ਸਿਰੜੀ ਤੇ ਹਾਜ਼ਰ ਜੁਆਬ ਐ ਬਾਈ ਕੰਵਲ!

ਜਸਵੰਤ ਸਿੰਘ ਕੰਵਲ ਦੀ ਝੰਡੀ-2
ਸਾਹਿਤ ਰਤਨ ਜਸਵੰਤ ਸਿੰਘ ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋ ਗਿਐ। ਉਸ ਨੇ ਅੱਸੀ ਸਾਲ ਲਿਖਣ ਤੇ ਸੌ ਸਾਲ ਜਿਉਂਦੇ ਰਹਿਣ ਦਾ ਰਿਕਾਰਡ ਰੱਖ ਦਿੱਤੈ। ਵਿਸ਼ਵ ਭਰ ਦੀਆਂ ਭਾਸ਼ਾਵਾਂ ‘ਚ ਸ਼ਾਇਦ ਹੀ ਕੋਈ ਨਾਮੀ ਸਾਹਿਤਕਾਰ ਹੋਵੇ ਜਿਸ ਨੇ ਅੱਸੀ ਵਰ੍ਹੇ ਲਗਾਤਾਰ ਲਿਖਿਆ ਹੋਵੇ ਤੇ ਸੌ ਸਾਲ ਜੀਵਿਆ ਹੋਵੇ। ਵਡਉਮਰੇ ਬਰਨਾਰਡ ਸ਼ਾਅ, ਬਰਟਰੰਡ ਰੱਸਲ ਤੇ ਖੁਸ਼ਵੰਤ ਸਿੰਘ ਜਿਹੇ ਨਾਮਵਰ ਲੇਖਕ ਸੈਂਚਰੀ ਮਾਰਦੇ ਮਾਰਦੇ ਰਹਿ ਗਏ। ਆਖਰ ਇਹ ਸੈਂਚਰੀ ਮਾਰਨੀ ਇਕ ਪੰਜਾਬੀ ਲੇਖਕ ਦੇ ਹਿੱਸੇ ਆਈ।

ਆਲੋਚਕ ਤੇ ਲੇਖਕ, ਸਭ ਮੰਨਦੇ ਹਨ ਕਿ ਕੰਵਲ ਨੇ ਪੰਜਾਬੀ ਦੇ ਸਭ ਤੋਂ ਵੱਧ ਪਾਠਕ ਪੈਦਾ ਕੀਤੇ ਹਨ।

ਪ੍ਰਿੰ. ਸਰਵਣ ਸਿੰਘ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਜਸਵੰਤ ਸਿੰਘ ਕੰਵਲ ਅਲਬੇਲਾ, ਅਨੋਖਾ, ਦਿਲਚਸਪ ਤੇ ਦਿਲਦਾਰ ਲੇਖਕ ਹੈ। ਉਹ ਨਾਵਲਕਾਰ ਵੀ ਹੈ, ਕਹਾਣੀਕਾਰ ਵੀ, ਕਵੀ ਵੀ ਤੇ ਨਿਬੰਧਕਾਰ ਵੀ। ਉਸ ਨੇ ਰੇਖਾ ਚਿੱਤਰ ਵੀ ਲਿਖੇ ਹਨ। ਉਹ ਜਜ਼ਬਾਤੀ, ਰੁਮਾਂਟਿਕ ਤੇ ਆਦਰਸ਼ਵਾਦੀ ਹੈ। ਉਹਦੀ ਸ਼ੈਲੀ ਲੋਹੜੇ ਦੀ ਹੈ ਤੇ ਉਹ ਪੰਜਾਬੀਅਤ ਦਾ ਸ਼ੈਦਾਈ ਹੈ। ਮਾੜਾ ਮੋਟਾ ਪੰਗੇ-ਹੱਥਾ ਵੀ ਹੈ। ਅਕਸਰ ਅੜਦਾ ਹੈ ਤੇ ਅੜ ਕੇ ਮੰਨਦਾ ਹੈ। ਉਹਦੀ ਅੜੀ ਸੱਚਮੁੱਚ ਹੀ ਜੱਟਾਂ ਵਾਲੀ ਹੈ। ਲੰਘ ਜਾਣ ਤਾਂ ਗੱਡੇ ਲੰਘ ਜਾਣ, ਅੜ ਜਾਵੇ ਤਾਂ ਕੀੜੀ ਨਹੀਂ ਲੰਘਣ ਦਿੰਦਾ। ਬੁਨਿਆਦੀ ਤੌਰ ‘ਤੇ ਉਹ ਸੁਹਿਰਦ ਸਾਹਿਤਕਾਰ ਹੈ। ਪੰਜਾਬੀ ਵਿਚ ਉਸ ਦੇ ਪਾਠਕ ਸਭ ਤੋਂ ਵੱਧ ਹਨ। ਇਸੇ ਕਰਕੇ ਉਹ ਸਭ ਤੋਂ ਵੱਧ ਰਾਇਲਟੀ ਲੈਂਦੈ। ਪ੍ਰਕਾਸ਼ਕਾਂ ਨਾਲ ਉਹਦੀ ਅੜ-ਫਸ ਹੁੰਦੀ ਹੀ ਰਹਿੰਦੀ ਹੈ। ਕਿਸੇ ਨਾਲ ਰੁੱਸ ਜਾਂਦੈ, ਕਿਸੇ ਨਾਲ ਮੰਨ ਜਾਂਦੈ। ਲਾਹੌਰ ਬੁੱਕ ਸ਼ਾਪ ਵਾਲੇ ਜੀਵਨ ਸਿੰਘ ਨਾਲ ਆੜੀ ਵੀ ਰਹੀ ਤੇ ਵਿਗੜੀ ਵੀ ਰਹੀ।
ਚਿੱਠੀਆਂ ਦੇ ਦੌਰ ਵਿਚ ਉਹਨੂੰ ਪਾਠਕਾਂ ਦੀਆਂ ਸੈਂਕੜੇ ਚਿੱਠੀਆਂ ਆਉਂਦੀਆਂ ਰਹੀਆਂ। ਉਹ ਉਨ੍ਹਾਂ ਦਾ ਜੁਆਬ ਵੀ ਦਿੰਦਾ ਰਿਹਾ। ਬਹੁਤੀਆਂ ਦਾ ਜਵਾਬ ਪੋਸਟ ਕਾਰਡਾਂ ਉਤੇ ਹੁੰਦਾ। ਉਸ ਦੀਆਂ ਪਾਠਕਾਂ ਨੂੰ ਲਿਖੀਆਂ ਚਿੱਠੀਆਂ ਹੀ ‘ਕੱਠੀਆਂ ਕਰਨੀਆਂ ਹੋਣ ਤਾਂ ਉਨ੍ਹਾਂ ਦਾ ਵੱਡਾ ਸੰਗ੍ਰਿਹ ਬਣ ਸਕਦੈ। ਚਿੱਠੀਆਂ ‘ਚੋਂ ਉਹਨੇ ਖੱਟਿਆ ਵੀ ਬਹੁਤ। ਡਾ. ਜਸਵੰਤ ਗਿੱਲ ਉਹਨੂੰ ਚਿੱਠੀਆਂ ਰਾਹੀਂ ਹੀ ਮਿਲੀ। ਕੰਵਲ ਦੀ ਲਿਖਾਈ ਖੁਸ਼ਖਤ ਹੈ। ਸਿਹਾਰੀਆਂ ਬਿਹਾਰੀਆਂ ਲੰਮੀਆਂ ਲਾਉਂਦੈ ਜਿਵੇਂ ਅੱਖਰਾਂ ਦੇ ਸਿਰਾਂ ਉਤੇ ਜ਼ੁਲਫਾਂ ਸਜਾਈਆਂ ਹੋਣ। ਲਿਖਦਾ ਸੰਘਣੈ, ਪਰ ਅੱਖਰ ‘ਤੇ ਅੱਖਰ ਜਾਂ ਸਤਰ ‘ਤੇ ਸਤਰ ਨਹੀਂ ਚਾੜ੍ਹਦਾ। ਅੱਖਰ ਇਕਸਾਰ ਚਿਣੇ ਹੁੰਦੇ ਨੇ।
ਕੰਵਲ ਦਾ ਲਿਖਿਆ ਇਕ ਸਫਾ ਕਿਤਾਬ ਦਾ ਡੇਢ ਸਫਾ ਬਣ ਜਾਂਦੈ। ਲਿਖਤ ‘ਚ ਉਹ ਬਹੁਤੀ ਕੱਟ ਵੱਢ ਨਹੀਂ ਕਰਦਾ। ਲਿਖਦਾ ਕਲਿਪ ਨਾਲ ਟੰਗੇ ਤਖਤੀ ਉਤਲੇ ਕਾਗਜ਼ਾਂ ਉਤੇ ਹੈ। ਕਾਗਜ਼ਾਂ ਦਾ ਉਹ ਪੂਰਾ ਸਰਫਾ ਕਰਦੈ। ਕਈ ਵਾਰ ਤਾਂ ਉਨ੍ਹਾਂ ਕਾਗਜ਼ਾਂ ਨੂੰ ਵੀ ਵਰਤ ਲੈਂਦੈ, ਜਿਨ੍ਹਾਂ ਦਾ ਇਕ ਪਾਸਾ ਛਪਿਆ ਤੇ ਦੂਜਾ ਪਾਸਾ ਖਾਲੀ ਹੁੰਦੈ। ਉਂਜ ਵੀ ਉਹ ਸੰਜਮੀ ਤੇ ਸਰਫੇ-ਹੱਥਾ ਹੈ। ਮੈਂ ਉਸ ਨੂੰ ਕਦੇ ਖੁੱਲ੍ਹਾ ਖਰਚਾ ਕਰਦੇ ਨਹੀਂ ਵੇਖਿਆ, ਪਰ ਵਿਦਿਅਕ ਸੰਸਥਾਵਾਂ ਨੂੰ ਬਣਦਾ ਸਰਦਾ ਦਾਨ ਦੇਣ ‘ਚ ਉਹ ਕਦੇ ਨਹੀਂ ਖੁੰਝਿਆ, ਦਿੰਦਾ ਭਾਵੇਂ ਸੀਮਤ ਸੀ। ਪਿੰਡ ਦੀ ਹਰ ਸਾਂਝੀ ਜਗ੍ਹਾ ਵਿਚ ਉਸ ਦਾ ਯੋਗਦਾਨ ਹੈ। ਢੁੱਡੀਕੇ ਕਾਲਜ ਦੇ ਤਕੜੇ ਖਿਡਾਰੀਆਂ ਦੀ ਉਸ ਨੇ ਹਮੇਸ਼ਾ ਹੌਸਲਾ ਅਫਜ਼ਾਈ ਕੀਤੀ ਤੇ ਢੁੱਡੀਕੇ ਦੇ ਖੇਡ ਮੇਲੇ ਵਿਚ ਖਿਡਾਰੀਆਂ ਦੇ ਸਿਰਾਂ ਤੋਂ ਇਨਾਮ ਵਾਰੇ। ਇਕ ਵਾਰ ਕਿਸੇ ਖਿਡਾਰੀ ਨੂੰ ਸੌ ਰੁਪਿਆ ਦਿੱਤਾ ਤਾਂ ਲਾਲਾ ਮੋਹਨ ਲਾਲ ਕਹਿਣ ਲੱਗਾ, “ਇਕ ਸੌ ਇਕ ਦਿਓ।”
ਕੰਵਲ ਦੀ ਹਾਜ਼ਰ ਜੁਆਬੀ ਵੇਖੋ, “ਲਾਲਾ, ਜਿਹੜਾ ਸੌ ਦਿੰਦਾ ਉਹ ਇਕ ਸੌ ਇਕ ਵੀ ਦੇ ਦਿਊ, ਪਰ ਤੂੰ ਲਾਲਿਆਂ ਵਾਲੀ ਗੱਲ ਈ ਕੀਤੀ।”
ਹੁਣ ਮੈਂ ਕੈਨੇਡਾ ਤੋਂ ਜਾ ਕੇ ਕੰਵਲ ਨੂੰ ਮਿਲਦਾ ਤੇ ਸਿਹਤ ਬਾਰੇ ਪੁੱਛਦਾ ਹਾਂ ਤਾਂ ਉਹਦਾ ਜਵਾਬ ਹੁੰਦੈ, “ਮੇਰੀ ਸਿਹਤ ਤਾਂ ਠੀਕ ਐ, ਪਰ ਪੰਜਾਬ ਦੀ ਖਰਾਬ ਐ। ਬਚਾ ਲਓ, ਜੇ ਬਚਾ ਹੁੰਦਾ। ਮੈਂ ਬਥੇਰੀਆਂ ਦੁਹਾਈਆਂ ਦੇ ਰਿਹਾਂ, ਪਰ ਕੋਈ ਸੁਣ ਈ ਨ੍ਹੀਂ ਰਿਹਾ। ਪੰਜਾਬ ਖੁਰ ਰਿਹੈ, ਖਤਮ ਹੋ ਰਿਹੈ, ਕੀ ਬਣੂੰ ਪੰਜਾਬ ਦਾ? ਪੂਰਬੀਆਂ ਦੀਆਂ ਧਾੜਾਂ ਚੜ੍ਹੀਆਂ ਆਉਂਦੀਆਂ ਨੇ, ਪੰਜਾਬ ਨੇ ਘੱਟ ਗਿਣਤੀ ‘ਚ ਰਹਿ ਜਾਣੈ। ਪੰਜਾਬ ਦੀ ਕਰੀਮ ਬਾਹਰ ਨੂੰ ਤੁਰੀ ਜਾਂਦੀ ਐ ਤੇ ਹਿੰਦਵੈਣ ਪੰਜਾਬ ਨੂੰ ਤੁਰੀ ਆਉਂਦੀ ਐ। ਪੰਜਾਬ ਦਾ ਆਪਣੇ ਕੌਮੀ ਘਰ ਬਿਨਾ ਨਹੀਂ ਸਰਨਾ। ਕੌਮੀ ਘਰ ਬਿਨਾ ਕਾਹਦੀ ਇੱਜਤ? ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇਹ, ਜੇ ਤੂੰ ਏਵੇਂ ਰਖਸੀ ਜੀਉ ਸਰੀਰਹੁ ਲੇਹ।”
ਅੱਜ ਕੱਲ੍ਹ ਉਹਦੇ ਬੋਲਾਂ ਤੇ ਲਿਖਤਾਂ ਵਿਚ ਉਲਾਂਭੇ ਹਨ, ਮਿਹਣੇ ਹਨ, ਵੈਣ ਹਨ ਤੇ ਕੀਰਨੇ ਹਨ। ਤੜਪ ਹੈ, ਝੋਰਾ ਹੈ ਤੇ ਝੁੰਜਲਾਹਟ ਹੈ। ਉਹ ਸਿਆਸੀ ਨੇਤਾਵਾਂ ਨੂੰ ਆਰਾਂ ਲਾਉਂਦਾ ਹੈ ਤੇ ਕਈ ਵਾਰ ਬੋਲ ਕਬੋਲ ਬੋਲਦਾ ਉਖੜਿਆ ਲੱਗਦਾ ਹੈ। ਉਨ੍ਹਾਂ ਦੇ ਨਾਂ ਖੁੱਲ੍ਹੀਆਂ ਚਿੱਠੀਆਂ ਛਪਵਾਉਂਦਾ ਰਿਹਾ ਹੈ। ਭੱਈਆਂ ਦੇ ਪੰਜਾਬ ਆਉਣ ਅਤੇ ਪੰਜਾਬੀਆਂ ਦੇ ਬਾਹਰ ਜਾਣ ‘ਤੇ ਔਖਾ ਹੈ। ਉਹ ਸ਼ਾਇਦ ਭੁੱਲ ਗਿਆ ਹੈ ਕਿ ਪੰਜਾਬ ਸਦਾ ਹੀ ਆਉਣ-ਜਾਣ ਵਾਲਿਆਂ ਦੀ ਧਰਤੀ ਰਹੀ ਹੈ। ਇਥੇ ਲੋਕ ਆਉਂਦੇ ਵੀ ਰਹੇ ਤੇ ਜਾਂਦੇ ਵੀ ਰਹੇ। ਕੁਝ ਵਸ ਗਏ, ਕੁਝ ਉਜੜ ਗਏ।
ਆਰੀਆਂ ਦੇ ਆਉਣ ਤੋਂ ਪਹਿਲਾਂ ਵਾਲੇ ਪੰਜਾਬੀ ਦਰਾਵੜ ਤਾਂ ਧੱਕੀਂਦੇ ਸ੍ਰੀਲੰਕਾ ਤਕ ਪਹੁੰਚ ਗਏ। ਜੈਸਲਮੇਰ ਦੇ ਸਿੱਧੂ ਰਾਜਪੂਤ ਪੰਜਾਬ ਦੀਆਂ ਸਿੱਖ ਰਿਆਸਤਾਂ ਦੇ ਰਾਜੇ ਮਹਾਰਾਜੇ ਬਣੇ। ਹੁਣ ਉਨ੍ਹਾਂ ਨੂੰ ਰਾਜਸਥਾਨੀ ਕਹੋਗੇ ਜਾਂ ਪੰਜਾਬੀ? ਪੰਜਾਬ ਉਸੇ ਦਾ ਹੋਣਾ, ਜੀਹਨੇ ਪੰਜਾਬ ਵਿਚ ਵਸਣੈ। ਭੱਈਏ ਆ ਵਸਣਗੇ ਤਾਂ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਡ ਵਡੇਰਿਆਂ ਵਾਂਗ ਪੰਜਾਬੀ ਬਣ ਜਾਣਗੇ। ਹੁਣ ਵੀ ਸਰਕਾਰੀ ਸਕੂਲਾਂ ਵਿਚ ਪੰਜਾਬੀ ਵਧੇਰੇ ਕਰ ਕੇ ਭੱਈਆਂ ਦੇ ਬੱਚੇ ਪੜ੍ਹ ਰਹੇ ਹਨ, ਜਦ ਕਿ ਖਾਂਦੇ ਪੀਂਦੇ ਪੰਜਾਬੀਆਂ ਦੇ ਬੱਚੇ ਅੰਗਰੇਜ਼ੀ ਤੇ ਹਿੰਦੀ ਦੇ ਲੜ ਲੱਗ ਰਹੇ ਹਨ। ਦੱਸੋ ਕਿਹੜਾ ਅਸਲੀ ਪੰਜਾਬੀ ਹੈ ਤੇ ਕਿਹੜਾ ਨਾਉਂਧਰੀਕ?
ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਸਦੀਆਂ ਤੋਂ ਕਿਰਤੀ ਕਾਮਿਆਂ ਤੇ ਆਮ ਲੋਕਾਈ ਨੇ ਅਪਨਾਇਆ ਹੈ। ਹੁਕਮਰਾਨ ਤੇ ਧਨਵਾਨ ਤਾਂ ਸਦਾ ਹੀ ਲੋਕ ਬੋਲੀ ਤੇ ਸਭਿਆਚਾਰ ਤੋਂ ਕੰਨੀ ਕਤਰਾਉਂਦੇ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਸਮੇਂ ਪੰਜਾਬੀ ਰਾਜ ਭਾਸ਼ਾ ਨਹੀਂ ਸੀ ਬਣਾਈ ਗਈ। ਉਦੋਂ ਪੰਜਾਬੀ ਨੂੰ ਦਰਬਾਰੀਆਂ ਨੇ ਨਹੀਂ ਸੀ ਅਪਨਾਇਆ। ਹੁਣ ਵੀ ਪੰਜਾਬੀ ਪੰਜਾਬ ਦੇ ਰੱਜੇ ਪੁੱਜੇ ਸਰਦਾਰਾਂ ਦੀ ਜ਼ੁਬਾਨ ਨਹੀਂ। ਉਹ ਤਾਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਤੇ ਹਿੰਦੀ ਮਾਧਿਅਮ ਵਾਲੇ ਸਕੂਲਾਂ ਵਿਚ ਪੜ੍ਹਾਉਂਦੇ ਹਨ, ਜਦ ਕਿ ਕੰਮੀ ਕਮੀਣਾਂ ਤੇ ਭੱਈਆਂ ਦੇ ਬੱਚੇ ਹੀ ਪੰਜਾਬੀ ਮਾਧਿਅਮ ਵਾਲੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਇਥੋਂ ਅੰਦਾਜ਼ਾ ਲਾ ਲਓ, ਭਲਕ ਨੂੰ ਪੰਜਾਬੀ ਭਾਸ਼ੀ ਕੌਣ ਹੋਣਗੇ ਤੇ ਅੰਗਰੇਜ਼ੀ/ਹਿੰਦੀ ਭਾਸ਼ੀ ਕੌਣ?
ਪੰਜਾਬ ਖੁਰ ਕੀਹਦੇ ਹੱਥੋਂ ਰਿਹੈ ਤੇ ਖਤਮ ਕੌਣ ਕਰ ਰਿਹੈ? ਗੁਰੂਆਂ ਦੀ ਸਿੱਖਿਆ ‘ਕਿਰਤ ਕਰੋ’ ਦੇ ਲੜ ਪੰਜਾਬ ਦੇ ਖਾਂਦੇ ਪੀਂਦੇ ਸਰਦਾਰ ਲੱਗੇ ਹੋਏ ਹਨ ਜਾਂ ਭੱਈਆਂ ਦੇ ਰੂਪ ਵਿਚ ਆਏ ਕਿਰਤੀ ਕਾਮੇ? ਭੱਈਏ ਜੇ ਸਿੰਘ ਸਜਣ ਵੱਲ ਵਧ ਰਹੇ ਹਨ ਤੇ ਕੇਸਾਂ ਵਾਲੇ ਕੇਸ ਕਟਾ ਰਹੇ ਹਨ ਤਾਂ ਕਸਰ ਕਿਥੇ ਹੈ? ਵਿਧਾਨ ਅਨੁਸਾਰ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ, ਪਰ ਪੰਜਾਬ ਦੇ ਸਿਆਸਤਦਾਨ, ਅਫਸਰ, ਮੋਹਤਬਰ ਤੇ ਈਲੀਟ ਵਰਗ ਦੇ ਲੋਕ ਕੀ ਪੰਜਾਬੀ ਨੂੰ ਦਿਲੋਂ ਰਾਜ ਭਾਸ਼ਾ ਮੰਨ ਰਹੇ ਹਨ? ਕੀ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਮਾਧਿਅਮ ਵਾਲੇ ਸਕੂਲਾਂ ਵਿਚ ਪੜ੍ਹਾ ਰਹੇ ਹਨ? ਕਿਤੇ ਕਹਿਣੀ ਹੋਰ ਤੇ ਕਰਨੀ ਹੋਰ ਤਾਂ ਨਹੀਂ? ਕੀ ਕੇਸ ਦਾੜ੍ਹੀ ਰੱਖਣ ਜਾਂ ਪੰਜਾਬ ‘ਚ ਜੰਮਣ ਨਾਲ ਹੀ ਕੋਈ ਸੱਚਾ ਪੰਜਾਬੀ ਬਣ ਜਾਂਦੈ? ਕੰਵਲ ਸਾਹਿਬ ਨੂੰ ਇਹ ਪੱਖ ਵੀ ਵਿਚਾਰ ਲੈਣੇ ਚਾਹੀਦੇ ਸਨ।
ਕੰਵਲ ਸਾਲ ਕੁ ਪਹਿਲਾਂ ਤਕ ਤੁਰਦਾ ਫਿਰਦਾ ਨੇੜੇ ਤੇ ਕਾਰ ਉਤੇ ਦੂਰ ਤਕ ਜਾ ਆਉਂਦਾ ਸੀ। ਕਾਨਫਰੰਸਾਂ, ਸੈਮੀਨਾਰ, ਰੂਬਰੂ ਤੇ ਮੇਲਿਆਂ ਗੇਲਿਆਂ ‘ਚ ਜਾਂਦਾ ਰਹਿੰਦਾ ਸੀ। ਭੋਗਾਂ ‘ਤੇ ਘੱਟ ਜਾਂਦਾ ਸੀ ਤੇ ਵਿਆਹ ਵੀ ਘੱਟ ਵੇਖਦਾ ਸੀ। ਮੈਂ ਗੁਰਭਜਨ ਗਿੱਲ ਦੀ ਜੰਨ ਜ਼ਰੂਰ ਲੈ ਗਿਆ ਸਾਂ ਤੇ ਮੇਰੇ ਪੁੱਤਰਾਂ ਦੀ ਜੰਨ ਵੀ ਉਹ ਚੜ੍ਹਿਆ ਸੀ। ਉਂਜ ਉਹ ਵਿਆਹ ਸ਼ਾਦੀਆਂ ‘ਤੇ ਜਾਣ ਨੂੰ ਆਪਣਾ ਸਮਾਂ ਬਰਬਾਦ ਕਰਨਾ ਹੀ ਸਮਝਦੈ।
ਕੰਵਲ ਨੇ ਪਹਿਲਾਂ ਪਹਿਲ ਫਿਲਮਾਂ ਤੇ ਨਾਟਕ ਬਹੁਤ ਵੇਖੇ ਪਰ ਪਿੱਛੋਂ ਘਟ ਗਏ। ਖੇਡ ਮੇਲੇ ਸਾਊਥਹਾਲ, ਬਰਮਿੰਘਮ, ਟੋਰਾਂਟੋ ਤੇ ਵੈਨਕੂਵਰ ਤਕ ਜਾ ਵੇਖੇ। ਅਸੀਂ ਵਿਦੇਸ਼ਾਂ ਦੇ ਪੰਜਾਬੀ ਖੇਡ ਮੇਲਿਆਂ ‘ਚ ਅਕਸਰ ਇਕੱਠੇ ਹੋ ਜਾਂਦੇ ਰਹੇ ਹਾਂ। ਉਸ ਨੇ ਅਨੇਕਾਂ ਮੁਲਕਾਂ ਦੀ ਇਕ ਵਾਰ ਨਹੀਂ, ਕਈ ਕਈ ਵਾਰ ਸੈਰ ਕੀਤੀ ਹੈ। ਏਸ਼ੀਆ, ਉਤਰੀ ਅਮਰੀਕਾ ਤੇ ਯੂਰਪ ਵਾਰ ਵਾਰ ਗਾਹ ਮਾਰਿਆ, ਪਰ ਰੂਸ ਤੇ ਚੀਨ ਨਹੀਂ ਜਾ ਸਕਿਆ। ਅਨੇਕਾਂ ਅਜਾਇਬ ਘਰ ਵੇਖੇ ਤੇ ਇਤਿਹਾਸਕ ਥਾਂਵਾਂ ਦੀ ਯਾਤਰਾ ਕੀਤੀ। ਹੜੱਪਾ ਤੇ ਮਹਿੰਜੋਦਾੜੋ ਦੇ ਖੰਡਰ ਵੇਖੇ ਤੇ ਮਿਸਰ ਦੇ ਪੈਰਾਮਿਡ। ਟੋਰਾਂਟੋ ਦੇ ਸੀ. ਐਨ. ਟਾਵਰ ‘ਤੇ ਚੜ੍ਹਿਆ ਤੇ ਲੰਡਨ ਦੀ ਚੰਡੋਲ ਝੂਟੀ। ਨਿਆਗਰਾ ਫਾਲਜ਼ ਦੇ ਨਜ਼ਾਰੇ ਤੇ ਡਿਜ਼ਨੀਲੈਂਡ ਦੀਆਂ ਢਾਣੀਆਂ ਲਈਆਂ। ਕਲਮ ਦੇ ਸਿਰ ‘ਤੇ ਉਹ ਹਵਾਈ ਜਹਾਜਾਂ ਦਾ ਸਵਾਰ ਬਣਿਆ।
ਸੋਲਾਂ ਸਤਾਰਾਂ ਸਾਲ ਦੀ ਉਮਰ ਤੋਂ ਲੈ ਕੇ ਨੱਬੇ ਸਾਲ ਦੀ ਉਮਰ ਤਕ ਉਹ ਸਮੁੰਦਰੀ ਤੇ ਹਵਾਈ ਜਹਾਜਾਂ ਦਾ ਸ਼ਾਹਸਵਾਰ ਰਿਹਾ। ਮਲਾਇਆ, ਸਿੰਗਾਪੁਰ ਤੇ ਵਲਾਇਤ ਤਾਂ ਉਹਨੇ ਮੋਗਾ-ਜਗਰਾਵਾਂ ਬਣਾ ਛੱਡੇ ਸਨ। ਉਹਨੂੰ ਘੁਮਾਉਣ ਫਿਰਾਉਣ ਵਿਚ ਉਹਦੇ ਪਾਠਕਾਂ ਦਾ ਸਭ ਤੋਂ ਵੱਧ ਹੱਥ ਸੀ। ਉਹ ਤਾਂ ਅਜੇ ਵੀ ਉਸ ਨੂੰ ਸੱਦਦੇ ਹਨ, ਪਰ ਕੰਵਲ ਤੋਂ ਹੁਣ ਵਿਦੇਸ਼ਾਂ ਵਿਚ ਜਾ ਨਹੀਂ ਹੁੰਦਾ। ਪਿੱਛੇ ਜਿਹੇ ਮਨ ਬਣਾ ਵੀ ਲਿਆ ਸੀ। ਸੰਭਵ ਹੈ, ਇਕ ਅੱਧਾ ਗੇੜਾ ਮਾਰ ਹੀ ਬਹੇ। ਉਹਦੇ ਹਾਣੀ ਹਰਕਿਸ਼ਨ ਸਿੰਘ ਸੁਰਜੀਤ, ਅੰਮ੍ਰਿਤਾ ਪ੍ਰੀਤਮ ਤੇ ਕਵੀਸ਼ਰ ਕਰਨੈਲ ਸਿੰਘ ਪਾਰਸ ਹੋਰੀਂ ਕਦੋਂ ਦੇ ਚੱਲ ਵਸੇ ਨੇ। ਖੁਸ਼ਵੰਤ ਸਿੰਘ ਤੇ ਕਰਤਾਰ ਸਿੰਘ ਦੁੱਗਲ ਵੀ ਨਹੀਂ ਰਹੇ।
ਕੰਵਲ ਦੇ 90ਵੇਂ ਜਨਮ ਦਿਨ ਤੋਂ ਲੈ ਕੇ ਹੁਣ ਤਕ ਉਹਦਾ ਜਨਮ ਦਿਨ ਹਰ ਸਾਲ ਪਿੰਡ ਢੁੱਡੀਕੇ ਵੱਲੋਂ ਮਨਾਇਆ ਜਾ ਰਿਹੈ। ਢੁੱਡੀਕੇ ਦਾ ਲਾਜਪਤ ਰਾਏ ਖੇਡ ਮੇਲਾ ਕੰਵਲ ਦੀ ਪਹਿਲਕਦਮੀ ਨਾਲ 1956 ਵਿਚ ਸ਼ੁਰੂ ਹੋਇਆ ਸੀ। ਉਦੋਂ ਉਹ ਪਿੰਡ ਦਾ ਸਰਪੰਚ ਸੀ ਤੇ ਉਸ ਨੇ ਲੜਾਈਆਂ ਝਗੜਿਆਂ ਦਾ ਮੂੰਹ ਖੇਡ ਮੁਕਾਬਲਿਆਂ ਵੱਲ ਮੋੜ ਦਿੱਤਾ ਸੀ।
ਪੰਜਾਬੀ ਸੂਬੇ ਲਈ ਮੋਰਚੇ ਬੇਸ਼ਕ ਅੰਮ੍ਰਿਤਸਰੋਂ ਲੱਗਦੇ ਰਹੇ ਪਰ ਨਿਰੋਲ ਭਾਸ਼ਾ ਦੇ ਆਧਾਰ ‘ਤੇ ਸੈਕੂਲਰ ਪੰਜਾਬੀ ਸੂਬੇ ਦਾ ਮਤਾ ਢੁੱਡੀਕੇ ਦੀ ਧਰਮਸ਼ਾਲਾ ਵਿਚ ਪਾਸ ਹੋਇਆ ਸੀ, ਜਿਸ ਦਾ ਸੱਦਾ ਗਿਆਨੀ ਹੀਰਾ ਸਿੰਘ ਦਰਦ ਤੇ ਕੰਵਲ ਨੇ ਦਿੱਤਾ ਸੀ। ਮਾਸਟਰ ਤਾਰਾ ਸਿੰਘ ਤੇ ਕੁਝ ਹੋਰ ਸਿੱਖ ਸਿਆਸਤਦਾਨਾਂ ਨੇ ਪੰਜਾਬੀ ਸੂਬੇ ਦੀ ਮੰਗ ਅੰਦਰਖਾਤੇ ਸਿੱਖ ਬਹੁਗਿਣਤੀ ਵਾਲੇ ਸੂਬੇ ਨਾਲ ਰਲਗੱਡ ਕੀਤੀ ਹੋਈ ਸੀ। ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਫਿਰ ਕੂਟਨੀਤਕ ਚਾਲ ਚਲਦਿਆਂ ਸਿੱਖ ਬਹੁਗਿਣਤੀ ਵਾਲਾ ਸੂਬਾ ਤਾਂ ਬਣਾ ਦਿੱਤਾ, ਪਰ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬੀ ਸੂਬੇ ਤੋਂ ਬਾਹਰ ਰੱਖ ਲਏ। ਲੰਗੜਾ ਪੰਜਾਬੀ ਸੂਬਾ ਬਣਾਉਣ ‘ਚ ਕਸੂਰ ਦੋਹਾਂ ਧਿਰਾਂ ਦਾ ਸੀ।
ਕੰਵਲ ਦੀਆਂ ਲਿਖਤਾਂ ਵਿਚ ਪੰਜਾਬੀ ਮੁਸਲਮਾਨ ਪਾਤਰ ਨਿਸਬਤਨ ਘੱਟ ਹਨ, ਹਾਲਾਂ ਕਿ 1919 ਤੋਂ 1947 ਤਕ ਉਹ ਬਚਪਨ ਤੇ ਜੁਆਨੀ ਵਿਚ ਉਨ੍ਹਾਂ ਦੇ ਅੰਗ-ਸੰਗ ਰਿਹਾ ਸੀ। ਦਲਿਤ ਪਾਤਰ ਵੀ ਨਿਸਬਤਨ ਘੱਟ ਹਨ। ਉਸ ਦੇ ਬਹੁਤੇ ਪਾਤਰ ਪੰਜਾਬ ਦੇ ਜੱਟ ਕਿਸਾਨ ਹਨ। ਉਹ ਸੰਗੀਤ ਦਾ ਸ਼ੌਕੀਨ ਹੈ ਤੇ ਗਾਉਣ ਵਾਲੀਆਂ ਤਵਾਇਫਾਂ ਦੇ ਰਾਗ ਰੰਗ ਦਾ ਬੜੀ ਸ਼ਿੱਦਤ ਨਾਲ ਵਰਣਨ ਕਰਦੈ। ਵੇਦਾਂਤ ਦਾ ਗਿਆਨ ਹੈ ਤੇ ਉਰਦੂ ਦੀ ਸ਼ੇਅਰੋ ਸ਼ਾਇਰੀ ਦੇ ਅਦਬ ਆਦਾਬ ਦੀ ਵੀ ਸਾਰ ਹੈ। ਮਲਿਕਾ-ਏ-ਤਰੰਨੁਮ ਗੌਹਰ ਜਾਨ, ਪਾਕ ਨਗੀਨਾ ਬਾਈ ਤੇ ਅਲਾਹੀ ਜਾਨ ਬਾਰੇ ਉਹਦੇ ਲੇਖ ਕਮਾਲ ਦੇ ਹਨ।
ਕੰਵਲ ਦੀ ਪਹਿਲੀ ਪ੍ਰਸਿੱਧੀ ਖੱਬੇਪੱਖੀ ਲੇਖਕ ਹੋਣ ਕਰਕੇ ਹੋਈ ਸੀ। ਉਸ ਨੇ ਕਦੇ ਹੁਸਨ ਇਸ਼ਕ ਦੀਆਂ ਬਾਤਾਂ ਪਾਈਆਂ ਤੇ ਕਦੇ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਦੇ ਮਸਲੇ ਉਭਾਰੇ। ਕਦੇ ਪੰਜਾਬ ਨਾਲ ਹੋਏ ਧੱਕਿਆਂ ਦੀ ਹੂ ਪਾਹਰਿਆ ਕੀਤੀ। ਕਦੇ ਸੈਕੂਲਰ ਹੋਇਆ, ਕਦੇ ਪੰਥਕ। ਕਦੇ ਇਨਕਲਾਬੀ, ਕਦੇ ਸੁਧਾਰਕ। ਕਦੇ ਕਾਮਰੇਡਾਂ ਨਾਲ, ਕਦੇ ਨਕਸਲੀਆਂ ਨਾਲ, ਕਦੇ ਅਕਾਲੀਆਂ ਨਾਲ, ਕਦੇ ਖਾਲਿਸਤਾਨੀਆਂ ਨਾਲ ਤੇ ਕਦੇ ਮਨਪ੍ਰੀਤ ਬਾਦਲ ਨਾਲ। ਉਹ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਨਹੀਂ, ਲੋਕਾਂ ਦਾ ਲੇਖਕ ਕਹਿੰਦੈ। ਪੰਜਾਬ ਤੇ ਕਿਸਾਨੀ ਦਾ ਦਰਦ ਉਹਦੇ ਦਿਲੋਂ ਬੋਲਦੈ। ਉਸ ਦੀਆਂ ਅਜੋਕੀਆਂ ਕਿਤਾਬਾਂ ਦੇ ਨਾਂ ਪੜ੍ਹੋ ‘ਪੰਜਾਬੀਓ! ਜੀਣਾ ਐ ਕਿ ਮਰਨਾਂ?’ ‘ਕੌਮੀ ਲਲਕਾਰ’ ਤੇ ‘ਪੰਜਾਬ! ਤੇਰਾ ਕੀ ਬਣੂੰ?’
ਮੈਂ ਜਿੰਨੀ ਰੀਝ ਨਾਲ ਉਸ ਦੀਆਂ ਪਹਿਲੀਆਂ ਲਿਖਤਾਂ ਪੜ੍ਹਦਾ ਸਾਂ, ਉਨੀ ਰੀਝ ਨਾਲ ਮਗਰਲੀਆਂ ਨਹੀਂ ਪੜ੍ਹ ਹੁੰਦੀਆਂ। ਉਹ ਦਿਨੋ ਦਿਨ ਵਧੇਰੇ ਉਪਭਾਵਕ ਹੋਈ ਜਾ ਰਿਹੈ। ਉਹਦੀ ਅਜੋਕੀ ਲਿਖਤ ਦੇ ਨਮੂਨੇ ਵੇਖੋ:
“ਹੁਣ ਪੰਜਾਬ ਦੇ ਕਾਂਗਰਸੀ ਕੇਂਦਰ ਦੇ ਗੁਲਾਮ, ਜਿਥੇ ਮਰਜ਼ੀ ਅੰਗੂਠੇ ਲੁਆਉਣ, ਹੁੱਤ ਨਹੀਂ ਕਰਨਗੇ। ਅਕਾਲੀ ਤੇਰੇ ਪੈ ਗਏ ਜਨ ਸੰਘੀਆਂ ਦੀ ਝੋਲੀ, ਦੋਵੇਂ ਭੁੱਖੇ ਬਘਿਆੜ, ਪੰਜਾਬ ਕਿਵੇਂ ਬਚੇਗਾ? ਨੀਅਤ ਦੇ ਚੋਰਾਂ, ਪੰਜਾਬ ਦੇ ਦੁੱਧ ਤੋਂ ਤਰਦੀ ਤਰਦੀ ਮਲਾਈ ਲਾਹ ਲਈ; ਲੱਸੀ ਵੀ ਕੋਈ ਕਰਮਾਂ ਵਾਲਾ ਪੀ ਲਵੇ ਵਾਹ ਭਲੀ, ਨਹੀਂ ਹਾਲ ਕੋਈ ਨ੍ਹੀਂ। ਰਾਜਸੀ ਦਵੜ ਸੱਟ ਇਸ ਤਰ੍ਹਾਂ ਹੀ ਰਹੀ, ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਬੋਲੋ ਰਾਮ ਹੋ ਚੁਕਾ ਸਮਝੋ। ਜਿਸ ਪੰਜਾਬ ਵਿਚ ਦਰਿਆਵਾਂ ਦੀਆਂ ਲਹਿਰਾਂ ਝੱਲੀਆਂ ਨਹੀਂ ਸਨ ਜਾਂਦੀਆਂ, ਹਾੜ ਬੋਲਣ ਵਾਲਾ ਹੈ। ਮੈਨੂੰ ਦੋਸ਼ ਕਾਹਤੋਂ ਦੇਂਦਾ ਏਂ, ਆਪਣੇ ਦੋਸ਼ੀ ਕਾਂਗਰਸੀਆਂ, ਅਕਾਲੀਆਂ ਤੇ ਜਨ ਸੰਘੀਆਂ ਨੂੰ ਧੌਣੋਂ ਫੜ੍ਹ।”
“ਗੁਰੂ ਦੇ ਲਾਡਲੇ ਪੰਜਾਬ! ਤੂੰ ਹੁਣ ਕਿਵੇਂ ਜੀਵੇਂਗਾ? ਤੇਰਾ ਤਾਂ ਅੱਗਾ ਪਿੱਛਾ ਦੁਸ਼ਮਣਾਂ ਜੜ੍ਹਾਂ ਤਕ ਛਾਂਗ ਸੁੱਟਿਆ। ਤੇਰਾਂ ਲੱਖ ਟਿਊਬਵੈੱਲਾਂ, ਤੇਰੀ ਤਾਂ ਅੱਡੀਆਂ ਤਕ ਰੱਤ ਚੂਸ ਲਈ। ਕਾਂਗਰਸੀ ਤਾਂ ਆਖਦੇ ਸਨ, ਡਾਕੂ ਅੰਗਰੇਜ਼ ਦੇ ਜਾਣ ਪਿੱਛੋਂ ਤੇਰੀਆਂ ਸ਼ਾਨਾਂ ਮਾਨਾਂ ਨਿਰਾਲੀਆਂ ਹੀ ਹੋਣਗੀਆਂ। ਕਿਥੇ ਹੈ ਉਹ ਚੜ੍ਹਦੀ ਕਲਾ? ਪੁੱਤਾਂ ਪੋਤਰਿਆਂ ਵਾਲਾ ਤੂੰ ਤਾਂ ਦੁਨੀਆਂ ਦੇ ਨਕਸ਼ੇ ਤੋਂ ਲਹਿਣ ਵਾਲਾ ਹੋ ਗਿਆ ਏਂ। ਤੇਰਾ ਮੰਦੜਾ ਹਾਲ ਵੇਖ, ਮੇਰੀ ਕਲਮ ਦਾ ਸਾਹ-ਸਤ ਰੁਕਿਆ ਪਿਆ ਹੈ। ਤੇਰਾ ਹੁਣ ਕੀ ਬਣੂੰ ਭਾਨਿਆਂ?”
“ਮੇਰੀ ਦੁੱਖਾਂ ਦਰਦਾਂ ਵਿਚ ਭਿੱਜੀ ਫਤਿਹ ਪ੍ਰਵਾਨ ਕਰਨੀ। ਤੁਹਾਡਾ ਆਪਣਾ, ਕੌਮੀ ਦੁੱਖਾਂ ਦਰਦਾਂ ਦਾ ਮਾਰਿਆ, ਆਪਣੇ ਪਾਠਕਾਂ ਦੇ ਦਰਦ ਦਾ ਭਾਈਵਾਲ: ਜਸਵੰਤ ਸਿੰਘ ਕੰਵਲ।”
‘ਲਹੂ ਦੀ ਲੋਅ’ ਨੂੰ ਮਿਲਿਆ ਸਰਕਾਰੀ ਇਨਾਮ ਕੰਵਲ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਜਿਸ ਸਰਕਾਰ ਨੇ ਨਕਸਲੀ ਮੁੰਡੇ ਮਾਰੇ ਹਨ, ਮੈਂ ਉਸ ਸਰਕਾਰ ਦਾ ਇਨਾਮ ਨਹੀਂ ਲੈ ਸਕਦਾ। ਪਿੱਛੋਂ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਪੁਰਸਕਾਰ ਪ੍ਰਵਾਨ ਕਰ ਲਏ। ਸ਼੍ਰੋਮਣੀ ਸਾਹਿਤਕਾਰ ਦਾ ਸਭ ਤੋਂ ਵੱਡਾ ਸਰਕਾਰੀ ਇਨਾਮ ਵੀ ਲੈ ਲਿਆ। ਉਸ ਨੇ ‘ਸਾਹਿਤ ਟਰਸਟ ਢੁੱਡੀਕੇ’ ਬਣਾ ਕੇ ਸੌ ਕੁ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਡਾ. ਜਸਵੰਤ ਗਿੱਲ ਯਾਦਗਾਰੀ ਪੁਰਸਕਾਰ ਦਿੱਤੇ ਹਨ। ਉਹ ਸਖੀ ਵੀ ਹੈ ਤੇ ਸੂਮ ਵੀ। ਇਕ ਹੱਥ ਨਾਲ ਦਿੰਦੈ, ਦੂਜੇ ਨਾਲ ਲੈ ਲੈਂਦੈ। ਉਹ ਵਾਰਤਕਕਾਰ ਵੀ ਹੈ ਤੇ ਕਵੀ ਵੀ:
ਸੱਜਣ ਵਸੇਂਦੇ ਪਾਰ ਓ ਯਾਰ,
ਸੱਜਣ ਵਸੇਂਦੇ ਪਾਰ!
ਜਾਣੇ ਕਿਹੜਾ ਹਾਲ ਮਨਾਂ ਦੇ,
ਪੁੱਠੇ ਚਾਲੇ ਏਸ ਝਨਾਂ ਦੇ,
ਡੋਬੇ ਅੱਧ ਵਿਚਕਾਰ ਓ ਯਾਰ,
ਸੱਜਣ ਵਸੇਂਦੇ ਪਾਰ ਓ ਯਾਰ!
ਆਸ਼ਕ ਵੇਖੋ ਮੁੜੇ ਨਾ ਮੋੜੇ,
ਸਿਦਕ ਉਨ੍ਹਾਂ ਦਾ ਸੂਲੀ ਤੋੜੇ,
ਪੀੜਾਂ ਰਹਿਣ ਉਰਾਰ ਓ ਯਾਰ,
ਸੱਜਣ ਵਸੇਂਦੇ ਪਾਰ…।
ਉਹਦੀਆਂ ਸਾਕ ਸਕੀਰੀਆਂ ਦੁਆਬੇ, ਮਾਲਵੇ ਤੋਂ ਹਰਿਆਣੇ ਤਕ ਹਨ। ਉਹ ਲੁੰਗੀ ਲਾ ਕੇ, ਹੱਥ ‘ਚ ਕਿਤਾਬ ਫੜ੍ਹ ਕੇ, ਪੜ੍ਹਦਾ-ਪੜ੍ਹਦਾ ਪਿੰਡ ਦੀ ਫਿਰਨੀ ‘ਤੋਂ ਦੀ ਗੇੜੇ ਦਿੰਦਾ ਰਿਹੈ ਤੇ ਜੁਆਕਾਂ ਦੇ ਸਿਰਾਂ ‘ਚ ਠੋਲੇ ਮਾਰ ਕੇ ਖੁਸ਼ ਹੁੰਦਾ ਰਿਹੈ। ਘੋਨਿਆਂ ਦੇ ਬੋਦੇ ਮਰੋੜਦਾ ਰਿਹੈ ਤੇ ਕੌਡੀਆਂ ਬੰਟੇ ਖੇਡਦਾ ਰਿਹੈ। ਤੁਰਿਆ ਜਾਂਦਾ ਥਾਪੀ ਮਾਰ ਕੇ ਬੱਚਿਆਂ ਨੂੰ ਕੌਡੀ ਖੇਡਣ ਲਈ ਵੰਗਾਰਦਾ ਰਿਹੈ। ਪੈਰਾਂ ਭਾਰ ਬਹਿ ਕੇ ਸਾਥੀਆਂ ਨਾਲ ਤਾਸ਼ ਖੇਡਦਾ ਤੇ ਸ਼ਤਰੰਜ ਦੀਆਂ ਬਾਜ਼ੀਆਂ ਲਾਉਂਦਾ ਰਿਹੈ। ਕਾਲਜ ਦੇ ਲੈਕਚਰਾਰਾਂ ਤੇ ਲੇਖਕਾਂ ਨਾਲ ਪੂਰਨਮਾਸ਼ੀਆਂ ਮਨਾਉਂਦਾ ਰਿਹੈ। ਉਹ ਇੰਗਲੈਂਡ ਗਿਆ ਤਾਂ ਸਾਨੂੰ ਚਿੱਠੀ ਲਿਖਣੀ ਪਈ, “ਕਦੋਂ ਮੋੜੇ ਪਾਓਂਗੇ? ਹੁਣ ਸਾਡੀ ਅੱਸੂ-ਕੱਤੇ ਦੀ ਪੂਰਨਮਾਸ਼ੀ ਦਾ ਕੀ ਬਣੂੰ?”
ਉਹ ਵੀ ਦਿਨ ਸਨ! ਪੁੰਨਿਆਂ ਦੀ ਚਾਨਣੀ ‘ਚ ਅਸੀਂ ਟਾਂਗੇ ‘ਤੇ ਚੜ੍ਹ ਜਾਂਦੇ। ਸੁੰਨੀ ਸੜਕ ਉਤੇ ਘੋੜੇ ਦੇ ਪੌੜ ਖੜਕਦੇ। ਆਸੇ ਪਾਸੇ ਰੁੱਖ ਝੂਮਦੇ। ਪੈਲੀਆਂ ‘ਤੇ ਤ੍ਰੇਲ ਪਈ ਹੁੰਦੀ। ਕੰਵਲ ਕਥਾ ਕਰੀ ਜਾਂਦਾ। ਟੋਭੇ ‘ਚ ਪਾਣੀ ਲਿਸ਼ਕਦਾ ਦਿਸਦਾ। ਉਸ ਵਿਚ ਤਾਰੇ ਟਿਮਟਮਾਉਂਦੇ ਤੇ ਰਾਤ ਸ਼ਾਂ ਸ਼ਾਂ ਕਰਦੀ। ਉਤੋਂ ਚਾਨਣੀ ਡੁੱਲ੍ਹ ਡੁੱਲ੍ਹ ਪੈਂਦੀ।
ਢੁੱਡੀਕੇ ਦੇ ਖੇਡ ਮੇਲੇ ਵਿਚ ਕੰਵਲ ਤੇ ਮੈਂ ‘ਕੱਠੇ ਕੁਮੈਂਟਰੀ ਕਰਦੇ। ਉਹ ਖਿਡਾਰੀ ਦੇ ਲਾਲ ਰੰਗ ਦੇ ਕੱਛੇ ‘ਚੋਂ ਇਨਕਲਾਬ ਭਾਲਦਾ। ਫਿਰ ਕਦੇ ਬੱਗਿਆਂ ਨੂੰ ਭੰਡਦਾ, ਕਦੇ ਨੀਲਿਆਂ ਨੂੰ ਤੇ ਕਦੇ ਲਾਲਾਂ ਨੂੰ ਵੀ ਨਾ ਬਖਸ਼ਦਾ।
ਇਕ ਵਾਰ ਅਸੀਂ ਵਿਸਲਾਂ ਫੜ੍ਹੀ ਕਬੱਡੀ ਦਾ ਮੈਚ ਖਿਡਾ ਰਹੇ ਸਾਂ। ਕੰਵਲ ਇਕ ਧੱਕੜ ਧਾਵੀ ਦੀ ਫੇਟ ਵਿਚ ਆ ਗਿਆ ਜਿਸ ਨਾਲ ਹੌਲੇ ਫੁੱਲ ਕੰਵਲ ਦੀਆਂ ਲੋਟਣੀਆਂ ਲੱਗ ਗਈਆਂ। ਉਹਦੀ ਪੱਗ ਲਹਿ ਗਈ, ਗੁਲੂਬੰਦ ਖੁੱਲ੍ਹ ਗਿਆ, ਘੜੀ ਡਿੱਗ ਪਈ ਪਰ ਅਸ਼ਕੇ ਕੰਵਲ ਦੇ ਕਿ ਵਿਸਲ ਉਹਦੇ ਮੂੰਹ ਵਿਚ ਹੀ ਰਹੀ। ਉਸ ਨੇ ਵਿਸਲ ਵਜਾ ਕੇ ਪੁਆਇੰਟ ਦਿੱਤਾ ਤੇ ਪੱਗ ਲੱਕ ਦੁਆਲੇ ਲਪੇਟ ਕੇ ਅਗਲੀ ਕਬੱਡੀ ਪੁਆਉਣ ਲੱਗਾ। ਇਹੋ ਜਿਹਾ ਸਿਰੜ ਹੈ, ਬਾਈ ਕੰਵਲ ਦਾ। ਇਸੇ ਸਿਰੜ ਨੇ ਉਹਤੋਂ ਸੈਂਚਰੀ ਮਰਵਾ ਦਿੱਤੀ ਐ!
(ਚਲਦਾ)