ਬੋਸਕੀ ਦਾ ਪਜਾਮਾ

ਕਰਮ ਸਿੰਘ ਮਾਨ
ਫੋਨ: 559-261-5024
ਭਾਬੀ ਜਗੀਰ ਕੌਰ ਸਾਡੇ ਘਰ ਸਵੇਰ ਵੇਲੇ ਲੱਸੀ ਲੈਣ ਆਉਂਦੀ। ਹੋਰ ਕਿਸੇ ਦਿਨ ਭਾਵੇਂ ਨਾਗਾ ਪਾ ਜਾਂਦੀ, ਪਰ ਐਤਵਾਰ ਨੂੰ ਕਦੇ ਵੀ ਨਾ ਖੁੰਝਦੀ। ਲੱਸੀ ਲੈਣ ਆਈ ਉਹ ਮੇਰੇ ਨਾਲ ਹਾਸਾ-ਮਖੌਲ ਕਰ ਜਾਂਦੀ ਤੇ ਬੇਬੇ ਨਾਲ ਗੱਲਾਂ ਕਰਕੇ ਆਪਣਾ ਮਨ ਹੌਲਾ ਕਰ ਜਾਂਦੀ।

ਉਸ ਦੇ ਹੱਥ ਅੰਦਰੋਂ ਦੁੱਧ ਵਰਗੀ ਚਿੱਟੀ, ਕਲੀ ਕੀਤੀ ਪਿੱਤਲ ਦੀ ਬਾਲਟੀ ਫੜੀ ਹੁੰਦੀ। ਸਲਵਾਰ ਦਾ ਪੌਂਚਾ ਗਿਟਿਆਂ ਤੋਂ ਉਚਾ ਟੰਗਿਆ, ਪੈਰਾਂ ਵਿਚ ਕਾਲੇ ਸਲੀਪਰ ਕੱਟੇ ਦੀਆਂ ਨਾਸਾਂ ਵਰਗੇ, ਸਿਰ ‘ਤੇ ਘਸਮੈਲੀ ਚੁੰਨੀ। ਉਹ ਬਾਲਟੀ ਬੇਬੇ ਜੀ ਅੱਗੇ ਧਰਦੀ ਕਹਿੰਦੀ, “ਬੇਬੇ ਲੱਸੀ ਪਾ ਦਿਉ। ਮੈਂ ਛੇਤੀ ਘਰ ਜਾਣਾ। ਚਿਰ ਲੱਗ ਗਿਆ ਤਾਂ ਝਿੜਕਾਂ ਪੈਣਗੀਆਂ।”
“ਕੁੜੇ, ਜਗੀਰ ਕੁਰੇ! ਘਰੇ ਪੈਰ ਤਾਂ ਪਾਇਆ ਨੀ, ਝਿੜਕਾਂ ਤੈਨੂੰ ਪਹਿਲਾਂ ਈ ਪੈ’ਗੀਆਂ। ਐਨਾ ਡਰਨਾ ਵੀ ਕੀ? ਤੀਜੇ ਹਿੱਸੇ ਦੀ ਤੂੰ ਮਾਲਕ, ਕੁਝ ਤਾਂ ਕਣ ਕਰਨਾ ਚਾਹੀਦਾ ਬੰਦੇ ਨੂੰ।” ਬੇਬੇ ਹੱਲਾਸ਼ੇਰੀ ਦਿੰਦੀ।
“ਦੇਖੀਂ ਬੇਬੇ, ਕਿਤੇ ਦੱਸ ਦਏਂ? ਫਿਰ ਉਨ੍ਹਾਂ ਲੱਸੀ ਲੈਣ ਵੀ ਨ੍ਹੀਂ ਆਉਣ ਦੇਣਾ। ਬੇਬੇ ਵੇਖ, ਡੰਗਰਾਂ ਨੂੰ ਪੱਠੇ ਪਾਵਾਂ ਮੈਂ, ਗੋਹਾ ਕੂੜਾ ਸੁੱਟਾਂ ਮੈਂ, ਧਾਰਾਂ ਮੈਂ ਚੋਆਂ। ਦੁੱਧ ਦੀ ਬਾਲਟੀ ਲਿਆ ਕੇ ਘਰੇ ਰੱਖ ਦਿੰਨੀਂ ਆਂ। ਟੱਬਰ ਦੇ ਸਾਰੇ ਭਾਂਡੇ ਮੈਂ ਮਾਂਜਾਂ। ਦਸ ਵਜੇ ਰਾਤ ਨੂੰ ਅੱਖ ਲਾਉਣ ਨੂੰ ਈ ਮਿਲਦੀ ਆ।”
“ਜਰਨੈਲ, ਕਹਿੰਦਾ ਨ੍ਹੀਂ ਕੁਛ? ਤੂੰ ਦੱਸਦੀ ਨ੍ਹੀਂ ਉਸ ਨੂੰ? ਤੀਮੀਆਂ ਤਾਂ ਸੌ ਤੱਤੀਆਂ ਠੰਢੀਆਂ ਲਾਉਂਦੀਆਂ ਨੇ ਘਰ ਆਲੇ ਕੋਲ।”
“ਬੇਬੇ ਜੀ ਕੋਈ ਕਦਰ ਕਰਨ ਵਾਲਾ ਹੁੰਦਾ ਤਾਂ…। ਮੈਂ ਤਾਂ ਉਹਦੇ ਅੱਗੇ ਉਭਾਸਰ ਭੀ ਨ੍ਹੀਂ ਸਕਦੀ। ਡਰ ਲਗਦਾ ਉਸ ਨਾਲ ਗੱਲ ਕਰਨ ਤੋਂ।”
“ਆਹੋ ਭਾਈ! ਜਨਾਨੀ ਵਸਦੀ ਆ ਘਰ ਆਲੇ ਦੇ ਸਿਰ ‘ਤੇ, ਭਰਾਵਾਂ ਦੀ ਡਾਂਗ ਦੇ ਜ਼ੋਰ ‘ਤੇ। ਅਸਲੀ ਤਾਂ ਜਨਾਨੀ ਆਪਣੀ ਸਮਝ ਨਾਲ ਵਸਦੀ ਆ। ਲੋੜ ਪੈਣ ‘ਤੇ ਲੋਹੇ ਵਾਂਗੂੰ ਗਰਮ ਹੋ ਜਾਵੇ, ਕਿਤੇ ਮੋਮ ਵਾਂਗ ਢਲ ਜੇ।”
“ਬੇਬੇ ਜੀ ਮੇਰੇ ਕੋਲ ਤਾਂ ਪੇਕੇ ਨਾ ਸਹੁਰੇ।” ਉਹ ਬੇਬੇ ਨਾਲ ਗੱਲਾਂ ਕਰਦੀ ਹੌਕਾ ਭਰ ਕੇ ਚਲੀ ਜਾਂਦੀ।
ਰੱਖੜੀ ਦਾ ਤਿਉਹਾਰ ਆਉਂਦਾ। ਭੈਣਾਂ ਭਰਾਵਾਂ ਦੇ ਰੱਖੜੀ ਬੰਨਦੀਆਂ। ਚਾਰੇ ਪਾਸੇ ਚਹਿਲ-ਪਹਿਲ ਹੁੰਦੀ। ਭੈਣਾਂ ਭਰਾਵਾਂ ਦੀ ਖੈਰ ਮੰਗਦੀਆਂ। ਭਰਾ ਭੈਣਾਂ ਦੇ ਹੱਥ ‘ਤੇ ਕੁਝ ਨਾ ਕੁਝ ਧਰਦੇ। ਉਹ ਇਸ ਦਿਨ ਬਹੁਤ ਉਦਾਸ ਹੋਈ ਬੇਬੇ ਕੋਲ ਆ ਬਹਿੰਦੀ। ਬੇਬੇ ਉਸ ਦਾ ਚਿਹਰਾ ਭਾਂਪ ਕੇ ਕਹਿੰਦੀ, “ਤੂੰ ਐਮੇ ਉਦਾਸ ਨਾ ਹੋਇਆ ਕਰ, ਜਗੀਰ ਕੁਰੇ। ਇਹ ਤਾਂ ਬਾਣੀਆਂ-ਬਕਾਲਾਂ ਦੇ ਖੇਖਣ ਨੇ।
ਇਨ੍ਹਾਂ ਕੋਲ ਵਿਹਲ ਐ ਤੇ ਪੈਸੇ ਨੇ। ਸਾਡੇ ਕੋਲ ਨਾ ਵਿਹਲ ਨਾ ਪੈਸਾ। ਕਿਵੇਂ ਭਰਾ ਕੰਮ ਛੱਡ ਕੇ ਆਉਣ? ਖੇਤੀ ਦੇ ਕੰਮ ‘ਚ ਤਾਂ ਮਰਨ ਦੀ ਵਿਹਲ ਵੀ ਨਹੀਂ ਹੁੰਦੀ। ਨਾਲੇ ਇੱਕ ਦਿਨ ਦੀ ਗੱਲ ਤਾਂ ਨ੍ਹੀਂ ਹੁੰਦੀ, ਭੈਣਾਂ ਦੇ ਦਿਲ ‘ਚ ਭਰਾਵਾਂ ਲਈ ਪਿਆਰ ਸਦਾ ਈ ਰਹਿੰਦਾ। ਭਰਾ ਭੈਣਾਂ ਦੇ ਹਰ ਦਿਨ ਦੇ ਰਾਖੇ ਹੁੰਦੇ ਆ।”
“ਬੇਬੇ ਜਿਨ੍ਹਾਂ ਦੇ ਹੁੰਦੇ ਆ। ਉਹੀ ਆਉਂਦੇ ਨੇ। ਕਿਸੇ ਦਿਨ ਤਾਂ ਉਹ ਆਊ ਈ?” ਉਹ ਆਪਣੇ ਭਰਾ ਗਿੰਦਰ ਨੂੰ ਯਾਦ ਕਰਦੀ ਬਾਲਟੀ ਚੁੱਕ ਕੇ ਘਰ ਨੂੰ ਤੁਰ ਜਾਂਦੀ। ਫਿਰ ਕਿੰਨੇ ਈ ਦਿਨ ਉਦਾਸ ਰਹਿੰਦੀ। ਘਰੇ ਆਉਂਦੀ ਕੋਈ ਗੱਲ ਨਾ ਕਰਦੀ। ਬਹੁਤਾ ਚਿਰ ਰੁਕਦੀ ਵੀ ਨਾ। ਬੇਬੇ ਵੀ ਬਹੁਤੀ ਗੱਲ ਨਾ ਕਰਦੀ। ਉਹ ਦਸ-ਪੰਦਰਾਂ ਦਿਨ ਪਿਛੋਂ ਸਹਿਜ ਹੋ ਜਾਂਦੀ। ਹਰ ਸਾਲ ਰੱਖੜੀ ਦਾ ਇੱਕ ਰੰਗਦਾਰ ਧਾਗਾ ਲੁਕੋ ਕੇ ਰੱਖ ਲੈਂਦੀ। ਉਸ ਨੂੰ ਸ਼ਾਇਦ ਹੀ ਦਸ ਤੋਂ ਵੱਧ ਗਿਣਤੀ ਆਉਂਦੀ ਹੋਵੇ, ਪਰ ਉਹ ਹਰ ਸਾਲ ਮੈਨੂੰ ਗਿਣਨ ਨੂੰ ਕਹਿੰਦੀ। ਮੈਂ ਦਸਦਾ ਤਾਂ ਕਹਿੰਦੀ, “ਅੱਛਾ ਇੰਨੇ ਹੋ’ਗੇ?”
ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਪਿੰਡ ਵਿਚ ਜੋੜ ਮੇਲਾ ਤਿੰਨ ਦਿਨ ਭਰਦਾ। ਪਹਿਲੇ ਦਿਨ ਪਿੰਡ ਵਿਚ ਨਗਰ ਕੀਰਤਨ ਨਿਕਲਦਾ, ਹਰ ਪੱਤੀ ਦੀ ਸੱਥ ਵਿਚ ਪੰਦਰਾਂ ਵੀਹ ਮਿੰਟ ਰੁਕਦਾ। ਦੋ ਦਿਨ ਦੀਵਾਨ ਲੱਗਦਾ, ਢਾਡੀ ਤੇ ਕਵੀਸ਼ਰ ਗੁਰੂ ਸਾਹਿਬਾਨ ਦੇ ਜੀਵਨ ਤੇ ਸਿੱਖ ਇਤਿਹਾਸ ਵਿਚੋਂ ਪ੍ਰਸੰਗ ਸੁਣਾਉਂਦੇ। ਢਾਡੀ ਬੀਰ ਰਸੀ ਵਾਰਾਂ ਗਾਉਂਦੇ। ਮਨੁੱਖੀ ਰਿਸ਼ਤਿਆਂ ਦੀ ਬਾਰੀਕ ਤੰਦ-ਤਾਣੀ ਛੋਂਹਦੇ। ਹਰ ਘਰ ਦੇ ਸਾਰੇ ਜੀਅ ਦੀਵਾਨ ਸੁਣਨ ਜਾਂਦੇ। ਉਹ ਉਸ ਦਿਨ ਉਸ ਨੂੰ ਦੀਵਾਨ ਸੁਣਨ-ਵੇਖਣ ਲੈ ਜਾਂਦੇ। ਉਹ ਢਾਡੀਆਂ ਤੇ ਕਵੀਸ਼ਰਾਂ ਤੋਂ ਸਿੱਖ ਇਤਿਹਾਸ ਦੇ ਪ੍ਰਸੰਗ ਸੁਣਦੀ। ਪਤਾ ਨਹੀਂ ਹੋਰ ਕੁਝ ਚੇਤੇ ਰਹਿੰਦਾ ਜਾਂ ਨਾ ਪਰ ਬੇਬੇ ਨਾਨਕੀ ਦਾ ਭਰਾ ਨੂੰ ਪਿਆਰ ਕਰਨ ਦਾ ਪ੍ਰਸੰਗ ਜਰੂਰ ਸੁਣਾਉਂਦੀ। ਉਸ ਵਿਚ ਉਹ ਆਪਣੀ ਉਡੀਕ ਦੇ ਰੰਗ ਭਰ ਦਿੰਦੀ।
“ਬੇਬੇ ਜੀ, ਨਾਨਕੀ ਭੈਣ ਤਾਂ ਵੱਡੀ ਸੀ ਬਾਬੇ ਨਾਨਕ ਤੋਂ। ਵੇਖਿਆ ਨਾ ਕਿਵੇਂ ਖਿਡਾਉਂਦੀ ਸੀ ਭੈਣ, ਆਪਣੇ ਵੀਰ ਨੂੰ। ਉਸ ਨੇ ਮੂਹਰੇ ਭੱਜੇ ਜਾਣਾ। ਨਾਨਕੀ ਨੇ ਅੱਖਾਂ ਮੀਚ ਕੇ ਭਰਾ ਨੂੰ ਯਾਦ ਕਰਨਾ। ਬਾਬੇ ਨਾਨਕ ਨੇ ਉਸ ਦੇ ਅੱਗੇ ਆ ਖੜ੍ਹਨਾ। ਬੇਬੇ ਗਿੰਦਰ ਤਾਂ ਮੁੜ ਕੇ ਨ੍ਹੀਂ ਆਇਆ। ਬੇਬੇ ਆਊ ਨਾ ਉਹ ਮਿਲਣ? ਇਹ ਕਹਿੰਦਿਆਂ ਉਸ ਦੇ ਚਿਹਰੇ ‘ਤੇ ਤਾਂਘ ਦੇ ਭਾਵ ਉਘੜ ਆਉਂਦੇ।
“ਜਰੂਰ ਆਊਗਾ! ਸੱਚ ਜਾਣੀਂ, ਜ਼ਰੂਰ ਆਊ। ਮੇਰੀ ਗੱਲ ਪੱਲੇ ਬੰਨ ਲੈ, ਖੱਟਣ ਕਮਾਉਣ ਗਏ ਕਈਆਂ ਦੇ ਤਾਂ ਪੰਦਰਾਂ-ਵੀਹ ਵੀਹ ਸਾਲ ਪਿਛੋਂ ਮੁੜੇ ਆ। ਆ ਦੇਖਿਆ ਨ੍ਹੀਂ ਤੈਂ, ਹਰਨਾਮੀ ਦਾ ਭਰਾ ਪੱਚੀ ਸਾਲ ਪਿਛੋਂ ਆਇਆ ਸੀ। ਚਾਰ ਪੈਸੇ ਕਮਾ ਕੇ ਲਿਆਇਆ। ਘਰ ਭਰ’ਤਾ ਸੀ, ਨਾਮੀ ਦਾ। ਨਾਲੇ ਉਹਨੇ ਨਾਨਕ ਛੱਕ ਦਾ ਚਾਰ ਹਜਾਰ ਭਰ ਕੇ ਸਿਰ ਉਚਾ ਕਰ’ਤਾ ਸੀ ਨਾਮੀ ਦਾ।”
ਸੁਣ ਕੇ ਉਹ ਬੇਬੇ ਵੱਲ ਬੜੀ ਜਗਿਆਸਾ ਨਾਲ ਵੇਖਦੀ। ਜਿਵੇਂ ਬੇਬੇ ਕੋਈ ਵੱਡਾ ਜੋਤਿਸ਼ੀ ਹੋਵੇ, ਕੋਈ ਸਾਧ-ਸੰਤ ਹੋਵੇ ਜਿਸ ਦੀ ਅਸੀਸ ਨਾਲ ਮੁੜ ਗਿੰਦਰ ਨੇ ਆ ਈ ਜਾਣਾ ਹੋਵੇ। ਬੇਬੇ ਦੇ ਸ਼ਬਦ ਉਸ ਅੰਦਰ ਆਸ ਦਾ ਦੀਵਾ ਜਗਾਈ ਰੱਖਦੇ।
ਉਸ ਦੇ ਮੁੰਡੇ ਦਾ ਵਿਆਹ ਹੋ ਗਿਆ। ਨ੍ਹਾਈ ਧੋਈ ਵੇਲੇ ਕੁੜੀਆਂ ਨੇ ਗੀਤ ਛੋਹ ਲਿਆ, “ਇਸ ਵੇਲੇ ਮਾਮਾ ਲੋੜੀਂਦਾ।”
ਉਸ ਨੇ ਜਠਾਣੀ ਦੇ ਵੱਡੇ ਭਰਾ ਨੂੰ ਹਾਕ ਮਾਰੀ, “ਬਾਈ ਸਾਡਾ ਡੰਗ ਜਾ ਸਾਰ ਦੇਹ? ਪਟੜੇ ਤੋਂ ਥੱਲੇ ਲਾਹ ਦੇ ਮੁੰਡੇ ਨੂੰ?”
“ਲਾਹ ਦਿਨਾਂ ਜੇ ਤੂੰ ਕਹਿਨੀ ਆਂ, ਕਰ ਦਿੰਨਾਂ ਵੇਲਾ ਪੂਰਾ।” ਜਠਾਣੀ ਦੇ ਭਰਾ ਨੇ ਮੁੰਡੇ ਨੂੰ ਨ੍ਹਾਈ ਧੋਈ ਵਾਲੇ ਪਟੜੇ ਤੋਂ ਚੁੱਕ ਕੇ ਥੱਲੇ ਲਾਹ ਦਿੱਤਾ, ਪਰ ਉਹ ਘਰ ਦੇ ਅੰਦਰ ਖੂੰਜੇ ‘ਚ ਖੜ੍ਹੀ ਕਿੰਨਾ ਹੀ ਚਿਰ ਡੁਸਕਦੀ ਰਹੀ।
ਵਿਆਹ ਤੋਂ ਚਾਰ ਪੰਜ ਦਿਨ ਪਿਛੋਂ ਉਹ ਥੱਕੀ-ਟੁੱਟੀ ਉਦਾਸ-ਉਦਾਸ ਸਾਡੇ ਘਰ ਆਈ। ਆਉਣ ਸਾਰ ਬੇਬੇ ਦੀ ਬੁੱਕਲ ‘ਚ ਭੁੱਬਾਂ ਮਾਰ ਕੇ ਰੋ ਪਈ। ਬੇਬੇ ਦੇ ਚੁੱਪ ਕਰਾਉਣ ‘ਤੇ ਵੀ ਉਹ ਚੁੱਪ ਨਹੀਂ ਸੀ ਹੋ ਰਹੀ।
“ਹੈ ਕੁੜੇ! ਖੁਸ਼ੀ ਸਮੇਂ ਰੋਂਦੇ ਚੰਗੇ ਨ੍ਹੀਂ ਲੱਗੀਦਾ। ਐਵਂੇ ਨ੍ਹੀਂ ਦਿਲ ਥੋੜ੍ਹਾ ਕਰੀਦਾ। ਬਥੇਰੀਆਂ ਦੇ ਭਰਾ ਸ਼ਰੀਕ ਬਣੇ ਬੈਠੇ ਆ। ਬੇਗਾਨੀਆਂ ਧੀਆਂ ਆਪਣੀ ਮਰਜੀ ਚਲਾਉਂਦੀਆਂ।”
“ਕੀ ਕਰਾਂ ਬੇਬੇ, ਮਨ ਉਛਲ ਆਉਂਦਾ। ਤੇਰੇ ਕੋਲ ਗੱਲਾਂ ਕਰਕੇ ਮਨ ਹੌਲਾ ਹੋ ਜਾਂਦਾ।” ਉਹ ਆਨੀ ਬਹਾਨੀਂ ਭਰਾ ਗਿੰਦਰ ਨੂੰ ਯਾਦ ਕਰਦੀ ਰਹਿੰਦੀ। ਉਸ ਦੇ ਬੋਲਾਂ ‘ਚੋਂ ਦਰਦ ਤੇ ਵੈਰਾਗ ਟਪਕਦੇ। ਇਹ ਗੱਲ ਕਰਦੀ ਦਾ ਉਸ ਦਾ ਚਿਤ ਹੋਰ ਦਾ ਹੋਰ ਈ ਹੋ ਜਾਂਦਾ।
ਭਾਬੀ ਨੂੰ ਟਿੱਚਰ ਕਰਕੇ ਮੈਨੂੰ ਬਹੁਤ ਅਨੰਦ ਆਉਂਦਾ। “ਹੈਨੀ ਲੱਸੀ-ਲੁੱਸੀ ਸਾਡੇ,” ਉਸ ਨੂੰ ਘਰ ਦਾ ਬਾਰ ਲੰਘੀ ਆਉਂਦੀ ਨੂੰ ਮੈਂ ਕਹਿੰਦਾ। ਉਹ ਸਿੱਧੀ ਮੇਰੇ ਕੋਲ ਆ ਕੇ ਮੇਰੀਆਂ ਗੱਲਾਂ ਫੜ ਕੇ ਹਿਲਾਉਂਦੀ ਤੇ ਬੇਬੇ ਕੋਲ ਚਲੀ ਜਾਂਦੀ। ਉਦੋਂ ਮੈਨੂੰ ਉਸ ਦੀਆਂ ਗੱਲਾਂ ਦੀ ਪੂਰੀ ਸਮਝ ਨਹੀਂ ਸੀ ਪੈਂਦੀ। ਮੇਰੇ ਲਈ ਤਾਂ ਉਹ ਮਖੌਲ ਤੇ ਮਨਪ੍ਰਚਾਵੇ ਤੋਂ ਵੱਧ ਕੁਝ ਵੀ ਨਹੀਂ ਸੀ ਹੁੰਦਾ। ਛੇ ਦਿਨ ਤਾਂ ਸਕੂਲ ਪੜ੍ਹਨ ਗਿਆਂ ਦੇ ਹੀ ਲੰਘ ਜਾਂਦੇ। ਐਤਵਾਰ ਹੀ ਰਹਿ ਜਾਂਦਾ, ਉਸ ਨਾਲ ਗੱਲਾਂ ਕਰਨ ਦਾ। ਇਸ ਦਿਨ ਸਵੇਰ ਵੇਲੇ ਉਠਣਾ ਤਾਂ ਬਹੁਤ ਔਖਾ ਹੁੰਦਾ, ਪਰ ਉਸ ਨਾਲ ਗੱਲਾਂ ਕਰਨ ਨੂੰ ਜੀਅ ਕਰਦਾ ਰਹਿੰਦਾ। ਉਸ ਦੇ ਆਉਣ ਤੋਂ ਪਹਿਲਾਂ ਹੀ ਉਠ ਖੜ੍ਹਦਾ।
ਕਹਿੰਦੇ ਨੇ ਉਸ ਦੇ ਮਾਤਾ-ਪਿਤਾ ਕੰਧ ਥੱਲੇ ਆ ਕੇ ਮਰ ਗਏ ਸਨ। ਤਿੰਨ ਦਿਨ ਮੂਸਲੇਧਾਰ ਮੀਂਹ ਪੈਂਦਾ ਰਿਹਾ। ਕੱਚੇ-ਕੋਠੇ, ਕੰਧਾਂ ਡਿੱਗ ਰਹੀਆਂ ਸਨ। ਇਨ੍ਹਾਂ ਦੀ ਵਿਹੜੇ ਵਿਚਲੀ ਕੰਧ ਡਿੱਗ ਪਈ। ਦੋਵੇਂ ਬੱਚਿਆਂ-ਭਾਬੀ ਤੇ ਉਸ ਦੇ ਭਰਾ ਗਿੰਦਰ ਨੂੰ ਨਾਨਾ-ਨਾਨੀ ਚੁੱਕ ਕੇ ਪਿੰਡ ਲੈ ਆਏ। ਅੱਠ ਸਾਲ ਦੇ ਗਿੰਦਰ ਨੂੰ ਉਸ ਦਾ ਚਚੇਰਾ ਮਾਮਾ ਆਪਣੇ ਨਾਲ ਬੰਬਈ ਲੈ ਗਿਆ। ਪਤਾ ਨਹੀਂ ਮਾਮੇ ਤੇ ਉਸ ਨਾਲ ਕੀ ਵਾਪਰਿਆ, ਕੋਈ ਉਘ-ਸੁੱਘ ਨਾ ਨਿਕਲੀ।
ਤੇਰਾਂ ਸਾਲ ਦੀ ਉਮਰੇ ਭਾਬੀ ਦਾ ਵਿਆਹ ਹੋ ਗਿਆ। ਦੋ ਸਾਲ ਬਾਅਦ ਨਾਨਾ-ਨਾਨੀ ਵੀ ਰੱਬ ਨੂੰ ਪਿਆਰੇ ਹੋ ਗਏ। ਭਾਬੀ ਦੀ ਪੇਕਿਆਂ ਵੱਲੋਂ ਸਾਰ ਲੈਣ ਵਾਲਾ ਕੋਈ ਨਾ ਰਿਹਾ।
ਹਰ ਐਤਵਾਰ ਉਹ ਜਰੂਰ ਆਉਂਦੀ। ਮੈਂ ਪਹਿਲਾਂ ਹੀ ਉਠਿਆ ਹੁੰਦਾ। ਉਹ ਆਉਂਦੀ ਸਭ ਤੋਂ ਪਹਿਲਾਂ ਮੇਰੇ ਨਾਲ ਗੱਲ ਕਰਦੀ, ਪਿਆਰ ਨਾਲ ਬੁਲਾਉਂਦੀ।
“ਅੱਜ ਤਾਂ ਪੜ੍ਹਾਕੂ ਉਠਿਆ ਬੈਠਾ। ਮੇਰਾ ਨਿੱਕਾ ਜਿਹਾ ਵੀਰ।” ਪਰ ਮੇਰੇ ਬੋਲਣ ਤੋਂ ਪਹਿਲਾਂ ਹੀ ਬੋਲ ਪੈਂਦੀ, “ਨਹੀਂ, ਪਿਆਰਾ ਪਿਆਰਾ ਦਿਉਰ।”
“ਚੱਲ ਕੀ ਫਰਕ ਪੈਂਦਾ। ਬੁਲਾਉਣਾ ਈ ਹੋਇਆ, ਕੁਝ ਕਹਿ ਲੈ। ਮਨ ਵਿਚ ਪਿਆਰ ਹੋਵੇ।” ਬੇਬੇ ਕਹਿੰਦੀ।
“ਭਾਬੀ ਹੋਰ ਤਾਂ ਠੀਕ ਆ, ਪਰ ਆਹ ਸੁੱਥਣ ਦਾ ਪਹੁੰਚਾ ਜਾ ਕਿਉਂ ਚੁੱਕੀ ਆਉਂਨੀ ਐਂ?” ਮੈਂ ਪੁੱਛਿਆ।
“ਸਾਰਾ ਦਿਨ ਤਾਂ ਇਸ ਨੂੰ ਇਕ ਮਿੰਟ ਦੀ ਵਿਹਲ ਨ੍ਹੀਂ। ਮੂੰਹ ਹੱਥ ਧੋਤਾ ਨ੍ਹੀਂ ਜਾਂਦਾ। ਵਿਚਾਰੀ ਕੋਲੇ ਪਿੰਜਣੀਆਂ ਈ ਰਹਿ ਜਾਂਦੀਆਂ ਦਿਖਾਉਣ ਨੂੰ। ਕੁੜੇ ਜਗੀਰ ਕੁਰੇ, ਨਾ ਚੁੱਕਿਆ ਕਰ ਪਹੁੰਚਾ ਜਿਹਾ।” ਬੇਬੇ ਮੁਸਕੜੀਏਂ ਹੱਸਦੀ। ਇਸ ਗੱਲ ਦੀ ਮੈਨੂੰ ਸਮਝ ਨਾ ਆਉਂਦੀ।
“ਬੇਬੇ ਇਹਨੂੰ ਕਹਿ ਦੇਹ ਹੱਥ ਮੂੰਹ ਧੋ ਕੇ ਆਇਆ ਕਰੇ, ਕੇਸ ਵਾਹ ਕੇ ਆਇਆ ਕਰੇ।”
“ਜਦੋਂ ਗਿੰਦਰ ਆਇਆ, ਮੈਂ ਕਹੂੰ ਗਿੰਦਰਾ ਸਾਕ ਕਰ ਦੇਹ ਭਤੀਜੀ ਦਾ ਮੇਰੇ ਦਿਉਰ ਨੂੰ। ਉਨ੍ਹੇ ਮੇਰੀ ਗੱਲ ਨ੍ਹੀਂ ਮੋੜਨੀ।” ਉਹ ਝਾਕਦੀ ਮੇਰੇ ਵੱਲ, ਗੱਲ ਕਰਦੀ ਬੇਬੇ ਨਾਲ।
ਇੱਕ ਦਿਨ ਸਵੇਰ ਵੇਲੇ ਆਈ। ਚਿਹਰੇ ‘ਤੇ ਮੁਸਕਰਾਹਟ ਸੀ। ਅੰਦਰੋਂ ਬਾਹਰੋਂ ਪੂਰੀ ਖਿੜ੍ਹੀ-ਖਿੜ੍ਹੀ। ਬੇਬੇ ਨੇ ਪੁੱਛਿਆ, “ਕਿਉਂ ਅੱਜ ਤਾਂ ਜਗੀਰ ਕੁਰੇ ਬਹੁਤ ਈ ਖੁਸ਼ ਲਗਦੀ ਐ?”
“ਤੇਰੇ ਪੁੱਤ ਨੇ ਬੁਲਾ ਲਿਆ ਸੀ। ਮੈਂ ਤਾਂ ਹੌਲੀ ਫੁੱਲ ਹੋ ਗਈ।” ਇਹ ਕਹਿੰਦੀ ਦਾ ਉਸ ਦਾ ਹਾਸਾ ਡੁੱਲ੍ਹ ਡੁੱਲ੍ਹ ਪੈਂਦਾ ਸੀ।
“ਝੂਠ ਮਾਰਦੀ ਆ। ਮੈਂ ਨ੍ਹੀਂ ਇਹਨੂੰ ਬੁਲਾਇਆ-ਬਲੁਇਆ।” ਬੇਬੇ ਤੇ ਜਗੀਰੋ ਭਾਬੀ ਦੀਆਂ ਵੱਖੀਂ ਪੀੜਾਂ ਪੈ ਰਹੀਆਂ ਸਨ, ਪਰ ਮੈਂ ਉਨ੍ਹਾਂ ਨੂੰ ਹੱਸਦੀਆਂ ਵੇਖ ਕੇ ਖਿਝ ਰਿਹਾ ਸਾਂ। “ਇਹ ਮੇਰੇ ਬੁਲਉਣ ਨਾਲ ਹੌਲੀ ਫੁੱਲ ਕਿਵੇਂ ਹੋ ਗਈ?” ਮੈਂ ਸੋਚਦਾ ਰਿਹਾ।
“ਬੂਝੜਾ! ਇਹ ਤੇਰੀ ਗੱਲ ਥੋੜੋ ਐ!” ਉਸ ਦੀਆਂ ਗੱਲਾਂ ਮੈਨੂੰ ਉਦੋਂ ਨਹੀਂ ਸੀ ਸਮਝ ਆਉਂਦੀਆਂ।
“ਭਾਬੀ ਵੀਰ ਦੇ ਬੋਤਾ ਬੰਨਣ ਵਾਲੀ ਗੱਲ ਸੁਣਾ।”
“ਵੇ ਤੂੰ ਹੀ ਸੁਣਦਾ ਮੇਰੀ ਗੱਲ। ਹੋਰ ਕੋਈ ਨ੍ਹੀਂ ਸੁਣਦਾ। ਤੈਨੂੰ ਸੁਣਾ ਕੇ ਮੇਰਾ ਚਿੱਤ ਹੌਲਾ ਹੋ ਜਾਂਦਾ। ਫਿਰ ਉਹ ਪੂਰੀ ਹੇਕ ਨਾਲ ਦਰਦ-ਭਿੱਜੀ ਮਧੁਰ ਅਵਾਜ਼ ਵਿਚ ਗਾਉਂਦੀ, “ਵੀਰ ਘਰ ਪੁੱਤ ਜੰਮਿਆ ਬਾਪੂ ਮੱਝੀਆਂ ਦੇ ਸੰਗਲ ਫੜਾਵੇ।” ਇਹ ਹੇਕ ਈ ਤਾਂ ਸੀ, ਜੋ ਦਿਲ ਨੂੰ ਧੂਹ ਪਾਉਂਦੀ।
ਮੈਂ ਜਾਣ ਕੇ ਕਹਿੰਦਾ, “ਮੱਝ ਤਾਂ ਲਾਲਚ ਵਾਲੀ ਗੱਲ ਹੋਈ ਨਾ!” ਉਹ ਕੋਈ ਜਵਾਬ ਨਾ ਦਿੰਦੀ, ਸਗੋਂ ਇਹ ਟੱਪਾ ਧੀਮੀ ਸੁਰ ਵਿਚ ਗਾਉਣ ਲੱਗ ਜਾਂਦੀ, “ਛੱਲੀਆਂ…ਵੀਰਾ ਤੈਨੂੰ ਦੁੱਧ ਦਾ ਛੰਨਾਂ। ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ।”
“ਸੱਸੇ ਤੇਰੀ ਮੱਝ ਮਰ’ਜੇ ਮੇਰੇ ਵੀਰ ਨੂੰ…।” ਇਹ ਬੋਲ ਉਸ ਤੋਂ ਸਿਰੇ ਨਾ ਲਗਦੇ।
ਇੱਕ ਦਿਨ ਮੇਰੇ ਬੋਸਕੀ ਦਾ ਧਾਰੀਦਾਰ ਪਜਾਮਾ ਪਾਇਆ ਹੋਇਆ ਸੀ। “ਦੇਖ ਭਾਬੀ, ਹੈ ਨਾ ਇਹ ਰੇਲ ਗੱਡੀ ਦੀਆਂ ਲੀਹਾਂ ਬੰਬੇ (ਬੰਬਈ) ਨੂੰ ਜਾਂਦੀਆਂ।” ਇਹ ਸੁਣ ਕੇ ਉਸ ਦੀਆਂ ਅੱਖਾਂ ‘ਚ ਲਿਸ਼ਕ ਆ ਗਈ। ਉਹ ਪਜਾਮੇ ਦੀਆਂ ਧਾਰੀਆਂ ਵੱਲ ਬੜੀ ਨੀਝ ਨਾਲ ਵੇਖਣ ਲੱਗ ਪਈ।
ਮੈਂ ਪਜਾਮੇ ਦੀਆਂ ਧਾਰੀਆਂ ‘ਤੇ ਪੋਟੇ ਫੇਰਦਿਆਂ ਮੁਸਕਰਾ ਕੇ ਕਹਿਣਾ, “ਵੇਖ ਰੇਲ ਬੰਬੇ ਨੂੰ ਸਿੱਧੀ-ਸਪਾਟ ਜਾਂਦੀ।”
“ਹੱਛਾ! ਸੱਚੀਂ। ਝੂਠ ਤਾਂ ਨ੍ਹੀਂ ਬੋਲਦਾ?”
“ਲੈ ਝੂਠ ਕਾਹਨੂੰ ਬੋਲਣਾ। ਆਹ ਵੇਖ ਲੀਹਾਂ ਸਿੱਧੀਆਂ ਸਪਾਟ ਬੰਬੇ ਤੱਕ ਜਾਂਦੀਆਂ।”
“ਬੰਬੇ ਤੱਕ, ਇੰਨੀ ਦੂਰ! ਸੱਚੀਂ! ਖਾਹ ਸਹੁੰ ਬਾਬੇ ਦੀ।” ਉਹ ਗੁਰੂ ਨਾਨਕ ਦੀ ਸਹੁੰ ਖਾਣ ਨੂੰ ਕਹਿੰਦੀ।
“ਨਾ, ਮੈਂ ਨੀ ਖਾਂਦਾ ਸਹੁੰ। ਸੱਚ ਮੰਨਣਾ ਤਾਂ ਮੰਨ, ਨਹੀਂ ਤਾਂ ਨਾ ਮੰਨ। ਤੇਰੀ ਮਰਜੀ।” ਮੈਂ ਇਹ ਕਹਿ ਕੇ ਦੂਜੇ ਪਾਸੇ ਨੂੰ ਮੂੰਹ ਕਰ ਲੈਣਾ।
ਇਕ ਦਿਨ ਮੇਰੇ ਨਾਲ ਗੱਲਾਂ ਕਰਦੀ ਨੇ ਝਿਜਕ ਕੇ ਪੁੱਛਿਆ, “ਨਾ ਫਿਰ ਇਸੇ ਲੀਹ ‘ਤੇ ਰੇਲ ਗੱਡੀ ਮੁੜ ਵੀ ਆਉਂਦੀ ਹੋਊ?”
“ਨਾ, ਉਧਰੋਂ ਨ੍ਹੀਂ ਮੁੜ ਕੇ ਆਉਂਦੀ। ਤੈਨੂੰ ਦੀਂਹਦੀ ਆ ਮੁੜਦੀ ਲੀਹ?”
“ਖਾਹ ਮੇਰੀ ਸਹੁੰ? ਮੁੜਦੀ ਨ੍ਹੀਂ!” ਉਸ ਦਾ ਚਿਹਰਾ ਇਕ ਦਮ ਉਦਾਸ ਹੋ ਗਿਆ।
“ਸਹੁੰ ਖਾਣ ਨੂੰ ਤੂੰ ਦੇਵੀ ਐਂ? ਬਈ ਤੂੰ ਮੈਨੂੰ ਸਰਾਪ ਦੇ ਦੇਂਗੀ।” ਮੈਂ ਕਹਿ ਤਾਂ ਬੈਠਾ, ਪਰ ਮੇਰਾ ਅੰਦਰ ਵੀ ਉਸ ਦੀ ਝੂਠੀ ਸਹੁੰ ਖਾਣ ਨੂੰ ਤਿਆਰ ਨਹੀਂ ਸੀ। ਉਹ ਤਾਂ ਮੇਰੇ ਸਾਹਮਣੇ ਜਿਉਂਦੀ ਜਾਗਦੀ ਦੇਵੀ ਖੜ੍ਹੀ ਸੀ। ਜਿਸ ਨਾਲ ਮੈਨੂੰ ਉਣਸ ਜਿਹੀ ਹੋ ਗਈ ਸੀ।
“ਪਜਾਮਾ ਕਿਤੇ ਫਟ ਨਾ ਜਾਵੇ; ਕਿਤੇ ਰੰਗ ਨਾ ਉਡ ਜਾਵੇ; ਇਹ ਸੋਚ ਕੇ ਮੈਂ ਵੀ ਉਸ ਨੂੰ ਸਵੇਰ ਵੇਲੇ ਐਤਵਾਰ ਨੂੰ ਹੀ ਪਾਉਂਦਾ। ਉਸ ਤੋਂ ਪਿੱਛੋਂ ਫਿਰ ਟਰੰਕ ਵਿਚ ਸਾਂਭ ਕੇ ਰੱਖ ਦਿੰਦਾ। ਉਹ ਆਉਂਦੀ। ਪਜਾਮੇ ਨੂੰ ਛੋਹੰਦੀ ਨਾ, ਧਾਰੀਆਂ ‘ਤੇ ਹੱਥ ਫੇਰ ਕੇ ਕਹਿੰਦੀ, “ਆ…ਆ…ਗਈ ਰੇਲ।”
ਇਕ ਦਿਨ ਮੈਂ ਸੁਭਾਵਿਕ ਕਹਿ ਬੈਠਾ, “ਵੇਖੀਂ ਕਿਤੇ ਇੰਜਣ ਨੂੰ ਹੱਥ ਨਾ ਲਾ ਲਈਂ। ਗਰਮ ਹੁੰਦਾ।” ਸੁਣ ਕੇ ਉਹ ਇਕ ਦਮ ਤ੍ਰਬਕ ਗਈ। ਉਹ ਹਰ ਐਤਵਾਰ ਮੇਰੇ ਕੋਲ ਖੜ੍ਹਦੀ। ਧਾਰੀਆਂ ਵੱਲ ਨੀਝ ਨਾਲ ਵੇਖਦੀ। ਇੱਕ ਦਿਨ ਮੈਂ ਉਹ ਪਜਾਮਾ ਨਾ ਪਾਇਆ। “ਕਿੱਧਰ ਗਈ ਰੇਲ ਗੱਡੀ? ਲੀਹ!” ਉਸ ਨੇ ਬਹੁਤ ਹੀ ਉਤੇਜਨਾ ਨਾਲ ਪੁੱਛਿਆ।
ਮੈਂ ਕੱਦ ਵਿਚ ਵਧਦਾ ਜਾਂਦਾ, ਪਜਾਮਾ ਬੋਦਾ ਹੋ ਕੇ ਫਟ ਜਾਂਦਾ। ਮੈਂ ਹੋਰ ਸੁਆ ਲੈਂਦਾ। ਮੇਰਾ ਵਾਧਾ ਰੁਕ ਗਿਆ। ਨਾਲ ਹੀ ਫੱਟਦਾਰ ਬੋਸਕੀ ਦਾ ਕੱਪੜਾ ਵੀ ਆਉਣੋਂ ਹਟ ਗਿਆ। ਮੈਂ ਆਖਰੀ ਪਜਾਮਾ ਬਹੁਤ ਹੀ ਸੰਭਾਲ ਕੇ ਰੱਖਿਆ। ਜਦੋਂ ਪਿੰਡ ਛੱਡ ਕੇ ਕਾਲਜ ਚਲਿਆ ਗਿਆ। ਮਹੀਨੇ ਪਿਛੋਂ ਪਿੰਡ ਆਉਂਦਾ, ਉਹ ਪਜਾਮਾ ਪਾ ਲੈਂਦਾ। ਉਸ ਦਾ ਉਹੀ ਸਵਾਲ, “ਨਾ ਸੱਚੀ! ਰੇਲ ਗੱਡੀ ਮੁੜਦੀ ਨ੍ਹੀਂ ਇਸ ਲੀਹ ‘ਤੇ?”
ਮੈਂ ਫੱਟੀਆਂ ‘ਤੇ ਉਂਗਲਾਂ ਫੇਰਦਾ ਹੱਸ ਕੇ ਕਹਿੰਦਾ, “ਦੱਸ ਕਿਵੇਂ ਮੁੜੂ ਇੰਜਣ ਵਾਪਸ?” ਪਰ ਉਹ ਇਉਂ ਇਕੱਠੀ ਜਿਹੀ ਹੋ ਜਾਂਦੀ ਜਿਵੇਂ ਉਸ ਅੰਦਰ ਕੁਝ ਟੁੱਟ ਗਿਆ ਹੋਵੇ, ਜਿਵੇਂ ਉਹ ਆਪਣੇ ਮਨ ਦੇ ਅਤ੍ਰਿਪਤ ਸੰਸਾਰ ਦੀ ਮੰਝਧਾਰ ਵਿਚ ਫਸ ਗਈ ਹੋਵੇ, ਜਿਵੇਂ ਉਹ ਇਸ ਬਣਾਉਟੀ ਗੱਲ ਤੋਂ ਬਾਹਰ ਨਾ ਆਉਣਾ ਚਾਹੁੰਦੀ ਹੋਵੇ।
ਮੈਂ ਕਾਲਜ ਦੀ ਪੜ੍ਹਾਈ ਵਿਚੇ ਛੱਡ ਕੇ ਬਾਹਰ ਚਲਾ ਗਿਆ। ਦੇਸ-ਪਰਦੇਸ ਦੇ ਧੱਕੇ। ਬਾਹਰਲੇ ਦੇਸ਼ਾਂ ਦੇ ਜੰਗਲਾਂ ਵਿਚ ਦੀ ਲੰਘਦੇ, ਚੋਰੀ ਛੁਪੇ ਲੁਕਦੇ-ਲੁਕਾਉਂਦੇ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਝਲਦੇ, ਕਿਤੇ ਤੁਰਨ ਦਾ, ਕਿਤੇ ਰੇਲ ਦਾ ਤੇ ਕਿਤੇ ਸਮੁੰਦਰੀ ਕਿਸ਼ਤੀਆਂ, ਅਜਨਬੀ ਲੋਕਾਂ ਵਿਚ ਅਜਨਬੀ ਬੋਲੀ ਬੋਲਦਿਆਂ, ਯੂਰਪੀ ਦੇਸ਼ਾਂ ‘ਚ ਦੀ ਧੱਕੇ ਖਾਂਦੇ ਕੈਨੇਡਾ ਪਹੁੰਚ ਗਏ। ਕੈਨੇਡਾ ‘ਚ ਚੋਰੀ ਛੁਪੇ ਕੰਮ, ਗਰੀਨ ਕਾਰਡ ਲੈਣ ਲਈ ਵਕੀਲਾਂ ਦੀ ਲੁੱਟ ਖਸੁੱਟ, ਦੇਸੀ ਮਾਲਕਾਂ ਦੀ ਵੱਧ ਕੰਮ ਤੇ ਘਟ ਉਜਰਤ ਨਾਲ ਝੱਗਾ ਚੌੜ ਕਰਾਉਂਦੇ ਤੇ ਗਰੀਨ ਕਾਰਡ ਲਈ ਹੋਰ ਜਾਇਜ਼ ਨਾਜਾਇਜ਼ ਹਰਬੇ ਵਰਤ ਕੇ ਤੇਰਾਂ ਸਾਲ ਬੀਤ ਗਏ। ਅਖੀਰ ਪੰਦਰਾਂ ਸਾਲ ਬਾਅਦ ਦੇਸ ਮੁੜਿਆ ਗਿਆ।
ਪਿੰਡ ਆਉਣ ਸਾਰ ਮੈਂ ਬੇਬੇ ਤੋਂ ਭਾਬੀ ਬਾਰੇ ਪੁੱਛਿਆ। ਬੇਬੇ ਨੇ ਉਸ ਬਾਰੇ ਮੇਰੀ ਪਿੰਡੋਂ ਗੈਰ ਹਾਜਰੀ ਦੀਆਂ ਗੱਲਾਂ ਛੋਹ ਲਈਆਂ। ਦੱਸਿਆ, “ਉਹ ਹਰ ਐਤਵਾਰ ਤੇਰੇ ਬਾਰੇ ਗੱਲ ਕਰਦੀ ਕਿ ਬੇਬੇ ਹੁਣ ਤਾਂ ਉਹ ਪਜਾਮਾ ਨ੍ਹੀਂ ਪਾਉਂਦਾ ਹੋਣਾ? ਹੁਣ ਤਾਂ ਪੈਂਟ ਪਾਉਂਦਾ ਹੋਊ? ਪਾਟ ਤਾਂ ਨ੍ਹੀਂ ਗਿਆ ਪਜਾਮਾ? ਟੁੱਟ ਤਾਂ ਨ੍ਹੀਂ ਗਈ ਗੱਡੀ ਰੇਲ?”
ਇਕ ਦਿਨ ਉਸ ਨੇ ਅਚੇਤ ਹੀ ਕਿਹਾ, “ਹੁਣ ਤੱਕ ਕਿਥੋਂ ਰਹਿ ਗਿਆ ਹੋਊ? ਪਤਾ ਨਹੀਂ ਇਹ ਗੱਲ ਉਸ ਨੇ ਗਿੰਦਰ ਬਾਰੇ ਕਹੀ ਸੀ ਜਾਂ ਮੇਰੇ ਬਾਰੇ, ਪਰ ਬੇਬੇ ਨੇ ਮੇਰੇ ਬਾਰੇ ਈ ਸਮਝਿਆ ਸੀ।
“ਕੁੜੇ ਬਚਪਨ ਦਾ ਹਾਸਾ ਮਖੌਲ ਤਾਂ ਪਿੱਛੇ ਰਹਿ ਗਿਆ। ਊਂ ਕਹਿੰਦਾ ਸੀ, ਬਈ ਇਸ ਸਿਆਲ ਤੱਕ ਤਾਂ ਆ ਈ ਜਾਊ। ਉਹਦੀ ਭਾਣਜੀ ਦਾ ਵਿਆਹ ਹੈ। ਨਾਨਕ ਛੱਕ ਤਾਂ ਭਰੂਗਾ ਈ ਆ ਕੇ।”
“ਜੇ ਨਾ ਆਇਆ, ਗਿੰਦਰ ਵਾਂਗੂੰ?” ਉਹ ਅੱਗੇ ਆਪਣੀ ਗੱਲ ਪੂਰੀ ਨਾ ਕਰ ਸਕੀ।
“ਕੁੜੇ ਸ਼ੁਭ ਸ਼ੁਭ ਬੋਲ, ਚੰਦਰੀਏ। ਤੇਰਾ ਗਿੰਦਰ ਤੇਰਾ ਹੋਊ। ਛਡਦੇ ਉਹਦਾ ਖਹਿੜਾ, ਉਨ੍ਹੇ ਨ੍ਹੀਂ ਆਉਣਾ ਹੁਣ। ਉਹ ਤਾਂ ਊਠਾਂ ਵਾਲੇ ਬਲੋਚਾਂ ਦੇ ਨਾਲ ਰਲ ਗਿਆ ਹੋਣਾ। ਸ਼ਹਿਰ ‘ਚ ਕੋਈ ਰੰਨ ਕਰ’ਲੀ ਹੋਊ। ਮੇਰਾ ਪੁੱਤ ਤਾਂ ਜਰੂਰ ਹੀ ਆਊ।” ਬੇਬੇ ਦੇ ਮਨ ਵਿਚ ਮੇਰਾ ਵਿਛੋੜਾ ਉਸ ਨੂੰ ਤੜਪਾ ਗਿਆ ਸੀ। ਉਹ ਉਸ ਨਾਲ ਬਹੁਤ ਹੀ ਨਾਰਾਜ਼ ਹੋ ਗਈ।
ਬੇਬੇ ਉਸ ਦੀ ਕਹੀ ਗੱਲ ਤੋਂ ਉਸ ਨਾਲ ਬਹੁਤ ਰੁੱਖੀ ਗੱਲ ਕਰਦੀ। ਬੇਬੇ ਦੀ ਇਹ ਬੇਰੁਖੀ ਵੇਖ ਕੇ ਉਹ ਇਕ ਦੋ ਵਾਰ ਹੀ ਘਰੇ ਆਈ। ਉਸ ਪਿਛੋਂ ਆਉਣਾ ਛੱਡ ਦਿੱਤਾ, ਪਰ ਮੈਨੂੰ ਇੰਜ ਲਗਦਾ ਇਸ ਦਾ ਅਸਲ ਕਾਰਨ ਬੇਬੇ ਦਾ ਗੁੱਸੇ ਹੋਣਾ ਤੇ ਮੇਰਾ ਘਰ ਵਿਚ ਨਾ ਹੋਣਾ ਸੀ। ਸ਼ਾਇਦ ਉਹ ਆਪਣੇ ਤਸੱਵਰ ਵਿਚ ਮੇਰੀ ਉਹੀ ਤਸਵੀਰ ਬਣਾਈ ਬੈਠੀ ਹੋਵੇ ਬਚਪਨ ਵਾਲੀ, ਜੋ ਮੇਰੇ ਜਵਾਨ ਹੋਣ ‘ਤੇ ਵੀ ਟੁੱਟੀ ਨਾ ਹੋਵੇ। ਉਸ ਦਾ ਇਕਲੌਤਾ ਮੁੰਡਾ ਵਿਆਹ ਕਰਵਾ ਕੇ ਬਾਹਰ ਸ਼ਹਿਰ ਚਲਾ ਗਿਆ। ਉਹ ਫਿਰ ਇਕੱਲੀ ਰਹਿ ਗਈ।
ਹੁਣ ਤੱਕ ਤਾਂ ਬੇਬੇ ਦੇ ਤੇਵਰ ਵੀ ਢਿੱਲ੍ਹੇ ਪੈ ਗਏ ਸਨ। ਇਕ ਦੋ ਵਾਰ ਬੇਬੇ ਉਸ ਨੂੰ ਉਚੇਚਾ ਮਿਲਣ ਗਈ। ਪਹਿਲਾਂ ਵਾਂਗ ਮੇਲ-ਜੋਲ ਹੋ ਗਿਆ।
“ਮੈਨੂੰ ਤਰਸ ਜਿਹਾ ਆਉਂਦਾ, ਉਸ ‘ਤੇ।” ਬੇਬੇ ਦੇ ਬੋਲਾਂ ‘ਚ ਪਿਆਰ ਤੇ ਤਰਸ ਦੇ ਦੋ ਰੰਗ ਇੱਕ ਹੋ ਗਏ ਸਨ।
“ਪਿਛਲੇ ਛੇ ਮਹੀਨੇ ਤੋਂ ਉਹ ਨਰਕ ਭੋਗਦੀ ਪਈ ਐ ਵਿਚਾਰੀ। ਭਲੇ ਬੰਦੇ ਦਾ ਕੋਈ ਯੁੱਗ ਨਹੀਂ ਰਿਹਾ। ਆਹ ਸਾਹਮਣੇ ਘਰ ਵੱਢ ਖਾਣਿਆਂ ਦਾ ਜ਼ੈਲਦਾਰ ਸੁਰੈਣਾ-ਸਾਰੀ ਉਮਰ ਉਸ ਨੇ ਕੋਈ ਚੰਗਾ ਕੰਮ ਨੀ ਕੀਤਾ। ਕੀੜੇ ਪੈਣੇ ਨੇ। ਅਧਰੰਗ ਦਾ ਦੌਰਾ ਪਿਆ। ਤੁਰਨ ਫਿਰਨ ਤੋਂ ਆਹਰੀ ਹੋਇਆ ਪਿਆ। ਐਥੇ ਪਿਆ ਨਰਕ ਭੋਗਦਾ ਕੁੱਤੇ ਦੀ ਜੂਨ। ਨੂੰਹ-ਪੁੱਤ ਭੋਰਾ ਨ੍ਹੀਂ ਸਿਆਣਦੇ। ਭਲੇ ਘਰ ਦੀ ਧੀ ਤੇਰੀ ਭਾਬੀ, ਪਰ ਪੁੱਤ! ਕਹਿੰਦੇ ਨੇ, ਭਲੇ ਦਾ ਸਮਾਂ ਨ੍ਹੀਂ। ਉਹ ਸਭ ਤੋਂ ਚੋਰੀ ਉਸ ਨੂੰ ਪਾਣੀ ਦਾ ਗਲਾਸ ਭਰ ਕੇ ਦੇ ਆਉਂਦੀ। ਹੌਲੀ ਹੌਲੀ ਇਸ ਦਾ ਪਤਾ ਉਹਦੀਆਂ ਕੀੜੇ-ਪੈਣੀਆਂ ਨੂੰਹਾਂ ਨੂੰ ਲੱਗ ਗਿਆ। ‘ਸਾਡੇ ਘਰ ਆਉਣ ਦਾ ਕੋਈ ਕੰਮ ਨ੍ਹੀਂ।’ ਉਨ੍ਹਾਂ ਤਾੜਨਾ ਕੀਤੀ। ਗੁੱਸੇ ‘ਚ ਆ ਕੇ ਜਰਨੈਲ ਨੇ ਤੇਰੀ ਭਾਬੀ ਨੂੰ ਬਹੁਤ ਕੁੱਟਿਆ। ਅਜਿਹੇ ਜ਼ੋਰ ਨਾਲ ਧੱਕਾ ਦਿੱਤਾ ਕਿ ਉਸ ਦਾ ਚੂਲਾ ਟੁੱਟ ਗਿਆ।”
“ਕਿੰਨੇ ਚਿਰ ਤੋਂ ਉਹ ਬੀਮਾਰ ਆ। ਹੁਣ ਤਾਂ ਪੰਦਰਾਂ ਦਿਨ ਦੀ ਮੰਜੇ ‘ਤੇ ਪਈ ਆ ਵਿਚਾਰੀ। ਹੱਡੀਆਂ ਦੀ ਮੁੱਠ ਬਣ ਗਈ। ਮੈਂ ਇੱਕ ਦੋ ਵਾਰ ਪਤਾ ਕਰਨ ਗਈ ਸੀ। ਉਹੀ ਪੁਰਾਣੀ ਰੱਟ ਲਾ ਕੇ ਬਹਿ ਗਈ। ਤੇਰੀ, ਪਜਾਮੇ ਦੀ, ਪਜਾਮੇ ਦੀਆਂ ਧਾਰੀਆਂ ਤੇ ਰੇਲ ਗੱਡੀ ਦੀਆਂ ਲੀਹਾਂ ਵਾਲੀ। ਗਿੰਦਰ ਦੀ। ਇਹ ਕਹਿੰਦੀ ਉਹ ਹਫ ਜਿਹੀ ਗਈ। ਉਤੋਂ ਚੰਦਰੀ ਬੇਰਹਿਮ ਜਠਾਣੀ ਗੁਰਦੇਵ ਕੌਰ ਬੋਲੀ, ‘ਬੇਬੇ ਜੀ ਡਮਾਗ ਹਿੱਲ ਗਿਆ ਇਹਦਾ। ਸਾਰੀ ਉਮਰ ਤਾਂ ਉਨ੍ਹੇ ਬੱਤੀ ਨ੍ਹੀਂ ਬਾਹੀ। ਇਹ ਢਕਵੰਜ ਕਰਨੋਂ ਨੀ ਹਟਦੀ।’ ਗੁਰਦੇਵ ਦੇ ਇਹ ਸ਼ਬਦ ਸੁਣ ਕੇ ਤਾਂ ਮੈਨੂੰ ਵੀ ਬਹੁਤ ਦੁੱਖ ਹੋਇਆ। ਆਹ ਵੇਖ, ਉਹਦੇ ਘਰ ਆਲੇ ਨੂੰ। ਉਸ ਨੂੰ ਚੜ੍ਹਦੀ-ਲਹਿੰਦੀ ਦਾ ਕੋਈ ਫਿਕਰ ਨ੍ਹੀਂ, ਫਾਹਾ ਦੇਣੇ ਨੂੰ। ਫਾਹੇ ਦੇਣੈ ਇਹੋ ਜਿਹਾ ਘਰ ਆਲਾ। ਇਹਤੋਂ ਤਾਂ ਤੀਮੀ ਰੰਡੀ ਚੰਗੀ।”
ਇੱਕ ਮਿੰਟ ਚੁੱਪ ਕਰਕੇ ਬੇਬੇ ਨੇ ਫਿਰ ਕਿਹਾ, “ਪਰਸੋਂ ਫਿਰ ਪਤਾ ਲੈ ਕੇ ਆਈ ਆਂ। ਅੱਖਾਂ ਅੰਦਰ ਧਸੀਆਂ ਪਈਆਂ ਵਿਚਾਰੀ ਦੀਆਂ। ਉਦੋਂ ਉਸ ਤੋਂ ਬੋਲ ਨ੍ਹੀਂ ਹੋਇਆ। ਮੈਂ ਹੀ ਤੇਰੇ ਆਉਣ ਦੀ ਗੱਲ ਦੱਸੀ। ਸੁਣ ਕੇ ਚਿਹਰੇ ‘ਤੇ ਮੁਸਕਾਨ ਆ ਗਈ। ਉਹ ਬਹੁਤ ਹੀ ਹੌਲੀ ਬੋਲੀ। ਉਸ ਨੇ ਸੱਜੇ ਪਾਸੇ ਨੂੰ ਅਹੁਲਣਾ ਚਾਹਿਆ। ਮੈਂ (ਬੇਬੇ) ਉਸ ਨੂੰ ਸੱਜੀ ਵੱਖੀ ‘ਤੇ ਪਾ ਦਿੱਤਾ। ਅੱਖਾਂ ਵਿਚ ਹੰਝੂ ਸਨ, ਮੈਂ ਪੂੰਝ ਦਿੱਤੇ। ਮੈਥੋਂ ਹੋਰ ਬਹੁਤਾ ਚਿਰ ਖੜ੍ਹਿਆ ਨਾ ਗਿਆ, ਵਾਪਸ ਚਲੀ ਆਈ।”
ਮੈਂ ਪਜਾਮਾ ਹੱਥ ਵਿਚ ਲੈ ਕੇ ਉਸ ਦਾ ਪਤਾ ਲੈਣ ਚਲਾ ਗਿਆ। ਬੇਬੇ ਦੋ ਮਿੰਟ ਪਹਿਲਾਂ ਹੀ ਉਥੇ ਪਹੁੰਚ ਗਈ ਸੀ। ਉਸ ਨੂੰ ਬੇਬੇ ਤੇ ਉਥੇ ਹੋਰ ਬੈਠੀ ਇਕ ਬੁੜ੍ਹੀ ਨੇ ਪਿੱਛੋਂ ਸਹਾਰਾ ਦੇ ਕੇ ਉਠਾਇਆ ਅਤੇ ਬੇਬੇ ਨੇ ਉਸ ਨੂੰ ਆਪਣੇ ਪੱਟਾਂ ‘ਤੇ ਪਾ ਲਿਆ। ਮੈਂ ਪਜਾਮਾ ਪੌਂਚਿਆਂ ਵਾਲੇ ਪਾਸਿਓਂ ਫੜ੍ਹ ਕੇ ਕਿਹਾ, “ਭਾਬੀ ਤਕੜੀ ਹੋ। ਕੁਛ ਨ੍ਹੀਂ ਹੁੰਦਾ ਤੈਨੂੰ। ਵੇਖ ਭਾਬੀ ਇੱਧਰ ਨੂੰ ਲੀਹਾਂ ਆਉਂਦੀਆਂ। ਬੰਬੇ ਤੋਂ ਸਿੱਧੀਆਂ ਇਧਰ ਨੂੰ। ਇੰਜਣ ਆਉਂਦਾ ਇਦ੍ਹੇ ‘ਤੇ ਛੱਕ ਛੱਕ ਕਰਦਾ। ਵਾਪਸ।” ਮੈਂ ਪਜਾਮਾ ਉਸ ਦੇ ਹੱਥਾਂ ਕੋਲ ਕਰ ਦਿੱਤਾ। ਮੈਂ ਉਸ ਦੇ ਹੱਥ ਫੜ੍ਹ ਕੇ ਉਸ ਦੀਆਂ ਉਂਗਲਾਂ ਪਜਾਮੇ ਦੀਆਂ ਧਾਰੀਆਂ ‘ਤੇ ਫੇਰਦਾ ਗਿਆ। ਪਜਾਮਾ ਗੋਡਿਆਂ ਕੋਲੋ ਫਟ ਗਿਆ ਸੀ। ਗੋਡੇ ਕੋਲ ਆ ਕੇ ਉਸ ਦੀਆਂ ਉਂਗਲਾਂ ਦੇ ਪੋਟੇ, ਪਾਟੇ ਥਾਂ ਵਿਚ ਫਸ ਗਏ।
“ਲੀਹ…ਟੁੱਟ…ਗਈ!” ਆਪਣੇ ਆਪ ਨੂੰ ਇਕੱਠਾ ਕਰਕੇ ਮਸੀਂ ਬੋਲੀ ਤੇ ਉਸ ਦਾ ਸਾਹ ਚੜ੍ਹ ਗਿਆ। ਉਹ ਬੇਬੇ ਦੀ ਬੁੱਕਲ ਵਿਚ ਹੀ ਲੁੜ੍ਹਕ ਗਈ।