ਜ਼ਖਮ-ਜੋਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਅੰਕ ਵਿਚ ਡਾ. ਭੰਡਾਲ ਨੇ ਅਣਗਹਿਲੀ ਕਾਰਨ ਵਾਪਰਦੇ ਹਾਦਸਿਆਂ ਅਤੇ ਅਣਹੋਣੀਆਂ ਦਾ ਬਿਆਨ ਕੀਤਾ ਸੀ, “ਅਣਗਹਿਲੀ ਕਈ ਵਾਰ ਸ਼ੇਖੀ ਹੁੰਦੀ। ਕੁਝ ਲੋਕ ਹੁੱਬ ਕੇ ਅਣਗਹਿਲੀ ਦੀਆਂ ਗੱਲਾਂ ਦੱਸਦੇ, ਪਰ ਪਤਾ ਉਸ ਵਕਤ ਲੱਗਦਾ, ਜਦ ਅਣਗਹਿਲੀ ਹੀ ਮਰਸੀਆ ਪੜ੍ਹਨ ਬਹਿ ਜਾਂਦੀ।”

ਹਥਲੇ ਲੇਖ ਵਿਚ ਉਨ੍ਹਾਂ ਜ਼ਖਮਾਂ, ਸੱਟਾਂ ਦਾ ਵਿਖਿਆਨ ਕੀਤਾ ਹੈ। ਉਹ ਦਸਦੇ ਹਨ, “ਜ਼ਖਮ ਸਰੀਰਕ ਵੀ ਤੇ ਮਾਨਸਿਕ ਵੀ, ਬਾਹਰੀ ਵੀ ਤੇ ਅੰਦਰੂਨੀ ਵੀ, ਦਿਸਦਾ ਵੀ ਤੇ ਅਦਿੱਸਦਾ ਵੀ, ਡੂੰਘਾ ਫੱਟ ਵੀ ਤੇ ਝਰੀਟ ਵੀ ਅਤੇ ਰਿਸਦਾ ਵੀ ਤੇ ਆਇਆ ਖਰੀਂਡ ਵੀ।” ਉਹ ਕਹਿੰਦੇ ਹਨ, “ਜ਼ਖਮ ਆਪਣੇ ਦਿੰਦੇ ਤਾਂ ਵੱਧ ਚਸਕਦੇ। ਇਨ੍ਹਾਂ ਦਾ ਦਰਦ ਅਕਹਿ ਤੇ ਅਸਹਿ। ਲੇਰਾਂ ਨੂੰ ਅੰਦਰ ਜਜ਼ਬ ਕਰਨਾ ਪੈਂਦਾ।” ਉਨ੍ਹਾਂ ਦੀ ਇਸ ਗੱਲ ਵਿਚ ਕਿੰਨਾ ਵਜ਼ਨ ਹੈ, “ਜ਼ਖਮ ਜਰੂਰੀ ਨੇ ਮਨੁੱਖੀ ਵਿਕਾਸ ਅਤੇ ਸ਼ਖਸੀਅਤ ਦੇ ਵਿਸਥਾਰ ਲਈ। ਖੁਦ ਦੀ ਸਮਰੱਥਾ ਨੂੰ ਪਰਖਣ, ਜ਼ਖਮਾਂ ਦੀ ਤਾਬ ਝੱਲਣ ਅਤੇ ਪੀੜ ‘ਚੋਂ ਜ਼ਿੰਦਗੀ ਦੇ ਨਵੇਂ ਦਿਸਹੱਦੇ ਸਿਰਜਣ ਲਈ। ਜ਼ਖਮ ਦੀ ਭੱਠੀ ਵਿਚ ਰੜ੍ਹ ਕੇ ਮਨੁੱਖ ਪਾਰਸ ਬਣਦਾ।” ਉਨ੍ਹਾਂ ਦੀ ਨਸੀਹਤ ਹੈ ਕਿ ਜ਼ਖਮਾਂ ਨੂੰ ਮਨ ਦਾ ਬੋਝ ਨਾ ਬਣਾਓ, ਸਗੋਂ ਕਿਸੇ ਨੂੰ ਸੁਣਾਓ। ਇਸ ਨੂੰ ਹਾਸਲ ਬਣਾਓ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਜ਼ਖਮ, ਦਰਦ ਦਾ ਨਾਮ, ਆਹਾਂ ਦੀ ਚੁੱਪ-ਅਵਾਜ਼, ਸੰਦਲੀ ਸਾਹਾਂ ਨੂੰ ਸੋਗ, ਜਾਨ ਨੂੰ ਰੋਗ ਅਤੇ ਸੂਖਮ ਭਾਵਨਾਵਾਂ ਦੀ ਭਰੂਣ-ਹੱਤਿਆ।
ਜ਼ਖਮ ਸਰੀਰਕ ਵੀ ਤੇ ਮਾਨਸਿਕ ਵੀ, ਬਾਹਰੀ ਵੀ ਤੇ ਅੰਦਰੂਨੀ ਵੀ, ਦਿਸਦਾ ਵੀ ਤੇ ਅਦਿੱਸਦਾ ਵੀ, ਡੂੰਘਾ ਫੱਟ ਵੀ ਤੇ ਝਰੀਟ ਵੀ ਅਤੇ ਰਿਸਦਾ ਵੀ ਤੇ ਆਇਆ ਖਰੀਂਡ ਵੀ।
ਜ਼ਖਮ, ਪੀੜਾ ਵੀ ਦਿੰਦਾ ਤੇ ਪਾਕੀਜ਼ਗੀ ਵੀ, ਅਹਿਸਾਸ ਵੀ ਧੁਖਦੇ ਤੇ ਮਾਨਸਿਕ ਧਰਾਤਲ ਵਿਚ ਛੇਕ ਵੀ ਹੁੰਦਾ ਅਤੇ ਅਰਦਾਸ ਵੀ ਕਰੀਦੀ ਤੇ ਅਰਾਧਨਾ ਵੀ।
ਜ਼ਖਮ ਤਲਵਾਰ, ਕਲਮ, ਬੋਲ, ਚੁੱਪ, ਹਾਲਾਤ ਜਾਂ ਸਮੇਂ ਦਾ ਹੁੰਦਾ। ਹਰਫਾਂ ਤੇ ਅਰਥਾਂ ਨਾਲ ਅਤੇ ਬੋਲ ਕੇ ਜਾਂ ਅਬੋਲ ਰਹਿ ਕੇ ਵੀ ਜ਼ਖਮਾਂ ਦੀ ਖੁਣਵਾਈ ਹੁੰਦੀ।
ਜ਼ਖਮ ਆਪਣੇ ਵੀ ਦਿੰਦੇ ਤੇ ਪਰਾਏ ਵੀ, ਰਿਸ਼ਤੇਦਾਰੀਆਂ ਵਿਚੋਂ ਵੀ ਜ਼ਖਮ ਉਗਦੇ ਤੇ ਸਬੰਧਾਂ ਵਿਚ ਵੀ ਜ਼ਖਮਾਂ ਦੀ ਬਰਸਾਤ ਹੁੰਦੀ। ਕਦੇ ਅਪਣੱਤ ਵਿਚੋਂ ਵੀ ਜ਼ਖਮਾਂ ਦੀ ਸੌਗਾਤ ਮਿਲਦੀ। ਬੇਗਾਨੇਪਣ ਵਿਚੋਂ ਤਾਂ ਅਕਸਰ ਹੀ ਜ਼ਖਮ-ਹਾਸਲ।
ਜ਼ਖਮ ਤਾਂ ਜ਼ਖਮ ਹੀ ਹੁੰਦੇ। ਇਨ੍ਹਾਂ ਦੀ ਤਾਸੀਰ ਇਕਸਾਰ ਅਤੇ ਤਰਬੀਅਤ ਵਿਚ ਸਮਾਨਤਾ। ਦਰਦ ਤੇ ਪੀੜ ਦਾ ਪੱਧਰ ਇਕੋ ਜਿਹਾ। ਕਈ ਵਾਰ ਇਸ ਦੀਆਂ ਤੰਦਾਂ ‘ਚ ਉਲਝ ਜਾਂਦੀ ਜੀਵਨ-ਫੁਲਕਾਰੀ ਦੀ ਕਢਾਈ।
ਜ਼ਖਮ ਆਪਣੇ ਦਿੰਦੇ ਤਾਂ ਵੱਧ ਚਸਕਦੇ। ਇਨ੍ਹਾਂ ਦਾ ਦਰਦ ਅਕਹਿ ਤੇ ਅਸਹਿ। ਲੇਰਾਂ ਨੂੰ ਅੰਦਰ ਜਜ਼ਬ ਕਰਨਾ ਪੈਂਦਾ। ਬਾਹਰਲੀ ਚੁੱਪ, ਅੰਦਰਲੀ ਕੁਰਲਾਹਟ ਵਿਚ ਤਾਰ ਤਾਰ ਹੁੰਦੀ। ਜੀਵਨ ਨਾਦ ‘ਚੋਂ ਨਿਕਲਦੀਆਂ ਸੋਗੀ ਸੁਰਾਂ।
ਜ਼ਖਮ ਜਦ ਜਿਹਨ ‘ਤੇ ਲੱਗਦੇ ਤਾਂ ਮਰਹਮ, ਪੱਟੀਆਂ ਤੇ ਫਹਿਆਂ ਵਿਚ ਇਸ ਨੂੰ ਰਾਹਤ ਮਿਲਦੀ। ਆਠਰਿਆ ਜ਼ਖਮ ਹੌਲੀ ਹੌਲੀ ਭਰ ਜਾਂਦਾ, ਪਰ ਇਕ ਦਾਗ ਪਿੰਡੇ ‘ਤੇ ਸਦੀਵੀ ਉਕਰਿਆ ਰਹਿੰਦਾ। ਬੀਤੇ ਦੀ ਯਾਦ ਵਕਤ-ਬੇਵਕਤ ਰੜਕਦੀ ਅਤੇ ਬੀਤੇ ਪਲਾਂ ਦੀ ਤ੍ਰਾਸਦੀ, ਮਨ ਦੀ ਚੇਤਨਾ ਵਿਚ ਧਰੀ ਰਹਿੰਦੀ, ਪਰ ਜੋ ਜ਼ਖਮ ਤੁਹਾਡੇ ਅੰਤਰੀਵ ਵਿਚ ਲੱਗਦਾ, ਇਸ ਦੀ ਡੂੰਘਾਈ ਤੇ ਪੀੜਾ ਅਸੀਮਤ। ਇਹ ਅਦਿੱਖ ਹੋ ਕੇ ਵੀ ਰਿਸਦਾ ਰਹਿੰਦਾ, ਆਤਮਕ ਰੂਪ ਵਿਚ ਪੀੜਤ ਕਰਦਾ। ਸੰਵੇਦਨਾ ਵਿਚ ਸਮਿਆਂ ਦੀ ਕਰੂਰਤਾ ਅਤੇ ਕੋਝੇਪਣ ਨੂੰ ਉਜਾਗਰ ਕਰਦਾ। ਸਮਾਜ ‘ਚ ਵਿਚਰਦਿਆਂ ਦਿਖਾਵੇ ਲਈ ਬਾਹਰੀ ਖੁਸ਼ੀ ਤਾਂ ਪ੍ਰਗਟ ਕਰਦੇ, ਪਰ ਅੰਦਰਲੀ ਪੀੜ ਕਿਸ ਨੂੰ ਦਿਖਾਵੋਗੇ? ਕਿਸ ਕੋਲ ਦਰਦ ਦੇ ਕੀਰਨੇ ਪਾਵੋਗੇ? ਕਿਹੜੀ ਰਾਹਤ ਦੀ ਆਸ ਰੱਖੋਗੇ? ਕਿਹੜੀਆਂ ਵਿਉਂਤਾਂ ਨਾਲ ਚੀਸ ਨੂੰ ਘਟਾਉਣ ਲਈ ਕੋਈ ਕਦਮ ਉਠਾਉਗੇ? ਆਪਣਾ ਝੱਗਾ ਚੁਕਿਆਂ ਤਾਂ ਖੁਦ ਹੀ ਨੰਗੇ ਹੋਈਦਾ ਏ। ਅੰਤਰੀਵ ਦੇ ਜ਼ਖਮ ਨੂੰ ਮਾਨਸਿਕ ਪਕਿਆਈ, ਦ੍ਰਿੜਤਾ ਅਤੇ ਸਬਰ-ਸਬੂਰੀ ਨਾਲ ਹੀ ਜ਼ਰਨਾ ਪੈਣਾ, ਭਰਨਾ ਪੈਣਾ, ਆਹਾਂ ਦਾ ਭਵ-ਸਾਗਰ ਤਰਨਾ ਪੈਣਾ ਅਤੇ ਜੀਵਨ-ਨਾਦ ਪੌਣ ਦੇ ਨਾਮ ਕਰਨਾ ਪੈਣਾ।
ਕੁਝ ਜ਼ਖਮਾਂ ਦੀ ਉਮੀਦ ਹੁੰਦੀ, ਜੋ ਚੌਗਿਰਦੇ ‘ਚੋਂ ਸਾਨੂੰ ਮਿਲਦੇ, ਜੋ ਗੈਰਾਂ ਨੇ ਸਾਡੇ ਨਾਮ ਕਰਨੇ ਹੁੰਦੇ ਜਾਂ ਕੁਝ ਜ਼ਖਮ ਆਪਣਾ ਬਣ ਕੇ, ਕੋਈ ਗੈਰ ਸੋਚ-ਧਰਾਤਲ ਵਿਚ ਧਰਦਾ। ਅਜਿਹੇ ਜ਼ਖਮਾਂ ਦੀ ਤਾਸੀਰ ਤੇ ਤਕਦੀਰ ਵੱਖਰੀ। ਇਨ੍ਹਾਂ ਲਈ ਦਵਾ-ਦਾਰੂ ਮੌਫੀਕ ਅਤੇ ਇਨ੍ਹਾਂ ਵਿਚੋਂ ਉਭਰਨ ਲਈ ਮਨ ਤਿਆਰ ਹੁੰਦਾ। ਹਾਲਾਤ ਦੇ ਝੰਬੇ ਲੋਕ ਅਜਿਹੇ ਜ਼ਖਮਾਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦਾ ਕਰਮ-ਕਾਫਲਾ ਤਰਜ਼ੀਹੀ ਤਕਦੀਰਾਂ ਸਿਰਜਣ ਵਿਚ ਰੁੱਝਿਆ ਰਹਿੰਦਾ; ਪਰ ਜਦ ਕੋਈ ਅਣਕਿਆਸਿਆ ਤੇ ਅਚਨਚੇਤੀ ਜ਼ਖਮ ਆਪਣੇ ਦਿੰਦੇ ਤਾਂ ਬੰਦਾ ਬੌਂਦਲ ਜਾਂਦਾ। ਬੰਦਾ ਸੋਚਦਾ ਕਿ ਇੰਜ ਵੀ ਹੋਣਾ ਸੀ? ਹੈਰਾਨ ਹੁੰਦਾ, “ਤੂੰ ਵੀ?” ਅਜਿਹੇ ਜ਼ਖਮਾਂ ਨੂੰ ਜ਼ਰਨਾ ਬਹੁਤ ਔਖਾ। ਪੀੜਾ ਨੂੰ ਹੰਢਾਉਣ ਲਈ ਦਰਦ-ਦਰਿਆ ਪਾਰ ਕਰਨਾ ਪੈਂਦਾ। ਰਿਸ਼ਤੇਦਾਰੀਆਂ ਤੇ ਸਕੀਰੀਆਂ ਦਾ ਮਰਸੀਆ ਪੜ੍ਹਨਾ ਪੈਂਦਾ। ਆਪਣੇਪਣ ਨੂੰ ਸਿਵੇ ਦੇ ਸੇਕ ਵਿਚ ਝੁਲਸਣਾ ਪੈਂਦਾ। ਅਜਿਹੇ ਜ਼ਖਮ ਨਿੱਜੀ ਮੁਫਾਦ ਤੇ ਹਉਮੈ ਦੀ ਉਤਪਤੀ। ਹੋਛੀਆਂ ਸੋਚਾਂ ਅਤੇ ਜਾਇਦਾਦੀ ਲਾਲਚ ਵੱਸ ਜਦ ਆਪਣੀਆਂ ਬਾਹਾਂ ਹੀ ਤੁਹਾਡੇ ਡੌਲਿਆਂ ਦੇ ਮੋਛੇ ਕਰਨ ਲਈ ਉਤਾਰੂ ਹੋ ਜਾਣ, ਸਹਿਜ ਸਫਰ ਵਿਚ ਸੂਲਾਂ ਉਗਾ ਦੇਣ, ਸੁਪਨਿਆਂ ਨੂੰ ਖਾਕ ‘ਚ ਰੋਲ ਦੇਣ, ਰੰਗਤ ਨੂੰ ਪਿਲੱਤਣ ‘ਚ ਡੁਬੋ ਦੇਣ ਅਤੇ ਅਪਣੱਤ ਤੇ ਬੇ-ਗਰਜ਼ੀ ਨੂੰ ਖੁਦਗਰਜ਼ੀ ਅਤੇ ਬੇਗਾਨਗੀ ਵਿਚ ਢਾਲ ਦੇਣ ਤਾਂ ਬਹੁਤ ਔਖਾ ਹੁੰਦਾ ਏ ਅਜਿਹੇ ਹਾਲਾਤ ਦੇ ਰੂਬਰੂ ਹੋਣਾ। ਇਸ ‘ਚੋਂ ਉਭਰਨਾ, ਅਲਾਮਤੀ ਸਰੋਕਾਰਾਂ ‘ਚੋਂ ਖੁਦ ਨੂੰ ਸੁਰਖਰੂ ਕਰਨਾ ਅਤੇ ਭੈਅ-ਸਰਵਰ ਨੂੰ ਨਿਤਾਣੇ ਅੰਗਾਂ ਨਾਲ ਤਰਨਾ।
ਜਦ ਅੱਖਾਂ ਅੱਗੇ ਬੇਵਸੀ ਤੇ ਲਾਚਾਰਗੀ ਰੜਕਣ ਲੱਗ ਪਵੇ ਅਤੇ ਸਮਾਜ ਵਿਚ ਨੀਵੇਂ ਹੋਣ ਦਾ ਡਰ ਸਤਾਵੇ ਤਾਂ ਦੱਸੋ ਬੰਦਾ ਕਿਧਰ ਨੂੰ ਜਾਵੇ? ਕਿਹੜੀ ਆਸ ਨਾਲ ਆਪਣਿਆਂ ਨੂੰ ਗਲ ਨਾਲ ਲਾਵੇ? ਕਿਸ ਧਾਰਨਾ ਨਾਲ ਰਿਸ਼ਤਿਆਂ ਨੂੰ ਨਿਭਾਵੇ ਕਿ ਕਾਲੇ ਪਹਿਰ ਦਾ ਸਾਇਆ ਚਾਨਣ ਵਿਚ ਨਹਾਵੇ। ਦੁੱਖ-ਦਰਦ ਜਦ ਗਮ ਦਾ ਰੂਪ ਵਟਾਵੇ ਤਾਂ ਬੰਦੇ ਵਿਚੋਂ ਬੰਦਾ ਮਰ ਜਾਵੇ। ਪ੍ਰਭਾਵਹੀਣ ਚਿਹਰਾ ਹੀ ਅੱਖਾਂ ਸਾਹਵੇਂ ਆਵੇ ਅਤੇ ਸਮੁੱਚੀ ਦੁਨੀਆਂ ਨੂੰ ਕਹਿਰ ਦਾ ਬਿੰਬ ਬਣਾਵੇ, ਜਿਸ ‘ਚੋਂ ਸੂਖਮ ਵਿਅਕਤੀ ਕਿਧਰ ਨੂੰ ਜਾਵੇ?
ਜ਼ਖਮ ਸੇਧਤ ਵੀ ਤੇ ਟੇਢੇ ਵੀ, ਪੂਰਨ ਵੀ ਤੇ ਅਪੂਰਨ ਵੀ, ਪਾਪ ਵੀ ਤੇ ਪੁੰਨ ਵੀ, ਅਹਿਸਾਨ ਵੀ ਤੇ ਅਹਿਸਾਨ-ਫਰਾਮੋਸ਼ੀ ਵੀ, ਆਤੰਕ ਵੀ ਤੇ ਅਹਿੰਸਾ ਵੀ, ਨਰਮ ਵੀ ਤੇ ਸਖਤ ਵੀ ਅਤੇ ਸਦੀਵੀ ਵੀ ਤੇ ਪਲ ਭਰ ਦੇ ਵੀ ਹੁੰਦੇ। ਇਹ ਇਸ ‘ਤੇ ਨਿਰਭਰ ਕਰਦਾ ਕਿ ਕੌਣ, ਕਿਸ ਵਿਚਾਰ ਨੂੰ ਮਨ ‘ਚ ਰੱਖ ਕੇ ਜ਼ਖਮ ਤੁਹਾਡੀ ਝੋਲੀ ਪਾ ਰਿਹਾ? ਉਸ ਦੀ ਮਨਸ਼ਾ ਕੀ ਏ? ਉਹ ਕਿਹੜੇ ਮੁਫਾਦ ਦੀ ਪੂਰਤੀ ਜ਼ਖਮ ‘ਚੋਂ ਲੋਚਦਾ? ਕੀ ਨੀਂਵਾਂ ਦਿਖਾਉਣ ਜਾਂ ਖੁਦ ਉਚਾ ਹੋਣ ਲਈ ਜ਼ਖਮ ਦੇ ਰਿਹਾ? ਜਾਂ ਸਿਰਫ ਈਰਖਾ ਜਾਂ ਵੈਰ ਖਾਤਰ ਜ਼ਖਮਾਂ ਦੀ ਫਸਲ ਤੁਹਾਡੇ ਵਿਹੜੇ ਉਗਾਉਣ ਲਈ ਰੁਚਿਤ ਏ? ਬਹੁਤ ਗੁੱਝੀਆਂ ਤਹਿਆਂ, ਬਾਰੀਕੀਆਂ ਅਤੇ ਪਰਤਾਂ ਹੁੰਦੀਆਂ ਨੇ ਜ਼ਖਮ ਦੇਣ ਵਾਲਿਆਂ ਦੇ ਮਨਾਂ ‘ਚ, ਜਿਸ ਦੀ ਹਾਥ ਪਾਉਣੀ ਅਸੰਭਵ।
ਜ਼ਖਮ ਖਾ ਕੇ ਹੀ ਜ਼ਖਮਾਂ ਦੀ ਤਾਬ ਝੱਲਣ ਦੀ ਸੋਝੀ ਅਤੇ ਸਿਆਣਪ ਆਉਂਦੀ। ਸਿਆਣੇ ਲੋਕ ਜ਼ਖਮ ਖਾ ਭਾਵੇਂ ਲੈਣ, ਉਹ ਕਿਸੇ ਨੂੰ ਜ਼ਖਮ ਨਹੀਂ ਦਿੰਦੇ, ਕਿਉਂਕਿ ਉਹ ਕਿਸੇ ਦੇ ਦਰਦ ‘ਚ ਰੋਣਾ ਜਾਣਦੇ। ਉਨ੍ਹਾਂ ਦੀ ਨਿਰਛੱਲ ਤੇ ਪਾਕ ਆਤਮਾ, ਭਲਾਈ, ਚੰਗਿਆਈ ਅਤੇ ਬੰਦਿਆਈ ਨਾਲ ਭਰਪੂਰ ਹੁੰਦੀ। ਉਹ ਜ਼ਖਮ ਦੇਣ ਵਾਲਿਆਂ ਨੂੰ ਵੀ ਇਨ੍ਹਾਂ ਦਾਤਾਂ ਨਾਲ ਵਰੋਸਾਉਂਦੇ। ਉਨ੍ਹਾਂ ਦੀ ਚੇਤਨਾ ਵਿਚ ਸ਼ੁਭ-ਕਰਮਨ ਦਾ ਅਹਿਸਾਸ ਅਤੇ ਉਹ ਸਰਬੱਤ ਦੇ ਭਲੇ ਦੇ ਵਾਰਸ।
ਜ਼ਖਮ ਤਾਂ ਕਿਸੇ ਦੀਆਂ ਭਾਵਨਾਵਾਂ ‘ਤੇ ਮਾਰੀ ਸੱਟ, ਮਾਨਸਿਕ ਤੌਰ ‘ਤੇ ਤੜਫਾਉਣਾ, ਸੁੱਚੀਆਂ ਭਾਵਨਾਵਾਂ ਦੀ ਖਿੱਲੀ ਉਡਾਉਣਾ, ਮੰਜ਼ਿਲ-ਮਾਰਗ ਤੋਂ ਭਟਕਾਉਣਾ, ਔਝੜ ਰਾਹੇ ਪਾਉਣਾ ਅਤੇ ਧ੍ਰੋਹ ਕਮਾਉਣਾ ਵੀ ਹੁੰਦਾ।
ਜ਼ਖਮ, ਕਿਸੇ ਦੀ ਬਿਮਾਰੀ ਦਾ ਉਡਾਇਆ ਮਖੌਲ, ਗਰੀਬ ਦੀ ਗੁਰਬਤ ਨੂੰ ਚੌਰਾਹੇ ‘ਚ ਉਛਾਲਣਾ, ਅਨਪੜ੍ਹ ਦੀ ਗੱਲਬਾਤ ਦਾ ਹੁੰਗਾਰਾ ਨਾ ਭਰਨਾ, ਗਰੀਬ ਰਿਸ਼ਤੇਦਾਰ ਲਈ ਘਰ ਦੇ ਦਰਵਾਜੇ ਬੰਦ ਕਰਨਾ, ਜੂਨੀਅਰ ਨੂੰ ਬੇਵਜ੍ਹਾ ਉਡੀਕ ਕਰਵਾਉਣਾ ਤੇ ਜ਼ਲੀਲ ਕਰਨਾ, ਘਰ ਦੇ ਨੌਕਰ ਦੀ ਬੇਲੋੜੀ ਟੋਕਾ-ਟਾਕੀ ਅਤੇ ਉਸ ਦੀ ਗਰੀਬੀ ਨੂੰ ਗਲਾਜ਼ਤ ‘ਚ ਲਪੇਟਣਾ ਵੀ ਹੁੰਦਾ। ਇਹ ਜ਼ਖਮ ਕਿਸੇ ਨੂੰ ਦਿਸਦੇ ਨਹੀਂ, ਪਰ ਹੁੰਦੇ ਬਹੁਤ ਡੂੰਘੇ। ਮਨ ‘ਤੇ ਪਈਆਂ ਝਰੀਟਾਂ ਕਦੇ ਵੀ ਨਹੀਂ ਮਿਟਦੀਆਂ। ਇਨ੍ਹਾਂ ਦੀ ਬੁਣਤੀ ਤਾਂ ਕਈ ਵਾਰ ਮਨ ਨੂੰ ਰਸਾਤਲ ਤੀਕ ਵੀ ਲੈ ਜਾਂਦੀ। ਇਹ ਜ਼ਖਮ ਹੀ ਕਤਲਾਂ, ਖੁਦਕੁਸ਼ੀਆਂ ਜਾਂ ਬੇਰੁਹਮਤੀ ਦਾ ਕਾਰਨ ਵੀ ਬਣਦੇ, ਜਦ ਜ਼ਖਮ ਸਹਿਣ ਵਾਲਾ ਆਪਣੀ ਮਾਨਸਿਕਤਾ ਦੀ ਬੇਵਸੀ ਅੱਗੇ ਹਾਰ ਜਾਂਦਾ। ਬਹੁਤ ਸਾਰੀਆਂ ਘਟਨਾਵਾਂ ਦੀ ਵਜ੍ਹਾ ਸਿਰਫ ਅਜਿਹੇ ਅਦਿੱਸ ਜ਼ਖਮ ਹੀ ਹੁੰਦੇ।
ਜ਼ਖਮ ਯਾਦਾਂ ਦੀ ਬੀਹੀ ਆ ਕੇ, ਬੀਤਿਆ ਦਿੰਦੇ ਦਿਖਾ। ਸਾਹੀਂ ਆਹਾਂ ਬੀਜਦੇ, ਦਿੰਦੇ ਨੈਣ ਸੁਜਾਅ। ਕੱਚੇ ਰਾਹਾਂ ਦੀ ਧੂੜ ‘ਚ, ਸੀ ਕੀ ਕੁਝ ਲਿਆ ਗਵਾ। ਪਿੰਡ ਦੀ ਜੂਹ ਦਾ ਗਮ ਵੀ, ਝੋਲੀ ਲਿਆ ਪਵਾ। ਉਹ ਪਲ ਸੀ ਕੇਹੇ ਚੰਦਰੇ, ਕਿ ਆਪਣਿਆਂ ਸੂਤੇ ਸਾਹ। ਮਨ-ਵਿਹੜਿਆਂ ਨਾ ਨਿਕਲੀ, ਪਲ ਭਰ ਲਈ ਆਹ। ਉਹ ਜ਼ਖਮ ਸੀ ਸੁੱਚੇ ਮਨ ‘ਤੇ, ਜਿਸ ਦੀ ਨਾ ਸੀ ਕੋਈ ਦਵਾ। ਜਿਸ ਦੇ ਦਰਦ ਵਿਚ ਮਨ ਨੇ, ਲਈ ਏ ਅਉਧ ਗਵਾ। ਛੱਡ ਦਰਦਾਂ ਦਾ ਰੋਣਾ ਵੇ ਸੱਜਣਾ, ਜ਼ਖਮ ਤਾਂ ਜੀਵਨ-ਰਾਹ। ਚੱਲ ਇਸ ਦੀ ਚਸਕ ਨੂੰ, ਸੁਪਨਾ ਲਈਏ ਬਣਾ। ਜ਼ਖਮ ਦਾ ਦਗਦਾ ਚੰਦਰਮਾ, ਮੱਥੇ ਲਈਏ ਟਿਕਾ ਤੇ ਇਸ ਦੀ ਰੌਸ਼ਨ-ਆਭਾ ‘ਚ, ਪਈਏ ਮੰਜ਼ਿਲ ਦੇ ਰਾਹ।
ਜ਼ਖਮ ਜਰੂਰੀ ਨੇ ਮਨੁੱਖੀ ਵਿਕਾਸ ਅਤੇ ਸ਼ਖਸੀਅਤ ਦੇ ਵਿਸਥਾਰ ਲਈ। ਖੁਦ ਦੀ ਸਮਰੱਥਾ ਨੂੰ ਪਰਖਣ, ਜ਼ਖਮਾਂ ਦੀ ਤਾਬ ਝੱਲਣ ਅਤੇ ਪੀੜ ‘ਚੋਂ ਜ਼ਿੰਦਗੀ ਦੇ ਨਵੇਂ ਦਿਸਹੱਦੇ ਸਿਰਜਣ ਲਈ। ਜ਼ਖਮ ਦੀ ਭੱਠੀ ਵਿਚ ਰੜ੍ਹ ਕੇ ਮਨੁੱਖ ਪਾਰਸ ਬਣਦਾ। ਆਪਣੇ ਪਰਾਏ ਦੀ ਪਛਾਣ ਹੁੰਦੀ। ਜ਼ਖਮ ਦੇਣ ਅਤੇ ਜ਼ਖਮਾਂ ਦੀ ਸਾਰ ਲੈਣ ਵਾਲਿਆਂ ਦਾ ਪਤਾ ਲੱਗਦਾ। ਜ਼ਖਮਾਂ ਦੀ ਜ਼ਿਆਰਤ, ਇਬਾਦਤ ਬਣਦੀ ਅਤੇ ਇਬਾਦਤ, ਇਨਾਇਤ ਦਾ ਸਿਰਨਾਂਵਾਂ ਬਣਦੀ।
ਜ਼ਖਮ ਸੁੱਚਮ ਦਾ ਰੂਪ ਧਾਰਦੇ ਜਦ ਜ਼ਖਮ-ਜੂਹ ਵਿਚੋਂ ਸੂਖਮ ਭਾਵਨਾਵਾਂ ਦੀ ਅਸੀਸ ਮਿਲਦੀ। ਬੰਦਾ ਖੁਦ ਦੀ ਜਾਮਾ ਤਲਾਸ਼ੀ ਵਿਚੋਂ ਆਪਣੀ ਪਛਾਣ ਸਿਰਜਦਾ, ਜੋ ਨਵੀਂਆਂ ਰਹਿਤਲਾਂ ਲਈ ਸਰਜ਼ਮੀਂ ਬਣਦੀ।
ਜ਼ਖਮਾਂ ਦੀ ਬਹੁਤਾਤ ਮਾੜੀ। ਬੰਦਾ ਸਿਰਫ ਜ਼ਖਮਾਂ ਦੀ ਵਿਆਖਿਆ ਵਿਚ ਹੀ ਉਲਝ ਜਾਂਦਾ। ਉਸ ਦੇ ਜੀਵਨ ਦੀਆਂ ਸੰਜੀਦਾ ਤਰਜ਼ੀਹਾਂ ਅਤੇ ਉਸਾਰੂ ਤਕਦੀਰਾਂ ਮਨ-ਅੰਬਰ ‘ਚੋਂ ਨਹੀਂ ਝਲਕਦੀਆਂ।
ਜ਼ਖਮਾਂ ਨੂੰ ਮਨ ਦਾ ਬੋਝ ਨਾ ਬਣਾਓ, ਸਗੋਂ ਕਿਸੇ ਨੂੰ ਸੁਣਾਓ। ਇਸ ਨੂੰ ਹਾਸਲ ਬਣਾਓ। ਜ਼ਖਮਾਂ ਦੇ ਨਾਮ ‘ਤੇ ਰਹਿਮ ਦੀ ਭੀਖ ਨਾ ਮੰਗੋ, ਦਿਆ ਲਈ ਨਾ ਕਹੋ ਕਿਉਂਕਿ ਤੁਹਾਨੂੰ ਖੁਦ ਹੀ ਜਾਚ ਹੋਣੀ ਚਾਹੀਦੀ ਏ ਅੱਲ੍ਹੇ ਜ਼ਖਮਾਂ ਨੂੰ ਧੋਣ, ਮਰਹਮ ਲਾਉਣ, ਫਹੇ ਧਰਨ ਅਤੇ ਪੱਟੀਆਂ ਬੰਨਣ ਦੀ। ਬੇਗਾਨੀ ਆਸ ‘ਤੇ ਕਦ ਭਰਦੇ ਨੇ ਜ਼ਖਮ। ਜ਼ਖਮ ਤਾਂ ਤੁਹਾਡੇ ਅੰਤਰੀਵ ਨੇ ਭਰਨੇ, ਆਤਮਕ ਸ਼ਕਤੀ ਤੇ ਮਾਨਸਿਕ ਪਕਿਆਈ ਨੇ ਖਰੀਂਡ ਲਿਆਉਣੇ ਅਤੇ ਤਰੋ-ਤਾਜ਼ਗੀ ਨਾਲ ਜੀਵਨ-ਸਫਰ ਦਾ ਰਾਹੀ ਬਣਨਾ। ਕਿਸੇ ‘ਤੇ ਕਾਹਦੀ ਆਸ, ਵਿਸ਼ਵਾਸ ਅਤੇ ਧਰਵਾਸ?
ਜ਼ਖਮ ਹਰ ਵਿਅਕਤੀ ਦੇ ਹਿੱਸੇ। ਕੁਝ ਨੂੰ ਤਾਂ ਵਿਰਾਸਤ ਵਿਚ ਵੀ ਮਿਲਦੇ। ਕਿਸੇ ਨੂੰ ਥੋੜ੍ਹੇ ਤੇ ਕਿਸੇ ਨੂੰ ਬਹੁਤੇ। ਕਿਸੇ ਨੂੰ ਆਪਣੇ ਦਿੰਦੇ ਤੇ ਕਿਸੇ ਨੂੰ ਬਿਗਾਨੇ ਦਿੰਦੇ, ਕਿਸੇ ਨੂੰ ਬਾਹਰੀ ਮਿਲਦੇ ਤੇ ਕਿਸੇ ਨੂੰ ਅੰਤਰੀਵੀ। ਜ਼ਖਮ ਮਿਲਦੇ ਜਰੂਰ ਨੇ, ਕੋਈ ਨਹੀਂ ਇਨ੍ਹਾਂ ਤੋਂ ਵਿਰਵਾ। ਇਨ੍ਹਾਂ ਨੂੰ ਦਿਖਾਉਣ/ਛੁਪਾਉਣ ਅਤੇ ਭਰਨ ਦਾ ਤਰੀਕਾ ਸਭ ਦਾ ਆਪੋ-ਆਪਣਾ।
ਜ਼ਖਮ ਕਦੇ ਵੀ ਸਮੇਂ ਨਾਲ ਨਹੀਂ ਭਰਦੇ। ਸਿਰਫ ਘੱਟਦੀ ਏ ਪੀੜਾ। ਕੁਝ ਚਿਰ ਲਈ ਚੇਤਿਆਂ ਵਿਚੋਂ ਵਿਸਰ ਜਾਂਦੇ, ਪਰ ਇਨ੍ਹਾਂ ਦੇ ਦਾਗ ਹਮੇਸ਼ਾ ਰਹਿੰਦੇ। ਇਸ ਦਾਗ ‘ਤੇ ਮੁੜ ਕੋਈ ਜ਼ਖਮ ਕਰਦਾ ਤਾਂ ਇਹ ਬਹੁਤ ਡੂੰਘਾ ਅਤੇ ਕਸ਼ਟਮਈ ਹੁੰਦਾ। ਵਾਰ ਵਾਰ ਔਖਾ ਹੁੰਦਾ ਏ ਜ਼ਖਮਾਂ ਵਿਚੋਂ ਖੁਦ ਨੂੰ ਉਭਾਰਨਾ ਅਤੇ ਦਾਗ ਦਾਗ ਹੋ ਕੇ ਜੀਵਨ ਨੂੰ ਵਿਸਥਾਰਨਾ। ਇਹ ਦਾਗ ਜ਼ਖਮਾਂ ਦੀ ਕਹਾਣੀ ਹੁੰਦੇ ਕਿ ਕਿਵੇਂ ਇਨ੍ਹਾਂ ਜ਼ਖਮਾਂ ਨੇ ਜੀਣ ਦਾ ਕਰਮ-ਧਰਮ ਦਿਤਾ।
ਜ਼ਖਮ ਕੁਝ ਤਾਂ ਭਰ ਜਾਂਦੇ, ਪਰ ਕੁਝ ਅਜਿਹੇ ਵੀ ਹੁੰਦੇ, ਜੋ ਜੀਵਨ ਭਰ ਨਹੀਂ ਭਰਦੇ-ਸਦਾ ਰਿਸਦੇ, ਚਸਕਦੇ ਅਤੇ ਵਗਦੇ ਰਹਿੰਦੇ। ਮਨੁੱਖ ਬਣ ਜਾਂਦਾ ਪੀੜ-ਪੰਘੂੜਾ।
ਜ਼ਖਮ ਜੁਦਾਈ ਦੇ ਹੁੰਦੇ ਤੇ ਬੇਵਫਾਈ ਦੇ ਵੀ, ਧੋਖੇ ਦੇ ਵੀ ਤੇ ਕਪਟ ਦੇ ਵੀ, ਝੂਠ ਦੇ ਵੀ ਤੇ ਕਮੀਨਗੀ ਦੇ ਵੀ ਅਤੇ ਬੇ-ਹਯਾਈ ਦੇ ਤੇ ਬੇਸ਼ਰਮੀ ਦੇ ਵੀ ਹੁੰਦੇ। ਜ਼ਖਮਾਂ ਦੀਆਂ ਕਈ ਤਸ਼ਬੀਹਾਂ ਅਤੇ ਤਸਵੀਰਾਂ।
ਜ਼ਖਮੀ ਹੋਣ ‘ਤੇ ਅੰਤਰੀਵੀ ਤਾਕਤ, ਮਨ ਦੀ ਪਕਿਆਈ ਅਤੇ ਦੁੱਖ ਵਿਚੋਂ ਉਭਰਨ ਦਾ ਸਿਰੜ ਤੇ ਸਾਧਨਾ ਜਰੂਰੀ। ਕਮਜੋਰ ਮਾਨਸਿਕਤਾ ਵਾਲੇ ਤਾਂ ਜ਼ਖਮਾਂ ਵਿਚੋਂ ਮੌਤ ਨੂੰ ਕਿਆਸਣ ਲੱਗ ਪੈਂਦੇ। ਮਨ ਦੀ ਕਰੜਾਈ ਅਤੇ ਦੂਰਅੰਦੇਸ਼ੀ ਬਹੁਤ ਅਹਿਮ ਕਿਉਂਕਿ ਜ਼ਖਮ ਨੇ ਸਦਾ ਨਹੀਂ ਰਹਿਣਾ। ਜੇ ਜ਼ਖਮ ਦੇਣ ਵਾਲੇ ਨੇ ਆਲੇ-ਦੁਆਲੇ ਤਾਂ ਜ਼ਖਮ ਸਹਿਲਾਉਣ ਅਤੇ ਮਰਹਮ ਲਾਉਣ ਵਾਲਿਆਂ ਦੀ ਵੀ ਅਜੇ ਤੀਕ ਨਸਲਕੁਸ਼ੀ ਨਹੀਂ ਹੋਈ।
ਫੱਟ ਤਾਂ ਨੈਣਾਂ ਦੇ ਵੀ ਹੁੰਦੇ ਅਤੇ ਬੋਲਾਂ ਦੇ ਵੀ, ਪਿਆਰ ਦੇ ਵੀ ਤੇ ਦੁਰਕਾਰ ਦੇ ਵੀ, ਮਿਠਾਸ ਦੇ ਵੀ ਤੇ ਪਿਆਸ ਦੇ ਵੀ, ਹੁਲਾਸ ਦੇ ਵੀ ਤੇ ਆਸ ਦੇ ਵੀ। ਸਿਰਫ ਫਰਕ ਇੰਨਾ ਕੁ ਹੁੰਦਾ ਕਿ ਇਹ ਜ਼ਖਮ ਵਾਰ ਵਾਰ ਖਾਣ ਨੂੰ ਜੀਅ ਕਰਦਾ, ਪਰ ਕੁਝ ਜ਼ਖਮਾਂ ਤੋਂ ਮਨ ਤ੍ਰਹਿੰਦਾ।
ਜ਼ਖਮ ਦੀ ਆਭਾ ਵੱਖਰੀ। ਇਸ ਦੀ ਰੂਹਾਨੀਅਤ ਵਿਚੋਂ ਵੀ ਅਧਿਆਤਮਕ ਸਫਰ ਸ਼ੁਰੂ ਹੁੰਦਾ। ਕੁਝ ਲੋਕਾਂ ਲਈ ਮਨ ਦੀ ਠੋਕਰ, ਜੀਵਨ ਨੂੰ ਸੁਚਾਰੂ ਰਾਹਾਂ ਵੰਨੀ ਤੋਰਨਾ ਅਤੇ ਜੀਵਨ-ਸਚਿਆਰ ਨੂੰ ਜੀਵਨ ਭਰ ਲੋਚਣਾ ਹੁੰਦਾ।
ਜ਼ਖਮ ਹੀ ਮਨੁੱਖੀ ਮਨ ਨੂੰ ਬਦਲੇ, ਮਨ ਵਿਚ ਉਸਾਰੂ ਬਦਲਾਅ। ਸਰੀਰਕ ਤਾਕਤ ਵਿਚ ਵਾਧਾ। ਇਹ ਤਾਕਤ ਹੀ ਹੋਰ ਜ਼ਖਮ ਲੱਗਣ ਤੋਂ ਬਚਾਉਂਦੀ। ਜੇ ਲੱਗ ਵੀ ਜਾਵੇ ਤਾਂ ਇਸ ਦੀ ਮਰਹਮ ਪੱਟੀ ਲਈ ਦੁਆ ਹੁੰਦੀ।
ਜ਼ਖਮ ਜਦ ਜਿਸਮ ‘ਤੇ ਲੱਗਦਾ ਤਾਂ ਪੀੜ ਬਹੁਤ ਘੱਟ, ਪਰ ਜਦ ਇਹ ਭਾਵਨਾਵਾਂ ਨੂੰ ਝਰੀਟਦੇ ਤਾਂ ਇਸ ਦੀ ਪੀੜਾ ‘ਚ ਮਨ ਪੀੜ ਪੀੜ ਹੀ ਹੋ ਜਾਂਦਾ।
ਜ਼ਖਮਾਂ ਤੋਂ ਕਦੇ ਨਾ ਡਰੋ। ਇਹ ਮਨੁੱਖ ਨੂੰ ਪਰਖਦੇ ਅਤੇ ਇਸ ਪਰਖ ਵਿਚੋਂ ਹੀ ਮਨੁੱਖੀ ਸੰਭਾਵਨਾਵਾਂ ਨੂੰ ਨਵੀਂ ਸੁਪਨ-ਸਾਜ਼ੀ ਮਿਲਦੀ। ਨਾ ਹੀ ਜ਼ਖਮਾਂ ਤੋਂ ਸ਼ਰਮਾਓ, ਕਿਉਂਕਿ ਇਹ ਜ਼ਖਮ ਦੂਸਰਿਆਂ ਦੀ ਕਮੀਨਗੀ ਅਤੇ ਤੁਹਾਡੀ ਬਹਾਦਰੀ ਤੇ ਦਲੇਰੀ ਦਾ ਚਿੰਨ੍ਹ ਹਨ।
ਜ਼ਖਮ ਤਾਂ ਜੰਗਾਂ ਨੇ ਧਰਤੀ ਦੇ ਪਿੰਡੇ ਵੀ ਲਾਏ। ਜ਼ਹਿਰਾਂ ਨੇ ਧਰਤ ਨੂੰ ਬੰਜਰ ਕੀਤਾ। ਓਜੋਨ-ਤਹਿ ਵਿਚ ਮਘੋਰੇ ਪਾ ਕੇ ਅੰਬਰ-ਜੂਹ ਨੂੰ ਜ਼ਖਮੀ ਕੀਤਾ। ਪਾਕ ਪਾਣੀਆਂ ‘ਚ ਘੁਲੀਆਂ ਜ਼ਹਿਰਾਂ ਅਤੇ ਗੰਦਗੀ ਨੇ ਦਰਿਆਵਾਂ ਨੂੰ ਦਿਤੇ ਜ਼ਖਮ। ਹਵਾ ਵਿਚ ਜ਼ਹਿਰੀਲੀਆਂ ਗੈਸਾਂ ਦਾ ਪਸਾਰਾ, ਪੌਣ ‘ਚ ਉਣੀਆਂ ਮੌਤ-ਤੰਦਾਂ, ਜਿਸ ਨੇ ਬਣਨਾ ਏ ਮਨੁੱਖ ਲਈ ਫਾਹੀ। ਜ਼ਖਮ ਤਾਂ ਸਾਡੇ ਆਲੇ-ਦੁਆਲੇ। ਸਿਰਫ ਇਨ੍ਹਾਂ ਨੂੰ ਦੇਖਣ, ਅਹਿਸਾਸਾਂ ਵਿਚ ਉਪਜਾਉਣ ਅਤੇ ਇਨ੍ਹਾਂ ਦੀ ਅਰਾਜਕਤਾ ਨੂੰ ਮਨੁੱਖੀ ਸੋਚ ਦੇ ਨਾਂਵੇਂ ਲਾਉਣ ਦੀ ਲੋੜ ਤਾਂ ਕਿ ਮਨੁੱਖ ਜ਼ਖਮਾਂ ਦੀ ਖੇਤੀ ਨਾ ਕਰੇ। ਸਗੋਂ ਮਰਹਮ, ਫੇਹੇ ਤੇ ਪੱਟੀ, ਉਸ ਦੀ ਪਿਰਤ ਦਾ ਹਿੱਸਾ ਬਣੇ।
ਕੁਝ ਜ਼ਖਮ ਅਜਿਹੇ ਹੁੰਦੇ, ਜਿਨ੍ਹਾਂ ਨੂੰ ਛੁਪਾਉਣ ਦਾ ਹੁਨਰ ਮਨੁੱਖ ਸਿੱਖ ਜਾਂਦਾ ਅਤੇ ਇਨ੍ਹਾਂ ਨੂੰ ਲੁਕੋ ਕੇ ਹੀ ਜੀਵਨ-ਯਾਤਰਾ ਪੂਰੀ ਕਰ ਲੈਂਦਾ।
ਜ਼ਖਮ ਨੂੰ ਸਹਿਲਾਉਣਾ, ਚੁੱਪ ਕਰਾਉਣਾ ਜਾਂ ਗਲੇ ਲਾਉਣਾ, ਲੋਕਾਂ ਦੀ ਫਿਤਰਤ ਨਹੀਂ। ਉਹ ਤਾਂ ਤੁਹਾਡੀ ਅਰਥੀ ਦਾ ਮੋਢਾ ਬਣਨ ਲਈ ਤਿਆਰ।
ਜ਼ਖਮ ਹਰੇਕ ਨੂੰ ਮਿਲਦੇ, ਪਰ ਚਾਹੁੰਦਾ ਕੋਈ ਨਹੀਂ। ਜ਼ਖਮ ਖਾਣ ਲਈ ਕੋਈ ਨਹੀਂ ਤਿਆਰ ਪਰ ਜ਼ਖਮ ਦੇਣ ਲਈ ਕਰਦੇ ਨੇ ਮੌਕੇ ਦੀ ਭਾਲ। ਅਜੀਬ ਸੋਚ ਹੈ, ਅਜੋਕੇ ਮਨੁੱਖ ਦੀ!
ਜ਼ਖਮ ਨੂੰ ਜੋਤ ਬਣਾਓ। ਜੀਵਨ ਦੀਆਂ ਹਨੇਰੀਆਂ ਕੰਦਕਾਂ ਰੁਸ਼ਨਾਉਣ ਲਈ, ਕਾਲਖ ਭਰੇ ਵਰਤਾਰਿਆਂ ਵਿਚ ਸੂਰਜ ਉਗਾਉਣ ਲਈ, ਮੱਸਿਆ ਦੀ ਹਨੇਰ ਘੁੱਪ ਤੇ ਕੁਲਹਿਣੀ ਰਾਤ ਵਿਚ ਚੰਦਰਮਾ ਰੁਸ਼ਨਾਉਣ ਲਈ, ਆਪਣੇ ਤੇ ਪਰਾਏ ਵਿਚਲਾ ਫਰਕ ਮਿਟਾਉਣ ਲਈ ਅਤੇ ਜ਼ਖਮ-ਰਾਹਾਂ ‘ਤੇ ਤੁਰਦਿਆਂ ਵਿਅਕਤੀਤਵ ਨੂੰ ਨਵੀਂਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ।