ਫਾਂਸੀ ਦਾ ਮਾਮਲਾ ਅੱਜ ਪੂਰੇ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਹੁਤ ਸਾਰੇ ਦੇਸ਼ਾਂ ਨੇ ਇਹ ਸਜ਼ਾ ਬੰਦ ਕਰ ਦਿੱਤੀ ਹੈ, ਪਰ ਭਾਰਤ ਨੇ ਠੋਕ ਵਜਾ ਕੇ ਇਹ ਸਜ਼ਾ ਲਾਗੂ ਰੱਖੀ ਹੋਈ ਹੈ। ਅਫਜ਼ਲ ਗੁਰੂ ਨੂੰ ਦਿੱਤੀ ਫਾਂਸੀ ਨਾਲ ਤਾਂ ਵੱਡੇ ਪੱਧਰ ‘ਤੇ ਵਿਵਾਦ ਵੀ ਭਖ ਉਠਿਆ ਸੀ। ਸ਼ ਮਝੈਲ ਸਿੰਘ ਸਰਾਂ ਨੇ ਆਪਣੇ ਨਵੇਂ ਲੇਖ ‘ਭਾਰਤ ਦੀ ਸਮੂਹਿਕ ਚੇਤਨਾ’ ਵਿਚ ਭਾਰਤ ਦੇ ਟੀਰ ਦੀਆਂ ਪਰਤਾਂ ਤੋਂ ਪਰਦਾ ਫਾਸ਼ ਕੀਤਾ ਹੈ। ਨਿਆਂ ਪਾਲਿਕਾ ਅਤੇ ਸਟੇਟ ਦੀਆਂ ਹੋਰ ਸੰਸਥਾਵਾਂ ਵਿਚ ਅਕਸਰ ਸਿਰ ਚੁੱਕਦੀ ਅਤੇ ਆਮ ਲੋਕਾਂ ਉਤੇ ਵਰ੍ਹਦੀ ਅਖੌਤੀ ਸਮੂਹਿਕ ਚੇਤਨਾ ਨੂੰ ਉਨ੍ਹਾਂ ਨੇ ਪੁਰਾਣੇ ਯੁੱਗਾਂ ਨਾਲ ਜੋੜਿਆ ਹੈ। ਸ਼ ਸਰਾਂ ਦੇ ਇਹ ਵਿਚਾਰ ਅਸਲ ਵਿਚ ਜ਼ਖਮੀ ਹੋਈ ਚੇਤਨਾ ਦੀਆਂ ਚੀਕਾਂ ਹਨ। ਇਨ੍ਹਾਂ ਜ਼ਖਮਾਂ ਉਤੇ ਅਜੇ ਤਾਈਂ ਕਿਸੇ ਨੇ ਮੱਲ੍ਹਮ ਦਾ ਫੈਹਾ ਨਹੀਂ ਧਰਿਆ, ਸਗੋਂ ਲੂਣ ਹੀ ਛਿੜਕਿਆ ਹੈ।-ਸੰਪਾਦਕ
ਮਝੈਲ ਸਿੰਘ ਸਰਾਂ
ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਰਾਜ ਦਾ ਦਾਅਵਾ ਕਰਦੇ ਭਾਰਤੀ ਸਟੇਟ ਨੇ ਅਫ਼ਜ਼ਲ ਗੁਰੂ ਨੂੰ ਫਾਂਸੀ ‘ਤੇ ਲਟਕਾ ਕੇ ਕਤਲ ਕਰ ਦਿੱਤਾ। ਉਸ ਉਤੇ ਇਲਜ਼ਾਮ ਸੀ ਕਿ 2001 ਵਿਚ ਭਾਰਤੀ ਪਾਰਲੀਮੈਂਟ ਉਤੇ ਜਿਹੜਾ ਅਤਿਵਾਦੀ ਹਮਲਾ ਹੋਇਆ, ਉਸ ਦੀ ਸਾਜ਼ਿਸ਼ ਰਚਣ ਵਾਲਿਆਂ ਵਿਚ ਇਸ ਕਸ਼ਮੀਰੀ ਮੁਸਲਮਾਨ ਦੀ ਸ਼ਮੂਲੀਅਤ ਸੀ। ਮੈਂ ਇਨ੍ਹਾਂ ਘਟਨਾਵਾਂ ਵੱਲ ਨਹੀਂ ਜਾਣਾ ਕਿ ਅਫ਼ਜ਼ਲ ਗੁਰੂ ਨੂੰ ਫੜਿਆ ਗਿਆ; ਕਿ ਇਹਦੇ ਪਿੱਛੇ ਪੁਲਿਸ ਤੇ ਸਪੈਸ਼ਲ ਟਾਸਕ ਫੋਰਮ ਦਾ ਕਿਰਦਾਰ ਕਿਹੋ ਜਿਹਾ ਰਿਹਾ; ਕਿ ਉਹਨੂੰ ਆਪਣੇ ਮੁਕੱਦਮੇ ਦੀ ਪੈਰਵੀ ਲਈ ਕਿਸ ਕਿਸਮ ਦਾ ਵਕੀਲ ਦਿੱਤਾ; ਕਿ ਉਸ ਨੇ ਉਹਦੇ ਬਚਾਅ ਵਿਚ ਕੀ ਭੂਮਿਕਾ ਨਿਭਾਈ? ਇਹ ਸਭ ਕੁਝ ਅਖ਼ਬਾਰਾਂ ਜਾਂ ਇੰਟਰਨੈਟ ਤੋਂ ਸਭ ਨੇ ਜਾਣ ਹੀ ਲਿਆ ਹੈ; ਇਸੇ ਕਰ ਕੇ ਮੈਂ ਕਿਹਾ ਹੈ ਕਿ ਉਹਦਾ ਕਤਲ ਕੀਤਾ ਗਿਆ। ਜਿਸ ਫੈਸਲੇ ਮੁਤਾਬਿਕ ਅਫ਼ਜ਼ਲ ਗੁਰੂ ਨੂੰ ਗੁਨਾਹਗਾਰ ਠਹਿਰਾ ਕੇ ਫਾਂਸੀ ਦੀ ਸਜ਼ਾ ਸੁਣਾਈ; ਹੁਣ ਸਿਰਫ ਉਹਦਾ ਹੀ ਜ਼ਿਕਰ ਕਰਨਾ ਹੈ।
ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਲਿਖਿਆ ਹੈ, “ਅਫ਼ਜ਼ਲ ਦੇ ਖ਼ਿਲਾਫ਼ ਬੇਸ਼ੱਕ ਕੋਈ ਠੋਸ ਸਬੂਤ ਨਹੀਂ, ਪਰ ਭਾਰਤ ਦੀ ‘ਸਮੂਹਿਕ ਚੇਤਨਾ’ ਨੂੰ ਧਿਆਨ ਵਿਚ ਰੱਖਦਿਆਂ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ।” ਇਸੇ ਸਮੂਹਿਕ ਚੇਤਨਾ ‘ਤੇ ਪਹਿਰਾ ਦੇ ਕੇ ਰਾਸ਼ਟਰਪਤੀ ਨੇ ਉਹਦੀ ਰਹਿਮ ਦੀ ਅਪੀਲ ਰੱਦ ਕੀਤੀ, ਜਦੋਂ ਕਿ ਉਸ ਕੋਲ ਅਫ਼ਜ਼ਲ ਤੋਂ ਪਹਿਲਾਂ ਦੀਆਂ ਹੋਰ ਵੀ ਕਈ ਅਪੀਲਾਂ ਪਈਆਂ ਹਨ। ਅਜਿਹਾ ਕਿਉਂ? ਕਿਉਂਕਿ ਉਨ੍ਹਾਂ ਕੇਸਾਂ ਵਿਚ ਗੁਨਾਹਗਾਰ ਦਾ ਗੁਨਾਹ ਆਪ ਬੋਲਦਾ ਹੈ, ਪਰ ਉਥੇ ‘ਸਮੂਹਿਕ ਚੇਤਨਾ’ ਖਾਮੋਸ਼ ਹੈ, ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ‘ਸਮੂਹਿਕ ਚੇਤਨਾ’ ਉਨ੍ਹਾਂ ਨੂੰ ਰਹਿਮ ਦੇਣ ਦੇ ਰੌਂਅ ਵਿਚ ਹੈ!
ਇਹ ‘ਸਮੂਹਿਕ ਚੇਤਨਾ’ ਭਲਾ ਕਿਸ ਬਲਾ ਦਾ ਨਾਂ ਹੋਇਆ? ਇਨ੍ਹਾਂ ਸ਼ਬਦਾਂ ਦੇ ਅਰਥ ਕਰੀਏ ਤਾਂ ਸ਼ਾਇਦ ਇਹੋ ਬਣਦਾ ਹੋਵੇਗਾ ਕਿ ਕਿਸੇ ਇਕ ਗਰੁੱਪ ਦੇ ਸਾਰੇ ਇਨਸਾਨਾਂ ਦੀ ਇਕੱਠੀ ਦਿਲੀ ਤਮੰਨਾ ਇਕ ਹੋਣੀ। ਭਾਰਤ ਦੀ ਸਮੂਹਿਕ ਚੇਤਨਾ ਦਾ ਅਰਥ ਵੀ ਫਿਰ ਇਹੋ ਹੋਇਆ ਕਿ ਉਥੇ ਵਸਦੇ ਸਵਾ ਸੌ ਕਰੋੜ ਲੋਕਾਂ ਦੀ ਇਕੋ ਇਕ ਇਹੀ ਦਿਲੀ ਤਮੰਨਾ ਸੀ ਕਿ ਅਫ਼ਜ਼ਲ ਬੇਕਸੂਰ ਹੀ ਕਿਉਂ ਨਾ ਹੋਵੇ, ਉਸ ਨੂੰ ਫਾਂਸੀ ‘ਤੇ ਲਟਕਾਉਣਾ ਲਾਜ਼ਮੀ ਹੈ!
ਇਹ ਉਸ ਭਾਰਤ ਦੀ ਸਮੂਹਿਕ ਚੇਤਨਾ ਹੈ ਜਿਸ ਦੀ ਅੱਧੀ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੀ ਹੈ; ਜਿਥੇ ਮਜ਼ਦੂਰ ਨੂੰ ਦੋ ਵਕਤ ਦੀ ਰੋਟੀ ਦੇ ਰਾਤ-ਦਿਨ ਸੰਧੇ ਪਏ ਹੋਣ; ਜਿਥੇ ਕਿਸਾਨ ਗਲ ਤੱਕ ਕਰਜ਼ੇ ‘ਚ ਖੁੱਭਿਆ ਆਪਣੇ ਹੱਥੀਂ ਖੁਦ ਨੂੰ ਫਾਂਸੀ ਦੇ ਫੰਦੇ ‘ਤੇ ਲਟਕਾਉਣ ਲਈ ਮਜਬੂਰ ਹੋਵੇ; ਜਿਥੇ 35 ਕਰੋੜ ਦਲਿਤ, 18 ਕਰੋੜ ਮੁਸਲਮਾਨ, 6 ਕਰੋੜ ਇਸਾਈ, 5 ਕਰੋੜ ਸਿੱਖ ਅਤੇ ਪੂਰਬੀ ਰਾਜਾਂ ਦੇ ਕਰੋੜਾਂ ਲੋਕਾਂ ਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਨਿੱਤ ਦਿਨ ਜੂਝਣਾ ਪੈ ਰਿਹਾ ਹੋਵੇ! ਕੀ ਇਹ ਸਾਰੇ ਭਾਰਤ ਦੀ ਸਮੂਹਿਕ ਚੇਤਨਾ ਦੀ ਪਰਿਭਾਸ਼ਾ ਵਿਚ ਆਉਂਦੇ ਹਨ ਜਿਹੜੀ ਸੁਪਰੀਮ ਕੋਰਟ ਨੇ ਅਫ਼ਜ਼ਲ ਦੇ ਫੈਸਲੇ ‘ਚ ਲਿਖੀ? ਜਵਾਬ ਹੋਵੇਗਾ, ਕਦੀ ਵੀ ਨਹੀਂ; ਕਿਉਂਕਿ ਇਨ੍ਹਾਂ ਨੂੰ ਕਿਹੜਾ ਦਿੱਲੀ ਦਾ ਤਖ਼ਤ ਮਿਲਣਾ ਸੀ ਅਫ਼ਜ਼ਲ ਗੁਰੂ ਦੀ ਫਾਂਸੀ ਨਾਲ! ਇਨ੍ਹਾਂ ਨੂੰ ਜਦੋਂ ਅਦਾਲਤ ਨੇ ਸਮੂਹਿਕ ਚੇਤਨਾ ਦਾ ਹਿੱਸਾ ਬਣਾਇਆ, ਉਦੋਂ ਇਹ ਤਾਂ ਅਫ਼ਜ਼ਲ ਨਾਂ ਦੇ ਕਿਸੇ ਇਨਸਾਨ ਨੂੰ ਜਾਣਦੇ ਵੀ ਨਹੀਂ ਹੋਣੇ। ਫਿਰ ਉਹ ਕਿਹੜੀ ਸਮੂਹਿਕ ਚੇਤਨਾ ਹੋਈ ਜਿਹਨੇ ਇਸ ਬੇਕਸੂਰ ਇਨਸਾਨ ਦੀ ਜਾਨ ਲੈ ਲਈ?
ਦਰਅਸਲ ਭਾਰਤ ਦੀ ਸਮੂਹਿਕ ਚੇਤਨਾ ਇਕ ਛੋਟੇ ਜਿਹੇ ਵਰਗ ਦੇ ਹਿੱਤ ਹਨ ਜਿਹੜੇ ਕਿਸੇ ਵੀ ਸੂਰਤ ਵਿਚ ਸੁਰੱਖਿਅਤ ਰਹਿਣੇ ਚਾਹੀਦੇ ਹਨ। ਇਸ ਦੇ ਲਈ ਭਾਵੇਂ ਸੈਂਕੜੇ ਹਜ਼ਾਰਾਂ ਭਾਰਤੀਆਂ ਦੀ ਬਲੀ ਵੀ ਕਿਉਂ ਨਾ ਦੇਣੀ ਪਵੇ। ਇਹ ਸਮੂਹਿਕ ਚੇਤਨਾ ਵਾਲਾ ਵਰਗ ਆਮ ਕਰ ਕੇ ਘੱਟ ਹੀ ਦਿਖਾਈ ਦਿੰਦਾ ਹੈ, ਭਾਰਤ ਦੀ ਜਨਤਾ ਨੂੰ। ਹਾਂ! ਪੰਜ ਸਾਲਾਂ ਬਾਅਦ ਇਹ ਜ਼ਰੂਰ ਇਕ ਵਾਰ ਸੜਕਾਂ ‘ਤੇ ਆਉਂਦਾ ਹੈ ਤੇ ਉਸ ਤੋਂ ਬਾਅਦ ਪੰਜ ਸਾਲ ਜਨਤਾ ਸੜਕਾਂ ‘ਤੇ ਲੱਭਦੀ ਫਿਰਦੀ ਹੈ ਇਹਦੇ ਭਰਮ ਜਾਲਾਂ ਨੂੰ। ਕਦੀ ਇਹ ਅਯੁੱਧਿਆ ਵਿਚ ਇਕੱਠਾ ਹੁੰਦਾ; ਕਦੇ ਟੋਪੀ ਪਾ ਕੇ ਰਾਮ ਲੀਲ੍ਹਾ ਗਰਾਉੂਂਡ ਵਿਚ; ਹੁਣੇ ਜਿਹੇ ਕੁੰਭ ਵਿਚ ਡੁਬਕੀ ਲਾ ਕੇ ਹਟਿਆ ਹੈ। ਇਸ ਵਰਗ ਦੀ ਚਾਬੀ ਇਕ ਹੋਰ ਨਿੱਕੇ ਜਿਹੇ ਵਰਗ ਕੋਲ ਹੈ ਜਿਹੜਾ ਅਸਲ ਵਿਚ ਭਾਰਤ ਦਾ ਮਾਲਕ ਹੈ। ਇਹ ਇੰਨਾ ਤਾਕਤਵਰ ਹੈ ਕਿ ਜੇ ਉਸ ਦੇ ਹਿੱਤਾਂ ਨੂੰ ਮਾੜਾ ਜਿਹਾ ਵੀ ਖਤਰਾ ਮਹਿਸੂਸ ਹੋਵੇ ਤਾਂ ਉਹ ਪਾਰਲੀਮੈਂਟ ਨਾਲੋਂ ਵੀ ਵੱਡਾ ਤੇ ਖ਼ਤਰਨਾਕ ਹਮਲਾ ਕਰਾ ਸਕਦਾ ਹੈ ਤੇ ਫਿਰ ਹਮਲੇ ਦਾ ਕਸੂਰ ਆਪਣੀ ਹੋਂਦ ਬਚਾਉਣ ਵਾਲੇ ਵਰਗਾਂ ‘ਚੋਂ ਕਿਸੇ ਸਿਰ ਵੀ ਮੜ੍ਹ ਸਕਦਾ ਹੈ। ਇਸ ਕੰਮ ਵਿਚ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਂਦੀ ਹੈ-ਪਾਰਲੀਮੈਂਟ, ਸਰਕਾਰ, ਨਿਆਂ ਪਾਲਿਕਾ ਤੇ ਪ੍ਰੈਸ ਦਾ ਵੱਡਾ ਹਿੱਸਾ। ਸੋ, ਇਨ੍ਹਾਂ ਚੌਹਾਂ ਦਾ ਜੋੜ ਹੀ ਕਿਸੇ ਹੱਦ ਤੱਕ ਭਾਰਤ ਦੀ ਸਮੂਹਿਕ ਚੇਤਨਾ ਹੋਈ।
ਇਹੋ ਜਿਹੀ ਸਮੂਹਿਕ ਚੇਤਨਾ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੀ ਨਹੀਂ ਬਣੀ; ਇਸ ਦਾ ਇਤਿਹਾਸ ਬੜਾ ਪੁਰਾਣਾ ਹੈ। ਮਿਥਿਹਾਸ, ਇਤਿਹਾਸ ਤੇ ਧਰਮ ਗ੍ਰੰਥਾਂ ‘ਚੋਂ ਦੋ ਮਿਸਾਲਾਂ ਸਾਂਝੀਆਂ ਕਰਾਂਗਾ। ਪਹਿਲੀ ਭਗਵਾਨ ਰਾਮ ਚੰਦਰ ਦੇ ਤਰੇਤਾ ਯੁੱਗ ਦੀ ਹੈ। ਭਗਵਾਨ ਰਾਮ ਨੇ ਸ਼ੰਭੂਕ ਦਾ ਸਿਰ ਕਲਮ ਕਰ ਦਿੱਤਾ ਸੀ। ਰਾਮ ਚੰਦਰ ਕਸ਼ੱਤਰੀ ਸੀ, ਉਨ੍ਹਾਂ ਬੜੇ ਯੁੱਧ ਕੀਤੇ ਤੇ ਕਈ ਦੁਸ਼ਮਣਾਂ ਨੂੰ ਵੀ ਮਾਰਿਆ ਹੋਣਾ। ਸ਼ੰਭੂਕ ਨੂੰ ਕਿਉਂ ਮਾਰਿਆ? ਉਸ ਦਾ ਕਾਰਨ ਹੈ, ਭਾਰਤ ਦੀ ਸਮੂਹਿਕ ਚੇਤਨਾ। ਕਥਾ-ਕਹਾਣੀ ਇੱਦਾਂ ਦੱਸੀ ਜਾਂਦੀ ਹੈ ਕਿ ਰਾਮ ਚੰਦਰ ਬਣਵਾਸ ਕੱਟ ਕੇ ਅਤੇ ਲੰਕਾ ਫਤਿਹ ਕਰ ਕੇ ਵਾਪਸ ਅਯੁੱਧਿਆ ਆ ਕੇ ਰਾਜਗੱਦੀ ‘ਤੇ ਬਿਰਾਜਮਾਨ ਹੋ ਗਏ ਤੇ ਫਿਰ ‘ਮਰਿਯਾਦਾ ਪਰਸ਼ੋਤਮ’ ਬਣ ਕੇ ਰਾਮ ਰਾਜ ਕਰਨ ਲੱਗ ਪਏ ਸਨ। ਇਕ ਦਿਨ ਇਕ ਬ੍ਰਾਹਮਣ ਆਪਣੇ ਬੱਚੇ ਦੀ ਲਾਸ਼ ਲੈ ਕੇ ਰੋਂਦਾ ਕੁਰਲਾਉਂਦਾ ਭਗਵਾਨ ਰਾਮ ਦੀ ਕਚਹਿਰੀ ਵਿਚ ਆਇਆ ਕਿ ਤੁਸੀਂ ਭਗਵਾਨ ਹੋ, ਮੇਰੇ ਬੱਚੇ ਨੂੰ ਜਿਉਂਦਾ ਕਰੋ। ਭਗਵਾਨ ਰਾਮ ਨੇ ਵਸ਼ਿਸ਼ਟ ਰਿਸ਼ੀ ਨੂੰ ਪੁੱਛਿਆ ਜੋ ਆਪ ਵੀ ਬ੍ਰਾਹਮਣ ਸੀ ਕਿ ਇਸ ਬ੍ਰਾਹਮਣ ਦਾ ਬੱਚਾ ਇੰਨੀ ਛੋਟੀ ਉਮਰ ਵਿਚ ਉਸ ਦੇ ਰਾਮ ਰਾਜ ਵਿਚ ਕਿਉਂ ਮਰ ਗਿਆ। ਰਿਸ਼ੀ ਦਾ ਜਵਾਬ ਸੀ ਕਿ ਤੁਹਾਡੇ ਰਾਮ ਰਾਜ ਵਿਚ ਬੜਾ ਵੱਡਾ ਗੁਨਾਹ ਹੋ ਰਿਹਾ ਹੈ ਜਿਸ ਕਰ ਕੇ ਇਸ ਬ੍ਰਾਹਮਣ ਦਾ ਬੱਚਾ ਛੋਟੀ ਉਮਰ ਵਿਚ ਮੋਇਆ ਹੈ। ਉਹ ਗੁਨਾਹ ਹੈ, ਸ਼ੰਭੂਕ ਨਾਂ ਦਾ ਸ਼ੂਦਰ ਪ੍ਰਭੂ ਦੀ ਭਗਤੀ ਕਰ ਰਿਹਾ ਹੈ ਤੇ ਵੇਦ ਪੜ੍ਹ ਕੇ ਰੱਬ ਨੂੰ ਪਾਉਣਾ ਚਾਹੁੰਦਾ ਹੈ। ਹੇ ਰਾਮ! ਜੇ ਤੁਸੀਂ ਇਸ ਮੋਏ ਬੱਚੇ ਨੂੰ ਜਿਉਂਦਾ ਕਰਨਾ ਹੈ ਤੇ ਅੱਗਿਓਂ ਵੀ ਬ੍ਰਾਹਮਣਾਂ ਦੀ ਰੱਖਿਆ ਕਰਨੀ ਹੈ ਤਾਂ ਉਸ ਸ਼ੂਦਰ ਸ਼ੰਭੂਕ ਦਾ ਸਿਰ ਵੱਢਣਾ ਪੈਣਾ ਹੈ।
ਕਥਾ ਇਹੋ ਕਹਿੰਦੀ ਹੈ ਕਿ ਭਗਵਾਨ ਰਾਮ ਨੇ ਉਸੇ ਵਕਤ ਆਪਣੇ ਪੁਸ਼ਪਕ ਵਿਮਾਨ ‘ਤੇ ਬੈਠ ਕੇ ਸ਼ੰਭੂਕ ਨੂੰ ਭਗਤੀ ਕਰਦੇ ਨੂੰ ਲੱਭ ਲਿਆ ਤੇ ਉਸ ਦਾ ਸਿਰ ਵੱਢ ਦਿੱਤਾ। ਸਾਰੇ ਰਿਸ਼ੀਆਂ ਤੇ ਦੇਵਤਿਆਂ ਨੇ ਭਗਵਾਨ ਰਾਮ ਦੀ ਜੈ ਜੈਕਾਰ ਕੀਤੀ ਤੇ ਉਨ੍ਹਾਂ ਨੇ ਕੁਦਰਤੀ ਮੌਤ ਮਰੇ ਬ੍ਰਾਹਮਣ ਦੇ ਬੱਚੇ ਨੂੰ ਬੇਗੁਨਾਹ, ਰੱਬ ਦੀ ਭਗਤੀ ਕਰਦੇ ਸ਼ੂਦਰ ਦਾ ਕਤਲ ਕਰ ਕੇ ਜਿਉਂਦਾ ਕੀਤਾ। ਇਹ ਕਥਾ ਅੱਜ ਵੀ ਸੁਣਾਈ ਜਾਂਦੀ ਹੈ, ਮੰਦਿਰਾਂ ਤੇ ਜਗਰਾਤਿਆਂ ਵਿਚ। ਅੱਜ ਜਿਹੜੀ ਸੁਪਰੀਮ ਕੋਰਟ ਨੇ ਭਾਰਤ ਦੀ ਸਮੂਹਿਕ ਚੇਤਨਾ ਦਾ ਹਵਾਲਾ ਦੇ ਕੇ ਅਫ਼ਜ਼ਲ ਨੂੰ ਕਤਲ ਕਰਵਾਇਆ, ਉਹਦੀ ਤਾਰ ਤਰੇਤਾ ਯੁੱਗ ਦੇ ਰਾਮ ਰਾਜ ਨਾਲ ਵੀ ਜੁੜੀ ਹੋਈ ਹੈ।
ਦੁਜੀ ਮਿਸਾਲ ਹੈ ਭਗਵਾਨ ਕ੍ਰਿਸ਼ਨ ਦੇ ਦੁਆਪਰ ਯੁੱਗ ਦੀ। ਉਸ ਯੁੱਗ ਵਿਚ ਸਭ ਤੋਂ ਵੱਡੇ ਗੁਰੂ ਦਰੋਣਾਚਾਰੀਆ ਸਨ। ਅੱਜ ਭਾਰਤ ਵਿਚ ਉਨ੍ਹਾਂ ਦੇ ਨਾਂ ‘ਤੇ ਸਭ ਤੋਂ ਵੱਡਾ ਖੇਡ ਇਨਾਮ ‘ਦਰੋਣਾਚਾਰੀਆ ਐਵਾਰਡ’ ਦਿੱਤਾ ਜਾਂਦਾ ਹੈ। ਉਸ ਯੁੱਗ ਵਿਚ ਦਰੋਣਾਚਾਰੀਆ ਉਚ ਜਾਤੀ ਨਾਲ ਸਬੰਧਤ ਸ਼ਹਿਜ਼ਾਦਿਆਂ-ਕੌਰਵਾਂ ਤੇ ਪਾਂਡਵਾਂ ਨੂੰ ਹੀ ਸਿੱਖਿਆ ਦਿੰਦੇ ਸਨ ਪਰ ਇਕ ਦਿਨ ਏਕਲਵਿਆ ਨਾਂ ਦਾ ਮੁੰਡਾ ਆ ਕੇ ਗੁਰੂ ਦਰੋਣਾਚਾਰੀਆ ਨੂੰ ਕਹਿੰਦਾ ਕਿ ਮੈਨੂੰ ਵੀ ਆਪਣਾ ਸ਼ਗਿਰਦ ਬਣਾ ਲਓ। ਉਹ ਮੁੰਡਾ ਤੀਰ-ਅੰਦਾਜ਼ੀ ਵਿਚ ਮਾਹਿਰ ਸੀ ਤੇ ਹੋਰ ਵੀ ਨਿਪੁੰਨ ਹੋਣਾ ਚਾਹੁੰਦਾ ਸੀ, ਪਰ ਜਦੋਂ ਉਸ ਨੇ ਆਪਣੀ ਨੀਵੀਂ ਜਾਤ ਦੱਸੀ ਤਾਂ ਦਰੋਣਾਚਾਰੀਆ ਨੇ ਉਸ ਨੂੰ ਸ਼ਾਗਿਰਦ ਬਣਾਉਣ ਤੋਂ ਨਾਂਹ ਕਰ ਦਿੱਤੀ।
ਏਕਲਵਿਆ ਨੇ ਜੰਗਲ ਵਿਚ ਜਾ ਕੇ ਦਰੋਣਾਚਾਰੀਆ ਦੀ ਮਿੱਟੀ ਦੀ ਮੂਰਤੀ ਬਣਾਈ ਤੇ ਉਹਨੂੰ ਗੁਰੂ ਮੰਨ ਕੇ ਤੀਰ-ਅੰਦਾਜ਼ੀ ਸਿੱਖਣ ਲੱਗ ਪਿਆ। ਕੁਝ ਚਿਰ ਬਾਅਦ ਦਰੋਣਾਚਾਰੀਆ ਕੌਰਵਾਂ ਤੇ ਪਾਂਡਵਾਂ ਨੂੰ ਲੈ ਕੇ ਉਸੇ ਜੰਗਲ ਵਿਚ ਸ਼ਿਕਾਰ ਨੂੰ ਗਏ। ਏਕਲਵਿਆ ਨੂੰ ਅਭਿਆਸ ਕਰਦੇ ਨੂੰ ਦੇਖ ਕੇ ਉਨ੍ਹਾਂ ਦਾ ਕੁੱਤਾ ਭੌਂਕਣ ਲੱਗ ਪਿਆ। ਏਕਲਵਿਆ ਨੇ ਕੁੱਤੇ ਦੇ ਮੂੰਹ ਵਿਚ ਐਸੇ ਨਿਸ਼ਾਨੇ ਨਾਲ ਤੀਰ ਮਾਰੇ ਕਿ ਉਹਦਾ ਕੋਈ ਨੁਕਸਾਨ ਵੀ ਨਹੀਂ ਕੀਤਾ ਪਰ ਮੂੰਹ ਬਿਨਾਂ ਕਿਸੇ ਜ਼ਖ਼ਮ ਦੇ ਤੀਰਾਂ ਨਾਲ ਭਰ ਦਿੱਤਾ ਤਾਂ ਕਿ ਉਹ ਭੌਂਕ ਨਾ ਸਕੇ। ਕੁੱਤਾ ਮੁੜ ਕੇ ਕੌਰਵਾਂ-ਪਾਂਡਵਾਂ ਤੇ ਦਰੋਣਾਚਾਰੀਆ ਕੋਲ ਆ ਗਿਆ। ਉਹ ਬੜੇ ਹੈਰਾਨ ਕਿ ਇਹੋ ਜਿਹਾ ਵੀ ਕੋਈ ਨਿਸ਼ਾਨੇਬਾਜ਼ ਹੋ ਸਕਦਾ ਹੈ! ਫਿਰ ਜਦੋਂ ਜੰਗਲ ਵਿਚ ਉਹਨੂੰ ਲੱਭਿਆ ਤਾਂ ਦਰੋਣਾਚਾਰੀਆ ਉਹਦਾ ਨਿਸ਼ਾਨਾ ਦੇਖ ਕੇ ਦੰਗ ਰਹਿ ਗਿਆ, ਕਿਉਂਕਿ ਉਹ ਅਰਜਨ ਨਾਲੋਂ ਕਿਤੇ ਅੱਗੇ ਸੀ। ਗੁਰੂ ਦਰੋਣਾਚਾਰੀਆ ਨੇ ਏਕਲਵਿਆ ਨੂੰ ਪੁੱਛਿਆ, “ਤੇਰਾ ਗੁਰੂ ਕੌਣ ਹੈ?” ਉਹਨੇ ਕਿਹਾ, “ਦਰੋਣਾਚਾਰੀਆ, ਜਿਸ ਦੀ ਮਿੱਟੀ ਦੀ ਮੂਰਤੀ ਬਣਾ ਕੇ ਉਹ ਅਭਿਆਸ ਕਰਦਾ ਹੈ।”
ਫਿਰ ਉਸੇ ਵਕਤ ਅੱਜ ਵਾਲੀ ਸਮੂਹਿਕ ਚੇਤਨਾ ਨੇ ਮਰੋੜਾ ਖਾਧਾ ਤੇ ਸਭ ਤੋਂ ਵੱਡੇ ਤੇ ਆਦਰਸ਼ਵਾਦੀ ਗੁਰੂ ਦਰੋਣਾਚਾਰੀਆ ਨੇ ਗੁਰੂ ਦੱਖਣਾ ਵਿਚ ਉਸ ਮੁੰਡੇ ਦਾ ਸੱਜਾ ਅੰਗੂਠਾ ਮੰਗ ਲਿਆ। ਏਕਲਵਿਆ ਨੇ ਆਪਣਾ ਅੰਗੂਠਾ ਕੱਟ ਕੇ ਉਸੇ ਵਕਤ ਦਰੋਣਾਚਾਰੀਆ ਨੂੰ ਦੇ ਦਿੱਤਾ। ਇਉਂ ਦਰੋਣਾਚਾਰੀਆ ਨੇ ਉਸ ਸਭ ਤੋਂ ਉਚ ਕੋਟੀ ਦੇ ਤੀਰ-ਅੰਦਾਜ਼ ਨੂੰ ਅਪਾਹਜ ਬਣਾ ਕੇ ਇਕ ਖਾਸ ਵਰਗ ਦੀ ਚੜ੍ਹਾਈ ਕਰਾਈ। ਇਸ ‘ਤੇ ਭਗਵਾਨ ਕ੍ਰਿਸ਼ਨ ਨੇ ਵੀ ਕੋਈ ਉਜ਼ਰ ਨਹੀਂ ਕੀਤਾ ਕਿਉਂਕਿ ਇਹੋ ਭਾਰਤ ਦੀ ਸਮੂਹਿਕ ਚੇਤਨਾ ਚਾਹੁੰਦੀ ਸੀ ਕਿ ਕੋਈ ਸ਼ੂਦਰ ਜਿਉਂਦਾ ਹੋਇਆ ਵੀ ਜੀਉਣ ਜੋਗਾ ਨਾ ਬਣ ਕੇ ਰਹੇ।
ਫਿਰ ਇਸ ਅਖੌਤੀ ਸਮੂਹਿਕ ਚੇਤਨਾ ਨੇ ਸੱਚ ਦੀ ਆਵਾਜ਼ ਗੁਰੂ ਨਾਨਕ ਨਾਲ ਸਾਰੀ ਉਮਰ ਆਢਾ ਲਾਈ ਰੱਖਿਆ ਕਿ ਤੂੰ ਕੌਣ ਹੁੰਨਾਂ ਉਨ੍ਹਾਂ ਦੀ ਸਮਾਜ ਤੇ ਧਰਮ ਵਿਚ ਬਣੀ ਸਰਦਾਰੀ ਨੂੰ ਚੁਣੌਤੀ ਦੇਣ ਵਾਲਾ; ਤੇ ਇਸ ਨੇ ਆਪਣਾ ਪਹਿਲਾ ਜਲਵਾ ਦਿਖਾ ਦਿੱਤਾ ਸ਼ਾਂਤ ਸੁਭਾਅ ਤੇ ਰੱਬੀ ਰੂਹ ਗੁਰੂ ਅਰਜਨ ਦੇਵ ਦੀ ਸ਼ਹਾਦਤ ਕਰਵਾ ਕੇ। ਭਾਰਤ ਦੀ ਇਸ ਸਮੂਹਿਕ ਚੇਤਨਾ ਦਾ ਖਾਸ ਗੁਣ ਹੈ ਕਿ ਜ਼ਰੂਰਤ ਪੈਣ ‘ਤੇ ਆਪਣੇ ਵਿਰੋਧੀ ਤਾਕਤਵਰ ਦੁਸ਼ਮਣ ਨਾਲ ਵੀ ਆੜੀ ਪਾ ਲੈਂਦੀ ਹੈ ਤੇ ਆਪਣੀ ਸੁਰੱਖਿਆ ਖਾਤਰ ਇਹ ਸਦਾ ਹੀ ਕੁਰਬਾਨੀ ਦੂਜੇ ਦੀ ਦਿਵਾਉਂਦੀ ਹੈ; ਆਪਣੇ ‘ਤੇ ਆਂਚ ਨਹੀਂ ਆਉਣ ਦਿੰਦੀ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਾਹਮਣੇ ਹੈ। ਉਸ ਵਕਤ ਸੰਤਾਂ-ਸਾਧਾਂ ਦੀ ਕੋਈ ਕਮੀ ਨਹੀਂ ਸੀ। ਜੇ ਅੱਜ ਸਾਨੂੰ ਕੁੰਭ ਦੇ ਮੇਲੇ ‘ਤੇ ਇਹ ਕੁਰਬਲ-ਕੁਰਬਲ ਕਰਦੇ ਦਿਸਦੇ ਹਨ, ਉਦੋਂ ਵੀ ਇਹ ਇੰਨੇ ਹੀ ਸਨ, ਸ਼ਾਇਦ ਇਸ ਤੋਂ ਵੀ ਵੱਧ ਹੋਣਗੇ। ਫਿਰ ਸੈਂਕੜੇ ਮੀਲਾਂ ‘ਤੇ ਬੈਠੇ ਭਗਤੀ ਕਰਦੇ ਗੁਰੂ ਤੇਗ ਬਹਾਦਰ ਹੀ ਕਿਉਂ ਦਿਸੇ ਇਨ੍ਹਾਂ ਨੂੰ ਜੰਞੂ ਦੇ ਰਖਵਾਲੇ? ਸਾਰੀਆਂ ਪਹਾੜੀ ਰਿਆਸਤਾਂ ਦੇ ਰਾਜੇ ਜੰਞੂ ਪਾਉਣ ਵਾਲੇ ਧਰਮ ਨਾਲ ਹੀ ਸਬੰਧਤ ਸਨ। ਕੁਰਬਾਨੀ ਦੇਣ ਲਈ ਚੁਣਿਆ ਗੈਰ-ਜੰਞੂ ਧਾਰਕ ਮਹਾਂਪੁਰਖ! ਕਿਉਂ? ਇਹਦਾ ਜਵਾਬ ਸ਼ਾਇਦ ਉਸ ਸੋਧੇ ਸਿੱਖ ਇਤਿਹਾਸ ਵਿਚੋਂ ਮਿਲੂ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਜੇ ਲਿਖਵਾਉਣਾ ਹੈ!
ਇਹ ਸਮੂਹਿਕ ਚੇਤਨਾ ਕਦੇ ਵੀ ਕਿਸੇ ਦੀ ਅਹਿਸਾਨਮੰਦ ਨਹੀਂ ਬਣੀ। ਮਿਸਾਲ ਫਿਰ ਗੁਰੂ ਸਾਹਿਬ ਦੀ ਹੀ ਲੈ ਲਈਏ। ਗੁਰੂ ਤੇਗ ਬਹਾਦਰ ਨੇ ਸ਼ਹਾਦਤ 1675 ਵਿਚ ਦਿੱਤੀ, ਪਰ ਬੜੀ ਛੇਤੀ ਸਭ ਕੁਝ ਭੁਲਾ ਦਿੱਤਾ ਗਿਆ ਤੇ ਉਨ੍ਹਾਂ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ 13 ਸਾਲਾਂ ਬਾਅਦ 1688 ਵਿਚ ਭੰਗਾਣੀ ਵਿਚ ਗਹਿ-ਗੱਚ ਲੜਾਈ ਲੜੀ। ਇਸ ਤੋਂ ਅੱਗੇ ਇਸੇ ਚੇਤਨਾ ਨੇ ਗਊ ਦੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕੀਤਾ। ਇਥੇ ਹੀ ਬੱਸ ਨਹੀਂ, ਉਨ੍ਹਾਂ ਦਾ ਪਿੱਛਾ ਕੀਤਾ ਤੇ ਸਰਸਾ ਦਰਿਆ ‘ਤੇ ਫਿਰ ਗੁਰੂ ਦੀ ਵਹੀਰ ਦੀ ਮਾਰ-ਕਾਟ ਕੀਤੀ। ਉਨ੍ਹਾਂ ਨੂੰ ਕੱਚੀ ਗੜ੍ਹੀ ਵਿਚ ਬੈਠਿਆਂ ਨੂੰ ਜਾ ਘੇਰਾ ਪਾਇਆ ਤੇ ਉਨ੍ਹਾਂ ਦੇ ਸਾਰੇ ਸਿੰਘਾਂ ਅਤੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਸਰਹਿੰਦ ਵਿਚ ਜੋ ਕਾਰਾ ਇਸ ਸਮੂਹਿਕ ਚੇਤਨਾ ਨੇ ਕੀਤਾ, ਉਹ ਇਹਦੀ ਅਕ੍ਰਿਤਘਣਤਾ ਦੀ ਸਿਖ਼ਰ ਸੀ। ਕੀ ਕਦੇ ਕੋਈ 5 ਅਤੇ 7 ਸਾਲਾਂ ਦੇ ਅਣਭੋਲ ਬੱਚਿਆਂ ਨੂੰ ਵੀ ਮੌਤ ਦੀ ਸਜ਼ਾ ਦਿਵਾਉਣ ਖਾਤਿਰ ਇਹ ਕਹਿ ਸਕਦਾ ਹੈ ਕਿ ਸੱਪ ਦੇ ਬੱਚੇ ਸਪੋਲੀਏ ਹੁੰਦੇ? ਇਨ੍ਹਾਂ ਦੀ ਸਿਰੀ ਹੁਣੇ ਹੀ ਚੁੱਕਣ ਤੋਂ ਪਹਿਲਾਂ ਫੇਂਹ ਦੇਣੀ ਚਾਹੀਦੀ ਹੈ। ਇਹ ਲਫ਼ਜ਼ ਜੰਞੂ ਧਾਰਕ ਸਰਹਿੰਦ ਦੇ ਵੱਡੇ ਵਜ਼ੀਰ ਸੁੱਚਾ ਨੰਦ ਦੇ ਹਨ ਜਿਸ ਦੇ ਗਲ ਵਿਚਲਾ ਜੰਞੂ ਇਨ੍ਹਾਂ ਸਾਹਿਬਜ਼ਾਦਿਆਂ ਦੇ ਬਾਬੇ ਦੀ ਬਦੌਲਤ ਸੀ। ਛੋਟੇ ਸਾਹਿਬਜ਼ਾਦਿਆਂ ਦਾ ਫੈਸਲਾ ਵੀ ਸਮੂਹਿਕ ਚੇਤਨਾ ਨੇ ਹੀ ਕਰਵਾਇਆ ਸੀ ਜਿਵੇਂ ਅਫ਼ਜ਼ਲ ਗੁਰੂ ਦਾ ਹੋਇਆ।
ਬੜੀ ਘਾਲਣਾ ਤੋਂ ਬਾਅਦ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਵਿਚ ਆਜ਼ਾਦ ਖਾਲਸਾ ਰਾਜ ਕਾਇਮ ਕਰ ਲਿਆ ਪਰ ਇਸ ਦੀ ਆਜ਼ਾਦ ਹਸਤੀ ਮਿਟਾਉਣ ਲਈ ਭਾਰਤ ਦੀ ਸਮੂਹਿਕ ਚੇਤਨਾ ਵੱਖ-ਵੱਖ ਥਾਂਵਾਂ ਤੋਂ ਡੋਗਰਿਆਂ, ਪੂਰਬੀਆਂ ਤੇ ਮਿਸ਼ਰਿਆਂ ਦੇ ਰੂਪ ‘ਚ ਰਣਜੀਤ ਸਿੰਘ ਦੇ ਦੁਆਲੇ ਝੁਰਮਟ ਪਾ ਕੇ ਬਹਿ ਗਈ ਤੇ ਉਹ ਖਾਲਸਾ ਰਾਜ ਦੇ ਨਿਆਰੇਪਣ ਨੂੰ ਆਪਣੀ ਉਮਰ ਦੇ ਅਖੀਰਲੇ ਸਾਲਾਂ ਵਿਚ ਬਰਕਰਾਰ ਨਾ ਰੱਖ ਸਕੇ। ਬੱਸ, ਉਨ੍ਹਾਂ ਦੇ ਅੱਖਾਂ ਮੀਟਣ ਦੀ ਦੇਰ ਸੀ, ਇਸ ਸਮੂਹਿਕ ਚੇਤਨਾ ਨੇ ਜਿਥੇ ਉਨ੍ਹਾਂ ਦੇ ਪਰਿਵਾਰ ਦਾ ਖਾਤਮਾ ਕੀਤਾ, ਨਾਲ ਹੀ ਆਜ਼ਾਦ ਖਾਲਸਾ ਰਾਜ ਦੀ ਜੜ੍ਹ ਵੀ ਪੁੱਟ ਦਿੱਤੀ। ਉਹੋ ਭਾਰਤ ਦੀਆਂ ਰਿਆਸਤਾਂ ਜਿਹੜੀਆਂ 1857 ਵਿਚ ਅੰਗਰੇਜ਼ਾਂ ਵਿਰੁਧ ਉਠੀਆਂ ਸਨ, 8 ਸਾਲ ਪਹਿਲਾਂ ਐਂਗਲੋ-ਸਿੱਖ ਲੜਾਈਆਂ ਵਿਚ ਅੰਗਰੇਜ਼ਾਂ ਦੀਆਂ ਹਮਾਇਤੀ ਧਿਰਾਂ ਬਣ ਕੇ ਸਿੱਖਾਂ ਨਾਲ ਲੜੀਆਂ ਸਨ, ਕਿਉਂ? ਕਿਉਂਕਿ ਤਾਕਤਵਰ ਤੇ ਆਜ਼ਾਦ ਸਿੱਖ ਭਾਵਨਾ ਤੋਂ ਇਸ ਸਮੂਹਿਕ ਚੇਤਨਾ ਨੂੰ ਭੈਅ ਆਉਂਦਾ ਸੀ।
ਫਿਰ ਭਾਰਤ ਦੀ ਸਮੂਹਿਕ ਚੇਤਨਾ ਨੇ ਉਸ ਸ਼ਖ਼ਸ ਨੂੰ ਆਜ਼ਾਦੀ ਦਾ ਸਭ ਤੋਂ ਵੱਡਾ ਘੁਲਾਟੀਆ ਮੰਨ ਕੇ ਸਾਡੇ ਸੰਘਾਂ ਵਿਚ ‘ਰਾਸ਼ਟਰ ਪਿਤਾ’ ਅੜਾ ਕੇ ਰੱਖ ਛੱਡਿਆ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਭੁਲੱਕੜ ਦੇਸ਼ ਭਗਤ ਕਹਿੰਦਾ ਰਿਹਾ ਤੇ ਸ਼ ਭਗਤ ਸਿੰਘ ਨੂੰ ਫਾਂਸੀ ਦਿਵਾਉਣ ਦੀ ਹਮਾਇਤ ਵੀ ਕਰਦਾ ਰਿਹਾ। ਮਹਾਤਮਾ ਇਹੋ ਜਿਹੇ ਨਹੀਂ ਹੁੰਦੇ ਕਿ ਜਦੋਂ ਲੋੜ ਪਈ ਤਾਂ ਸਿੱਖ ਕੌਮ ਨੂੰ ਪੁਚਕਾਰ ਕੇ ਉਨ੍ਹਾਂ ਤੋਂ ਸ਼ਹਾਦਤਾਂ ਦੀਆਂ ਝੜੀਆਂ ਲੁਆ ਦਿੱਤੀਆਂ, ਤੇ ਮਤਲਬ ਨਿਕਲਦੇ ਸਾਰ ਆਪਣੇ ਪਿਆਦਿਆਂ ਤੋਂ ਉਸੇ ਕੌਮ ਨੂੰ ‘ਜ਼ਰਾਇਮ ਪੇਸ਼ਾ’ ਜਾਇਜ਼ ਕਰਵਾ ਦਿੱਤਾ! ਇੱਦਾਂ ਦੇ ਬੰਦੇ ਖਲਨਾਇਕਾਂ ਦੀ ਕਤਾਰ ਵਿਚ ਮੰਨੇ ਜਾਣੇ ਚਾਹੀਦੇ ਹਨ, ਪਰ ਭਾਰਤ ਦੀ ਸਮੂਹਿਕ ਚੇਤਨਾ ਇਨ੍ਹਾਂ ਨੂੰ ਮਹਾਤਮਾ ਮੰਨਦੀ ਹੈ। ਹਰ ਦੇਸ਼ ਨੇ ਫੌਜਾਂ ਇਸ ਲਈ ਬਣਾਈਆਂ ਹੁੰਦੀਆਂ ਹਨ ਕਿ ਦੁਸ਼ਮਣਾਂ ਤੋਂ ਉਹਦੇ ਨਾਗਰਿਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ ਤੇ ਇਸ ਵਾਸਤੇ ਸ਼ਕਤੀਸ਼ਾਲੀ ਹਥਿਆਰ ਤੇ ਮਾਰੂ ਟੈਂਕ ਫੌਜ ਨੂੰ ਦਿੱਤੇ ਜਾਂਦੇ ਹਨ, ਪਰ ਭਾਰਤ ਦੀ ਸਮੂਹਿਕ ਚੇਤਨਾ ਨੇ ਇਹ ਫੌਜਾਂ ਤੇ ਟੈਂਕ ਆਪਣੇ ਹੀ ਨਾਗਰਿਕਾਂ ਨੂੰ ਮਾਰਨ ਲਈ ਉਸ ਪਵਿੱਤਰ ਸਥਾਨ ਹਰਿਮੰਦਰ ਸਾਹਿਬ ‘ਤੇ ਚੜ੍ਹਾ ਦਿੱਤੀਆਂ ਜਿਥੋਂ ਸਦਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਰਹੀ। ਜਿਸ ਤਖ਼ਤ ਨੇ ਮੁਗਲ ਹਕੂਮਤ ਨੂੰ ਵੰਗਾਰਿਆ ਸੀ, ਤੋਪਾਂ ਨਾਲ ਉਡਾ ਕੇ ਖੰਡਰ ਬਣਾ ਦਿੱਤਾ ਤੇ ਨਿਹੱਥੇ ਇਕ ਮਹੀਨੇ ਦੀ ਉਮਰ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗਾਂ ਤੇ ਬੀਬੀਆਂ ਨੂੰ ਕੋਹ-ਕੋਹ ਕੇ ਪਿਆਸੇ ਤੇ ਜ਼ਲੀਲ ਕਰ ਕੇ ਮਾਰਿਆ। ਸਿਤਮਜ਼ਰੀਫੀ ਇਹ ਕਿ ਇਸ ‘ਤੇ ਅਫ਼ਸੋਸ ਤਾਂ ਇਕ ਪਾਸੇ ਰਿਹਾ, ਸਗੋਂ ਇਹ ਕਹਿ ਕੇ ਵਡਿਆਇਆ ਗਿਆ ਕਿ ਇਹ ਦੇਰ ਨਾਲ ਕੀਤਾ ਸਹੀ ਫੈਸਲਾ ਸੀ।
ਹਰਿਮੰਦਰ ਸਾਹਿਬ ਦਾ ਸ਼ਾਨਾਂਮੱਤਾ ਇਤਿਹਾਸ ਹੈ। ਇਸ ਦੀ ਬੇਅਦਬੀ ਕਰਨ ਵਾਲਿਆਂ ਅਤੇ ਇਸ ਨੂੰ ਬਰਬਾਦ ਕਰਨ ਵਾਲਿਆਂ ਨੇ ਵੀ ਕਦੇ ਕਸਰ ਨਹੀਂ ਸੀ ਛੱਡੀ, ਤੇ ਗੁਰੂ ਦੇ ਸਿੱਖਾਂ ਨੇ ਇਹਦਾ ਹਿਸਾਬ ਚੁਕਾਉਣ ਵਿਚ ਵੀ ਢਿੱਲ ਨਹੀਂ ਵਰਤੀ। ਉਸੇ ਇਤਿਹਾਸ ਵਿਚ ਸ੍ਰੀਮਤੀ ਇੰਦਰਾ ਗਾਂਧੀ ਦਾ ਨਾਂ ਵੀ ਦਰਜ ਹੋ ਗਿਆ ਪਰ ਜਿਸ ਸਮੂਹਿਕ ਚੇਤਨਾ ਨੇ ਹਰਿਮੰਦਰ ਸਾਹਿਬ ‘ਤੇ ਹੋਏ ਫੌਜੀ ਹਮਲੇ ਤੇ ਰੱਜ ਕੇ ਖੁਸ਼ੀ ਮਨਾਈ ਤੇ ਲੱਡੂ ਵੰਡੇ, ਉਹ 31 ਅਕਤੂਬਰ ਨੂੰ ਸੋਗ ‘ਚ ਡੁੱਬ ਗਈ। ਫਿਰ ਜਦੋਂ ਬੜੀ ਸੋਚ-ਵਿਚਾਰ ਕਰ ਕੇ ਇਸ ਚੇਤਨਾ ਨੇ ਮੂੰਹ ਖੋਲ੍ਹਿਆ ਤਾਂ ਆਹ ਲਫ਼ਜ਼ ਕਹਿ ਕੇ ‘ਜਬ ਬੜਾ ਪੇੜ ਗਿਰਤਾ ਹੈ, ਤੋ ਧਰਤੀ ਕਾਂਪਤੀ ਹੈ’ ਹੱਲਾਸ਼ੇਰੀ ਦੇ ਦਿੱਤੀ ਕਿ ਸੋਗੀ ਨਾ ਬਣੋ, ਬਦਲਾ ਲਓ ਤੇ ਨਾਲ ਹੀ ਹੱਥਾਂ ਵਿਚ ਤੇਲ ਦੀਆਂ ਪੀਪੀਆਂ, ਟਾਇਰ, ਰਾਡਾਂ ਤੇ ਹੋਰ ਹਥਿਆਰ ਫੜਾ ਦਿੱਤੇ। ਘਰਾਂ ਦੀ ਨਿਸ਼ਾਨਦੇਹੀ ਖੁਦ ਸਮੂਹਿਕ ਚੇਤਨਾ ਨੇ ਕੀਤੀ।
ਫਿਰ ਕੀ ਸੀ, ਦੁਨੀਆਂ ਦੇ ਵੱਡੇ ਲੋਕਤੰਤਰ ਦੀਆਂ ਧੱਜੀਆਂ ਉਡੀਆਂ। ਇਹਦੀ ਰਾਜਧਾਨੀ ਵਿਚ ਤਿੰਨ ਤੋਂ ਪੰਜ ਹਜ਼ਾਰ ਸਿੱਖਾਂ ਦਾ ਕਤਲ ਦੋ ਦਿਨਾਂ ਵਿਚ ਕੀਤਾ ਗਿਆ। ਕਦੇ ਕਿਸੇ ਦੀ ਮੌਤ ਦੇ ਸੋਗ ਵਿਚ ਡੁੱਬਿਆ ਇਨਸਾਨ ਕਿਸੇ ਦੀ ਧੀ-ਭੈਣ ਨਾਲ ਬਲਾਤਕਾਰ ਕਰਦਾ ਸੁਣਿਆ? ਪਰ ਇਹ ਦਿੱਲੀ ਵਿਚ ਸ਼ਰ੍ਹੇਆਮ ਹੋਇਆ ਜਿਸ ‘ਤੇ ਅੱਜ ਤੱਕ ਪਰਦਾ ਪਾਈ ਜਾਂਦੀ ਹੈ ਸਮੂਹਿਕ ਚੇਤਨਾ। ਇਹੋ ਕੁਝ ਕਈਆਂ ਸਾਲਾਂ ਤੋਂ ਕਸ਼ਮੀਰ ਵਿਚ ਭਾਰਤ ਦੀਆਂ ਫੌਜਾਂ ਤੋਂ ਕਰਵਾਇਆ ਜਾ ਰਿਹਾ ਹੈ ਤੇ ਛੱਤੀਸਗੜ੍ਹ ਵਿਚ ਆਦਿਵਾਸੀ ਔਰਤਾਂ ਨਾਲ ਸਲਵਾ ਜੂਡਮ ਵਰਗੀਆਂ ਬਦਮਾਸ਼ਾਂ ਦੀਆਂ ਫੌਜਾਂ ਖੜ੍ਹੀਆਂ ਕਰ ਕੇ। ਫਿਰ ਵੀ ਭਾਰਤ ਦੀ ਸਮੂਹਿਕ ਚੇਤਨਾ ਕਹਿੰਦੀ ਹੈ ਕਿ ਸਭ ਠੀਕ ਹੈ, ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ।
ਬੜੀ ਅਜੀਬ ਗੱਲ ਹੈ ਕਿ 1975 ਤੋਂ 1977 ਤੱਕ ਸਭ ਤੋਂ ਵੱਧ ਨਫ਼ਰਤ ਵਾਲੀ ਲੀਡਰ ਇੰਦਰਾ ਗਾਂਧੀ ਸੀ, ਫਿਰ 7 ਸਾਲਾਂ ਵਿਚ ਕਿਹੜਾ ਐਡਾ ਵੱਡਾ ਮਾਅਰਕਾ ਮਾਰ ਦਿੱਤਾ ਕਿ 1984 ਵਿਚ ਸਾਰੇ ਹੀ, ਵਿਚੇ ਕਾਮਰੇਡ ਤੇ ਅਡਵਾਨੀ, ਉਹਨੂੰ ਦੁਰਗਾ ਮਾਤਾ ਕਹਿ ਕੇ ਪੂਜਣ ਲੱਗੇ। ਸਾਫ਼ ਹੈ ਕਿ ਉਸ ਨੇ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ਕਰਵਾ ਕੇ ਭਾਰਤ ਦੀ ਸਮੂਹਿਕ ਚੇਤਨਾ ਨੂੰ ਖੁਸ਼ ਕਰ ਦਿੱਤਾ ਸੀ। ਅਯੁੱਧਿਆ ਵਿਚ ਇਹ ਮਸਜਿਦ ਢਾਹ ਕੇ ਵੀ ਅੱਜ ਤੱਕ ਵਾਹ ਵਾਹ ਖੱਟੀ ਜਾਂਦੀ ਹੈ। ਜੋ ਗੋਧਰਾ ਵਿਚ ਇਸ ਸਮੂਹਿਕ ਚੇਤਨਾ ਨੇ 2002 ਵਿਚ ਗੁੱਲ ਖਿਲਾਇਆ, ਉਹ ਅਜੇ ਵੀ ਕੋਰਟ-ਕਚਹਿਰੀਆਂ ਤੇ ਕਮਿਸ਼ਨਾਂ ਦੇ ਭੇਟ ਚੜ੍ਹਿਆ ਹੋਇਆ ਹੈ, ਤੇ ਜਿਸ ਸ਼ਖ਼ਸ ਦੀ ਸ਼ਹਿ ‘ਤੇ ਹੋਇਆ, ਉਹਦੇ ਰਾਜ ਤਿਲਕ ਦਾ ਮਹੂਰਤ ਕੁੰਭ ਦੇ ਮੇਲੇ ‘ਤੇ ਸਾਧਾਂ ਦੀਆਂ ਹੇੜ੍ਹਾਂ ਨੇ ਕਰ ਦਿੱਤਾ।
ਹੁਣ ਅਫ਼ਜ਼ਲ ਗੁਰੂ ਤੋਂ ਬਾਅਦ ਭਾਰਤ ਦੀ ਸਮੂਹਿਕ ਚੇਤਨਾ ਦੀ ਅੱਖ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ‘ਤੇ ਹੈ। ਚੰਗੇ-ਭਲੇ ਇਨਸਾਨ ਨੂੰ ਇਹਨੇ ਮਾਨਸਿਕ ਰੋਗੀ ਬਣਾ ਦਿੱਤਾ। ਭਾਰਤ ਦੇ ਸੰਵਿਧਾਨ ‘ਚ (ਜਿਸ ਦਾ ਨੱਕ ਉਦਾਂ ਮੋਮ ਦਾ ਹੈ, ਜਿੱਧਰ ਨੂੰ ਮਰਜ਼ੀ ਮੋੜ ਲਉ) ਲਿਖਿਆ ਕਿ ਜਦ ਤੱਕ ਕੋਈ ਚਸ਼ਮਦੀਦ ਗਵਾਹ ਦੋਸ਼ੀ ਨੂੰ ਪਛਾਣਦਾ ਨਹੀਂ, ਉਨੀ ਦੇਰ ਉਹਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ; ਤੇ ਸ਼ ਭੁੱਲਰ ਨੂੰ ਕਿਸੇ ਵੀ ਗਵਾਹ ਨੇ ਨਹੀਂ ਪਛਾਣਿਆ। ਤਿੰਨਾਂ ਜੱਜਾਂ ਵਿਚੋਂ ਮੁੱਖ ਜੱਜ ਨੇ ਉਹਨੂੰ ਨਿਰਦੋਸ਼ ਸਾਬਿਤ ਕਰ ਕੇ ਬਰੀ ਕੀਤਾ। ਅੱਜ ਤੱਕ ਕਿੰਨੀਆਂ ਪਟੀਸ਼ਨਾਂ ਉਹਦੇ ਘਰ ਵਾਲਿਆਂ ਅਤੇ ਸਿੱਖਾਂ ਨੇ ਸਮੂਹਿਕ ਤੌਰ ‘ਤੇ ਪਾਈਆਂ ਕਿ ਉਹਦੀ ਫਾਂਸੀ ਦੀ ਸਜ਼ਾ ਤੋੜੀ ਜਾਵੇ, ਪਰ ਸਮੂਹਿਕ ਚੇਤਨਾ ਨੂੰ ਇਹ ਕਦ ਮਨਜ਼ੂਰ ਹੋਵੇਗਾ ਕਿ ਜਾਲ ‘ਚ ਫਸਿਆ ਸਿੱਖ ਸੁੱਕਾ ਨਿਕਲ ਜਾਵੇ! ਭਾਵੇਂ ਲੱਖ ਨਿਰਦੋਸ਼ ਹੋਵੇ, ਇਹ ਕਿਸ਼ੋਰੀ ਲਾਲ ਵਰਗੇ ਝਟਕਈ ਜਿਸ ਨੇ 1984 ਵਿਚ ਦਿੱਲੀ ਵਿਚ ਬੱਕਰੇ ਵੱਢਣ ਵਾਲੇ ਆਪਣੇ ਟੋਕੇ ਨਾਲ 20 ਸਿੱਖਾਂ ਦੀਆਂ ਗਰਦਨਾਂ ਵੱਢੀਆਂ, ਉਹਨੂੰ ਪਛਾਣ ਕੇ ਗਵਾਹੀਆਂ ਵੀ ਹੋਈਆਂ ਤੇ ਮੌਤ ਦੀ ਸਜ਼ਾ ਵੀ, ਪਰ ਇਸ ਚੇਤਨਾ ਨੇ ਉਸ ਨਿਰਦਈ ਕਾਤਲ ‘ਤੇ ਤਰਸ ਕਰ ਲਿਆ ਤੇ ਮੌਤ ਦੀ ਸਜ਼ਾ ਮੁਆਫ਼ੀਯੋਗ ਬਣ ਗਈ। ਇਹ ਹੈ ਰਾਮਰਾਜ ਜਿੱਥੇ ਸਿੱਖ, ਮੁਸਲਮਾਨ ਤੇ ਇਸਾਈ ਸਭ ‘ਸ਼ੰਭੂਕ’ ਹੀ ਹਨ।
ਦਿੱਲੀ ਵਿਚ ਸਮੂਹਿਕ ਚੇਤਨਾ ਬੜੇ ਡਰਾਮੇ ਕਰਦੀ ਹੈ। ਪਾਰਲੀਮੈਂਟ ‘ਤੇ ਹਮਲੇ ਤੋਂ ਲੈ ਕੇ ਗਾਂਧੀ ਟੋਪੀ ਪੁਆ ਕੇ ਪੂਰੇ ਜਸ਼ਨਾਂ ਨਾਲ ਮਰਨ ਵਰਤ ‘ਤੇ ਵੀ ਬਹਾ ਦਿੰਦੀ, ਤੇ ਕੁੱਲ ਦੁਨੀਆਂ ਵਿਚ ਨਾਂ ਵੀ ਚਮਕਾ ਦਿੰਦੀ ਹੈ, ਰਾਜਸੀ ਪ੍ਰਚਾਰ ਕਰ ਕੇ। ਫਿਰ ਆਪ ਹੀ ਚਹੁੰ ਕੁ ਦਿਨਾਂ ਬਾਅਦ ਜੂਸ ਪਿਲਾ ਕੇ ਵਰਤ ਖੁਲ੍ਹਵਾ ਵੀ ਦਿੰਦੀ ਹੈ ਤੇ ਸਭ ਤੋਂ ਵੱਡੇ ਹਸਪਤਾਲਾਂ ਵਿਚ ਸਰਕਾਰੀ ਖਰਚੇ ‘ਤੇ ਇਲਾਜ ਵੀ ਕਰਵਾ ਦਿੰਦੀ ਹੈ ਪਰ ਮਨੀਪੁਰ ਦੀ ਇਰੋਮਾ ਸ਼ਰਮੀਲਾ ਜਿਸ ਨੂੰ ਭੁੱਖ ਹੜਤਾਲ ‘ਤੇ ਬੈਠਿਆਂ ਬਾਰਵਾਂ ਸਾਲ ਜਾ ਰਿਹਾ ਹੈ, ਉਹਨੂੰ ਅੱਜ ਵੀ ਆਨੀ-ਬਹਾਨੀ ਕੋਰਟਾਂ ‘ਚ ਘਸੀਟਿਆ ਜਾ ਰਿਹੈ ਤੇ ਘਰ ਵਿਚ ਹੀ ਕੈਦ ਕੀਤਾ ਹੋਇਆ ਹੈ ਕਿਉਂਕਿ ਉਹਦੀ ਮੰਗ ਕੋਈ ‘ਭੀਖ’ ਨਹੀਂ, ‘ਹੱਕ’ ਹੈ ਜਿਹੜਾ ਸਮੂਹਿਕ ਚੇਤਨਾ ਨੂੰ ਕਦੇ ਵਾਰਾ ਨਹੀਂ ਖਾਂਦਾ।
ਇਹ ਸਮੂਹਿਕ ਚੇਤਨਾ ਕਈ ਰੂਪਾਂ ਵਿਚ ਉਪਜਦੀ ਹੈ ਤੇ ਇਹਦੇ ਪੁਰਜ਼ੇ ਵੀ ਹਰ ਕਿਸਮ ‘ਚ ਮਿਲ ਜਾਂਦੇ ਹਨ ਜਿਹੜੇ ਇਹਦਾ ਕੰਮ ਪੂਰੀ ਤਨਦੇਹੀ ਨਾਲ ਕਰਦੇ ਹਨ। ਆਹ ਮਨਿੰਦਰਜੀਤ ਬਿੱਟੇ ਵਰਗਾ ਨਿਰਲੱਜ ਤਾਂ ਆਪਾਂ ਸਾਰਿਆਂ ਨੇ ਦੇਖ ਹੀ ਲਿਆ ਕਿ ਇਹ ਕਿੱਦਾਂ ਇਨਸਾਨ ਦੀ ਮੌਤ ‘ਤੇ ਭੰਗੜਾ ਪਾਉਂਦਾ ਸੀ, ਤੇ ਖ਼ੁਸ਼ੀ ‘ਚ ਮੂੰਹ ਵਿਚ ਲੱਡੂ ਪਾਉਂਦਾ ਫਿਰਦਾ ਸੀ। ਕਈ ਵਾਰੀ ਇਹਦਾ ਪੁਰਜ਼ਾ ਢਿੱਲੀ ਜਿਹੀ ਪੱਗ ਬੰਨ੍ਹ ਕੇ ਰਾਜ ਸਿੰਘਾਸਨਾਂ ‘ਤੇ ਵੀ ਬੈਠਾ ਹੁੰਦਾ ਹੈ ਤੇ ਬੜੀਆਂ ਸਿੱਧੜ ਤੇ ਮਿੱਠੀਆਂ ਗੱਲਾਂ ਦੇ ਭਰਮ ਜਾਲ ‘ਚ ਫਸਾ ਕੇ ਬੜੀ ਕਸੂਤੀ ਦਾਤੀ ਫੇਰਦਾ ਹੈ ਤੇ ਅਕਸਰ ਸੰਤ ਦੇ ਚੋਲਿਆਂ ਵਿਚ ਵੀ ਇਹਦੇ ਦਰਸ਼ਨ ਕੀਤੇ ਜਾ ਸਕਦੇ ਹਨ। ਸਿੱਖਾਂ ਦੇ ਸਬੰਧ ਵਿਚ ਹੁਣ ਇਸ ਸਮੂਹਿਕ ਚੇਤਨਾ ਦੀ ਪਾਲਿਸੀ ਹੈ ਕਿ ਵੱਧ ਤੋਂ ਵੱਧ ਸੰਤ ਬਣਨ। ਭਾਵੇਂ ਰੋਜ਼ ਹੀ ਜਪ ਤਪ ਸਮਾਗਮ ਹੋਣ, ਅਖੰਡਪਾਠਾਂ ਦੀਆਂ ਨਾ ਮੁੱਕਣ ਵਾਲੀਆਂ ਲੜੀਆਂ ਚੱਲਣ ਤੇ ਸਿੱਖ ਬੱਸ ਮੱਥੇ ਟੇਕਣ ਜੋਗੇ ਬਣ ਜਾਣ। ਜਿੰਨੇ ਵੱਧ ਸੰਤ ਹੋਣਗੇ, ਉਨੀਆਂ ਹੀ ਬਰਸੀਆਂ ਵੱਧ ਮਨਾਈਆਂ ਜਾਣਗੀਆਂ ਤੇ ਵੱਡੇ ਛੋਟੇ ਸੰਤਾਂ ਦੇ ਹੀ ਗੁਣਗਾਨ ਸਿੱਖ ਸੁਣਨ ਤੇ ਇਹਨੂੰ ਗੁਰਮਤਿ ਸਮਝ ਕੇ ਬਾਬੇ ਨਾਨਕ ਦੇ ਨਿਰਮਲ ਪੰਥਕ ਸਿਧਾਂਤ ਨੂੰ ਸਹਿਜੇ ਸਹਿਜੇ ਭੁੱਲ ਜਾਣ ਤੇ ਇਨ੍ਹਾਂ ਸੰਤਾਂ ਦੇ ਡੇਰਿਆਂ ‘ਤੇ ਜਾਣ ਵਾਲੇ ਸਿੱਖ ਐਨੇ ਸੀਲ ਬਣ ਜਾਣ ਕਿ ਉਨ੍ਹਾਂ ਨੂੰ ਹੱਕ ਸੱਚ ਦੀ ਆਵਾਜ਼ ਦਾ ਕੋਈ ਪਤਾ ਹੀ ਨਾ ਰਹੇ, ਕਿ ਉਨ੍ਹਾਂ ਦੇ ਗੁਰੂ ਨੇ ਖਾਲਸਾ ਕਿਉਂ ਸਾਜਿਆ ਸੀ। ਸਿਰਫ਼ ਗਾਤਰੇ ਪਾ ਕੇ ਹੀ ਸਿੱਖ ਆਪਣੇ-ਆਪ ਨੂੰ ਸੁਰਖਰੂ ਸਮਝਣ ਲੱਗ ਜਾਣ ਕਿ ਉਹ ਗੁਰੂ ਵਾਲੇ ਬਣ ਗਏ। ਗੈਰਤ ਨਾਂ ਵਾਲੀ ਗੱਲ ਨਾਲ ਕੋਈ ਬਹੁਤਾ ਸਰੋਕਾਰ ਹੀ ਨਾ ਰਹੇ। ਬੱਸ, ਸ਼ਰਧਾ ਨਾਲ ਬਰਸੀਆਂ ‘ਤੇ ਲੰਗਰ ਤਿਆਰ ਕਰਨੇ, ਵਰਤਾਉਣੇ, ਛਕਣੇ ਤੇ ਸੰਤਾਂ ਮਹਾਂਪੁਰਖਾਂ ਦੇ ਸਤਿਸੰਗ ਕਰਨੇ; ਇਹੋ ਗੁਰਮਤਿ ਦੀ ਅੰਤਿਮ ਮੰਜ਼ਿਲ ਰਹਿ ਗਈ ਹੈ ਤੇ ਡੇਰਿਆਂ ਵਾਲੇ ਸੰਤ ਇਹ ਕੰਮ ਬਾਖੁਬੀ ਨਿਭਾ ਰਹੇ ਹਨ। ਜਿਹੜੇ ਇਨ੍ਹਾਂ ਤੋਂ ਅਜੇ ਬਚੇ ਹਨ, ਉਨ੍ਹਾਂ ਨੂੰ ਸਮੁਹਿਕ ਚੇਤਨਾ ਨੇ ਸ਼ਰਾਬ ਤੇ ਨਸ਼ਿਆਂ ‘ਚ ਗੜੁੱਚ ਕਰ ਦਿੱਤਾ ਹੈ।
ਮੈਨੂੰ ਲੱਗਦੈ, ਮੇਰੇ ‘ਤੇ ਇਹ ਇਲਜ਼ਾਮ ਲੱਗ ਜਾਣੈ ਕਿ ਗੱਲ ਤਾਂ ਅਫ਼ਜ਼ਲ ਗੁਰੂ ਦੀ ਫਾਂਸੀ ਤੋਂ ਸ਼ੁਰੂ ਕੀਤੀ, ਤੇ ਲਿਆ ਵਾੜੇ ਵਿਚ ਸੰਤ ਮਹਾਂਪੁਰਸ਼। ਕਿਉਂ? ਦਰਅਸਲ ਗੱਲ ਤਾਂ ਭਾਰਤ ਦੀ ਸਮੂਹਿਕ ਚੇਤਨਾ ਦੇ ਕਾਰਨਾਮਿਆਂ ਦੀ ਹੈ ਤੇ ਜ਼ਿਕਰ ਉਹਦੇ ਬਣੇ ਪੁਰਜ਼ਿਆਂ ਦਾ ਹੈ ਜਿਹੜੇ ਹਰ ਹਰਬਾ ਵਰਤ ਕੇ ਸਿੱਧੇ ਤੇ ਅਸਿੱਧੇ ਤੌਰ ‘ਤੇ ਉਹਦੀ ਸੇਵਾ ‘ਚ ਜੁਟੇ ਹੋਏ ਹਨ। ਗੁਰਾਂ ਦੀ ਧਰਤੀ ਪੰਜਾਬ ਵਿਚਲੇ ਸੰਤਾਂ ਦੇ ਡੇਰੇ ਇਹਦੇ ਵਿਚ ਪੂਰਾ ਹਿੱਸਾ ਪਾ ਰਹੇ ਹਨ। ਅੱਜ ਪੰਜਾਬ ਵਿਚ ਦੋ ਵੱਡੇ ਵੋਟ ਬੈਂਕ ਹਨ। ਇਕ ਡੇਰੇ ਤੇ ਦੂਜੇ ਠੇਕੇ। ਜਿਹੜਾ ਸਿਆਸਤਦਾਨ ਇਨ੍ਹਾਂ ਨੂੰ ਵਰਤ ਰਿਹਾ ਹੈ, ਉਹਦੀ ਗੱਦੀ-ਨਸ਼ੀਨੀ ਪੱਕੀ। ਉਦਾਂ ਵੀ ਜਦ ਸਾਰੇ ਸਿੱਖ ਸੰਤ ਮਹਾਂਪੁਰਖਾਂ ਦਾ ਜਸ ਗਾਈ ਜਾਂਦੇ ਹਨ, ਫਿਰ ਮੈਂ ਕਿਉਂ ਪਿੱਛੇ ਰਹਾਂ ਬਈ?
Leave a Reply