ ਸੀ ਤੇ ਇਕ ਡਰਾਈਵਰ ਤੇ ਨਾਨ-ਡਰਾਈਵਰ ਟੀਮ ਕੈਮਰਾ ਲੈ ਕੇ ਮੋਟਰਸਾਈਕਲ ਉਤੇ। ਰਾਤ ਕਿੱਥੇ ਕੱਟਣੀ ਹੈ, ਤੈਅ ਹੁੰਦਾ ਸੀ। ਬੱਸ ਵਾਲੀ ਜੋੜੀ ਨੇ ਤੈਅਸ਼ੁਦਾ ਮੰਜ਼ਿਲ ਵਾਲੇ ਕਸਬੇ/ਸ਼ਹਿਰ ਦੇ ਬੱਸ ਅੱਡੇ ਨੇੜੇ ਪੈਂਦੇ ਕਿਸੇ ਹੋਟਲ ਵਿਚ ਦੋ ਕਮਰੇ ਮੱਲਣੇ ਹੁੰਦੇ ਸਨ, ਜੋ ਮੋਟਰਸਾਈਕਲ ਵਾਲਿਆਂ ਨੇ ਉਥੇ ਪਹੁੰਚ ਕੇ ਲੱਭ ਲੈਣੇ ਸਨ। ਚੌਹਾਂ ਦੀ ਉਮਰ (25 ਤੋਂ 30) ਨਿਡਰਤਾ ਵਾਲੀ ਸੀ ਤੇ ਮੋਢੇ ਦੀਵਾਨਗੀ ਦਾ ਭਾਰ ਚੁੱਕਣ ਵਾਲੇ। ਵਾਪਸੀ ਉਤੇ ਮੋਟਰਸਾਈਕਲ ਵਾਲੀ ਜੋੜੀ ਨੇ ਬਸ ਫੜਨੀ ਸੀ ਤੇ ਬੱਸ ਵਾਲੀ ਨੇ ਮੋਟਰਸਾਈਕਲ ਤੇ ਕੈਮਰਾ। ਕੋਈ ਦਿੱਕਤ ਨਹੀਂ ਆਈ।
ਕਿਥੋਂ ਕਿੱਥੇ ਕਿਵੇਂ ਗਏ ਤੇ ਕਿਹੜੀ ਕਿਹੜੀ ਥਾਂ ਰਾਤ ਕੱਟੀ ਜਾ ਕਿਹੋ ਜਿਹੇ ਪਹਾੜੀ ਨਜ਼ਾਰਿਆਂ ਤੇ ਮੰਦਿਰਾਂ ਦੀਆਂ ਤਸਵੀਰਾਂ ਖਿੱਚੀਆਂ, ਦਸਣ ਲਈ ਥਾਂ ਨਹੀਂ ਪਰ ਮਨਾਲੀ ਤੋਂ ਮੜ੍ਹੀ ਤੇ ਰੋਹਤਾਂਗ ਦੀ ਝਾਕੀ ਦੱਸਣਾ ਚਾਹਾਂਗੇ। ਉਦੋਂ ਰੋਹਤਾਂਗ ਤਾਂ ਕਿਸੇ ਨੇ ਕੀ ਜਾਣਾ ਸੀ, ਮਨਾਲੀ ਦਾ ਸੁਪਨਾ ਲੈਣਾ ਵੀ ਅਸੰਭਵ ਸੀ। ਸਾਰੀ ਦੀ ਸਾਰੀ ਮਨਾਲੀ ਵਿਚ ਰਾਤ ਕੱਟਣ ਲਈ ਇੱਕ ਢਾਬਾ ਰੂਪੀ ਹੋਟਲ ਸੀ। ਮਨਾਲੀ ਤੋਂ ਅੱਗੇ ਮੈਂ ਤੇ ਰਾਜ ਗਿੱਲ ਮੋਟਰਸਾਈਕਲ ‘ਤੇ ਰੋਹਤਾਂਗ ਨੂੰ ਤੁਰ ਪਏ ਅਤੇ ਮਨਮੋਹਨ ਤੇ ਜਗਤ ਪੈਦਲ। ਅਸੀਂ ਮੜ੍ਹੀ ਪਹੁੰਚ ਕੇ ਬਰਫਾਂ ਲੱਦੇ ਪਹਾੜਾਂ ਦੀਆਂ ਤਸਵੀਰਾਂ ਖਿੱਚੀਆਂ ਤੇ ਦੂਜੇ ਸਾਥੀਆਂ ਦੇ ਉਥੇ ਪਹੁੰਚਣ ‘ਤੇ ਸਭ ਨੇ ਰਲ ਕੇ ਚਾਹ ਪੀਤੀ। ਮੜ੍ਹੀ ਤੋਂ ਅੱਗੇ ਸਭਨਾਂ ਨੇ ਪੈਦਲ ਜਾਣਾ ਸੀ। ਮੋਟਰਸਾਈਕਲ ਚਾਹ ਦੀ ਦੁਕਾਨ ਵਾਲੇ ਦੇ ਹਵਾਲੇ ਕੀਤਾ, ਜੋ ਉਹਨੇ ਤਾਂ ਕੀ, ਉਸ ਦੇ ਗਾਹਕਾਂ ਨੇ ਵੀ ਪਹਿਲੀ ਵਾਰ ਵੇਖਿਆ ਸੀ। ਮੜ੍ਹੀ ਤੋਂ ਰੋਹਤਾਂਗ ਦਾ ਸਫਰ ਔਖਾ ਤਾਂ ਸੀ, ਪਰ ਸਾਡੀ ਉਮਰ ਕਠਿਨਾਈਆਂ ਵੇਖਣ ਵਾਲੀ ਨਹੀਂ ਸੀ। ਸਿਖਰ ਤੱਕ ਗਏ ਤੇ ਅਨੰਦ ਮਾਣਿਆ।
ਮਨਾਲੀ ਤੇ ਰੋਹਤਾਂਗ ਮੇਰੇ ਮਨ ਵਿਚ ਏਨਾ ਵੱਸੇ ਕਿ ਵਿਆਹ ਪਿੱਛੋਂ 1966 ਵਿਚ ਹਨੀਮੂਨ ਲਈ ਵੀ ਉਥੇ ਗਿਆ; ਪੁਰਾਣੀ ਫੀਅਟ ਕਾਰ ਚਲਾ ਕੇ। ਉਦੋਂ ਮਨਾਲੀ ਵਾਲਾ ਢਾਬਾ ਇੱਕ ਆਲੀਸ਼ਾਨ ਹੋਟਲ ਬਣ ਚੁਕਾ ਸੀ ਤੇ ਰਹਿਣ ਲਈ ਸਰਕਾਰੀ ਹੱਟ ਬਣ ਚੁਕੇ ਸਨ। ਫਿਲਮੀ ਅਦਾਕਾਰ ਜੌਹਰ ਆਪਣੀ ਟੀਮ ਲੈ ਕੇ ਫਿਲਮ ਦੀ ਸ਼ੂਟਿੰਗ ਲਈ ਪਹੁੰਚਿਆ ਹੋਇਆ ਸੀ। ਫਿਲਮ ਦਾ ਨਾਂ ਸੀ, ‘ਜੌਹਰ ਇਨ ਕਸ਼ਮੀਰ’ ਤੇ ਸ਼ੂਟਿੰਗ ਸਥਾਨ ਮਨਾਲੀ। ਬੇਅੰਤ ਦੁਕਾਨਾਂ ਤੇ ਭੀੜ ਭੜੱਕਾ। ਕਾਰ ਅੱਗੇ ਨਹੀਂ ਸੀ ਜਾ ਸਕਦੀ, ਮੜ੍ਹੀ ਤੱਕ ਵੀ ਨਹੀਂ। ਹੁਣ ਤਾਂ ਮੀਡੀਆ ਅਨੁਸਾਰ ਇਲੈਕਟ੍ਰਾਨਿਕ ਬੱਸਾਂ ਤੋਂ ਬਿਨਾ 1300 ਟੈਕਸੀਆਂ ਨੂੰ ਪਰਮਿਟ ਮਿਲੇ ਹੋਏ ਹਨ। ਪ੍ਰਸ਼ਾਸਨ ਨੇ ਰਸਤੇ ਵਿਚ ਚਕਵੇਂ ਟਾਇਲਟ ਹੀ ਨਹੀਂ ਬਣਾਏ, ਦੁਰਘਟਨਾ ਦਾ ਸ਼ਿਕਾਰ ਹੋਣ ਵਾਲਿਆਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ।
ਪਿਛਲੇ ਹਫਤੇ ਨਾਰਥ ਜ਼ੋਨ ਕਲਚਰਲ ਸੈਂਟਰ ਵਾਲਿਆਂ ਨੇ ਮਨਾਲੀ ਦੇ ਅੰਬੈਸਡਰ ਰਿਜ਼ਾਰਟ/ਮੰਨੂ ਅੱਲਾਇਆ ਹੋਟਲ ਵਿਚ ਮੀਟਿੰਗ ਰੱਖੀ ਹੋਈ ਸੀ। ਸੱਦਾ ਮੇਰੇ ਕੋਲ ਵੀ ਸੀ, ਪਰ ਮੇਰਾ ਹੌਂਸਲਾ ਨਾ ਪਿਆ ਭਾਵੇਂ ਟੈਕਸੀ ਵੀ ਕਰ ਲਈ ਸੀ। ਹੁਣ ਮੈਂ ਪਚਾਸੀ ਵਰ੍ਹਿਆਂ ਦਾ ਹਾਂ। ਸੱਠ ਸਾਲ ਪਹਿਲਾਂ ਵਾਲਾ ਹੌਂਸਲਾ ਤੇ ਹਿੰਮਤ ਕਿੱਥੇ! ਮਨਾਲੀ ਤੋਂ ਪਰਤੇ ਸਾਥੀ ਉਥੋਂ ਦੇ ਗੁਣ ਗਾ ਰਹੇ ਹਨ ਤੇ ਮੈਂ ਉਨ੍ਹਾਂ ਨੂੰ ਬਾਬਾ ਫਰੀਦ ਦਾ ਸ਼ਲੋਕ ਸੁਣਾ ਛਡਦਾ ਹਾਂ,
ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ॥
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥
ਬੀ. ਐਸ਼ ਬੀਰ ਦੇ ਵਾਰਿਸ: ਪੰਜਾਬੀ ਪੱਤਰਕਾਰੀ ਦਾ ਇਤਿਹਾਸ ਦਸਦਾ ਹੈ ਕਿ ਜੇ ਪਰਚਾ ਕੱਢਣ ਵਾਲਿਆਂ ਦੇ ਵਾਰਿਸ ਪਰਚੇ ਨੂੰ ਸਾਂਭਣ ਦੇ ਯੋਗ ਨਾ ਹੋਣ ਤਾਂ ਇਹ ਆਪਣੀ ਮੌਤ ਮਰ ਜਾਂਦੇ ਹਨ; ਖਾਸ ਕਰ ਕੇ ਸਾਹਿਤਕ ਰਸਾਲੇ। ‘ਫੁਲਵਾੜੀ’, ‘ਲੋਕ ਸਾਹਿਤ’, ‘ਪ੍ਰੀਤਮ’, ‘ਪੰਜ ਦਰਿਆ’ ਅਤੇ ‘ਨਾਗਮਣੀ’ ਦਾ ਬੰਦ ਹੋਣਾ ਸਾਡੇ ਸਾਹਮਣੇ ਹੈ। ਪੰਜਾਬੀ ਪੱਤਰਕਾਰੀ ਵਿਚ ਅਜਿਹੇ ਪ੍ਰਮਾਣ ਵੀ ਮਿਲਦੇ ਹਨ ਕਿ ਵਪਾਰਕ ਸੂਝ ਵਾਲੇ ਵਿਅਕਤੀਆਂ ਨੇ ਆਪਣੇ ਪਰਚਿਆਂ ਨੂੰ ਇਸ਼ਤਿਹਾਰਾਂ ਦੇ ਮੋਢਿਆਂ ਉਤੇ ਬਿਠਾ ਕੇ ਖੂਬ ਘੁਮਾਇਆ ਹੈ। ਇਹ ਵੀ ਤਾਂ ਕਲਾ ਤੋਂ ਘਟ ਨਹੀਂ!
ਨਾਭਾ ਨਿਵਾਸੀ ਬੀ. ਐਸ਼ ਬੀਰ ਨੇ ‘ਮਹਿਰਮ’ ਤੇ ‘ਘਰ ਸ਼ਿੰਗਾਰ’ ਦੀ ਸੰਪਾਦਕੀ ਕੀਤੀ ਅਤੇ ਇਸ਼ਤਿਹਾਰਾਂ ਦਾ ਵੀ ਅਜਿਹਾ ਜੁਗਾੜ ਬਣਾਇਆ ਕੇ ਦੋਹਾਂ ਰਸਾਲਿਆਂ ਦੀ ਬੱਲੇ ਬੱਲੇ ਹੋ ਗਈ। ਉਸ ਨੇ ਜਿਉਂਦੇ ਜੀਅ ਅਜਿਹੀ ਟੀਮ ਜੁਟਾਈ, ਜਿਸ ਨੇ ਉਸ ਦੇ ਅਕਾਲ ਚਲਾਣੇ ਤੋਂ ਪਿੱਛੋਂ ਵੀ ਇਨ੍ਹਾਂ ਰਸਾਲਿਆਂ ਦੀ ਸਮੱਗਰੀ, ਸੰਪਾਦਨ ਤੇ ਵਿਕਰੀ ਨੂੰ ਕੋਈ ਠੇਸ ਨਹੀਂ ਲੱਗੀ। ਇਸ ਟੀਮ ਵਿਚ ਉਸ ਦੇ ਵਾਰਿਸਾਂ ਦੀ ਪ੍ਰਧਾਨਗੀ ਹੈ। ਵੱਡੀ ਗੱਲ ਇਹ ਕਿ ਪਰਚਿਆਂ ਦੀ ਵੰਨ ਸੁਵੰਨਤਾ ਤੇ ਸਮੱਗਰੀ ਵੀ ਪਹਿਲਾਂ ਵਾਂਗ ਹੀ ਕਾਇਮ ਹੈ। ਬੀ. ਐਸ਼ ਬੀਰ ਦਾ ਪਰਿਵਾਰ ਵਧਾਈ ਦਾ ਹੱਕਦਾਰ ਹੈ।
ਅੰਤਿਕਾ: ਅਮਰੀਕ ਡੋਗਰਾ
ਜ਼ਖਮੀ ਪੰਛੀ ਮਰ ਗਿਆ ਪਰ
ਉਸ ਦੀਆਂ ਅੱਖਾਂ ਦੇ ਵਿਚ,
ਉਸ ਦੇ ਖ੍ਵਾਬਾਂ ਤੋਂ ਵੀ ਵੱਡਾ
ਉਸ ਦਾ ਅੰਬਰ ਰਹਿ ਗਿਆ।