ਸਿਆਸੀ ਸ਼ਰਾਰਤਾਂ ਦੇ ਸਿੱਟੇ!

ਗਧੀ ਗੇੜ ਵਿਚ ਪਏ ਅਦਾਲਤਾਂ ਦੇ, ਬੰਦੇ ਬਿਰਖ ਹੋ ਜਾਣ ਉਡੀਕਦੇ ਜੀ।
ਖਾਣ-ਪੀਣ ਤੇ ਪਹਿਨਣਾ ਵਿਸਰ ਜਾਵੇ, ਚੇਤੇ ਭੁੱਲਦੇ ਨਹੀਂਓਂ ‘ਤਰੀਕ’ ਦੇ ਜੀ।
ਅਕਸਰ ਬਰੀ ਹੋ ਜਾਣ ਜੋ ਗਲਤ ਹੁੰਦੇ, ਫਾਹੇ ਪੈਂਦੇ ਨੇ ਗਲਾਂ ਵਿਚ ਠੀਕ ਦੇ ਜੀ।
ਦਿੱਤਾ ਤੋੜ ਵਿਸ਼ਵਾਸ ਸਿਆਸਤਦਾਨਾਂ ਨੇ, ਸਾਰੇ ਯੱਭ ਇਹ ਵੋਟਾਂ ਦੀ ਨੀਤ ਦੇ ਜੀ।
ਵੇਲਾ ਰਹਿੰਦਿਆਂ ‘ਨਾਗਾਂ’ ਨੂੰ ਨੱਪਦੇ ਨਾ, ਡੰਡੇ ਪੈਣ ਫਿਰ ਸੱਪ ਦੀ ਲੀਕ ਦੇ ਜੀ।
ਅੱਕੇ ਲੋਕ ਜਦ ਹੱਥ ਕਾਨੂੰਨ ਲੈਂਦੇ, ਹਾਕਮ ਕੁਰਸੀ ‘ਤੇ ਬੈਠਿਆਂ ਚੀਕਦੇ ਜੀ!