ਗੁਰੂ ਨਾਨਕ ਦੇਵ ਦਾ ਫਲਸਫਾ ਅਤੇ ਇਸ ਦੀ ਆਧੁਨਿਕ ਪ੍ਰਸੰਗਿਕਤਾ

ਡਾ. ਗੁਰਨਾਮ ਕੌਰ, ਕੈਨੇਡਾ
ਗੁਰੂ ਨਾਨਕ ਦੇਵ ਦਾ ਆਪਣੀ ਬਾਣੀ ਵਿਚ ਪ੍ਰਗਟ ਕੀਤਾ ਜੀਵਨ ਫਲਸਫਾ ਬੜਾ ਵਿਸ਼ਾਲ ਤੇ ਗਹਿਰ ਗੰਭੀਰ ਹੈ| ਉਨ੍ਹਾਂ ਦਾ ਸਥਾਪਤ ਕੀਤਾ ਧਰਮ ਜੀਵਨ ਨੂੰ ਸਮੁੱਚ ਵਿਚ ਲੈਂਦਾ ਹੈ ਤੇ ਸਮਾਜਕ ਧਰਮ ਹੈ, ਕਿਉਂਕਿ ਜੋ ਧਰਮ-ਦਰਸ਼ਨ ਗੁਰੂ ਨਾਨਕ ਨੇ ਦਿੱਤਾ, ਉਹ ਮਨੁੱਖ ਦੇ ਸਮੁੱਚੇ ਜੀਵਨ ਨੂੰ ਸੰਬੋਧਿਤ ਹੈ ਅਤੇ ਉਸ ਨੂੰ ਸਮਾਜ ਨਾਲ ਜੋੜਦਾ ਹੈ| ਇੱਥੇ ਉਸ ਦਰਸ਼ਨ ਦੇ ਕੁਝ ਪੱਖ ਜਿਵੇਂ ਸਮਾਜਕ ਨਿਆਂ, ਬਰਾਬਰੀ ਅਤੇ ਮਨੁੱਖੀ ਹੱਕ ਆਦਿ ਹੀ ਵਿਚਾਰੇ ਜਾਣਗੇ ਤੇ ਉਨ੍ਹਾਂ ਦੀ ਅਜੋਕੇ ਸਮੇਂ ਵਿਚ ਪ੍ਰਸੰਗਿਕਤਾ ਜਾਣਨ ਦੀ ਕੋਸ਼ਿਸ਼ ਕਰਾਂਗੇ|

ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਹਿੰਦੁਸਤਾਨ ਵਿਚ ਦੋ ਮੁੱਖ ਧਰਮ-ਹਿੰਦੂ ਅਤੇ ਇਸਲਾਮ ਸਨ| ਇਸਲਾਮ ਬਾਹਰੋਂ ਆਏ ਹਮਲਾਵਰਾਂ, ਜਿਨ੍ਹਾਂ ਨੇ ਆਪਣਾ ਰਾਜ ਸਥਾਪਤ ਕਰ ਲਿਆ ਸੀ, ਦਾ ਧਰਮ ਸੀ, ਇਸ ਲਈ ਉਹ ਧਰਮ ਦੇ ਨਾਂ ਹੇਠ ਪਰਜਾ ‘ਤੇ ਕਈ ਕਿਸਮ ਦੇ ਜ਼ੁਲਮ ਕਰ ਰਹੇ ਸਨ| ਆਪਸੀ ਨਫਰਤ ਦਾ ਬੋਲਬਾਲਾ ਸੀ, ਜਿਸ ਕਰਕੇ ਇੱਕ ਪਾਸੇ ਉਹ ਗੈਰ-ਮੁਸਲਿਮ ਪਰਜਾ ਨੂੰ ‘ਕਾਫਿਰ’ ਕਹਿੰਦੇ ਸਨ ਅਤੇ ਦੂਜੇ ਪਾਸੇ ਹਿੰਦੂ ਨਫਰਤ ਨਾਲ ਇਸਲਾਮ ਨੂੰ ਮੰਨਣ ਵਾਲੇ ਹਾਕਮਾਂ ਨੂੰ ‘ਮਲੇਛ’ (ਗੰਦੇ) ਕਹਿੰਦੇ ਸਨ| ਇਸ ਦੇ ਨਾਲ ਹੀ ਵਰਣ-ਆਸ਼ਰਮ ਦੀ ਮੁੱਖ ਵਿਚਾਰਧਾਰਾ ‘ਤੇ ਆਧਾਰਤ ਹਿੰਦੂ ਸਮਾਜ ਬਹੁਤ ਸਾਰੀਆਂ ਜਾਤਾਂ, ਉਪਜਾਤਾਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਦਾ ਸਮਾਜ ਵਿਚ ਵੱਖੋ ਵੱਖ ਦਰਜਾ ਸੀ ਅਤੇ ਵੱਖੋ ਵੱਖ ਕਿੱਤੇ ਤੇ ਫਰਜ਼ ਸਨ| ਇਹ ਜਾਤੀ ਤੇ ਜਮਾਤੀ ਪ੍ਰਬੰਧ ਏਨਾ ਰੂੜ੍ਹੀਵਾਦੀ ਅਤੇ ਗੁੰਝਲਦਾਰ ਸੀ ਕਿ ਸਮਾਜਕ ਤੇ ਧਾਰਮਿਕ ਨਾਬਰਾਬਰੀ, ਮਨੁੱਖ ਰਾਹੀਂ ਮਨੁੱਖ ਦੀ, ਰਾਜੇ ਰਾਹੀਂ ਪਰਜਾ ਦੀ, ਉਚੀਆਂ ਜਾਤਾਂ ਰਾਹੀਂ ਨੀਂਵੀਆਂ ਕਹੀਆਂ ਜਾਂਦੀਆਂ ਜਾਤਾਂ ਅਤੇ ਪੁਰਸ਼ ਰਾਹੀਂ ਔਰਤ ਦੀ ਲੁੱਟ-ਖਸੁੱਟ ਦਾ ਆਧਾਰ ਬਣ ਗਿਆ ਸੀ| ਸਾਰੀ ਤਾਣੀ ਹੀ ਉਲਝੀ ਪਈ ਸੀ|
ਅਜਿਹੇ ਨਫਰਤ ਭਰੇ ਮਾਹੌਲ ਵਿਚ ਗੁਰੂ ਨਾਨਕ ਨੇ ਬਾਣੀ ਰਾਹੀਂ ਧਰਮ, ਜਾਤ, ਰੰਗ, ਨਸਲ, ਸੰਪਰਦਾ ਅਤੇ ਇਸਤਰੀ-ਪੁਰਸ਼ ਦੇ ਭੇਦ ਤੋਂ ਉਤੇ ਉਠ ਕੇ ਸਾਰੀ ਲੋਕਾਈ ਨੂੰ ਪ੍ਰੇਮ ਤੇ ਅਮਨ, ਸਰਬੱਤ ਦਾ ਭਲਾ, ਸਵੈ ਅਨੁਭਵ ਅਤੇ ਗਿਆਨ ਨੂੰ ਹੋਰਨਾਂ ਨਾਲ ਸਾਂਝਾ ਕਰਨ, ਮਨੁੱਖੀ ਸਮਾਜ ਦੇ ਕਲਿਆਣ ਅਤੇ ਮੁਕਤੀ ਦਾ ਸੁਨੇਹਾ ਦਿੱਤਾ| ਇੰਜ ਗੁਰੂ ਨਾਨਕ ਨੇ ਅਜਿਹਾ ਜੀਵਨ-ਦਰਸ਼ਨ ਲੋਕਾਂ ਨੂੰ ਦਿੱਤਾ, ਜੋ ਸਰਵ-ਅਲਿੰਗਨਕਾਰੀ ਸੀ|
ਗੁਰੂ ਨਾਨਕ ਬਾਣੀ ਅਨੁਸਾਰ ਰਾਜ-ਕਰਤਾ ਜਾਂ ਰਾਜੇ ਦਾ ਜੋ ਸਭ ਤੋਂ ਪਹਿਲਾ ਅਤੇ ਅਸਲੀ ਗੁਣ ਹੋਣਾ ਚਾਹੀਦਾ ਹੈ, ਉਹ ਹੈ ਨਿਆਂ ਕਰਨਾ| ਹਿੰਦੂ ਪਰੰਪਰਾ ਵਿਚ ਸੁੱਚਮ ਅਤੇ ਆਪਣੇ ਆਪ ਨਾਲ ਕੋਈ ਅਹਿਦ ਕਰਨ ਲਈ ਪਾਣੀ ਦੀ ਚੂਲੀ ਲਈ ਜਾਂਦੀ ਹੈ| ਬਾਣੀ ਅਨੁਸਾਰ ਵਿਦਵਾਨ ਦੀ ਸਹੁੰ ਜਾਂ ਚੂਲੀ ਗਿਆਨ ਪ੍ਰਾਪਤ ਕਰਨਾ ਅਤੇ ਵਿਚਾਰਵਾਨ ਹੋਣਾ ਹੈ, ਜੋਗੀ ਦੀ ਚੂਲੀ ਆਪਣਾ ਜਤ ਕਾਇਮ ਰੱਖਣਾ, ਬ੍ਰਾਹਮਣ ਦੀ ਸੰਤੋਖ ਦਾ ਧਾਰਨੀ ਹੋਣਾ ਭਾਵ ਲਾਲਚੀ ਨਾ ਹੋਣਾ ਅਤੇ ਗ੍ਰਹਿਸਥੀ ਦੀ ਚੂਲੀ ਆਪਣੀ ਕਿਰਤ ਕਮਾਈ ਵਿਚੋਂ ਹੋਰਨਾਂ ਨਾਲ ਵੰਡ ਕੇ ਖਾਣਾ ਹੋਣੀ ਚਾਹੀਦੀ ਹੈ| ਰਾਜੇ ਵਾਸਤੇ ਚੂਲੀ ਇਨਸਾਫ ਦੀ ਹੈ| ਪਾਣੀ ਪੀਤਿਆਂ ਮਨੁੱਖ ਦੀ ਪਿਆਸ ਤਾਂ ਬੁੱਝ ਜਾਂਦੀ ਹੈ, ਪਰ ਉਸ ਦਾ ਅੰਤਰਮਨ ਸਾਫ ਨਹੀਂ ਹੁੰਦਾ, ਕਿਉਂਕਿ ਇਹ ਤਾਂ ਕੀਤੇ ਕੰਮਾਂ ਨਾਲ ਹੀ ਸਾਫ ਅਤੇ ਪਵਿੱਤਰ ਹੋਣਾ ਹੈ| ਪਾਣੀ ਸਭ ਦਾ ਪਿਤਾ ਹੈ, ਜਿਸ ਤੋਂ ਸੰਸਾਰ ਪੈਦਾ ਹੁੰਦਾ ਹੈ ਅਤੇ ਅੰਤ ਨੂੰ ਪਰਲੋ ਸਮੇਂ ਪਾਣੀ ਵਿਚ ਹੀ ਤਬਾਹ ਹੋ ਜਾਣਾ ਹੈ, “ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ…॥ (ਪੰਨਾ 1240)
ਗੁਰੂ ਨੇ ਤਾਕਤਵਰ ਲੋਕਾਂ ਦੇ ਪਖੰਡ ਦਾ ਖੰਡਨ ਕੀਤਾ ਹੈ, ਜੋ ਧਾਰਮਿਕ ਹੋਣ ਦਾ ਦਿਖਾਵਾ ਕਰਦੇ ਹਨ, ਪਰ ਅਸਲ ਵਿਚ ਅਨੈਤਿਕ ਹਨ| ਮਿਸਾਲ ਦਿੱਤੀ ਹੈ ਕਿ ਅਜਿਹੇ ਲੋਕਾਂ ਦਾ ਕਲਿਆਣ ਨਹੀਂ ਹੋ ਸਕਦਾ ਜੋ ਇੱਕ ਪਾਸੇ ਬ੍ਰਾਹਮਣਾਂ ‘ਤੇ ਕਰ ਲਾਉਂਦੇ ਹਨ ਪਰ ਦੂਜੇ ਪਾਸੇ ਸੁੱਚਮ ਲਈ ਰਸੋਈ ਨੂੰ ਗਊ ਦੇ ਗੋਬਰ ਨਾਲ ਲਿੱਪਦੇ ਹਨ; ਜੋ ਰੋਜ਼ੀ-ਰੋਟੀ ਉਨ੍ਹਾਂ ਤੋਂ ਲੈਂਦੇ ਹਨ, ਜਿਨ੍ਹਾਂ ਨੂੰ ‘ਮਲੇਛ’ ਕਹਿੰਦੇ ਹਨ, ਘਰਾਂ ਅੰਦਰ ਹਿੰਦੂ ਰਸਮਾਂ ਕਰਦੇ ਹਨ, ਪਰ ਬਾਹਰ ਲੋਕਾਂ ਵਿਚ ਹਾਕਮਾਂ ਨੂੰ ਦਿਖਾਉਣ ਤੇ ਖੁਸ਼ ਕਰਨ ਲਈ ਮੁਸਲਿਮ ਕਿਤਾਬਾਂ ਪੜ੍ਹਦੇ ਅਤੇ ਉਨ੍ਹਾਂ ਦਾ ਸਲੀਕਾ ਅਪਨਾਉਂਦੇ ਹਨ,
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥
ਧੋਤੀ ਟਿਕਾ ਤੇ ਜਪਮਾਲੀ ਧਾਨੁ ਮਲੇਛਾਂ ਖਾਈ॥ (ਪੰਨਾ 471)
ਗੁਰੂ ਨਾਨਕ ਦਾ ਜੀਵਨ ਦਰਸ਼ਨ ਅਤੇ ਨੈਤਿਕ ਕੀਮਤ-ਵਿਧਾਨ ਕਿਸੇ ਵੀ ਸਮੇਂ, ਸਥਾਨ ਅਤੇ ਅਵਸਥਾ ਵਿਚ ਅਮਲ ਵਿਚ ਆਉਣ ਵਾਲਾ ਹੈ| ਇਹ ਸਰਬਵਿਆਪਕ ਦਰਸ਼ਨ ਅਤੇ ਕੀਮਤ ਵਿਧਾਨ ਹੈ, ਜਿਸ ਨੂੰ ਅਮਲ ਵਿਚ ਲਿਆਉਣ ਲਈ ਧਰਮ, ਖਿੱਤੇ, ਬੋਲੀ ਜਾਂ ਕਿਸੇ ਵੀ ਕਿਸਮ ਦੀ ਹੱਦਬੰਦੀ ਲਾਗੂ ਨਹੀਂ ਹੁੰਦੀ|
ਯੂਨਾਨੀ ਫਿਲਾਸਫਰ ਅਰਸਤੂ ਅਨੁਸਾਰ “ਮਨੁੱਖ ਲਈ ਸਭ ਤੋਂ ਉਤਮ ਅਛਾਈ ਸਵੈ-ਅਨੁਭਵ ਸੀ|” ਇਹ ਕੋਈ ਸਵਾਰਥੀ ਨਿਜਵਾਦ ਨਹੀਂ ਹੈ| ਇਸ ਦਾ ਅਰਥ ਹੈ, “ਮਨੁੱਖ ਆਪਣੇ ਅਸਲੀ ਸਵੈ ਦਾ ਅਨੁਭਵ ਕਰਦਾ ਹੈ, ਜਦੋਂ ਉਹ ਆਪਣੀ ਹੋਂਦ ਦੇ ਸਰਵਉਚ ਭਾਗ ਨੂੰ ਪ੍ਰੇਮ ਕਰਦਾ ਅਤੇ ਪ੍ਰਸੰਨ ਕਰਦਾ ਹੈ, ਇਹ ਉਸ ਦਾ ਤਰਕਸੰਗਤ ਹਿੱਸਾ ਹੈ, ਜਦੋਂ ਉਹ ਸੱਜਣਤਾ ਦੇ ਉਦੇਸ਼ ਰਾਹੀਂ ਚਲਦਾ ਹੈ, ਜਦੋਂ ਉਹ ਦੂਜਿਆਂ ਦੇ ਹਿਤਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਆਪਣੇ ਮੁਲਕ ਦੀ ਸੇਵਾ ਕਰਦਾ ਹੈ|”
ਇਸ ਦੇ ਨਾਲ ਹੀ ਅਰਸਤੂ ਲਈ “ਨਿਆਉਂ, ਹੋਰਨਾਂ ਨਾਲ ਰਿਸ਼ਤੇ ‘ਤੇ ਲਾਗੂ ਕਰਦਿਆਂ ਇੱਕ ਗੁਣ ਹੈ, ਕਿਉਂਕਿ ਇਹ ਹੋਰਨਾਂ ਦੇ ਹਿਤਾਂ ਨੂੰ ਪ੍ਰਵਾਨ ਕਰਦਾ ਹੈ, ਭਾਵੇਂ ਕੋਈ ਰਾਜਾ ਹੋਵੇ ਜਾਂ ਆਮ ਸ਼ਹਿਰੀ| ਨਿਆਂ ਦੇ ਦੋ ਅਰਥ ਹਨ-ਵਿਧੀਪੂਰਨ ਅਤੇ ਨਿਰਪੱਖ| ਕਾਨੂੰਨ ਸਮੁੱਚੇ ਭਾਈਚਾਰੇ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਸਭ ‘ਤੇ ਲਾਗੂ ਹੁੰਦੇ ਹਨ| ਇਸ ਤਰ੍ਹਾਂ ਨਿਆਂ ਦੇ ਸੰਕਲਪ ਵਿਚ ਹੋਰ ਸਾਰੇ ਗੁਣ ਸ਼ਾਮਲ ਕਰ ਲਏ ਜਾਂਦੇ ਹਨ ਅਤੇ ਇਹੋ ਇੱਕ ਫਰਕ ਹੈ ਕਿ ਉਨ੍ਹਾਂ ਨੂੰ ਕਿਸ ਸੰਦਰਭ ਵਿਚ ਲਿਆ ਜਾ ਰਿਹਾ ਹੈ| ਆਪਣੇ ਗੁਆਂਢੀ ਨਾਲ ਰਿਸ਼ਤੇ ਦੇ ਸੰਦਰਭ ਵਿਚ ਇਹ ਨਿਆਂ ਹੈ, ਚਰਿਤਰ ਦੀ ਅਵਸਥਾ ਵਜੋਂ ਇੱਕ ਗੁਣ ਹੈ| ਆਪਣੇ ਸੀਮਤ ਅਰਥਾਂ ਵਿਚ ਲਿਆਂ ਨਿਆਂ ਦਾ ਅਰਥ ਹੈ, ਕਿਸੇ ਦਾ ਬਣਦਾ ਹੱਕ ਦੇਣਾ|”
ਪਲੈਟੋ ਅਨੁਸਾਰ “ਸਹੀ ਅਤੇ ਸਨਮਾਨਯੋਗ ਢੰਗ ਉਹ ਹੈ, ਜੋ ਮਨੁੱਖ ਆਪਣੇ ਮਨ ਦੇ ਚੌਖਟੇ ਵਿਚ ਖੋਜਦਾ ਹੈ, ਉਸ ਨੇ ਨੈਤਿਕ ਨਜ਼ਰੀਆ ਅਪਨਾ ਲਿਆ ਹੈ, ਜਦੋਂ ਉਹ ਸਿਆਣਾ ਅਤੇ ਬਹਾਦਰ ਤੇ ਸੰਜਮੀ ਹੈ, ਜਦੋਂ ਉਸ ਨੇ ਆਪਣੀ ਆਤਮਾ ਵਿਚ ਸਮਸਵਰਤਾ ਲੈ ਆਂਦੀ ਹੈ…ਨਿਆਂ ਸਰਵਉਚ ਗੁਣ ਹੈ ਅਤੇ ਕੋਈ ਵੀ ਆਤਮਾ ਜਿਸ ਵਿਚ ਇਸ ਦਾ ਨਿਵਾਸ ਹੈ, ਕੋਈ ਵੀ ਗਲਤ ਨਹੀਂ ਕਰਨ ਦਿੰਦੀ|”
ਡਾ. ਅਵਤਾਰ ਸਿੰਘ ਅਨੁਸਾਰ ਸਿੱਖ ਧਰਮ ਚਿੰਤਨ ਵਿਚ ਨਿਆਂ ਦਾ ਗੁਣ ਸਮਾਜਕ ਬਰਾਬਰੀ ਦੇ ਸੰਦਰਭ ਵਿਚ ਲਿਆ ਜਾਂਦਾ ਹੈ| ਗੁਰੂ ਨਾਨਕ ਚਿੰਤਨ ਜਾਤ-ਪ੍ਰਬੰਧ ਨੂੰ ਪੂਰੀ ਤਰ੍ਹਾਂ ਨਕਾਰ ਕੇ ਸਮਾਜਕ ਬਰਾਬਰੀ ਨੂੰ ਸੁਨਿਸ਼ਚਿਤ ਕਰਦਾ ਹੈ; ਜਾਤ-ਪ੍ਰਬੰਧ ਸਮਾਜਕ ਨਾਬਰਾਬਰੀ ਦਾ ਪ੍ਰਤੀਕ ਹੈ ਭਾਵੇਂ ਅਰੰਭ ਵਿਚ ਇਸ ਸਮਾਜਕ ਵੰਡ ਦੇ ਪਿੱਛੇ ਕੋਈ ਵੀ ਵਿਚਾਰ ਰਿਹਾ ਹੋਵੇ|…ਗੁਰੂ ਸਾਹਿਬਾਨ ਨੇ ਇਸ ਤੱਥ ਨੂੰ ਪਛਾਣਿਆ ਕਿ ਸਮਾਜਕ ਬਰਾਬਰੀ ਤੋਂ ਬਿਨਾ ਨਿਆਂ ਅਰਥਹੀਣ ਹੈ| ਇਹ ਇੱਕ ਅਜਿਹਾ ਗੁਣ ਹੈ, ਜਿਸ ਰਾਹੀਂ ਇੱਕ ਮਨੁੱਖ ਦੂਸਰੇ ਮਨੁੱਖਾਂ ਨੂੰ ਸਾਰੇ ਪੱਖਾਂ ਤੋਂ ਸਮਾਜਕ ਤੌਰ ‘ਤੇ ਬਰਾਬਰ ਸਮਝਦਾ ਹੈ, ਸਮਾਜਕ ਰਿਸ਼ਤਿਆਂ ਦਾ ਇੱਕ ਜ਼ਰੂਰੀ ਲੱਛਣ ਹੈ| (ਡਾ. ਅਵਤਾਰ ਸਿੰਘ, ‘ਐਥਿਕਸ ਆਫ ਦਾ ਸਿਖਸ’, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 99)
ਗੁਰੂ ਨਾਨਕ ਅਨੁਸਾਰ ਅੱਗੇ ਚੱਲ ਕੇ ਸਚਿਆਰ ਹੀ ਸ਼ੋਭਾ ਪਾਉਂਦੇ ਹਨ, ਕੂੜ ਮਨੁੱਖ ਨਹੀਂ| ਇਸ ਲਈ ‘ਸੱਚ’ ਨੂੰ ਨਿਆਂ ਦਾ ਪੈਮਾਨਾ ਮੰਨਿਆ ਹੈ ਕਿ ਵਡਿਆਈ ਉਦੋਂ ਮਿਲਦੀ ਹੈ, ਜਦੋਂ ਸੱਚ ‘ਤੇ ਆਧਾਰਤ ਨਿਆਂ ਹੋਵੇ, “ਵਡੀ ਵਡਿਆਈ ਜਾ ਸਚੁ ਨਿਆਉ॥ (ਪੰਨਾ 463) ਇੱਥੇ ਇਹ ਦੱਸਣਾ ਵੀ ਪ੍ਰਸੰਗਿਕ ਹੈ ਕਿ ਸਿੱਖ ਧਰਮ ਚਿੰਤਨ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਗਈਆਂ ਹਨ-ਗੁਰਮੁਖਿ ਅਤੇ ਮਨਮੁਖਿ; ਹੋਰ ਕਿਸੇ ਵੀ ਜਾਤ, ਜਨਮ, ਲਿੰਗ ਆਦਿ ਦੇ ਆਧਾਰ ‘ਤੇ ਮਨੁੱਖ ਦੀ ਵੰਡ ਪ੍ਰਵਾਨ ਨਹੀਂ ਕੀਤੀ ਗਈ| ਸਭਿਆਚਾਰ, ਗਿਆਨ, ਬੋਲੀ ਅਤੇ ਧਰਮ ਗ੍ਰੰਥਾਂ ਦੀ ਬਹੁਲਤਾ ਤੇ ਵਖਰੇਵੇਂ ਦੇ ਬਾਵਜੂਦ ਸਭ ਨੂੰ ਸਮਾਜਕ ਤੌਰ ‘ਤੇ ਬਰਾਬਰ ਮੰਨਿਆ ਹੈ| ਇਸ ਰਹੱਸ ਨੂੰ ਭਾਗਾਂ ਵਾਲੇ ਪ੍ਰਭੂ ਦੀ ਮਿਹਰ ਸਦਕਾ ਸਮਝਦੇ ਹਨ|
ਗੁਰੂ ਨਾਨਕ ਦੇਵ ਨੇ ਜਾਤ-ਪ੍ਰਬੰਧ ਨੂੰ ਇਹ ਕਹਿ ਕੇ ਖਾਰਜ ਕੀਤਾ ਹੈ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ, ਜਿਨ੍ਹਾਂ ਨੂੰ ਨੀਂਵਿਆਂ ਤੋਂ ਵੀ ਨੀਂਵੇਂ ਸਮਝਿਆ ਜਾਂਦਾ ਹੈ, ਵੱਡੇ ਕਹਾਉਣ ਵਾਲਿਆਂ ਨਾਲ ਨਹੀਂ| ਜਿੱਥੇ ਨੀਂਵੇਂ ਕਹੇ ਜਾਣ ਵਾਲੇ ਬੰਦਿਆਂ ਦੀ ਸਾਰ ਲਈ ਜਾਂਦੀ ਹੈ, ਉਥੇ ਰੱਬ ਦੀ ਮਿਹਰ ਹੁੰਦੀ ਹੈ,
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15-16)
ਸਮਾਜਕ ਬਰਾਬਰੀ ਦਾ ਪੈਮਾਨਾ ਸਭ ਅੰਦਰ ਉਸ ਇੱਕੋ ਦੀ ਜੋਤਿ ਹੋਣਾ ਪ੍ਰਵਾਨ ਕੀਤਾ ਗਿਆ ਹੈ| ਸਾਰੇ ਉਸ ਇੱਕੋ ਹੀ ਰੱਬੀ ਜੋਤਿ ਨਾਲ ਰੌਸ਼ਨ ਹਨ| ਇਸ ਲਈ ਸਭ ਬਰਾਬਰ ਹਨ, ਕੋਈ ਉਚਾ-ਨੀਵਾਂ ਜਾਂ ਛੋਟਾ-ਵੱਡਾ ਨਹੀਂ ਹੈ,
ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
ਆਪਹੁ ਜੇ ਕੋ ਭਲਾ ਕਹਾਏ॥
ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਇ॥ (ਪੰਨਾ 83)
ਨਿਆਂ ਦੇ ਗੁਣ ਵਿਚ ਦੋ ਚੀਜ਼ਾਂ ਸ਼ਾਮਲ ਹਨ: (1) ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨਾ; (2) ਦੂਜਿਆਂ ਦਾ ਸੋਸ਼ਣ ਨਾ ਕਰਨਾ-(ਡਾ. ਅਵਤਾਰ ਸਿੰਘ, ‘ਐਥਿਕਸ ਆਫ ਦਾ ਸਿਖਸ’, ਪੰਨਾ 99)।
ਦੂਜਿਆਂ ਦੇ ਹੱਕਾਂ ਬਾਰੇ ਗੱਲ ਕਰਦਿਆਂ ਗੁਰੂ ਨਾਨਕ ਕਹਿੰਦੇ ਹਨ ਕਿ ਕਿਸੇ ਦਾ ਹੱਕ ਖੋਹਣਾ ਇੱਕ ਬੁਰਾਈ ਹੈ, ਉਵੇਂ ਹੀ, ਜਿਵੇਂ ਮੁਸਲਮਾਨ ਲਈ ਸੂਰ ਦਾ ਮਾਸ ਅਤੇ ਹਿੰਦੂ ਲਈ ਗਾਂ ਦਾ ਮਾਸ| ਇਹ ਦੋਵੇਂ ਚੀਜ਼ਾਂ ਦੋਹਾਂ ਭਾਈਚਾਰਿਆਂ ਲਈ ਧਾਰਮਿਕ ਆਧਾਰ ‘ਤੇ ਮਨ੍ਹਾਂ ਹਨ, ਇਸੇ ਤਰ੍ਹਾਂ ਦੂਜਿਆਂ ਦਾ ਹੱਕ ਖੋਹਣਾ ਵੀ ਨੈਤਿਕ ਆਧਾਰ ‘ਤੇ ਮਨ੍ਹਾਂ ਹੋਣਾ ਚਾਹੀਦਾ ਹੈ,
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥ (ਪੰਨਾ 141)
ਜਿਵੇਂ ਪਹਿਲਾਂ ਕਿਹਾ ਹੈ, ਸਤਿ ਜਾਂ ਸੱਚ ਨੂੰ ਸਮਾਜਕ ਨਿਆਂ ਦੇ ਅਰਥਾਂ ਵਿਚ ਮਨੁੱਖ ਦੇ ਸਮਾਜਕ ਰਿਸ਼ਤਿਆਂ ਵਿਚ ਦੂਜਿਆਂ ਦੇ ਹੱਕ ਨਾ ਮਾਰਨ ਲਈ ਪੈਮਾਨਾ ਮਿੱਥਿਆ ਹੈ| ਸਮਾਜਕ ਬਰਾਬਰੀ ਸਮਾਜਕ ਸਬੰਧ ਲਈ ਮੂਲ ਹੈ, ਸਮਾਜਕ ਨਿਆਂ ਦਾ ਅਹਿਸਾਸ ਅਤੇ ਪੂਰਤੀ ਸਰਬਵਿਆਪਕ ਭਰਾਤਰੀ ਭਾਵ ਦੇ ਅਹਿਸਾਸ ਰਾਹੀਂ ਹੀ ਕੀਤੀ ਜਾ ਸਕਦੀ ਹੈ, ਜਦੋਂ ਮਨੁੱਖ ਅਨੁਭਵ ਕਰਦਾ ਹੈ ਕਿ ਸਭ ਵਿਚ ਉਸ ਇੱਕ ਦੀ ਜੋਤਿ ਵਿਆਪਕ ਹੈ ਅਤੇ ਸਭ ਉਸੇ ਇੱਕੋ ਰੱਬੀ ਸੋਮੇ ਤੋਂ ਪੈਦਾ ਹੋਏ ਹਨ, ਇਸ ਲਈ ਕੋਈ ਵੀ ਬੁਰਾ ਜਾਂ ਭਲਾ ਨਹੀਂ ਹੈ, ਜਿਵੇਂ ਗੁਰੂ ਨਾਨਕ ਨੇ ਫੁਰਮਾਇਆ ਹੈ,
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 663)
ਇਸ ਤੋਂ ਬਿਨਾ ਦੂਜਾ ਵਰਗ, ਜਿਸ ਨੂੰ ਭਾਰਤੀ ਸਮਾਜ ਵਿਚ ਆਪਣੇ ਹੱਕਾਂ ਅਤੇ ਸਮਾਜਕ ਨਿਆਉਂ ਤੋਂ ਵਾਂਝਾ ਰੱਖਿਆ ਗਿਆ, ਉਹ ਹੈ ਔਰਤ ਜਿਸ ਨਾਲ ਹਮੇਸ਼ਾ ਭੇਦ ਭਾਵ ਕੀਤਾ ਗਿਆ; ਇਸ ਹੱਦ ਤੱਕ ਕਿ ਉਸ ਨੂੰ ਅਧਿਆਤਮਕ ਪ੍ਰਾਪਤੀਆਂ ਦੇ ਰਸਤੇ ਵਿਚ ਰੁਕਾਵਟ ਮੰਨਿਆ ਗਿਆ, ਜਦ ਕਿ ਸਰਬਵਿਆਪਕ ਮਨੁੱਖੀ ਭਾਈਚਾਰਕ ਸਾਂਝ ਅਤੇ ਸਮਾਜਕ ਨਿਆਂ ਦੇ ਅਨੁਭਵ ਦਾ ਆਧਾਰ ਸਮਾਜਕ ਸਬੰਧ ਹਨ, ਸਮਾਜਕ ਵਤੀਰਾ ਬਹੁਤ ਹੀ ਜ਼ਰੂਰੀ ਕਦਮ ਹੈ, ਜਿਸ ਵਿਚ ਪਰਉਪਕਾਰ ਅਤੇ ਸਤਿਸੰਗਤ ਬਹੁਤ ਅਹਿਮ ਹਨ| ਇਸ ਲਈ ਗੁਰੂ ਨਾਨਕ ਨੇ ਅਧਿਆਤਮਕ ਪ੍ਰਾਪਤੀਆਂ ਲਈ ਸਮਾਜ ਤੋਂ ਤਿਆਗ-ਤਪੱਸਿਆ ਜਾਂ ਸੰਨਿਆਸ ਆਦਿ ਲੈਣ ਨੂੰ ਮੁੱਢੋਂ ਨਕਾਰਿਆ ਹੈ, ਜੋ ਭਾਰਤੀ ਸਮਾਜ ਵਿਚ ਆਮ ਪ੍ਰਚਲਿਤ ਸੀ|
ਬੀਆਬਾਨ, ਉਜਾੜਾਂ ਵਿਚ ਭ੍ਰਮਣ ਕਰਨ ਵਾਲਿਆਂ ਨੂੰ ਗੁਰੂ ਨਾਨਕ ਨੇ ‘ਮਨਮੁਖਿ’ ਕਿਹਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਮਸਾਣਾਂ ਵਿਚ ਜਾ ਕੇ ਮੰਤਰ ਪੜ੍ਹਨ ਵਾਲਾ ਜੋਗੀ ਕੁਰਾਹੇ ਪੈ ਕੇ ਲੁੱਟਿਆ ਜਾਂਦਾ ਹੈ,
ਮਨਮੁਖਿ ਭਰਮਿ ਭਵੈ ਬੇਬਾਣਿ॥
ਵੇਮਾਰਗਿ ਮੂਸੈ ਮੰਤ੍ਰਿ ਮਸਾਣਿ॥ (ਪੰਨਾ 941)
ਸਮਾਜਕ ਸੰਦਰਭ ਵਿਚ ਸਤਿਸੰਗਤ ਚੰਗੇ ਮਨੁੱਖਾਂ ਦਾ ਸੰਗਠਨ ਹੈ|
ਇਸ ਨੁਕਤੇ ਤੋਂ ਔਰਤ ਸਮਾਜ ਦੀ ਬਹੁਤ ਹੀ ਅਹਿਮ ਅਤੇ ਸਤਿਕਾਰਤ ਮੈਂਬਰ ਹੈ| ਨੈਤਿਕ ਰੂਪ ਤੋਂ ਅਤੇ ਅਧਿਆਤਮਕ ਰੂਪ ਤੋਂ ਗ੍ਰਹਿਸਥੀ ਜੀਵਨ ਸਭ ਤੋਂ ਉਤਮ ਮੰਨਿਆ ਗਿਆ ਹੈ, ਜੋ ਔਰਤ ਦੇ ਸਮਾਜਕ ਬਰਾਬਰੀ ਦੇ ਰੁਤਬੇ ਨੂੰ ਬਹਾਲ ਕਰਨ ਦਾ ਕਾਰਨ ਬਣਿਆ| ‘ਵਾਰ ਆਸਾ ਕੀ’ ਵਿਚ ਗੁਰੂ ਨਾਨਕ ਨੇ ਦੱਸਿਆ ਹੈ ਕਿ ਔਰਤ ਤੋਂ ਹੀ ਅਸੀਂ ਪੈਦਾ ਹੁੰਦੇ ਹਾਂ, ਔਰਤ ਦੇ ਗਰਭ ਵਿਚ ਹੀ ਮਨੁੱਖ ਦੀ ਸੂਰਤ ਘੜੀ ਜਾਂਦੀ ਹੈ| ਔਰਤ ਨਾਲ ਹੀ ਮੰਗਣਾ ਅਤੇ ਵਿਆਹ ਹੁੰਦਾ ਹੈ| ਔਰਤ ਹੀ ਸਾਡੀ ਸਾਥੀ ਹੈ ਅਤੇ ਔਰਤ ਨਾਲ ਹੀ ਪਰਿਵਾਰ ਅੱਗੇ ਵਧਦਾ ਹੈ| ਜੇ ਇੱਕ ਔਰਤ ਦੀ ਮੌਤ ਹੋ ਜਾਵੇ ਤਾਂ ਦੂਜੀ ਔਰਤ ਦੀ ਭਾਲ ਕੀਤੀ ਜਾਂਦੀ ਹੈ ਅਤੇ ਇਸ ਸੰਸਾਰ ਨਾਲ ਸਬੰਧ ਔਰਤ ਰਾਹੀਂ ਹੀ ਬਣਦਾ ਹੈ| ਔਰਤ ਨੂੰ ਬੁਰਾ ਕਿਉਂ ਕਿਹਾ ਜਾਂਦਾ ਹੈ, ਜਦੋਂ ਕਿ ਰਾਜਿਆਂ ਤੱਕ ਦਾ ਜਨਮ ਔਰਤ ਤੋਂ ਹੀ ਹੁੰਦਾ ਹੈ| ਔਰਤ ਤੋਂ ਹੀ ਅੱਗੇ ਔਰਤ ਪੈਦਾ ਹੁੰਦੀ ਹੈ| ਸਿਰਫ ਇੱਕ ਪਰਮਾਤਮਾ ਹੀ ਹੈ, ਜੋ ਆਪਣਾ ਕਾਰਨ ਆਪ ਹੈ,
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ (ਪੰਨਾ 473)
ਸਮਾਜਕ ਬਰਾਬਰੀ ਅਤੇ ਸਮਾਜਕ ਨਿਆਂ ਲਈ ਹੀ ਗੁਰੂ ਨਾਨਕ ਨੇ ਧਰਮ ਨੂੰ ਜਿੱਥੇ ਗ੍ਰਹਿਸਥ ਨਾਲ ਜੋੜਿਆ, ਉਥੇ ਹੱਥੀਂ ਸੱਚੀ-ਸੁੱਚੀ ਈਮਾਨਦਾਰੀ ਦੀ ਕਿਰਤ ਕਰਕੇ ਅਤੇ ਦੂਜਿਆਂ ਨਾਲ ਵੰਡ ਕੇ ਖਾਣ ਨਾਲ ਜੋੜਿਆ| ਗੁਰੂ ਨਾਨਕ ਮਿਸਾਲ ਦਿੰਦੇ ਹਨ ਕਿ ਪੰਡਿਤ ਭਜਨ ਗਾਉਂਦਾ ਹੈ, ਪਰ ਉਸ ਕੋਲ ਗਿਆਨ ਜਾਂ ਸਮਝ ਹੈ ਨਹੀਂ, ਅਰਥਾਤ ਉਹ ਇਹ ਭਜਨ ਰੋਟੀ ਕਮਾਉਣ ਲਈ ਗਾਉਂਦਾ ਹੈ| ਭੁੱਖ ਦੇ ਮਾਰੇ ਮੁੱਲਾਂ ਦੀ ਮਸਜਿਦ ਵੀ ਰੋਟੀ-ਰੋਜ਼ੀ ਦੀ ਖਾਤਰ ਹੀ ਹੈ; ਬਾਂਗ, ਨਮਾਜ਼ ਆਦਿ ਸਭ ਰੋਜ਼ੀ ਲਈ ਕਰ ਰਿਹਾ ਹੈ| ਇਸੇ ਤਰ੍ਹਾਂ ਜੋਗੀ ਵੀ ਹੱਡ-ਹਰਾਮ ਹੋ ਕੇ ਕੰਨ ਪੜਵਾ ਲੈਂਦਾ ਹੈ, ਫਕੀਰ ਬਣ ਜਾਂਦਾ ਹੈ ਅਤੇ ਖਾਨਦਾਨ ਦੀ ਅਣਖ ਵੀ ਗਵਾ ਬੈਠਦਾ ਹੈ| ਆਪਣੇ ਆਪ ਨੂੰ ਗੁਰੂ ਪੀਰ ਅਖਵਾਉਂਦਾ ਹੈ, ਪਰ ਰੋਟੀ ਦੂਜਿਆਂ ਤੋਂ ਮੰਗ ਕੇ ਖਾਂਦਾ ਹੈ; ਅਜਿਹੇ ਬੰਦੇ ਦੇ ਪੈਰੀਂ ਨਹੀਂ ਲੱਗਣਾ ਚਾਹੀਦਾ| ਗੁਰੂ ਨਾਨਕ ਅਨੁਸਾਰ ਜੋ ਮਨੁੱਖ ਮਿਹਨਤ ਦੀ ਕਮਾਈ ਕਰਕੇ ਖਾਂਦਾ ਹੈ ਅਤੇ ਹੋਰਾਂ ਨੂੰ ਵੀ ਦਿੰਦਾ ਹੈ, ਅਜਿਹਾ ਬੰਦਾ ਹੀ ਜ਼ਿੰਦਗੀ ਦੇ ਅਸਲੀ ਰਸਤੇ ਦੀ ਪਛਾਣ ਕਰਦਾ ਹੈ,
ਗਿਆਨ ਵਿਹੂਣਾ ਗਾਵੈ ਗੀਤ॥
ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨਿ ਪੜਾਏ॥
ਫਕਰੁ ਕਰੇ ਹੋਰਿ ਜਾਤਿ ਗਵਾਏ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਨਿਆਂ ਅਤੇ ਸਮਾਜਕ ਬਰਾਬਰੀ ਦੇ ਨਾਲ ਹੀ ਜੁੜਿਆ ‘ਮਨੁੱਖੀ ਹੱਕਾਂ’ ਦਾ ਸੰਕਲਪ ਹੈ| ਮਨੁੱਖੀ ਹੱਕਾਂ ਦੀ ਪਰਿਭਾਸ਼ਾ ਕਰਦਿਆਂ ਉਘੇ ਫਿਲਾਸਫਰ ਜੇ. ਐਸ਼ ਮਿੱਲ ਨੇ ਕਿਹਾ ਹੈ, “ਠੋ ਹਅਵe ਅ ਰਗਿਹਟ ਸਿ ਟੋ ਹਅਵe ਸੋਮeਟਹਨਿਗ ਸੋਚਇਟੇ ੁਗਹਟ ਟੋ ਪਰੋਟeਚਟ ਮe ਨਿ ਟਹe ਪੋਸਸeਸਸਿਨ। (ਭeਰਟਰਅਨਦ ੍ਰੁਸਸeਲ, ਹਸਿਟੋਰੇ ਾ ੱeਸਟeਰਨ ਫਹਲੋਸੋਪਹੇ, .ੋਨਦੋਨ ਘeੋਰਗe Aਲਲeਨ & ਅਮਪ; ੂਨੱਨਿ, ਫਅਗe 530)” ਭਾਵ ਹੱਕ ਰੱਖਣ ਦਾ ਅਰਥ ਹੈ, ਜੋ ਮੇਰੇ ਕੋਲ ਹੈ, ਸਮਾਜ ਉਸ ਦੀ ਰੱਖਿਆ ਜ਼ਰੂਰੀ ਬਣਾਵੇ| ਇੱਥੇ ਨੋਟ ਕਰਨ ਵਾਲਾ ਸ਼ਬਦ ‘ੁਗਹਟ’ ਹੈ| ਹੱਕਾਂ ਦੀ ਭਾਸ਼ਾ ਜ਼ਰੂਰੀ ਰੂਪ ਵਿਚ ਨਿਰਦੇਸ਼ਾਤਮਕ ਹੈ| ਮਨੁੱਖੀ ਹੱਕਾਂ ਦੀ ਪਰਿਭਾਸ਼ਾ ਦੇ ਚੱਕਰ ਵਿਚ ਨਾ ਪੈ ਕੇ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਵੱਲ ਆਉਂਦੇ ਹਾਂ| ਵਰਣ-ਆਸ਼ਰਮ ਧਰਮ ਦੇ ਸਿਧਾਂਤ ਵੱਲ ਅਸੀਂ ਪਹਿਲਾਂ ਵੀ ਇਸ਼ਾਰਾ ਕਰ ਚੁਕੇ ਹਾਂ, ਜਿਸ ਦੇ ਆਧਾਰ ‘ਤੇ ਭਾਰਤੀ ਸਮਾਜ ਵੰਡਿਆ ਹੋਇਆ ਸੀ| ਇਸ ਦੇ ਆਧਾਰ ‘ਤੇ ਕੰਮਾਂ ਦੀ ਜੋ ਵੰਡ ਕੀਤੀ ਹੋਈ ਸੀ, ਉਹ ਸੰਖੇਪ ਰੂਪ ਵਿਚ ਕਹਿ ਸਕਦੇ ਹਾਂ ਕਿ ਚਾਰ ਕਿਸਮ ਦੀ ਸੀ| ਧਾਰਮਿਕ ਪ੍ਰਬੰਧ ਦੇ ਕੰਮ ਜਿਵੇਂ ਪੜ੍ਹਨਾ-ਲਿਖਣਾ, ਗਿਆਨ, ਪੂਜਾ-ਪਾਠ ਆਦਿ; ਸਰਕਾਰ ਦਾ ਕੰਮ ਰਾਜਨੀਤੀ, ਪ੍ਰਬੰਧਕੀ ਕਾਰਜ ਤੇ ਯੁੱਧ; ਪੈਦਾਵਾਰ ਦੇ ਕਾਰਜ ਜਿਵੇਂ ਉਪਜ, ਧਨ ਦੀ ਪੈਦਾਵਾਰ ਤੇ ਵਟਾਂਦਰਾ ਅਤੇ ਮਜ਼ਦੂਰੀ ਤੇ ਸੇਵਾ ਦੇ ਕਾਰਜ| ਇਸ ਤਰ੍ਹਾਂ ਚਾਰ ਹਿੱਸਿਆਂ ਵਿਚ ਕੰਮਾਂ ਦੀ ਵੰਡ ਚਾਰ ਸਪੱਸ਼ਟ ਰੂਪਾਂ ਵਿਚ ਨਿਸ਼ਚਿਤ ਕੀਤੀਆਂ ਜਮਾਤਾਂ ਵਿਚ ਕਰਕੇ ਸਾਰੇ ਸਮਾਜ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ|
ਸਮੇਂ ਦੇ ਨਾਲ ਕੰਮਾਂ ਦੀ ਇਹ ਵੰਡ ਜਨਮ ਆਧਾਰਤ ਹੋ ਗਈ, ਜਿਸ ਨੇ ਕੱਟੜ ਜਾਤ-ਪ੍ਰਬੰਧ ਦਾ ਰੂਪ ਧਾਰ ਲਿਆ| ਇਸ ਵਿਚੋਂ ਹੀ ਮਨੁੱਖੀ ਹੱਕਾਂ ਦੇ ਸੋਸ਼ਣ ਦਾ ਉਹ ਸਿਲਸਿਲਾ ਸ਼ੁਰੂ ਹੋਇਆ, ਜਿਸ ਦੀ ਅਸੀਂ ਪਹਿਲਾਂ ਹੀ ਗੱਲ ਕਰ ਚੁਕੇ ਹਾਂ|
ਗੁਰੂ ਨਾਨਕ ਨੇ ਉਸ ਸਮੇਂ ਅਮਲੀ ਰੂਪ ਵਿਚ ਕਾਰਜਸ਼ੀਲ ਤਿੰਨ ਪ੍ਰਮੁੱਖ ਏਜੰਸੀਆਂ ਦੀ ਨਿਸ਼ਾਨਦੇਹੀ ਕੀਤੀ ਹੈ, ਜੋ ਮਨੁੱਖੀ ਹੱਕਾਂ ਤੋਂ ਵਾਂਝਾ ਰੱਖਣ ਅਤੇ ਲੋਕਾਂ ਦੀ ਲੁੱਟ-ਖਸੁੱਟ ਲਈ ਜਿੰਮੇਵਾਰ ਸਨ| ਇਹ ਏਜੰਸੀਆਂ ਸਨ-ਧਾਰਮਿਕ ਲੀਡਰ, ਰਾਜੇ ਤੇ ਉਨ੍ਹਾਂ ਦੇ ਅਹਿਲਕਾਰ ਅਤੇ ਬਾਹਰਲੇ ਹਮਲਾਵਰ| ਬ੍ਰਾਹਮਣ ਵਰਣ-ਵੰਡ ਵਿਚ ਸਭ ਤੋਂ ਉਪਰਲੀ ਜਮਾਤ-ਜਾਤ ਅਤੇ ਧਾਰਮਿਕ ਨੇਤਾ ਹੋਣ ਦੇ ਨਾਤੇ ਸਮਾਜ ਦੀ ਕਈ ਤਰ੍ਹਾਂ ਨਾਲ ਲੁੱਟ ਖਸੁੱਟ ਕਰ ਰਹੇ ਸਨ| ਇਸ ਦਾ ਖੁਲਾਸਾ ‘ਵਾਰ ਆਸਾ ਕੀ’ ਅਤੇ ਹੋਰ ਬਾਣੀਆਂ ਵਿਚ ਗੁਰੂ ਨਾਨਕ ਨੇ ਸਪਸ਼ਟ ਰੂਪ ਵਿਚ ਕੀਤਾ ਹੈ| ਦਲਿਤ ਜਾਂ ਸ਼ੂਦਰ ਇਸ ਸਮਾਜਕ ਦਰਜਾਬੰਦੀ ਵਿਚ ਪੌੜੀ ਦੇ ਸਭ ਤੋਂ ਹੇਠਲੇ ਡੰਡੇ ‘ਤੇ ਹੋਣ ਕਰਕੇ, ਸਮੇਂ ਦੇ ਬੀਤਣ ਨਾਲ ਉਨ੍ਹਾਂ ਦਾ ਦਰਜਾ ਪਸੂਆਂ ਤੋਂ ਵੀ ਬਦਤਰ ਹੋ ਗਿਆ, ਕਿਉਂਕਿ ਉਨ੍ਹਾਂ ਕੋਲ ਕੋਈ ਹੱਕ ਛੱਡੇ ਹੀ ਨਹੀਂ ਸਨ ਗਏ| ਉਹ ਹਰ ਤਰ੍ਹਾਂ ਨਾਲ ਹੀ ਉਚੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਦੇ ਰਹਿਮੋ-ਕਰਮ ‘ਤੇ ਨਿਰਭਰ ਹੋ ਗਏ ਸਨ| ਮਨੁੱਖਾਂ ਵਾਂਗ ਜਿਉਣ ਦਾ ਉਨ੍ਹਾਂ ਕੋਲ ਕੋਈ ਹੱਕ ਹੀ ਨਹੀਂ ਸੀ ਰਿਹਾ| ਔਰਤ ਦਾ ਸਵੈਮਾਣ ਅਤੇ ਗੌਰਵ ਵੀ ਖਤਰੇ ਵਿਚ ਸੀ|
ਗੁਰੂ ਨਾਨਕ ਦੇ ਸਮੇਂ ਵਿਚ ਮੁਗਲ ਹਾਕਮ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ| ਇਸ ਹਮਲੇ ਵਿਚ ਮਨੁੱਖੀ ਜਾਨਾਂ ਦਾ ਜੋ ਘਾਣ ਹੋਇਆ, ਔਰਤਾਂ ਦਾ ਸਵੈਮਾਣ, ਇੱਜਤ ਅਤੇ ਆਜ਼ਾਦੀ ਜਿਸ ਤਰ੍ਹਾਂ ਪੈਰਾਂ ਵਿਚ ਰੋਲੀ ਗਈ, ਭਾਵੇਂ ਉਹ ਮੁਸਲਮਾਨ ਸਨ ਜਾਂ ਹਿੰਦੂ, ਇਸ ਸਾਰੀ ਤਬਾਹੀ ਦਾ ਜ਼ਿਕਰ ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਕੀਤਾ ਹੈ| ਇਨ੍ਹਾਂ ਤਿੰਨਾਂ ਹੀ ਏਜੰਸੀਆਂ ਰਾਹੀਂ ਜਿਸ ਤਰ੍ਹਾਂ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ, ਦਲਿਤਾਂ ਅਤੇ ਔਰਤ ਦੇ ਹੱਕਾਂ ਦਾ ਕੀਤਾ ਜਾ ਰਿਹਾ ਸੀ, ਦੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਸਪੱਸ਼ਟ ਸ਼ਬਦਾਂ ਵਿਚ ਨਿੰਦਾ ਕੀਤੀ ਹੈ| ਅਸੀਂ ਨੀਵੇਂ ਕਹੇ ਜਾਣ ਵਾਲੇ ਲੋਕਾਂ ਅਤੇ ਔਰਤ ਦੇ ਹਵਾਲੇ ਨਾਲ ਗੁਰੂ ਨਾਨਕ ਦੇ ਵਿਚਾਰਾਂ ਦੀ ਪਹਿਲਾਂ ਹੀ ਚਰਚਾ ਕਰ ਚੁਕੇ ਹਾਂ|
ਬਾਬਰ ਦੇ ਹਮਲੇ ਦੇ ਸੰਦਰਭ ਵਿਚ ਗੱਲ ਕਰਦਿਆਂ ਗੁਰੂ ਨਾਨਕ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਕੋਈ ਜਰਵਾਣਾ ਬਾਹਰੋਂ ਹਮਲਾ ਕਰਦਾ ਹੈ ਤਾਂ ਹੁਕਮਰਾਨ ਦਾ ਫਰਜ਼ ਹੁੰਦਾ ਹੈ, ਆਪਣੀ ਪਰਜਾ ਦੀ ਰਾਖੀ ਕਰਨਾ| ਰੱਬ ਨੂੰ ਉਲਾਂਭੇ ਦੇ ਰੂਪ ਵਿਚ ਕਿਹਾ ਕਿ ਜੇ ਤਕੜਾ ਤਕੜੇ ਨੂੰ ਮਾਰਦਾ ਹੈ ਤਾਂ ਮਨ ਵਿਚ ਰੋਸ ਨਹੀਂ ਜਾਗਦਾ, ਪਰ ਜੇ ਸ਼ੇਰ ਕਿਸੇ ਗਊਆਂ ਦੇ ਵੱਗ ‘ਤੇ ਹਮਲਾ ਕਰ ਦੇਵੇ ਤਾਂ ਮਾਲਕ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕਿੱਥੇ ਸੀ ਅਤੇ ਉਸ ਨੇ ਵੱਗ ਦੀ ਰਾਖੀ ਕਿਉਂ ਨਹੀਂ ਕੀਤੀ,
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥1॥ ਰਹਾਉ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਏ ਕੁਤੀਂ ਮੋਇਆ ਸਾਰ ਨ ਕਾਈ॥ (ਪੰਨਾ 360)
ਇਥੇ ਗਊਆਂ ਦਾ ਵੱਗ ਹਿੰਦੁਸਤਾਨ ਦੀ ਨਿਹੱਥੀ ਜਨਤਾ ਅਤੇ ਉਨ੍ਹਾਂ ਦੇ ਵਾਗੀ ਲੋਧੀ ਪਠਾਣ ਸਨ| ਬਾਬਰ ਦੇ ਹਵਾਲੇ ਨਾਲ ਹੀ ਗੁਰੂ ਨਾਨਕ ਨੇ ਇਹ ਵੀ ਦੱਸਿਆ ਹੈ ਕਿ ਹਮਲਾਵਰ ਅਤੇ ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ| ਬਾਬਰ ਦਾ ਧਰਮ ਇਸਲਾਮ ਸੀ, ਪਰ ਉਸ ਦੇ ਹਮਲੇ ਵੇਲੇ ਹਿੰਦੂ ਤੇ ਇਸਲਾਮ-ਦੋਹਾਂ ਧਰਮਾਂ ਦੇ ਲੋਕਾਂ ਅਤੇ ਔਰਤਾਂ ਨੂੰ ਕਸ਼ਟ ਝੱਲਣੇ ਪਏ, ਇੱਜਤਾਂ ਅਤੇ ਸਵੈਮਾਣ ਰੁਲੇ,
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥ (ਪੰਨਾ 722)
ਸਮਕਾਲੀ ਸਮਾਜਕ ਅਤੇ ਸਿਆਸੀ ਹਾਲਾਤ ਵਿਚ ਪਰਜਾ ਦੇ ਹੱਕਾਂ ਦੀ ਕਿਹੋ ਜਿਹੀ ਹਾਲਤ ਸੀ, ਦਾ ਜ਼ਿਕਰ ਕਰਦਿਆਂ ਗੁਰੂ ਨਾਨਕ ਦੱਸਦੇ ਹਨ ਕਿ ਰਾਜੇ ਅਤੇ ਉਨ੍ਹਾਂ ਦੇ ਅਹਿਲਕਾਰ ਆਮ ਜਨਤਾ ਦੀ ਰੱਖਿਆ ਤੇ ਸੇਵਾ ਕਰਨ ਦੀ ਥਾਂ ਉਨ੍ਹਾਂ ਦੀ ਕਈ ਤਰ੍ਹਾਂ ਨਾਲ ਲੁੱਟ-ਖਸੁੱਟ ਕਰ ਰਹੇ ਹਨ| ਇਸ ਸੰਦਰਭ ਵਿਚ ਗੁਰੂ ਹਿਰਨਾਂ, ਬਾਜਾਂ ਅਤੇ ਦਰਬਾਰੀਆਂ ਦੀ ਮਿਸਾਲ ਦਿੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਚਤੁਰਾਈ ਲਈ ਜਾਣਿਆ ਜਾਂਦਾ ਹੈ, ਪਰ ਜੋ ਆਪਣੇ ਹੀ ਸਾਥੀਆਂ ਨੂੰ ਘੇਰਨ, ਜਾਲ ਵਿਚ ਫਸਾਉਣ ਦਾ ਜ਼ਰੀਆ ਬਣ ਜਾਂਦੇ ਹਨ, ਉਨ੍ਹਾਂ ਦਾ ਸੋਸ਼ਣ ਕਰਦੇ ਹਨ| ਗੁਰੂ ਨੇ ਰਾਜਿਆਂ ਨੂੰ ਸ਼ੀਂਹ ਅਤੇ ਉਨ੍ਹਾਂ ਦੇ ਕਾਰਿੰਦਿਆਂ ਨੂੰ ਕੁੱਤੇ ਕਿਹਾ ਹੈ, ਜੋ ਮਿਲ ਕੇ ਲੋਕਾਂ ਦਾ ਸ਼ਿਕਾਰ ਕਰ ਰਹੇ ਅਤੇ ਉਨ੍ਹਾਂ ਦਾ ਖੂਨ ਪੀ ਰਹੇ ਹਨ,
ਹਰਣਾਂ ਬਾਜਾਂ ਤੇ ਸਿਕਦਾਰਾਂ ਏਨ੍ਹਾ ਪੜ੍ਹਿਆ ਨਾਉ॥
ਫਾਂਦੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥…
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨ੍ਹ ਬੈਠੇ ਸੁਤੇ॥ (ਪੰਨਾ 1288)
ਹੋਰ ਦੱਸਿਆ ਹੈ ਕਿ ਪਾਪ ਰਾਜਾ ਹੈ ਤੇ ਲਾਲਚ ਉਸ ਦਾ ਵਜ਼ੀਰ ਹੈ, ਕੂੜ ਉਸ ਦਾ ਸਿੱਕੇ ਬਣਾਉਣ ਵਾਲਾ ਸਰਦਾਰ ਹੈ| ਕਾਮ ਨਾਇਬ ਹੈ, ਜਿਸ ਨਾਲ ਬੈਠ ਕੇ ਸਲਾਹ ਕੀਤੀ ਜਾਂਦੀ ਹੈ, ਭਾਵ ਬੁਰਾਈ ਦਾ ਬੋਲਬਾਲਾ ਹੈ| ਇਸ ਦੇ ਨਾਲ ਹੀ ਉਸ ਵੇਲੇ ਦੀ ਪਰਜਾ ਦਾ ਵੀ ਜ਼ਿਕਰ ਕੀਤਾ ਹੈ ਕਿ ਉਹ ਅਗਿਆਨੀ ਹੋਣ ਕਰਕੇ ਹਰ ਤਰ੍ਹਾਂ ਦਾ ਜ਼ੁਲਮ ਅਤੇ ਸੋ.ਸ਼ਣ ਸਹੀ ਜਾਂਦੀ ਹੈ,
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ (ਪੰਨਾ 468-69)
ਅੱਜ ਵੀ ਅਸੀਂ ਦੇਖਦੇ ਹਾਂ ਕਿ ਦਲਿਤਾਂ ਅਤੇ ਔਰਤ ਦੇ ਹਵਾਲੇ ਨਾਲ ਸਮਾਜਕ ਨਿਆਂ, ਸਮਾਜਕ ਬਰਾਬਰੀ ਦੀ ਘਾਟ ਉਸੇ ਤਰ੍ਹਾਂ ਰੜਕਦੀ ਹੈ| ਮਨੁੱਖੀ ਹੱਕਾਂ ਦੀ ਉਲੰਘਣਾ ਵੱਡੇ ਪੱਧਰ ‘ਤੇ ਜਾਰੀ ਹੈ| ਨਿਜ਼ਾਮ ਬਦਲ ਜਾਣ ਨਾਲ ਵੀ ਮਨੁੱਖੀ ਹਾਲਾਤ ਬਹੁਤੇ ਨਹੀਂ ਬਦਲੇ| ਗੁਰੂ ਨਾਨਕ ਦਾ ਫਲਸਫਾ ਸਰਬਵਿਆਪਕ ਹੈ, ਜੋ ਸਰਬ ਸਮਿਆਂ, ਸਰਬ ਸਥਾਨਾਂ ਅਤੇ ਹਰ ਤਰ੍ਹਾਂ ਦੇ ਹਾਲਾਤ ਵਿਚ ਮਨੁਖ ਲਈ ਰਾਹ ਦਸੇਰਾ ਬਣਨ ਦੇ ਸਮਰੱਥ ਹੈ| ਗੁਰੂ ਜੀ ਨੇ ਨਿਆਂ, ਸਮਾਜਕ ਬਰਬਰੀ ਅਤੇ ਮਨੁੱਖੀ ਹੱਕਾਂ ਦੀ ਵਿਆਖਿਆ ਕਰਦਿਆਂ ਜਿੱਥੇ ਇਨ੍ਹਾਂ ਦੀ ਸਥਾਪਨਾ ਕਰਨ ਦੇ ਰਾਹ ਵਿਚ ਰੋੜਾ ਬਣੀਆਂ ਜਾਂ ਇਨ੍ਹਾਂ ਦਾ ਸ਼ੋਸ਼ਣ ਕਰਨ ਵਾਲੀਆਂ ਏਜੰਸੀਆਂ ਦੀ ਨਿਸ਼ਾਨਦੇਹੀ ਕੀਤੀ ਹੈ, ਉਥੇ ਗਿਆਨਹੀਣ ਪਰਜਾ ਦੀ ਵੀ ਗੱਲ ਕੀਤੀ ਹੈ, ਜੋ ਚੇਤੰਨ ਨਹੀਂ ਹੈ ਅਤੇ ਸਭ ਕੁਝ ਬਰਦਾਸ਼ਤ ਕਰਦੀ ਹੈ| ਅਜਿਹੀ ਪਰਜਾ ਨੂੰ ‘ਅੰਨੀ’ ਕਿਹਾ ਹੈ| ਗੁਰੂ ਨਾਨਕ ਇਨ੍ਹਾਂ ਤੱਥਾਂ ਦੀ ਕੇਵਲ ਨਿਸ਼ਾਨਦੇਹੀ ਹੀ ਨਹੀਂ ਕਰਦੇ, ਉਹ ਆਵਾਮ ਨੂੰ ਚੇਤੰਨ ਵੀ ਕਰਦੇ ਹਨ ਅਤੇ ਆਦੇਸ਼ ਕਰਦੇ ਹਨ ਕਿ ਸਵੈਮਾਣ ਅਤੇ ਇੱਜਤ ਤੋਂ ਬਿਨਾ ਜੀਣਾ ਲਾਹੇਵੰਦਾ ਨਹੀਂ ਹੋ ਸਕਦਾ,
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮ ਜੇਤਾ ਕਿਛੁ ਖਾਇ॥ (ਪੰਨਾ 142)
ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ॥ (ਪੰਨਾ 903)
ਇਸ ਵਿਚ ਦੋ ਰਾਵਾਂ ਨਹੀਂ ਕਿ ਉਪਰ ਦਿੱਤੀ ਬਾਣੀ ਦਾ ਸਬੰਧ ਮਨੁੱਖ ਦੇ ਆਤਮਕ ਪੱਖ ਨਾਲ ਹੈ, ਪਰ ਗੁਰੂ ਨਾਨਕ ਦਾ ਫਲਸਫਾ ਇਸ ਸੰਸਾਰਕ ਅਮਲ ਵਿਚ ਜੀਣ ਅਤੇ ਥੀਣ ਨਾਲ ਜੁੜਿਆ ਹੋਇਆ ਹੈ| ਇਸ ਲਈ ਇਸ ਸੰਸਾਰ ‘ਤੇ ਇੱਜਤ ਨਾਲ ਆਪਣਾ ਸਵੈਮਾਣ ਕਾਇਮ ਰੱਖ ਕੇ ਕਿਵੇਂ ਜੀਣਾ ਹੈ, ਇਸ ‘ਤੇ ਵੀ ਲਾਗੂ ਹੁੰਦਾ ਹੈ| ਬਾਬਰ ਦੇ ਹਮਲੇ ਦੇ ਜ਼ਿਕਰ ਨਾਲ ਸੰਕੇਤ ਕੀਤਾ ਹੈ ਕਿ ਮਨੁੱਖ ਨੂੰ ਆਪਣੇ ਆਪ ਦੀ, ਆਪਣੇ ਸਵੈਮਾਣ ਦੀ ਰਾਖੀ ਆਪ ਕਰਨੀ ਪੈਂਦੀ ਹੈ, ਕੋਈ ਜਾਦੂ ਮੰਤਰ, ਪੀਰ, ਦੇਵਤਾ ਕਿਸੇ ਦੀ ਰਾਖੀ ਨਹੀਂ ਕਰਦਾ,
ਕੋਟੀ ਹੂੰ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲੁ ਨ ਹੋਆ ਅੰਧਾ ਕਿਨੇ ਨ ਪਰਚਾ ਲਾਇਆ॥ (ਪੰਨਾ 417-18)
ਗੁਰੂ ਸਾਹਿਬ ਚੇਤੰਨ ਕਰਦੇ ਹਨ ਕਿ ਜਦੋਂ ਹਿੰਦ-ਵਾਸੀਆਂ ਨੇ ਸੁਣਿਆ ਕਿ ਮੀਰ (ਬਾਬਰ) ਚੜ੍ਹ ਕੇ ਆ ਰਿਹਾ ਹੈ ਤਾਂ ਕਰੋੜਾਂ ਪੀਰ ਉਸ ਨੂੰ ਜੰਤਰਾਂ-ਮੰਤਰਾਂ ਰਾਹੀਂ ਰੋਕ ਹਟੇ, ਪਰ ਉਹ ਰੁਕਿਆ ਨਹੀਂ ਅਤੇ ਨਾ ਹੀ ਮੰਤਰ ਵਗੈਰਾ ਫੂਕਣ ਨਾਲ ਕੋਈ ਮੁਗਲ ਅੰਨ੍ਹਾ ਹੋਇਆ| ਤਕੀਏ ਤੇ ਟਿਕਾਣੇ ਅਤੇ ਪੱਥਰਾਂ ਵਰਗੇ ਮਜ਼ਬੂਤ ਮੰਦਿਰ ਸੜ੍ਹ ਗਏ| ਗੁਰੂ ਨਾਨਕ ਨੇ ਮਨੁੱਖ ਨੂੰ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ (ਪੰਨਾ 474)” ਦਾ ਆਦੇਸ਼ ਕੀਤਾ ਹੈ| ਗੁਰੂ ਨੇ ਮਿਲ-ਬੈਠ ਕੇ ਵਿਚਾਰਨ ਲਈ ਸੰਗਤੀ ਮਾਡਲ ਦਿੱਤਾ ਹੈ|