ਕਰਤਾਰਪੁਰ ਲਾਂਘੇ ਦੇ ਨਿਰਮਾਣ ਵਿਚ ਪੱਛੜਿਆ ਭਾਰਤ

ਬਟਾਲਾ: ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਲਾਂਘਾ ਬਣਾਉਣ ਸਬੰਧੀ ਭਾਰਤ ਦੀਆਂ ਉਸਾਰੀ ਏਜੰਸੀਆਂ ਇਸ ਕਾਰਜ ਵਿਚ ਸ਼ੁਰੂਆਤੀ ਦੌਰ ‘ਚ ਪੱਛੜ ਗਈਆਂ ਸਨ। ਲਾਂਘੇ ਦਾ ਕੰਮ ਬੀਤੇ ਸੱਤ ਮਹੀਨਿਆਂ ‘ਚ 45 ਫੀਸਦੀ ਹੀ ਮੁਕੰਮਲ ਹੋਇਆ ਹੈ। ਦੂਜੇ ਪਾਸੇ, ਪਾਕਿਸਤਾਨ ਵੱਲੋਂ ਆਪਣੇ ਹਿੱਸੇ ਦੇ ਕੰਮ ਵਿਚ ਸ਼ੁਰੂਆਤੀ ਦੌਰ ‘ਚ ਤੇਜ਼ੀ ਲਿਆਉਣ ਉਤੇ ਹੁਣ ਤੱਕ 85 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਹੁਣ ਭਾਰਤ ਵੱਲੋਂ ਕੰਮ ‘ਚ ਤੇਜ਼ੀ ਲਿਆਂਦੀ ਗਈ ਹੈ।

ਨੈਸ਼ਨਲ ਹਾਈਵੇਅ ਅਥਾਰਿਟੀ (ਐਨ.ਐਚ.ਏ.) ਸਣੇ ਪ੍ਰਾਈਵੇਟ ਉਸਾਰੀ ਕੰਪਨੀਆਂ ਨੂੰ ਪਹਿਲੇ ਤਿੰਨ ਮਹੀਨੇ ਤੱਕ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚਾਰ ਪਿੰਡਾਂ ਦੇ ਕਿਸਾਨਾਂ ਦੀ ਯੋਗ ਮੁਆਵਜ਼ੇ ਦੀ ਮੰਗ ਨੇ ਉਸਾਰੀ ਕਾਰਜਾਂ ਨੂੰ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਹੁਣ ਲਾਂਘੇ ਲਈ ਜ਼ਮੀਨ ਤਿਆਰ ਕਰਦੇ ਮੌਕੇ ਅੱਧੀ ਦਰਜਨ ਤੋਂ ਵੱਧ ਮੁਸਲਮਾਨ ਮਜ਼ਾਰਾਂ ਤੇ ਇਕ ਮੰਦਿਰ ਦਾ ਰਸਤੇ ‘ਚ ਆਉਣਾ ਵੀ ਕੰਮ ਦੀ ਰਫਤਾਰ ਨੂੰ ਮੱਠਾ ਪਾ ਰਿਹਾ ਹੈ।
ਉਧਰ, ਕਰਤਾਰਪੁਰ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਆਗੂ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਰਾਵੀ ‘ਤੇ ਪੁਲ ਬਣਾਉਣ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੁਆਲੇ ਇਮਾਰਤਾਂ ਦਾ ਨਿਰਮਾਣ ਕਰਨ ਸਣੇ ਹੋਰ ਸੜਕਾਂ ਨੂੰ ਤੇਜ਼ੀ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ 85 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ। ਉਧਰ, ਐਨ.ਐਚ.ਏ. ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਂਘੇ ਦਾ ਕੰਮ 45 ਫੀਸਦੀ ਮੁਕੰਮਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੰਮ ਜਲਦੀ ਨੇਪਰੇ ਚਾੜ੍ਹਨ ਲਈ ਆਧੁਨਿਕ ਮਸ਼ੀਨਾਂ ਵਰਤੀਆਂ ਜਾ ਰਹੀਆਂ ਹਨ।
_____________________________
ਲਾਂਘੇ ਬਾਰੇ ਗੱਲਬਾਤ ਲਈ ਭਾਰਤ ਨੇ ਤਰੀਕਾਂ ਸੁਝਾਈਆਂ
ਨਵੀਂ ਦਿੱਲੀ: ਭਾਰਤ ਨੇ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਦੇ ਨਵੇਂ ਦੌਰ ਲਈ ਪਾਕਿਸਤਾਨ ਨੂੰ 11 ਤੋਂ 14 ਜੁਲਾਈ ਤੱਕ ਤਰੀਕਾਂ ਦਾ ਸੁਝਾਅ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇਸਲਾਮਾਬਾਦ ਵੱਲੋਂ ਕਰਤਾਰਪੁਰ ਪ੍ਰਾਜੈਕਟ ਲਈ ਬਣਾਈ ਗਈ ਕਮੇਟੀ ‘ਚ ਖਾਲਿਸਤਾਨੀ ਆਗੂ ਦੀ ਹਾਜ਼ਰੀ ਦੇ ਮੁੱਦੇ ‘ਤੇ ਪਾਕਿਸਤਾਨ ਕੋਲ ਤਿੱਖਾ ਰੋਸ ਜ਼ਾਹਰ ਕੀਤਾ ਸੀ। ਭਾਰਤ ਨੇ ਪ੍ਰਾਜੈਕਟ ਨਾਲ ਸਬੰਧਤ ਕੁਝ ਮੁੱਦਿਆਂ ‘ਤੇ ਇਸਲਾਮਾਬਾਦ ਤੋਂ ਸਪੱਸ਼ਟੀਕਰਨ ਵੀ ਮੰਗੇ ਹਨ। ਸੂਤਰਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਸਬੰਧੀ ਗੱਲਬਾਤ ਲਈ ਭਾਰਤ ਵਚਨਬੱਧ ਹੈ ਜਿਸ ਕਾਰਨ ਪਾਕਿਸਤਾਨ ਨਾਲ ਗੱਲਬਾਤ ਲਈ ਨਵੀਆਂ ਤਰੀਕਾਂ ਦੀ ਪੇਸ਼ਕਸ਼ ਕੀਤੀ ਗਈ ਹੈ।
_____________________________
ਲਾਹੌਰ ਵਿਚ ਲੱਗਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
ਇਸਲਾਮਾਬਾਦ: 19ਵੀਂ ਸਦੀ ਵਿਚ ਪੰਜਾਬ ਉਤੇ ਤਕਰੀਬਨ 40 ਸਾਲ ਰਾਜ ਕਰਨ ਵਾਲੇ ਅਤੇ ਸਿੱਖ ਰਾਜ ਨੂੰ ਅਫਗਾਨਿਸਤਾਨ ਤੱਕ ਫੈਲਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਉਨ੍ਹਾਂ ਦੀ ਬਰਸੀ ਮੌਕੇ ਲਾਹੌਰ ਦੇ ਇਤਿਹਾਸਕ ਕਿਲੇ ਵਿਚ ਉਦਘਾਟਨ ਕੀਤਾ ਗਿਆ। ਇਸ ਬੁੱਤ ਵਿਚ ਮਹਾਰਾਜੇ ਨੂੰ ਘੋੜੇ ਉਤੇ ਬੈਠਿਆਂ ਦਿਖਾਇਆ ਗਿਆ ਹੈ। ਇਸ ਬੁੱਤ ਨੂੰ ਲਾਹੌਰ ਦੇ ਕਿਲੇ ਵਿਚ ਮਾਈ ਜਿੰਦਾ ਹਵੇਲੀ ਦੀ ਸਿੱਖ ਗੈਲਰੀ ਵਿਚ ਸਥਾਪਤ ਕੀਤਾ ਗਿਆ ਹੈ।
ਇਸ ਸਮਾਰੋਹ ਵਿਚ ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਪੰਜਾਬੀ ਸਿੱਖ ਮਹਾਰਾਜੇ ਦਾ ਇਹ ਬੁੱਤ ਭਾਰਤ ਤੇ ਪਾਕਿਸਤਾਨ ਵਿਚ ਆਪਣੇ ਆਪ ਵਿਚ ਪਹਿਲਾ ਅਤੇ ਵਿਲੱਖਣ ਬੁੱਤ ਹੈ। ਇਸ ਪਹਿਲਕਦਮੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕਲਾ ਪ੍ਰੇਮੀਆਂ ਵਿਚ ਉਤਸ਼ਾਹ ਦਾ ਮਾਹੌਲ ਹੈ। ਇਸ ਬੁੱਤ ਨੂੰ ਤਿਆਰ ਕਰਨ ਵਾਲੇ ਕਲਾਕਾਰ ਨੇ ਦੱਸਿਆ ਕਿ ਬੁੱਤ ਵਿਚ ਮਹਾਰਾਜੇ ਦੀਆਂ ਸਾਰੀਆਂ ਖੂਬੀਆਂ ਨੂੰ ਦਰਸਾਇਆ ਗਿਆ ਹੈ। ਇਸ ਬੁੱਤ ਵਿਚ ਮਹਾਰਾਜਾ ਰਣਜੀਤ ਸਿੰਘ ਆਪਣੇ ਮਨਪਸੰਦ ਅਰਬੀ ਘੋੜੇ ਕਹਾਰ ਬਹਾਰ ਉਤੇ ਬੈਠਾ ਹੈ। ਇਹ ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਨੇ ਤੋਹਫੇ ਵਿਚ ਦਿੱਤਾ ਸੀ। ਬੁੱਤ ਫਕੀਰਖਾਨਾ ਮਿਊਜ਼ੀਅਮ ਦੇ ਡਾਇਰੈਕਟਰ ਫਕੀਰ ਸੈਫਉਦੀਨ ਸੋਜ਼ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ।
ਫਕੀਰ ਸੈਫਉਦੀਨ ਨੇ ਦੱਸਿਆ ਕਿ ਇਹ ਬੁੱਤ ਇਸ ਖਿੱਤੇ ਵਿਚ ਬਣੇ ਹੋਰਨਾਂ ਬੁੱਤਾਂ ਤੋਂ ਇਸ ਕਰਕੇ ਵਿਲੱਖਣ ਹੈ, ਕਿਉਂਕਿ ਇਸ ਨੂੰ ਤਿਆਰ ਕਰਨ ਲਈ ਫਾਈਬਰ ਕੋਲਡ ਬਰੌਨਜ਼ ਮਟੀਰੀਅਲ ਵਰਤਿਆ ਗਿਆ ਹੈ, ਜਿਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਇਹ ਬੁੱਤ ਅੱਠ ਮਹੀਨਿਆਂ ਵਿਚ ਤਿਆਰ ਕੀਤਾ ਗਿਆ ਹੈ। ਸਿੱਖ ਹੈਰੀਟੇਜ ਫਾਊਂਡੇਸ਼ਨ ਯੂ ਕੇ ਦੇ ਡਾਇਰੈਕਟਰ ਬੌਬੀ ਸਿੰਘ ਬਾਂਸਲ ਜਿਨ੍ਹਾਂ ਨੇ ਇਹ ਬੁੱਤ ਤਿਆਰ ਕਰਵਾਇਆ ਹੈ, ਨੇ ਕਿਹਾ ਕਿ ਉਹ ਇਨ੍ਹਾਂ ਯਾਦਗਾਰੀ ਪਲਾਂ ਦਾ ਹਿੱਸਾ ਬਣਨ ਉਤੇ ਬੇਹੱਦ ਖੁਸ਼ ਹਨ।
_____________________________
ਪੰਜਾਬ ਵਿਚ 22 ਵਰ੍ਹਿਆਂ ਤੋਂ ਸ਼ੇਰ-ਏ-ਪੰਜਾਬ ਦੇ ਬੁੱਤ ਦੀ ਉਡੀਕ
ਸੰਗਰੂਰ: ਗੁਆਂਢੀ ਮੁਲਕ ਪਾਕਿਸਤਾਨ ਵਿਚ ਲਾਹੌਰ ਦੇ ਕਿਲੇ ‘ਚ ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਘੋੜੇ ‘ਤੇ ਸਵਾਰ ਆਦਮ ਕੱਦ ਬੁੱਤ ਸਥਾਪਤ ਕਰ ਦਿੱਤਾ ਗਿਆ ਹੈ ਪਰ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਤੇ ਨਾਨਕੇ ਪਿੰਡ ਬਡਰੁੱਖਾਂ ‘ਚ ਬੁੱਤ ਸਥਾਪਤ ਕਰਨ ਦੇ ਸਰਕਾਰੀ ਵਾਅਦੇ ਲਗਭਗ ਦੋ ਦਹਾਕੇ ਬੀਤਣ ਦੇ ਬਾਵਜੂਦ ਵਫਾ ਨਹੀਂ ਹੋਏ। ਬਡਰੁੱਖਾਂ ‘ਚ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ‘ਚ ਸ਼ੇਰ-ਏ-ਪੰਜਾਬ ਦਾ ਬੁੱਤ ਸਥਾਪਤ ਕਰਨ ਲਈ ਬਣਾਇਆ ਸੀਮਿੰਟ ਦਾ ਥੜ੍ਹਾ ਕਈ ਸਾਲਾਂ ਤੋਂ ਲੱਗਣ ਵਾਲੇ ਬੁੱਤ ਨੂੰ ਉਡੀਕ ਰਿਹਾ ਹੈ। ਪਿੰਡ ਬਡਰੁੱਖਾਂ ‘ਚ ਕਰੀਬ 22 ਵਰ੍ਹੇ ਪਹਿਲਾਂ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਐਲਾਨ ਕੀਤਾ ਗਿਆ ਸੀ , ਪਰ ਇਹ ਵਾਅਦਾ ਅੱਜ ਤੱਕ ਵਫਾ ਨਹੀਂ ਹੋਇਆ।