ਹਾਕਮ ਸਿੰਘ
ਪੰਜਾਬ ਟਾਈਮਜ਼ ਦੇ 15 ਜੂਨ ਦੇ ਅੰਕ ਵਿਚ ਸ਼ ਗੁਰਬਚਨ ਸਿੰਘ ਨੇ ਆਪਣੇ ਲੇਖ ‘ਗੁਰੂ ਗ੍ਰੰਥ ਸਾਹਿਬ ਵਿਚ ਪ੍ਰਗਟ ਹੋਏ ਫਿਲਾਸਫੀ ਦੇ ਨਵੇਂ ਗਿਆਨ ਨੂੰ ਕਿਵੇਂ ਸਮਝੀਏ?’ ਵਿਚ ਗੁਰਬਾਣੀ ਵਿਚਾਰਧਾਰਾ ਨੂੰ ਸਮਝਣ ਦੀ ਵਿਧੀ ਬਿਆਨ ਕਰਦਿਆਂ ਲਿਖਿਆ ਹੈ, “ਗੁਰਮਤਿ ਅਨੁਸਾਰ ਜਦੋਂ ਤਕ ਬੰਦੇ ਦੇ ਮਨ ਵਿਚ ਕਿਸੇ ਸਵਰਗ ਦੀ ਆਸ ਬਣੀ ਰਹਿੰਦੀ ਹੈ, ਉਦੋਂ ਤਕ ਉਸ ਦਾ ਖੁਦਾ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ, ਕਿਉਂਕਿ ਉਦੋਂ ਤਕ ਉਸ ਨੂੰ ਆਪਣੀ ਕੁਦਰਤੀ ਹੋਂਦ ਦਾ ਅਹਿਸਾਸ ਨਹੀਂ ਹੁੰਦਾ ਅਤੇ ਉਸ ਨੂੰ ਇਹ ਪਤਾ ਨਹੀਂ ਲਗਦਾ ਕਿ ਰੱਬ ਉਸ ਦੇ ਆਪਣੇ ਹੀ ਮਨ ਵਿਚ ਬਣੇ ਸੰਕਲਪ ਦੀ ਉਪਜ ਹੈ।”
ਰੱਬ ਦਾ ਮਨੁੱਖ ਦੇ ਮਨ ਵਿਚ ਬਣੇ ਸੰਕਲਪ ਦੀ ਉਪਜ ਹੋਣ ਦਾ ਅਰਥ ਹੋਇਆ ਕਿ ਰੱਬ ਦੀ ਹਸਤੀ ਮਨੁੱਖ ਦੇ ਮਨ ‘ਤੇ ਨਿਰਭਰ ਕਰਦੀ ਹੈ। ਗੁਰਬਾਣੀ ਇਸ ਵਿਚਾਰ ਦਾ ਸਮਰਥਨ ਨਹੀਂ ਕਰਦੀ।
ਲੇਖਕ ਦਾ ਵਿਚਾਰ ਹੈ ਕਿ ਗੁਰਬਾਣੀ ਵਿਚ “ਇਸ ਅੰਤਹੀਣ ਬ੍ਰਹਿਮੰਡੀ ਪਸਾਰੇ ਨੂੰ ਇੱਕ ਦਾ ਵਿਸਥਾਰ ਦੱਸ ਕੇ ਇਸ ਦੀ ਵਰਤੋਂ ਬ੍ਰਹਮ ਦੇ ਅੰਤਹੀਣ ਆਕਾਰ (ਵਜੂਦ) ਨੂੰ ਪ੍ਰਗਟ ਕਰਨ ਵਾਲੇ ਇੱਕ ਚਿੰਨ੍ਹ ਵਜੋਂ ਕੀਤੀ ਗਈ ਹੈ।” ਪਰ ਗੁਰਬਾਣੀ ਅੰਤਹੀਣ ਬ੍ਰਹਿਮੰਡੀ ਪਸਾਰੇ ਨੂੰ ਇੱਕ ਦਾ ਵਿਸਥਾਰ ਨਹੀਂ, ਉਸ ਦੀ ਕਿਰਤ ਅਤੇ ਦੂਜਾ ਦੱਸਦੀ ਹੈ। ਗੁਰਬਾਣੀ ਦੇ ਕਥਨ ਹਨ:
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (ਪੰਨਾ 463)
ਨਾਨਕ ਸਾਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ॥ (ਪੰਨਾ 950)
ਸਦਾ ਸਦਾ ਤੂੰ ਏਕੁ ਹੈਂ ਤੁਧੁ ਦੂਜਾ ਖੇਲੁ ਰਚਾਇਆ॥ (ਪੰਨਾ 139)
ਇਹੁ ਜਗੁ ਜਨਮਿਆ ਦੂਜੈ ਭਾਇ॥ (ਪੰਨਾ 161)
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਬਾਝੁ ਕਲਾ ਆਡਾਣੁ ਰਹਾਇਆ॥ (ਪੰਨਾ 1036)
ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ॥ (ਪੰਨਾ 437)
ਗੁਰਬਾਣੀ ਸ੍ਰਿਸ਼ਟੀ ਨੂੰ ਪ੍ਰਭੂ ਦਾ ਵਿਸਥਾਰ ਨਹੀਂ, ਉਸ ਦੀ ਕਿਰਤ, ਦੂਜੀ, ਝੂਠ ਅਤੇ ਖੇਡ “ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ॥” (ਪੰਨਾ 946) ਦੱਸਦੀ ਹੈ, ਕਿਉਂਕਿ ਉਸ ਵਿਚ ਪ੍ਰਭੂ ਵਾਲੇ ਗੁਣਾਂ ਦੀ ਅਣਹੋਂਦ ਹੈ।
ਇਹ ਵਿਚਾਰ ਵੀ ਕਿ “ਇਸ ਦ੍ਰਿਸ਼ਟੀਗੋਚਰ ਹੁੰਦੇ ਸੰਸਾਰ ਵਿਚ ਵਸਦੀ ਸਮੂਹ ਜੀਵਾਂ ਦੀ ਜ਼ਿੰਦਗੀ ਇਸ ਸੱਚ ਦਾ ਪ੍ਰਗਟ ਰੂਪ ਹੈ” ਗੁਰਮਤਿ ਅਨੁਸਾਰੀ ਨਹੀਂ ਹੈ। ਮਾਨਵਤਾ ਪ੍ਰਭੂ ਦੇ ਹੁਕਮ ਨਾਲ ਹੋਂਦ ਵਿਚ ਆਇਆ ਅਸਤਿੱਤਵ ਹੈ,
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ (ਪੰਨਾ 2)
ਉਸ ਨੂੰ ਪ੍ਰਭੂ ਦਾ ਪ੍ਰਗਟ ਸਰੂਪ ਆਖਣਾ ਸਹੀ ਨਹੀਂ ਜਾਪਦਾ।
ਲੇਖਕ ਅਨੁਸਾਰ “ਧਰਮ ਦੇ ਤਿੰਨ ਪੱਖ ਹਨ: ਮਨੁੱਖ ਦਾ ਕੁਦਰਤ ਨਾਲ ਰਿਸ਼ਤਾ ਭਾਵ ਫਿਲਾਸਫੀ, ਮਨੁੱਖੀ ਸਦਾਚਾਰ ਅਤੇ ਕਰਮਕਾਂਡ।” ਧਰਮ ਦੇ ਇਨ੍ਹਾਂ ਤਿੰਨਾਂ ਪੱਖਾਂ ਦੀ ਗੁਰਬਾਣੀ ਵਿਚ ਦਿੱਤੀ ਧਰਮ ਦੀ ਪਰਿਭਾਸ਼ਾ ਨਾਲ ਕੋਈ ਸਾਂਝ ਨਹੀਂ ਹੈ। ਗੁਰਬਾਣੀ ਧਾਰਮਿਕ ਕਰਮ ਕਾਂਡਾਂ ਦਾ ਖੰਡਨ ਕਰਦੀ ਹੈ ਅਤੇ ਸਦਾਚਾਰ ਨੂੰ ਤ੍ਰੈਗੁਣੀ ਸੰਸਾਰਕ ਜੀਵਨ ਦਾ ਵਿਹਾਰ ਹੋਣ ਕਾਰਨ ਇਸ ਨੂੰ ਅਧਿਆਤਮਕ ਗਿਆਨ ਦੀ ਪ੍ਰਾਪਤੀ ਦੇ ਮਾਰਗ ਵਿਚ ਰੁਕਾਵਟ ਦੱਸਦੀ ਹੈ। ਫਿਲਾਸਫੀ ਦਾ ਸਰੋਕਾਰ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨਾਲ ਹੈ, ਪਰ ਗੁਰਬਾਣੀ ਮਨੁੱਖ ਦੇ ਕੁਦਰਤ ਨਾਲ ਰਿਸ਼ਤੇ ਨੂੰ ਨਹੀਂ, ਪ੍ਰਭੂ ਨਾਲ ਮਿਲਾਪ ਨੂੰ ਮਨੁੱਖੀ ਜੀਵਨ ਦਾ ਮਨੋਰਥ ਦੱਸਦੀ ਹੈ,
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰਨਾ 12)
ਮਿਲੁ ਜਗਦੀਸ ਮਿਲਨ ਕੀ ਬਰੀਆ॥
ਚਿਰੰਕਾਲ ਇਹ ਦੇਹ ਸੰਜਰੀਆ॥ (ਪੰਨਾ 176)
ਗੁਰਬਾਣੀ ਧਰਮ ਨੂੰ ਅਧਿਆਤਮਕ ਜੀਵਨ ਦੇ ਮਾਰਗ ਦਾ ਪਹਿਲਾ ਪੜਾਅ ਦੱਸਦੀ ਹੈ, ਜਿਸ ‘ਤੇ ਚਲਣ ਵਾਲਾ ਵਿਅਕਤੀ “ਸਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ॥” (ਪੰਨਾ 351) ਵਿਚ ਦੱਸੇ ਧਾਰਮਿਕ ਗੁਣ ਧਾਰਨ ਕਰਕੇ ਪ੍ਰਭੂ ਦਾ ਗਿਆਨ ਪ੍ਰਾਪਤ ਕਰਨਯੋਗ ਹੋ ਜਾਂਦਾ ਹੈ। ਗੁਰਬਾਣੀ ਧਰਮ ਨੂੰ “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨ॥” (ਪੰਨਾ 1168) ਅਤੇ “ਨਾਨਕ ਸੰਤੋਖ ਰੁਖ ਧਰਮੁ ਫੁਲੁ ਫਲ ਗਿਆਨੁ॥” (ਪੰਨਾ 147) ਆਖਦੀ ਹੈ। ਧਾਰਮਿਕ ਜੀਵਨ ਨੂੰ “ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥” (ਪੰਨਾ 918) ਵੀ ਦੱਸਿਆ ਗਿਆ ਹੈ।
ਗੁਰਮਤਿ ਸੰਪ੍ਰਦਾਇਕ ਜਾਂ ਸੰਗਠਤ ਧਰਮ ਨਹੀਂ ਹੈ, ਪਰ ਗੁਰਬਾਣੀ ਸੰਪ੍ਰਦਾਇਕ ਅਤੇ ਸੰਗਠਤ ਧਰਮਾਂ ਦਾ ਵਿਰੋਧ ਵੀ ਨਹੀਂ ਕਰਦੀ ਤੇ ਨਾ ਹੀ ਕਿਸੇ ਧਰਮ ਨੂੰ ਬੁਰਾ ਆਖਦੀ ਹੈ। ਕੇਵਲ ਉਨ੍ਹਾਂ ਵਿਚ ਬੇਅਰਥ ਕਰਮ ਕਾਂਡਾਂ ਦਾ ਖੰਡਨ ਅਤੇ ਕਥਨੀ ਤੇ ਕਰਨੀ ਦੇ ਭੇਦ ਅਤੇ ਭਰਮਾਂ ਦੀ ਆਲੋਚਨਾ ਕਰਦੀ ਹੈ। ਉਹ ਹਿੰਦੂ ਨੂੰ ਅੱਛਾ ਹਿੰਦੂ ਅਤੇ ਮੁਸਲਮਾਨ ਨੂੰ ਅੱਛਾ ਮੁਸਲਮਾਨ ਬਣਨ ਲਈ ਪ੍ਰੇਰਦੀ ਹੈ। ਉਹ ਧਰਮ ਦੇ ਸੰਗਠਨ ਸਥਾਪਤ ਕਰਨ ਦਾ ਉਪਦੇਸ਼ ਨਹੀਂ ਕਰਦੀ, ਸਗੋਂ ਪੁੱਛਦੀ ਹੈ,
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਇਹ ਰਾਹ ਚਲਾਈ॥ (ਪੰਨਾ 477)
ਗੁਰਬਾਣੀ ਦੇ ਬੁਨਿਆਦੀ ਸੱਚ ਬਾਰੇ ਲੇਖਕ ਦਾ ਵਿਚਾਰ ਹੈ, “ਗੁਰਮਤਿ ਸਿਰਫ ਵਿਅਕਤੀ ਦੇ ਨਿੱਜੀ ਚਰਿਤਰ ਨੂੰ ਬਦਲਣ ਦੀ ਗੱਲ ਨਹੀਂ ਕਰਦੀ, ਸਗੋਂ ਮਨੁੱਖ ਦੇ ਸਮਾਜੀ, ਰਾਜਸੀ ਚੌਗਿਰਦੇ ਨੂੰ ਬਦਲਣ ਲਈ ਯਤਨਸ਼ੀਲ ਹੋਣ ਲਈ ਵੀ ਪ੍ਰੇਰਦੀ ਹੈ।…ਮਨੁੱਖੀ ਤੇ ਸਮਾਜੀ ਚੌਗਿਰਦੇ ਨੂੰ ਬਦਲ ਕੇ ਹੀ ਮਨੁੱਖ ਅਤੇ ਸਮਾਜ ਦੀ ਪੂਰਨ ਕਾਇਆ ਕਲਪ ਕੀਤੀ ਜਾ ਸਕਦੀ ਹੈ।”
ਇਨ੍ਹਾਂ ਵਿਚਾਰਾਂ ਦੇ ਸਮਰਥਨ ਵਿਚ ਉਨ੍ਹਾਂ ਗੁਰਬਾਣੀ ਵਿਚੋਂ ਕੋਈ ਮਿਸਾਲ ਨਹੀਂ ਦਿੱਤੀ। ਗੁਰਬਾਣੀ ਵਿਚ ਐਸੀ ਕੋਈ ਪ੍ਰੇਰਨਾ ਨਹੀਂ ਹੈ। ਉਹ ਤੇ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿਚ ਰਹਿਣ, ਉਸ ਦਾ ਭਾਣਾ ਮੰਨਣ, ਜੋ ਹੋ ਰਿਹਾ ਹੈ ਉਸ ਨੂੰ ਪ੍ਰਵਾਨ ਕਰਨ ਲਈ ਆਖਦੀ ਹੈ, ਨਾ ਕਿ ਸਮਾਜ ਨੂੰ ਸੁਧਾਰਨ ਜਾਂ ਬਦਲਣ ਲਈ। ਗੁਰੂ ਸਾਹਿਬ ਫੁਰਮਾਉਂਦੇ ਹਨ,
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ॥ (ਪੰਨਾ 1)
ਸੋ ਕਰੇ ਜਿ ਤਿਸੈ ਰਜਾਇ॥ (ਪੰਨਾ 475)
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ॥ (ਪੰਨਾ 359)
ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਨੁਖ॥ (ਪੰਨਾ 417)
ਗੁਰਬਾਣੀ ਸਮਾਜਕ ਜਾਂ ਸੰਪ੍ਰਦਾਇਕ ਧਾਰਮਿਕ ਵਿਚਾਰਧਾਰਾ ਨਹੀਂ ਹੈ, ਅਧਿਆਤਮਕ ਗਿਆਨ ਹੈ। ਇਹ ਪ੍ਰਭੂ, ਸ੍ਰਿਸ਼ਟੀ, ਸੰਸਾਰ, ਮਨੁੱਖਤਾ ਅਤੇ ਮਨੁੱਖ ਬਾਰੇ ਪ੍ਰਚਲਿਤ ਫਿਲਾਸਫੀਕਲ, ਵਿਗਿਆਨਕ ਤੇ ਲੋਕ ਰਾਏ ਤੋਂ ਵਖਰੇ ਵਿਚਾਰ ਪੇਸ਼ ਕਰਦੀ ਹੈ। ਇਹ ਮਨੁੱਖਾ ਜੀਵਨ ਦੀ ਇੱਕ ਵਖਰੀ ਅਤੇ ਅਕਲਪਿਤ ਸੱਚਾਈ ਬਿਆਨ ਕਰਦੀ ਹੈ ਤੇ ਮਨੁੱਖ ਨੂੰ ਪ੍ਰਭੂ ਮਿਲਾਪ ਲਈ ਉਦਮ ਕਰਨ ਲਈ ਪ੍ਰੇਰਦੀ ਹੈ। ਇਸ ਪੱਖੋਂ ਗੁਰਮਤਿ ਅਤੇ ਫਿਲਾਸਫੀਕਲ ਧਰਮ ਦੋ ਅਸੰਗਤ ਸੰਕਲਪ ਹਨ।
ਗੁਰਬਾਣੀ ਦਾ ਮੂਲ ਉਪਦੇਸ਼ ਤਿੰਨ ਮੁੱਖ ਵਿਸ਼ਿਆਂ-ਪ੍ਰਭੂ, ਸੰਸਾਰਕ ਮਾਇਆ ਅਤੇ ਮਨੁੱਖੀ ਮਨ ਨਾਲ ਸਬੰਧਤ ਹੈ। ਪ੍ਰਭੂ ਇੱਕ ਹੈ। ਉਸ ਦੀ ਸਦੀਵੀ ਹੋਂਦ ਹੈ,
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)
ਹੋਂਦ ਕੇਵਲ ਉਸੇ ਦੀ ਹੈ, ਹੋਰ ਕਿਸੇ ਦੀ ਹੋਂਦ ਨਹੀਂ ਹੈ,
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪ ਕਾਇਆ ਤੇਰੀ।॥
ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥1॥
ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ॥ (ਪੰਨਾ 350)
ਉਹ ਸਾਰੀ ਕਾਇਨਾਤ ਦਾ ਕਰਤਾ ਹੈ ਅਤੇ ਆਪ ਉਸ ਵਿਚ ਵਿਦਮਾਨ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੰਗਲਾਚਰਨ ਵਿਚ ਮਨੁੱਖ ਨੂੰ ਸਮਝ ਆਉਣ ਵਾਲੇ ਪ੍ਰਭੂ ਦੇ ਕੁਝ ਗੁਣਾਂ ਦਾ ਵਰਣਨ ਹੈ, ਜੋ ਉਸ ਦੀ ਅਸਲੀਅਤ ਦੀ ਭੂਮਿਕਾ ਹਨ, ਪਰ ਉਹ ਤੇ ਅਨੰਤ ਹੈ ਅਤੇ ਉਸ ਨੂੰ ਬਿਆਨ ਕਰਨਾ ਸੰਭਵ ਨਹੀਂ ਹੈ,
ਅਗਮ ਅਗੋਚਰਾ ਤੇਰਾ ਅੰਤੁ ਕਿਨੇ ਨ ਪਾਇਆ॥ (ਪੰਨਾ 918)
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ (ਪੰਨਾ 5)
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ (ਪੰਨਾ 283)
ਸਾਧਾਰਨ ਮਨੁੱਖ ਲਈ ਉਸ ਨੂੰ ਜਾਣਨਾ ਅਤੇ ਉਸ ਦੀ ਕਲਪਨਾ ਕਰਨੀ ਸੰਭਵ ਨਹੀਂ, ਕਿਉਂਕਿ ਉਹ ਤ੍ਰੈਗੁਣੀ ਸੰਸਾਰ ਵਿਚ ਸਮਾਇਆ ਹੋਇਆ ਤਾਂ ਹੈ, ਪਰ ਵਸਦਾ ਚੌਥੇ ਪਦ ਵਿਚ ਹੈ,
ਤੀਨਿ ਸਮਾਵੈ ਚਉਥੇ ਵਾਸਾ॥ (ਪੰਨਾ 839)
ਤ੍ਰੈ ਵਰਤਾਇ ਚਉਥੈ ਘਰਿ ਵਾਸਾ॥ (ਪੰਨਾ 1038)
ਤ੍ਰੈਗੁਣੀ ਸੰਸਾਰ ਵਿਚ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਚੌਥੇ ਪਦ ਵਿਚ ਪ੍ਰਵੇਸ਼ ਕਰਕੇ ਹੀ ਉਸ ਨੂੰ ਜਾਣਿਆ, ਸਮਝਿਆ ਅਤੇ ਅਨੁਭਵ ਕੀਤਾ ਜਾ ਸਕਦਾ ਹੈ,
ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥ (ਪੰਨਾ 1123)
ਪ੍ਰਭੂ ਨੇ ਸ੍ਰਿਸ਼ਟੀ ਦੀ ਸਿਰਜਣਾ ਆਪਣੇ ਤੋਂ ਵਖਰੀ ਇੱਕ ਖੇਡ ਵਜੋਂ ਕੀਤੀ ਹੈ, ਜਿਸ ਨੂੰ ਗੁਰਬਾਣੀ ਦੂਜਾ ਅਤੇ ਭਰਮ ਆਖਦੀ ਹੈ,
ਮਾਧਵੇ ਕਿਆ ਕਹੀਐ ਭ੍ਰਮ ਐਸਾ॥
ਜੈਸਾ ਮਾਨੀਐ ਹੋਇ ਨ ਤੈਸਾ॥ (ਪੰਨਾ 657)
ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥ (ਪੰਨਾ 433)
ਪ੍ਰਭੂ ਅਦ੍ਰਿਸ਼ਟ ਅਤੇ ਨਿਹਚਲ ਹੈ, ਪਰ ਸੰਸਾਰ ਦਿਖਾਈ ਦੇਣ ਵਾਲਾ ਨਿਰੰਤਰ ਬਦਲ ਰਿਹਾ ਪਦਾਰਥ ਹੈ। ਨਿਰੰਤਰ ਬਦਲਣ ਕਾਰਨ ਸੰਸਾਰ ਦੀ ਅਸਲੀਅਤ ਨੂੰ ਦੇਖ ਸਕਣਾ ਅਤੇ ਜਾਣਨਾ ਸੰਭਵ ਨਹੀਂ ਹੈ, ਕਿਉਂਕਿ ਜੋ ਦਿਸਦਾ ਹੈ, ਉਹ ਬੀਤਿਆ, ਬਦਲਿਆ ਜਾਂ ਖਤਮ ਹੋਇਆ ਹੋਣ ਕਾਰਨ ਹੁੰਦਾ ਨਹੀਂ, ਅਤੇ ਜੋ ਹੁੰਦਾ ਹੈ, ਉਸ ਦਾ ਅਸਲਾ ਨਿਰੰਤਰ ਬਦਲਣ ਕਰਕੇ ਦਿਸਦਾ ਨਹੀਂ। ਇਸ ਲਈ ਦਿਖਾਈ ਦੇ ਰਹੇ ਅਤੇ ਚਾਲੇ ਪਏ ਸੰਸਾਰ ਨੂੰ ਗੁਰਬਾਣੀ ਭਰਮ ਆਖਦੀ ਹੈ,
ਜਿਉ ਜਲ ਊਪਰਿ ਫੇਨ ਬੁਦਬੁਦਾ॥
ਤੈਸਾ ਇਹੁ ਸੰਸਾਰਾ॥ (ਪੰਨਾ 1257)
ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥ (ਪੰਨਾ 808)
ਇਹੁ ਜਗੁ ਧੂਏ ਕਾ ਪਹਾਰ॥ (ਪੰਨਾ 1186)
ਪਰ ਸਮਾਜ ਅਜਿਹੇ ਵਿਚਾਰਾਂ ਨੂੰ ਬਹੁਤ ਖਤਰਨਾਕ ਸਮਝਦਾ ਹੈ, ਕਿਉਂਕਿ ਇਸ ਨਾਲ ਸਮਾਜ ਵਲੋਂ ਸੰਸਾਰ ਨੂੰ ਸੱਚ ਜਾਣ ਕੇ ਰਚੇ ਅਡੰਬਰ ਨੂੰ ਭਾਰੀ ਜ਼ਰਬ ਪਹੁੰਚਦੀ ਹੈ। ਸਮਾਜਕ ਸ਼ਕਤੀਆਂ ਇਨ੍ਹਾਂ ਵਿਚਾਰਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ ਅਤੇ ਉਨ੍ਹਾਂ ਨੂੰ ਦਬਾਉਣ ਦਾ ਹਰ ਸੰਭਵ ਯਤਨ ਕਰਦੀਆਂ ਹਨ। ਉਹ ਯਸੂ ਮਸੀਹ ਨੂੰ ਸੂਲੀ ਚਾੜ੍ਹ ਦਿੰਦੀਆਂ ਹਨ ਅਤੇ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਆਖਦੀਆਂ ਹਨ,
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥1॥
ਭਇਆ ਦੀਵਾਨਾ ਸਾਹ ਕਾ ਨਾਨਕੁ ਬਉਰਾਨਾ॥
ਹਉਂ ਹਰਿ ਬਿਨੁ ਅਵਰ ਨ ਜਾਨਾ॥ (ਪੰਨਾ 991)
ਅਤੇ ਭਗਤ ਕਬੀਰ, ਭਗਤ ਨਾਮਦੇਵ ਤੇ ਹੋਰ ਭਗਤਾਂ ਨੂੰ ਡਰਾਉਣ ਲਈ ਸਜ਼ਾਵਾਂ ਦਿੰਦੀਆਂ ਹਨ।
ਸੰਸਾਰ ਵਿਚ ਸਮਾਜ, ਕੌਮ ਅਤੇ ਧਰਮ ਦੀਆਂ ਵੰਡੀਆਂ ਮਨੁੱਖ ਨੇ ਆਪ ਪਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਸਫਲ ਅਤੇ ਬਿਹਤਰ ਬਣਾਉਣ ਦੇ ਭਰਮ ਨਾਲ ਸੁਧਾਰਵਾਦੀ ਵਿਅਕਤੀ ਅਮੁੱਕ ਜੰਗਾਂ ਛੇੜੀ ਰਖਦੇ ਹਨ। ਮਨੁੱਖ ਸਮਾਜਕ ਜੀਵਨ ਦਾ ਉਪਾਸ਼ਕ ਅਤੇ ਸਮਰਥਕ ਹੈ ਤੇ ਉਸ ਦਾ ਸੁਖ ਮਾਣਨ ਦੀ ਇੱਛਾ ਨਾਲ ਉਸ ਵਿਚ ਸੁਧਾਰ ਕਰਨ ਲਈ ਯਤਨਸ਼ੀਲ ਹੈ, ਜਦੋਂ ਕਿ ਗੁਰਬਾਣੀ ਸੰਸਾਰ ਦੀ ਅਸਲੀਅਤ ਬਿਆਨ ਕਰਦੀ ਹੋਈ ਉਸ ਨੂੰ ਭਉਜਲ ਆਖਦੀ ਹੈ,
ਇਹੁ ਸੰਸਾਰ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥ (ਪੰਨਾ 353)
ਸੰਸਾਰ ਵਿਚ ਤ੍ਰੈਗੁਣੀ ਮਾਇਆ ਦਾ ਵਿਆਪਕ ਪ੍ਰਭਾਵ ਹੈ,
ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ (ਪੰਨਾ 1123)
ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ॥ (ਪੰਨਾ 251)
ਦੂਜਾ ਭਾਉ ਰਚਾਇਉਨ ਤ੍ਰੈ ਗੁਣ ਵਰਤਾਰਾ॥ (ਪੰਨਾ 848)
ਮਾਇਆ ਮੋਹੁ ਜਗਤੁ ਸਬਾਇਆ॥
ਤ੍ਰੈਗੁਣ ਦੀਸਹਿ ਮੋਹੇ ਮਾਇਆ॥ (ਪੰਨਾ 129)
ਮਾਇਆ ਸੰਸਾਰ ਵਿਚ ਪ੍ਰਭੂ ਨੇ ਪਾਈ ਹੋਈ ਹੈ,
ਮਾਇਆ ਮਮਤਾ ਕਰਤੇ ਲਾਈ॥
ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ॥ (ਪੰਨਾ 1261)
ਮਨੁੱਖ ਵਿਚ ਮਾਇਆ ਨੂੰ ਸੰਸਾਰ ਵਿਚੋਂ ਕਢਣ ਅਤੇ ਸਮਾਜ ਵਿਚ ਮੂਲ ਸੁਧਾਰ ਲਿਆਉਣ ਦੀ ਯੋਗਤਾ ਨਹੀਂ ਹੈ। ਇਸ ਲਈ ਉਸ ਨੂੰ ਸਮਾਜ ਤੋਂ ਸੁਖ ਦੀ ਕਾਮਨਾ ਕਰਨ ਦੀ ਥਾਂ ਸਮਾਜ ਵਿਚ ਵਿਆਪਕ ਮਾਇਆ ਦੇ ਪ੍ਰਭਾਵ ਤੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ,
ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹਿ ਲਪਟਾਵਉ॥ (ਪੰਨਾ 693)
ਮਨੁੱਖੀ ਮਨ ਦੀ ਵੀ ਗੁਰਬਾਣੀ ਵਿਚ ਵਿਸਤ੍ਰਿਤ ਵਿਆਖਿਆ ਕੀਤੀ ਗਈ ਹੈ। ਗੁਰ ਫੁਰਮਾਨ ਹੈ,
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥
ਹਰਿ ਜੋਤਿ ਰਖੀ ਤੁਧ ਵਿਚ ਤਾ ਤੂ ਜਗ ਮਹਿ ਆਇਆ॥ (ਪੰਨਾ 921)
ਗੁਰਬਾਣੀ ਵਿਚ ਮਨ ਨੂੰ ਪ੍ਰਭੂ ਦੀ ਜੋਤ ਆਖਿਆ ਗਿਆ ਹੈ,
ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ (ਪੰਨਾ 441)
ਮਨ ਬਾਰੇ ਗੁਰਬਾਣੀ ਦੇ ਹੋਰ ਕਥਨ ਹਨ,
ਇਹ ਮਨੁ ਸਕਤੀ ਇਹੁ ਮਨੁ ਸੀਉ॥
ਇਹੁ ਮਨੁ ਪੰਚ ਤਤ ਕੋ ਜੀਉ॥ (ਪੰਨਾ 342)
ਇਹੁ ਮਨੁ ਕਰਮਾ ਇਹੁ ਮਨੁ ਧਰਮਾ॥
ਇਹੁ ਮਨੁ ਪੰਚ ਤਤੁ ਤੇ ਜਨਮਾ॥ (ਪੰਨਾ 415)
ਤਨ ਮਹਿ ਮਨੂਆ ਮਨ ਮਹਿ ਸਾਚਾ॥
ਸੋ ਸਾਚਾ ਮਿਲ ਸਾਚੇ ਰਾਚਾ॥ (ਪੰਨਾ 686)
ਮਨੁੱਖੀ ਸਰੀਰ ਵਿਚ ਮਨ ਦੇ ਨਾਲ ਹਉਮੈ ਦਾ ਵੀ ਜਨਮ ਹੁੰਦਾ ਹੈ,
ਹਉ ਵਿਚ ਮਾਇਆ ਹਉ ਵਿਚਿ ਛਾਇਆ॥
ਹਉਮੈ ਕਰਿ ਕਰਿ ਜੰਤ ਉਪਾਇਆ॥ (ਪੰਨਾ 466)
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ (ਪੰਨਾ 999)
ਹਉਮੈ ਮਨੁੱਖ ਵਿਚ ਵਖਰੀ ਸੁਤੰਤਰ ਹੋਂਦ ਦਾ ਵਿਸ਼ਵਾਸ ਹੈ, ਜੋ ਮਨੁੱਖ ਨੂੰ ਪ੍ਰਭੂ ਤੋਂ ਦੂਰ ਕਰਦਾ ਚਲਾ ਜਾਂਦਾ ਹੈ। ਉਹ ਮਨ ਨੂੰ ਮੈਲਾ ਕਰ ਦਿੰਦੀ ਹੈ ਅਤੇ ਮਨੁੱਖ ਪ੍ਰਭੂ ਨਾਲ ਮਿਲਾਪ ਕਰਨਯੋਗ ਨਹੀਂ ਰਹਿੰਦਾ। ਗੁਰਬਾਣੀ ਦਾ ਸੁਝਾਅ ਹੈ,
ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ॥
ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ॥ (ਪੰਨਾ 603)
ਮਨ ਦੀ ਮੌਤ ਨਹੀਂ ਹੁੰਦੀ,
ਇਸੁ ਮਨ ਕਉ ਨਹੀ ਆਵਣ ਜਾਨਾ॥
ਜਿਸ ਕਾ ਭਰਮ ਗਿਆ ਤਿਨਿ ਸਾਚੁ ਪਛਾਣਾ॥
ਮਨ ਹੀ ਪ੍ਰਭੂ ਨਾਲ ਮਿਲਾਪ ਕਰਨ ਦੇ ਯੋਗ ਹੈ। ਸਰੀਰ ਦੀ ਮੌਤ ਹੋਣ ਤੇ ਉਹ ਪ੍ਰਭੂ ਵਿਚ ਅਭੇਦ ਹੋ ਸਕਦਾ ਹੈ, ਜੇ ਉਹ ਹਉਮੈ ਦੀ ਮੈਲ ਨਾਲ ਕਾਲਾ ਨਾ ਹੋਇਆ ਹੋਵੇ। ਜੇ ਉਹ ਮੈਲਾ ਹੋਣ ਕਾਰਨ ਪ੍ਰਭੂ ਵਿਚ ਅਭੇਦ ਹੋਣ ਦੇ ਯੋਗ ਨਾ ਹੋਵੇ ਤਾਂ ਗੁਰਬਾਣੀ ਸਵਾਲ ਕਰਦੀ ਹੈ,
ਇਸੁ ਮਨ ਕਉ ਕੋਈ ਖੋਜਹੁ ਭਾਈ॥
ਤਨ ਛੂਟੇ ਮਨੁ ਕਹਾ ਸਮਾਈ॥ (ਪੰਨਾ 330)
ਸਭਿਅਤਾ ਦੇ ਅਰੰਭ ਤੋਂ ਹੀ ਮਨੁਖਤਾ ਵਿਚ ਧਾਰਮਿਕ ਵਿਸ਼ਵਾਸ ਦੀ ਅਭਿਲਾਸ਼ਾ ਰਹੀ ਹੈ, ਪਰ ਸਾਧਾਰਨ ਮਨੁੱਖ ਧਰਮ ਦੇ ਆਧਾਰ, ਅਧਿਆਤਮਕ ਗਿਆਨ ਨੂੰ ਔਖਾ ਅਤੇ ਅਵਿਹਾਰਕ (ੀਮਪਰਅਚਟਚਿਅਲ) ਸਮਝਦਾ ਹੈ ਤੇ ਉਸ ਨੂੰ ਜਾਣਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦਾ। ਅਜਿਹੇ ਵਿਅਕਤੀਆਂ ਦੀ ਧਾਰਮਿਕ ਅਭਿਲਾਸ਼ਾ ਦੀ ਤ੍ਰਿਪਤੀ ਲਈ ਹੀ ਧਰਮ ਸ਼ਾਸਤਰੀਆਂ ਅਤੇ ਪੁਜਾਰੀਆਂ ਦੇ ਕਿੱਤੇ ਹੋਂਦ ਵਿਚ ਆਏ ਹਨ, ਜੋ ਅਧਿਆਤਮਕ ਵਿਚਾਰਾਂ ਨਾਲ ਮੂਰਤੀਆਂ, ਕਰਮ ਕਾਂਡਾਂ, ਸਦਾਚਾਰਕ ਰਹਿਤਾਂ ਅਤੇ ਭਰਮਾਊ ਮਿਥਿਹਾਸ ਜੋੜ ਕੇ ਸਮਾਜਕ ਜਾਂ ਸੰਪ੍ਰਦਾਇਕ ਧਾਰਮਿਕ ਵਿਚਾਰਧਾਰਾ ਨੂੰ ਇੱਕ ਪ੍ਰਭਾਵਸ਼ਾਲੀ ਅਤੇ ਮਨ ਲੁਭਾਊ ਵਪਾਰਕ ਵਸਤੂ ਦਾ ਰੂਪ ਦੇ ਦਿੰਦੇ ਹਨ। ਬਾਣੀਕਾਰਾਂ ਨੂੰ ਇਸ ਹੋਣੀ ਦਾ ਗਿਆਨ ਸੀ, ਇਸੇ ਲਈ ਗੁਰਬਾਣੀ ਵਿਚ ਉਨ੍ਹਾਂ ਬਚਨ ਕਰ ਦਿੱਤਾ ਸੀ,
ਐਸੇ ਜਨ ਵਿਰਲੇ ਸੰਸਾਰੇ॥
ਗੁਰ ਸਬਦੁ ਵਿਚਾਰਹਿ ਰਹਹਿ ਨਿਰਾਰੇ॥ (ਪੰਨਾ 1039)
ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ॥ (ਪੰਨਾ 1100)
ਤੇਰਾ ਜਨੁ ਏਕੁ ਆਧੁ ਕੋਈ॥ (ਪੰਨਾ 1123)
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰ॥ (ਪੰਨਾ 1411)
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨ ਮੁਰਾਰ॥ (ਪੰਨਾ 1331)
ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ॥ (ਪੰਨਾ 495)
ਅਜੋਕਾ ਮਨੁੱਖ ਗੁਰਬਾਣੀ ਦੇ ਅਧਿਆਤਮਕ ਗਿਆਨ ਨੂੰ ਜਾਣਨ ਜਾਂ ਸਮਝਣ ਦਾ ਚਾਹਵਾਨ ਨਹੀਂ ਹੈ, ਪਰ ਵਪਾਰਕ ਧਰਮ ਦੇ ਕਾਰੋਬਾਰ ਨੂੰ ਪ੍ਰਫੁਲਿਤ ਕਰ ਰਿਹਾ ਹੈ।