ਕਬੱਡੀ ਦਾ ਪ੍ਰੀਤਮ: ਪ੍ਰੀਤਾ ਨਡਾਲੀਆ

ਇੰਦਰਜੀਤ ਸਿੰਘ ਪੱਡਾ
ਫੋਨ: +91-98159-67462
ਜਿਵੇਂ ਪੰਜਾਬ ਵਿਚ ਵਾਰਿਸ ਦਾ ਕਿੱਸਾ ‘ਹੀਰ’ ਮਸ਼ਹੂਰ ਹੈ, ਜਗਰਾਵਾਂ ਦੀ ਰੌਸ਼ਨੀ ਤੇ ਬੱਬੇਹਾਲੀ ਦੀ ਛਿੰਝ ਹੈ, ਇਵੇਂ ਕਬੱਡੀ ਜਗਤ ਵਿਚ ਪ੍ਰੀਤੇ ਦਾ ਨਾਂ ਹੈ। ਕੋਈ ਵੇਲਾ ਸੀ ਜਦੋਂ ਪਿੰਡਾਂ ਦੀਆਂ ਸੱਥਾਂ ਵਿਚ ‘ਪ੍ਰੀਤਾ ਪ੍ਰੀਤਾ’ ਹੁੰਦੀ ਸੀ। ਪ੍ਰੀਤੇ ਦੀ ਕਬੱਡੀ ਦੇ ਦੀਵਾਨੇ ਲੋਕ ਦੂਰੋਂ-ਦੂਰੋਂ ਪਹੁੰਚਦੇ ਸਨ। ਪ੍ਰੀਤੇ ਦਾ ਨਾਂ ਮੈਂ ਪਹਿਲੀ ਵਾਰ ਆਪਣੇ ਬਾਪੂ ਦੇ ਮੂੰਹੋਂ ਸੁਣਿਆ ਸੀ। ਉਦੋਂ ਮੈਂ ਛੇਵੀਂ ਜਮਾਤ ਵਿਚ ਪੜ੍ਹਦਾ ਹੋਵਾਂਗਾ। ਲੋਕਾਂ ਨੇ ਕੱਪੜੇ ਲਾਹੁੰਦੇ ਖਿਡਾਰੀਆਂ ਕੋਲ ਖੜ੍ਹ ਜਾਣਾ। ਭੀੜ ਵਿਚੋਂ ਅਵਾਜ਼ਾਂ ਆਉਣੀਆਂ, “ਅਹੁ ਆ ਪ੍ਰੀਤਾ, ਅੱਜ ਸਵਾਦ ਆਊ, ਮੈਚ ਤਕੜਾ ਹੋਊ।” ਲੋਕਾਂ ਨੇ ਸਾਹ ਰੋਕ ਕੇ ਕਬੱਡੀ ਦੇਖਣੀ।

ਪ੍ਰੀਤੇ ਨੇ ਜਦੋਂ ਕੌਡੀ ਪਾਉਣੀ, ਪਹਿਲਾਂ ਸੂਰਜ ਵੱਲ ਦੇਖਣਾ, ਫਿਰ ਸੱਜੀ ਕੰਨੀਉਂ ਧਾਵਾ ਬੋਲਣਾ, ਜਿਵੇਂ ਕਹਿੰਦੇ ਹੁੰਦੇ ਆ, ‘ਬੱਦਲ ਉਠਿਆ ਟਿਲਿਉਂ, ਗਾਂਹ ਮਹਿੰ ਨਾ ਖੁੱਲ੍ਹੇ ਕਿਲਿਉਂ।’ ਜਾਫੀਆਂ ਨੂੰ ਭਾਜੜਾਂ ਪੈ ਜਾਣੀਆਂ, ਪੈਰ ਜਮੀਨ ‘ਤੇ ਨਾ ਲੱਗਣੇ, ਧੌਲੋਂ ਧੌਲੀ ਹੋਣਾ। ਦਰਸ਼ਕਾਂ ਦਾ ਜ਼ੋਰ ਲਗਣਾ। ਦੇਖਣ ਵਾਲਿਆਂ ਵਿਚੋਂ ਕਈਆਂ ਆਪ ਦੋ-ਦੋ ਫੁੱਟ ਪਿੱਛੇ ਖਿਸਕੀ ਜਾਣਾ, ਜਦੋਂ ਮਗਰਲੇ ਨੇ ਕਹਿਣਾ, “ਦੇਖੀਂ ਭਰਾਵਾ, ਸਾਡੇ ‘ਤੇ ਕਿਉਂ ਚੜ੍ਹੀ ਜਾਨਾਂ”, ਤਾਂ ਕਿਤੇ ਉਹਨੇ ਥਾਂ ਸਿਰ ਹੋਣਾ। ਇਹ ਹਾਲ ਸੀ, ਪ੍ਰੀਤੇ ਦੀ ਕਬੱਡੀ ਦੇ ਚਹੇਤਿਆਂ ਦਾ।
ਪ੍ਰੀਤਮ ਸਿੰਘ ਦਾ ਜਨਮ ਪੰਜਾਬ ਦੀ ਵੰਡ ਤੋਂ ਕੋਈ ਤਿੰਨ ਸਾਲ ਪਹਿਲਾਂ 15 ਜਨਵਰੀ 1944 ਨੂੰ ਪਿੰਡ ਡਸਕਾ, ਸਿਆਲਕੋਟ ਦੇ ਲਾਗੇ (ਹੁਣ ਲਹਿੰਦਾ ਪੰਜਾਬ, ਪਾਕਿਸਤਾਨ ਵਿਚ) ਪਿਤਾ ਲਾਭ ਸਿੰਘ ਅਤੇ ਮਾਤਾ ਜਿੰਦ ਕੌਰ ਦੇ ਘਰ ਹੋਇਆ। ਪ੍ਰੀਤਮ ਸਿੰਘ ਹੁਰੀਂ ਤਿੰਨ ਭਰਾ ਸਨ। ਵੱਡਾ ਬਹਾਦਰ ਸਿੰਘ, ਉਸ ਤੋਂ ਛੋਟਾ ਮਹਿੰਦਰ ਸਿੰਘ ਤੇ ਫਿਰ ਪ੍ਰੀਤਮ ਸਿੰਘ। ਡਸਕੇ ਵਿਚ ਇਨ੍ਹਾਂ ਦਾ ਪਰਿਵਾਰ ਪਹਿਲਵਾਨਾਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਸੀ। ਇਨ੍ਹਾਂ ਦੇ ਤਾਏ ਗੰਡਾ ਸਿੰਘ ਦਾ ਲੜਕਾ ਸੁੰਦਰ ਸਿੰਘ ਇਲਾਕੇ ਦਾ ਨਾਮੀ ਪਹਿਲਵਾਨ ਸੀ। ਵੇਲਣੇ ਦੀਆਂ ਗੋਗੜਾਂ ਨਾਲ ਰੋਜ਼ ਦੋ-ਦੋ ਹੱਥ ਕਰਨੇ ਤੇ ਡੰਡ ਬੈਠਕਾਂ ਕੱਢਣੀਆਂ, ਉਸ ਦਾ ਨੇਮ ਸੀ। ਬਾਲ ਪ੍ਰੀਤੇ ਨੇ ਸਾਧਨਾ ਦੇ ਇਸ ਸਬਕ ਨੂੰ ਨਿੱਕੇ ਹੁੰਦਿਆਂ ਹੀ ਦੇਖ-ਦੇਖ ਕੇ ਰਟ ਲਿਆ ਸੀ। ਜੇ ਸਿਆਲਕੋਟ ਨੂੰ ਪੂਰਨ ਭਗਤ ਨੇ ਮਸ਼ਹੂਰ ਕੀਤਾ ਤਾਂ ਡਸਕੇ ਨੂੰ ਪਹਿਲਵਾਨਾਂ ਦੇ ਇਸ ਟੱਬਰ ਨੇ।
ਸੰਨ ਸੰਤਾਲੀ ਦੇ ਰੌਲਿਆਂ ਨੇ ਨਿੱਕੇ ਪ੍ਰੀਤੇ ਨੂੰ ਪਰਿਵਾਰ ਨਾਲ ਨਡਾਲੇ ਲੈ ਆਂਦਾ। ਬਾਪ ਦੀ ਅੱਸੀ ਕਿੱਲੇ ਵਾਹੀ ਸੀ ਪਰ ਇਧਰ ਆ ਕੇ ਪੈਂਤੀ ਕਿੱਲੇ ਰਹਿ ਗਈ। ਨਾਲੇ ਵੰਡ ਦਾ ਦੁਖ ਹੰਢਾਇਆ, ਨਾਲੇ ਅੱਧਾ ਘਰ ਗੁਆਇਆ। ਸਿਆਣੇ ਕਹਿੰਦੇ ਹਨ, ‘ਉਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ’, ਪਰਿਵਾਰ ਦੀ ਰੱਜਵੀਂ ਮਿਹਨਤ ਨੇ ਦਿਨ ਮੋੜ ਦਿੱਤੇ।
ਪ੍ਰੀਤਮ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਡਾਲਾ ਸਕੂਲ ਪੜ੍ਹਦਿਆਂ ਮਾਸਟਰ ਅਮਰ ਸਿੰਘ ਢਿੱਲੋਂ ਨੇ ਪ੍ਰੀਤਮ ਅੰਦਰ ਲੁਕੇ ਖਿਡਾਰੀ ਨੂੰ ਪਛਾਣ ਲਿਆ। ਜਿਵੇਂ ਲੁਹਾਰ ਲੋਹੇ ਨੂੰ ਤਾਅ ਕੇ ਚੰਡਦਾ ਹੈ, ਇਵੇਂ ਮਾਸਟਰ ਜੀ ਨੇ ਪ੍ਰੀਤਮ ਸਿੰਘ ਨੂੰ ਅਭਿਆਸ ਦੀ ਭੱਠੀ ਵਿਚ ਤਾਅ ਕੇ ਪ੍ਰੀਤੇ ਤੋਂ ‘ਪ੍ਰੀਤ ਨਡਾਲੀਆ’ ਬਣਾ ਦਿੱਤਾ। ਪ੍ਰੀਤਮ ਸਿੰਘ ਕਿਸੇ ਪਾਰਖੂ ਦੀ ਅੱਖ ਵਿਚ ਪ੍ਰਵਾਨ ਚੜ੍ਹ ਗਿਆ ਸੀ।
ਇਹ ਗੱਲਾਂ ਮੈਨੂੰ ਪ੍ਰੀਤਮ ਨੇ ਉਸ ਦਿਨ ਦੱਸੀਆਂ, ਜਿਸ ਦਿਨ ਮੈਂ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ। ਗੱਲਾਂ ਕਰਦਿਆਂ ਸੂਰਜ ਕਦੋਂ ਪੱਛਮ ਦੀ ਗੁੱਠ ਵਿਚ ਲਹਿ ਗਿਆ, ਪਤਾ ਹੀ ਨਾ ਲੱਗਾ। ਜਿਵੇਂ ਸੂਰਜ ਨੇ ਪੱਛਮ ਵਿਚ ਸਿਰ ਨੀਵਾਂ ਕਰ ਲਿਆ ਸੀ, ਅਮਰ ਸਿੰਘ ਦੇ ਜ਼ਿਕਰ ਤੋਂ ਬਾਅਦ ਪ੍ਰੀਤਮ ਸਿੰਘ ਨੇ ਵੀ ਆਪਣਾ ਸਿਰ ਕਰ ਲਿਆ ਸੀ। ਵਾਹ! ਸੱਠ ਸਾਲ ਬੀਤੇ ਜਾਣ ਦੇ ਬਾਅਦ ਵੀ ਪ੍ਰੀਤਮ ਸਿੰਘ ਆਪਣੇ ਉਸਤਾਦ ਦਾ ਸਤਿਕਾਰ ਕਰਨਾ ਨਹੀਂ ਸੀ ਭੁੱਲਿਆ।
ਪ੍ਰੀਤਮ ਸਿੰਘ ਦੇ ਦੱਸਣ ਅਨੁਸਾਰ ਇਹ ਗੱਲ 1960 ਦੀ ਹੋਵੇਗੀ। ਸ਼ ਹਰਨਰੰਜਨ ਸਿੰਘ ਭਾਗੋਵਾਲ ਜਿਲਾ ਗੁਰਦਾਸਪੁਰ ਸਕੂਲ ਦੇ ਹੈੱਡਮਾਸਟਰ ਸਨ। ਜਿਲਾ ਪੱਧਰ ਦਾ ਮੈਚ ਸਕੂਲ ਵਿਚ ਖੇਡਿਆ ਜਾਣਾ ਸੀ। ਮੈਚ ਕਾਹਦਾ, ਸਮਝੋ ਸਾਨ੍ਹ ਭਿੜਨੇ ਸਨ। ਪ੍ਰੀਤੇ ਦੀ ਵਿਰੋਧੀ ਟੀਮ ਵਿਚ ਮੋਹਣਾ ਦੋਲੋ ਨੰਗਲੀਆ ਤੇ ਨੱਥਾ ਵਜ਼ੀਰ ਭੁੱਲਰ, ਦੋਵੇਂ ਖਿਡਾਰੀ ਵਡੇਰੀ ਉਮਰ ਦੇ ਲਏ ਗਏ। ਰੱਟਾ ਪੈ ਗਿਆ। ਗੱਲ ਕਿਸੇ ਪਾਸੇ ਨਾ ਲੱਗੇ। ਵਿਰੋਧੀ ਟੀਮ ਦੋਹਾਂ ਖਿਡਾਰੀਆਂ ਨੂੰ ਖਿਡਾਉਣ ਲਈ ਬਜ਼ਿੱਦ ਸੀ। ਇਹ ਆਤਮ-ਵਿਸ਼ਵਾਸ ਕਹਿ ਲਉ ਜਾਂ ਜ਼ੋਰ ਬੇਸ਼ਰਮ ਕਹਿ ਲਉ, ਪ੍ਰੀਤਾ ਮੰਨ ਗਿਆ। ਉਦੋਂ ਪ੍ਰੀਤੇ ਦੀ ਟੀਮ ਵਿਚ ਪਿੰਦਰ ਨਿਹਾਲਗੜ੍ਹੀਆ ਜਾਫੀ ਸੀ। ਪਿਆਰਾ ਗਿੱਲ ਤੇ ਧੀਰਾ ਘੁੰਮਣ ਨਡਾਲੀਆ ਰੇਡਰ ਸਨ। ਮੈਚ ਦੇਖਣ ਲਈ ਪਾੜ੍ਹਿਆਂ ਦਾ ਹੜ੍ਹ ਆਇਆ ਹੋਇਆ ਸੀ। ਪਹਿਲੇ ਅੱਧ ਵਿਚ ਪ੍ਰੀਤੇ ਦੀ ਟੀਮ ਨੇ 18 ਨੰਬਰ ਲਏ ਅਤੇ ਵਿਰੋਧੀ ਟੀਮ ਨੇ 6 ਨੰਬਰ; ਦੂਜੇ ਅੱਧ ਵਿਚ ਵਿਰੋਧੀ ਟੀਮ 6 ਦਾ ਅੰਕੜਾ ਪਾਰ ਨਾ ਕਰ ਸਕੀ ਤੇ ਪ੍ਰੀਤੇ ਹੁਰਾਂ ਨੇ 43 ਅੰਕ ਲੈ ਕੇ ਮੈਚ ਜਿੱਤ ਲਿਆ।
ਕਿਸੇ ਦੀ ਕਾਮਯਾਬੀ ਉਦੋਂ ਮੂੰਹੋਂ ਬੋਲਦੀ ਹੈ, ਜਦੋਂ ਉਸ ਸਮੇਂ ਦੀ ਜਵਾਨੀ ਆਪਣੇ ਨਾਇਕ ਵਰਗਾ ਬਣਨ ਲਈ ਆਪਣੀਆਂ ਸੋਚਾਂ ਦੇ ਪਰ ਤੋਲਦੀ ਹੈ। ਪੰਜਾਬੀ ਦੇ ਪ੍ਰਸਿਧ ਵਾਰਤਾਕਾਰ ਡਾ. ਆਸਾ ਸਿੰਘ ਘੁੰਮਣ ਆਪਣੇ ਚੇਤਿਆਂ ਦੀ ਚੰਗੇਰ ‘ਚੋਂ ਦੱਸਦੇ ਹਨ ਕਿ ਉਹ ਪ੍ਰੀਤਮ ਸਿੰਘ ਤੋਂ ਚਾਰ ਜਮਾਤਾਂ ਪਿੱਛੇ ਸਨ। ਪ੍ਰੀਤਮ ਸਿੰਘ ਸਕੂਲ ਤੋਂ ਦਸਵੀਂ ਪਾਸ ਕਰਕੇ ਚਲਾ ਗਿਆ ਸੀ। ਗਾਹੇ-ਬਗਾਹੇ ਜਦੋਂ ਪ੍ਰੀਤਮ ਸਿੰਘ ਸਕੂਲ ਆਉਂਦਾ ਤਾਂ ਮੁੰਡੇ ਉਸ ਨੂੰ ਬੜੇ ਤਪਾਕ ਨਾਲ ਮਿਲਦੇ। ਉਹਦੇ ਨਾਲ ਕਬੱਡੀ ਬਾਰੇ ਗੱਲਾਂ ਕਰਦੇ ਨਾ ਥੱਕਦੇ। ਸਕੂਲ ਵਿਚ ਮੁੰਡੇ ਉਹਦੇ ਵਾਂਗ ਤੁਰਦੇ, ਉਸ ਦੇ ਅੰਦਾਜ਼ ਵਿਚ ਗੱਲਾਂ ਕਰਦੇ ਤੇ ਕਬੱਡੀ ਖੇਡਦੇ ਉਹਦੀ ਨਕਲ ਕਰੇ। ਮੁੰਡਿਆਂ ਨੂੰ ਆਪਣੇ ਅੰਦਰ ਪ੍ਰੀਤਾ ਚੁੰਘੀਆਂ ਭਰਦਾ ਮਹਿਸੂਸ ਹੁੰਦਾ। ਸੱਚਮੁੱਚ ਉਹ ਆਪਣੇ ਸਮਕਾਲੀਆਂ ਦਾ ਨਾਇਕ ਸੀ। ਇਹ ਉਸ ਦੀ ਵੱਡੀ ਪ੍ਰਾਪਤੀ ਸੀ।
ਉਹਦੇ ਮੁਢਲੇ ਮੈਚਾਂ ਵਿਚੋਂ ਇਕ ਮੈਚ ਅੱਜ ਵੀ ਲੋਕਾਂ ਦੇ ਚੇਤਿਆਂ ਵਿਚ ਵਸਿਆ ਹੋਇਆ ਹੈ। ਇਹ ਮੈਚ ਨਡਾਲੇ ਲਾਗੇ ਪਿੰਡ ਦਮੂਲੀਆ ਵਿਚ ਹੋਇਆ ਸੀ। ਫੈਸਲਾ ਹੋਇਆ ਕਿ ਨਡਾਲੇ ਤੋਂ ਬੇਗੋਵਾਲ ਵੱਲ ਦੇ ਖਿਡਾਰੀ ਇਕ ਪਾਸੇ ਅਤੇ ਲੱਖਣ ਕੇ ਪੱਡੇ ਵੱਲ ਦੇ ਖਿਡਾਰੀ ਦੂਜੇ ਪਾਸੇ ਖੇਡਣਗੇ। ਇਹ ਐਲਾਨ ਕਈ ਦਿਨ ਪਹਿਲਾਂ ਹੋ ਗਿਆ ਸੀ। ਦਿਨ ਮਿੱਥ ਲਿਆ ਗਿਆ ਸੀ। ਮੈਚ ਵਾਲੇ ਦਿਨ ਛਪਾਰ ਦੇ ਮੇਲੇ ਜਿੰਨਾ ਮੁਲਖ ਇਕੱਠਾ ਹੋ ਗਿਆ। ਮੈਦਾਨ ਵਿਚ ਢੋਲ ਵੱਜ ਰਿਹਾ ਸੀ।
ਪ੍ਰੀਤੇ ਨੇ ਆਪਣੇ ਨਾਲ ਬਲਦੇਵ ਤਲਵੰਡੀ, ਪਾਲੂ ਧਾਲੀਵਾਲ ਰੇਡਰ ਲੈ ਲਏ। ਬਿੰਦੀ ਢਿੱਲਵਾਂ, ਗਿੰਦੀ ਪੱਡਾ ਜਾਫੀ ਹੋ ਗਏ। ਵਿਰੋਧੀ ਟੀਮ ਦੇ ਜਾਫੀਆਂ ਵਿਚ ਸ਼ਿਵਦੇਵ, ਜੋ ਅੱਜ ਕੱਲ੍ਹ ਐਸ਼ਪੀ. ਪੰਜਾਬ ਪੁਲਿਸ ਤੇ ਸਪੋਰਟਸ ਸੈਕਟਰੀ ਹੈ, ਨਾਲ ਮਹਿੰਦਰ ਮੋਹਨ ਹੁਰੀਂ ਹੋ ਗਏ। ਅਮਰਜੀਤ, ਗੁਰਕੇਵਲ ਤੇ ਬਾਘਾ ਮਿਆਣੀ ਧਾਵੀ ਸਨ। ਮੈਚ ਸ਼ੁਰੂ ਹੋਇਆ। ਲੋਕਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਮਾਰ ਲਾਅ-ਲਾਅ ਹੋ ਗਈ। ਧੂੜਾਂ ਅਸਮਾਨੀ ਚੜ੍ਹ ਗਈਆਂ। ਪ੍ਰਿੰਸੀਪਲ ਸਰਵਣ ਸਿੰਘ ਦੇ ਕਹਿਣ ਮੂਜਬ, ਲੋਕਾਂ ਦਾ ਸੇਰ-ਸੇਰ ਲਹੂ ਵਧ ਗਿਆ। ਨਵੇਂ ਖਿਡਾਰੀਆਂ ਦੇ ਹੌਂਸਲੇ ਵਧ ਗਏ। ਅੱਜ ਵੀ ਬਿੰਦੀ ਢਿੱਲਵਾਂ ਇਸ ਮੈਚ ਦਾ ਹਾਲ ਬੜੇ ਚਾਅ ਨਾਲ ਦੱਸਦਾ। ਕਹਿੰਦਾ, “ਭਾਊ ਪ੍ਰੀਤਮ ਦੇ ਹੁੰਦਿਆਂ ਜੋ ਰੇਡਾਂ ਉਦੋਂ ਪਾ ਦਿੱਤੀਆਂ, ਉਹ ਮੀਲ ਪੱਥਰ ਬਣ ਗਈਆਂ। ਪ੍ਰੀਤਮ ਦੀ ਰਹਿਨੁਮਾਈ ਨੇ ਸਾਰੇ ਡਰ ਭਉ ਲਾਹ ਦਿੱਤੇ।” ਇਹ ਬਿੰਦੀ ਬਾਅਦ ਵਿਚ ਕਬੱਡੀ ਦੇ ‘ਸ਼ੁਦਾਈ’ ਦੇ ਤੌਰ ‘ਤੇ ਜਾਣਿਆ ਗਿਆ।
ਪ੍ਰੀਤਮ ਦੀ ਵਡਿਆਈ ਖਿਡਾਰੀ ਇਸ ਗੱਲ ਵਿਚ ਮੰਨਦੇ ਹਨ ਕਿ ਉਸ ਨੇ ਨਵੇਂ ਖਿਡਾਰੀਆਂ ਨੂੰ ਗਰਾਊਂਡ ਵਿਚ ਆਉਣ ਦੇ ਪੂਰੇ ਮੌਕੇ ਦਿੱਤੇ; ਜਿਵੇਂ ਕੋਈ ਬਾਪ ਉਂਗਲ ਫੜਾ ਕੇ ਕਿਸੇ ਬਾਲ ਨੂੰ ਤੁਰਨਾ ਸਿਖਾਉਂਦਾ ਹੈ। ਸ਼ਾਇਦ ਇਸੇ ਕਰਕੇ ਖਿਡਾਰੀ ਉਸ ਦਾ ਸਤਿਕਾਰ ਕਰਦੇ ਹਨ। ਕਈ ਖਿਡਾਰੀ ਜਦੋਂ ਬਾਹਰਲੇ ਦੇਸੋਂ ਆਉਂਦੇ ਹਨ ਤਾਂ ਉਚੇਚਾ ਉਸ ਨੂੰ ਮਿਲਣ ਜਾਂਦੇ ਹਨ। ਉਸ ਲਈ ਕੋਈ ਨਾ ਕੋਈ ਸੁਗਾਤ ਲਿਆਉਂਦੇ ਹਨ। ਕਦੇ ਬੇਵਸੀ ਵਿਚ ਜੇ ਮਿਲਾਪ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਪੰਜਾਬ ਯਾਤਰਾ ਅਧੂਰੀ ਲਗਦੀ ਹੈ। ਕੈਨੇਡਾ ਵਸੇ ਖਿਡਾਰੀ ਉਹਨੂੰ ਅਕਸਰ ਖੇਡ ਮੇਲਿਆਂ ‘ਤੇ ਬੁਲਾ ਕੇ ਮਾਣ-ਸਨਮਾਨ ਦੇ ਕੇ ਮੇਲਾ ਸਫਲ ਹੋਇਆ ਸਮਝਦੇ ਹਨ।
ਲੋਕ ਦੱਸਦੇ ਆ, ਬਈ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ‘ਤੇ ਜਲੰਧਰ ਅਤੇ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਮੈਚ ਫਸ ਗਿਆ। ਦੋਵੇਂ ਟੀਮਾਂ ਦੇ ਖਿਡਾਰੀ ਲੋਕਾਂ ਦੇ ਦੇਖੇ ਪਰਖੇ ਸਨ। ਸਟੇਡੀਅਮ ਵਿਚ ਤਿਲ ਸੁੱਟਿਆ ਭੁੰਜੇ ਨਹੀਂ ਸੀ ਡਿਗਦਾ। ਮੈਚ ਅੱਧਾ ਹੋ ਚੁੱਕਾ ਸੀ ਜਦੋਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸਟੇਜ ਉਤੇ ਪੁੱਜੇ। ਅਨਾਊਂਸਮੈਂਟ ਹੋ ਗਈ ਕਿ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਕਤਾਰਾਂ ਵਿਚ ਖੜ੍ਹਾ ਕਰ ਦਿੱਤਾ ਜਾਵੇ। ਗਿਆਨੀ ਜੀ ਅਸ਼ੀਰਵਾਦ ਦੇਣਗੇ। ਮੈਚ ਰੋਕ ਕੇ ਕਤਾਰਾਂ ਬਣਾ ਦਿੱਤੀਆਂ ਗਈਆਂ। ਸਟੇਜ ‘ਤੇ ਸਿਆਸਤ ਭਾਰੂ ਹੋ ਗਈ ਸੀ!
ਖਿਡਾਰੀਆਂ ਦੇ ਅੰਤਾਂ ਦੇ ਭਖੇ ਹੋਏ ਜੁੱਸੇ ਠੰਢੇ ਪੈਣ ਲੱਗੇ। ਲੋਕ ਮੈਚ ਦੇਖਣ ਲਈ ਪੱਬਾਂ ਭਾਰ ਹੋਏ ਪਏ ਸਨ। ਸਮਾਂ ਕਾਫੀ ਲੰਘ ਗਿਆ। ਸਪੀਕਰ ‘ਚੋਂ ਅਵਾਜ਼ ਆਈ ਕਿ ਗਿਆਨੀ ਜੀ ਕੋਲ ਵਕਤ ਦੀ ਘਾਟ ਹੈ, ਮੈਚ ਸ਼ੁਰੂ ਕਰਵਾ ਦਿਉ। ਖਿਡਾਰੀ ਉਡੀਕਦੇ ਰਹਿ ਗਏ। ਮੁੱਖ ਮੰਤਰੀ ਨਾਲ ਫੋਟੋ ਖਿਚਵਾਉਣ ਦੇ ਚਾਅ ਨੂੰ ਕੈਂਚੀ ਲੱਗ ਗਈ।
ਫਿਰ ਕੀ ਸੀ? ਉਹੀ ਗੱਲ ਹੋਈ ਜਿਹਦਾ ਡਰ ਸੀ। ਜਲੰਧਰ ਦੀ ਟੀਮ ਦਾ ਕਪਤਾਨ ਬੰਸਾ ਲੋਹੀਆਂ ਅਤੇ ਕਪੂਰਥਲਾ ਟੀਮ ਦਾ ਕਪਤਾਨ ਪ੍ਰੀਤਾ ਨਡਾਲੀਆ ਆਪੋ-ਆਪਣੀ ਟੀਮ ਲੈ ਕੇ ਮੈਦਾਨੋਂ ਬਾਹਰ ਆ ਗਏ। ਸਪੀਕਰ ਵਿਚੋਂ ਕਈ ਵਾਰ ਅਵਾਜ਼ਾਂ ਆਈਆਂ ਕਿ ਮੈਚ ਦਿਖਾਉ ਪਰ ਕੌਣ ਮੰਨਦਾ? ਉਥੇ ਅਣਖ ਜਾਗ ਪਈ ਸੀ। ਐਵੇਂ ਤਾਂ ਨਹੀਂ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ: “ਮੰਨੇ ਨਾ ਮਨੀਂਦੇ ਕਦੀ…।”
ਬਹੁਤੀ ਵਾਰ ਖਿਡਾਰੀ ਨਾਲ ਕੋਈ ਨਾ ਕੋਈ ਰੌਚਕ ਕਿੱਸਾ ਜੁੜ ਜਾਂਦਾ ਹੈ ਜੋ ਹੌਲੀ-ਹੌਲੀ ਦੰਦ ਕਥਾ ਬਣ ਜਾਂਦੀ ਹੈ। ਗੱਲ ਪਟਿਆਲਾ ਵਿਚ ਹੋਈ 27ਵੀਂ ਚੈਂਪੀਅਨਸ਼ਿਪ ਕਬੱਡੀ ਦੀ ਹੈ। ਮੈਚ ਕਪੂਰਥਲਾ ਅਤੇ ਫਰੀਦਕੋਟ ਦੀਆਂ ਟੀਮਾਂ ਵਿਚਕਾਰ ਖੇਡਿਆ ਜਾ ਰਿਹਾ ਸੀ। ਉਦੋਂ ਬਲਕਾਰਾ ਹਰਨਾਮਪੁਰੀਆ, ਗਿਆਨੀ ਮੋਠਾਂ ਵਾਲੀਆ ਤੇ ਬੋਲਾ ਪੱਤੜ ਮੋਢਿਆਂ ਉਤੋਂ ਦੀ ਥੁੱਕਦੇ ਸਨ। ਨਿੰਦੀ ਔਜਲਾ ਤੇ ਭੱਜੀ ਖੀਰਾਂਵਾਲੀਏ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਫਰੀਦਕੋਟੀਏ ਕਪੂਰਥਲੀਆਂ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰੇ ਹੋਏ ਸਨ। ਵੀਰੂ ਤੇ ਸੇਵੀ ਜਾਫੀਆਂ ਨੇ ਅਸਲੋਂ ਮੱਤ ਮਾਰੀ ਹੋਈ ਸੀ। ਇਸ ਦੌਰਾਨ ਪ੍ਰੀਤੇ ਨੇ ਕਬੱਡੀ ਪਾਈ। ਸੇਵੀ ਨੇ ਦਸਤਪੰਜਾ ਲੈ ਲਿਆ। ਸੇਵੀ ਰਾਹ ਨਾ ਦੇਵੇ। ਪ੍ਰੀਤਾ ਕਰੇ ਤਾਂ ਕਰੇ ਕੀ? ਅੰਤ ਪ੍ਰੀਤੇ ਨੇ ਬਗਲਾਂ ਭਰ ਉਤਾਂਹ ਚੁੱਕ ਐਸਾ ਵੀਰੂ ‘ਤੇ ਸੁੱਟਿਆ ਕਿ ਦੋਹਾਂ ਭਰਾਵਾਂ ਦੇ ਸਿਰ ਪਾਟ ਗਏ। ਲਹੂ ਦੀ ਤਤੀਰੀ ਵਹਿ ਤੁਰੀ।
ਸਕੂਲ ਪੜ੍ਹਦਿਆਂ ਪ੍ਰੀਤੇ ਨੇ ਦਸਵੀਂ ਤੱਕ (1959, 60 ਤੇ 1961) ਲਗਾਤਾਰ ਤਿੰਨ ਸਾਲ ਜਿਲਾ ਚੈਂਪੀਅਨਸ਼ਿਪ ਜਿੱਤੀ। 1965 ਵਿਚ ਉਹ ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਭਰਤੀ ਹੋਇਆ। ਭਰਤੀ ਹੋਣ ‘ਤੇ ਵੀ ਉਸ ਨੇ ਪੇਂਡੂ ਟੂਰਨਾਮੈਂਟ ਖੇਡਣੇ ਨਹੀਂ ਛੱਡੇ। ਖੇਡਣ ਖਾਤਰ ਛੁੱਟੀ ਵੀ ਲੈ ਲੈਂਦਾ। ਉਨ੍ਹਾਂ ਸਮਿਆਂ ਵਿਚ ਇਨਾਮ ਨਾਂ-ਮਾਤਰ ਹੁੰਦੇ ਸਨ। ਪੈਸੇ ਮਗਰ ਅਜੇ ਦੌੜ ਨਹੀਂ ਸੀ ਲੱਗੀ। ਕਿਤਿਉਂ ਬੁਨੈਣਾਂ ਮਿਲ ਜਾਂਦੀਆਂ, ਕਿਤਿਉਂ ਸਾਬਣਦਾਨੀਆਂ ਤੇ ਕਿਤਿਉਂ ਬੈਗ ਪਰ ਪ੍ਰੀਤਮ ਇਨਾਮਾਂ ਦੀ ਖਾਤਰ ਕਦੋਂ ਖੇਡਦਾ ਸੀ? ਕਬੱਡੀ ਤਾਂ ਉਸ ਦਾ ਇਸ਼ਟ ਸੀ। ਰੂਹ ਦੀ ਖੁਰਾਕ ਸੀ। ‘ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ’ ਵਾਲੀ ਗੱਲ ਸੀ। 1966 ਵਿਚ ਉਸ ਨੇ ਜੈਵਲਿਨ ਥਰੋ ‘ਤੇ ਹੱਥ ਅਜ਼ਮਾਇਆ:
ਜੋ ਹਿੰਮਤ ਕਰਦੇ ਉਨ੍ਹਾਂ ਲਈ, ਕੀ ਚੀਜ਼ ਕਿਨਾਰੇ ਹੁੰਦੇ ਨੇ,
ਉਹ ਸੂਰਜ ਹੱਥ ਵਿਚ ਫੜ ਲੈਂਦੇ, ਕੀ ਚੀਜ਼ ਸਿਤਾਰੇ ਹੁੰਦੇ ਨੇ।
1969 ਵਿਚ ਉਸ ਨੇ ਅਜਮੇਰ (ਰਾਜਸਥਾਨ) ਵਿਚ 67.32 ਮੀਟਰ ਨੇਜਾ ਸੁੱਟ ਕੇ ਭਾਰਤ ਦਾ ਨਵਾਂ ਕੌਮੀ ਰਿਕਾਰਡ ਰੱਖਿਆ। ਗੁਰਬਚਨ ਸਿੰਘ ਰੰਧਾਵਾ ਦਾ ਰਿਕਾਰਡ 64.09 ਮੀਟਰ ਸੀ। 3.23 ਮੀਟਰ ਦੇ ਵੱਡੇ ਫਰਕ ਨਾਲ ਪ੍ਰੀਤਾ ਅੱਗੇ ਨਿਕਲ ਗਿਆ। 1971 ਵਿਚ ਸਿੰਗਾਪੁਰ ਪ੍ਰੀ-ਏਸ਼ੀਅਨ ਮੁਕਾਬਲਿਆਂ ਵਿਚ ਜਾ ਪਹੁੰਚਾ। 64.54 ਮੀਟਰ ਨੇਜਾ ਸੁੱਟ ਕੇ ਹਿੰਦੋਸਤਾਨ ਲਈ ਗੋਲਡ ਮੈਡਲ ਜਿੱਤਿਆ ਅਤੇ ਪਿਛਲਾ ਰਿਕਾਰਡ ਤੋੜਿਆ, ਜੋ ਨਛੱਤਰ ਸਿੰਘ ਨੇ ਬਣਾਇਆ ਸੀ। ਜਦੋਂ ‘ਜਨ-ਗਣ-ਮਨ’ ਦੀ ਧੁਨ ਵੱਜੀ ਤਾਂ ਉਸ ਦੀਆਂ ਅੱਖਾਂ ਛਲਕ ਗਈਆਂ। ਵਤਨ ਦੀ ਯਾਦ ਆ ਗਈ। ਵਤਨ ਦੀ ਮਿੱਟੀ ਦੀ ਮਹਿਕ ਦੂਰ ਦੁਰਾਡੇ ਖਿੰਡ ਗਈ ਸੀ।
ਪ੍ਰੀਤਮ ਹੈਂਡਬਾਲ ਵੀ ਸੋਹਣਾ ਖੇਡਿਆ। 100 ਮੀਟਰ ਦੌੜ ਦੌੜਦਾ ਤਾਂ ਲੋਕਾਂ ਦੇ ਮੂੰਹ ਅੱਡੇ ਰਹਿ ਜਾਂਦੇ। 400 ਮੀਟਰ ਦੌੜ ਵਿਚ ਉਹ ਪੰਜਾਬ ਪੁਲਿਸ ਦਾ ਮੈਂਬਰ ਰਿਹਾ। ਡਿਸਕਸ ਥ੍ਰੋਅ ਵਿਚ ਉਸ ਦੀਆਂ ਕਈ ਪੁਜ਼ੀਸ਼ਨਾਂ ਹਨ। ਪ੍ਰੀਤੇ ਵਿਚ ਇੰਨਾ ਜ਼ੋਰ ਤੇ ਹੁਨਰ ਕਿਥੋਂ ਆ ਗਿਆ ਸੀ, ਇਹ ਰੱਬ ਹੀ ਜਾਣਦਾ। ਲੇਖਕ ਬਲਿਹਾਰ ਸਿੰਘ ਰੰਧਾਵਾ ਵੀ ਗਵਾਹੀ ਭਰਦਾ ਲਿਖਦਾ ਹੈ, “ਵਲ ਖਾਣੀ ਸੋਟੀ ਨੇਜ਼ੇ ਨੂੰ ਉਹ ਸਾਹਾਂ ਤੋਂ ਵੱਧ ਪਿਆਰ ਕਰਦਾ ਸੀ। ਜਿਥੇ ਕਿਤੇ ਮੈਚ ਖੇਡਣ ਜਾਂਦਾ, ਉਹ ਆਪਣੇ ਨਾਲ ਲੈ ਜਾਂਦਾ, ਗਰਾਊਂਡ ਵਿਚ ਜਾ ਗੱਡਦਾ, ਜਿਵੇਂ ਕੋਈ ਜੇਤੂ ਜਰਨੈਲ ਆਪਣੀ ਜਿੱਤ ਦਾ ਝੰਡਾ ਗੱਡਦਾ ਹੈ।”
1974 ਤੇ 1977 ਵਿਚ ਪ੍ਰੀਤਮ ਸਿੰਘ ਦੀ ਕਪਤਾਨੀ ਹੇਠ ਦੋ ਵਾਰ ਭਾਰਤ ਕਬੱਡੀ ਦੀ ਟੀਮ ਇੰਗਲੈਂਡ ਖੇਡਣ ਗਈ। ਉਦੋਂ ਸਾਊਥਾਲ ਦੀ ਟੀਮ ਦੀ ਇੰਗਲੈਂਡ ਵਿਚ ਪੂਰੀ ਤੂਤੀ ਬੋਲਦੀ ਸੀ। ਹਿੰਮਤ ਸਿੰਘ ਸੋਹੀ ਤੇ ਹਰਪਾਲ ਸਿੰਘ ਬਰਾੜ ਉਦੋਂ ਪੂਰੀ ਚੜ੍ਹਤ ਵਿਚ ਸਨ। ਉਸ ਵਕਤ ਦੇ ਸਮਕਾਲੀਆਂ ਵਿਚ ਜੀਤਾ ਸਿਪਾਹੀ, ਸੱਤਾ ਸਠਿਆਲੀਆ, ਭੱਜੀ ਖੁਰਦਪੁਰੀਆ ਤੇ ਰਸਾਲਾ ਅੰਬਰਸਰੀਆ ਵਿਸ਼ੇਸ਼ ਸਨ। ਸੰਨ 1977 ਦੇ ਸਮੇਂ ਨੂੰ ਯਾਦ ਕਰਕੇ ਪ੍ਰੀਤਾ ਅੱਜ ਵੀ ਅਰਜਨ ਕੌਂਕੇ, ਫਿੱਡੂ, ਬੋਲਾ ਪੱਤੜ, ਦੇਵੀ ਦਿਆਲ ਤੇ ਭੱਜੀ ਖੀਰਾਂਵਾਲੀਏ ਨੂੰ ਆਪਣੇ ਪੋਟਿਆਂ ‘ਤੇ ਗਿਣ ਜਾਂਦਾ ਹੈ। ਸਰਵਣ ਰਮੀਦੀ ਨੂੰ ਚੰਗਾ ਖਿਡਾਰੀ ਮੰਨ ਕੇ ਸਤਿਕਾਰ ਕਰਦਾ ਹੈ। ਕੋਈ ਕਲਮ ਦਾ ਧਨੀ ਕਹਿੰਦਾ ਹੈ:
ਫਿੱਡੂ ਤੇ ਪ੍ਰੀਤਾ, ਦੇਵੀ ਦਿਆਲ ਵਰਗੇ
ਦੁਨੀਆਂ ‘ਤੇ ਵੱਖਰੀ ਮਿਸਾਲ ਕਰ ਗਏ।
ਮੈਂ ਪ੍ਰੀਤਮ ਸਿੰਘ ਨੇ ‘ਆਇਆ ਪ੍ਰੀਤਾ, ਗਿਆ ਪ੍ਰੀਤਾ’ ਦੀ ਕਹਾਣੀ ਪੁੱਛੀ ਤਾਂ ਥੋੜ੍ਹਾ ਹੱਸ ਪਿਆ ਤੇ ਨੀਵੀਂ ਪਾ ਕੇ ਕਹਿਣ ਲੱਗਾ ਕਿ ਇਕ ਮੈਚ ਵਿਚ ਡਿਵੀਜ਼ਨਲ ਸਪੋਰਟਸ ਅਫਸਰ ਭਗਤ ਅਮਰਜੀਤ ਸਿੰਘ, ਜੋ ਫੋਲੜੀਵਾਲ ਦੇ ਸਨ, ਮਾਈਕ ‘ਤੇ ਆਪਣੇ ਹੀ ਰੌਂਅ ਵਿਚ ਕਹਿਣ ਲੱਗੇ, “ਲਓ ਬਈ ਆ ਗਿਆ ਪ੍ਰੀਤਾ, ਨਹੀਂ ਡੱਕ ਹੋਇਆ ਤੇ ਅਹੁ ਗਿਆ ਪ੍ਰੀਤਾ।” ਫਿਰ ਕਿਸੇ ਮੈਚ ਵਿਚ ਨਿਰੰਜਨ ਸਿੰਘ ਜਗਤਪੁਰ ਜੱਟਾਂ ਡਿਵੀਜ਼ਨਲ ਸਪੋਰਟਸ ਅਫਸਰ ਦੇ ਮੂੰਹੋਂ ਵੀ ਇਹੀ ਸ਼ਬਦ ਨਿਕਲ ਕੇ ਪੰਜਾਬ ਦੀਆਂ ਹਵਾਵਾਂ ਵਿਚ ਫੈਲ ਗਏ ਤੇ ਇਸ ਤੋਂ ਬਾਅਦ ਲੋਕਾਂ ਦੇ ਬੁੱਲਾਂ ‘ਤੇ ਜਾ ਚੜ੍ਹੇ। ਮੈਂ ਪਹਿਲੀ ਵਾਰ ਪ੍ਰੋ. ਮੱਖਣ ਸਿੰਘ ਦੇ ਮੂੰਹੋਂ ‘ਆਇਆ ਪ੍ਰੀਤਾ, ਗਿਆ ਪ੍ਰੀਤਾ’ ਦਾ ਉਚਾਰਨ ਸੁਣਿਆ ਤੇ ਬਾਅਦ ਵਿਚ ਮੇਰੇ ਸਮੇਤ ਕਈ ਲੇਖਕਾਂ ਨੇ ਇਸ ਵਿਸ਼ੇਸ਼ਣ ਨੂੰ ਲਿਖਿਆ ਤੇ ਕੁਮੈਂਟੇਟਰਾਂ ਨੇ ਬੋਲ ਕੇ ਲੋਕ ਕੰਨਾਂ ਵਿਚ ਸ਼ਹਿਦ ਵਾਂਗ ਘੋਲਿਆ।
ਕਬੱਡੀ ਵਿਚ ਪ੍ਰੀਤੇ ਨੇ ਡਾਲਰ, ਪੌਂਡ ਨਹੀਂ ਕਮਾਏ। ਕਾਰਾਂ, ਕੋਠੀਆਂ ਤੇ ਪਲਾਟ ਨਹੀਂ ਖਰੀਦੇ। ਬੱਸ ਸੱਚੀ ਤੇ ਸੁੱਚੀ ਮਿਹਨਤ ਨਾਲ, ਸੱਚੇ ਤੇ ਸੁੱਚੇ ਜੁੱਸੇ ਨਾਲ ਪੰਜਾਬੀਆਂ ਦੀ ਸੱਚੀ ਤੇ ਸੁੱਚੀ ਰੂਹ ਨੂੰ ਸਰਸ਼ਾਰ ਕੀਤਾ ਹੈ।
ਮੈਂ ਪ੍ਰੀਤਮ ਨੂੰ ਪੁੱਛਿਆ, “ਸਰਕਾਰ ਨੇ ਕੋਈ ਮਾਣ-ਸਨਮਾਨ ਜਾਂ ਕੋਈ ਤਰੱਕੀ ਦਿੱਤੀ ਕਿ ਨਹੀਂ?” ਪ੍ਰੀਤਮ ਸਵਾਲ ਸੁਣ ਸੁੰਗੜ ਜਿਹਾ ਗਿਆ। ਕਹਿਣ ਲੱਗਾ, “ਕੋਈ ਤਰੱਕੀ ਤੁਰੱਕੀ ਨਹੀਂ ਮਿਲੀ, ਜੇ ਮਿਲੀ ਹੁੰਦੀ ਤਾਂ ਅਸੀਂ ਨਾ ਐਸ਼ਪੀ. ਪੈਨਸ਼ਨ ਆਉਂਦੇ! ਸਾਡੀ ਨਾ ਟੌਹਰ ਹੁੰਦੀ! ਹਾਂ, ਜਦੋਂ ਸਿਆਲ ਆਉਂਦਾ, ਹੱਡ ਪੈਰ ਦੁਖਦੇ ਆ ਤੇ ਬੀਤਿਆ ਵੇਲਾ ਯਾਦ ਕਰ ਲਈਦਾ ਜਵਾਨਾ!”
ਪ੍ਰੀਤਾ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਸੀ। ਉਹਨੂੰ ਲੱਗਾ ਜਿਵੇਂ ਇਕ ਵਾਰ ਫਿਰ ਮੁੱਖ ਮੰਤਰੀ ਉਨ੍ਹਾਂ ਨੂੰ ਸ਼ਾਬਾਸ਼ ਦੇਣ ਤੋਂ ਬਿਨਾ ਹੀ ਮੁੜ ਗਿਆ ਹੈ।
ਸੱਚੀ ਗੱਲ ਹੈ, ਲੀਡਰ ਟੂਰਨਾਮੈਂਟ ਵਿਚ ਜਾ ਕੇ ਲਾਰਿਆਂ ਦੇ ਪੁੱਲ ਬੰਨ੍ਹਦੇ ਹਨ, ਨੌਕਰੀਆਂ ਤਰੱਕੀਆਂ ਦੇ ਲਾਰੇ ਲਾਉਂਦੇ ਹਨ ਪਰ ਵਾਅਦਾ ਵਫਾ ਕਦੋਂ ਹੁੰਦੇ ਹਨ? ਪੰਜਾਬ ਦੇ ਕਈ ਪ੍ਰੀਤਮ ਉਡੀਕਦੇ ਹਨ। ਉਡੀਕ ਮੁੱਕ ਨਹੀਂ ਰਹੀ। ਕਾਸ਼! ਸਰਕਾਰਾਂ ਖਿਡਾਰੀਆਂ ਦੀ ਪਿੱਠ ਠੋਕਣ ਤੇ ਪੰਜਾਬ ਦੇ ਅਮੀਰ ਵਿਰਸੇ ਦਾ ਮੁੱਲ ਪਾਉਣ!
ਪ੍ਰੀਤਮ ਸਿੰਘ ਦੀ ਜੀਵਨ ਸਾਥਣ ਗੁਰਮੀਤ ਕੌਰ ਜਿਲਾ ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਮੀਰਾਂ ਕੋਟ ਦੀ ਹੈ। ਦੋ ਬੇਟੀਆਂ ਤੇ ਇਕ ਬੇਟਾ ਹੈ। ਵੱਡੀ ਬੇਟੀ ਜਿਲਾ ਕਪੂਰਥਲਾ ਦੇ ਪਿੰਡ ਕਾਲਾ ਸੰਘਿਆ ਵਿਆਹੀ ਹੋਈ ਹੈ। ਕਬੱਡੀ ਦਾ ਬੇਜੋੜ ਖਿਡਾਰੀ ਦਵਿੰਦਰ ਸਿੰਘ ਉਰਫ ਜਵਾਹਰ ਪਰਿਵਾਰ ਦਾ ਜੁਆਈ ਹੈ ਅਤੇ ਇਹ ਪਰਿਵਾਰ ਪੱਕੇ ਤੌਰ ‘ਤੇ ਕੈਨੇਡਾ ਦਾ ਵਸਨੀਕ ਹੈ। ਬੇਟਾ ਗੁਰਪ੍ਰੀਤ ਚੰਗਾ ਕਾਰੋਬਾਰੀ ਹੈ। ਕੈਨੇਡਾ ਦੇਖਣ ਵਿਚ ਬਾਪੂ ਦੇ ਕਦਰਦਾਨਾਂ ਪੱਪੂ ਗੁਰਦਾਸਪੁਰੀਏ ਅਤੇ ਜਤਿੰਦਰ ਧੀਰੇ ਡਡਵਿੰਡੀ ਨੂੰ ਦਿਲੋਂ ਅਸੀਸਾਂ ਦਿੰਦਾ ਹੈ। ਬਾਪੂ ਦੀਆਂ ਗੱਲਾਂ ਕਰਨ ਅਤੇ ਸੁਣਨ ਵਿਚ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ।
ਪ੍ਰੀਤਮ ਸਿੰਘ ਆਪਣੇ ਪਰਿਵਾਰ ਵਿਚ ਪੂਰਾ ਸੰਤੁਸ਼ਟ ਹੈ। ਕਦੇ-ਕਦੇ ਪਿੰਡ ਦੇ ਇਤਿਹਾਸਕ ਗੁਰਦੁਆਰੇ ਬਾਉਲੀ ਸਾਹਿਬ ਮੱਥਾ ਟੇਕ ਕੇ ਛੇਵੇਂ ਪਾਤਸ਼ਾਹ ਪ੍ਰਤੀ ਸ਼ੁਕਰਾਨੇ ਵਿਚ ਜਾ ਜੁੜਦਾ ਹੈ। ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਕੋਲ ਹੋਣ ਅਤੇ ਗੁਰੂ ਨਗਰੀ ਨਡਾਲੇ ਦੀ ਬੁੱਕਲ ਦਾ ਨਿੱਘ ਮਾਣ ਰਿਹਾ ਹੈ। ਪੈਸੇ ਨੂੰ ਹੱਥਾਂ ਦੀ ਮੈਲ ਤੋਂ ਵੱਧ ਕੁਝ ਨਹੀਂ ਸਮਝਦਾ। ਸਮਾਜ ਸੇਵਾ ਨੂੰ ਪੁੰਨ ਸਮਝਦਾ ਹੈ।
1999 ਵਿਚ ਖਾਲਸਾ ਸਾਜਨਾ ਦਿਵਸ ਦੇ 300 ਸਾਲਾ ਸਮਾਗਮਾਂ ‘ਤੇ ਪੰਜਾਬ ਸਰਕਾਰ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਕੇ ਖੇਡ ਕਲਾ ਦਾ ਕੁਝ ਮੁੱਲ ਪਾਇਆ। ਪ੍ਰੀਤਮ ਸਿੰਘ ਕਹਿੰਦਾ ਹੈ ਕਿ ਗੁਰੂਘਰ ਤੋਂ ਮਿਲੀ ਧੂੜੀ ਮਾਣ ਨਹੀਂ ਹੁੰਦੀ, ਇਹ ਤਾਂ ਖਾਲਸੇ ਦੀ ਜਨਮ ਭੂਮੀ ਤੋਂ ਅਣਖ ਤੇ ਗੈਰਤ ਨਾਲ ਜਿਉਣ ਲਈ ਹੋਰ ਸਾਹ ਮਿਲੇ ਹਨ।
ਉਹ ਆਪਣੀਆਂ ਨਿੱਕੀਆਂ-ਨਿੱਕੀਆਂ ਦੋ ਪੋਤੀਆਂ ਲਈ ਹੁਣ ਤੋਂ ਹੀ ਕਿਸੇ ਚੰਗੇ ਕੋਚ ਦੀ ਭਾਲ ਵਿਚ ਹੈ। ਕਾਸ਼! ਉਸ ਦੀਆਂ ਪੋਤੀਆਂ ਜਦੋਂ ਕਿਸੇ ਗਰਾਊਂਡ ਵਿਚ ਆਉਣ ਤਾਂ ਦਰਸ਼ਕ ਇਹ ਜ਼ਰੂਰ ਕਹਿਣ ਕਿ ਇਹ ਹਨ ਰੱਬ ਦੇ ਮੌਜੀ ਬੰਦੇ ਪ੍ਰੀਤੇ ਨਡਾਲੇ ਦੀਆਂ ਖੇਡ ਦੀਆਂ ਵਾਰਸ।