ਪਟਿਆਲਾ: ਬਰਗਾੜੀ ਬੇਅਦਬੀ ਮਾਮਲੇ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ‘ਚ ਹੱਤਿਆ ਸਬੰਧੀ ਅਜੇ ਤੱਕ ਕਿਸੇ ਬਾਹਰੀ ਤਾਕਤ ਦਾ ਹੱਥ ਹੋਣ ਦਾ ਖੁਲਾਸਾ ਨਹੀਂ ਹੋਇਆ ਹੈ। ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮਾਂ (ਕੈਦੀਆਂ) ਦੀ ਅੱਠ ਦਿਨਾਂ ਤੋਂ ਜਾਰੀ ਪੁੱਛਗਿੱਛ ਦੌਰਾਨ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਕਤਲ ਦੀ ਸਾਜ਼ਿਸ਼ ਇਨ੍ਹਾਂ ਵਿਚੋਂ ਹੀ ਚਾਰ ਮੁਲਜ਼ਮਾਂ ਵੱਲੋਂ ਘੜੀ ਦੱਸੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਵਿਚ ਉਮਰ ਕੈਦੀ ਗੁਰਸੇਵਕ ਸਿੰਘ ਝਿਓਰਹੇੜੀ, ਹਵਾਲਾਤੀ ਮਨਿੰਦਰ ਸਿੰਘ ਭਗੜਾਣਾ, ਲਖਵੀਰ ਸਿੰਘ ਸਲਾਣਾ ਅਤੇ ਕੈਦੀ ਹਰਪ੍ਰੀਤ ਸਿੰਘ ਨਾਗਰਾ ਸਮੇਤ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਨਿਹਾਲ ਸਿੰਘ ਸ਼ਾਮਲ ਹਨ।
ਸੀ.ਆਈ.ਏ. ਪਟਿਆਲਾ ‘ਚ ਇੰਸਪੈਕਟਰ ਸ਼ਮਿੰਦਰ ਸਿੰੰਘ ਦੀ ਨਿਗਰਾਨੀ ਹੇਠ ਰੱਖੇ ਗਏ ਮੁਲਜ਼ਮਾਂ ਤੋਂ ਸਿੱਟ ਸਮੇਤ ਹੋਰ ਅਧਿਕਾਰੀ ਵੀ ਪੁੱਛਗਿੱਛ ਕਰ ਚੁੱਕੇ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਘਟਨਾ ਪਿੱਛੇ ਕਿਸੇ ਵੀ ਖਾੜਕੂ ਅਤੇ ਗੈਂਗਸਟਰ ਗੁੱਟ ਸਮੇਤ ਕਿਸੇ ਰਾਜਸੀ ਜਾਂ ਹੋਰ ਵਿਅਕਤੀ ਦਾ ਹੱਥ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਅਧਿਕਾਰੀਆਂ ਅਨੁਸਾਰ ਬਿੱਟੂ ਦੇ ਜੇਲ੍ਹ ਪੁੱਜਣ ‘ਤੇ ਕਤਲ ਦੀ ਵਿਉਂਤਬੰਦੀ ਨਿਹਾਲ ਸਿੰਘ, ਗੁਰਸੇਵਕ ਅਤੇ ਮਨਿੰਦਰ ਨੇ ਨਵੰਬਰ ‘ਚ ਕੀਤੀ ਸੀ। ਮਗਰੋਂ ਲਖਵੀਰ ਵੀ ਕਥਿਤ ਰੂਪ ਵਿਚ ਯੋਜਨਾ ਵਿਚ ਸ਼ਾਮਲ ਹੋ ਗਿਆ ਸੀ। ਅਕਤੂਬਰ 2018 ‘ਚ ਬਿੱਟੂ ਨੂੰ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ। ਗੁਰਸੇਵਕ ਨੂੰ ਅਕਤੂਬਰ ‘ਚ ਹੀ ਇਕ ਕਤਲ ਕੇਸ ਵਿਚ ਉਮਰ ਕੈਦ ਹੋ ਜਾਣ ‘ਤੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ, ਜਿਥੋਂ ਕੁਝ ਸਮੇਂ ਬਾਅਦ ਉਸ ਦੀ ਵਾਪਸੀ ਹੋ ਗਈ। ਉਧਰ ਨਵੰਬਰ ‘ਚ ਪਰਤੇ ਬਿੱਟੂ ਨੂੰ ਦਸੰਬਰ ‘ਚ ਮੁੜ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਜਨਵਰੀ ‘ਚ ਉਸ ਦੀ ਵਾਪਸੀ ਤੋਂ ਪਹਿਲਾਂ ਹੀ ਇਥੋਂ ਨਿਹਾਲ ਸਿੰਘ ਨੂੰ ਮੈਕਸੀਮਮ ਸਕਿਓਰਿਟੀ ਜੇਲ੍ਹ ‘ਚ ਭੇਜ ਦਿੱਤਾ ਗਿਆ ਸੀ। ਗੁਰਸੇਵਕ ਨੇ ਜਨਵਰੀ ਵਿਚ ਪੈਰੋਲ ਦੀ ਪੈਰਵੀ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਮਾਰਚ ਤੋਂ ਮਈ ਤੱਕ ਪੈਰੋਲ ‘ਤੇ ਰਿਹਾ।
ਜੇਲ੍ਹ ਅਧਿਕਾਰੀਆਂ ਅਨੁਸਾਰ ਬਿੱਟੂ ਸ਼ੁਰੂ ‘ਚ ਖੁਦ ਹੀ ਵਧੇਰੇ ਚੌਕਸ ਰਹਿੰਦਾ ਸੀ। ਹਫਤੇ ਵਿਚ ਇੱਕ ਵਾਰ ਹੁੰਦੀ ਬਿੱਟੂ ਦੀ ਮੁਲਾਕਾਤ ਵੀ ਦੁਪਹਿਰੇ ਉਦੋਂ ਕਰਵਾਈ ਜਾਂਦੀ ਸੀ, ਜਦੋਂ ਬਾਕੀ ਸਾਰੇ ਕੈਦੀ ਬੈਰਕਾਂ ਵਿਚ ਬੰਦ ਹੁੰਦੇ ਸਨ। ਬਿੱਟੂ ਸਮੇਤ ਸਾਰੇ ਡੇਰਾ ਪ੍ਰੇਮੀ ਵੱਖਰੀ ਬੈਰਕ ਵਿਚ ਬੰਦ ਸਨ। ਘਟਨਾ ਵਾਲੇ ਦਿਨ ਘਰੋਂ ਆਇਆ ਟੈਲੀਵਿਜ਼ਨ ਲੈਣ ਲਈ ਬਿੱਟੂ ਦਾ ਇਕ ਹੋਰ ਪ੍ਰੇਮੀ ਸਮੇਤ ਆਥਣ ਵੇਲੇ ਬੈਰਕ ਵਿਚੋਂ ਨਿਕਲਣਾ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ। ਕਤਲ ‘ਚ ਤਿੰਨ ਜਣਿਆਂ ਦੀ ਸਿੱਧੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਜਦਕਿ ਚੌਥਾ ਜਣਾ ਸਾਧਾਰਨ ਲੜਾਈ ਸਮਝ ਕੇ ਕੋਲ ਪੁੱਜਿਆ ਸੀ। ਕਤਲ ਮੌਕੇ ਭਾਵੇਂ ਨਿਹਾਲ ਹੋਰ ਜੇਲ੍ਹ ਵਿਚ ਸੀ ਪਰ ਸਾਜ਼ਿਸ਼ ਤਹਿਤ ਉਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
_____________________________________
ਗੁਰਸੇਵਕ ਤੇ ਜਸਪ੍ਰੀਤ ਤੋਂ ਮਿਲੇ ਮੋਬਾਈਲ ਤੋਂ ਹੋਈਆਂ 259 ਫੋਨ ਕਾਲਾਂ
ਪਟਿਆਲਾ: ਨਾਭਾ ਜੇਲ੍ਹ ‘ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਨੇ ਅਦਾਲਤ ‘ਚ ਤਰਕ ਦਿੰਦਿਆਂ ਦੱਸਿਆ ਕਿ ਡੇਰਾ ਪ੍ਰੇਮੀ ਬਿੱਟੂ ਦੀ ਹੱਤਿਆ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਜਸਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਤੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਫੋਨਾਂ ਤੋਂ ਕੁੱਲ 259 ਫੋਨ ਕਾਲਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ ਜਸਪ੍ਰੀਤ ਦੇ ਮੋਬਾਈਲ ਤੋਂ 167 ਤੇ ਗੁਰਸੇਵਕ ਸਿੰਘ ਦੇ ਮੋਬਾਈਲ ਤੋਂ 92 ਫੋਨ ਕੀਤੇ ਗਏ। ਜਿਨ੍ਹਾਂ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾਣੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਜਸਪ੍ਰੀਤ ਸਿੰਘ ਨੂੰ ਕਿਸੇ ਵੱਲੋਂ 5000 ਹਜ਼ਾਰ ਰੁਪਏ ਮਹੀਨਾ ਬਤੌਰ ਫੰਡ ਦੇ ਆਉਂਦੇ ਹਨ, ਜਿਸ ਸਬੰਧੀ ਪੁੱਛਗਿੱਛ ਕਰਨੀ ਹੈ।