ਦੂਜੇ ਦਰਜੇ ਦੇ ਸ਼ਹਿਰੀ

23 ਮਈ ਨੂੰ ਲੋਕ ਸਭਾ ਨਤੀਜਿਆਂ ਤੋਂ ਬਾਅਦ ਭਾਰਤ ਦੀ ਸਿਆਸਤ ਬਾਰੇ ਬੜੇ ਬਹਿਸ-ਮੁਬਾਹਿਸੇ ਚੱਲ ਰਹੇ ਹਨ। ਸਾਰੇ ਸੰਜੀਦਾ ਲੋਕ ਦੰਦਾਂ ਹੇਠ ਉਂਗਲਾਂ ਦੇਈ ਸੋਚਾਂ ਵਿਚ ਡੁੱਬੇ ਹੋਏ ਹਨ ਕਿ ਹੁਣ ਅਗਾਂਹ ਹੋਣਾ ਕੀ ਹੈ! ਪਿਛਲੇ ਪੰਜ ਸਾਲ ਲੋਕਾਂ ਨੇ ਹਿੰਦੂਤਵੀ ਤਾਕਤਾਂ ਦੀ ਬੁਰਛਾਗਰਦੀ ਦੇਖੀ ਹੈ, ਆਉਣ ਵਾਲੇ ਪੰਜ ਸਾਲ ਇਨ੍ਹਾਂ ਤੋਂ ਕਿਸ ਤਰ੍ਹਾਂ ਵੱਖਰੇ ਹੋਣਗੇ, ਸੋਚਿਆ ਹੀ ਜਾ ਸਕਦਾ ਹੈ। ਇਨ੍ਹਾਂ ਹਾਲਾਤ ਬਾਰੇ ਖਾਸ ਅੰਦਾਜ਼ ਵਿਚ ਟਿੱਪਣੀ ਸੀਨੀਅਰ ਪੱਤਰਕਾਰ ਐਸ਼ ਪੀ. ਸਿੰਘ ਨੇ ਇਸ ਲੇਖ ਵਿਚ ਕੀਤੀ ਹੈ।

ਇਸ ਵਿਚ ਘੱਟਗਿਣਤੀਆਂ ਦਾ ਖਾਮੋਸ਼ ਹਉਕਾ ਬਹੁਤ ਉਚਾ ਸੁਣਾਈ ਦਿੰਦਾ ਹੈ। -ਸੰਪਾਦਕ

ਐਸ਼ ਪੀ. ਸਿੰਘ

“ਹੁਣ ਬਣਾ ਲਵੋ ਪ੍ਰੋਗਰਾਮ, ਆ ਜਾਵੋ ਇਥੇ ਹੀ। ਉਥੇ ਤਾਂ ਹੁਣ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ ਪਵੇਗਾ।”
ਉਹ ਮੇਰਾ ਯੂਨੀਵਰਸਿਟੀ ਦੇ ਦਿਨਾਂ ਦਾ ਦੋਸਤ ਹੈ। ਉਨ੍ਹੀਂ ਦਿਨੀਂ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਈ ਅਧਿਆਪਕ ਸਾਹਿਬਾਨ ਬਾਰੇ ਖਬਰਾਂ ਮਿਲਦੀਆਂ ਸਨ ਕਿ ਉਨ੍ਹਾਂ ਕਿਸੇ ਦੂਜੇ ਮੁਲਕ ਜਾ ਕੇ ਟੈਕਸੀਆਂ ਪਾ ਲਈਆਂ ਹਨ ਤਾਂ ਮੈਂ ਉਹਨੂੰ ਛੇੜਦਾ। ਉਹ ਯੂਨੀਵਰਸਿਟੀ ਵਿਚ ਅਧਿਆਪਕ ਲੱਗ ਗਿਆ ਸੀ, ਫਿਰ ਇਕ ਦਿਨ ਉਸ ਚਾਲੇ ਪਾ ਦਿੱਤੇ। ਵਿਦੇਸ਼ ਵਿਚ ਟੈਕਸੀ ਚਾਲਕ ਹੋ ਗਿਆ, ਫਿਰ ਟੈਕਸੀਆਂ ਦਾ ਮਾਲਕ ਵੀ ਹੋ ਗਿਆ।
ਆਪਣਾ ਘਰ, ਮੁਹੱਲਾ, ਸ਼ਹਿਰ, ਮੁਲਕ, ਮਹਾਂਦੀਪ ਛੱਡ, ਸੱਤ ਸਮੁੰਦਰ ਪਾਰ ਲੋਕਾਂ ਨੂੰ ਇਕ ਥਾਂ ਤੋਂ ਦੂਜੇ ਥਾਂ ਢੋਣਾ ਵੀ ਤਾਂ ਕੋਈ ਸਵਾਬ ਦਾ ਕੰਮ ਹੋਵੇਗਾ! ਲਿਹਾਜ਼ਾ ਕਦੀ-ਕਦੀ ਉਹ ਫੋਨ ਕਰ ਲੈਂਦਾ, ਕਦੀ-ਕਦੀ ਮੈਂ। ਇਹ ‘ਕਦੀ-ਕਦੀ’ ਪਹਿਲਾਂ ਮਹੀਨੇ, ਦੋ ਮਹੀਨੇ ਬਾਅਦ ਆਉਂਦਾ ਸੀ, ਫਿਰ ਸਾਲ ਛਿਮਾਹੀ ਅਤੇ ਕਦੀ ਇਹਤੋਂ ਵੀ ਲੰਮੇਰਾ ਪੈਂਡਾ ਘੱਤਦਾ।
ਇਸ ਸਾਲ ਜੇਠ ਮਹੀਨੇ ਦੇ ਨੌਵੇਂ ਦਿਨ ਜਦੋਂ ਅੰਦਰ ਬਾਹਰ ਸਭ ਤਪਿਆ ਪਿਆ ਸੀ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪਾਰਾ 303 ਛੂਹ ਗਿਆ ਸੀ ਤਾਂ ਉਸ ਘਬਰਾ ਕੇ ਫੋਨ ਕੀਤਾ। ਹਿੰਦੁਸਤਾਨੀ ਅਖਬਾਰਾਂ ਦੇ ਛਪਣ ਤੋਂ ਪਹਿਲਾਂ ਉਹਨੂੰ ਮੇਰੇ ਡਿੱਗ ਕੇ ਦੂਜੇ ਦਰਜੇ ਦੇ ਸ਼ਹਿਰੀ ਹੋ ਜਾਣ ਦੀ ਖਬਰ ਖੌਰੇ ਕਿਸ ਪੁਚਾਈ ਸੀ। ਅੱਧੀ ਰਾਤ ਨੂੰ ਵੱਜੀ ਟੈਲੀਫੋਨ ਦੀ ਘੰਟੀ ਨਾਲ ਪਤਨੀ ਵੀ ਨੀਂਦ ਵਿਚੋਂ ਉਠ ਪਈ ਸੀ। ਮੈਂ ਫੋਨ ਰੱਖਿਆ ਤਾਂ ਪੁੱਛਣ ਲੱਗੀ, “ਸਭ ਠੀਕ ਹੈ? ਕੀ ਕਹਿ ਰਿਹਾ ਸੀ?”
ਮੈਂ ਆਖਿਆ, ਚਿੰਤਾ ਵਿਚ ਸੀ। ਕਹਿ ਰਿਹਾ ਸੀ, ਹੁਣ ਮੈਨੂੰ ਦੂਜੇ ਦਰਜੇ ਦੇ ਨਾਗਰਿਕ ਵਾਂਗ ਰਹਿਣਾ ਪਵੇਗਾ ਇਸ ਦੇਸ਼ (ਭਾਰਤ) ਵਿਚ। ਉਸ ਹੱਸ ਕੇ ਆਖਿਆ, “ਵੈਲਕਮ ਟੂ ਮਾਈ ਵਰਲਡ! ਤੁਹਾਨੂੰ ਸਭ ਨੂੰ ਇਹ ਅਭਿਆਸ ਵੀ ਜਿਉਣਾ ਚਾਹੀਦਾ ਹੈ।”
ਪੰਜਾਹ ਤੋਂ ਵਧੇਰੇ ਗਰਮੀਆਂ ਵੇਖੀਆਂ ਨੇ ਪਰ ਹੋਸ਼ ਸੰਭਾਲਣ ਤੋਂ ਬਾਅਦ ਇਹ ਵਰਤਾਰਾ ਪਹਿਲੀ ਵਾਰੀ ਵੇਖਿਆ ਕਿ ਇਕੋ ਸਮੇਂ, ਇਕ ਖਾਸ ਦਿਨ ਤੋਂ ਬਾਅਦ ਬਹੁਤ ਸਾਰੇ ਦੋਸਤ, ਸਾਥੀ, ਸਹਿਯੋਗੀ ਭਵਿਖ ਬਾਰੇ ਅਸਲੋਂ ਨਿੰਮੋਝੂਣੇ ਹੋ ਜਾਣ। ਦੂਜੇ ਦਰਜੇ ਦੇ ਸ਼ਹਿਰੀ ਹੋ ਜਾਣ ਦੀਆਂ ਕਨਸੋਆਂ ਇਕ ਦੂਜੇ ਨਾਲ ਸਾਂਝੀਆਂ ਕਰਨ। ਕੋਈ ਘੱਟਗਿਣਤੀਆਂ ਨੂੰ ਲੈ ਕੇ ਚਿੰਤਾ ਵਿਚ ਡੁੱਬਿਆ ਹੈ, ਕਿਸੇ ਨੂੰ ਹਿੰਦੂਤਵ ਦਾ ਦਾਨਵ ਸੁਪਨਿਆਂ ‘ਚੋਂ ਨਿਕਲ ਵੱਟਸਐਪ ‘ਤੇ ਆ ਕੇ ਡਰਾ ਰਿਹਾ ਹੈ। ਦੂਜੇ ਦਰਜੇ ਦੇ ਸ਼ਹਿਰੀ ਹੋ ਜਾਣ ਦਾ ਝੋਰਾ ਖਾ ਰਿਹਾ ਹੈ।
ਹੁਣ ਤਾਂ ਕੈਲੰਡਰ ਦਾ ਪੰਨਾ ਵੀ ਪਲਟ ਦਿੱਤਾ ਹੈ। ਬਾਹਰ ਅਤਿ ਦੀ ਤਪਸ਼ ਹੈ। ਹਾੜ੍ਹ ਆ ਵੱਤਿਆ ਹੈ। ਅਖਬਾਰਾਂ ਦੇ ਸੰਪਾਦਕੀ ਪੰਨੇ ਅਜੇ ਵੀ ਇਹ ਮੁਤਾਲਿਆ ਕਰ ਰਹੇ ਹਨ ਕਿ ਜੇਠ ਮਹੀਨੇ ਕੀ ਭਾਣਾ ਵਰਤਿਆ, ਕਿਉਂ ਵਰਤਿਆ? ਘਰ ਦੇ ਅੰਦਰ ਮੈਂ ਆਪਣੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਅਭਿਆਸ ਬਾਰੇ ਗੱਲ ਕਰਨ ਲਈ ਜਗ੍ਹਾ ਲੱਭ ਰਿਹਾ ਹਾਂ, ਕਿਉਂ ਜੋ ਇਕ ਨਵੀਂ ਸੁਰਖੀ ਨੇ ਪੁਰਾਣੇ ਸੱਚ ਨਾਲ ਮਿਲਾਪ ਕਰਵਾਇਆ ਹੈ, ਪਿਛਲੀ ਚੌਥਾਈ ਸਦੀ ਤੋਂ ਵੀ ਜ਼ਿਆਦਾ ਮੈਂ ਇਕ ਹੋਰ ਦੂਜੇ ਦਰਜੇ ਦੇ ਸ਼ਹਿਰੀ ਨਾਲ ਵਿਆਹ ਕਰਵਾ, ਰਹਿ ਰਿਹਾ ਹਾਂ।
ਉਹਦੀ ਕੌਮ ਚਿਰੋਕਣੀ ਦੂਜੇ ਦਰਜੇ ਦੇ ਨਾਗਰਿਕਾਂ ਦੀ ਕੌਮ ਹੈ। ਕਿੰਨੇ ਵਜੇ ਤੱਕ, ਕਿਸ ਨਾਲ, ਕਿਹੜੇ ਕੱਪੜੇ ਪਾ ਕੇ, ਕਿੰਨੀ ਉਚੀ ਸਕਰਟ ਪਾ ਕੇ ਅਤੇ ਕਿਹੋ ਜਿਹੇ ਮੇਕਅੱਪ ਨਾਲ ਇਸ ਕੌਮ ਦੀ ਕੋਈ ਮੈਂਬਰ ਕਿਥੇ, ਕਿਸ ਦੇ ਘਰ ਜਾ ਸਕਦੀ ਹੈ? ਇਹ ਅਤਿ ਸੂਖਮ ਸਵਾਲ ਉਸ ਲਈ ਪਹਿਲਾਂ ਹੀ ਹੱਲ ਕਰ ਦਿੱਤੇ ਜਾਂਦੇ ਹਨ। ਉਸ ਬੱਸ ਜਵਾਬ ਤੋਂ ਉਨੀ-ਇਕੀ ਆਸੇ-ਪਾਸੇ ਨਹੀਂ ਜਾਣਾ। ਜੇ ਇੰਨੇ ਨਾਲ ਬਚੀ ਰਹੇ ਤਾਂ ਭਾਗਾਂਭਰੀ। ਸ਼ਹਿਰਾਂ ਵਿਚ ਰਹਿੰਦੀਆਂ ਨੇ ਫੋਨ ‘ਤੇ ਅਲਾਰਮ ਲਾ ਰੱਖੇ ਹਨ ਕਿ ਕਿੰਨੇ ਵਜੇ ਉਹ ਦੂਜੇ ਦਰਜੇ ‘ਤੇ ਡਿੱਗਦੀਆਂ ਹਨ। ਭਰ ਗਰਮੀਆਂ ਵਿਚ ਸੱਤ ਵਜੇ, ਯਖ ਸਰਦੀਆਂ ਵਿਚ ਸ਼ਾਮ ਪੰਜ ਤੋਂ ਬਾਅਦ ਹੀ ਹਨੇਰਾ ਹੋ ਜਾਂਦਾ ਹੈ। ਫਿਰ ਮੇਰੀ ਸਹਿਕਰਮੀ ਗਵਾਂਢ ਦੇ ਬਾਜ਼ਾਰ ਵਿਚੋਂ ਬ੍ਰੈੱਡ-ਆਂਡੇ ਲੈਣ ਲਈ ਵੀ ਘਰੋਂ ਨਿਕਲਣੋਂ ਗੁਰੇਜ਼ ਕਰਦੀ ਹੈ। ਇਹ ਕੰਮ ਉਹਦਾ ਪਹਿਲੇ ਦਰਜੇ ਦਾ ਸ਼ਹਿਰੀ ਪਤੀ ਰਾਤੀਂ ਗਿਆਰਾਂ ਵਜੇ ਵੀ ਨਿੱਕਰ ਪਾ ਕੇ ਭੱਜ ਕੇ ਕਰ ਆਉਂਦਾ ਹੈ।
ਇਹ ਦਰਜਾਬੰਦੀ ਸੱਤ ਸਮੁੰਦਰ ਪਾਰ ਵੀ ਭੰਨੀ ਨਹੀਂ ਜਾ ਰਹੀ, ਭਾਵੇਂ ਇਹਦੀਆਂ ਅਣਥੱਕ ਘੁਲਾਟਣਾਂ ਪੈਰ ਗੱਡ ਕੇ ਜੰਗ ਕਰ ਰਹੀਆਂ ਹਨ। ਇੰਨੇ ਦਹਾਕਿਆਂ ਵਿਚ ਸੁਹਿਰਦ ਯਾਰਾਂ ਦੇ ਕਦੀ ਰਾਤ ਬੀਤੇ ਘਬਰਾਈ ਆਵਾਜ਼ ਵਿਚ ਟੈਲੀਫੋਨ ਨਹੀਂ ਆਏ ਕਿ ਮੇਰੇ, ਉਨ੍ਹਾਂ ਦੇ, ਸਭਨਾਂ ਦੇ ਘਰ, ਗਲੀ, ਮੁਹੱਲਿਆਂ, ਪਿੰਡਾਂ, ਸ਼ਹਿਰਾਂ, ਮੁਲਕਾਂ ਵਿਚ ਅਸੀਂ ਦੂਜੇ ਦਰਜੇ ਦੇ ਸ਼ਹਿਰੀਆਂ ਨਾਲ ਰਹਿ ਰਹੇ ਹਾਂ।
ਖੂਬਸੂਰਤ ਚੰਡੀਗੜ੍ਹ ਦੀ ਪਿੱਠ ‘ਤੇ ਵਸੇ ਪੰਚਕੂਲਾ ਦੇ ਇਕ ਮੁਹੱਜ਼ਬ ਇਲਾਕੇ ਵਿਚ ਜਿਸ ਹਾਊਸਿੰਗ ਸੁਸਾਇਟੀ ਵਿਚ ਮੈਂ ਰਹਿੰਦਾ ਸਾਂ, ਉਹਦੀ ਹਰ ਲਿਫਟ ਵਿਚ ਚਿਤਾਵਨੀ ਲਿਖੀ ਹੋਈ ਸੀ ਕਿ ਘਰਾਂ ਵਿਚ ਕੰਮ ਕਰਦੀਆਂ ਨੌਕਰਾਣੀਆਂ ਨੂੰ ਲਿਫਟ ਵਰਤਣ ਦੀ ਮਨਾਹੀ ਹੈ। ਇਤਰਾਜ਼ ਕਰਨ ‘ਤੇ ਮੇਰੇ ਵਿਰੋਧ ਵਿਚ ਏਕਤਾ ਹੀ ਨਹੀਂ ਹੋਈ ਸਗੋਂ ਮੈਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਨਿਯਮ ਬਹੁਤ ਸਾਰੇ ਸ਼ਹਿਰਾਂ ਵਿਚ ਹੈ।
ਇਸ ਦੇਸ਼ ਵਿਚ ਦਲਿਤ ਭਾਈਚਾਰਾ, ਘੱਟਗਿਣਤੀਆਂ, ਔਰਤਾਂ, ਆਦਿਵਾਸੀ, ਮਜ਼ਦੂਰ, ਅੰਗਹੀਣ, ਗਰੀਬ, ਸਭ ਦਾ ਸਦੀਆਂ ਲੰਮਾ ਦੂਜੇ ਦਰਜੇ ਦੇ ਸ਼ਹਿਰੀ ਵਜੋਂ ਜਿਉਣ, ਵਿਚਰਨ, ਬਚ-ਬਚਾ ਕੇ ਵਰ੍ਹਾ-ਦਰ-ਵਰ੍ਹਾ ਲੰਘਾ ਦੇਣ ਦਾ ਅਭਿਆਸ ਹੈ। ਤੁਸੀਂ ਇਸ ਸ਼੍ਰੇਣੀ ਵਿਚ ਹਰ ਇਕ ਦੀ ਦੂਜੇ ਦਰਜੇ ਦੇ ਅਭਿਆਸ ਦੀ ਵਿਅਕਤੀਗਤ ਇੰਤਹਾ ਦਾ ਪੱਧਰ ਗੁਣਾ-ਤਕਸੀਮ-ਜਮ੍ਹਾਂ-ਘਟਾਉ ਦੇ ਫਾਰਮੂਲੇ ਨਾਲ ਕੱਢ ਸਕਦੇ ਹੋ। ਜੇ ਤੁਸੀਂ ਦਲਿਤ ਹੋ, ਔਰਤ ਵੀ ਹੋ, ਮਜ਼ਦੂਰੀ ਕਰਦੇ ਹੋ, ਅੰਗਹੀਣ ਹੋ ਅਤੇ ਸਮਲਿੰਗੀ ਹੋ ਤਾਂ ਉਦੋਂ ਤੱਕ ਗੁਣਾ ਕਰਦੇ ਜਾਣਾ, ਜਦੋਂ ਤੱਕ ਸਹਿ ਸਕੋ। ਫਿਰ ਪਿੰਡ ਦੇ ਕਿਸ ਸ਼ਮਸ਼ਾਨਘਾਟ ਵਿਚ ਸਾੜੇ ਜਾਵੋਗੇ, ਇਹ ਹਿਸਾਬ ਪਹਿਲੇ ਦਰਜੇ ਦੇ ਨਾਗਰਿਕ ਕਰ ਲੈਣਗੇ।
ਦਸਵੀਂ ਵਿਚ ਪੜ੍ਹਦਾ ਸਾਂ, ਜਦੋਂ ਮੁਲਕ ਵਿਚ ਏਸ਼ੀਆਡ ਖੇਡਾਂ ਅਤੇ ਰੰਗੀਨ ਟੈਲੀਵਿਜ਼ਨ ਇਕੱਠੇ ਆਏ। ਜਦੋਂ ਤੱਕ ਵੇਖਿਆ ਨਹੀਂ ਸੀ, ਯਕੀਨ ਨਹੀਂ ਸੀ ਆਉਂਦਾ ਕਿ ਬਲੈਕ ਐਂਡ ਵ੍ਹਾਈਟ ਟੀ. ਵੀ., ਜੋ ਅਸਲ ਵਿਚ ਮੈਨੂੰ ਸਲੇਟੀ ਤੇ ਨੀਲਾ ਜਿਹਾ ਜਾਪਦਾ ਸੀ, ਹੁਣ ਸਤਰੰਗੀ ਹੋ ਜਾਵੇਗਾ। ਨਾ ਇਸ ਗੱਲ ‘ਤੇ ਯਕੀਨ ਆਉਂਦਾ ਸੀ ਕਿ ਜਿਹੜਾ ਪੰਜਾਬ ਤੋਂ ਪੱਗ ਬੰਨ੍ਹ ਕੇ, ਬੱਸ ਵਿਚ ਬੈਠ, ਹਰਿਆਣਿਓਂ ਲੰਘ ਕੇ ਦਿੱਲੀ ਦੀਆਂ ਏਸ਼ਿਆਈ ਖੇਡਾਂ ਵੇਖਣ ਜਾਵੇਗਾ, ਉਹਨੂੰ ਪਹਿਲੇ ਦਰਜੇ ਦੇ ਸ਼ਹਿਰੀ ਭਜਨ ਲਾਲ ਦੇ ਇਸ਼ਾਰੇ ‘ਤੇ ਬੱਸ ਵਿਚੋਂ ਲਾਹ ਕੇ ਕੁੱਟਿਆ ਜਾਵੇਗਾ। ਇਹ 1982 ਦੀ ਗੱਲ ਹੈ।
ਦੋ ਸਾਲ ਬਾਅਦ ਸੁਪਰੀਮ ਕੋਰਟ ਦੇ ਗਵਾਂਢ ਏਸ਼ੀਆਡ ਦੀ ਯਾਦ ਨੂੰ ਹੋਰ ਠੋਸ ਰੂਪ ਦਿੰਦਾ ‘ਅੱਪੂ ਘਰ’ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ 19 ਨਵੰਬਰ 1984 ਨੂੰ ਨੌਜਵਾਨ ਪ੍ਰਧਾਨ ਮੰਤਰੀ ਦੇ ਕਰ-ਕਮਲਾਂ ਨਾਲ ਹੋਇਆ। ਦੇਸ਼ ਦੇ ਸਭ ਤੋਂ ਪਹਿਲੇ ਇੰਨੇ ਵੱਡੇ ਮਨੋਰੰਜਨ ਪਾਰਕ ਖੁੱਲ੍ਹਣ ਦੀ ਇਹ ਅਤਿਅੰਤ ਖੁਸ਼ੀ ਦੀ ਖਬਰ ਤਿਰਲੋਕਪੁਰੀ ਦੀਆਂ ਗਲੀਆਂ ਵਿਚ ਕਿੰਨੇ ਚਾਅ ਨਾਲ ਪੜ੍ਹੀ ਗਈ ਹੋਵੇਗੀ, ਇਹ ਨਹੀਂ ਕਿਹਾ ਜਾ ਸਕਦਾ ਕਿਉਂ ਜੋ ਉਥੋਂ ਦੇ ਕੁਝ ਪਾਠਕਾਂ ਦੇ ਗਲੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਤਗਮਾ ਦੋ ਹਫਤੇ ਪਹਿਲਾਂ ਹੀ ਪਾਇਆ ਗਿਆ ਸੀ। ਕੰਡਮ ਟਾਇਰਾਂ ਤੋਂ ਬਣੇ ਇਨ੍ਹਾਂ ਤਗਮਿਆਂ ਵਿਚੋਂ ਲਾਟਾਂ ਨਿਕਲੀਆਂ ਸਨ।
ਜਿਨ੍ਹਾਂ ਨੂੰ ਜਾਪਦਾ ਹੈ ਕਿ ਉਹ 23 ਮਈ 2019 ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋ ਗਏ, ਉਹ ਇਤਿਹਾਸ ਵਿਚ ਵਾਪਸ ਜਾਣ, 1947 ਤੱਕ ਦੇ ਵਰਕੇ ਫਰੋਲਣ, ਜਿਥੇ ਉਨ੍ਹਾਂ ਨੂੰ ਮੇਰਾ ਭਰ-ਜਵਾਨ ਦਾਦਾ, ਭੋਲਾ ਸਿੰਘ ਮਿਲੇਗਾ। ਓਕਾੜੇ (ਪਾਕਿਸਤਾਨ) ਦੇ ਦੀਪਾਲਪੁਰ ਵਿਚਲੇ ਹੁਜਰਾ ਸ਼ਾਹ ਮੁਕੀਮ ਤੋਂ ਉਜੜਿਆ ਭੋਲਾ ਸਿੰਘ ਦਾ ਪਰਿਵਾਰ ਲੁਧਿਆਣੇ ਦੇ ਜਵਾਹਰ ਨਗਰ ਰਿਫਿਊਜੀ ਕੈਂਪ ਵਿਚ ਆ ਡਿੱਗਿਆ। ਥੱਕੇ-ਟੁੱਟੇ ਭੋਲਾ ਸਿੰਘ ਨੂੰ ਜਦੋਂ ਰਾਸ਼ਨ ਵੰਡਦਾ ਫੌਜੀ ‘ਕਿੰਨੇ ਜੀਅ?’ ਪੁੱਛ, ਕੁੜਤੇ ਦੀ ਝੋਲੀ ਬਣਾ, ਉਹਦੇ ਵਿਚ ਸੱਤ ਮੁੱਠ ਆਟਾ ਸੁੱਟਦਾ ਹੋਣਾ ਏ ਤਾਂ ਦਾਦਾ ਸ਼ਾਇਦ ਸੋਚਦਾ ਹੋਵੇਗਾ ਕਿ ਵਕਤ ਦੇ ਨਾਲ-ਨਾਲ ਇਹ ਦੂਜੇ ਦਰਜੇ ਵਾਲਾ ਮੁਕਾਮ ਬਦਲ ਜਾਵੇਗਾ।
ਸਕੂਲ ਵਿਚ ਮੈਂ ਸਬਕ ਨਾ ਯਾਦ ਕਰਨ ਕਰਕੇ ਮਾਰ ਘੱਟ ਹੀ ਖਾਧੀ। ਬਹੁਤੀ ਵਾਰੀ ਚਾਰ-ਪੰਜ ਜਣੇ ਇਕੱਠੇ ਹੋ ਕੇ ਮੈਨੂੰ ‘ਭਾਪਾ’ ‘ਭਾਪਾ’ ਕਹਿ ਕੇ ਕੁੱਟਦੇ। ਦੂਜੇ ਦਰਜੇ ਦੇ ਇਸ ਅਭਿਆਸ ਦਾ ਤਾਜ਼ਾ ਸਿੱਕੇਬੰਦ ਸਬੂਤ ਅਖਬਾਰਾਂ ਵਿਚ ‘ਰਿਸ਼ਤੇ ਹੀ ਰਿਸ਼ਤੇ’ ਕੂਕਦੇ ‘ਸਿਰਲੇਖਵਾਰ’ ਇਸ਼ਤਿਹਾਰਾਂ ਵਿਚੋਂ ਪੜ੍ਹ ਸਕਦੇ ਹੋ। ਇਹ ਇਸ਼ਤਿਹਾਰ ਕੱਲ੍ਹ ਵੀ ਛਪੇ ਸਨ, ਕੱਲ੍ਹ ਵੀ ਛਪਣਗੇ। ਤੁਹਾਨੂੰ ਅੱਧੀ ਰਾਤੀਂ ਘਬਰਾਏ ਮਿੱਤਰਾਂ ਕਿੰਨੇ ਕੁ ਟੈਲੀਫੋਨ ਕੀਤੇ, ਕਿੰਨੇ ਕੱਲ੍ਹ ਕਰਨਗੇ, ਮੇਰੇ ਕੋਲ ਸਾਰਾ ਰਿਕਾਰਡ ਮੌਜੂਦ ਹੈ।
ਬੰਬਈ ਵਿਚ ਬੰਬਈ ਨੂੰ ਬੰਬਈ ਕਹਿਣ ਕਰਕੇ ਜਿਨ੍ਹਾਂ ਕੁੱਟ ਖਾਧੀ, ਉਹ ਮੁੰਬਾ ਦੇਵੀ ਦੀ ਕਰੋਪੀ ਦਾ ਸ਼ਿਕਾਰ ਨਹੀਂ ਸਨ ਹੋਏ ਸਗੋਂ ਉਸ ਬਾਲ ਠਾਕਰੇ ਦੀ ਕੁਝ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾ ਦੇਣ ਵਾਲੀ ਸਿਆਸਤ ਦੀ ਬਲੀ ਚੜ੍ਹੇ ਸਨ, ਜਿਸ ਨੂੰ ਅੱਜ ਵੀ ਵੱਡੇ ਨੇਤਾ ਅਤੇ ਮੇਰੇ ਦੂਜੇ ਦਰਜੇ ਦਾ ਸ਼ਹਿਰੀ ਹੋ ਜਾਣ ਦੀ ਚਿੰਤਾ ਵਿਚ ਡੁੱਬੇ ਵੱਡੇ-ਵੱਡੇ ਪੱਤਰਕਾਰ ‘ਬਾਲਾ ਸਾਹਿਬ’ ਤੋਂ ਘੱਟ ਕਹਿ ਕੇ ਮੁਖਾਤਿਬ ਹੋਣ ਦਾ ਹੀਆ ਨਹੀਂ ਕਰਦੇ। ਚੀਤੇ ਦੀ ਖੱਲ ‘ਤੇ ਬੈਠ ਦੂਜਿਆਂ ਦੀ ਦਰਜਾਬੰਦੀ ਦਾ ਅਧਿਕਾਰ ਚਲਾਉਣਾ ਜੰਗਲ ਦਾ ਕਾਨੂੰਨ ਹੈ, ਪਰ ਇਹਦੇ ਵਿਰੁਧ ਅੱਧੀ ਰਾਤ ਕਿਸੇ ਸਿਆਸਤ ਦੀਆਂ ਘੰਟੀਆਂ ਨਹੀਂ ਖੜਕੀਆਂ। ਪੰਜਾਬ ਦੇ ਹਨੇਰੇ ਦਿਨਾਂ ਵਿਚ ਜਿਹੜੇ ਚਾਂਗਰਾਂ ਮਾਰ ਕੇ ਇਕ ਦੇ ਹਿੱਸੇ ਪੈਂਤੀ-ਪੈਂਤੀ ਦੀਆਂ ਗੱਲਾਂ ਕਰਦੇ ਰਹੇ, ਉਨ੍ਹਾਂ ਦੇ ਇਹ ਅੱਜ ਦੀ ਦੂਜੇ ਦਰਜੇ ਦੇ ਸ਼ਹਿਰੀਆਂ ਦੀ ਦਰਜਾਬੰਦੀ ਕਰਨ ਵਾਲੇ ਮਾਮੇ-ਤਾਏ ਦੇ ਪੁੱਤ ਲੱਗਦੇ ਹਨ।
ਜਦੋਂ ਵਿਆਹ ਧਰਮਸ਼ਾਲਾ ਜਾਂ ਖੁੱਲ੍ਹੇ ਵਿਚ ਕਨਾਤ ਲਾ ਕੇ ਹੁੰਦੇ ਸਨ ਤਾਂ ਖੁਸ਼ੀ ਸਾਂਝੀ ਹੁੰਦੀ ਸੀ। ਹੁਣ ਡਰਾਈਵਰਾਂ, ਬੈਂਡ ਵਾਲਿਆਂ ਅਤੇ ਹੋਰਨਾਂ ਗਰੀਬ ਗੁਰਬਿਆਂ, ਕਿਰਤੀਆਂ ਲਈ ਲੱਗੀ ਵੱਖਰੀ ਖਾਣੇ ਦੀ ਮੇਜ਼ ਉਤੇ ਦੂਜੇ ਦਰਜੇ ਵਾਲੀ ਤਖਤੀ ਜੜ੍ਹਨ ਤੋਂ ਘੱਟ, ਬਾਕੀ ਕੀ ਬਚਿਆ ਹੈ? ਭਾਂਡੇ ਮਾਂਜਦੀ, ਪੋਚਾ ਲਾਉਂਦੀ, ਬਿਹਾਰ ਤੋਂ ਆਈ ਬੜੇ ਘਰਾਂ ਵਿਚ ਰਸੋਈ ਦੀ ਆਖਰੀ ਨੁੱਕਰ ਤੱਕ ਜਾ ਸਕਦੀ ਹੈ, ਪਰ ਗੁਸਲਖਾਨਾ ਨਹੀਂ ਵਰਤ ਸਕਦੀ।
ਹੁਣ ਫਿਰ ਅੱਧੀ ਰਾਤ ਨੂੰ ਟੈਲੀਫੋਨ ਖੜਕ ਰਹੇ ਹਨ। ਬੰਗਾਲ ਵਿਚ ਡਾਕਟਰਾਂ ‘ਤੇ ਸੁਣਿਐ, ਕੋਈ ਜ਼ੁਲਮ ਹੋ ਗਿਆ ਹੈ। ਪੂਰੇ ਮੁਲਕ ਵਿਚ ਡਾਕਟਰ ਭੜਕ ਗਏ ਹਨ। ਮੇਰੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਤਸਦੀਕਸ਼ੁਦਾ ਪ੍ਰਮਾਣ ਪੱਤਰ ਜਾਰੀ ਹੋਣ ਤੋਂ ਇਕ ਦਿਨ ਪਹਿਲਾਂ, 22 ਮਈ ਨੂੰ ਜਦੋਂ 26 ਵਰ੍ਹਿਆਂ ਦੀ ਗਾਇਨਾਕਾਲੋਜਿਸਟ ਡਾ. ਪਾਇਲ ਤਾੜਵੀ ਨੇ ਜਾਤਪਾਤੀ ਵਿਤਕਰੇ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਸੀ ਤਾਂ ਇਹ ਸਾਰੇ ਡਾਕਟਰ ਸੜਕਾਂ ‘ਤੇ ਕਿਉਂ ਨਹੀਂ ਸਨ ਨਿਕਲੇ? ਅੱਧੀ ਰਾਤ ਨੂੰ ਮੁਲਕ ਭਰ ਵਿਚ ਟੈਲੀਫੋਨ ਕਿਉਂ ਨਹੀਂ ਖੜਕੇ? ਕੀ ਇਸ ਲਈ ਕਿ ਪਾਇਲ ਤਾੜਵੀ ਤਾਂ ਪਹਿਲੋਂ ਹੀ ਦੂਜੇ ਦਰਜੇ ਦੀ ਨਾਗਰਿਕ ਸੀ?
ਹਾਲ ਹੀ ਵਿਚ ਜਦੋਂ ਅਮ੍ਰਿਤਿਆ ਸੇਨ ਦੇ ਮੁੱਖਬੰਦ ਨਾਲ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਦੀ ਕਿਤਾਬ ‘ਹੀਲਰਜ਼ ਐਂਡ ਪ੍ਰੀਡੇਟਰਜ਼’ ਨੇ ਦੇਸ਼ ਵਿਚ ਡਾਕਟਰਾਂ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਪਾਜ ਖੋਲ੍ਹੇ ਤਾਂ ਇਹਦੇ ਮੁੱਖ ਲੇਖਕ, ਪਦਮ ਸ੍ਰੀ ਡਾਕਟਰ ਸਮੀਰ ਨੰਦੀ ਨੇ ਰਾਸ਼ਟਰੀ ਟੀ.ਵੀ. ਚੈਨਲਾਂ ‘ਤੇ ਕਿਹਾ ਕਿ ਭਾਵੇਂ ਕਿਤਾਬ ਵਿਚ 90 ਪ੍ਰਤੀਸ਼ਤ ਡਾਕਟਰਾਂ ਨੂੰ ਭ੍ਰਿਸ਼ਟ ਕਿਹਾ ਗਿਆ ਹੈ, ਪਰ ਇਹ ਅੰਕੜਾ 99 ਪ੍ਰਤੀਸ਼ਤ ਵੀ ਹੋ ਸਕਦਾ ਹੈ ਤਾਂ ਸਾਰੇ ਦੇਸ਼ ਵਿਚ ਡਾਕਟਰਾਂ ਨੂੰ ਸੜਕਾਂ ‘ਤੇ ਆ ਜਾਣਾ ਚਾਹੀਦਾ ਸੀ। ਅੱਧੀ ਰਾਤ ਨੂੰ ਘੰਟੀਆਂ ਖੜਕਾ ਦੇਣੀਆਂ ਚਾਹੀਦੀਆਂ ਸਨ ਪਰ ਉਹ ਕਿਉਂ ਅਜਿਹਾ ਕਰਨਗੇ? ਪਹਿਲੇ ਦਰਜੇ ਵਾਲਿਆਂ ਲਈ ਪੰਜ ਸਿਤਾਰਾ ਹਸਪਤਾਲ ਜੋ ਖੁੱਲ੍ਹ ਰਹੇ ਹਨ।
ਦੂਜੇ ਦਰਜੇ ਵਾਲਿਆਂ ਦੇ ਹਸਪਤਾਲਾਂ ‘ਚ ਜਿਹੜੇ ਡਾਕਟਰ ਦਿਨ-ਰਾਤ ਥੋੜ੍ਹੀ ਤਨਖਾਹ ਲੈ ਬਹੁਤੇ ਘੰਟੇ ਕੰਮ ਕਰਦੇ ਹਨ, ਬੱਸ ਉਥੇ ਹੀ ਬਚੀ ਹੋਈ ਮਨੁੱਖਤਾ ਧੜਕਦੀ ਹੈ। ਅੱਧੀ ਰਾਤੀਂ ਵੀ ਗਰੀਬ ਦੀ ਵਜਾਈ ਘੰਟੀ ਉਹੀ ਸੁਣਦੇ ਹਨ।
ਜੋ ਵੀ ਹੋਵੇ, ਹਮਦਰਦੀ ਤਾਂ ਯੂਨੀਵਰਸਿਟੀ ਵਾਲੇ ਮਿੱਤਰ ਨੇ ਜਤਾਈ ਹੀ ਸੀ ਨਾ? ਇਸ ਲਈ ਰਸਮ ਅਦਾਇਗੀ ਵਜੋਂ ਮੈਂ ਵੀ ਫੋਨ ਕਰ ਦਿੱਤਾ। ਪੁੱਛਿਆ, “ਤੁਸੀਂ ਤਾਂ ਪਹਿਲੇ ਦਰਜੇ ਦਾ ਅਹਿਸਾਸ ਮਹਿਸੂਸਦੇ ਹੋ ਨਾ?” ਕਹਿਣ ਲੱਗਾ, “ਜੇ ਟਰੂਡੋ (ਕੈਨੇਡੀਅਨ ਪ੍ਰਧਾਨ ਮੰਤਰੀ) ਹਾਰ ਗਿਆ, ਫਿਰ ਸ਼ਾਇਦ ਟਰੰਪ ਦੇ ਮੁਲਕ ਵਗ ਚੱਲੀਏ। ਵੈਨਕੂਵਰ ਤੋਂ ਸਿਆਟਲ ਢਾਈ ਘੰਟੇ ਹੀ ਹੈ। ਜੇ ਦੂਜੇ ਦਰਜੇ ਦੇ ਸ਼ਹਿਰੀ ਹੀ ਰਹਿਣਾ ਹੈ ਤਾਂ ਚਾਰ ਪੈਸੇ ਤਾਂ ਵਧੇਰੇ ਕਮਾਵਾਂਗੇ।” ਦੂਜੇ ਦਰਜੇ ਦੇ ਨਾਗਰਿਕ ਦੀ ਚਿੰਤਾ ਕਰਨ ਵਾਲਿਆਂ ਦੀ ਕਮਾਲ ਵੇਖੋ, ਰਾਜਨੀਤੀ ਆਊਟ-ਸੋਰਸ ਕੀਤੀ ਹੋਈ ਹੈ, ਵੈਨਕੂਵਰ ਤੋਂ ਸਿਆਟਲ ਪਰਵਾਸ ਨਾਲ ਦੂਜੇ ਦਰਜੇ ਦੀ ਵੀ ਸ਼ੌਪਿੰਗ ਕਰਦੇ ਹਨ।
ਜੇ 23 ਮਈ ਦੀ ਅੰਦਰ ਤੱਕ ਪੁੱਜੀ ਤਪਸ਼ ਤੋਂ ਕੁਝ ਸਿੱਖਣਾ ਹੈ ਤਾਂ ਇੰਨਾ ਕਿ ਰਾਜਨੀਤੀ ਨੇਤਾਵਾਂ ਨੂੰ ਆਊਟ-ਸੋਰਸ ਨਹੀਂ ਕੀਤੀ ਜਾ ਸਕਦੀ। ਅੰਦਰ ਝਾਤ ਮਾਰ ਸਫਾਈ ਜ਼ਰੂਰੀ ਹੈ। ਦੂਜੇ, ਤੀਜੇ, ਦਸਵੇਂ ਦਰਜੇ ਤੱਕ ਬਥੇਰੀ ਖਲਕਤ ਪਹਿਲੋਂ ਵੀ ਧੱਕੀ ਜਾਂਦੀ ਰਹੀ ਹੈ। ਅੱਧੀ ਰਾਤ ਨੂੰ ਟੈਲੀਫੋਨ ਦੀਆਂ ਘੰਟੀਆਂ ਵਜਾਉਣੋਂ ਪਹਿਲੋਂ ਵੀ ਬੜੀ ਵਾਰ ਉਕੇ ਹਾਂ। ਦਰਜਾ ਪਹਿਲਾਂ ਵੀ ਪਹਿਲਾ ਨਹੀਂ ਸੀ, ਦੂਜਾ ਵੀ 23 ਮਈ ਨੂੰ ਨਹੀਂ ਹੋਇਆ। ਕੁਝ ਅੰਦਰ ਜਾਗਿਆ, ਕੁਝ ਧੁਰ ਅੰਦਰ ਮੋਇਆ।