ਹਾਸ਼ਮ ਦੇਣ ਉਲਾਂਭਾ ਮਾਪੇ

ਬਲਜੀਤ ਬਾਸੀ
ਹਰ ਮਾਂ ਨੂੰ ਕਦੇ ਨਾ ਕਦੇ ਆਂਢਣਾਂ-ਗਵਾਂਢਣਾਂ ਵਲੋਂ ਆਪਣੇ ਬੱਚੇ ਲਈ ਉਲਾਂਭੇ ਸੁਣਨੇ ਪੈਂਦੇ ਹਨ। ਖਾਸ ਤੌਰ ‘ਤੇ ਜੇ ਬੱਚਾ ਸ਼ਰਾਰਤੀ, ਜੁੱਸੇ ਦਾ ਤਕੜਾ ਜਾਂ ਧੱਕੜ ਹੋਵੇ। ਬੱਚੇ ਨੇ ਕੋਈ ਨਾ ਕੋਈ ਗਲਤੀ ਕੀਤੀ ਹੁੰਦੀ ਹੈ, ਗਵਾਂਢੀਆਂ ਦੇ ਮੇਰੇ ਵਰਗੇ ਮਾੜੇ ਬੱਚੇ ਨੂੰ ਅਜਾਈਂ ਕੁੱਟਿਆ ਹੁੰਦਾ ਹੈ, ਗੇਂਦ ਮਾਰ ਕੇ ਕਿਸੇ ਦਾ ਸ਼ੀਸ਼ਾ ਤੋੜਿਆ ਹੁੰਦਾ ਹੈ, ਜਾਂ ਉਂਜ ਹੀ ਦੰਦੀਆਂ ਚੰਘਾਈਆਂ ਹੁੰਦੀਆਂ ਹਨ। ਮੈਂ ਭਾਵੇਂ ਸਰੀਰਕ ਤੌਰ ‘ਤੇ ਕਿੰਨਾ ਵੀ ਮਾੜਾ ਸੀ, ਕਦੇ ਕੁੱਟ ਨਹੀਂ ਸੀ ਖਾਧੀ, ਕਿਉਂਕਿ ਮੈਂ ਤਕੜੇ ਦੇ ਕੋਲ ਹੀ ਨਹੀਂ ਸਾਂ ਜਾਂਦਾ ਤੇ ਮੇਰੀ ਮਾਂ ਨੂੰ ਕਦੇ ਉਲਾਂਭਾ ਦੇਣ ਦਾ ਮੌਕਾ ਨਹੀਂ ਮਿਲਿਆ।

ਖੈਰ! ਅਕਸਰ ਅੱਥਰੇ ਬੱਚੇ ਉਲਾਂਭਾ ਲੈ ਕੇ ਆਉਂਦੇ ਹਨ। ਗਵਾਂਢੀਆਂ ਦੀ ਪੀੜਿਤ ਮਾਂ ਗਲਤੀ ਕਰਨ ਵਾਲੇ ਬੱਚੇ ਦੀ ਮਾਂ ਕੋਲ ਜੋ ਸ਼ਿਕਾਇਤ ਕਰਦੀ ਹੈ, ਉਸ ਨੂੰ ਅਸੀਂ ਉਲਾਂਭਾ ਆਖਦੇ ਹਾਂ। ਉਲਾਂਭਾ ਦਿੱਤਾ ਜਾਂਦਾ ਹੈ ਤੇ ਕਿਸੇ ਵੇਲੇ ਗਲਤੀ ਸੁਧਾਰ ਕੇ ਉਲਾਂਭਾ ਲਾਹਿਆ ਜਾਂਦਾ ਹੈ। ਉਲਾਂਭੇ ਕਾਰਨ ਜਨਾਨੀਆਂ ਦੀਆਂ ਲੜਾਈਆਂ ਹੁੰਦੀਆਂ ਹਨ, ਉਹ ਮਿਹਣੋ-ਮਿਹਣੀ ਹੁੰਦੀਆਂ ਹਨ। ਗਲੀਆਂ ਵਿਚ ਅਜਿਹਾ ਨਜ਼ਾਰਾ ਅਕਸਰ ਹੀ ਦੇਖਣ ਨੂੰ ਮਿਲਦਾ ਹੈ।
ਉਲਾਂਭਾ ਦਰਅਸਲ ਰੋਸ ਭਰੀ ਸ਼ਿਕਾਇਤ, ਗਿਲਾ ਸ਼ਿਕਵਾ ਕਰਨ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਸ਼ਿਕਾਇਤ ਤੋਂ ਅੱਗੇ ਵਧ ਕੇ ਦੂਜੇ ਨੂੰ ਝਿੜਕਿਆ, ਦੁਰਕਾਰਿਆ ਵੀ ਜਾਂਦਾ ਹੈ। ਉਲਾਂਭਾ ਸ਼ਬਦ ਦੀ ਅਜਿਹੀ ਵਰਤੋਂ ਆਮ ਹੈ। ਉਂਜ ਇਹ ਬੱਚਿਆਂ ਦੇ ਪ੍ਰਸੰਗ ਵਿਚ ਹੀ ਨਹੀਂ, ਵੱਡਿਆਂ ਦੇ ਮਾਮਲਿਆਂ ਵਿਚ ਵੀ ਵਰਤਿਆ ਜਾਂਦਾ ਹੈ। ਗੱਲ ਕੀ, ਇਸ ਵਿਚ ਮਾੜੇ ਵਲੋਂ ਤਕੜੇ ਦੀ ਵਧੀਕੀ ਦਾ ਜ਼ਬਰਦਸਤ ਰੋਸਾ ਹੁੰਦਾ ਹੈ। ਇਸ ਸ਼ਬਦ ਦਾ ਆਮ ਬੋਲਚਾਲ ਰੂਪ ਹੈ, ਉਲ੍ਹਾਮਾ। ਬਾਬਾ ਸ਼ੇਖ ਫਰੀਦ ਨੇ ਇਹ ਸ਼ਬਦ ਵਰਤਿਆ ਹੈ, ‘ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ’ ਪਰ ਇਥੇ ਕੀਤੇ ਮਾੜੇ ਕੰਮਾਂ ਵੱਲ ਸੰਕੇਤ ਹੈ, ਜਿਨ੍ਹਾਂ ਕਾਰਨ ਮਨੁੱਖ ਨੂੰ ਅੱਗੇ ਜਾ ਕੇ ਰੱਬ ਕੋਲੋਂ ਉਲਾਂਭੇ ਸੁਣਨੇ ਪੈਂਦੇ ਹਨ। ਗੁਰੂ ਅਰਜਨ ਦੇਵ ਨੇ ਉਲਾਮਾ ਸ਼ਬਦ ਇੰਜ ਵਰਤਿਆ ਹੈ, “ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ॥” ਅਤੇ “ਉਲਾਹਨੋ ਮੈ ਕਾਹੂ ਨ ਦੀਓ॥”
ਹਾਸ਼ਮ ਸ਼ਾਹ ਦੇ ਦੋਹੜਿਆਂ ਵਿਚ ਇਹ ਸ਼ਬਦ ਆਇਆ ਹੈ,
ਜਬ ਲਗ ਮਿਲੀ ਨ ਤੈਨੂੰ ਜਾਗ੍ਹਾ,
ਮੈਂ ਹੀਰ ਆਹੀ ਅਲਬੇਲੀ।
ਹੁਣ ਮੈਂ ਚੋਰ ਹੋਈ ਜਗ ਸਾਰੇ,
ਮੇਰਾ ਤੈਂ ਬਿਨ ਹੋਰ ਨ ਬੇਲੀ।
ਚਾਕਾ! ਚਾਕ ਮੇਰਾ ਦਿਲ ਕਰਕੇ,
ਹੁਣ ਮਤ ਜਾ ਛੋੜ ਇਕੇਲੀ।
ਹਾਸ਼ਮ ਦੇਣ ਉਲਾਂਭਾ ਮਾਪੇ,
ਹੋਈ ਹੀਰ ਰਾਂਝਣ ਦੀ ਚੇਲੀ।
ਕ੍ਰਿਸ਼ਨਾਵ (ਦਸਮ ਗ੍ਰੰਥ) ਵਿਚ ਉਲਾਂਭਾ ਦਾ ਇਕ ਰੁਪਾਂਤਰ ‘ਉਰਾਹਨ’ ਵੀ ਮਿਲਦਾ ਹੈ, ‘ਕਾਹੇ ਉਰਾਹਨ ਦੇਤ ਸਖੀ ਕਹਿਯੋ ਪ੍ਰੀਤ ਘਨੀ ਹਮਰੀ ਸੰਗ ਤੇਰੇ।’ ਕ੍ਰਿਸ਼ਨ ਰਾਧਾ ਨੂੰ ਕਹਿ ਰਿਹਾ ਹੈ ਕਿ ਕਿਉਂ ਉਲਾਂਭੇ ਦੇ ਰਹੀ ਹੈਂ, ਸਾਡੀ ਪ੍ਰੀਤ ਬੜੀ ਘਣੀ ਹੈ। ‘ਰ’ ਧੁਨੀ ਅਤੇ ‘ਲ’ ਧੁਨੀ ਸਹਿਜੇ ਹੀ ਆਪਸ ਵਿਚ ਵਟ ਜਾਂਦੀਆਂ ਹਨ।
ਦਰਅਸਲ ਉਰਾਹਨ ਰੂਪ ਬ੍ਰਿਜ ਭਾਸ਼ਾ ਦਾ ਹੈ, ਵਰਨਾ ਅਰਥ ਇਕੋ ਹੀ ਹਨ। ਉਲਾਂਭਾ ਦਾ ਸੰਸਕ੍ਰਿਤ ਰੂਪ ‘ਉਪਲੰਭਨ’ ਹੈ। ਉਪਾਲਾਂਭ ਸ਼ਿੰਗਾਰ ਰਸ ਦਾ ਇਕ ਭੇਦ ਹੈ। ਇਸ ਵਿਚ ਨਾਇਕਾ ਦੀ ਵਿਸ਼ਵਾਸਪਾਤਰ ਸਖੀ ਉਲਾਂਭੇ ਦੇ ਕੇ ਨਾਇਕ ਤੋਂ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕਰਦੀ ਹੈ, ਜਾਣੋ ਉਸ ਨੂੰ ਆਪਣੇ ਪ੍ਰੇਮ ਕਰਤਵ ਦਾ ਅਹਿਸਾਸ ਕਰਾਉਂਦੀ ਹੈ। ਕਵਿਤਾ ਵਿਚ ਇਹ ਕੰਮ ਖੁਦ ਨਾਇਕਾ ਤੇ ਹੋਰ ਪਸੂ-ਪੰਛੀ ਵੀ ਕਰ ਸਕਦੇ ਹਨ। ਭਗਤ ਕਵੀਆਂ ਨੇ ਆਪਣੇ ਇਸ਼ਟ ਦੇਵ ਲਈ ਉਪਾਲੰਭ ਦਾ ਆਸਰਾ ਲਿਆ ਹੈ। ਕ੍ਰਿਸ਼ਨ ਅਤੇ ਗੋਪੀਆਂ ਵਿਚਕਾਰ ਅਜਿਹੇ ਸਬੰਧਾਂ ਨੂੰ ਚਿਤਰਦਾ ਕਾਵਿ ਭਰਪੂਰ ਮਾਤਰਾ ਵਿਚ ਰਚਿਆ ਗਿਆ ਹੈ। ਇਸ ਤਰ੍ਹਾਂ ਇਸ ਵਿਚ ਵਾਸਤਵ ਵਿਚ ਨਿੰਦਾ ਜਾਂ ਸ਼ਿਕਵੇ ਸ਼ਿਕਾਇਤ ਦੇ ਨਾਲ ਨਾਲ ਪ੍ਰੇਰਨਾ ਭਾਵ ਭਾਰੂ ਹੁੰਦਾ ਹੈ।
ਸੰਸਕ੍ਰਿਤ ਉਪਲੰਭ ਵਿਚ ਫੜਨ, ਹਥਿਆਉਣ, ਖਾਸ ਤੌਰ ‘ਤੇ ਬਲੀ ਦੇ ਜਾਨਵਰ ਨੂੰ ਵਢਣ ਲਈ ਫੜਨ, ਜਕੜਨ ਦੇ ਭਾਵ ਹਨ। ਇਸ ਤੋਂ ਅੱਗੇ ਇਸ ਦੇ ਅਰਥ ਧਿਕਾਰਨਾ, ਵਰਜਣਾ, ਝਿੜਕਣਾ, ਡਾਂਟਣਾ, ਬੋਲ ਕੁਬੋਲ ਕਰਨਾ ਆਦਿ ਵਿਚ ਵਿਕਸਿਤ ਹੁੰਦੇ ਹਨ। ਇਹ ਸ਼ਬਦ ਬਣਿਆ ਹੈ, ਉਪ+ਅਲੰਬ ਤੋਂ। ਅਲੰਬ ਵਿਚ ਛੂਹਣ, ਫੜਨ: ਉਖਾੜਨ; ਮਾਰਨ, ਵੱਢਣ ਦੇ ਭਾਵ ਹਨ। ਗੁਰੂ ਨਾਨਕ ਦੇਵ ਨੇ ਨਿਰਾਲਮ ਸ਼ਬਦ ਵਰਤਿਆ ਹੈ, ਜੋ ਨਿਰਾਲੰਭ (ਨਿਰ+ਆਲੰਭ) ਦਾ ਰੁਪਾਂਤਰ ਹੈ ਤੇ ਜਿਸ ਦਾ ਅਰਥ ਅਛੋਹ ਜਾਂ ਅਛੂਤਾ ਬਣਦਾ ਹੈ, “ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥”
ਉਪਾਲੰਭ ਦਾ ਪ੍ਰਾਕ੍ਰਿਤ ਰੂਪ ਹੋਇਆ, ‘ਉਵਾਲੰਭ’ ਜਿਸ ਤੋਂ ਅੱਗੇ ਉਲੰਭ, ਉਲਾਹਨ, ਉਰਾਹਨ ਜਿਹੇ ਰੂਪ ਉਭਰਦੇ ਹਨ। ਇਸੇ ਨਾਲ ਜਾ ਜੁੜਦਾ ਹੈ, ਉਲਾਹੁਣਾ। ਕਿਸੇ ਦੇ ਮਰਨੇ ‘ਤੇ ਵਿਸ਼ੇਸ਼ ਢੰਗ ਨਾਲ ਰੋਣ ਪਿੱਟਣ ਨੂੰ ਉਲਾਹੁਣਾ ਆਖਿਆ ਜਾਂਦਾ ਹੈ। ਇਸ ਤਰ੍ਹਾਂ ਇਸ ਵਿਚ ਇਕ ਤਰ੍ਹਾਂ ਹੋਣੀ ਤੇ ਗਿਲੇ ਸ਼ਿਕਵੇ ਕਰਨ ਦਾ ਆਸ਼ਾ ਹੀ ਹੈ। ਅਸਲ ਵਿਚ ਉਲਾਂਭਾ ਜਿਹੇ ਸ਼ਬਦਾਂ ਤੋਂ ਨਾਕਾਰਾਤਮਕ ਜਿਹੇ ਭਾਵ ਲਏ ਜਾਂਦੇ ਹਨ, ਪਰ ਸੰਸਕ੍ਰਿਤ ਉਪਲੰਭ ਵਿਚ ਪ੍ਰਤੀਤੀ, ਬੋਧ, ਸਮਝ ਦੇ ਨਾਲ ਨਾਲ ਦੇਖਣ, ਬੁਝਣ ਦੇ ਭਾਵ ਵੀ ਹਨ। ਧਿਆਨ ਦਿਉ ਕਿ ਛੂਹਣ, ਫੜਨ ਵਿਚੋਂ ਅਜਿਹੇ ਭਾਵ ਸਹਿਜੇ ਹੀ ਵਿਕਸਿਤ ਹੋ ਜਾਂਦੇ ਹਨ। ਮਾਨੋਂ ਫੜਨ, ਛੂਹਣ ਤੋਂ ਮਤਲਬ ਹੈ, ਕਿਸੇ ਦੀ ਗੱਲ ਫੜਨੀ, ਸਮਝਣੀ, ਬੁੱਝਣੀ।
ਅੰਗਰੇਜ਼ੀ ਸ਼ਬਦ ਛੋਮਪਰeਹeਨਦ ਵਿਚ ਛੋਮ ਤਾਂ ਅਗੇਤਰ ਹੀ ਹੈ, ਬਾਕੀ ਦੇ ਘਟਕ ਦਾ ਅਰਥ ਫੜਨਾ ਹੀ ਹੈ। ਇਸ ਨਾਲ ਜੁੜਦੇ Aਪਪਰeਹeਨਦ ਦਾ ਅਰਥ ਹੀ ਫੜਨਾ, ਪਕੜਨਾ ਹੁੰਦਾ ਹੈ। ਇਸ ਤੋਂ ਅਸੀਂ ਉਲਾਂਭਾ ਸ਼ਬਦ ਵਿਚ ਨਿਹਿਤ ਅਸਲੀ ਭਾਵ ਸਮਝ ਸਕਦੇ ਹਾਂ, ਯਾਨਿ ਕਿਸੇ ਨੂੰ ਬੋਧ ਕਰਾਉਣਾ, ਜਤਾਉਣਾ, ਗਲਤੀ ਆਦਿ ਦਾ ਅਹਿਸਾਸ ਕਰਾਉਣਾ। ਨਿਸ਼ਚੇ ਹੀ ਇਹ ਅਰਥ ਸ਼ਿਕਾਇਤ ਜਾਂ ਗਿਲੇ ਸ਼ਿਕਵੇ ਕਰਨ ਦੇ ਅਰਥਾਂ ਵਿਚ ਵਰਤਿਆ ਜਾਣ ਲੱਗਾ।
ਉਪਲੰਭ ਸ਼ਬਦ ਪਿਛੇ ‘ਲਭ’ ਧਾਤੂ ਕਾਰਜਸ਼ੀਲ ਹੈ, ਜਿਸ ਵਿਚ ਪਾਉਣ, ਪ੍ਰਾਪਤ ਕਰਨ, ਸਮਝਣ ਦੇ ਭਾਵ ਹਨ। ਪੰਜਾਬੀ ਲੱਭਣਾ ਅਰਥਾਤ ਹੱਥ ਲੱਗਣਾ, ਇਹੋ ਹੈ। ‘ਲ’ ਧੁਨੀ ‘ਰ’ ਧੁਨੀ ਵਿਚ ਵਟ ਜਾਂਦੀ ਹੈ ਤਾਂ ‘ਲਭ’ ‘ਰਭ’ ਵਿਚ ਵਟ ਜਾਂਦਾ ਹੈ। ਇਸ ਵਿਚ ਅਨੁਨਾਸਕਤਾ ਪ੍ਰਵੇਸ਼ ਕਰ ਜਾਂਦੀ ਹੈ ਤਾਂ ‘ਰੰਭ’ ਸਾਹਮਣੇ ਆਉਂਦਾ ਹੈ। ਇਸ ਤੋਂ ਸ਼ੁਰੂ ਕਰਨ ਦੇ ਅਰਥਾਂ ਵਾਲਾ ਅਰੰਭ ਸ਼ਬਦ ਆਉਂਦਾ ਹੈ, ਪਰ ਇਸ ਬਾਰੇ ਹੋਰ ਫਿਰ ਕਦੇ। ਹਾਲ ਦੀ ਘੜੀ ਏਨਾ ਹੀ ਕਿ ਅਰੰਭ ਸ਼ਬਦ ਵਿਚ ਕਿਸੇ ਕੰਮ ਨੂੰ ਫੜਨ, ਪੂਣੀ ਛੂਹਣ ਦਾ ਹੀ ਭਾਵ ਹੈ।