ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਵਿਚ ਪੰਜ ਸਾਲ ਦੀ ਨੰਨ੍ਹੀ ਜਾਨ ਨੂੰ ਜਬਰ ਜਨਾਹ ਦੀ ਸ਼ਿਕਾਰ ਬਣਾਇਆ ਗਿਆ। ਉਸ ਨੂੰ ‘ਏਮਜ਼’ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ, ਪਰ ਸਥਿਰ ਹੈ। ਇਸ ਸਬੰਧੀ ਪੁਲਿਸ ਨੇ ਮੁਜ਼ੱਫਰਪੁਰ ਦੇ ਮਨੋਜ ਕੁਮਾਰ ਅਤੇ ਉਸ ਦੇ ਸਾਥੀ ਪ੍ਰਦੀਪ ਨੂੰ ਫੜਿਆ ਹੈ।
‘ਏਮਜ਼’ ਦੇ ਤਰਜਮਾਨ ਡਾæ ਵਾਈæਕੇæ ਗੁਪਤਾ ਨੇ ਦੱਸਿਆ ਕਿ ਜਬਰ ਕਾਰਨ ਲੜਕੀ ਨੂੰ ਹੋਈ ਇਨਫੈਕਸ਼ਨ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਘਟਨਾ ਪੂਰਬੀ ਦਿੱਲੀ ਦੇ ਗਾਂਧੀ ਨਗਰ ਇਲਾਕੇ ਵਿਚ ਵਾਪਰੀ। ਬੱਚੀ ਨੂੰ 15 ਅਪਰੈਲ ਨੂੰ ਉਸ ਦੇ ਗੁਆਂਢੀ ਨੇ ਹੀ ਅਗਵਾ ਕਰ ਕੇ ਆਪਣੇ ਘਰ ਵਿਚ ਬੰਦੀ ਬਣਾ ਲਿਆ ਸੀ। ਬੱਚੀ ਦੇ ਗੁਪਤ ਅੰਗਾਂ, ਗੱਲਾਂ, ਬੁੱਲ੍ਹਾਂ ਅਤੇ ਗਰਦਨ ਉਤੇ ਜ਼ਖ਼ਮ ਹਨ। ਗਰਦਨ ਦੇ ਜ਼ਖ਼ਮਾਂ ਤੋਂ ਜਾਪਦਾ ਹੈ ਕਿ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸੇ ਦੌਰਾਨ ਜਦੋਂ ਬੱਚੀ ਦਾ ਪਤਾ ਲੈਣ ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਤੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਤੇ ਦਿੱਲੀ ਦੇ ਸਿਹਤ ਮੰਤਰੀ ਏæਕੇæ ਵਾਲੀਆ ਦਿਆਨੰਦ ਹਸਪਤਾਲ ਪੁੱਜੇ ਤਾਂ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਖਿੱਚ-ਧੂਹ ਕੀਤੀ। ਉਧਰ ਹਸਪਤਾਲ ਦੇ ਬਾਹਰ ਵਿਖਾਵਾ ਕਰ ਰਹੀਆਂ ਕੁੜੀਆਂ ਨੂੰ ਭਜਾਉਣ ਲਈ ਏæਸੀæਪੀæ ਬੀæਐਸ਼ ਅਹਿਲਾਵਤ ਨੇ ਪਹਿਲਾਂ ਡਰਾਵੇ ਦਿੱਤੇ ਪਰ ਜਦੋਂ ਵਿਖਾਵਾਕਾਰੀਆਂ ਨੇ ਰੋਸ ਜਾਰੀ ਰੱਖਿਆ ਤਾਂ ਏæਸੀæਪੀæ ਨੇ ਇਕ ਕੁੜੀ ਦੇ ਥੱਪੜ ਮਾਰ ਦਿੱਤੇ। ਇਸ ਤੋਂ ਬਾਅਦ ਲੋਕ ਰੋਹ ਵਿਚ ਆ ਗਏ ਅਤੇ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਉਚ ਅਫਸਰਾਂ ਨੂੰ ਇਸ ਏæਸੀæਪੀæ ਨੂੰ ਸਸਪੈਂਡ ਕਰਨਾ ਪਿਆ।
ਦਿੱਲੀ ਵਾਸੀ ਪੁਲਿਸ ਪ੍ਰਸ਼ਾਸਨ ਦੀ ਨਾ-ਅਹਿਲੀਅਤ ਖਿਲਾਫ ਲਗਾਤਾਰ ਮੁਜ਼ਾਹਰਾ ਕਰ ਰਹੇ ਹਨ। ਹਰ ਰੋਜ਼ ਹਜ਼ਾਰਾਂ ਦੀ ਗਿਤਣੀ ਵਿਚ ਲੋਕ ਸੜਕਾਂ ਉਤੇ ਆ ਜਾਂਦੇ ਹਨ ਅਤੇ ਵਿਖਾਵੇ ਕਰਦੇ ਹਨ। ਔਰਤਾਂ ਦੇ ਸੰਗਠਨਾਂ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੀਰਜ ਕੁਮਾਰ ਅਤੇ ਦੋ ਹੋਰ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਲੈ ਕੇ ਸੰਸਦ ਵੱਲ ਮਾਰਚ ਕੀਤਾ। ਉਧਰ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਨਾਲ ਹੀ ਕਿਹਾ ਕਿ ਢਿੱਲਮੱਠ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਮਿਸਾਲੀ ਕਾਰਵਾਈ ਕੀਤੀ ਜਾਏਗੀ।
Leave a Reply