ਛੋਟੀਆਂ ਫਿਲਮਾਂ ਦੀਆਂ ਲੰਮੀਆਂ ਛਾਲਾਂ

ਵੱਡੇ ਬਜਟ ਵਾਲੀਆਂ ਕੁਝ ਫਿਲਮਾਂ ਦਾ ਜਿੰਨਾ ਮਰਜ਼ੀ ਪ੍ਰਚਾਰ ਜਾਂ ਚਰਚਾ ਹੋਵੇ ਪਰ ਉਹ ਦਰਸ਼ਕਾਂ ਦੇ ਦਿਲ ਜਿੱਤਣ ਵਿਚ ਨਾਕਾਮ ਰਹਿੰਦੀਆਂ ਹਨ। ਦੂਜੇ ਪਾਸੇ, ਛੋਟੇ ਬਜਟ ਵਾਲੀਆਂ ਕਈ ਫਿਲਮਾਂ ਜਿਨ੍ਹਾਂ ਦਾ ਜ਼ਿਕਰ ਤਾਂ ਨਾਂ-ਮਾਤਰ ਹੁੰਦਾ ਹੈ ਪਰ ਉਹ ਦਰਸ਼ਕ ਨੂੰ ਸਿਨੇਮਾ ਘਰਾਂ ਤਕ ਖਿੱਚਣ ਦਾ ਮਾਦਾ ਰੱਖਦੀਆਂ ਹਨ। ਸ਼ਾਨਦਾਰ ਵਿਸ਼ੇ ਵਾਲੀਆਂ ਕੁਝ ਅਜਿਹੀਆਂ ਫਿਲਮਾਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੀਆਂ ਹਨ। ਖਾਸ ਗੱਲ ਇਹ ਵੀ ਹੈ ਕਿ ਛੋਟੇ ਬਜਟ ਦੀਆਂ ਕੁਝ ਫਿਲਮਾਂ ਵਿਚ ਤਾਂ ਕੋਈ ਵੱਡਾ ਸਟਾਰ ਵੀ ਨਹੀਂ ਹੁੰਦਾ ਪਰ ਉਨ੍ਹਾਂ ਦੀ ਕਾਮਯਾਬੀ ਇਸ ਗੱਲ ‘ਤੇ ਮੋਹਰ ਲਗਾਉਂਦੀ ਹੈ ਕਿ ਵਿਸ਼ਾ ਚੰਗਾ ਹੈ ਤਾਂ ਫਿਲਮ ਜ਼ਰੂਰ ਚੱਲੇਗੀ। ਉਦੋਂ ਪ੍ਰਸ਼ੰਸਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਅਭਿਨੇਤਾ ਵੱਡਾ ਹੈ ਜਾਂ ਨਵਾਂ ਹੈ ਜਾਂ ਨਿਰਦੇਸ਼ਕ ਕੌਣ ਹੈ?

‘ਬਰੇਲੀ ਕੀ ਬਰਫੀ’, ‘ਉਰੀ’, ‘ਸਤ੍ਰੀ’, ‘ਬਧਾਈ ਹੋ’, ‘ਬਦਲਾ’, ‘ਅੰਧਾਧੁਨ’ ਅਤੇ ‘ਲੁਕਾ ਛੁਪੀ’ ਫਿਲਮਾਂ ਦੀ ਸਫਲਤਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਛੋਟੇ ਬਜਟ ਦੀਆਂ ਫਿਲਮਾਂ ਦਾ ਕਾਮਯਾਬ ਅਭਿਨੇਤਾ ਆਯੁਸ਼ਮਾਨ ਖੁਰਾਣਾ ਵੀ ਮੰਨਦਾ ਹੈ ਕਿ ਜ਼ਿਆਦਾਤਰ ਛੋਟੇ ਬਜਟ ਦੀਆਂ ਫਿਲਮਾਂ ਆਪਣੇ ਵਿਸ਼ੇ ਕਾਰਨ ਬਹੁਤ ਕਮਜ਼ੋਰ ਹੁੰਦੀਆਂ ਹਨ ਪਰ ਅਜਿਹੀਆਂ ਹੀ ਫਿਲਮਾਂ ਆਪਣੇ ਵਿਸ਼ੇ ਕਰਕੇ ਹਿੱਟ ਵੀ ਹੁੰਦੀਆਂ ਹਨ। ਉਹ ਦੱਸਦਾ ਹੈ, “ਵੱਡੀਆਂ ਫਿਲਮਾਂ ਦਾ ਸਭ ਤੋਂ ਜ਼ਿਕਰਯੋਗ ਪੱਖ ਇਸ ਦੇ ਸਿਤਾਰੇ ਹੁੰਦੇ ਹਨ। ਦਰਸ਼ਕਾਂ ਦੀ ਨਜ਼ਰ ਇਨ੍ਹਾਂ ਦੇ ਵਿਸ਼ੇ ਦੀ ਬਜਾਏ ਸਿਤਾਰਿਆਂ ‘ਤੇ ਹੁੰਦੀ ਹੈ। ਆਮਤੌਰ ‘ਤੇ ਸਿਤਾਰਿਆਂ ਦਾ ਆਕਰਸ਼ਣ ਕਈ ਫਿਲਮਾਂ ਦੀਆਂ ਕਮਜ਼ੋਰੀਆਂ ਨੂੰ ਛੁਪਾ ਲੈਂਦਾ ਹੈ।”
ਖੁਰਾਣਾ ਦੀ ਗੱਲ ਸਹੀ ਲੱਗਦੀ ਹੈ। 130 ਕਰੋੜ ਰੁਪਏ ਦਾ ਕਾਰੋਬਾਰ ਆਸਾਨੀ ਨਾਲ ਕਰਨ ਵਾਲੀ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਦੀ ਸਫਲਤਾ ਇਹੀ ਦਰਸਾਉਂਦੀ ਹੈ। ਦੂਜੇ ਪਾਸੇ, ਇਰਫਾਨ ਦੀ ਫਿਲਮ ‘ਕਾਰਵਾਂ’ ਚੰਗੀ ਫਿਲਮ ਹੋਣ ਦੇ ਬਾਵਜੂਦ ਬਹੁਤ ਪਿੱਛੇ ਰਹਿ ਜਾਂਦੀ ਹੈ। ਇਸ ਸੂਰਤ ਵਿਚ ਇਹ ਸੁਆਲ ਉਠਦਾ ਹੈ: ਕੀ ਵੱਡੀਆਂ ਫਿਲਮਾਂ, ਛੋਟੀਆਂ ਫਿਲਮਾਂ ‘ਤੇ ਹਾਵੀ ਹੋ ਰਹੀਆਂ ਹਨ? ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਇਸ ਗੱਲ ਨੂੰ ਖਾਰਜ ਕਰਦੇ ਹਨ, “ਛੋਟੀਆਂ ਅਤੇ ਵੱਡੀਆਂ ਫਿਲਮਾਂ ਦੀ ਇਸ ਤਰ੍ਹਾਂ ਨਾਲ ਤੁਲਨਾ ਹੀ ਗ਼ੈਰ ਜ਼ਰੂਰੀ ਹੈ। ਅਸਲ ਵਿਚ ਕੋਈ ਫਿਲਮ ਛੋਟੀ ਜਾਂ ਵੱਡੀ ਨਹੀਂ ਹੁੰਦੀ। ਤੁਸੀਂ ਇਨ੍ਹਾਂ ਨੂੰ ਚੰਗੀਆਂ ਜਾਂ ਖਰਾਬ ਫਿਲਮਾਂ ਕਹਿ ਸਕਦੇ ਹੋ। ਫਿਲਮ ਚੰਗੀ ਹੋਵੇਗੀ ਤਾਂ ਉਸ ਨੂੰ ਚੱਲਣ ਤੋਂ ਕੋਈ ਰੋਕ ਨਹੀਂ ਸਕਦਾ। ਜਿਥੇ 80 ਕਰੋੜ ਵਿਚ ਬਣੀ ‘ਕੇਸਰੀ’ ਸਿਰਫ 130 ਕਰੋੜ ਰੁਪਏ ਦੀ ਕਮਾਈ ਕਰਦੀ ਹੈ, ਉਥੇ ਮੁਸ਼ਕਿਲ ਨਾਲ 25 ਕਰੋੜ ਰੁਪਏ ਵਿਚ ਬਣੀ ‘ਉੜੀ’ ਅਤੇ 20 ਕਰੋੜ ਰੁਪਏ ਵਿਚ ਬਣੀ ‘ਸਤ੍ਰੀ’ ਵਰਗੀਆਂ ਫਿਲਮਾਂ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਆਸਾਨੀ ਨਾਲ ਕਰ ਲੈਂਦੀਆਂ ਹਨ। ‘ਉੜੀ’ ਨੇ ਹੁਣ ਤਕ 250 ਕਰੋੜ ਰੁਪਏ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਅਸਲ ਵਿਚ ਸਾਰਾ ਖੇਡ ਮਾਰਕੀਟਿੰਗ ਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇ ਫਿਲਮ ਵੱਡੇ ਸਿਤਾਰਿਆਂ ਨਾਲ ਬਣਦੀ ਹੈ ਤਾਂ ਉਸ ਦੀ ਕਮਾਈ ਦਾ ਅੰਕੜਾ ਕੁਝ ਹੋਰ ਹੁੰਦਾ ਹੈ, ਜਿਵੇਂ ‘ਟੋਟਲ ਧਮਾਲ’ ਵਰਗੀ ਫਿਲਮ ਵੱਡੇ ਸਿਤਾਰਿਆਂ ਨਾਲ ਬਣਦੀ ਹੈ ਤਾਂ ਉਸ ਨੂੰ ਆਪਣੇ ਬਜਟ ਮੁਤਾਬਿਕ ਹੀ ਮੁਨਾਫਾ ਕਮਾ ਕੇ ਸੰਤੁਸ਼ਟ ਹੋਣਾ ਪੈਂਦਾ ਹੈ।
‘ਫਰਾਡ ਸਈਆਂ’, ‘ਸਰਬਜੀਤ’, ‘ਕਰੇਜ਼ੀ ਕੁੱਕੜ ਫੈਮਿਲੀ’, ‘ਇਸ਼ਕ ਫੌਰਐਵਰ’, ‘ਲਵਸ਼ੁਦਾ’, ‘ਸਨਮ ਰੇ’, ‘ਸਨਮ ਤੇਰੀ ਕਸਮ’, ‘ਇਸ਼ਕ’, ‘ਜਨੂਨੀਅਤ’, ‘ਨੀਲ ਬਟਾ ਸੰਨਾਟਾ’, ‘ਰਮਨ ਰਾਘਵ’, ‘ਹੌਟ ਤੇਰੀ ਦੀਵਾਨਗੀ’ ਵਰਗੀਆਂ ਕਿੰਨੀਆਂ ਹੀ ਫਿਲਮਾਂ ਹਨ। ਪਿਛਲੇ ਸਾਲਾਂ ਵਿਚ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਆਈਆਂ ਜੋ ਕਦੋਂ ਆਈਆਂ ਕਦੋਂ ਚਲੇ ਗਈਆਂ, ਜ਼ਿਆਦਾਤਰ ਸਿਨੇਮਾ ਪ੍ਰੇਮੀਆਂ ਨੂੰ ਯਾਦ ਨਹੀਂ। ਛੋਟੇ ਬਜਟ ਦੀ ਫਿਲਮ ‘ਉੜੀ’ ਦੀ ਕਮਾਈ ਹੈਰਾਨ ਕਰ ਦਿੰਦੀ ਹੈ। ਹੁਣ ਤਾਂ ਇਸ ਦੇ ਸੀਕੁਏਲ ‘ਤੇ ਵੀ ਕੰਮ ਸ਼ੁਰੂ ਹੋ ਗਿਆ ਹੈ। ਉਂਜ ਜ਼ਿਆਦਾਤਰ ਛੋਟੀਆਂ ਫਿਲਮਾਂ ਦੀ ਗੱਲ ਆਇਆ ਰਾਮ ਗਿਆ ਰਾਮ ਵਰਗੀ ਹੋ ਗਈ ਹੈ। ਕਈ ਵਾਰ ਤਾਂ 2 ਤੋਂ 5 ਕਰੋੜ ਰੁਪਏ ਵਿਚ ਬਣੀਆਂ ਇਨ੍ਹਾਂ ਫਿਲਮਾਂ ਦੀ ਲਾਗਤ ਵੀ ਵਾਪਸ ਨਹੀਂ ਆਉਂਦੀ। ਮਲਟੀਪਲੈਕਸ ਦੇ ਇਸ ਦੌਰ ਵਿਚ ਕਈ ਟਰੇਡ ਵਿਸ਼ਲੇਸ਼ਕ ਇਸ ਲਈ ਕਾਫੀ ਹੱਦ ਤਕ ਥੀਏਟਰ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਉਹ ਕਹਿੰਦੇ ਹਨ ਕਿ ਸੀਮਤ ਪ੍ਰਚਾਰ ਨਾਲ ਰਿਲੀਜ਼ ਹੋਣ ਵਾਲੀਆਂ ਅਜਿਹੀਆਂ ਫਿਲਮਾਂ ਆਮ ਤੌਰ ‘ਤੇ ਮੌਖਿਕ ਪ੍ਰਚਾਰ ਜ਼ਰੀਏ ਹੀ ਚੱਲਦੀਆਂ ਹਨ। ਇਸ ਲਈ ਥੋੜ੍ਹਾ ਸਮਾਂ ਹੋਣਾ ਚਾਹੀਦਾ ਹੈ ਜੋ ਇਨ੍ਹਾਂ ਨੂੰ ਘੱਟ ਮਿਲਦਾ ਹੈ। ਖਾਸ ਤੌਰ ‘ਤੇ ਜੇ ਕੋਈ ਵੱਡੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਨ੍ਹਾਂ ਨੂੰ ਥੀਏਟਰ ਤੋਂ ਉਤਾਰ ਦਿੱਤਾ ਜਾਂਦਾ ਹੈ। ‘ਜ਼ੀਰੋ’ ਜਾਂ ‘ਕਲੰਕ’ ਵਰਗੀਆਂ ਵੱਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ ਤਾਂ ਛੋਟੀਆਂ ਫਿਲਮਾਂ ਨੂੰ ਦੋ ਦਿਨ ਪਹਿਲਾਂ ਹੀ ਥੀਏਟਰਾਂ ਤੋਂ ਉਤਾਰ ਲਿਆ ਜਾਂਦਾ ਹੈ। ਦੂਜੇ ਪਾਸੇ ‘ਉੜੀ’ ਜਾਂ ‘ਬਧਾਈ ਹੋ’ ਵਰਗੀਆਂ ਛੋਟੀਆਂ ਫਿਲਮਾਂ ਫਿਰ ਵੀ ਟਿਕਟ ਖਿੜਕੀ ਦੇ ਮੋਰਚੇ ‘ਤੇ ਡਟੀਆਂ ਰਹਿੰਦੀਆਂ ਹਨ।
ਉਂਜ ਛੋਟੀਆਂ ਫਿਲਮਾਂ ਦੇ ਕਈ ਸੁਚੇਤ ਦਰਸ਼ਕ ਫਿਲਮ ਨਾ ਚੱਲਣ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ੍ਹਾਂ ਮੁਤਾਬਿਕ ਇਨ੍ਹਾਂ ਫਿਲਮਾਂ ਦੇ ਵਿਸ਼ੇ ਦਾ ਖੋਖਲਾਪਣ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਉਨ੍ਹਾਂ ਨੂੰ ਸਮਝ ਵਿਚ ਹੀ ਨਹੀਂ ਆ ਰਿਹਾ ਕਿ ਉਹ ਕਿਉਂ ਅਜਿਹੀਆਂ ਫਿਲਮਾਂ ਬਣਾ ਰਹੇ ਹਨ। ਪਿਛਲੇ ਇਕ ਸਾਲ ਵਿਚ ਸਿਰਫ ‘ਲਵ’ ਟਾਈਟਲ ‘ਤੇ ਇਕ ਦਰਜਨ ਤੋਂ ਜ਼ਿਆਦਾ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫਿਲਮਾਂ ਵਿਚ ਨਾ ਹੀ ਵਿਸ਼ਾ ਵਸਤੂ ਦਾ ਕੋਈ ਨਵਾਂਪਣ ਹੈ ਨਾ ਹੀ ਪੇਸ਼ਕਾਰੀ ਤਾਂ ਫਿਰ ਦਰਸ਼ਕ ਇਨ੍ਹਾਂ ਫਿਲਮਾਂ ਨੂੰ ਦੇਖਣ ਕਿਉਂ ਜਾਣਗੇ? ਦਰਅਸਲ ਨਵੇਂ ਦੌਰ ਦੇ ਫਿਲਮਸਾਜ਼ ਅਲੱਗ ਅਲੱਗ ਫਿਲਮਾਂ ਦੇ ਨਾਂ ‘ਤੇ ਵਿਸ਼ਾ ਵਸਤੂ ਦੀ ਦੁਹਾਈ ਦਿੰਦੇ ਰਹਿੰਦੇ ਹਨ ਪਰ ਆਮ ਦਰਸ਼ਕ ਇਨ੍ਹਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਕਿਉਂਕਿ ਉਸ ਵਿਚ ਉਨ੍ਹਾਂ ਦੀ ਕੋਰੀ ਬੌਧਿਕਤਾ ਹੁੰਦੀ ਹੈ ਜੋ ਉਨ੍ਹਾਂ ਦੇ ਸਿਰ ਤੋਂ ਗੁਜ਼ਰ ਜਾਂਦੀ ਹੈ। ਇਹ ਉਹੀ ਦਰਸ਼ਕ ਹਨ ਜਿਨ੍ਹਾਂ ਨੂੰ ਅਜਿਹੀਆਂ ਫਿਲਮਾਂ ਦੀ ਬਜਾਏ ‘ਭਾਰਤ’ ਵਰਗੀ ਸ਼ੁੱਧ ਕਮਰਸ਼ਲ ਫਿਲਮ ਵਿਚ ਵੀ ਵਿਸ਼ੇ ਦੀ ਅਣਹੋਂਦ ਮਹਿਸੂਸ ਨਹੀਂ ਹੁੰਦੀ।
ਉਂਜ ਫਿਲਮਾਂ ਵਿਚ ਚੰਗੀ ਪਟਕਥਾ ਦੀ ਘਾਟ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਫਿਲਮਸਾਜ਼ ਗੁਲਜ਼ਾਰ ਦਾ ਇਸ ਵਿਸ਼ੇ ‘ਤੇ ਜਵਾਬ ਬਹੁਤ ਰੌਚਕ ਹੈ, “ਸਾਹਿਤ ਨਾਲ ਫਿਲਮਾਂ ਦਾ ਸਬੰਧ ਖਤਮ ਹੋ ਗਿਆ ਹੈ। ਹਿੰਦੀ ਵਿਚ ਹੀ ਨਹੀਂ, ਖੇਤਰੀ ਭਾਸ਼ਾਵਾਂ ਵਿਚ ਵੀ ਇਸ ਤਰ੍ਹਾਂ ਦਾ ਸਾਹਿਤ ਹੈ ਜਿਸ ‘ਤੇ ਬਹੁਤ ਖੂਬਸੂਰਤ ਫਿਲਮ ਬਣ ਸਕਦੀ ਹੈ। ਅਸਲ ਵਿਚ ਇਸ ਸਮੇਂ ਅਸੀਂ ਫਿਲਮ ਤਕਨੀਕ ਦੇ ਮਾਮਲੇ ਵਿਚ ਜਿੰਨਾ ਅੱਗੇ ਵਧੇ ਹਾਂ, ਸੋਚ ਦੇ ਮਾਮਲੇ ਵਿਚ ਓਨੇ ਅੱਗੇ ਨਹੀਂ ਵਧ ਸਕੇ।”
ਪੁਰਾਣੇ ਸਮੇਂ ਵਿਚ ਜਦੋਂ ਲੇਖਕ ਕਿਸੇ ਫਿਲਮ ਦੀ ਪਟਕਥਾ ਤਿਆਰ ਕਰਦਾ ਸੀ ਤਾਂ ਉਸ ਦੇ ਮਨ ਵਿਚ ਦਰਸ਼ਕ ਸਭ ਤੋਂ ਉਪਰ ਹੁੰਦਾ ਸੀ। ਗੁਲਜ਼ਾਰ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਸਾਰੀਆਂ ਫਿਲਮਾਂ ਸਾਰੇ ਦਰਸ਼ਕਾਂ ਲਈ ਨਹੀਂ ਹੁੰਦੀਆਂ। ਉਨ੍ਹਾਂ ਮੁਤਾਬਿਕ ਤੁਹਾਨੂੰ ਪਹਿਲਾਂ ਹੀ ਤੈਅ ਕਰਨਾ ਹੋਵੇਗਾ ਕਿ ਇਹ ਫਿਲਮ ਤੁਸੀਂ ਕਿਸ ਲਈ ਬਣਾ ਰਹੇ ਹੋ। -ਏ. ਚੱਕਰਵਰਤੀ