ਨਵੀਂ ਦਿੱਲੀ: ਸਰਹੱਦੀ ਵਿਵਾਦ ਕਾਰਨ ਭਾਰਤ ਅਤੇ ਚੀਨ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਚੀਨ ਵੱਲੋਂ ਲਦਾਖ ਵਿਚ ਦੌਲਤ ਬੇਗ ਓਲਡੀ ਖੇਤਰ ਵਿਚ ਘੁਸਪੈਠ ਤੋਂ ਬਾਅਦ ਹਾਲਤ ਇਕੋ ਝਟਕੇ ਨਾਲ ਬਦਲ ਗਏ ਹਨ। ਚੀਨ ਦੀ ਫੌਜ ਇਸ ਭਾਰਤੀ ਖੇਤਰ ‘ਚ ਕੋਈ 10 ਕਿਲੋਮੀਟਰ ਤੱਕ ਅੰਦਰ ਜਾ ਵੜੀ। ਇਸ ‘ਤੇ ਭਾਰਤ ਤੁਰੰਤ ਹਰਕਤ ਵਿਚ ਆਇਆ ਅਤੇ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਲੱਦਾਖ ਸੈਕਟਰ ‘ਚ ਫਲੈਗ ਮੀਟਿੰਗ ਵਿਚ ਇਹ ਮਸਲਾ ਰੱਖਿਆ, ਪਰ ਚੀਨ ਆਪਣੀ ਅੜੀ ‘ਤੇ ਕਾਇਮ ਹੈ। ਇਸ ਨੇ ਸਗੋਂ ਜਵਾਬੀ ਦੋਸ਼ ਲਾਇਆ ਕਿ ਭਾਰਤੀ ਫੌਜ ਦੌਲਤ ਬੇਗ ਓਲਡੀ ਸੈਕਟਰ ਵਿਚ ਜ਼ਿਆਦਾ ਹਮਲਾਵਰ ਰੁਖ਼ ਦਿਖਾ ਰਹੀ ਹੈ। ਇਸ ਪਹੁੰਚ ਕਾਰਨ ਫਲੈਗ ਮੀਟਿੰਗ ਨਾਕਾਮ ਰਹੀ ਜਿਸ ਕਾਰਨ ਭਾਰਤ ਨੇ ਵੀ ਆਪਣਾ ਰੁਖ ਸਖਤ ਕਰ ਲਿਆ ਅਤੇ ਸਬੰਧਤ ਖੇਤਰ ਵਿਚ ਇਕ ਹੋਰ ਭਾਰਤੀ ਫੌਜੀ ਦਸਤਾ ਭੇਜਣ ਦੀ ਕਾਰਵਾਈ ਅਰੰਭ ਦਿੱਤੀ। ਜ਼ਿਕਰਯੋਗ ਹੈ ਕਿ ਚੀਨ ਨੇ ਮੀਟਿੰਗ ਵਿਚ ਭਾਰਤੀ ਪੱਖ ਸਵੀਕਾਰਨ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਜ਼ਿੱਦ ਕੀਤੀ ਕਿ ਉਸ ਦੀ ਫੌਜ ਉਸ ਇਲਾਕੇ ਵਿਚ ਹੈ ਜਿਹੜਾ ਭਾਰਤੀ ਕਬਜ਼ੇ ਹੇਠ ਨਹੀਂ।
ਸਮੇਂ-ਸਮੇਂ ਪੈਦਾ ਹੁੰਦੇ ਹਾਲਾਤ ਅਤੇ ਮੁਸ਼ਕਿਲਾਂ ਨਾਲ ਨਜਿੱਠਣ ਲਈ ਫਲੈਗ ਮੀਟਿੰਗਾਂ ਪਹਿਲਾਂ ਕਾਫੀ ਕਾਰਗਰ ਸਾਬਤ ਹੁੰਦੀਆਂ ਰਹੀਆਂ ਹਨ। ਭਾਰਤ-ਚੀਨ ਸੀਮਾ ‘ਤੇ ਵੱਖੋ-ਵੱਖ ਥਾਂਵਾਂ ‘ਤੇ ਇਹ ਸਾਲ ਵਿਚ ਦੋ ਵਾਰ ਹੁੰਦੀਆਂ ਹਨ। ਹੁਣ ਦੀਆਂ ਰਿਪੋਰਟਾਂ ਅਨੁਸਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ, ਦੌਲਤ ਬੇਗ ਓਲਡੀ ਖੇਤਰ ਲੱਦਾਖ ਵਿਚ ਤਕਰੀਬਨ 10 ਕਿਲੋਮੀਟਰ ਭਾਰਤੀ ਖਿੱਤੇ ‘ਚ ਜਾ ਵੜੀ ਸੀ ਤੇ ਰਾਕੀ ਨਾਲੇ ਨੇੜੇ ਆਪਣੇ ਤੰਬੂਆਂ ਵਿਚ ਹੈ। ਭਾਰਤੀ ਫੌਜ ਉਨ੍ਹਾਂ ਤੋਂ 50 ਮੀਟਰ ਦੀ ਦੂਰੀ ‘ਤੇ ਡਟ ਗਈ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਸਈਦ ਅਕਬਰ ਉਦ-ਦੀਨ ਨੇ ਦੱਸਿਆ ਕਿ ਭਾਰਤ-ਚੀਨ ਸਰਹੱਦੀ ਖੇਤਰ ਅਕਸਰ ਸ਼ਾਂਤ ਰਹਿੰਦਾ ਹੈ। ਪਿਛਲੇ ਸਮੇਂ ‘ਚ ਵਾਪਰੀਆਂ ਅਜਿਹੀਆਂ ਘਟਨਾਵਾਂ ਸੁੱਖੀਂ-ਸਾਂਦੀ ਨਿਬੇੜ ਲਈਆਂ ਜਾਂਦੀਆਂ ਰਹੀਆਂ ਹਨ ਤੇ ਇਸ ਘਟਨਾ ਦਾ ਹੱਲ ਵੀ ਅਮਨ ਨਾਲ ਹੋ ਜਾਣ ਦੀ ਆਸ ਹੈ। ਭਾਰਤ ਦਾ ਮੰਨਣਾ ਹੈ ਕਿ ਹੁਣ ਵਾਲਾ ਮਸਲਾ ਵੀ ਦੋਵਾਂ ਮੁਲਕਾਂ ਵਿਚਾਲੇ ਹੋਏ ਸਮਝੌਤਿਆਂ ਅਧੀਨ ਤੈਅ ਢੰਗ-ਤਰੀਕਿਆਂ ਨਾਲ ਨਜਿੱਠਿਆ ਜਾ ਸਕਦਾ ਹੈ।
ਤਰਜਮਾਨ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਸੈਨਿਕਾਂ ਨੂੰ ਆਹਮੋ-ਸਾਹਮਣੇ ਲਿਆਉਣ ਵਾਲੀ ਇਹ ਘਟਨਾ ਅਸਲ ਕੰਟਰੋਲ ਰੇਖਾ ਦੇ ਵਿੰਗੀ-ਟੇਢੀ ਹੋਣ ਅਤੇ ਇਸ ਬਾਰੇ ਦੋਵੇਂ ਧਿਰਾਂ ਦੇ ਮਤਭੇਦ ਹੋਣ ਕਾਰਨ ਵਾਪਰੀ ਹੈ। ਇਸੇ ਕਰ ਕੇ ਭਾਰਤ ਨੇ ਚੀਨ ਨੂੰ ਇਸ ਸੈਕਟਰ ‘ਚ ਇਸ ਘਟਨਾ ਤੋਂ ਪਹਿਲਾਂ ਵਾਲੀ ਸਥਿਤੀ ਬਣਾ ਕੇ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਭਾਰਤ ਵਾਲੇ ਪਾਸਿਓਂ ਇਸ ਦਿਸ਼ਾ ‘ਚ ਕੀਤੇ ਗਏ ਉਪਰਾਲਿਆਂ ਬਾਰੇ ਤਫਸੀਲ ਵੀ ਦਿੱਤੀ।
ਉਨ੍ਹਾਂ ਦੱਸਿਆ ਕਿ ਦੋਹਾਂ ਮੁਲਕਾਂ ਦੀ ਫੌਜ ਦੇ ਆਹਮੋ-ਸਾਹਮਣੇ ਹੋਣ ਦੇ ਬਾਵਜੂਦ 2005 ਦੇ ਪ੍ਰੋਟੋਕੋਲ ਸਦਕਾ ਹਾਲਾਤ ਸ਼ਾਂਤ ਰਹਿੰਦੇ ਹਨ। ਇਸ ਪ੍ਰੋਟੋਕੋਲ ਅਨੁਸਾਰ ਜੇਕਰ ਅਸਲ ਕੰਟਰੋਲ ਰੇਖਾ ‘ਤੇ ਮੱਤਭੇਦਾਂ ਜਾਂ ਹੋਰ ਕਾਰਨਾਂ ਕਰ ਕੇ ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਹੋਣ ਦੀ ਸਥਿਤੀ ਬਣ ਜਾਂਦੀ ਹੈ ਤਾਂ ਉਹ (ਸੈਨਿਕ) ਸਵੈ-ਸੰਜਮ ਰੱਖਣਗੇ ਤੇ ਸਥਿਤੀ ਬਦਤਰ ਹੋਣੋਂ ਰੋਕਣ ਲਈ ਹਰ ਸੰਭਵ ਕਦਮ ਪੁੱਟਣਗੇ। ਦੋਵੇਂ ਧਿਰਾਂ ਫੌਰੀ ਸਫਾਰਤੀ ਜਾਂ ਹੋਰ ਚੈਨਲਾਂ ਰਾਹੀਂ ਸਥਿਤੀ ਦਾ ਜਾਇਜ਼ਾ ਲੈਣ ਤੇ ਸਲਾਹ-ਮਸ਼ਵਰੇ ਦੇ ਰਾਹ ਪੈਣਗੀਆਂ ਤਾਂ ਕਿ ਕਿਸੇ ਵੀ ਤਰ੍ਹਾਂ ਤਣਾਅ ਵਧਣੋਂ ਰੋਕਿਆ ਜਾ ਸਕੇ।
ਇਸੇ ਦੌਰਾਨ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਕਰਮ ਸਿੰਘ ਨੇ ਜੰਮੂ-ਕਸ਼ਮੀਰ ‘ਚ ਘੁਸਪੈਠ ਰੋਕੂ ਅਤੇ ਹੋਰ ਸੁਰੱਖਿਆ ਉਪਰਾਲਿਆਂ ਦਾ ਜਾਇਜ਼ਾ ਲਿਆ ਤੇ ਕੰਟਰੋਲ ਰੇਖਾ ਨਾਲ ਲੱਗਦੇ ਮੂਹਰਲੇ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਜੰਮੂ-ਕਸ਼ਮੀਰ ਦੇ ਰਾਜਪਾਲ ਐਨæਐਨæ ਵੋਹਰਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਵੀ ਇਸ ਮੁੱਦੇ ‘ਤੇ ਵਿਚਾਰਾਂ ਕੀਤੀਆਂ।
ਉਧਰ, ਲੱਦਾਖ ਸੈਕਟਰ ਵਿਚ ਚੀਨੀ ਫੌਜ ਦੀ ਘੁਸਪੈਠ ਕਾਰਨ ਉਪਜੇ ਤਣਾਅ ਦੇ ਬਾਵਜੂਦ ਭਾਰਤ ਨੇ ਥਲ ਸੈਨਾ ਦਾ ਵਫ਼ਦ ਪੇਇਚਿੰਗ ਭੇਜਿਆ ਹੈ ਜੋ ਚੀਨੀ ਫੌਜੀ ਅਧਿਕਾਰੀਆਂ ਨੂੰ ਮਿਲ ਕੇ ਦੋਵਾਂ ਦੇਸ਼ਾਂ ਦੀ ਸਾਂਝੀ ਫੌਜੀ ਮਸ਼ਕ ਬਾਰੇ ਵੇਰਵੇ ਤੇ ਤਰੀਕਾਂ ਨੂੰ ਅੰਤਮ ਰੂਪ ਦੇਵੇਗਾ। ਇਸ ਫੌਜੀ ਵਫ਼ਦ ਨੂੰ ਚੀਨ ਭੇਜਣ ਦਾ ਫੈਸਲਾ ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਤਣਾਅ ਘਟਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।
Leave a Reply