-ਜਤਿੰਦਰ ਪਨੂੰ
ਭਾਰਤ ਦੀ ਸਮੁੱਚੀ ਫਿਜ਼ਾ ਬਦਲ ਰਹੀ ਜਾਪਣ ਲੱਗ ਪਈ ਹੈ। ਇਸ ਵਿਚ ਪੰਜਾਬ ਵੀ ਬਦਲਦਾ ਨਜ਼ਰ ਆ ਜਾਂਦਾ ਹੈ ਤੇ ਇਸ ਵਿਚ ਵੱਸਦੇ ਅਤੇ ਅਸਲ ਵਿਚ ਇਸ ਵਿਚ ਜੜ੍ਹਾਂ ਰੱਖਣ ਵਾਲੇ ਸਿੱਖ ਭਾਈਚਾਰੇ ਵਿਚ ਵੀ ਅਸਲੋਂ ਨਵਾਂ ਮੋੜਾ ਆ ਰਿਹਾ ਜਾਪਦਾ ਹੈ। ਅਸੀਂ ਉਸ ਦੌਰ ਵਿਚ ਬਚਪਨ ਹੰਢਾਇਆ ਸੀ, ਜਿਸ ਵਿਚ ਇੱਕ ਪਾਸੇ ਅਕਾਲੀ ਆਗੂਆਂ ਦੇ ਇਹ ਭਾਸ਼ਣ ਸੁਣਨ ਨੂੰ ਮਿਲਦੇ ਸਨ ਕਿ ਸਿੱਖ ਧਰਮ ਨੂੰ ਮੁਗਲਾਂ ਤੋਂ ਤਾਂ ਬਚਾ ਲਿਆ ਸੀ, ਅੱਜ ਹਿੰਦੂ ਧਰਮ ਤੋਂ ਬਚਾਉਣ ਲਈ ਕੁਰਬਾਨੀਆਂ ਦੀ ਲੋੜ ਹੈ।
ਦੂਜੇ ਪਾਸੇ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਜਨ ਸੰਘ ਦੇ ਆਗੂ ਇਨ੍ਹਾਂ ਨੂੰ ਚਿੜਾਉਣ ਲਈ ਜਵਾਬੀ ਨਾਅਰਾ ‘ਕੱਛ ਕੜਾ ਕ੍ਰਿਪਾਨ, ਧੱਕ ਦਿਆਂਗੇ ਪਾਕਿਸਤਾਨ’ ਵਾਲਾ ਲਾਇਆ ਕਰਦੇ ਸਨ। ਉਦੋਂ ਦਾ ਜਨ ਸੰਘ ਹੀ ਪਿੱਛੋਂ ਭਾਰਤੀ ਜਨਤਾ ਪਾਰਟੀ ਬਣਿਆ ਸੀ ਤੇ ਅੱਜ ਭਾਰਤ ਦੀ ਕਮਾਨ ਉਸ ਦੇ ਕੋਲ ਹੈ। ਜਿਸ ਅਕਾਲੀ ਦਲ ਦੇ ਆਗੂ ਕਦੀ ਜਨ ਸੰਘ ਨਾਲ ਮੋਰਚੇਬਾਜ਼ੀ ਦਾ ਮੁਕਾਬਲਾ ਕਰਦੇ ਸਨ, ਇੱਕ ਪਾਸੇ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦਾ ਮਰਨ ਵਰਤ ਰਖਵਾਇਆ ਜਾਂਦਾ ਅਤੇ ਦੂਜੇ ਪਾਸੇ ਜਨ ਸੰਘ ਵੱਲੋਂ ਯੱਗ ਦੱਤ ਮਰਨ ਵਰਤ ਰੱਖ ਦਿੰਦਾ ਸੀ, ਆਪਸ ਵਿਚ ਭਿੜਨਾ ਛੱਡ ਕੇ ਖੰਡ-ਖੀਰ ਬਣੇ ਹੋਏ ਨਜ਼ਰ ਆਉਂਦੇ ਹਨ। ਇਸ ਦਾ ਮੁੱਢ ਪੰਜਾਬ ਵਿਚ ਪਹਿਲੀ ਗੈਰ ਕਾਂਗਰਸੀ ਸਰਕਾਰ ਵੇਲੇ ਹੀ ਬੱਝ ਗਿਆ ਸੀ, ਜਿਸ ਦਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸੀ ਤੇ ਮੰਤਰੀਆਂ ਵਿਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸੀ। ਉਹ ਸਾਂਝ ਦੋ ਵਾਰੀ ਟੁੱਟੀ। ਇੱਕ ਵਾਰੀ ਇਸ ਲਈ ਟੁੱਟੀ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਯੂਨੀਵਰਸਿਟੀ ਬਣਾਉਣ ਦਾ ਜਨ ਸੰਘ ਵਾਲਿਆਂ ਨੇ ਵਿਰੋਧ ਕੀਤਾ ਸੀ, ਦੂਜੀ ਵਾਰੀ ਆਰ. ਐਸ਼ ਐਸ਼ ਨਾਲ ਸਾਂਝ ਦੇ ਸਵਾਲ ‘ਤੇ ਟੁੱਟੀ ਸੀ, ਉਸ ਬਾਰੇ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਬਾਦਲ ਪਰਿਵਾਰ ਦਾ ਕੋਈ ਇੱਕ ਵੀ ਜੀਅ ਰਾਜਨੀਤੀ ਵਿਚ ਹੈ, ਇਹ ਸਾਂਝ ਕਦੇ ਨਹੀਂ ਟੁੱਟ ਸਕਦੀ। ਏਦਾਂ ਪ੍ਰਭਾਵ ਬਣਦਾ ਪਿਆ ਹੈ, ਜਿਵੇਂ ਸਾਂਝ ਅਕਾਲੀ ਦਲ ਅਤੇ ਭਾਜਪਾ ਦੀ ਨਹੀਂ, ਸੰਘ ਪਰਿਵਾਰ ਅਤੇ ਬਾਦਲ ਪਰਿਵਾਰ ਦੀ ਰਿਸ਼ਤੇਦਾਰੀ ਬਣ ਚੁਕੀ ਹੈ।
ਉਪਰਲਾ ਪ੍ਰਭਾਵ ਇਹੋ ਹੈ ਅਤੇ ਇੱਕ ਹੱਦ ਤੱਕ ਇਹ ਠੀਕ ਵੀ ਹੈ, ਪਰ ਇੱਕ ਹੱਦ ਤੱਕ ਇਸ ਨੂੰ ਵਰਤਣ ਪਿੱਛੋਂ ਭਾਜਪਾ ਆਗੂ ਇਸ ਹੱਦ ਤੱਕ ਸੀਮਤ ਰਹਿਣ ਦੀ ਥਾਂ ਇਸ ਤੋਂ ਅਗਲੀ ਉਡਾਰੀ ਲਈ ਤਿਆਰ ਜਾਪਦੇ ਹਨ। ਕੁਝ ਕੁ ਦਿਨ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚੋਂ ਦੋ ਸੀਟਾਂ ਭਾਜਪਾ ਨੇ ਜਿੱਤ ਲਈਆਂ ਤੇ ਅਕਾਲੀ ਵੀ ਮਸਾਂ ਦੋ ਹੀ ਜਿੱਤ ਸਕੇ ਤੇ ਉਹ ਵੀ ਮੀਆਂ-ਬੀਵੀ ਵਾਲੀਆਂ, ਤਾਂ ਭਾਜਪਾ ਆਗੂਆਂ ਨੇ ਇਹ ਸੁਰ ਚੁੱਕ ਲਈ ਸੀ ਕਿ ਅਗਲੀ ਵਾਰੀ ਵਿਧਾਨ ਸਭਾ ਚੋਣਾਂ ਵੇਲੇ ਅਸੀਂ ਅੱਜ ਤੱਕ ਦੇ ਕੋਟੇ ਵਾਲੀਆਂ ਤੇਈ ਸੀਟਾਂ ਤੱਕ ਨਹੀਂ ਰੁਕਣਾ। ਉਹ ਦੋ-ਦੋ ਲੋਕ ਸਭਾ ਸੀਟਾਂ ਵਾਲੀ ਨਵੀਂ ਸਥਿਤੀ ਵਿਚ ਵਿਧਾਨ ਸਭਾ ਦੀਆਂ ਅੱਧੋ-ਅੱਧ ਸੀਟਾਂ ਮੰਗ ਕੇ ਘੱਟੋ-ਘੱਟ ਤੀਜਾ ਹਿੱਸਾ ਬਣਦੇ ਪੈਂਤੀ ਤੋਂ ਵੱਧ ਹਲਕਿਆਂ ਵੱਲ ਝਾਕਦੇ ਸੁਣੇ ਜਾਣ ਲੱਗ ਪਏ ਸਨ। ਅਕਾਲੀ ਦਲ ਬਾਹਰੋਂ ਇਸ ਤੋਂ ਬੇਫਿਕਰ ਰਿਹਾ, ਪਰ ਅੰਦਰੋਂ ਉਸ ਦੀ ਲੀਡਰਸ਼ਿਪ ਚਿੰਤਾ ਵਿਚ ਹੈ ਤੇ ਚਿੰਤਾ ਇਨ੍ਹਾਂ ਬਿਆਨਾਂ ਦੀ ਨਹੀਂ, ਕੁਝ ਹੋਰ ਗੱਲਾਂ ਨਾਲ ਹੈ।
ਦਿੱਲੀ ਦੀ ਸਿੱਖ ਰਾਜਨੀਤੀ ਇਸ ਦੇਸ਼ ਦੀ ਆਜ਼ਾਦੀ ਦੇ ਤੀਹ ਸਾਲ ਤੋਂ ਵੱਧ ਸਮੇਂ ਤੱਕ ਉਸ ਆਦਮੀ ਨੂੰ ਆਪਣਾ ਆਗੂ ਮੰਨਦੀ ਰਹੀ ਹੈ, ਜੋ ਕੇਂਦਰ ਦੇ ਹਾਕਮਾਂ ਨਾਲ ਮਿਲ ਕੇ ਚੱਲਦਾ ਰਿਹਾ ਹੈ। ਜਥੇਦਾਰ ਸੰਤੋਖ ਸਿੰਘ ਅਤੇ ਰਛਪਾਲ ਸਿੰਘ ਇਸੇ ਧਾਰਨਾ ਦੇ ਪ੍ਰਤੀਕ ਆਗੂ ਹੋਇਆ ਕਰਦੇ ਸਨ। ਫਿਰ ਇੱਕ ਸਮਾਂ ਏਦਾਂ ਦਾ ਆਇਆ ਕਿ ਦਿੱਲੀ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਾਦਲ ਅਕਾਲੀ ਦਲ ਦਾ ਦਬਦਬਾ ਬਣ ਗਿਆ, ਪਰ ਇਸ ਬਾਰੇ ਇਸ ਅਕਾਲੀ ਦਲ ਦਾ ਇਹ ਸੋਚਣਾ ਠੀਕ ਨਹੀਂ ਸੀ ਕਿ ਪੱਕੀ ਧਿਰ ਲੱਭ ਪਈ ਹੈ। ਅਕਾਲੀਆਂ ਦੀ ਉਹ ਧਿਰ ਇਸ ਵੇਲੇ ਖਿਸਕਦੀ ਦਿੱਸ ਰਹੀ ਹੈ। ਸਿਰਫ ਉਸੇ ਧਿਰ ਬਾਰੇ ਗੱਲ ਕੀ ਕਰਨੀ, ਬੜਾ ਕੁਝ ਖਿਸਕ ਰਿਹਾ ਹੈ। ਇਸ ਵਿਚ ਹੋਰ ਕਿੰਨਾ ਕੁਝ ਖਿਸਕ ਰਿਹਾ ਹੈ, ਉਸ ਦੀ ਕਹਾਣੀ ਸਿਰਫ ਸਿੱਖਾਂ ਜਾਂ ਅਕਾਲੀ ਆਗੂਆਂ ਤੇ ਉਨ੍ਹਾਂ ਦੇ ਖਾਸ ਪਿਛਲੱਗਾਂ, ਜਾਂ ਪਿਛਲੱਗ ਹੋਣ ਦਾ ਭਰਮ ਪਾਉਣ ਵਾਲੇ ਲੋਕਾਂ ਤੱਕ ਨਹੀਂ ਰਹਿੰਦੀ, ਪੂਰੇ ਭਾਰਤ ਦੀ ਰਾਜਨੀਤੀ ਨੂੰ ਸਮਝਣ ਦੀ ਲੋੜ ਹੈ।
ਜਿਵੇਂ ਕਿਸੇ ਸਮੇਂ ਦਿੱਲੀ ਦੇ ਸਿੱਖ ਆਗੂ ਹੀ ਨਹੀਂ, ਭਾਰਤ ਦੇ ਬਹੁਤੇ ਰਾਜਾਂ ਦੇ ਵੱਖ-ਵੱਖ ਸੋਚਾਂ ਵਾਲੇ ਰਾਜਨੀਤਕ ਪਿੜ ਦੇ ਘੁਲਾਟੀਏ ਵੀ ਦਿੱਲੀ ਦਰਬਾਰ ਅਤੇ ਨਹਿਰੂ ਪਰਿਵਾਰ ਨੂੰ ਸਜਦੇ ਕਰਨ ਲਈ ਝੁਕੇ ਨਜ਼ਰ ਆਉਂਦੇ ਸਨ, ਏਦਾਂ ਦਾ ਮਾਹੌਲ ਇਸ ਵਕਤ ਭਾਜਪਾ ਦੇ ਪੱਖ ਵਿਚ ਬਣਦਾ ਜਾਂਦਾ ਹੈ। ਪਹਿਲ ਹਰਿਆਣਾ ਅਤੇ ਉਤਰ ਪ੍ਰਦੇਸ਼ ਤੋਂ ਹੋਈ ਮੰਨ ਸਕਦੇ ਹਾਂ, ਜਿੱਥੋਂ ਰਾਓ ਬਰਿੰਦਰ ਸਿੰਘ ਖੁਦ ਭਾਜਪਾ ਵਿਚ ਚਲਾ ਗਿਆ ਅਤੇ ਐਚ. ਐਨ. ਬਹੁਗੁਣਾ ਦਾ ਪੁੱਤਰ-ਧੀ ਪਾਸਾ ਬਦਲ ਕੇ ਭਾਜਪਾ ਵਿਚ ਜਾ ਵੜੇ ਸਨ। ਜਿਨ੍ਹਾਂ ਸਾਰੀ ਉਮਰ ਧਰਮ ਨਿਰਪੱਖਤਾ ਦਾ ਚੋਲਾ ਪਾ ਰੱਖਿਆ ਸੀ, ਉਸ ਟੱਬਰ ਦੀ ਰੀਟਾ ਬਹੁਗੁਣਾ ਜੋਸ਼ੀ ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਮੰਤਰੀ ਜਾ ਬਣੀ। ਐਮ. ਜੇ. ਅਕਬਰ ਵਰਗਾ ਲੇਖਕ ਜਿਵੇਂ ਸਿਰਫ ਇੱਕ ਵਜ਼ੀਰੀ ਖਾਤਰ ਸੋਚ-ਧਾਰਾ ਦੀ ਲਛਮਣ ਰੇਖਾ ਟੱਪ ਕੇ ਭਾਜਪਾ ਵਿਚ ਪਹੁੰਚ ਗਿਆ, ਉਸ ਨੇ ਕਈ ਲੋਕਾਂ ਨੂੰ ਆਪਣੇ ਹੱਥਾਂ ਦੀਆਂ ਉਂਗਲਾਂ ਟੁੱਕਣ ਲਾ ਦਿੱਤਾ ਸੀ। ਉਹ ਮੁਢਲੇ ਪ੍ਰਗਟਾਵੇ ਸਨ।
ਜਦੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਇਸ ਦੇਸ਼ ਦੇ ਲੋਕਾਂ ਤੋਂ ਲਗਾਤਾਰ ਨਾ ਸਿਰਫ ਦੂਜੀ ਵਾਰ, ਸਗੋਂ ਪਹਿਲਾਂ ਤੋਂ ਵੀ ਵੱਡਾ ਲੋਕ ਫਤਵਾ ਹਾਸਲ ਕਰ ਗਈ ਤਾਂ ਉਸ ਪਾਸੇ ਵੱਲ ਜਾਣ ਵਾਲੇ ਲੋਕਾਂ ਦੀ ਲੰਮੀ ਲਾਈਨ ਲੱਗ ਗਈ ਹੈ। ਤੈਲਗੂ ਦੇਸਮ ਦੇ ਦੋ ਤਿਹਾਈ ਰਾਜ ਸਭਾ ਮੈਂਬਰ ਭਾਜਪਾ ਵੱਲ ਚਲੇ ਗਏ ਅਤੇ ਭਾਜਪਾ ਨਾਲ ਸਭ ਤੋਂ ਤਿੱਖੀ ਲੜਾਈ ਲੜਨ ਵਾਲੀ ਤ੍ਰਿਣਮੂਲ ਕਾਂਗਰਸ ਦੇ ਕਈ ਵਿਧਾਇਕ ਉਸ ਦਾ ਸਾਥ ਛੱਡ ਕੇ ਭਾਜਪਾ ਵੱਲ ਤੁਰੇ ਜਾਂਦੇ ਹਨ। ਪਿਛਲੇ ਦਿਨੀਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੰਜਾਬ ਆਏ ਇੱਕ ਪ੍ਰਮੁੱਖ ਬੁੱਧੀਜੀਵੀ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਸਾਲਾਂ ਬੱਧੀ ਖੱਬੀ ਧਿਰ ਦਾ ਮਜ਼ਬੂਤ ਆਧਾਰ ਬਣੇ ਦਿਖਾਈ ਦੇਣ ਵਾਲੇ ਕਈ ਲੋਕ ਅੱਜ ‘ਪਹਿਲੇ ਰਾਮ, ਫਿਰ ਵਾਮ’, ਭਾਵ ਕਿ ਪਹਿਲਾਂ ਧਰਮ ਤੇ ਫਿਰ ਖੱਬਾ ਪੱਖ ਵਾਲੀ ਗੱਲ ਕਹਿ ਕੇ ਭਾਜਪਾ ਵੱਲ ਜਾ ਰਹੇ ਹਨ। ਤ੍ਰਿਪੁਰਾ ਅਤੇ ਪੱਛਮੀ ਬੰਗਾਲ ਦੇ ਹਾਲਾਤ ਵਿਚ ਆਖੀ ਗਈ ਇਹ ਗੱਲ ਸਿਰਫ ਉਥੋਂ ਤੱਕ ਸੀਮਤ ਨਹੀਂ, ਪੰਜਾਬ ਤੱਕ ਪਹੁੰਚਣ ਲੱਗ ਪਈ ਹੈ। ਸਾਨੂੰ ਇਸ ਦੀ ਝਲਕ ਇਸ ਹਫਤੇ ਮਿਲੀ ਹੈ। ਇੱਕ ਖੱਬੇ ਪੱਖੀ ਸੋਚ ਵਾਲੇ ਲੇਖਕ ਨੇ ਇੱਕ ਹੋਰ ਲੇਖਕ ਬਾਰੇ ਦੱਸਿਆ ਕਿ ਉਹ ਭਾਜਪਾ ਵੱਲ ਜਾ ਰਿਹਾ ਹੈ ਤਾਂ ਅਗਲੀ ਮਿਲਣੀ ਮੌਕੇ ਉਸ ਲੇਖਕ ਨੂੰ ਅਸੀਂ ਇਸ ਬਾਰੇ ਪੁੱਛ ਲਿਆ। ਹੈਰਾਨੀ ਦੀ ਗੱਲ ਸੀ ਕਿ ਉਸ ਨੇ ਝੱਟ ਮੰਨ ਲਿਆ ਅਤੇ ਸਾਨੂੰ ਆਪਣੇ ਇਰਾਦੇ ਦੇ ਜਾਇਜ਼ ਹੋਣ ਬਾਰੇ ਕਈ ਮਿੰਟਾਂ ਤੱਕ ਸਮਝਾਉਣੀ ਦਿੰਦਾ ਰਿਹਾ ਕਿ ਇਹ ਅੱਜ ਦੇ ਵਕਤ ਜ਼ਰੂਰੀ ਹੋ ਗਿਆ ਹੈ।
ਰਾਹੁਲ ਗਾਂਧੀ ਦੁਖੀ ਹੈ ਕਿ ਏਡੀ ਵੱਡੀ ਹਾਰ ਪਿੱਛੋਂ ਵੀ ਸਿਰਫ ਉਸ ਨੇ ਅਸਤੀਫਾ ਦਿੱਤਾ ਹੈ, ਹੋਰ ਕਿਸੇ ਨੇ ਇਸ ਹਾਰ ਦੀ ਜਿੰਮੇਵਾਰੀ ਲੈ ਕੇ ਅਸਤੀਫਾ ਦੇਣ ਦੀ ਲੋੜ ਨਹੀਂ ਸਮਝੀ, ਪਰ ਉਸ ਨੂੰ ਪਤਾ ਨਹੀਂ ਕਿ ਉਸ ਪਾਰਟੀ ਵਿਚੋਂ ਕਈ ਸੱਜਣ ਅਸਤੀਫੇ ਲਿਖ ਕੇ ਆਪਣੀ ਜੇਬ ਵਿਚ ਪਾਈ ਬੈਠੇ ਹਨ। ਉਨ੍ਹਾਂ ਦੀ ਭਾਜਪਾ ਲੀਡਰਾਂ ਦੇ ਨਾਲ ਗੱਲ ਚੱਲਦੀ ਹੈ ਕਿ ਅਸੀਂ ਕਦੋਂ ਆਈਏ, ਜਿਸ ਦਿਨ ਉਸ ਪਾਸੇ ਤੋਂ ਮਹੂਰਤ ਦੱਸਿਆ ਗਿਆ, ਇਨ੍ਹਾਂ ਨੇ ਓਧਰ ਚਲੇ ਜਾਣਾ ਹੈ। ਮਾਇਆਵਤੀ ਅਤੇ ਅਖਿਲੇਸ਼ ਸਿੰਘ ਦੀਆਂ ਪਾਰਟੀਆਂ ਦੇ ਕਈ ਲੋਕ ਉਸ ਪਾਸੇ ਚਲੇ ਗਏ ਹਨ ਤੇ ਬਿਹਾਰ ਵਿਚ ਚਮਕੀ ਬੁਖਾਰ ਦੇ ਰੌਲੇ ਵਿਚ ਭਾਜਪਾ ਦਾ ਕੋਈ ਆਗੂ ਨਿਤੀਸ਼ ਕੁਮਾਰ ਦੇ ਪੱਖ ਵਿਚ ਬੋਲਿਆ ਨਹੀਂ ਤੇ ਉਸ ਦੇ ਵਿਰੋਧ ਵਿਚ ਬੋਲ ਕੇ ਨਿਤੀਸ਼ ਦੀ ਪਾਰਟੀ ਵਿਚ ਸੰਨ੍ਹ ਲਾਉਣ ਦਾ ਕੰਮ ਕਰਦੇ ਪਏ ਹਨ। ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਿਹਾਰ ਵਿਚ ਭਾਜਪਾ ਆਗੂ ਉਥੇ ਵੀ ਉਦਾਂ ਦਾ ਵੱਡਾ ਦਾਅ ਖੇਡਣ ਦੇ ਰਉਂ ਵਿਚ ਸੁਣੇ ਜਾਂਦੇ ਹਨ, ਜਿੱਦਾਂ ਦਾ ਉਤਰਾ ਖੰਡ, ਆਸਾਮ, ਤ੍ਰਿਪੁਰਾ ਤੇ ਹੋਰ ਕਈ ਰਾਜਾਂ ਵਿਚ ਪਹਿਲਾਂ ਕਾਂਗਰਸੀ ਆਗੂਆਂ ਨੂੰ ਆਪਣੇ ਪਿਆਦੇ ਬਣਾ ਕੇ ਕਾਮਯਾਬੀ ਨਾਲ ਖੇਡ ਚੁਕੇ ਹਨ। ਪੰਜਾਬ ਦੀ ਵਾਰੀ ਇਸ ਤੋਂ ਬਾਅਦ ਆਉਣ ਵਾਲੀ ਹੈ, ਜਿਸ ਲਈ ਕੁਝ ਅਕਾਲੀ ਤੇ ਕੁਝ ਕਾਂਗਰਸੀ ਆਗੂ ਤਿਆਰ ਬੈਠੇ ਹਨ।
ਗੱਲ ਫਿਰ ਪੰਜਾਬ ਵਿਚ ਪੱਕੀ ਜੜ੍ਹ ਵਾਲੇ ਸਿੱਖ ਭਾਈਚਾਰੇ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਆ ਜਾਂਦੀ ਹੈ। ਦਿੱਲੀ ਵਿਚ ਇਸ ਦਲ ਨੂੰ ਸੰਨ੍ਹ ਲੱਗਣ ਦਾ ਕੰਮ ਹੋ ਚੁਕਾ ਹੈ। ਇੱਕ ਆਗੂ ਨੂੰ ਅਕਾਲੀ ਦਲ ਨੇ ਆਪ ਕੱਢ ਕੇ ਇਸ ਵਕਤ ਦੇ ਦਿੱਲੀ ਦਰਬਾਰ ਨਾਲ ਤਾਰਾਂ ਜੋੜਨ ਨੂੰ ਵਿਹਲਾ ਕਰ ਦਿੱਤਾ ਹੈ ਤੇ ਜਿਸ ਦੂਜੇ ‘ਤੇ ਅਕਾਲੀ ਦਲ ਨੇ ਟੇਕ ਰੱਖੀ ਸੀ, ਉਸ ਨੂੰ ਇਹ ਪਤਾ ਹੈ ਕਿ ਦਿੱਲੀ ਵਿਚ ਕਾਰੋਬਾਰ ਲਈ ਅਕਾਲੀਆਂ ਦੀ ਥਾਂ ਭਾਜਪਾ ਨਾਲ ਮਿਲ ਕੇ ਚੱਲਣਾ ਪੈਣਾ ਹੈ। ਇੱਕ ਜਣਾ ਹਵੇਲੀ ਦੇ ਅਗਲੇ ਪਾਸਿਓਂ ਅਤੇ ਦੂਜਾ ਵੀਹੀ ਵਾਲੇ ਬੂਹੇ ਵੱਲੋਂ ਭਾਜਪਾ ਦੇ ਵੱਡੇ ਲੀਡਰਾਂ ਨਾਲ ਤਾਲਮੇਲ ਰੱਖਣ ਦਾ ਯਤਨ ਕਰ ਰਿਹਾ ਹੈ ਤੇ ਉਨ੍ਹਾਂ ਦੋਹਾਂ ਦਾ ਆਪਣੇ ਨੇੜਲੇ ਸਰਕਲ ਵਿਚ ਇਹ ਕਹਿਣਾ ਹੈ ਕਿ ਦਿੱਲੀ ਵਿਚ ਰਹਿਣਾ ਹੈ ਤਾਂ ਦਿੱਲੀ ਨਾਲ ਸਾਂਝ ਬਿਨਾ ਨਹੀਂ ਚੱਲ ਸਕਦੇ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਇਹ ਕਹਿੰਦੇ ਸੁਣਦੇ ਰਹੇ ਸਾਂ ਕਿ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਖਤਰਾ ਹੈ ਤੇ ਆਪਣੀ ਇਹ ਗੱਲ ਸਾਬਤ ਕਰਨ ਵਾਸਤੇ ਝੂਠੇ ਕਿੱਸੇ ਵੀ ਸੁਣਾਇਆ ਕਰਦੇ ਸਨ, ਅੱਜ ਉਹੀ ਆਗੂ ਇਹ ਦੱਸ ਰਹੇ ਹਨ ਕਿ ਰਾਮ, ਭਗਵਾਨ, ਸਵਰਗ-ਨਰਕ ਅਤੇ ਧਰਮਰਾਜ ਬਾਰੇ ਧਾਰਨਾ ਤੋਂ ਲੈ ਕੇ ਮਰਨੇ-ਪਰਨੇ ਦੀ ਸਾਡੀ ਸਾਂਝ ਹਿੰਦੂਤਵ ਨਾਲ ਹੈ।
ਅਸੀਂ ਚਾਲੀ ਕੁ ਸਾਲ ਪਹਿਲਾਂ ਕਦੀ ਮੱਧ ਭਾਰਤ ਵਿਚੋਂ ਸਫਰ ਕਰਦੇ ਸਮੇਂ ਕੁਝ ਰੇਲਵੇ ਸਟੇਸ਼ਨਾਂ ‘ਤੇ ਨਾਅਰੇ ਲਿਖੇ ਪੜ੍ਹਦੇ ਹੁੰਦੇ ਸਾਂ: ‘ਭਾਰਤ ਮੇਂ ਯਦੀ ਰਹਿਨਾ ਹੋਗਾ ਤੋ ਵੰਦੇ ਮਾਤਰਮ ਕਹਿਨਾ ਹੋਗਾ।’ ਅੱਜ ਦੇ ਹਾਲਾਤ ਨਵਾਂ ਮਾਹੌਲ ਸਿਰਜ ਰਹੇ ਹਨ, ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ, ‘ਭਾਰਤ ਮੇਂ ਯਦੀ ਰਹਿਨਾ ਹੋਗਾ, ਯੇ ਸਬ ਕੁਛ ਸਹਿਨਾ ਹੋਗਾ’, ਕਿਉਂਕਿ ਫਿਜ਼ਾ ਬਦਲ ਰਹੀ ਹੈ। ਫਿਜ਼ਾ ਬਦਲ ਰਹੀ ਹੈ, ਕੁਝ ਲੋਕ ਬਦਲ ਰਹੇ ਹਨ, ਪਰ ਸਾਰੇ ਲੋਕ ਕਦੇ ਫਿਜ਼ਾ ਦੇ ਨਾਲ ਬਦਲਣ ਵਾਲੇ ਨਹੀਂ ਹੋਇਆ ਕਰਦੇ। ਕੁਝ ਲੋਕ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਜਿਹੜੇ ਬਦਲਦੇ ਜਾ ਰਹੇ ਹਨ, ਉਨ੍ਹਾਂ ਬਾਰੇ ਹਿੰਦੀ ਕਵੀ ਦੁਸ਼ਿਅੰਤ ਨੇ ਬਹੁਤ ਦੇਰ ਪਹਿਲਾਂ ਲਿਖ ਦਿੱਤਾ ਸੀ:
ਨਾ ਹੋ ਕਮੀਜ਼ ਤੋ ਘੁਟਨੋ ਸੇ ਪੇਟ ਢਕ ਲੇਂਗੇ,
ਯੇ ਲੋਗ ਕਿਤਨੇ ਮਨਾਸਿਬ ਹੈਂ ਇਸ ਸਫਰ ਕੇ ਲੀਏ।
ਇਸ ਮਾਹੌਲ ਵਿਚ ਵੀ, ਬਦਲਦੇ ਹੋਏ ਮਾਹੌਲ ਵਿਚ ਵੀ, ਜਿਹੜੇ ਲੋਕ ਦੇਸ਼ ਦੇ ਪਰਦੇ ਕੱਜਣ ਅਤੇ ਪੇਟ ਦੀ ਅੱਗ ਬੁਝਾਉਣ ਬਾਰੇ ਕਦੀ-ਕਦੀ ਸੋਚ ਲਿਆ ਕਰਦੇ ਹਨ, ਉਨ੍ਹਾਂ ਤੋਂ ਬਦਲਦੀ ਫਿਜ਼ਾ ਦੇ ਨਾਲ ਵੀ ਬਦਲਿਆ ਨਹੀਂ ਜਾਣਾ।