ਗੁਰਬਚਨ ਸਿੰਘ
ਫੋਨ: 91-98156-98451
ਖੱਬੇ ਪੱਖੀ ਲਹਿਰ ਦੇ ਮੁੜ ਉਭਾਰ ਬਾਰੇ ਪ੍ਰਸਿਧ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਆਪਣੀ ਇਕ ਲਿਖਤ “ਖੱਬੀ ਧਿਰ ਨਵੀਂ ਦਿਸ਼ਾ ਦੀ ਤਲਾਸ਼ ਵਿਚ” (‘ਪੰਜਾਬੀ ਟ੍ਰਿਬਿਊਨ’, 23 ਜੂਨ) ਵਿਚ ਲਿਖਿਆ ਹੈ, ‘‘ਜੇ ਕਮਿਊਨਿਸਟ ਆਪਣੀ ਇਸ ਅਤਿ ਮਾੜੀ ਹਾਲਤ ਤੋਂ ਉਭਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਸਭ ਤੋਂ ਪਹਿਲਾ ਕਰਨ ਵਾਲਾ ਕੰਮ ਖੁਦ ਨੂੰ ਵਧੇਰੇ ਭਾਰਤੀ ਬਣਾਉਣਾ ਹੈ।…ਆਪਣੇ ਦੇਸ਼ ਵਿਚ ਪੈਦਾ ਹੋਏ ਗਾਂਧੀ ਅਤੇ ਅੰਬੇਡਕਰ ਵਰਗੇ ਵਿਚਾਰਕਾਂ ਨੂੰ ਛਡ ਕੇ ਕਾਰਲ ਮਾਰਕਸ, ਫ੍ਰੈਡਰਿਕ ਏਂਗਲਜ, ਲੈਨਿਨ, ਸਟਾਲਿਨ, ਮਾਓ-ਜੇ-ਤੁੰਗ, ਹੋ ਚੀ ਮਿਨ੍ਹ, ਫੀਦਲ ਕਾਸਟਰੋ ਤੇ ਹਿਊਗੋ ਚਾਵੇਜ਼ ਦੀ ਪੂਜਾ ਕਰਦਿਆਂ ਭਾਰਤੀ ਕਮਿਊਨਿਸਟ ਆਪਣੀ ਸੁਰ ਭਾਰਤੀ ਹਕੀਕਤਾਂ ਨਾਲ ਮਿਲਾਉਣ ਵਿਚ ਨਾਕਾਮ ਰਹਿੰਦੇ ਹਨ।’’
ਫਿਰ ਉਨ੍ਹਾਂ ਨੇ 1920ਵਿਆਂ ਦੌਰਾਨ “ਕਮਿਊਨਿਸਟ ਲਹਿਰ ਦੇ ਉਭਾਰ ਦੇ ਨਾਲ ਹੀ ਇਕ ਦੇਸੀ ਭਾਰਤੀ ਸੋਸ਼ਲਿਸਟ (ਸਮਾਜਵਾਦੀ) ਰਵਾਇਤ ਦੇ ਉਭਾਰ” ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਕਮਲਾ ਦੇਵੀ ਚਟੋਪਾਧਿਆਏ, ਰਾਮ ਮਨੋਹਰ ਲੋਹੀਆ ਅਤੇ ਜੈ ਪ੍ਰਕਾਸ਼ ਨਰਾਇਣ ਦੀ ਸੋਚ ਭਾਰਤੀ ਸਮਾਜ ਬਾਰੇ ਵੱਧ ਮੌਲਿਕ ਸੀ। ਲਿੰਗ ਆਧਾਰਤ ਮਸਲਿਆਂ, ਜਮਾਤੀ ਵੰਡ ਤੇ ਰਾਜਸੀ ਵਿਕੇਂਦਰੀਕਰਨ ਬਾਰੇ ਇਨ੍ਹਾਂ ਦੀ ਸੋਚ ਕਿਤੇ ਵਧ ਤਿਖੀ ਤੇ ਜਮਾਤੀ ਹਕੀਕਤਾਂ ਦੇ ਵੱਧ ਨੇੜੇ ਸੀ।” ਲਿਖਤ ਦੇ ਅਖੀਰ ਵਿਚ ‘ਵਖ-ਵਖ ਕਮਿਊਨਿਸਟ ਪਾਰਟੀਆਂ ਨੂੰ ਇਕਮੁਠ’ ਕਰ ਕੇ ਬਣਨ ਵਾਲੀ ਨਵੀਂ ਪਾਰਟੀ ਲਈ ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਉਸ ਨੂੰ ‘ਕਮਿਊਨਿਸਟ’ ਸ਼ਬਦ ਛੱਡ ਕੇ ਇਸ ਦੀ ਥਾਂ ਆਪਣੇ ਆਪ ਨੂੰ ‘ਡੈਮੋਕ੍ਰੈਟਿਕ ਸੋਸ਼ਲਿਸਟ’ (ਜਮਹੂਰੀ ਸਮਾਜਵਾਦੀ) ਪਾਰਟੀ ਵਜੋਂ ਸਾਹਮਣੇ ਲਿਆਉਣਾ ਚਾਹੀਦਾ ਹੈ।
ਲੋਕ ਸਭਾ ਚੋਣਾਂ ਵਿਚ ਮੋਦੀ ਨੁਮਾ ਆਰ. ਐਸ਼ ਐਸ਼ ਦੀ ਲਹਿਰ ਨੇ ਜਿਵੇਂ ਕਮਿਊਨਿਸਟ ਪਾਰਟੀਆਂ ਨੂੰ ਝਟਕਾ ਦਿੱਤਾ ਹੈ, ਇਸ ਨੇ ਇਕ ਵਾਰ ਤਾਂ ਖੱਬੇ ਪੱਖੀ ਚਿੰਤਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰੇਕ ਲੋਕ ਪੱਖੀ ਚਿੰਤਕ ਆਪਣੇ ਪੱਧਰ ਉਤੇ ਇਸ ਝਟਕੇ ਦੇ ਕਾਰਨ ਲੱਭਣ ਦੇ ਯਤਨ ਕਰ ਰਿਹਾ ਹੈ। ਇਥੋਂ ਤਕ ਕਿ ‘ਅਲਜਜ਼ੀਰਾ’ ਵਰਗੇ ਅਰਬੀ ਚੈਨਲ ਵੀ ਭਾਰਤ ਦੀ ਖੱਬੇ ਪੱਖੀ ਲਹਿਰ ਦੀ ਮੰਦੀ ਹਾਲਤ ਬਾਰੇ ਚਿੰਤਾ ਪ੍ਰਗਟ ਕਰਦੀਆਂ ਲਿਖਤਾਂ ਦੀ ਪੇਸ਼ਕਾਰੀ ਕਰ ਰਹੇ ਹਨ। ਹਰੇਕ ਵਿਦਵਾਨ ਖੱਬੇ ਪੱਖੀ ਲਹਿਰ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਆਪਣੇ-ਆਪਣੇ ਕੀਮਤੀ ਸੁਝਾਅ ਦੇ ਰਿਹਾ ਹੈ। ਬੇਸ਼ਕ ਇਨ੍ਹਾਂ ਸਾਰੇ ਸੁਝਾਵਾਂ ਨੂੰ ਧਿਆਨ ਵਿਚ ਰਖ ਕੇ ਕਿਸੇ ਸਾਂਝੀ ਰਾਏ ਉਤੇ ਪਹੁੰਚਿਆ ਜਾ ਸਕਦਾ ਹੈ; ਪਰ ਇਸ ਤੋਂ ਵੀ ਅਹਿਮ ਗੱਲ ਸਮੁੱਚੀ ਕਮਿਊਨਿਸਟ ਲਹਿਰ ਉਤੇ ਪਿੱਛਲ ਝਾਤ ਮਾਰਨ ਦੀ ਹੈ। ਪ੍ਰਸਿਧ ਮਾਰਕਸੀ ਚਿੰਤਕ ਪ੍ਰੋ. ਰਣਧੀਰ ਸਿੰਘ ਆਪਣੀਆਂ ਲਿਖਤਾਂ ਵਿਚ ਇਹ ਕਥਨ ਅਕਸਰ ਦੁਹਰਾਉਂਦੇ ਰਹੇ ਕਿ ਰੂਸ ਤੇ ਚੀਨ ਸਮੇਤ ਹੋਰਨਾਂ ਦੇਸ਼ਾਂ ਵਿਚ ਕਮਿਊਨਿਸਟ ਪਾਰਟੀਆਂ ਦੀ ਅਗਵਾਈ ਹੇਠ ਸਮਾਜਵਾਦੀ ਸਮਾਜ ਉਸਾਰਨ ਦੇ ਹੋਏ ਯਤਨਾਂ ਵਿਚ ਮਿਲੀ ਅਸਫਲਤਾ ਬਾਰੇ ਜਾਣਨ ਲਈ ਸਾਨੂੰ ਮਾਰਕਸ ਦੀ ਫਿਲਾਸਫੀ ਮੁੜ ਤੋਂ ਘੋਖਣੀ ਚਾਹੀਦੀ ਹੈ।
ਇਸ ਪੱਖੋਂ ਮਾਰਕਸ ਦੀ ਕਮਿਊਨਿਸਟ ਸਮਾਜ ਦੀ ਕੀਤੀ ਵਿਆਖਿਆ ਉਤੇ ਮੁੜ ਝਾਤ ਮਾਰਨ ਦੀ ਲੋੜ ਹੈ। ਮਾਰਕਸ ਦਾ ਕਥਨ ਹੈ, ‘‘ਕਮਿਊਨਿਜ਼ਮ ਪੂਰਨ ਵਿਕਸਿਤ ਕੁਦਰਤਵਾਦ ਵਜੋਂ ਮਨੁਖਤਾਵਾਦ ਹੈ ਅਤੇ ਪੂਰਨ ਵਿਕਸਿਤ ਮਨੁਖਤਾਵਾਦ ਵਜੋਂ ਕੁਦਰਤਵਾਦ ਹੈ। ਮਨੁਖ ਤੇ ਕੁਦਰਤ ਅਤੇ ਮਨੁਖ ਤੇ ਮਨੁਖ ਵਿਚਲੇ ਟਕਰਾਅ ਦਾ ਇਹੀ ਖਰਾ ਹੱਲ ਹੈ। ਹੋਂਦ ਤੇ ਤਤ ਵਿਚਲੇ, ਬਾਹਰਮੁਖੀ ਅਮਲ ਤੇ ਅੰਤਰਮੁਖੀ ਸੋਚ ਵਿਚਲੇ, ਆਜ਼ਾਦੀ ਤੇ ਲੋੜਾਂ ਵਿਚਲੇ ਅਤੇ ਨਿਜ ਤੇ ਸਮੂਹ ਵਿਚਲੇ ਵਿਰੋਧ ਦਾ ਇਹੀ ਹਕੀਕੀ ਹੱਲ ਹੈ। ਕਮਿਊਨਿਜ਼ਮ ਮਨੁੱਖੀ ਇਤਿਹਾਸ ਦੀ ਉਲਝਣ ਦਾ ਕੀਤਾ ਹੱਲ ਹੈ ਅਤੇ ਇਹ ਜਾਣਦਾ ਹੈ ਕਿ ਇਹ ਖੁਦ ਹੀ ਇਸ ਦਾ ਹੱਲ ਹੈ।…ਇਤਿਹਾਸ ਦੀ ਸਮੁਚੀ ਚਾਲ ਜਿਵੇਂ ਇਸ ਦੀ ਉਤਪਤੀ ਦਾ ਹਕੀਕੀ ਕਾਰਜ ਕਮਿਊਨਿਜ਼ਮ ਦੀ ਅਨੁਭਵੀ ਹੋਂਦ ਦੀ ਜੰਮਣ ਕ੍ਰਿਆ ਹੈ। ਕਮਿਊਨਿਜ਼ਮ ਦੀ ਪਕੜ ਵਿਚ ਆਉਣ ਤੇ ਅਨੁਭਵ ਕੀਤੀ ਜਾ ਸਕਣ ਵਾਲੀ ਕ੍ਰਿਆ ਭਾਵ ਕਮਿਊਨਿਜ਼ਮ ਦੀ ਚੇਤੰਨ ਸੋਚ।’’
ਇਸ ਵਿਆਖਿਆ ਅਨੁਸਾਰ ਕੁਦਰਤਵਾਦ, ਮਨੁਖਤਾਵਾਦ ਅਤੇ ਕਮਿਊਨਿਜ਼ਮ ਸਮਅਰਥੀ ਸ਼ਬਦ ਹਨ। ਭਾਵ ਜਦੋਂ ਮਨੁਖ ਕੁਦਰਤ ਤੇ ਬਾਕੀ ਸਾਰੇ ਮਨੁਖੀ ਸਮਾਜ ਨਾਲ ਮਨੋਂ ਇਕਸੁਰਤਾ ਦਾ ਅਹਿਸਾਸ ਕਰੇ ਤਾਂ ਉਹ ਕਮਿਊਨਿਸਟ ਹੈ। ਅਗਲੀ ਲਾਈਨ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਅਹਿਸਾਸ ਪਿਛੋਂ ਹੀ ਕੁਦਰਤ ਤੇ ਮਨੁੱਖ ਅਤੇ ਮਨੁੱਖ ਤੇ ਮਨੁੱਖ ਵਿਚਲਾ ਟਕਰਾਓ ਖਤਮ ਹੁੰਦਾ ਹੈ। ਭਾਵ ਇਸ ਅਹਿਸਾਸ ਪਿਛੋਂ ਹੀ ਮਨੁੱਖ ਨੂੰ ਪਤਾ ਲਗਦਾ ਹੈ ਜਾਂ ਉਸ ਨੂੰ ਚੇਤੰਨ ਅਹਿਸਾਸ ਹੁੰਦਾ ਹੈ ਕਿ ਉਹ ਵੀ ਇਕ ਕੁਦਰਤੀ ਜੀਵ ਹੈ ਅਤੇ ਉਸ ਦਾ ਕੁਦਰਤ ਨਾਲ ਕੋਈ ਟਕਰਾਓ ਨਹੀਂ ਹੈ। ਇਸ ਚੇਤਨਾ ਪਿਛੋਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਕੁਦਰਤ ਨਾਲ ਇਕਸੁਰ ਰਹਿ ਕੇ, ਭਾਵ ਕੁਦਰਤੀ ਨੇਮਾਂ ਅਨੁਸਾਰ ਜ਼ਿੰਦਗੀ ਜੀਅ ਕੇ ਹੀ ਉਹ ਸੁਖੀ ਰਹਿ ਸਕਦਾ ਹੈ। ਇਸ ਅਹਿਸਾਸ ਪਿਛੋਂ ਹੀ ਉਸ ਨੂੰ ਪਤਾ ਲਗਦਾ ਹੈ ਕਿ ਬਾਕੀ ਦੇ ਮਨੁੱਖ ਵੀ ਮੇਰੇ ਵਰਗੇ ਹੀ ਕੁਦਰਤੀ ਜੀਵ ਹਨ ਅਤੇ ਸਾਰੇ ਮੇਰੇ ਬਰਾਬਰ ਹਨ। ਕੋਈ ਉਚਾ ਨੀਂਵਾਂ ਨਹੀਂ ਹੈ। ਉਨ੍ਹਾਂ ਨਾਲ ਰਲਮਿਲ ਕੇ ਸਮਾਜੀ ਜਿੰ.ਦਗੀ ਜਿਉਂਦਿਆਂ ਹੀ ਮੈਂ ਆਪਣਾ ਆਤਮਕ ਤੇ ਮਾਨਸਿਕ ਵਿਕਾਸ ਕਰ ਸਕਦਾ ਹਾਂ ਅਤੇ ਰਲ-ਮਿਲ ਕੇ ਇਸ ਜ਼ਿੰਦਗੀ ਦਾ ਅਨੰਦ ਮਾਣ ਸਕਦਾ ਹਾਂ। ਫਿਰ ਉਸ ਨੂੰ ਸਮਝ ਆਉਂਦਾ ਹੈ ਕਿ ਮੇਰੀ ਨਿਜੀ ਜਿੰ.ਦਗੀ ਤੇ ਸਮੂਹਿਕ ਸਮਾਜੀ ਜਿੰ.ਦਗੀ ਵਿਚ ਕੋਈ ਟਕਰਾਓ ਨਹੀਂ ਹੈ। ਫਿਰ ਉਸ ਨੂੰ ਸਮੂਹਿਕ ਸਮਾਜੀ ਜ਼ਿੰਦਗੀ ਅਧੀਨ ਰਹਿ ਕੇ ਆਪਣੀ ਨਿਜੀ ਜ਼ਿੰਦਗੀ ਜਿਉਣ ਦੀ ਜਾਚ ਆਉਂਦੀ ਹੈ। ਉਸ ਨੂੰ ਆਪਣੀ ਸਰੀਰਕ ਹੋਂਦ ਤੇ ਉਸ ਦੇ ਤੱਤ, ਭਾਵ ਆਪਣੇ ਮਨ ਅਤੇ ਆਪਣੀ ਚੇਤੰਨ ਸੋਚ ਦੇ ਬਾਹਰਮੁਖੀ ਅਮਲ ਨਾਲ ਰਿਸ਼ਤੇ ਦੀ ਸਮਝ ਆਉਂਦੀ ਹੈ। ਉਸ ਨੂੰ ਆਪਣੀਆਂ ਕੁਦਰਤੀ ਲੋੜਾਂ ਬਾਰੇ ਪਤਾ ਲਗਦਾ ਹੈ ਤੇ ਉਹ ਬੇਲੋੜੀਆਂ ਇਛਾਵਾਂ ਦੀ ਗੁਲਾਮੀ ਤੋਂ ਮੁਕਤ ਹੁੰਦਾ ਹੈ। ਇਹੀ ਮਨ ਦੀ ਮੁਕਤੀ ਭਾਵ ਆਤਮਿਕ ਆਜ਼ਾਦੀ ਹੈ। ਇਹੀ ਪਕੜ ਵਿਚ ਆਉਣ ਵਾਲੀ ਅਤੇ ਅਨੁਭਵ ਕੀਤੀ ਜਾ ਸਕਣ ਵਾਲੀ ਕਮਿਊਨਿਜ਼ਮ ਦੀ ਚੇਤੰਨ ਸੋਚ ਹੈ; ਤਾਂ ‘ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ’ ਵਿਚ ਦਰਜ ਇਕ ਬੜੀ ਅਹਿਮ ਧਾਰਨਾ ਅਨੁਸਾਰ, ‘‘ਤੁਹਾਡੀ (ਪੂੰਜੀਪਤੀਆਂ ਦੀ) ਖੁਦਗਰਜੀ ਵਿਚੋਂ ਕੁਦਰਤ ਬਾਰੇ ਬਣਿਆ ਤੁਹਾਡਾ ਗਲਤ ਸੰਕਲਪ, ਤੁਹਾਨੂੰ ਕੁਦਰਤ ਦੇ ਅਟਲ ਨੇਮਾਂ ਨੂੰ ਆਪਣੀ ਮਰਜੀ ਅਨੁਸਾਰ ਬਦਲਣ ਲਈ ਪ੍ਰੇਰਦਾ ਹੈ, ਤੁਹਾਡੇ ਸਾਰੇ ਸਮਾਜੀ ਜਥੇਬੰਦੀ ਦੇ ਰੂਪ, ਤੁਹਾਡੇ ਮੌਜੂਦਾ ਪੈਦਾਵਾਰ ਦੇ ਢੰਗ ਤੇ ਨਿਜੀ ਜਾਇਦਾਦ ਦੇ ਰੂਪ ਵਿਚੋਂ ਫੁਟਦੇ ਇਤਿਹਾਸਕ ਰਿਸ਼ਤੇ, ਜੋ ਪੈਦਾਵਾਰ ਦੇ ਵਿਕਾਸ ਨਾਲ ਵਿਗਸਦੇ ਅਤੇ ਖਤਮ ਹੁੰਦੇ ਹਨ, ਇਸੇ ਗਲਤ ਸੰਕਲਪ ਦੀ ਦੇਣ ਹਨ।’’ ਮੈਨੀਫੈਸਟੋ ਵਿਚ ਹੀ ਦਰਜ ਹੈ, ‘‘ਪੂੰਜੀਵਾਦ ਆਪਣਾ ਹੀ ਕਲਪਿਆ ਇਕ ਸੰਸਾਰ ਸਿਰਜ ਲੈਂਦਾ ਹੈ।’’
ਭਾਵ ਪੂੰਜੀਵਾਦ ਦਾ ਸਿਰਜਿਆ ਇਹ ਮੌਜੂਦਾ ਸੰਸਾਰ ਕੁਦਰਤ ਤੋਂ ਟੁੱਟਿਆ ਹੋਇਆ ਅਤੇ ਸਾਮਰਾਜੀ ਮਨੋ ਕਲਪਿਤ ਸੰਸਾਰ ਹੈ। ਐਨ ਇਸ ਦੇ ਉਲਟ ਕਮਿਊਨਿਸਟਾਂ ਨੇ ਆਪਣਾ ਸਾਰਾ ਸਮਾਜੀ ਤਾਣਾ-ਬਾਣਾ ਕੁਦਰਤ ਦੇ ਅਟਲ ਨੇਮਾਂ ਅਨੁਸਾਰ ਸਿਰਜਣਾ ਹੈ। ਇਸ ਸੰਕਲਪ ਨੂੰ ਮਾਰਕਸ ਤੇ ਏਂਗਲਜ ਨੇ ਆਪਣੀਆਂ ਅਨੇਕਾਂ ਲਿਖਤਾਂ ਵਿਚ ਹੋਰ ਵੀ ਸਪਸ਼ਟ ਕੀਤਾ ਹੈ।
ਆਪਣੀ ਫਿਲਾਸਫੀ ਦੀ ਬੜੀ ਅਹਿਮ ਲਿਖਤ ‘ਡਿਹੂਰਿੰਗ ਵਿਰੋਧ’ ਵਿਚ ਏਂਗਲਜ ਨੇ ਲਿਖਿਆ ਹੈ, ‘‘ਮੇਰੇ ਲਈ ਦਵੰਦਵਾਦੀ ਨੇਮਾਂ ਨੂੰ ਕੁਦਰਤ ਉਤੇ ਠੋਸਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਸਗੋਂ ਇਨ੍ਹਾਂ ਨੇਮਾਂ ਨੂੰ ਕੁਦਰਤ ਵਿਚੋਂ ਲੱਭਣਾ ਅਤੇ ਵਿਕਸਿਤ ਕਰਨਾ ਹੀ ਮੇਰਾ ਮੰਤਵ ਹੈ।…ਮਨੁੱਖੀ ਖੋਜ ਦਾ ਅਰੰਭਕ ਨੁਕਤਾ ਨੇਮ ਨਹੀਂ ਹਨ, ਸਗੋਂ ਇਹ ਨੇਮ ਖੋਜ ਦਾ ਅੰਤਿਮ ਸਿੱਟਾ ਹਨ। ਇਹ ਨੇਮ ਕੁਦਰਤ ਅਤੇ ਮਨੁੱਖੀ ਇਤਿਹਾਸ ਉਤੇ ਲਾਗੂ ਨਹੀਂ ਕੀਤੇ ਜਾ ਸਕਦੇ, ਸਗੋਂ ਇਨ੍ਹਾਂ ਵਿਚੋਂ ਖੋਜੇ ਜਾਂਦੇ ਹਨ। ਕੁਦਰਤ ਅਤੇ ਮਨੁੱਖਤਾ ਦਾ ਖੇਤਰ ਇਨ੍ਹਾਂ ਨੇਮਾਂ ਦੀ ਪੁਸ਼ਟੀ ਨਹੀਂ ਕਰਦਾ, ਸਗੋਂ ਇਹ ਨੇਮ ਸਿਰਫ ਉਦੋਂ ਹੀ ਮੰਨਣਯੋਗ ਜਾਂ ਪ੍ਰਮਾਣੀਕ ਹਨ, ਜਦੋਂ ਇਹ ਕੁਦਰਤੀ ਨੇਮਾਂ ਅਤੇ ਮਨੁੱਖੀ ਇਤਿਹਾਸ ਦੇ ਅਨੁਸਾਰੀ ਹੁੰਦੇ ਹਨ।’’
ਬੇਸ਼ਕ ਆਲਮੀ ਕਮਿਊਨਿਸਟ ਲਹਿਰ ਨੇ ਮਾਰਕਸ, ਏਂਗਲਜ ਦੀਆਂ ਇਨ੍ਹਾਂ ਧਾਰਨਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਆਲਮੀ ਕਮਿਊਨਿਸਟ ਲਹਿਰ ਜੇ ਆਪਣੇ ਬਾਨੀਆਂ ਦੀਆਂ ਇਨ੍ਹਾਂ ਧਾਰਨਾਵਾਂ ਵੱਲ ਧਿਆਨ ਦਿੰਦੀ ਤਾਂ ਨਾ ਸਿਰਫ ਲਹਿਰ ਨੂੰ ਸਗੋਂ ਸਮੁੱਚੀ ਮਨੁੱਖ ਜਾਤੀ ਨੂੰ ਅਜੋਕੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਵਾਤਾਵਰਣ ਦੀ ਤਬਾਹੀ ਦਾ ਕਾਰਨ ਇਹੀ ਸਾਮਰਾਜੀ ਤਾਣਾਬਾਣਾ ਹੈ, ਜੋ ਆਪਣੀ ਮੁਨਾਫੇ ਦੀ ਹਾਬੜੀ ਭੁਖ ਪੂਰੀ ਕਰਨ ਲਈ ਜੰਗਲਾਂ ਦੇ ਜੰਗਲ ਵੱਢਦਾ ਜਾ ਰਿਹਾ ਹੈ, ਪਲਾਸਟਿਕ ਦੇ ਰੂਪ ਵਿਚ ਬੇਲੋੜਾ ਨਾ ਸਾਂਭਿਆ ਜਾਣ ਵਾਲਾ ਕੂੜਾ-ਕਰਕਟ ਪੈਦਾ ਕਰ ਰਿਹਾ ਹੈ। ਵੱਡੇ-ਵੱਡੇ ਸ਼ਹਿਰਾਂ ਦੇ ਰੂਪ ਵਿਚ ਕੰਕਰੀਟ ਦੇ ਜੰਗਲ ਖੜ੍ਹੇ ਕਰ ਰਿਹਾ ਹੈ ਤੇ ਕਰੋੜਾਂ ਦੀ ਗਿਣਤੀ ਵਿਚ ਵਸੋਂ ਨੂੰ ਬੇਲੋੜਾ ਪਰਵਾਸ ਕਰਨ ਲਈ ਮਜਬੂਰ ਕਰ ਰਿਹਾ ਹੈ।
ਦਰਅਸਲ ਜਦੋਂ ਕਮਿਊਨਿਸਟ ਲਹਿਰ ਮਾਰਕਸ-ਏਂਗਲਜ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਵੱਲ ਧਿਆਨ ਦੇਵੇਗੀ ਤਾਂ ਉਸ ਨੂੰ ਸਮਝ ਆਵੇਗੀ ਕਿ ਮਜਦੂਰ ਜਮਾਤ ਦੀ ਤਾਨਾਸ਼ਾਹੀ ਤੋਂ ਮਾਰਕਸ ਦਾ ਕੀ ਭਾਵ ਸੀ ਤੇ ਰੂਸ, ਚੀਨ ਵਿਚ ਇਹ ਕਿਉਂ ਲਾਗੂ ਨਹੀਂ ਹੋ ਸਕੀ? ਜਦੋਂ ਇਸ ਵਰਤਾਰੇ ਦੀ ਸਮਝ ਆਵੇਗੀ ਤਾਂ ਪਤਾ ਲਗੇਗਾ ਕਿ ਹਰੇਕ ਸਭਿਆਚਾਰ ਤੇ ਧਰਮ ਵਿਚ ਆਦਰਸ਼ਵਾਦੀ ਤੇ ਭੌਤਿਕਵਾਦੀ ਫਿਲਾਸਫੀ ਦੀਆਂ ਧਾਰਾਵਾਂ ਨਾਲੋ-ਨਾਲ ਚਲਦੀਆਂ ਆ ਰਹੀਆਂ ਹਨ, ਪਰ ਮਸਲਾ ਇਨ੍ਹਾਂ ਧਾਰਾਵਾਂ ਨੂੰ ਪਛਾਣਨ ਤੇ ਇਨ੍ਹਾਂ ਦਾ ਸਮਾਜਵਾਦੀ ਲਹਿਰ ਨਾਲ ਸੰਜੋਗ ਕਰਨ ਦਾ ਹੈ। ਜਦੋਂ ਇਹ ਗੱਲ ਸਮਝ ਆਵੇਗੀ ਤਾਂ ਪਤਾ ਚਲੇਗਾ ਕਿ ਗਾਂਧੀ ਦੀ ਫਿਲਾਸਫੀ ਆਦਰਸ਼ਵਾਦੀ ਅਤੇ ਡਾ. ਅੰਬੇਡਕਰ ਦੀ ਫਿਲਾਸਫੀ ਭੌਤਿਕਵਾਦੀ ਕਿਵੇਂ ਹੈ? ਇਹ ਨਿਖੇੜਾ ਹੋਣ ਪਿਛੋਂ ਹੀ ਕਮਲਾ ਦੇਵੀ ਚਟੋਪਾਧਿਆਏ, ਰਾਮ ਮਨੋਹਰ ਲੋਹੀਆ ਤੇ ਜੈ ਪ੍ਰਕਾਸ਼ ਨਰਾਇਣ ਦੀ ਭਾਰਤੀ ਸਮਾਜ ਬਾਰੇ ਮੌਲਿਕਤਾ ਦਾ ਪਤਾ ਲੱਗੇਗਾ। ਫਿਰ ਹੀ ਪਤਾ ਲੱਗੇਗਾ ਕਿ ਕਾਂਸ਼ੀ ਰਾਮ ਬਿਨਾ ਕਿਸੇ ਆਰਥਕ ਮੰਗ ਨੂੰ ਉਭਾਰਿਆਂ ਸਿਰਫ ਮਨੂਵਾਦ ਦਾ ਵਿਰੋਧ ਕਰਕੇ ਹੀ ਕਮਿਊਨਿਸਟਾਂ ਤੋਂ ਵੱਡੀ ਦਲਿਤ ਲਹਿਰ ਨੂੰ ਕਿਵੇਂ ਇਕਜੁਟ ਕਰ ਸਕਿਆ?
ਇਨ੍ਹਾਂ ਵਰਤਾਰਿਆਂ ਦੀ ਡੂੰਘਾਈ ਵਿਚ ਜਾਣ ਪਿਛੋਂ ਹੀ ਸਾਨੂੰ ਭਾਰਤੀ ਸਮਾਜ ਦੀ ਬਹੁਪਖੀ ਤੇ ਬਹੁਧਰਮੀ ਸਮਾਜ ਦੀ ਬਣਤਰ ਦਾ ਪਤਾ ਲੱਗੇਗਾ, ਜਿਸ ਨੂੰ ਜਾਣੇ ਬਿਨਾ ਅਸੀਂ ਇਸ ਦੇਸ਼ (ਭਾਰਤ) ਵਿਚ ਖੱਬੇ ਪੱਖੀ ਲਹਿਰ ਨੂੰ ਮੁੜ ਤੋਂ ਸੁਰਜੀਤ ਨਹੀਂ ਕਰ ਸਕਦੇ। ਇਸ ਤੋਂ ਬਿਨਾ ਮੋਦੀ ਨੁਮਾ ਆਰ. ਐਸ਼ ਐਸ਼ ਦੇ ਫਾਸ਼ੀਵਾਦ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ।