ਤਾਕਤ ਦਾ ਤੰਤਰ ਅਤੇ ਡਾ. ਕਾਫਕਾ: ਨਾਵਲ ‘ਮੁਕੱਦਮੇ’ ਦੇ ਹਵਾਲੇ ਨਾਲ

ਫਰਾਂਜ਼ ਕਾਫਕਾ ਵਿਸ਼ਵ ਸਾਹਿਤ ਜਗਤ ਦਾ ਧਰੂ ਤਾਰਾ ਹੈ| ਸੇ.ਕਸਪੀਅਰ, ਦਾਸਤੋਵਸਕੀ, ਟਾਲਸਟਾਏ ਜਾਂ ਗੇਟੇ ਤੋਂ ਬਿਨਾ ਸ਼ਾਇਦ ਹੀ ਕੋਈ ਹੋਰ ਸਾਹਿਤਕਾਰ ਹੋਏ, ਜਿਸ ਨੇ ਪਾਠਕਾਂ ਨੂੰ ਮਨੁੱਖੀ ਜ਼ਿੰਦਗੀ ਦੇ ਰਹੱਸ ਨੂੰ ਤਹਿ ਦਰ ਤਹਿ ਬੇਪਰਦ ਕਰਨ ਲਈ ਉਸ ਵਰਗਾ ਪ੍ਰੋਮਿਥੀਅਨ ਜ਼ੋਖਮ ਉਠਾਇਆ ਹੋਵੇ| ‘ਪੰਜਾਬ ਟਾਈਮਜ਼’ ਦੇ ਪਾਠਕ ਕਾਫਕਾ ਰੂਪੀ ਅਦਭੁੱਤ ਵਰਤਾਰੇ ਬਾਰੇ ਪ੍ਰੋ. ਹਰਪਾਲ ਸਿੰਘ ਪੰਨੂ ਦੀਆਂ ‘ਫਰਾਂਜ਼ ਕਾਫਕਾ’, ਉਸ ਦੀ ਤ੍ਰਾਸਦਿਕ ਪ੍ਰੰਤੂ ਬੇਹੱਦ ਮਿਕਨਾਤੀਸੀ ਸ਼ਖਸੀਅਤ ਵਾਲੀ ਮਹਿਬੂਬ ‘ਮਿਲੇਨਾ’ ਅਤੇ ਉਸ ਦੀ ਪਤਨੀ ‘ਦੋਰਾ’ ਬਾਰੇ ਸਮੇਂ ਸਮੇਂ ਛਾਪੀਆਂ ਗਈਆਂ ਯਾਦਗਾਰੀ ਲਿਖਤਾਂ ਰਾਹੀਂ ਭਲੀਭਾਂਤ ਪਹਿਲਾਂ ਹੀ ਜਾਣਦੇ ਹੋਣਗੇ|

ਹੁਣ ਨਿਰਮਲ ਬਰਾੜ ਨੇ ਕਾਫਕਾ ਦੇ ਬੇਮਿਸਾਲ ਸ਼ਾਹਕਾਰ ਨਾਵਲ ‘ਦਾ ਟਰਾਇਲ’ ਦਾ ‘ਮੁਕੱਦਮਾ’ ਸਿਰਲੇਖ ਹੇਠ ਪੰਜਾਬੀ ਵਿਚ ਤਰਜ਼ਮਾ ਕੀਤਾ ਹੈ ਅਤੇ ਨਾਵਲ ਦੇ ਇਸੇ ਪੰਜਾਬੀ ਰੂਪਾਂਤਰਣ ਬਾਰੇ ਪ੍ਰੋ. ਰਾਜੇਸ਼ ਸ਼ਰਮਾ ਦਾ ਜਾਣਕਾਰੀ ਭਰਪੂਰ ਨਿਬੰਧ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ| -ਸੰਪਾਦਕ

ਰਾਜੇਸ਼ ਸ਼ਰਮਾ
ਫੋਨ: 91-78379-60942

ਬੇਭਰਮੀ, ਸਾਫ-ਨਿਗਾਹੀ, ਬੁਲੰਦ ਅਤੇ ਬੇਪਨਾਹ ਉਮੀਦ। ਕੀ ਜ਼ਿੰਦਗੀ ਨੂੰ ਇਸ ਸੰਗਮ ਵਜੋਂ ਜਿਉਣਾ ਮੁਮਕਿਨ ਹੈ? ਕਾਫਕਾ ਦਾ ਇਹ ਸੁਆਲ ਡਰਾਉਂਦਾ ਹੈ। ਪਰ ਉਹ ਸ਼ਖਸ ਵਾਰ-ਵਾਰ ਇਸ ਸੁਆਲ ਨਾਲ ਮੁਖਾਤਿਬ ਹੁੰਦਾ ਹੈ। ਹੋਰ, ਉਹ ਭਾਸ਼ਾ ਵਿਚ ਆਪਣੀ ਦੋਹਰੀ ਬੇਗਾਨਗੀ ਭੋਗਦਾ ਹੈ। ਉਹ ਯਹੂਦੀ ਸੀ, ਪਰ ਜਰਮਨ ਉਸ ਦੀ ਭਾਸ਼ਾ ਸੀ, ਬੇਸ਼ਕ ਉਹ ਚੈਕ ਵੀ ਜਾਣਦਾ ਸੀ। ਨਾਜ਼ੀਆਂ ਦੇ ਦੁਰਪ੍ਰਚਾਰ ਦਾ ਹਥਿਆਰ ਬਣੀ ਜਰਮਨ ਉਸ ਨੂੰ ਦੂਸ਼ਿਤ, ਮੈਲੀ ਅਤੇ ਬਦਬੂਦਾਰ ਹੋ ਗਈ ਜਾਪਦੀ। ਉਸ ਨੇ ਬੇਗਾਨਗੀ ਦੇ ਧੁਰ ਅੰਦਰ ਉਤਰ ਜਾਣ ਦਾ ਫੈਸਲਾ ਕਰ ਲਿਆ। ਸੋਚ ਲਿਆ, ਉਹ ਜਰਮਨ ਭਾਸ਼ਾ ਵਿਚ ਹੀ ਲਿਖੇਗਾ, ਪਰ ਉਸ ਭਾਸ਼ਾ ਵਿਚ ਲਿਖੇ ਬਿਨਾ। ਇਹ ਭਾਸ਼ਾ ਦੇ ਅੰਦਰੋਂ ਉਸ ਦੇ ਪੁਨਰ-ਸਿਰਜਣ ਦਾ ਤਹੱਈਆ ਸੀ।
ਕਾਫਕਾ ਹਰ ਦਿਨ ਆਪਣੇ ਚਾਰੇ ਪਾਸੇ ਮਨੁੱਖ ਨੂੰ ਆਪਣੇ ਆਪ ਵਿਚੋਂ ਮਨਫੀ ਹੁੰਦਾ ਦੇਖ ਰਿਹਾ ਸੀ। ਉਸ ਨੂੰ ਤਾਕਤ (ਸੱਤਾ ਜਿਸ ਦਾ ਇੱਕ ਵਿਸ਼ੇਸ਼ ਅਤੇ ਸੀਮਿਤ ਰੂਪ ਹੈ) ਦੀ ਬਸਤੀ ਵਿਚ ਰੁਪਾਂਤ੍ਰਿਤ ਹੁੰਦਾ ਦੇਖ ਰਿਹਾ ਸੀ। ਉਸ ਨੇ ਚੇਤਨਾ ਨੂੰ ਜ਼ਹਿਰ-ਭਿੱਜੀ ਭਾਸ਼ਾ ਦੇ ਸੰਕ੍ਰਮਣ ਨਾਲ ਬੀਮਾਰ ਹੁੰਦੀ ਦੇਖਿਆ। ਜੁਆਬ ਵਿਚ ਭਾਸ਼ਾ ਦੇ ਅੰਦਰ, ਉਸ ਦੇ ਰਾਹੀਂ, ਚੇਤਨਾ ਦੇ ਨਵ-ਨਿਰਮਾਣ ਦਾ ਮਹਾਂ ਯਤਨ ਕੀਤਾ। ਇਹ ਸਫਰ ਉਸ ਨੂੰ ਅਕਸਰ ਅੰਨ੍ਹੇ ਖੂਹਾਂ ਅੰਦਰ ਲੈ ਉਤਰਦਾ। ਇੱਕ-ਇੱਕ ਸ਼ਬਦ ਉਪਰ ਨਿਰਣਾ, ਵਾਕ-ਵਾਕ ਦੀ ਵਾਸਤੂ ਕਲਾ ਕਿਸੇ ਮੈਦਾਨੇ-ਜੰਗ ਵਿਚਲਾ ਜੀਵਨ ਸੰਗਰਾਮ ਹੋ ਨਿਬੜਦੇ, ਪਰ ਕਾਫਕਾ ਸੀ ਕਿ ਉਸ ਨੂੰ ਤਸੱਲੀ ਨਾ ਹੁੰਦੀ।
ਉਸ ਦਾ ਮਹਾਨ ਨਾਵਲ ‘ਡੇਰ ਪ੍ਰੋਜ਼ੈਸ’, ‘ਦ ਟ੍ਰਾਇਲ’ ਹਾਲ ਵਿਚ ‘ਮੁਕੱਦਮਾ’ ਸਿਰਲੇਖ ਹੇਠ ਪੰਜਾਬੀ ਵਿਚ ਅਨੁਵਾਦ ਹੋਇਆ ਹੈ, ਜੋ ਨਿਰਮਲ ਬਰਾੜ ਨੇ ਕੀਤਾ ਹੈ। ਕੋਈ ਨੌਜਵਾਨ ਹੀ ਅਜਿਹਾ ਜੋਖਮ ਲੈ ਸਕਦਾ ਸੀ, ਕਿਸੇ ਹੋਰ ਨੇ ਲੈਣਾ ਹੁੰਦਾ ਤਾਂ ਕਦੋਂ ਦਾ ਲੈ ਚੁਕਾ ਹੁੰਦਾ। ਨਿਰਮਲ ਨੇ ਇਹ ਕੰਮ ਕਰ ਕੇ ਸਾਡੇ ਸਮਿਆਂ ਨੂੰ ਇੱਕ ਵੱਡਾ ਕਰਜ਼ਾ ਮੋੜਿਆ ਹੈ। ਜੇ ਹੁਣ ਵੀ ਇਹ ਨਾਵਲ ਪੰਜਾਬੀ ਦੇ ਪਾਠਕਾਂ ਨੂੰ ਨਾ ਮਿਲਦਾ ਤਾਂ ਬਹੁਤ ਦੇਰ ਹੋ ਜਾਂਦੀ। ਕਿਸੇ ਉਸ ਵਿਅਕਤੀ ਕੋਲ, ਜਿਸ ਨੂੰ ਆਪਣੇ ਮੋਢਿਆਂ ਉਪਰ ਸਿਰ ਦੇ ਹੋਣ ਦਾ ਅਹਿਸਾਸ, ਵਹਿਮ ਜਾਂ ਭੁਲੇਖਾ ਹੈ, ਕਾਫਕਾ ਨੂੰ ਪੂਰੀ ਸੰਜੀਦਗੀ ਨਾਲ ਪੜ੍ਹਨ ਤੋਂ ਇਲਾਵਾ ਕੋਈ ਚਾਰਾ ਨਹੀਂ, ਜੇ ਉਸ ਨੇ ਇਨ੍ਹਾਂ ਸਮਿਆਂ ਨੂੰ ਸਮਝਣਾ ਹੈ, ਆਪਣੀ ਬਚੀ-ਖੁਚੀ ਹੋਂਦ ਨੂੰ ਬਚਾਉਣਾ ਹੈ, ਅਤੇ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਤੇ ਖਤਰਿਆਂ ਨਾਲ ਦੋ ਹੱਥ ਹੋਣਾ ਹੈ।
ਬੇਸ਼ਕ ਨਿਰਮਲ ਦੀ ਇਸ ਕੋਸ਼ਿਸ਼ ਵਿਚ ਕਈ ਊਣਤਾਈਆਂ ਹਨ। ਅਜਿਹਾ ਹੋਣਾ ਸੁਭਾਵਿਕ ਸੀ। ਆਖਰ ਕਾਫਕਾ ਹਰ ਅਨੁਵਾਦਕ ਲਈ ਇਮਤਿਹਾਨ ਵੀ ਤਾਂ ਹੈ। ਉਸ ਦੀਆਂ ਲਿਖਤਾਂ ਦੇ ਦੁਆਲੇ ਅਨੁਵਾਦ ਦਾ ਇਕ ਵਿਸਤ੍ਰਿਤ ਡਿਸਕੋਰਸ ਉਭਰਿਆ ਹੈ। ਮਿਲਾਨ ਕੁੰਡੇਰਾ, ਕੂਟਸੀ, ਮਿਸ਼ੈਲ ਵੁਡਜ ਵਰਗੇ ਨਾਮ ਅਨੁਵਾਦ ਦੀਆਂ ਸੰਭਾਵਨਾਵਾਂ ਤੇ ਸੀਮਾਵਾਂ ਨੂੰ ਕਾਫਕਾ ਦੀਆਂ ਲਿਖਤਾਂ ਦੇ ਵੱਖੋ-ਵੱਖਰੇ ਅਨੁਵਾਦਾਂ ਦੀ ਕਸੌਟੀ ‘ਤੇ ਪਰਖਦੇ ਹਨ। ਇਸ ਤਰ੍ਹਾਂ ਫਿਰ ਇੱਕ ਵਾਰ ਕਾਫਕਾ ਦਾ ਪਾਠ ਤੁਹਾਨੂੰ ਭਾਸ਼ਾ ਦੇ ਗੂੜ੍ਹ ਤੰਤਰ ਅੰਦਰ ਜਾ ਉਤਾਰਦਾ ਹੈ। ਤੁਸੀਂ ਅਨੁਵਾਦ ਦੀ ਮੈਟਾ-ਲੈਂਗੁਏਜ ਰਾਹੀਂ ਭਾਸ਼ਾ ਦੇ ਜਿਸਮ ‘ਤੇ ਹੱਥ ਧਰਦੇ ਹੋ। ਉਸ ਦੀ ਹਰਾਰਤ ਮਹਿਸੂਸ ਕਰਦੇ ਹੋ। ਜਿਉਂਦੇ ਹੋਣ ਦਾ ਖੂਬਸੂਰਤ ਅਹਿਸਾਸ ਮਾਣਦੇ ਹੋ। ਪੰਜਾਬੀ ਵਿਚ ਕਾਫਕਾ ਦੇ ਅਨੁਵਾਦਾਂ ਨੂੰ ਹੋਰ ਸੂਖਮਤਾ ਤੇ ਕਲਾਤਮਕਤਾ ਨਾਲ ਅੱਗੇ ਤੋਰਨਾ ਭਵਿੱਖ ਦੇ ਅਨੁਵਾਦਕਾਂ ਦੇ ਜਿੰਮੇ ਹੈ, ਜਿਵੇਂ ਕਿ ਹੋਰ ਭਾਸ਼ਾਵਾਂ ਵਿਚ ਹਮੇਸ਼ਾ ਹੁੰਦਾ ਰਿਹਾ ਹੈ।
ਫੂਕੋ ਤੋਂ ਕਿਤੇ ਪਹਿਲਾਂ ਕਾਫਕਾ ਨੇ ਤਾਕਤ ਨੂੰ ਬਹੁਰੂਪੀ ਅਤੇ ਬਹੁਪਰਤੀ ਜਾਣਿਆ। ਉਸ ਦੀ ਸੂਖਮ ਵਿਆਪਕਤਾ ਅਤੇ ਖੌਫਨਾਕ ਨਜ਼ਾਕਤ ਨੂੰ ਲਫਜ਼ਾਂ ਦੀ ਰੋਸ਼ਨੀ ਵਿਚ ਜਾਹਰ ਕੀਤਾ। ਪਰ ਫੂਕੋ ਦੇ ਸੰਸਾਰ ਵਿਚ ਤਾਕਤ ਦਾ ਉਹ ਭਿਆਨਕ ਤਾਂਡਵ ਨਹੀਂ ਸੀ, ਜਿਸ ਦਾ ਕਹਿਰ ਕਾਫਕਾ ਨੇ ਹੰਢਾਇਆ ਸੀ। ਉਸ ਨੇ ਆਪਣੇ ਪਿਆਰਿਆਂ ਨੂੰ ਮੌਤ ਦੀਆਂ ਭੱਠੀਆਂ ਵਿਚ ਸੁਆਹ ਹੁੰਦੇ ਜਾਣਿਆ ਸੀ। ਇੱਕ ਭੈਣ ਆਪਣੇ ਜੈਂਟਾਈਲ ਪਤੀ ਨੂੰ ਤਲਾਕ ਦੇ ਕੇ ਇਸ ਲਈ ਸ਼ਹਿਰ ਦੇ ਯਹੂਦੀ ਬੱਚਿਆਂ ਦੇ ਨਾਲ ਡੈਥ ਕੈਂਪ ਨੂੰ ਤੁਰ ਗਈ ਸੀ ਕਿ ਜ਼ਮੀਰ ਉਸ ਨੂੰ ਗੈਰ ਯਹੂਦੀ ਦੀ ਬੀਵੀ ਹੋਣ ਦੇ ਨਾਂ ‘ਤੇ ਜ਼ਿੰਦਾ ਰਹਿਣ ਦੀ ਇਜਾਜ਼ਤ ਨਹੀਂ ਸੀ ਦਿੰਦੀ।
ਕਾਫਕਾ ਨੇ ਕਈ ਵੇਰ ਜ਼ਾਇਨਿਸਟ ਮੂਲਵਾਦ ਵੱਲ ਮੂੰਹ ਕਰਨਾ ਚਾਹਿਆ, ਪਰ ਉਸ ਦੀ ਵਿਵੇਕ ਬੁੱਧੀ ਕਦੇ ਇਨਸਾਨੀਅਤ ਨੂੰ ਤਿਆਗਣ ਲਈ ਰਾਜ਼ੀ ਨਾ ਹੋਈ। ਫੇਰ ਕਾਫਕਾ ਕੋਲ ਥਿਊਰੀ ਦਾ ਉਹ ਬਫਰ ਵੀ ਨਹੀਂ ਸੀ, ਜਿਸ ਨੇ ਫੂਕੋ ਨੂੰ ਤਾਕਤ ਦੇ ਸਿੱਧੇ ਸੇਕ ਤੋਂ ਦੂਰ ਰੱਖਿਆ। ਉਹ ਤਾਂ ਦਿਨ ਰਾਤ ਇਸ ਦੀ ਅੱਗ ਨੂੰ ਆਪਣੇ ਸਰੀਰ ਅਤੇ ਰੂਹ ‘ਤੇ ਹੰਢਾਉਂਦਾ। ਇਸ ਹੰਢਾਉਣ ਨੂੰ ਨਿਰੰਤਰ, ਹੋਰ ਗਹਿਰੇ ਉਸ ਜੱਦੋ-ਜਹਿਦ ਵਿਚ ਜਿਉਂਦਾ, ਜੋ ਹਰ ਰਾਤ ਟੇਬਲ ਲੈਂਪ ਦੀ ਲੋਅ ਵਿਚ ਭਾਸ਼ਾ ਦੀ ਰਣ-ਭੂਮੀ ਅੰਦਰ ਵਾਪਰਦੀ।
ਇਸੇ ਲਈ ਉਸ ਨੇ ਤਾਕਤ ਦੇ ਜਿਸ ਵਿਸ਼ਵ-ਰੂਪ ਦੇ ਦਰਸ਼ਨ ਕੀਤੇ, ਉਸ ਦੀ ਕੋਈ ਮਿਸਾਲ ਨਹੀਂ ਮਿਲਦੀ। ਮਨੁੱਖ ਦੀ ਉਠਣੀ-ਬੈਠਣੀ, ਤੋਰ, ਅਵਾਜ਼, ਇੱਥੋਂ ਤੱਕ ਕਿ ਧੌਣ, ਸਿਰ ਅਤੇ ਮੋਢਿਆਂ ਦਾ ਚੁੱਪ ਚਾਪ ਆਪਣੀਆਂ ਆਦਤਾਂ ਬਦਲ ਲੈਣਾ-ਕਾਫਕਾ ਸਭ ਕੁਝ ਦਰਜ ਕਰਦਾ ਹੈ। ਤਾਕਤ ਦੇ ਰੂਹ-ਖੋਰ ਤੰਤਰ ਵਿਚ ਫਸਿਆ ਮਨੁੱਖ ਸ਼ਰਮਿੰਦਗੀ ਅਤੇ ਭੈਅ ਨੂੰ ਕਿਵੇਂ ਆਪਣਾ ਆਪ ਸੌਂਪ ਦਿੰਦਾ ਹੈ? ਮਨੁੱਖੀ ਗੌਰਵ ਤੋਂ ਮੁਨਕਰ ਹੋ ਕੇ ਉਹ ਕਿਵੇਂ ਇੱਕ ਪਾਲਤੂ ਕੁੱਤੇ ਵਿਚ ਤਬਦੀਲ ਹੁੰਦਾ ਹੈ? ਕਾਫਕਾ ਇਹ ਭਿਆਨਕ ਭਾਣਾ ਦੇਖਣ ਅਤੇ ਦਿਖਾਉਣ ਦੀ ਲਗਾਤਾਰ ਜੁਰਅਤ ਕਰਦਾ ਹੈ। ਤਾਕਤ ਆਪਣੀ ਅਸੀਮ ਚਤੁਰਾਈ ਵਿਚ ਸਿਰਫ ਵਪਾਰੀਆਂ, ਕਾਰਖਾਨੇਦਾਰਾਂ, ਪੁਲਿਸ, ਵਕੀਲਾਂ ਅਤੇ ਮੈਜਿਸਟ੍ਰੇਟਾਂ ਦੇ ਕਿਰਦਾਰ ਹੀ ਨਹੀਂ ਲਿਖਦੀ; ਉਸ ਦੀ ਗ੍ਰਿਫਤ ਵਿਚ ਦਫਤਰਾਂ ਦੇ ਮਾਮੂਲੀ ਕਾਰਿੰਦੇ, ਘਰੇਲੂ ਨੌਕਰਾਣੀਆਂ, ਕਲਾਕਾਰ, ਇੱਥੋਂ ਤੱਕ ਕਿ ਮਾਸੂਮ ਦਿਖਦੇ ਬੱਚੇ ਵੀ ਹੁੰਦੇ ਹਨ। ਉਹ ਸਭ ਜਿਵੇਂ ਖੁਸ਼ੀ-ਖੁਸ਼ੀ ਤਾਕਤ ਦੇ ਦਲਾਲ, ਸ਼ਿਕਾਰੀ ਜਾਂ ਜੱਲਾਦ ਦੀ ਭੂਮਿਕਾ ਅਦਾ ਕਰਦੇ ਹਨ।
ਕੀ ਇਸ ਸਰਵ-ਵਿਆਪੀ ਦਿਖਦੀ ਤਾਕਤ ਦੇ ਸ਼ੈਤਾਨੀ ਤਲਿਸਮ ਤੋਂ ਕੁਝ ਵੀ ਅਣਛੋਹਿਆ ਨਹੀਂ ਰਹਿ ਸਕਦਾ? ਕਾਫਕਾ ਜ਼ਮੀਰ ਵੱਲ ਇਸ਼ਾਰਾ ਕਰਦਾ ਹੈ। ਜ਼ਮੀਰ ਨਾਲ ਇੱਕਮਿੱਕ ਹੋਈ ਵਿਵੇਕ-ਬੁੱਧੀ ਵੱਲ ਇਸ਼ਾਰਾ ਕਰਦਾ ਹੈ।
ਇਸ ਖੌਫਨਾਕ ਖੁਫੀਆ ਤੰਤਰ ਦੇ ਕੇਂਦਰ ਵਿਚ ਉਹ ਅਦਾਲਤ ਨੂੰ ਰੱਖਦਾ ਹੈ। ਅਦਾਲਤ ਦਾ ਜੁਗਰਾਫੀਆ ਉਹ ਇੱਕ ਪੈਰੇਬਲ ਦੀ ਸ਼ਕਲ ਵਿਚ ਸਿਰਜਦਾ ਹੈ। ਪੈਰੇਬਲ ਸੁਣਾਉਂਦਾ ਇਕ ਪਾਦਰੀ ਹੈ, ਜੋ ਅਦਾਲਤ ਲਈ ਕੰਮ ਕਰਦਾ ਹੈ। ਰੱਬ ਅਤੇ ਅਦਾਲਤ ਵਿਚਕਾਰਲੀ ਆਵਾਜਾਈ ਨਾਲ ਬਾਖੂਬੀ ਵਾਕਿਫ ਇਹ ਆਦਮੀ ਤਾਕਤ ਦੇ ਗੋਰਖ-ਧੰਦੇ ਦਾ ਰਾਜ਼ ਜਾਣਦਾ ਹੈ। ਉਸ ਗੋਰਖ-ਧੰਦੇ ਸਾਹਮਣੇ ਆਦਮੀ ਕੀ ਕਰੇ, ਉਹ ਦੱਸਦਾ ਹੈ, ਪਰ ਅਸਿੱਧੇ ਢੰਗ ਨਾਲ।
ਵਿਡੰਬਨਾ ਇਹ ਹੈ ਕਿ ਮੁਲਜ਼ਮ ਗਰਦਾਨੇ ਗਏ ਆਦਮੀ ਕੋਲੋਂ ਆਪਣੇ ਕਤਲ ਹੋਣ ਤੱਕ ਅਦਾਲਤ ਅੰਦਰ ਨਹੀਂ ਪਹੁੰਚਿਆ ਜਾਂਦਾ। ਉਸ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਅਦਾਲਤ ਦੀ ਹੋਂਦ ਅਸਲ ਵਿਚ ਹੈ ਵੀ ਜਾਂ ਨਹੀਂ। ਆਖਰ ਆਪਣੇ ਆਪ ਬਾਰੇ ਫੈਸਲਾ ਉਹ ਆਪ ਹੀ ਸੁਣਾਉਂਦਾ ਹੈ: ‘ਕੁੱਤੇ ਦੀ ਤਰ੍ਹਾਂ’। ਇਹ ਫੈਸਲਾ ਉਸ ਦੀ ਕਿਸਮਤ ਉਪਰ ਨਹੀਂ, ਅਸਤਿਤਵੀ ਹਾਲਤ ਉਪਰ ਹੈ। ਕਿਸਮਤ ਉਪਰ ਫੈਸਲਾ ਤਾਂ ਪਹਿਲਾਂ ਹੀ ਹੋ ਚੁਕਾ ਹੈ। ਕਸਾਈਆਂ ਵਾਲਾ ਦੋਧਾਰੀ ਚਾਕੂ ਉਸ ਦੇ ਦਿਲ ਵਿਚ ਉਤਾਰ ਕੇ ਦੋ ਵਾਰ ਘੁਮਾਇਆ ਜਾ ਚੁਕਾ ਹੈ, ਪਰ ਉਹ ਕਤਲ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਦੇਖ ਰਿਹਾ ਹੈ।
ਕਿਤੇ ਉਸ ਦੇ ਕਤਲ ਦੀ ਅਸਲ ਵਜ੍ਹਾ ਇਹੀ ਤਾਂ ਨਹੀਂ ਕਿ ਉਹ ਪਾਲਤੂ ਕੁੱਤਾ ਹੋਣ ਤੋਂ ਇਨਕਾਰੀ ਹੋ ਗਿਆ? ਆਪਣੇ ਵਕੀਲ ਦੇ ਹੋਰ ਮੁਵੱਕਿਲ, ਬਲਾਕ ਦੀ ਤਰ੍ਹਾਂ ਆਪਣੇ ਮਨੁੱਖ ਹੋਣ ਨੂੰ ਵਿਸਾਰ ਨਹੀਂ ਸਕਿਆ? ਸਵੈ-ਚਿੰਤਨ ਅਤੇ ਸਵੈ-ਮਾਣ ਦਾ ਤਿਆਗ ਕਰ ਕੇ ਤੰਤਰ ਦੀ ਤੰਤਹੀਣ ਪੁਤਲੀ ਮਾਤਰ ਨਹੀਂ ਬਣਿਆ? ਬੇਸ਼ਰਮ ਨਹੀਂ ਹੋ ਸਕਿਆ? ਆਖਰੀ ਸਾਹ ਲੈਂਦੇ ਹੋਏ ਵੀ ਉਸ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੈ, ਜੋ ਬਲਾਕ ਨੂੰ ਉਕਾ ਹੀ ਨਹੀਂ ਸੀ। ਉਹ ਆਪਣੇ ਅਤੇ ਕੁੱਤੇ ਵਿਚਕਾਰਲੇ ਅੰਤਰ ਨੂੰ ਅਜੇ ਵੀ ਪਛਾਣਦਾ ਹੈ।
ਇਹ ਸਵੈ ਅਤੇ ਸਮਸਤੀ ਦੇ ਦਰਸ਼ਕ ਹੋ ਕੇ ਹੀ ਸੰਭਵ ਹੈ। ਗਹੁ ਨਾਲ ਪੜ੍ਹੀਏ ਤਾਂ ਨਾਵਲ ਥਿਏਟਰਿਕੈਲਟੀ ਨਾਲ ਭਰਿਆ ਹੋਇਆ ਹੈ। ਥਿਏਟਰ ਦਾ ਮੈਟਾਫਰ ਸਵੈ ਅਤੇ ਸੰਸਾਰ ਨੂੰ ਆਲੋਚਨਾਤਮਕ ਚਿੰਤਨ ਦੀ ਨਿਗਾਹ ਤੋਂ ਜਾਚਣ ਦਾ ਵਾਹਕ ਹੈ। ਕਦੇ ਕੇ., ਨਾਵਲ ਦਾ ਮੁੱਖ ਪਾਤਰ, ਅਜੀਬੋ-ਗਰੀਬ ਦਰਸ਼ਕ ਆਕਰਸ਼ਿਤ ਕਰਦਾ ਹੈ: ਬੈਡ ਰੂਮ ਅੰਦਰ, ਮੈਜਿਸਟ੍ਰੇਟ ਦੇ ਬੇਹੱਦ ਨੀਵੀਂ ਛੱਤ ਵਾਲੇ ਦਫਤਰ ਵਿਚ, ਸੜਕ ਉਪਰ, ਕਥੀਡਰਲ ਵਿਚ, ਚਾਂਦਨੀ ਰਾਤ ਨੂੰ ਪੱਥਰਾਂ ਦੀ ਖਾਨ ਅੰਦਰ ਸਲੈਬ ਉਪਰ ਬਿਠਾ ਕੇ ਕਤਲ ਲਈ ਤਿਆਰ ਕੀਤੇ ਜਾਣ ਵੇਲੇ। ਕਦੇ ਉਹ ਆਪ ਦਰਸ਼ਕ ਬਣ ਕੇ ਆਲੇ-ਦੁਆਲੇ ਨੂੰ, ਆਪਣੇ ਆਪ ਨੂੰ, ਤਮਾਮ ਵਰਤਾਰੇ ਨੂੰ ਕਿਸੇ ਅਨੋਖੇ ਥਿਏਟਰ ਵਾਂਗ ਦੇਖਦਾ ਹੈ। ਇੰਜ ਨਾਵਲ ਵਿਚ ਸਵੈ-ਚੇਤੰਨ ਅਵਲੋਕਨ, ਵਿਸਤ੍ਰਿਤ ਅਤੇ ਡੂੰਘੀ ਨੈਤਿਕ ਤੇ ਰਾਜਨੀਤਿਕ ਨਜ਼ਰਸਾਨੀ ਵਜੋਂ, ਤਾਕਤ ਦੇ ਜ਼ਬਰ ਖਿਲਾਫ ਪ੍ਰਤਿਰੋਧ ਦੀ ਜ਼ਮੀਨ ਬਣ ਕੇ ਉਭਰਦਾ ਹੈ। ਜ਼ਿਜ਼ੈਕ ਜੋ ਗੱਲ ਤਾਕਤ ਅਤੇ ਆਇਡਿਆਲੋਜੀ ਦੇ ਮੌਜੂਦਾ ਸਬੰਧਾਂ ਬਾਰੇ ਕਹਿ ਰਿਹਾ ਹੈ, ਕਾਫਕਾ ਉਸ ਨੂੰ ਆਪਣੇ ਢੰਗ ਨਾਲ ਮੂਰਤ ਰੂਪ ਵਿਚ ਬਿਆਨ ਕਰਦਾ ਹੈ। ਤਾਕਤ ਦੇ ਗਾਇਬੀ ਤੌਰ-ਤਰੀਕਿਆਂ ਨੂੰ ਥਿਏਟਰ ਵਜੋਂ ਵਾਚਣ ਨਾਲ ਉਸ ਦੀਆਂ ਬਾਰੀਕ ਅਤੇ ਜਟਿਲ ਤਕਨਾਲੋਜੀਆਂ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਤੋਂ ਆਲੋਚਨਾਤਮਕ ਦੂਰੀ ਸਥਾਪਿਤ ਕੀਤੀ ਜਾ ਸਕਦੀ ਹੈ ਅਤੇ ਸੁਤੰਤਰ ਜਮੀਨ ‘ਤੇ ਖੜ੍ਹਿਆ ਜਾ ਸਕਦਾ ਹੈ।
ਪਰੰਤੂ ਉਸ ਜਮੀਨ ਨੂੰ ਤਿਆਰ ਕਰਨਾ ਸੌਖਾ ਕੰਮ ਨਹੀਂ। ਦਰਸ਼ਨ ਮਾਤਰ ਨਾਲ ਤਾਕਤ ਦੇ ਇੰਦਰ ਜਾਲ ਤੋਂ ਮੁਕਤੀ ਨਹੀਂ ਮਿਲਦੀ। ਕਾਫਕਾ ਨੂੰ ਇਹ ਅਹਿਸਾਸ ਸੀ। ਪ੍ਰਤਿਰੋਧ ਦੀ ਖੇਤੀ ਦਾ ਜੋ ਨੁਸਖਾ ਪਾਦਰੀ ਦਿੰਦਾ ਹੈ, ਉਹ ਹੈ ਡਾਇਲੈਕਟਿਕਲ ਚਿੰਤਨ। ਗੁੰਝਲ ਇਹ ਹੈ ਕਿ ਤਾਕਤ ਦੇ ਵਿਆਪਕ ਤੰਤਰ ਅੰਦਰ ਵਾਪਰ ਰਿਹਾ ਚਿੰਤਨ ਆਪ ਉਸ ਤੰਤਰ ਦਾ ਪਰਛਾਵਾਂ ਜਾਂ ਵਿਸਤਾਰ ਹੋ ਸਕਦਾ ਹੈ, ਪਰ ਉਸ ਨੂੰ ਅਜਿਹੇ ਆਰਸੀ ਵਿਚ ਵੀ ਰੁਪਾਂਤ੍ਰਿਤ ਕੀਤਾ ਜਾ ਸਕਦਾ ਹੈ, ਜੋ ਉਸ ਤੰਤਰ ਦੇ ਗਾਇਬੀ ਰਹੱਸ ਨੂੰ ਉਘਾੜ ਦੇਵੇ। ਡਾਇਲੈਕਟਿਕਲ ਚਿੰਤਨ ਅਜਿਹੇ ਰੂਪਾਂਤਰਣ ਦੀ ਕੁੰਜੀ ਹੈ। ਪਰ ਇੱਥੇ ਫਿਰ ਰਾਹ ਵਿਚ ਰੁਕਾਵਟ ਹੈ। ਡਾਇਲੈਕਟਿਕਲ ਚਿੰਤਨ ਅਭਿਆਸ ਅਤੇ ਸਮਾਂ ਮੰਗਦਾ ਹੈ। ਤਾਕਤ ਦਾ ਤੰਤਰ ਸਮਾਂ ਨਹੀਂ, ਸਜ਼ਾ ਦਿੰਦਾ ਹੈ। ਇਸ ਤੋਂ ਵੀ ਅੱਗੇ, ਮੁਕੱਦਮਾ ਅਤੇ ਸਜ਼ਾ ਆਪਸ ਵਿਚ ਰਲ-ਗੱਡ ਹਨ। ਮੁਕੱਦਮਾ ਸ਼ੁਰੂ ਹੋਣ ਦੇ ਨਾਲ ਹੀ ਸਜ਼ਾ ਵੀ ਸ਼ੁਰੂ ਹੋ ਜਾਂਦੀ ਹੈ।
ਕਾਨੂੰਨ ਵਿਚ ਪੀਐਚ.ਡੀ. ਕਾਫਕਾ ਦੀ ਅੱਖ ਇੰਨੀ ਬਾਰੀਕੀ ਨਾਲ ਦੇਖਦੀ ਹੈ ਕਿ ਵਾਸਤਵਿਕਤਾ ਹੀ ਪਰੀ-ਕਥਾ ਅਤੇ ਬੇਤਾਲ-ਕਥਾ ਹੋਣ ਦਾ ਆਭਾਸ ਦੇਣ ਲੱਗਦੀ ਹੈ। ਸੱਚ ਦਾ ਨਾਸੂਰ ਫਿਕਸ਼ਨ ਬਣ ਫੁੱਟਦਾ ਅਤੇ ਵਗ ਨਿਕਲਦਾ ਹੈ।
‘ਮੁਕੱਦਮੇ’ ਦਾ ਸਮਕਾਲੀ ਪਾਠਕ ਸਾਫ ਦੇਖ ਸਕਦਾ ਹੈ ਕਿ ਕਾਫਕਾ ਦਾ ਬੁਣਿਆ ਤੰਤਰ ਨਾਜ਼ੀਵਾਦੀ/ਫਾਸ਼ੀਵਾਦੀ ਹੀ ਨਹੀਂ, ਸਗੋਂ ਅਜਿਹਾ ਕੁਬੇਰੀ ਕਾਰਪੋਰੇਟ ਗਲੋਬਲ ਤੰਤਰ ਵੀ ਹੈ, ਜਿਸ ਨੇ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਲੋਕ-ਰਾਜ ਨੂੰ ਅੱਜ ਅਗਵਾ ਕਰ ਲਿਆ ਹੈ। ਸਮਾਜ ਦੇ ਬਹੁਤੇਰੇ ਵਰਗਾਂ ਅਤੇ ਸਟੇਟ ਦੀਆਂ ਸੰਸਥਾਵਾਂ ਦੀਆਂ ਆਤਮਾਵਾਂ ਨੂੰ ਪ੍ਰੇਤ ਬਣ ਆਪਣੇ ਅਧੀਨ ਕਰ ਲਿਆ ਹੈ। ਇਸ ਲਈ ਕਾਫਕਾ ਸਾਡੇ ਵਰਗੇ ਪਾਠਕਾਂ ਦੇ ਲਈ ਅੱਜ ਦੇ ਗਾਇਬੀ ਸੱਚ ਦੀਆਂ ਗੁੰਝਲਾਂ ਖੋਲ੍ਹਦਾ ਹੈ। ਉਹ ਤੁਹਾਨੂੰ ਭੈਅ ਦੇ ਇੰਨਾ ਨੇੜੇ ਲੈ ਜਾਂਦਾ ਹੈ ਕਿ ਭੈਅਭੀਤ ਹੋਣ ਲਈ ਹੋਰ ਕੁਝ ਬਚਦਾ ਹੀ ਨਹੀਂ।