ਵਰਿਆਮ ਸਿੰਘ ਸੰਧੂ
ਫੋਨ: 1-416-918-5212
ਜਸਵੰਤ ਸਿੰਘ ਕੰਵਲ ਬਾਰੇ ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਕ ਗੱਲ ਸੁਣਦੇ ਜਾਓ।
ਵੱਡੇ ਲੇਖਕ ਤੇ ਵੱਡੀਆਂ ਲਿਖਤਾਂ ਕੌਮਾਂ ਤੇ ਬੰਦਿਆਂ ਦਾ ਜੀਵਨ ਬਦਲ ਦਿੰਦੀਆਂ ਨੇ। ਲੇਖਕ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਹਨੇ ਕਿਸ ਕਿਸ ਦੇ ਜੀਵਨ ਨੂੰ ਅਛੋਪਲੇ ਜਿਹੇ ਬਦਲ ਦਿੱਤਾ ਏ।
1962-63 ਦੀ ਗੱਲ ਹੋਵੇਗੀ। ਮੈਥੋਂ ਉਮਰੋਂ ਵੱਡੇ ਮੇਰੇ ਇਕ ਦੋਸਤ ਦਾ ਵਿਆਹ ਹੋ ਚੁਕਾ ਸੀ। ਉਹ ਨਾ-ਖੁਸ਼ ਸੀ। ਉਹਦੇ ਹਿਸਾਬ ਨਾਲ ਉਹਦੀ ਪਤਨੀ ‘ਸੋਹਣੀ’ ਨਹੀਂ ਸੀ। ਉਹ ਉਹਨੂੰ ਛੱਡ ਦੇਣਾ ਚਾਹੁੰਦਾ ਸੀ। ਮੈਂ ਇਸ ਦੇ ਹੱਕ ਵਿਚ ਨਹੀਂ ਸਾਂ। ਉਹਦੀ ਪਤਨੀ ਦਾ ਭਲਾ ਕੀ ਕਸੂਰ ਸੀ!
ਉਨ੍ਹੀਂ ਦਿਨੀਂ ਅਸੀਂ ਆਪਣੇ ਸ਼ੰਕੇ ਤੇ ਸਵਾਲ ਵੱਡੇ ਲੇਖਕਾਂ ਨਾਲ ਸਾਂਝੇ ਕਰ ਕੇ ਉਨ੍ਹਾਂ ਤੋਂ ਜਵਾਬ ਪੁੱਛਦੇ ਰਹਿੰਦੇ। ਮੈਂ ਕੰਵਲ ਨੂੰ ਆਪਣੇ ਦੋਸਤ ਦੀ ਸਮੱਸਿਆ ਦੱਸ ਕੇ ਹੱਲ ਪੁੱਛਿਆ ਤਾਂ ਤੀਜੇ ਦਿਨ ਪੋਸਟਕਾਰਡ ‘ਤੇ ਲਿਖਿਆ ਕੰਵਲ ਦਾ ਜਵਾਬ ਮਿਲ ਗਿਆ। ਉਹਨੇ ਲਿਖਿਆ ਸੀ ਕਿ ਵਿਆਹ ਤੋਂ ਪਹਿਲਾਂ ‘ਤੁਹਾਡਾ ਦੋਸਤ ਕੋਈ ਵੀ ਫੈਸਲਾ ਲੈ ਸਕਦਾ ਸੀ, ਪਰ ਵਿਆਹ ਤੋਂ ਪਿੱਛੋਂ ਆਪਣੀ ਬੇਕਸੂਰ ਪਤਨੀ ਨਾਲ ਇਹ ਸਲੂਕ ਕਰਨਾ ਬਿਲਕੁਲ ਨਾਵਾਜਬ ਹੈ। ਆਪਣੇ ਦੋਸਤ ਨੂੰ ਕਹਿਣਾ, “ਕਈ ਵਾਰ ਕਾਲੇ ਮੋਤੀ ਵੀ ਕੀਮਤੀ ਹੁੰਦੇ ਨੇ!”
ਕੰਵਲ ਦੇ ਸ਼ਬਦਾਂ ਦਾ ਅਜਿਹਾ ਅਸਰ ਪਿਆ ਕਿ ਮੇਰੇ ਦੋਸਤ ਨੇ ਖਤ ਪੜ੍ਹਨ ਤੋਂ ਬਾਅਦ ਪਤਨੀ ਨੂੰ ਛੱਡਣ ਦਾ ਇਰਾਦਾ ਤਰਕ ਕਰ ਦਿੱਤਾ। ਬੜੀ ਸਫਲ ਵਿਆਹੁਤਾ ਜ਼ਿੰਦਗੀ ਬਤੀਤ ਕੀਤੀ। ਉਹਦੀ ਪਤਨੀ ਸਾਰੀ ਉਮਰ ਮੇਰੀ ਸ਼ੁਕਰਗੁਜ਼ਾਰ ਰਹੀ ਤੇ ਕਹਿੰਦੀ ਰਹੀ, “ਮੇਰਾ ਘਰ ਤਾਂ ਵਰਿਆਮ ਭਾ ਜੀ ਨੇ ਵੱਸਦਾ ਰੱਖਿਆ!” ਪਰ ਉਹਦਾ ਘਰ ਤਾਂ ਜਸਵੰਤ ਸਿੰਘ ਕੰਵਲ ਦੀ ਇਕ ਸਤਰ, ‘ਕਈ ਵਾਰ ਕਾਲੇ ਮੋਤੀ ਵੀ ਕੀਮਤੀ ਹੁੰਦੇ ਨੇ!’ ਨੇ ਵੱਸਦਾ ਰੱਖਿਆ ਸੀ।
ਜਸਵੰਤ ਸਿੰਘ ਕੰਵਲ ਨੇ ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਵਿਚ ਤਬਦੀਲੀ ਲਿਆਂਦੀ। ਹਿਸਾਬ ਕਰਨਾ ਔਖਾ ਏ। ਮੇਰੀ ਜ਼ਿੰਦਗੀ ਨੂੰ ਬਦਲਣ ਵਿਚ ਉਹਦੀਆਂ ਲਿਖਤਾਂ ਦਾ ਨੁਮਾਇਆ ਹਿੱਸਾ ਹੈ।
ਚੜ੍ਹਦੀ ਉਮਰੇ ਮੈਂ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦਾ ਸ਼ੈਦਾਈ ਸਾਂ। ਸੋਚਦਾ, ਕਿਹੋ ਜਿਹਾ ਹੋਵੇਗਾ ਉਹ ਪਿੰਡ, ਉਹ ਇਲਾਕਾ, ਉਥੋਂ ਦੇ ਲੋਕ, ਜਿੱਥੇ ਕੰਵਲ ਵੱਸਦਾ ਹੈ; ਸਾਹ ਲੈਂਦਾ ਹੈ। ਕੈਸੇ ਹੋਣਗੇ ਉਹ ਰਾਹ, ਜਿਨ੍ਹਾਂ ‘ਤੇ ਕੰਵਲ ਤੁਰਦਾ ਹੈ!
ਉਹਦੀਆਂ ਕਿਤਾਬਾਂ ਵਿਚ ਪਤਾ ਲਿਖਿਆ ਹੁੰਦਾ, “ਪਿੰਡ ਤੇ ਡਾਕਘਰ ਢੁਡੀਕੇ, ਤਹਿਸੀਲ ਮੋਗਾ, ਜਿਲਾ ਫਿਰੋਜ਼ਪੁਰ।”
1961 ਵਿਚ ਮੈਂ ਆਪਣੇ ਦਾਦੇ ਕੋਲ ਅਬੋਹਰ ਗਿਆ ਤਾਂ ਮੋਗੇ ਵਿਚ ਤੁਰੇ ਫਿਰਦੇ, ਬੱਸ ਵਿਚ ਬੈਠੇ ਉਹਦੀ ਉਮਰ ਦੇ ਹਰ ਬੰਦੇ ਵਿਚੋਂ ਕੰਵਲ ਦਾ ਝੌਲਾ ਪੈਂਦਾ। ਕਿਤੇ ਆਹ ਕੰਵਲ ਹੀ ਨਾ ਹੋਵੇ! ਔਹ ਕੰਵਲ ਤਾਂ ਨਹੀਂ?
ਕੰਵਲ ਦੀ ਖੁਸ਼ਬੂ ਮੇਰੇ ਚਾਰ ਚੁਫੇਰੇ ਪਸਰੀ ਹੋਈ ਸੀ। ਕੰਵਲ ਲਈ ਮੁਹੱਬਤ ਦਾ ਇਹ ਝੱਲ ਹੀ ਤਾਂ ਸੀ! ਕੋਈ ਲੇਖਕ ਤੁਹਾਡੇ ਅੰਦਰ-ਬਾਹਰ ਦਾ ਏਨਾ ਵੱਡਾ ਹਿੱਸਾ ਹੋ ਸਕਦਾ ਏ! ਸੋਚਦਾ ਹਾਂ ਤਾਂ ਆਪਣੀ ਮਾਸੂਮੀਅਤ ‘ਤੇ ਹਾਸਾ ਵੀ ਆਉਂਦਾ ਹੈ ਤੇ ਕੰਵਲ ਉਤੇ ਲਾਡ ਵੀ।
ਮੈਂ ਕਵਿਤਾ ਤੇ ਕਹਾਣੀਆਂ ਲਿਖਦਾ। ਮੇਰੇ ਵਿਚੋਂ ਕੰਵਲ ਬੋਲਦਾ। ਵਿਚ-ਵਿਚ ਨਾਨਕ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਵੀ। ਇਹ ਤੇ ਪੰਜਾਬੀ ਦੇ ਸਾਰੇ ਵੱਡੇ ਲੇਖਕ ਮੇਰੇ ਸਾਹਿਤਕ ਬਾਪ ਹਨ। ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਹੀ ਮੇਰੇ ਅੰਦਰ ਵਿਚਾਰਧਾਰਕ ਤੇ ਲਿਖਣ-ਅੰਦਾਜ਼ ਦੇ ਬੀਜ ਡਿੱਗੇ। ਉਨ੍ਹੀਂ ਦਿਨੀਂ ਕੰਵਲ ਦੇ ‘ਰਾਤ ਬਾਕੀ ਹੈ’ ਵਾਲੇ ਪੈਟਰਨ ‘ਤੇ ਇਕ ਨਾਵਲ ਵੀ ਲਿਖ ਮਾਰਿਆ, ਜੋ ਜਲੰਧਰੋਂ ਛਪਦੇ ਸਪਤਾਹਿਕ ‘ਨਵੀਂ ਦੁਨੀਆਂ’ ਵਿਚ ਛਪਿਆ।
ਬਚਪਨ ਤੇ ਜਵਾਨੀ ਦੀਆਂ ਬਰੂਹਾਂ ‘ਤੇ ਬਹਿ ਕੇ ‘ਰਾਤ ਬਾਕੀ ਹੈ’ ਪੜ੍ਹਿਆ ਤਾਂ ‘ਚਰਨ’ ਹੋਣਾ ਤੇ ਬਣਨਾ ਮੇਰਾ ਆਦਰਸ਼ ਬਣ ਗਿਆ। ਇਨਕਲਾਬ ਲਈ, ਸਮਾਜਕ ਤਬਦੀਲੀ ਲਈ ਸਿਰ ਧੜ ਦੀ ਬਾਜ਼ੀ ਲਾਉਣ ਦਾ ਅਜ਼ਮ ਮੇਰੇ ਧੁਰ ਅੰਦਰ ਦਾ ਹਿੱਸਾ ਬਣ ਗਿਆ। ਖਿਆਲੀ ‘ਰਾਜ’ ਦੇ ਨਾਲ ਖਿਆਲੀ ਆਦਰਸ਼ਕ ਅਸਰੀਰੀ-ਮੁਹੱਬਤ ਮੇਰੀ ਹੋਂਦ ਦਾ ਹਿੱਸਾ ਹੀ ਹੋ ਗਏ। ਔਰਤ ਦੀ ਇੱਜਤ ਤੇ ਮਾਣ-ਸਨਮਾਨ ਮੇਰੀ ਸੋਚ ਦਾ ਅੰਗ ਬਣ ਗਏ।
1963 ਵਿਚ ਮੇਰੀਆਂ ਕੁਝ ਕਹਾਣੀਆਂ ਪੜ੍ਹ ਕੇ ਸਾਹਿਤਕ ਮੱਸ ਰੱਖਣ ਵਾਲੇ ਮੇਰੇ ਇਕ ਅਧਿਆਪਕ ਨੇ ਪੁੱਛਿਆ, “ਤੇਰੀਆਂ ਕਹਾਣੀਆਂ ਵਿਚ ਜਿਹੜੀ ਕੁੜੀ ਵਾਰ ਵਾਰ ਦਿਸਦੀ ਹੈ, ਉਹ ਕੌਣ ਹੈ? ਕਿਸ ਨਾਲ ਇਸ਼ਕ ਹੈ ਤੈਨੂੰ?”
ਮੈਂ ਕਿਹਾ, “ਅਸਲ ਵਿਚ ਇਹ ਕੋਈ ਨਹੀਂ, ਕਿਧਰੇ ਵੀ ਨਹੀਂ। ਹਕੀਕਤ ਵਿਚ ਮੇਰੀ ਕੋਈ ਪ੍ਰੇਮਿਕਾ ਨਹੀਂ। ਮੈਂ ਤਾਂ ‘ਰਾਤ ਬਾਕੀ ਹੈ’ ਦੀ ਰਾਜ ਨੂੰ ਪਿਆਰ ਕਰਦਾਂ। ਓਹੋ ਹੈ ਮੇਰੀ ਪ੍ਰੇਮਿਕਾ।”
ਉਹ ਮੇਰਾ ‘ਮੂਰਖਾਨਾ’ ਜਵਾਬ ਸੁਣ ਕੇ ਹੱਸ ਪਿਆ।
ਕੰਵਲ ਦੀਆਂ ਉਹ ਲਿਖਤਾਂ ਅੱਜ ਪੜ੍ਹਾਂ ਤਾਂ ਮੈਂ ਵੀ ਆਪਣੇ ਆਪ ‘ਤੇ ਹੱਸ ਪਵਾਂ। ਕੰਵਲ ਮੇਰੀ ਹੁਣ ਦੀ ਉਮਰ ਦਾ ਲੇਖਕ ਨਹੀਂ। ਮੇਰੀ ਜਵਾਨੀ ਦਾ ਲੇਖਕ ਹੈ। ਗੋਹੀ ਹੋਈ ਕੱਚੀ ਮਿੱਟੀ ਦਾ ਘੁਮਿਆਰ। ਮਿੱਟੀ ਨੂੰ ਚੱਕ ‘ਤੇ ਚੜ੍ਹਾਇਆ ਤੇ ਘੁਮਾਟੀ ਦਿੱਤੀ। ਆਪਣੀ ਮਰਜ਼ੀ ਦੀ ਸ਼ਕਲ ਬਣਾ ਦਿੱਤੀ। ਘੁੰਮ ਰਹੇ ਬੰਦੇ ਦਾ ਸਿਰ ਵੀ ਘੁੰਮਣ ਲੱਗ ਜਾਂਦਾ।
ਅਸਲ ਵਿਚ ਨਵ-ਉਮਰੇ ਲੋਕਾਂ ਦਾ ਲੇਖਕ ਰਿਹਾ ਹੈ, ਕੰਵਲ। ਉਹ ਅਜਿਹਾ ਜਾਦੂ ਸੀ ਜੋ ਪਾਠਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪੈਂਦਾ। ਉਹਨੇ ਪਾਠਕਾਂ ਦੇ ਮਨਾਂ ਵਿਚ ਸਥਾਪਤ ਤਾਕਤਾਂ ਦੇ ਖਿਲਾਫ ਰੋਸ ਤੇ ਰੋਹ ਦਾ ਜਜ਼ਬਾ ਧੜਕਣ ਲਾ ਦਿੱਤਾ। ਸ਼ਾਇਰੀ ਉਹਦੀ ਸ਼ੈਲੀ ਦਾ ਅਟੁੱਟ ਅੰਗ ਰਹੀ। ਉਹਦੀ ਲਿਖਤ ਵਿਚ ਲੋਹੜੇ ਦਾ ਲਾ-ਉਬਾਲਪਨ ਤੇ ਭਾਵੁਕ ਵਹਾਓ ਰਿਹਾ ਹੈ। ਉਹ ਭਾਵੁਕ ਪਾਠਕ ਨੂੰ ਆਪਣੇ ਬਿਆਨੀਆ ਸੇਕ ਨਾਲ ਢਾਲ ਕੇ ਪਾਣੀ ਬਣਾ ਦਿੰਦਾ ਤੇ ਫਿਰ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ। ਉਹਨੇ ਵੱਖ ਵੱਖ ਪੜਾਵਾਂ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਰੰਗ ਵਿਚ ਰੰਗਿਆ। ਮੇਰੇ ਵਰਗੇ ਲੋਕ ਜਾਂ ਲੇਖਕ ਉਹਦੀ ਲਾਈ ਪਹਿਲੀ-ਦੂਜੀ ਪੌਧ ਦਾ ਹਿੱਸਾ ਹਾਂ। ਕਮਿਊਨਿਸਟ ਲਹਿਰ ਨਾਲ, ਓਨੇ ਲੋਕ, ਲੀਡਰਾਂ ਨੇ ਨਹੀਂ ਜੋੜੇ ਹੋਣੇ, ਜਿੰਨੇ ਇਕੱਲੇ ‘ਰਾਤ ਬਾਕੀ ਹੈ’ ਨੇ ਜੋੜੇ ਹੋਣਗੇ। ਮੁਹੱਬਤ ਕਰਨ ਵਾਲੇ ਉਹਦੇ ਨਾਵਲਾਂ ਨੂੰ ਰੁਮਾਲਾਂ ਵਿਚ ਲਪੇਟ ਕੇ ਰੱਖਦੇ ਰਹੇ। ਅਗਲੇ ਪੜਾਅ ‘ਤੇ ਉਹ ਨਕਸਲੀਆਂ ਦਾ ਤੇ ਉਸ ਤੋਂ ਬਾਅਦ ‘ਖਾੜਕੂਆਂ’ ਦਾ ਮਨਭਾਉਂਦਾ ਲੇਖਕ ਵੀ ਰਿਹਾ। ਉਹਦੇ ਵਿਚ ਵੇਦਾਂਤ, ਮਾਰਕਸ-ਲੈਨਿਨ-ਮਾਓ ਤੇ ਸਿੱਖੀ ਦੀ ਇਨਕਲਾਬੀ ਮਿੱਸ ਰਲੀ ਹੋਈ ਹੈ।
ਉਹਦੇ ਵਿਚਾਰਧਾਰਕ ਬਦਲਾਓ ਨਾਲ ਬਹੁਤ ਸਾਰੇ ਲੋਕ ਸਹਿਮਤ ਨਹੀਂ। ਨਾ ਹੋਣ। ਮੈਂ ਵੀ ਨਹੀਂ। ਕੰਵਲ ਨੇ ਸਭ ਨੂੰ ਖੁਸ਼ ਰੱਖਣ ਦਾ ਕਦੀ ਵੀ ਠੇਕਾ ਨਹੀਂ ਸੀ ਲਿਆ। ਉਹਨੂੰ ਜੋ ਠੀਕ ਲੱਗਦਾ ਰਿਹਾ, ਉਹਨੇ ਉਹੋ ਕੀਤਾ। ਉਹੋ ਲਿਖਿਆ। ਉਹ ਕਿਸੇ ਲਾਲਚ ਕਰ ਕੇ ਨਹੀਂ ਬਦਲਿਆ। ਨਾ ਹੀ ਕਿਸੇ ਡਰ ਕਰ ਕੇ ਡੋਲਿਆ। ਸਦਾ ਆਪਣੇ ਅੰਦਰੋਂ ਨਿਕਲੀ ਅਵਾਜ਼ ਦੇ ਮਗਰ ਲੱਗਾ। ਕੋਈ ਇਨਾਮ, ਕੋਈ ਅਹੁਦਾ, ਕੋਈ ਪੇਸ਼ਕਸ਼ ਉਹਨੂੰ ਆਪਣੇ ਮਗਰ ਨਹੀਂ ਲਾ ਸਕੇ। ਡਾ. ਮਹਿੰਦਰ ਸਿੰਘ ਰੰਧਾਵਾ ਵੱਲੋਂ ਚੰਡੀਗੜ੍ਹ ਵਿਚ ਮੁਫਤ ਦੇ ਹਿਸਾਬ ਮਿਲਣ ਵਾਲਾ ਪਲਾਟ ਲੈਣ ਤੋਂ ਉਹਨੇ ਇਨਕਾਰ ਕਰ ਦਿੱਤਾ।
ਉਹ ਕਦੀ ਵੀ ਸਥਾਪਤੀ ਦਾ ਲੇਖਕ ਨਹੀਂ ਰਿਹਾ; ਸਗੋਂ ਸਥਾਪਤੀ ਦੇ ਜ਼ੁਲਮ ਤੇ ਜਬਰ ਵਿਰੁਧ ਸਦਾ ਲੜਨ ਵਾਲਾ ਜੁਝਾਰੂ ਲੇਖਕ ਰਿਹਾ ਹੈ। ਕਿਹੜਾ ਪੰਜਾਬੀ ਲੇਖਕ ਹੈ, ਜੋ ਉਸ ਵਾਂਗ ਸਮੇਂ ਦੇ ਧਾਰਮਿਕ, ਸਮਾਜਕ ਤੇ ਰਾਜਨੀਤਕ ਆਗੂਆਂ ਨੂੰ ਏਨੀ ਬੁਲੰਦ ਆਵਾਜ਼ ਵਿਚ ਮੁਖਾਤਬ ਹੋਇਆ ਹੋਵੇ! ਉਹਨੇ ਲੋਕਾਂ ਦੇ ਮਨਾਂ ਅੰਦਰ ਆਪਣੇ ਨਾਲ ਹੁੰਦੇ ਧੱਕੇ ਤੇ ਧੋਖੇ ਖਿਲਾਫ ਲੜਨ ਦਾ ਜਜ਼ਬਾ ਬੀਜਿਆ। ਇਹੋ ਉਹਦੀ ਪ੍ਰਾਪਤੀ ਹੈ। ਸਵੈ-ਮਾਣ ਨਾਲ ਜਿਉਣ ਦੀ ਰੜਕ ਤੇ ਮੜਕ ਉਹਦੀ ਹੋਂਦ ਦਾ ਹਿੱਸਾ ਰਿਹਾ ਹੈ।
ਮੇਰੇ ਵਿਚ ਜਿਹੜੀ ਰੜਕ ਤੇ ਮੜਕ ਹੈ, ਉਹਦੇ ਵਿਚ ਕੁਝ ਕੁ ਹਿੱਸਾ ਕੰਵਲ ਦੀਆਂ ਲਿਖਤਾਂ ਦਾ ਦਿੱਤਾ ਹੋਇਆ ਵੀ ਏ। ਅੱਜ ਕੰਵਲ ਦੇ ਜਿਹੜੇ ਹਿੱਸੇ ਨਾਲ ਮੇਰੀ ਅਸਹਿਮਤੀ ਹੈ, ਉਸ ਅਸਹਿਮਤੀ ਦੇ ਪਿੱਛੇ ਵੀ ਕੰਵਲ ਵੱਲੋਂ ਸ਼ੁਰੂ ਦੇ ਸਾਲਾਂ ਵਿਚ ਦਿੱਤੇ ਮਾਨਵਵਾਦੀ ਨਜ਼ਰੀਏ ਦਾ ਯੋਗਦਾਨ ਹੈ। ਕੰਵਲ ਨੇ ਹੀ ਮੈਨੂੰ ਕੰਵਲ ਨੂੰ ਅਪ੍ਰਵਾਨ ਕਰਨ ਦੀ ਸੋਝੀ ਦਿੱਤੀ ਸੀ।
ਮੇਰੀ ਖੁਸ਼-ਨਸੀਬੀ ਰਹੀ ਏ ਕਿ ਮੇਰੇ ਵਿਚੋਂ ਕੰਵਲ ਨੂੰ ਵੀ ਆਪਣੇ ਹਿੱਸੇ ਦਾ ਕੋਈ ਟੋਟਾ ਜੁੜਿਆ ਨਜ਼ਰ ਆਉਂਦਾ ਰਿਹਾ ਏ। ਏਸੇ ਲਈ ਉਹਨੇ ਮੈਨੂੰ ਸਦਾ ਪਿਤਾ ਵਾਲਾ ਪਿਆਰ ਦਿੱਤਾ ਹੈ। ਮੈਨੂੰ ਪੁੱਤਾਂ ਵਾਂਗ ਲਡਿਆਇਆ ਏ।
ਵੀਹ-ਪੰਝੀ ਸਾਲ ਪਹਿਲਾਂ ਡੁੱਬਦੇ ਸੂਰਜ ਨਾਲ ਫੋਨ ਖੜਕਿਆ, “ਓ ਭਾਈ ਵਰਿਆਮ ਸਿਹਾਂ! ਮੈਂ ਕੰਵਲ ਬੋਲਦਾਂ। ਐਥੇ ਬਰਜਿੰਦਰ ਦੇ ਦਫਤਰ ਵਿਚ ਬੈਠਾਂ। ਮੈਂ ਬਾਹਰੋਂ ਆਏ ਕਿਸੇ ਦੋਸਤ ਦੇ ਘਰ ਜਾਣਾ ਏ। ਉਹ ਕਹਿੰਦਾ ਕਿ ਮੈਂ ਆਪਣੇ ਨਾਲ ਕਿਸੇ ਹੋਰ ਮਿੱਤਰ ਪਿਆਰੇ ਨੂੰ ਵੀ ਲਈ ਆਵਾਂ। ਮੈਂ ਸੋਚਿਆ ਕਿ ਜਲੰਧਰ ਵਿਚ ਮੇਰਾ ਸਭ ਤੋਂ ਵੱਡਾ ਮਿੱਤਰ ਪਿਆਰਾ ਕੌਣ ਏ! ਤੇਰਾ ਗੁਣਾ ਪਿਆ। ਤਿਆਰ ਹੋ ਜਾ। ਅਸੀਂ ਅੱਧੇ ਘੰਟੇ ਤੱਕ ਆਏ ਲੈ।”
ਮੈਨੂੰ ਮੇਰੇ ਘਰੋਂ ਲਿਆ ਤੇ ਮੇਜ਼ਬਾਨ ਕੋਲ ਗਏ। ਅੱਧੀ ਰਾਤ ਤੱਕ ਮੁਹੱਬਤਾਂ ਵੰਡੀਆਂ। ਜਸ਼ਨ ਦਾ ਮਾਹੌਲ। ਮੈਂ ਤੁਰਨ ਲੱਗਾ ਤਾਂ ਮੇਜ਼ਬਾਨ ਨੂੰ ਇਸ਼ਾਰਾ ਕੀਤਾ। ਮੇਜ਼ਬਾਨ ਨੇ ਨੋਟਾਂ ਦਾ ਭਰਿਆ ਲਿਫਾਫਾ ਮੇਰੇ ਹੱਥਾਂ ਵਿਚ ਰੱਖ ਦਿੱਤਾ। ਮੈਂ ਝਿਜਕਦਿਆਂ ਕੰਵਲ ਵੱਲ ਵੇਖਿਆ।
“ਲੈ ਲਾ, ਲੈ ਲੈ। ਨਾਂਹ ਨ੍ਹੀਂ ਕਰਨੀ। ਇਹ ਮੁਹੱਬਤੀ ਨਜ਼ਰਾਨਾ ਏ।”
ਮੈਂ ਕੰਵਲ ਅੱਗੇ ਸਿਰ ਨਿਵਾ ਕੇ ਕਿਹਾ, “ਆਪਣੇ ਬੱਚੇ ਨੂੰ ਆਸ਼ੀਰਵਾਦ ਦਿਓ। ਮਾਇਆ ਨਹੀਂ।”
ਉਹਨੇ ਜੱਫੀ ਵਿਚ ਘੁੱਟ ਲਿਆ।
“ਉਏ! ਮੈਂ ਤਾਂ ਸਾਰਾ ਤੇਰਾ ਈ ਆਂ।”
ਬੜੇ ਜ਼ੋਰ ਨਾਲ, ਬੜੀ ਨਿਮਰਤਾ ਨਾਲ ਮੈਂ ਉਹ ਲਿਫਾਫਾ ਮੋੜ ਸਕਿਆ।
ਕਈ ਦਿਨ ਸੋਚਦਾ ਰਿਹਾ, ਕੰਵਲ ਨੂੰ ਕੀ ਦਿਸਿਆ ਮੇਰੇ ਵਿਚ ਕਿ ਜਲੰਧਰ ਵਿਚ ਸਭ ਤੋਂ ਵੱਡਾ ਮਿੱਤਰ ਪਿਆਰਾ ਮੈਂ ਹੋ ਗਿਆ ਉਹਦੇ ਲਈ। ਉਹਦੇ ਮਿੱਤਰ ਪਿਆਰੇ ਤਾਂ ਜਲੰਧਰ ਦੇ ਹਰ ਪੰਜਾਬੀ ਪੜ੍ਹਨ ਵਾਲੇ ਘਰ ਵਿਚ ਬੈਠੇ ਨੇ। ਪੰਜਾਬ ਤੇ ਵਿਦੇਸ਼ਾਂ ਵਿਚ ਘਰ ਘਰ ਬੈਠੇ ਨੇ। ਛਾਤੀ ਨਾਲ ਘੁੱਟ ਕੇ ਕੰਵਲ ਨੇ ਮੈਨੂੰ ਸੁਨਹਿਰੀ ਕਰ ਦਿੱਤਾ ਸੀ।
‘ਢੁਡੀਕੇ ਪੁਰਸਕਾਰ’ ਦੇਣਾ ਤਾਂ ਇਕ ਸੰਕੇਤ ਸੀ, ਪਰ ਮੇਰੇ ਵਾਸਤੇ 21 ਅਕਤੂਬਰ 2001 ਨੂੰ ਨੀਲੇ ਲਿਫਾਫੇ ‘ਤੇ ਲਿਖੇ ਖੂਬਸੂਰਤ ਸ਼ਬਦਾਂ ਵਿਚੋਂ ਕੰਵਲ ਦੀ ਡੁੱਲ੍ਹ ਡੁੱਲ੍ਹ ਪੈਂਦੀ ਮੁਹੱਬਤ ਤੇ ਅਸੀਸ ਮੇਰਾ ਉਮਰ ਭਰ ਦਾ ਸਰਮਾਇਆ ਬਣ ਗਈ। ਉਸ ਚਿੱਠੀ ਵਿਚ ਉਸ ਨੇ ਹੀਰ ਤੇ ਕਾਜ਼ੀ ਦਾ ਸੰਵਾਦ ਸਿਰਜ ਕੇ ਅੱਜ ਕੱਲ੍ਹ ਦੇ ਪ੍ਰੋਫੈਸਰਾਂ ਨੂੰ ਕਾਜ਼ੀਆਂ ਨਾਲ ਤੁਲਨਾਇਆ ਸੀ। ਜਿਹੜੇ ‘ਕਾਜ਼ੀ’ ਫਤਵੇ ਦਿੰਦੇ ਨੇ, ਪਰ ਮੁਹੱਬਤਾਂ ਦੇ ਕਦਰਦਾਨ ਨਹੀਂ ਹੁੰਦੇ।
ਚਿੱਠੀ ਦੇ ਅਖੀਰ ਤੇ ਸਿੱਧਾ ਮੈਨੂੰ ਲਿਖਿਆ:
“ਨੋਟ: ਪ੍ਰੋਫੈਸਰ ਵੀ ਕਾਜ਼ੀਆਂ ਵਰਗੇ ਹੀ ਹੁੰਦੇ ਐ। ਊਂ ਤੇਰੀ ਖੈਰ ਮੰਗਦਾਂ। ਉਮਰ ਵਾਲਾ ਹੋਵੇਂ ਤਾਂ ਜੋ ਖੁਸ਼ੀ ਤੇ ਸੁਗੰਧੀ ਵੰਡ ਸਕੇਂ।
ਜਾਹ, ਤੇਰੀਆਂ ਸੱਤੇ ਕੁਲਾਂ ਤਾਰੀਆਂ!
ਸਾਈਂ-ਜਸਵੰਤ ਸਿੰਘ ਕੰਵਲ”
ਮੇਰੇ ਲਈ ਇਸ ਤੋਂ ਵੱਡਾ ਤੁਹਫਾ ਹੋਰ ਕੀ ਹੋ ਸਕਦਾ ਏ! ਹਜ਼ਾਰਾਂ ਇਨਾਮ-ਸਨਮਾਨ ਇਸ ਤੋਂ ਵਾਰ ਘੱਤਾਂ!
ਪਤਾ ਨਹੀਂ ਬਾਬਾ ਕਿਹੜੀ ਮੌਜ ਵਿਚ ਬੈਠਾ ਹੋਵੇਗਾ, ਜਦੋਂ ਉਹਦੇ ਮਨ ਵਿਚ ਮੈਨੂੰ ਹੀ, ਆਪਣੇ ਮਿੱਤਰ ਪਿਆਰੇ ਨੂੰ ਹੀ, ਬਿਨਾ ਕਿਸੇ ਖਾਸ ਸਬੱਬ ਦੇ, ਇਹ ਚਿੱਠੀ ਲਿਖਣ ਦਾ ਖਿਆਲ ਆਇਆ ਹੋਵੇਗਾ। ਸ਼ਾਇਦ ਉਹਨੂੰ ਲੱਗਦਾ ਹੋਵੇਗਾ, ਜਿਹੜੀ ਰੜਕ ਤੇ ਮੜਕ ਉਹਦੇ ਸੁਭਾਅ ਦਾ ਹਿੱਸਾ ਰਹੀ ਏ, ਉਹਦਾ ਕੋਈ ਕਿਣਕਾ ਮਾਤਰ ਮੇਰੇ ਵਿਚ ਵੀ ਕਿਧਰੇ ਲਿਸ਼ਕ ਰਿਹਾ ਏ। ਤਾਂ ਹੀ ਤਾਂ ਮੇਰਾ ਪਤਾ ਲਿਖਦੇ ਸਮੇਂ ਲਿਖਿਆ:
ਵਰਿਆਮ ਸਿੰਘ ਸੰਧੂ ਪ੍ਰੋਫੈਸਰ, ਫੰਨੇ ਖਾਂ ਕਹਾਣੀਕਾਰ
ਖਾਲਸਾ ਕਾਲਜ ਲਾਇਲਪੁਰ।
ਪਿਛਲੇਰੇ ਸਾਲ ਪੰਜਾਬੀ ਅਕਾਦਮੀ ਦੀਆਂ ਚੋਣਾਂ ਵੇਲੇ ਕੰਵਲ ਬੈਂਚ ‘ਤੇ ਬੈਠਾ ਸੀ। ਲੇਖਕ ਆਉਂਦੇ, ਗੋਡਿਆਂ ਨੂੰ ਹੱਥ ਲਾਉਂਦੇ, ਫੋਟੋ ਖਿਚਵਾਉਂਦੇ।
ਮੈਂ ਕੋਲ ਗਿਆ। ਨਮਸਕਾਰ ਕੀਤੀ। ਹਾਲ-ਚਾਲ ਪੁੱਛਿਆ।
ਕੰਵਲ ਗੜ੍ਹਕਵੀਂ ਆਵਾਜ਼ ਵਿਚ ਬੋਲਿਆ, “ਮੈਂ ਤਾਂ ਹੁਣ ਮਰ ਈ ਜਾਣੈਂ। ਪਰ ਤੂੰ ‘ਜਿਉਂਦਾ’ ਰਹੀਂ।”
ਪੰਜਾਬ ਦੀ ਇਹ ਜਿਉਂਦੀ-ਜਾਗਦੀ ਸਵੈ-ਮਾਣ ਭਰੀ ਅਵਾਜ਼ ਸੀ। ਵੰਗਾਰਦੀ ਹੋਈ। ਰੜਕ ਤੇ ਮੜਕ ਜਿਉਂਦੀ ਰੱਖਣ ਲਈ ਲਲਕਾਰਦੀ ਹੋਈ।
ਕਿਸੇ ਦਾ ਤਾਂ ਪਤਾ ਨਹੀਂ ਪਰ ਬਾਪੂ! ਤੇਰੀ ਅਸੀਸ ਮੇਰੇ ਨਾਲ ਰਹੀ ਤਾਂ ਮੈਂ ਸਦਾ ਜਿਉਂਦਾ ਰਹਿਣ ਦਾ ਯਤਨ ਕਰਾਂਗਾ। ਤੇਰੀ ਦਿੱਤੀ ਸਥਾਪਤ-ਵਿਰੋਧੀ ਰੜਕ ਤੇ ਮੜਕ ਮਰਨ ਨਹੀਂ ਦਿੰਦਾ!