ਪੰਜਾਬ ਟਾਈਮਜ਼ ਦੇ 29 ਜੂਨ ਦੇ ਅੰਕ (ਸ਼ਿਕਾਗੋ ਐਡੀਸ਼ਨ, ਪੰਨਾ ਦੋ) ਉਤੇ ਸਿੱਖ ਰਿਲੀਜੀਅਸ ਸੁਸਾਇਟੀ (ਗੁਰਦੁਆਰਾ ਪੈਲਾਟਾਈਨ), ਸ਼ਿਕਾਗੋ ਦੇ ਪ੍ਰਬੰਧਕਾਂ ਵੱਲੋਂ ਬਾਕਾਇਦਾ ਰਕਮ ਤਾਰ ਕੇ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ ਹਿਤ ਛਪਵਾਇਆ ਇਸ਼ਤਿਹਾਰ ਧਿਆਨ ਨਾਲ ਪੜ੍ਹਨਾ ਜੀ। ਟਾਈਟਲ ਹੈ, “ਮੂਲ ਨਾਨਕਸ਼ਾਹੀ ਕੈਲੰਡਰ ਅਪਨਾਓ।” ਸਭ ਤੋਂ ਪਹਿਲਾਂ ਨਜ਼ਰ ‘ਅਪਨਾਓ’ ਸ਼ਬਦ ‘ਤੇ ਜਾਂਦੀ ਹੈ, ਜੋ ‘ਅਪਣਾਓ’ ਜਾਂ ‘ਅਪਣਾਵੋ’ ਲਿਖਣਾ ਬਣਦਾ ਸੀ।
ਕੈਲੰਡਰ ਇਕ ਹਾੜ੍ਹ ਤੋਂ ਸ਼ੁਰੂ ਹੋਣਾ ਚਾਹੀਦਾ ਸੀ, ਦੋ ਹਾੜ੍ਹ ਤੋਂ ਕਿਸ ਕਾਰਨ ਸ਼ੁਰੂ ਕੀਤਾ ਹੈ? ਮਾਲਕ ਜਾਣੇ। ਕੈਲੰਡਰ ‘ਤੇ 2 ਹਾੜ੍ਹ ਤੋਂ 12 ਸਾਵਣ (16 ਜੂਨ ਤੋਂ 27 ਜੁਲਾਈ 2019) ਦੇ ਦਿਨ ਇਕ ਮਹੀਨੇ ਦੀ ਇਕਾਈ ਵਜੋਂ ਛਾਪੇ ਹਨ, ਪਰ ਮਹੀਨਾ ਤਾਂ 1 ਹਾੜ੍ਹ ਤੋਂ 30 ਹਾੜ੍ਹ ਤਕ ਪੂਰਾ ਹੋ ਜਾਂਦਾ ਹੈ, 12 ਸਾਵਣ ਤਕ ਕਿਵੇਂ ਲੈ ਗਏ?
ਇਸ ਕੈਲੰਡਰ ਵਿਚ ਸਹੀ ਸ਼ਬਦ ਹਾੜ੍ਹ ਦੀ ਥਾਂ 37 ਵਾਰ ਹਾੜ ਗਲਤ ਸ਼ਬਦ ਲਿਖਿਆ ਗਿਆ ਹੈ। ਸੰਸਕ੍ਰਿਤ ਵਿਚ ਇਸ ਮਹੀਨੇ ਦਾ ਨਾਮ ਆਸ਼ਾੜ ਹੈ, ਸੰਸਕ੍ਰਿਤ ‘ਸ਼’ ਧੁਨੀ ਪੰਜਾਬੀ ਵਿਚ ਕਈ ਵਾਰ ਹਹਾ ਹੋ ਜਾਂਦੀ ਹੈ, ਜਿਸ ਕਰਕੇ ੜਾੜੇ ਦੇ ਪੈਰ ਹੇਠ ਅੱਧਾ ਹਾਹਾ ਪਾਈਦਾ ਹੈ ਤਾਂ ਲਿਖੀਦਾ ਹੈ, ਹਾੜ੍ਹ। ਗੁਰਬਾਣੀ ਵਿਚ ਜੋ ਦੋ ਬਾਰਾਮਾਹੇ ਦਰਜ ਹਨ, ਦੋਹਾਂ ਵਿਚ ਆਸਾੜ ਲਿਖਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨਕੋਸ਼ ਵਿਚ ਹਾੜ੍ਹ ਲਿਖਦੇ ਹਨ ਜਦੋਂ ਕਿ ਬਗੈਰ ਅੱਧੇ ਹਾਹੇ ਤੋਂ ਹਾੜ ਮਾਇਨੇ ਪ੍ਰੇਤ, ਜਿੰਨ, ਬਦਰੂਹ ਹੁੰਦਾ ਹੈ।
ਅਖਬਾਰ ਵਿਚ ਛਪੇ ਇਸ ਕੈਲੰਡਰ ਉਪਰ ਜਿਵੇਂ ਦਸਿਆ ਹੈ ਕਿ ਇਕ ਹਾੜ੍ਹ ਹੈ ਨਹੀਂ ਪਰ 30 ਹਾੜ੍ਹ ਦੋ ਵਾਰ ਹੈ, 14 ਜੁਲਾਈ ਨੂੰ ਵੀ ਅਤੇ 15 ਜੁਲਾਈ ਨੂੰ ਵੀ, ਕੀ ਕਾਰਨ? ਹਿਜਰੀ, ਬਿਕ੍ਰਮੀ ਅਤੇ ਨਾਨਕਸ਼ਾਹੀ ਕੈਲੰਡਰ ਪੂਰੀ ਤਰ੍ਹਾਂ ਦੋਸ਼ਮੁਕਤ ਕਰ ਲਏ ਜਾਣ ਤਾਂ ਵੀ ਵਿਹਾਰਕ ਤੌਰ ‘ਤੇ ਇਨ੍ਹਾਂ ਦੀ ਵਰਤੋਂ ਨਹੀਂ ਹੋ ਸਕੇਗੀ, ਫਿਰ ਇਸ ਮਗਜ਼ਪੱਚੀ ਦਾ ਲਾਭ? ਸੀਟਾਂ ਦੀ ਬੁਕਿੰਗ, ਬੈਂਕ ਦੇ ਚੈਕ, ਬੱਚਿਆਂ ਦੀ ਡੇਟ-ਸ਼ੀਟ, ਨੌਕਰੀ ਡਿਊਟੀ ਆਦਿ ਕਦੋਂ ਦੇਸੀ ਕੈਲੰਡਰਾਂ ਅਨੁਸਾਰ ਸ਼ੁਰੂ ਹੁੰਦੀ ਹੈ? ਹਾਂ, ਮੌਲਵੀ, ਭਾਈ ਜੀ ਅਤੇ ਪੁਜਾਰੀ ਵਾਸਤੇ ਇਨ੍ਹਾਂ ਕੈਲੰਡਰਾਂ ਦੀ ਲੋੜ ਰਹੇਗੀ, ਕਿਉਂਕਿ ਉਨ੍ਹਾਂ ਲਈ ਇਹ ਸੋਨੇ ਦੀਆਂ ਮੁਰਗੀਆਂ ਹਨ। ਕੈਲੰਡਰ ਠੀਕ ਕਰਨੇ ਤਾਂ ਅਧਪੜ੍ਹ ਪੁਜਾਰੀਆਂ ਦੇ ਵਸ ਵਿਚ ਨਹੀਂ, ਸ਼ਬਦ-ਜੋੜ ਕਿਸੇ ਪੜ੍ਹੇ ਲਿਖੇ ਤੋਂ ਠੀਕ ਕਰਵਾ ਲਿਆ ਕਰਨ।
-ਡਾ. ਹਰਪਾਲ ਸਿੰਘ ਪੰਨੂ
ਫੋਨ: 91-94642-51454