ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਨੂੰ ਠੱਲ੍ਹ ਪਾਉਣਾ ਪੰਜਾਬ ਸਰਕਾਰ ਤੇ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਨਸ਼ਿਆਂ ਕਾਰਨ ਰਾਜ ਵਿਚ ਆਏ ਦਿਨ ਹੋ ਰਹੀਆਂ ਮੌਤਾਂ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ੍ਹ ਲਗਾ ਰਹੀਆਂ ਹਨ। ਨਸ਼ਿਆਂ ਦੀ ਅਸਲ ਸਪਲਾਈ ਲਾਈਨ ਨੂੰ ਤੋੜਨ ਵਿਚ ਅਜੇ ਤੱਕ ਸਰਕਾਰ ਤੇ ਪੁਲਿਸ ਨਾਕਾਮ ਰਹੀ ਹੈ।
ਪੰਜਾਬ ਦੀ ਕੈਪਟਨ ਸਰਕਾਰ ਦੇ ਕਾਰਜਕਾਲ ਦੇ ਢਾਈ ਵਰ੍ਹੇ ਬੀਤ ਜਾਣ ‘ਤੇ ਵੀ ਅਜੇ ਤੱਕ ਨਸ਼ਿਆਂ ਦੀ ਰੋਕਥਾਮ ਦੇ ਕੋਈ ਖਾਸ ਨਤੀਜੇ ਸਾਹਮਣੇ ਨਹੀਂ ਆਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕੱਲੇ ਮਾਝੇ ਦੇ ਜ਼ਿਲ੍ਹਿਆਂ ਵਿਚ ਹੀ 70 ਹਜ਼ਾਰ ਤੋਂ ਵੱਧ ਵਿਅਕਤੀ ਨਸ਼ਿਆਂ ਦੇ ਆਦੀ ਹਨ ਤੇ ਇਨ੍ਹਾਂ ਵਿਚ ਛੋਟੇ ਬੱਚੇ ਵੀ ਸ਼ਾਮਲ ਹਨ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਵਿਚ ਤਰਨ ਤਾਰਨ ਜ਼ਿਲ੍ਹੇ ਅੰਦਰ 37,498 ਵਿਅਕਤੀ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਹਨ।
ਇਨ੍ਹਾਂ ‘ਚੋਂ 14,952 ਸਰਕਾਰੀ ਓਟ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਹਨ ਜਦਕਿ 22,546 ਵਿਅਕਤੀ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਹਨ। ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਭੱਗੂਪੁਰਾ ਦੇ ਮੁੜ ਵਸੇਬਾ ਕੇਂਦਰ ਵਿਚ 50 ਦੇ ਕਰੀਬ ਬੱਚੇ ਇਲਾਜ ਕਰਵਾ ਰਹੇ ਹਨ। ਇਨ੍ਹਾਂ ਬੱਚਿਆਂ ਦੀ ਉਮਰ 9 ਤੋਂ 15 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਅੰਦਰ 11,302 ਵਿਅਕਤੀ ਸਰਕਾਰੀ ਓਟ ਕੇਂਦਰਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਅੰਮ੍ਰਿਤਸਰ ਜ਼ਿਲ੍ਹੇ ਅੰਦਰ 15,805 ਵਿਅਕਤੀ ਸਰਕਾਰੀ ਕੇਂਦਰਾਂ ਵਿੱਚ ਅਤੇ 6,226 ਵਿਅਕਤੀ ਪ੍ਰਾਈਵੇਟ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਕਈ ਥਾਵਾਂ ‘ਤੇ ਲੜਕੀਆਂ ਵੀ ਇਲਾਜ ਕਰਵਾ ਰਹੀਆਂ ਹਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅੰਦਰ ਸਥਿਤ ਨਸ਼ਾ ਛੁਡਾਊ ਕੇਂਦਰ ਵਿਚ 1,589 ਵਿਅਕਤੀ ਇਲਾਜ ਕਰਵਾ ਰਹੇ ਹਨ।
______________________
ਪਾਕਿਸਤਾਨੀ ਲੂਣ ‘ਚੋਂ 532 ਕਿਲੋ ਹੈਰੋਇਨ ਫੜੀ
ਅੰਮ੍ਰਿਤਸਰ: ਅਟਾਰੀ ਸਥਿਤ ਆਈ.ਸੀ.ਪੀ. ‘ਤੇ ਕਸਟਮ ਵਿਭਾਗ ਨੇ ਪਾਕਿਸਤਾਨ ਤੋਂ ਦਰਾਮਦ ਕੀਤੇ ਲੂਣ ਵਿਚੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਕੌਮਾਂਤਰੀ ਬਾਜ਼ਾਰ ਵਿਚ ਇਨ੍ਹਾਂ ਦੀ ਕੀਮਤ ਕਰੀਬ 2,700 ਕਰੋੜ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਨੂੰ ਸ਼ੱਕ ਹੈ ਕਿ ਇਹ ਨਸ਼ੀਲੇ ਪਦਾਰਥ ਪਾਕਿਸਤਾਨ ਵਾਲੇ ਪਾਸਿਉਂ ਉਨ੍ਹਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਆਏ ਹਨ। ਇਸ ਬਾਰੇ ਵਿਭਾਗ ਵੱਲੋਂ ਪਾਕਿਸਤਾਨੀ ਕਸਟਮ ਵਿਭਾਗ ਕੋਲ ਸ਼ਿਕਾਇਤ ਵੀ ਕੀਤੀ ਜਾਵੇਗੀ।