ਕਾਗਜ਼ ‘ਤੇ ਲਿਖਿਆ ਯਹੂਦੀ ਘੱਲੂਘਾਰਾ

ਮਨਮੋਹਨ
ਦੂਜਾ ਸੰਸਾਰ ਯੁੱਧ ਅਤੇ ਯਹੂਦੀ ਘੱਲੂਘਾਰਾ ਮੇਰੇ ਮਨਭਾਉਂਦੇ ਵਿਸ਼ੇ ਰਹੇ ਹਨ। ਵਿਦਿਆਰਥੀ ਜੀਵਨ ਵਿਚ ਜਦੋਂ ਐਨ ਫਰੈਂਕ ਦੀ ਡਾਇਰੀ, ਮਾਈਕਲ ਐਲਕਿਨਸ ਦੀ ਕਿਤਾਬ ‘ਫਰੋਜ਼ਡ ਇਨ ਫਿਊਰੀ’ ਅਤੇ ਲਿਊਨ ਯੂਰਿਸ ਦਾ ਨਾਵਲ ‘ਐਕਸੋਡਸ’ ਪੜ੍ਹੇ ਤਾਂ ਇਸ ਵਿਚ ਮੇਰੀ ਦਿਲਸਚਪੀ ਹੋਰ ਵਧੀ। ਇਸ ਵਿਸ਼ੇ ਦੀ ਵਿਕਰਾਲਤਾ ਨੂੰ ਪੇਸ਼ ਕਰਦੀਆਂ ਕੁਝ ਫਿਲਮਾਂ ਨੇ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ।
ਪੰਜਾਬੀ ਲੇਖਕ ਅਤੇ ਅਨੁਵਾਦਕ ਕੇ.ਐਲ਼ ਗਰਗ ਨੇ ਆਪਣੀ ਅਨੁਵਾਦ ਕਿਤਾਬ ‘ਐਲੀ ਵੀਜ਼ਲ ਦੇ ਤਿੰਨ ਨਾਵਲ’ ਦਿੱਤੀ ਜਿਸ ਵਿਚ ‘ਰਾਤ’, ‘ਪਹੁ ਫੁਟਾਲਾ’ ਅਤੇ ‘ਦੁਰਘਟਨਾ’ ਨਾਮੀ ਨਾਵਲ ਸ਼ਾਮਿਲ ਹਨ। ਇਉਂ ਮੇਰਾ ਪਸੰਦੀਦਾ ਵਿਸ਼ਾ ਇਕ ਵਾਰ ਮੇਰੇ ਫਿਰ ਸਾਹਮਣੇ ਸੀ।

ਗਰਗ ਦਾ ਐਲੀ ਵੀਜ਼ਲ ਬਾਰੇ ਕਹਿਣਾ ਹੈ ਕਿ ਉਹ ਹੱਸਾਸਪਸੰਦ ਤੇ ਡੂੰਘੀ ਸੋਚ ਤੇ ਨੀਝ ਵਾਲਾ ਲੇਖਕ ਹੈ ਜਿਸ ਨੇ ਹਿਟਲਰ ਦੀਆਂ ਜੇਲ੍ਹਾਂ ਅਤੇ ਤਸੀਹਾ ਕੇਂਦਰਾਂ ਵਿਚ ਮਨੁੱਖਤਾ ਤੋਂ ਡਿੱਗੀਆਂ ਹੋਈਆਂ ਕੋਝੀਆਂ ਹਰਕਤਾਂ, ਪਾਗਲਪਣ, ਵਹਿਸ਼ੀਪੁਣਾ, ਕਰੂਰਤਾ ਅਤੇ ਜ਼ੁਲਮ ਦਾ ਨੰਗਾ ਨਾਚ ਆਪਣੀ ਅੱਲ੍ਹੜ ਉਮਰ ਵਿਚ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਤਨ ਮਨ ‘ਤੇ ਹੰਢਾਇਆ। ਉਸ ਦੇ ਬਿਆਨ ਵਿਚ ਤਰਕ ਅਤੇ ਸਾਦਗੀ ਹੈ। ਮਾਨਵੀ ਦੁੱਖ ਬਾਬਤ ਸੱਚੀ ਸੁੱਚੀ ਸੰਵੇਦਨਾ ਹੈ। ਸੰਸਾਰ ਯੁੱਧ ਤੋਂ ਪੈਦਾ ਹੋਏ ਦੁੱਖ, ਭੁੱਖ, ਜ਼ਲਾਲਤ, ਬੇਵੱਸੀ, ਲਾਚਾਰੀ ਦਾ ਉਹ ਚਸ਼ਮਦੀਦ ਗਵਾਹ ਹੈ।
ਐਲੀ ਵੀਜ਼ਲ ਦੀ ਲਿਖਤ ਦਾ ਕਮਾਲ ਹੈ ਕਿ ਉਹ ਜਰਵਾਣਿਆਂ ਖਿਲਾਫ ਨਫਰਤ ਅਤੇ ਗੁੱਸਾ ਪੈਦਾ ਕਰਦਾ ਹੈ ਤੇ ਮਜ਼ਲੂਮਾਂ ਦੇ ਹੱਕ ਵਿਚ ਆਵਾਜ਼ ਚੁੱਕਦਾ ਹੋਇਆ ਉਨ੍ਹਾਂ ਪ੍ਰਤੀ ਤਰਸ ਦੀ ਭਾਵਨਾ ਪੈਦਾ ਕਰਦਾ ਹੈ। ਉਹ ਸਾਨੂੰ ਹਕੀਕਤ ਦੇ ਅਜਿਹੇ ਕੌੜੇ ਅਹਿਸਾਸ ਦੇ ਰੂ-ਬ-ਰੂ ਕਰਦਾ ਜਿਨ੍ਹਾਂ ਨੇ ਹਮੇਸ਼ਾ ਮਨੁੱਖ ਦੀ ਸਮੱਰਥਾ ਦਾ ਇਮਤਿਹਾਨ ਲਿਆ ਹੈ। ਹੱਕ ਸੱਚ ਦੀ ਇਸ ਲੰਮੀ ਜੱਦੋਜਹਿਦ ਵਿਚ ਜ਼ਾਲਮ ਹਮੇਸ਼ਾ ਹਾਰਿਆ ਹੈ ਤੇ ਮਨੁੱਖਤਾ ਦੀ ਕਦਰ-ਸ਼ਨਾਸੀ ਹਮੇਸ਼ਾ ਜਿੱਤ ਦੀਆਂ ਬਰੂਹਾਂ ‘ਤੇ ਖਲੋਤੀ ਉਗਮ ਰਹੇ ਸੂਰਜ ਦੇ ਚਾਨਣ ਦਾ ਇੰਤਜ਼ਾਰ ਕਰਦੀ ਹੈ। ਐਲੀ ਵੀਜ਼ਲ ਦੀਆਂ ਲਿਖਤਾਂ ਮਾਨਵਵਾਦੀ ਸੋਚ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਤਾਂ ਕਰਦੀਆਂ ਹੀ ਹਨ, ਉਸ ਸੋਚ ‘ਤੇ ਪਹਿਰਾ ਵੀ ਦਿੰਦੀਆਂ ਹਨ। ਸੰਘਰਸ਼ਸ਼ੀਲ ਮਨੁੱਖ ਦਾ ਸਰੂਪ ਐਲੀ ਵੀਜ਼ਲ ਦੀਆਂ ਲਿਖਤਾਂ ਰਾਹੀਂ ਸਹਿਜੇ ਹੀ ਚਿਤਵਿਆ ਜਾ ਸਕਦਾ ਹੈ।
ਐਲੀ ਵੀਜ਼ਲ ਸਿਗੇਤ (ਰੋਮਾਨੀਆ) ਵਿਚ 30 ਸਤੰਬਰ 1928 ਨੂੰ ਜਨਮਿਆ। ਉਸ ਦੇ ਪਿਤਾ ਸ਼ਲੋਮੋ ਨੇ ਆਪਣੇ ਸਿੱਖਿਆ, ਹਿਬਰੂ ਭਾਸ਼ਾ ਤੇ ਸਾਹਿਤ ਪ੍ਰਤੀ ਮੋਹ ਅਤੇ ਤੋਰਾਹ ਦੇ ਅਧਿਐਨ ਰਾਹੀਂ ਐਲੀ ਵਿਚ ਮਾਨਵਵਾਦੀ ਸੰਵੇਦਨਾਵਾਂ ਪ੍ਰਪੱਕਤਾ ਨਾਲ ਭਰੀਆਂ। ਮਾਰਚ 1944 ਵਿਚ ਜਰਮਨੀ ਨੇ ਹੰਗਰੀ ‘ਤੇ ਕਬਜ਼ਾ ਕਰ ਲਿਆ। ਸਿਗੇਤ ਦੀ ਨੱਬੇ ਫੀਸਦੀ ਯਹੂਦੀ ਜਨਤਾ ਨੂੰ ਗੈਟੋਜ਼ ਵਿਚ ਤਾੜ ਦਿੱਤਾ ਗਿਆ। ਬਾਅਦ ਵਿਚ ਪੰਦਰਾਂ ਸਾਲ ਦੀ ਉਮਰ ਦਾ ਐਲੀ ਵੀਜ਼ਲ ਆਪਣੇ ਪਿਤਾ ਨਾਲ ਯਹੂਦੀ ਕੈਦੀ ਵਜੋਂ ਔਸ਼ਵਿਚਜ਼ ਤੇ ਬੁਖਨਵਾਲਡ ਦੇ ਤਸੀਹਾ ਕੇਂਦਰਾਂ ਵਿਚ ਰਿਹਾ ਜੋ ਅਣਮਨੁੱਖੀ ਜ਼ੁਲਮਾਂ ਲਈ ਬਦਨਾਮ ਹਨ। ਨਾਜ਼ੀਆਂ ਨੇ ਉਸ ਦੀ ਬਾਂਹ ‘ਤੇ ਉਸ ਦਾ ਕੈਦੀ ਨੰਬਰ ‘ਅ-7713’ ਖੁਣਿਆ ਜੋ ਉਸ ਨੂੰ ਸਾਰੀ ਉਮਰ ਇਕ ਦੁਖਦੀ ਰਗ ਵਾਂਗ ਦੁਖ ਦਿੰਦਾ ਰਿਹਾ। 11 ਅਪਰੈਲ 1945 ਨੂੰ ਅਮਰੀਕੀ ਫੌਜ ਨੇ ਯਹੂਦੀ ਕੈਦੀਆਂ ਨੂੰ ਮੁਕਤ ਕਰਾਇਆ ਪਰ ਮਹਿਜ਼ ਪੰਜ ਫੀਸਦੀ ਕੈਦੀ ਹੀ ਬਚ ਸਕੇ ਤੇ ਬਾਕੀ ਦੇ ਨਾਜ਼ੀ ਜ਼ੁਲਮਾਂ ਦੀ ਭੇਟ ਚੜ੍ਹ ਗਏ। ਇਨ੍ਹਾਂ ਵਿਚ ਐਲੀ ਦੀ ਮਾਂ, ਪਿਤਾ ਤੇ ਇਕ ਭੈਣ ਵੀ ਸ਼ਾਮਿਲ ਸਨ। ਬਚ ਨਿਕਲਣ ਬਾਅਦ ਐਲੀ ਦਾ ਮਰਨੋਂ ਬਚ ਗਈਆਂ ਆਪਣੀਆਂ ਦੂਜੀਆਂ ਦੋ ਭੈਣਾਂ ਨਾਲ ਪੈਰਿਸ ਦੇ ਇਕ ਯਤੀਮਖਾਨੇ ਵਿਚ ਮੁੜ ਮੇਲ ਹੋਇਆ। ਇਥੇ ਹੀ ਉਸ ਨੇ ਫਰਾਂਸਿਸੀ ਸਿੱਖੀ ਅਤੇ ਸੌਰਬੇਨੇ ਵਿਖੇ ਸਾਹਿਤ, ਦਰਸ਼ਨ ਤੇ ਮਨੋਵਿਗਿਆਨ ਦੀ ਪੜ੍ਹਾਈ ਕੀਤੀ। ਕੁਝ ਦੇਰ ਉਸ ਨੇ ਪੱਤਰਕਾਰੀ ਵੀ ਕੀਤੀ। ਉਸ ਨੇ ਯਹੂਦੀ ਚਿੰਤਕ ਤੇ ‘ਆਈ ਐਂਡ ਦਾਓ’ ਕਿਤਾਬ ਦੇ ਲੇਖਕ ਮਾਰਤਿਨ ਬੂਬਰ ਅਤੇ ਅਸਤਿਤਵਵਾਦੀ ਚਿੰਤਕ ਜਾਂ ਪਾਲ ਸਾਰਤਰ ਦੇ ਵਿਚਾਰ ਸੁਣੇ। ਉਸ ਦੀਆਂ ਸ਼ਾਮਾਂ ਅਕਸਰ ਫਿਓਦਰ ਦੋਸਤੋਵਸਕੀ, ਫਰਾਂਜ਼ ਕਾਫਕਾ ਅਤੇ ਥਾਮਸ ਮਾਨ ਦੀਆਂ ਲਿਖਤਾਂ ਪੜ੍ਹਦਿਆਂ ਬੀਤਦੀਆਂ।
ਪਹਿਲੇ ਦਸ ਸਾਲਾਂ ਤਕ ਐਲੀ ਦਾ ਰਤਾ ਮਨ ਨਹੀਂ ਸੀ ਕਿ ਉਹ ਆਪਣੇ ਔਸ਼ਵਿਚਜ਼ ਤੇ ਬੁਖਨਵਾਲਡ ਕੈਪਾਂ ਵਿਚ ਬਿਤਾਏ ਭਿਆਨਕ ਦਿਨਾਂ ਦੇ ਅਨੁਭਵ ਲਿਖੇ। ਇਸ ਦੌਰਾਨ 1952 ਦੇ ਸਾਹਿਤ ਦੇ ਨੋਬੇਲ ਪੁਰਸਕਾਰ ਜੇਤੂ ਫਰਾਂਕੋਇਸ ਮੌਰਿਸ ਨਾਲ ਉਸ ਦੀ ਨੇੜਤਾ ਹੋ ਗਈ। ਮੌਰਿਸ ਨੇ ਐਲੀ ਨੂੰ ਪ੍ਰੇਰਿਤ ਕੀਤਾ ਕਿ ਉਹ ਇਹ ਅਨੁਭਵ ਜ਼ਰੂਰ ਲਿਖੇ। ਐਲੀ ਨੇ ਪਹਿਲਾਂ ਯੀਦਿਸ਼ ਭਾਸ਼ਾ ਵਿਚ ਨੌਂ ਸੌ ਪੰਨਿਆਂ ਦਾ ਖਰੜਾ ਤਿਆਰ ਕੀਤਾ। 1955 ਵਿਚ ਇਸ ਦਾ ਲਘੂ ਰੂਪ ਫਰਾਂਸਿਸੀ ਵਿਚ ‘ਲਾ ਨੂਇਟ’ ਨਾਮ ਹੇਠ ਛਪਿਆ। 1960 ਵਿਚ ਇਸ ਦਾ ਅੰਗਰੇਜ਼ੀ ਅਨੁਵਾਦ ‘ਨਾਈਟ’ ਨਾਮ ਹੇਠ ਛਪਿਆ। ਪਹਿਲਾਂ ਪਹਿਲ ਇਹ ਘੱਟ ਪੜ੍ਹਿਆ ਗਿਆ ਪਰ ਪ੍ਰਸਿਧ ਲੇਖਕ ਸੌਲ ਬੈਲੋ ਨਾਲ ਟੀਵੀ ਵਾਰਤਾ ਤੋਂ ਬਾਅਦ ਇਸ ਦੀ ਪ੍ਰਸਿੱਧੀ ਵਧੀ ਅਤੇ ਅੱਜ ਤੀਹ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਇਸ ਦੀਆਂ ਲੱਖਾਂ ਹੀ ਪ੍ਰਤੀਆਂ ਵਿਕ ਚੁੱਕੀਆਂ ਹਨ। ‘ਦਿ ਨਿਊ ਯਾਰਕ ਟਾਈਮਜ਼’ ਨੇ ‘ਰਾਤ’ ਬਾਰੇ ਲਿਖਿਆ ਕਿ ਇਸ ਕਿਤਾਬ ਵਿਚ ਅਤਿ ਡਰਾਉਣੀ ਊਰਜਾ ਹੈ। ਨਾਵਲ ਵਿਚ ਕਈ ਦ੍ਰਿਸ਼ ਤੇ ਹਾਲਾਤ ਦਾ ਬਿਰਤਾਂਤ ਇੰਨਾ ਹਕੀਕੀ ਹੈ ਕਿ ਪੜ੍ਹਦਿਆਂ ਪਾਠਕ ਸੁੰਨ ਹੋ ਜਾਂਦਾ ਹੈ।
‘ਪਹੁ ਫੁਟਾਲਾ’ ਨਾਵਲ ਦਾ ਬਿਰਤਾਂਤ ਯਹੂਦੀ ਘੱਲੂਘਾਰੇ ਤੋਂ ਬਾਅਦ ਫਲਸਤੀਨ ਵਿਚ ਵਾਪਰੀਆਂ ਘਟਨਾਵਾਂ ਨੂੰ ਆਪਣਾ ਕੇਂਦਰ ਬਣਾਉਂਦਾ ਹੈ। ਇਹ ਇਲੀਸ਼ਾ ਨਾਮੀ ਉਸ ਯਹੂਦੀ ਦੀ ਵਿਥਿਆ ਹੈ ਜੋ ਆਪਣੇ ਨਾਲ ਵਾਪਰੇ ਦੁਖਾਂਤ ਕਾਰਨ ਹੋਏ ਨੁਕਸਾਨ ਲਈ ਗੁੱਸੇ ਵਿਚ ਹੈ ਪਰ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਕਾਰਨ ਆਪਣੇ ਆਪ ਨੂੰ ਬੰਦੂਕ ਦੀ ਨਾਲੀ ਦੇ ਦੂਜੇ ਪਾਸੇ ਖੜ੍ਹਾ ਪਾਉਂਦਾ ਹੈ। ਇਲੀਸ਼ਾ ਵਿਚ ਮੂਲ ਰੂਪ ਵਿਚ ਐਲੀ ਦੇ ਹੀ ਜੀਵਨ ਬਿਰਤਾਂਤ ਦੀ ਝਲਕ ਦਿਖਾਈ ਦਿੰਦੀ ਹੈ। ਉਹ ਬੁਖਨਵਾਲਡ ਕੈਂਪ ਤੋਂ ਆਜ਼ਾਦ ਹੋ ਕੇ ਫਰਾਂਸ ਵਿਚ ਸੌਰਬੇਨੇ ਵਿਚ ਫਲਸਫੇ ਦੀ ਪੜ੍ਹਾਈ ਕਰਦਾ ਹੈ। 1946 ਵਿਚ ਇਰਗੁਨ ਵਿਚ ਕਿੰਗ ਡੇਵਿਡ ਹੋਟਲ ਵਿਚ ਹੋਏ ਬੰਬ ਧਮਾਕੇ ਤੋਂ ਪ੍ਰਭਾਵਿਤ ਹੋ ਕੇ ਕੁਝ ਦੇਰ ਲਈ ਜਿਊਨਵਾਦੀ ਲਹਿਰ ਨਾਲ ਜੁੜਦਾ ਹੈ ਪਰ ਉਸ ਦੀਆਂ ਨੈਤਿਕ ਕਦਰਾਂ ਉਸ ਨੂੰ ਰੋਕ ਲੈਂਦੀਆਂ ਹਨ। ਜੌਹਨ ਡਾਅਸਨ ਨਾਮ ਦੇ ਅੰਗਰੇਜ਼ ਦੇ ਕਤਲ ਬਾਰੇ ਇਲੀਸ਼ਾ ਤੇ ਗੈਡ ਨਾਮੀ ਬੁੱਢੇ ਦਰਮਿਆਨ ਹੀ ਇਹ ਸਾਰਾ ਬਿਰਤਾਂਤ ਉਸਰਦਾ ਹੈ ਜੋ ਕਈ ਦਾਰਸ਼ਨਿਕ ਵਿਸ਼ਿਆਂ ਜਿਵੇਂ ਮੌਤ, ਈਸ਼ਵਰ, ਚੁੱਪ, ਜੀਵਨ ਤੇ ਮੌਤ ਤੋਂ ਬਾਅਦ ਦੇ ਰਹੱਸ ਬਾਰੇ ਬੜਾ ਮੁੱਲਵਾਨ ਚਰਚਾ ਹੈ।
‘ਦੁਰਘਟਨਾ’ ਨਾਵਲ ਦਾ ਬਿਰਤਾਂਤ ਵੀ ਐਲੀ ਵੀਜ਼ਲ ਦੇ ਜੀਵਨ ਅਨੁਭਵ ‘ਤੇ ਹੀ ਆਧਾਰਤ ਹੈ। ਨਾਵਲ ਦੇ ਬਿਰਤਾਂਤ ਵਿਚ ਗਲਪੀ ਵਰਤਮਾਨ ਸੰਸਾਰ ਯੁੱਧ ਤੋਂ ਬਾਅਦ ਮੈਂ ਪਾਤਰ ਦੇ ਅਮਰੀਕਾ ਵਿਚ ਵਸ ਜਾਣ ਦਾ ਹੈ। ਮੈਂ ਪਾਤਰ ਆਪਣੀ ਸਹੇਲੀ ਕੈਥਲੀਨ ਨਾਲ ਫਿਓਦਰ ਦੋਸਤੋਵਸਕੀ ਦੇ ਨਾਵਲ ‘ਬਰਦਰਜ਼ ਕ੍ਰਾਮਾਜ਼ੋਵ’ ‘ਤੇ ਆਧਾਰਿਤ ਫਿਲਮ ਦੇਖਣ ਜਾਣ ਨਾਲ ਆਰੰਭ ਹੁੰਦਾ ਹੈ ਪਰ ਮੈਂ ਪਾਤਰ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ। ਬਾਕੀ ਸਾਰਾ ਬਿਰਤਾਂਤ ਪਿਛਲਝਾਤ ਹੈ ਜਿਸ ਵਿਚ ਉਹ ਆਪਣੇ ਨਾਜ਼ੀ ਜ਼ੁਲਮਾਂ ਅਤੇ ਦੂਜੀ ਆਲਮੀ ਜੰਗ ਦੀ ਤਬਾਹੀ ਨਾਲ ਜੁੜੇ ਅਨੁਭਵਾਂ ਨੂੰ ਆਪਸ ਵਿਚ ਸਾਂਝੇ ਕਰਦੇ ਹਨ। ਇਸ ਬਿਰਤਾਂਤ ਵਿਚ ਇਕ ਦ੍ਰਿਸ਼ ਹੈ ਜਿਸ ਤੋਂ ਮੈਨੂੰ ‘ਐਨ ਫਰੈਂਕ ਦੀ ਡਾਇਰੀ’ ਦਾ ਦ੍ਰਿਸ਼ ਯਾਦ ਆ ਗਿਆ। ਬੰਕਰ ਵਿਚ ਦਸ ਯਹੂਦੀ ਨਾਜ਼ੀ ਗੈਸਟੈਪੋ ਦੇ ਸਿਪਾਹੀਆਂ ਤੋਂ ਬਚਣ ਹਿੱਤ ਲੁਕੇ ਹੋਏ ਹਨ ਕਿ ਛੋਟਾ ਬੱਚਾ ਗੋਲਡਾ ਰੋਣ ਲੱਗ ਜਾਂਦਾ; “ਇਸ ਨੂੰ ਚੁੱਪ ਕਰਾ। ਇਸ ਦਾ ਧਿਆਨ ਕਰ… ਸਾਰਿਆਂ ਦੀ ਜ਼ਿੰਦਗੀ ਬਚਾਉਣ ਲਈ ਇਸ ਬਾਲ ਦੀ ਬਲੀ ਦੇਣੀ ਪਵੇਗੀ। ਬਾਲ ਨੂੰ ਉਸ ਗੋਲਡਾ ਹੱਥੋਂ ਲੈ ਲਿਆ। ਹਨੇਰੇ ਵਿਚ ਉਸ ਦੀਆਂ ਉਂਗਲਾਂ ਬੱਚੇ ਦੀ ਗਰਦਨ ਲੱਭ ਰਹੀਆਂ ਸਨ। ਤਦ, ਧਰਤੀ ਆਕਾਸ਼ ‘ਤੇ ਇਕਦਮ ਸੰਨਾਟਾ ਛਾ ਗਿਆ ਸੀ। ਬਸ ਦੂਰ ਕਿਤੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ।”
ਐਲੀ ਵੀਜ਼ਲ 1955 ਵਿਚ ਇਜ਼ਰਾਈਲੀ ਰਸਾਲੇ ‘ਯੀਦਿਓਤ ਆਹਰੋਨੋਤ’ ਦਾ ਵਿਦੇਸ਼ੀ ਪੱਤਰ ਪ੍ਰੇਰਕ ਬਣ ਕੇ ਨਿਊ ਯਾਰਕ ਪੁੱਜ ਗਿਆ। ਦੋ ਜੁਲਾਈ 2016 ਨੂੰ ਆਪਣੇ ਦੇਹਾਂਤ ਤਕ ਉਸ ਨੇ ਯਹੂਦੀ ਘੱਲੂਘਾਰੇ, ਯਹੂਦੀ ਧਰਮ ਤੇ ਦਰਸ਼ਨ ਦੇ ਵਿਸ਼ਿਆਂ ਉਪਰ ਲਗਾਤਾਰ 57 ਕਿਤਾਬਾਂ ਲਿਖੀਆਂ। ਐਲੀ ਨੇ ਦੋ ਭਾਗਾਂ ਵਿਚ ਆਪਣੀਆਂ ਯਾਦਾਂ ਵੀ ਲਿਖੀਆਂ। ਪਹਿਲਾ ‘ਆਲ ਰਿਵਰਜ਼ ਰਨ ਟੂ ਦਿ ਸੀਅ’ 1994 ਵਿਚ ਪ੍ਰਕਾਸ਼ਿਤ ਹੋਇਆ ਜਿਸ ਵਿਚ ਉਸ ਨੇ 1969 ਤਕ ਦੀਆਂ ਆਪਣੀਆਂ ਜੀਵਨ ਯਾਦਾਂ ਦਰਜ ਕੀਤੀਆਂ ਹਨ। ਦੂਜਾ ਭਾਗ ‘ਐਂਡ ਦਿ ਸੀਅ ਇਜ਼ ਨੈਵਰ ਫੁਲ’ 1999 ਵਿਚ ਪ੍ਰਕਾਸ਼ਿਤ ਹੋਇਆ।
ਐਲੀ ਨੇ ਦੋ ਨਾਟਕ ਵੀ ਲਿਖੇ। ‘ਦਿ ਮੈਡਨੈੱਸ ਆਫ ਗੌਡ’ ਅਤੇ ‘ਦਿ ਟਰਾਇਲ ਆਫ ਗੌਡ’ ਜੋ ਸੰਸਾਰ ਪ੍ਰਸਿੱਧ ਹੋਏ ਤੇ ਕਈ ਥਾਂ ਇਨ੍ਹਾਂ ਦਾ ਮੰਚਨ ਹੋਇਆ। ‘ਦਿ ਟਰਾਇਲ ਆਫ ਗੌਡ’ ਉਸ ਦੇ ਔਸ਼ਵਿਚਜ਼ ਦੇ ਅਸਲ ਅਨੁਭਵਾਂ ‘ਤੇ ਆਧਾਰਿਤ ਹੈ ਜਿਸ ਵਿਚ ਤਿੰਨ ਯਹੂਦੀ ਕੈਦੀਆਂ ਦਾ ਬਿਰਤਾਂਤ ਹੈ ਜੋ ਜ਼ੁਲਮਾਂ ਦੀ ਮਾਰ ਕਾਰਨ ਮਰਨ ਕਿਨਾਰੇ ਹਨ। ਉਹ ਰੱਬ ‘ਤੇ ਮੁਕੱਦਮਾ ਚਲਾਉਂਦੇ ਹਨ ਕਿ ਰੱਬ ਨੇ ਸਦਾ ਯਹੂਦੀਆਂ ‘ਤੇ ਅਕਹਿ ਜ਼ੁਲਮ ਕੀਤੇ।
ਐਲੀ ਵੀਜ਼ਲ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਵਿਚ ਮਾਨਵਿਕੀ ਦਾ ਪ੍ਰੋਫੈਸਰ ਰਿਹਾ ਅਤੇ ਉਸ ਦੇ ਨਾਮ ‘ਤੇ ਇਥੇ ‘ਐਲੀ ਵੀਜ਼ਲ ਸੈਂਟਰ ਆਫ ਜਿਊਸ਼ ਸਟੱਡੀਜ਼’ ਵੀ ਬਣਿਆ ਹੋਇਆ ਹੈ। ਉਹ ਅੰਤ ਤਕ ਯਹੂਦੀ ਸਰੋਕਾਰਾਂ ਨੂੰ ਸਮਰਪਿਤ ਰਿਹਾ ਅਤੇ ਵਾਸ਼ਿੰਗਟਨ ਡੀ.ਸੀ. ਵਿਚ ਉਸ ਨੇ ‘ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ’ ਕਾਇਮ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਉਸ ਨੇ ਆਪਣੀਆਂ ਰਾਜਨੀਤਕ ਸਰਗਰਮੀਆਂ ਰਾਹੀਂ ਦੱਖਣੀ ਅਫਰੀਕਾ, ਨਿਕਾਰਾਗੂਆ, ਕੋਸੋਵੋ ਅਤੇ ਸੁਡਾਨ ਵਿਚ ਜ਼ੁਲਮ ਦੇ ਸ਼ਿਕਾਰ ਲੋਕਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਉਹ ਸਦਾ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਰਿਹਾ ਅਤੇ ਉਸ ਨੇ ਪਹਿਲੀ ਸੰਸਾਰ ਜੰਗ ਦੌਰਾਨ ਵਾਪਰੇ 1915 ਦੇ ਆਰਮੀਨੀਆਈ ਘੱਲੂਘਾਰੇ ਦੀ ਪੁਰਜ਼ੋਰ ਨਿਖੇਧੀ ਕੀਤੀ। ‘ਲਾਸ ਏਂਜਲਸ ਟਾਈਮਜ਼’ ਰਸਾਲੇ ਨੇ ਐਲੀ ਵੀਜ਼ਲ ਨੂੰ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਯਹੂਦੀ ਦਾ ਲਕਬ ਦਿੱਤਾ।
ਐਲੀ ਵੀਜ਼ਲ ਨੂੰ ਉਸ ਦੀਆਂ ਯਹੂਦੀ ਘੱਲੂਘਾਰੇ ਨੂੰ ਸਮਰਪਿਤ ਲਿਖਤਾਂ, ਉਸ ਦੀਆਂ ਰਾਜਨੀਤਕ ਸਰਗਰਮੀਆਂ, ਮਨੁੱਖੀ ਅਧਿਕਾਰਾਂ ਦੀ ਪੈਰਵੀ, ਤਾਲਮੁਦਿਕ ਤੇ ਹਿਸਦਿਕ ਫਲਸਫੇ ਅਤੇ ਯਹੂਦੀ ਧਰਮ ਬਾਰੇ ਗਿਆਨ ਕਾਰਨ 1986 ਵਿਚ ਸ਼ਾਂਤੀ ਨੋਬੇਲ ਪੁਰਸਕਾਰ ਨਾਲ ਨਿਵਾਜਿਆ ਗਿਆ।