ਰਾਮਾਚੰਦਰਾ ਅਲੂਰੀ*
ਅਨੁਵਾਦ: ਸੁਖਦੇਵ ਸਿੱਧੂ
ਕੁਝ ਜਾਹਲ ਕੱਟੜਪੰਥੀਆਂ ਨੂੰ ਅਖੰਡ ਭਾਰਤ ਦੀ ਕਲਪਨਾ ਅਤੇ ਉਤਰੀ ਭਾਰਤ ਦੀਆਂ ਹਿੰਦੂ ਮਾਨਤਾਵਾਂ ਵਿਰੁਧ ਮਲਿਆਲੀਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕੇਰਲਾ ਦੇ ਹਿੰਦੂ ਹਾਂ ਤੇ ਗਾਂਵਾਂ ਦੀ ਪੂਜਾ ਮਾਂਵਾਂ ਵਾਂਗ ਬਿਲਕੁਲ ਨਹੀਂ ਕਰਦੇ। ਸਾਡੇ ਤਾਂ ਸ਼ਿਵ ਮੰਦਿਰਾਂ ‘ਚ ਤੁਹਾਨੂੰ ਬਲਦ ਲੱਭਣਗੇ, ਉਹ ਸਾਡਾ ਹੀਰੋ (ਸਿਤਾਰਾ) ਹੈ। ਸਾਡੇ ਲਈ ਸਬਰੀਮਾਲਾ ਅਤੇ ਗੁਰੂਵੇਯੂਰ ਦਾ ਮਤਲਬ ਹਰਿਦੁਆਰ ਜਾਂ ਅਯੁੱਧਿਆ ਤੋਂ ਕਿਤੇ ਵੱਧ ਹੈ।
ਸਾਡੇ ਮੁੱਖ ਤਿਉਹਾਰ ਓਨਮ ਅਤੇ ਵਿਸ਼ੁ ਹੁੰਦੇ ਹਨ, ਦੀਵਾਲੀ ਜਾਂ ਨਵਰਾਤਰੀ ਨਹੀਂ ਹੁੰਦੇ। ਅਸੀਂ ਹੋਲੀ, ਭਾਈ ਦੂਜ, ਕਾਰਵਾਚੌਥ ਜਾਂ ਰਾਖੀ ਨਹੀਂ ਮਨਾਉਂਦੇ। ਕ੍ਰਿਸਮਸ ਅਤੇ ਈਦ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹਨ। ਕੁਝ ਪੱਕੇ ਧਾਰਮਿਕ ਮਲਿਆਲੀ ਲੋਕ ਸ਼ਾਕਾਹਾਰੀ ਵੀ ਹਨ ਅਤੇ ਕੁਝ ਹੋਰ ਆਪਣੀ ਮਰਜ਼ੀ ਨਾਲ ਮੀਟ ਨਹੀਂ ਛਕਦੇ, ਪਰ ਸਾਡੇ ਵਿਚੋਂ ਜ਼ਿਆਦਾਤਰ ਬੀਫ, ਚਿਕਨ, ਮਟਨ, ਬਤਖ ਅਤੇ ਹੋਰ ਸਾਰੇ ਮੀਟ ਚਾਹ ਕੇ ਛਕਦੇ ਹਨ। ਮੱਛੀ ਕੇਰਲੀ ਪਕਵਾਨਾਂ ਦਾ ਲਾਜ਼ਮੀ ਹਿੱਸਾ ਹੈ, ਕਿਉਂਕਿ ਕੁਝ ਉਤਰ ਭਾਰਤੀ ਲੋਕ ਗਊ ਦੀ ਪੂਜਾ ਕਰਦੇ ਹਨ, ਸਾਡੇ ਤੋਂ ਉਮੀਦ ਨਾ ਕਰੋ ਕਿ ਅਸੀਂ ਗਊ ਮਾਸ ਨੂੰ ਛੱਡ ਦੇਈਏ। ਮੱਝ ਦੇ ਮੀਟ ‘ਤੇ ਭਾਰਤ ਵਿਚ ਕਿਤੇ ਵੀ ਪਾਬੰਦੀ ਨਹੀਂ ਹੈ।
ਦਿੱਲੀ ਦੇ ਮਿੱਥੇ ਪਲੈਨ ਅਨੁਸਾਰ ਕੁਝ ਹਿੰਦੂ ਸੈਨਿਕਾਂ ਨੇ ਕੇਰਲ ਦੇ ਪ੍ਰਤੀਕਰਮ ਨੂੰ ਠੇਸ ਪਹੁੰਚਾਉਣ ਲਈ ਕਾਰਵਾਈ ਕੀਤੀ ਹੈ। ਮਲਿਆਲਮ ਸਾਡੀ ਮਾਤ ਭਾਸ਼ਾ ਹੈ ਅਤੇ ਅਸੀਂ ਮਲਿਆਲੀ ਹਾਂ। ਹਿੰਦੀ ਅਤੇ ਹਿੰਦੂਤਵ ਸਾਡੇ ਲਈ ਕੁਝ ਵੀ ਨਹੀਂ ਹੈ। ਇਸਲਾਮ ਅਤੇ ਈਸਾਈ ਧਰਮ ਸ਼ਾਂਤੀਪੂਰਨ ਢੰਗ ਨਾਲ ਇੱਥੇ ਵਧੇ ਫੁਲੇ ਹਨ। ਜੋ ਲੋਕ ਧਰਮ ਵਿਚ ਯਕੀਨ ਕਰਦੇ ਹਨ, ਉਹ ਸਾਡੇ ਬਹੁ-ਸੱਭਿਆਚਾਰਕ ਸਮਾਜ ਦਾ ਹਿੱਸਾ ਹਨ। ਕੇਰਲਾ ਵਿਚ ਤੁਸੀਂ ਚਰਚਾਂ, ਮੰਦਿਰਾਂ ਅਤੇ ਮਸਜਿਦਾਂ ਨੂੰ ਇਕ-ਦੂਜੇ ਦੇ ਕੋਲ ਕੋਲ ਹੀ ਦੇਖੋਗੇ ਅਤੇ ਉਨ੍ਹਾਂ ਵਿਚੋਂ ਕਈ ਤਾਂ ਹਜ਼ਾਰਾਂ ਸਾਲ ਪੁਰਾਣੇ ਵੀ ਹਨ। ਆਪਣੇ ਆਪ ਨੂੰ ਮੁਗਲਾਂ ਜਾਂ ਉਤਰੀ ਭਾਰਤ ਤੇ ਦੂਜੇ ਹਮਲਿਆਂ ਦੇ ਰੋਣ ਧੋਣ ਦੀਆਂ ਕਹਾਣੀਆਂ ਨੂੰ ਆਪਣੇ ਕੋਲ ਰੱਖੋ, ਪਰ ਇਹ ਯਾਦ ਰੱਖੋ ਭਾਰਤ ਵਿਚ ਸਭ ਤੋਂ ਪੁਰਾਣੀ ਮਸਜਿਦ 629 ਈਸਵੀ ਵਿਚ ਕੋਡੁੰਗਲੂਰ (ਕੇਰਲਾ) ‘ਚ ਬਣੀ ਸੀ।
ਦੋ ਹਜ਼ਾਰ ਸਾਲ (ਅਰਥਾਤ ਬੀ.ਸੀ. ਦੇ ਵੇਲੇ) ਪੁਰਾਣੇ ਯਹੂਦੀਆਂ, ਅਰਬੀਆਂ, ਚੀਨੀਆਂ ਅਤੇ ਕਈ ਦੱਖਣ-ਪੂਰਬੀ ਏਸ਼ੀਆਈ ਰਾਜਾਂ ਨਾਲ ਸਾਡੇ ਪੁਖਤਾ ਵਪਾਰਕ ਸਬੰਧ ਵੀ ਸਨ। ਡੱਚਾਂ (ਨੈਦਰਲੈਂਡਜ਼) ਨੂੰ ਵੀ ਅਸੀਂ ਹੀ ਕੋਲਾਚਲ ‘ਚ ਹਰਾਇਆ ਸੀ। ਤ੍ਰਾਵਿਨਕੋਰ ਅਤੇ ਕੋਚੀ ਅੰਗਰੇਜ਼ੀ ਰਿਆਸਤ ਦਾ ਹਿੱਸਾ ਨਹੀਂ ਸਨ, ਸਗੋਂ ਸੁਤੰਤਰ ਰਿਆਸਤਾਂ ਸਨ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਤ੍ਰਾਵਿਨਕੋਰ ਦੇ ਇੱਥੇ ਤ੍ਰਿਵੇਂਦਰਮ ਵਿਚ ਇਥੋਂ ਦੀ ਚੁਣੀ ਹੋਈ ਲੋਕ ਸਭਾ ਸੀ। ਆਰ. ਐਸ਼ ਐਸ਼ ਅਤੇ ਹੋਰ ਵਿਰੋਧੀ ਤਾਕਤਾਂ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਤੁਹਾਡੇ ਹਿੰਦੂਤਵੀ ਏਜੰਡੇ ਅੱਗੇ ਨਹੀਂ ਝੁਕਾਂਗੇ। ਅਸੀਂ ਭਾਰਤੀ ਸੰਘ ‘ਚ ਸ਼ਾਮਿਲ ਹੋ ਗਏ ਹਾਂ, ਜੋ ਸੈਕੂਲਰ ਫੈਡਰਲ ਰਿਪਬਲਿਕ ਹੈ, ਪਰ ਕਦੇ ਵੀ ਕਿਸੇ ਵੀ ਹਿੰਦੂ ਰਾਜ ਦਾ ਹਿੱਸਾ ਨਹੀਂ ਬਣਾਂਗੇ।
—
*ਨੋਟ: ਰਾਮਾਚੰਦਰਾ ਅਲੂਰੀ ਵੱਡੀ ਗਿਣਤੀ ‘ਚ ਛਪਦੇ ‘ਮਾਤਰਭੂਮੀ ਡੇਲੀ’ ਦੇ ਐਸੋਸੀਏਟ ਐਡੀਟਰ ਹਨ ਅਤੇ ਮਲਿਆਲੀ ਭਾਸ਼ਾ ਦੀ ਮਹਾਨ ਸਾਹਿਤਕ ਹਸਤੀ ਤੇ ਸ਼ਰਧਾਵਾਨ ਮਲਾਵੀ ਹਿੰਦੂ ਹਨ।