ਹਾਰ ਤੋਂ ਬਾਅਦ ਵੀ ਅੰਦਰੂਨੀ ਖਿਲਾਰਾ ਸਮੇਟਣ ਦੇ ਰਾਹ ਨਾ ਤੁਰੀ ‘ਆਪ’ ਲੀਡਰਸ਼ਿਪ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਬਾਅਦ ਇਕ ਵਾਰ ਵੀ ਆਮ ਆਦਮੀ ਪਾਰਟੀ (ਆਪ) ਦੀ ਸਮੁੱਚੀ ਲੀਡਰਸ਼ਿਪ ਨੇ ਸਿਰ ਜੋੜ ਕੇ ਚੋਣਾਂ ਵਿਚ ਹੋਈ ਸ਼ਰਮਨਾਕ ਹਾਰ ਦਾ ਮੰਥਨ ਨਹੀਂ ਕੀਤਾ। ਪਾਰਟੀ ਦੀ ਕੋਰ ਕਮੇਟੀ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿਚ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਣੇ ਕੋਈ ਵੀ ਜ਼ੋਨਲ ਪ੍ਰਧਾਨ ਨਹੀਂ ਆਇਆ।

ਪਾਰਟੀ ਨੇ ਪ੍ਰਧਾਨ ਦੀ ਮੌਜੂਦਗੀ ਤੋਂ ਬਿਨਾਂ ਹੀ ਪੰਜਾਬ ਵਿਚ 24 ਜੂਨ ਤੋਂ ਬਿਜਲੀ ਅੰਦੋਲਨ ਚਲਾਉਣ ਸਮੇਤ ਹੋਰ ਕਈ ਫੈਸਲੇ ਲਏ। ਵਿਧਾਇਕ ਅਮਨ ਅਰੋੜਾ ਨੇ ਆਪਣੇ ਪੱਧਰ ‘ਤੇ ਹੀ ਇਸ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਲਿਖ ਦਿੱਤਾ ਹੈ। ਦੱਸਣਯੋਗ ਹੈ ਕਿ ਇਕ ਪਾਸੇ ਚੰਡੀਗੜ੍ਹ ਵਿਚ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਅਤੇ ਦੂਸਰੇ ਪਾਸੇ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਆਪਣੇ ਹਲਕੇ ਸੰਗਰੂਰ ਵਿਚ ਲੋਕਾਂ ਨਾਲ ਮੁਲਾਕਾਤਾਂ ਦਾ ਦੌਰ ਚਲਾ ਰਹੇ ਸਨ। ਇਸੇ ਤਰ੍ਹਾਂ ਮੀਟਿੰਗ ਵਿਚ ਚਾਰੇ ਜ਼ੋਨਲ ਪ੍ਰਧਾਨ ਮਾਲਵਾ ਤਿੰਨ ਦੇ ਪ੍ਰਧਾਨ ਦਲਬੀਰ ਢਿੱਲੋਂ, ਮਾਲਵਾ ਇਕ ਦੇ ਪ੍ਰਧਾਨ ਗੁਰਦਿੱਤ ਸੇਖੋਂ, ਦੋਆਬੇ ਦੇ ਪ੍ਰਧਾਨ ਡਾ. ਰਵਜੋਤ ਸਿੰਘ ਅਤੇ ਮਾਝੇ ਦੇ ਪ੍ਰਧਾਨ ਕੁਲਦੀਪ ਧਾਲੀਵਾਲ ਸ਼ਾਮਲ ਨਹੀਂ ਹੋਏ। ਇਸ ਤੋਂ ਇਲਾਵਾ ਡਾ. ਬਲਬੀਰ ਸਿੰਘ ਪਟਿਆਲਾ ਅਤੇ ਦੋ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂਕੇ ਤੇ ਮਨਜੀਤ ਸਿੰਘ ਬਿਲਾਸਪੁਰ ਵੀ ਮੀਟਿੰਗ ਵਿਚ ਨਹੀਂ ਆਏ। ਮੁੱਖ ਤੌਰ ‘ਤੇ ਪਾਰਟੀ ਨਾਲ ਚਲਦੇ 11 ਵਿਧਾਇਕਾਂ ਵਿਚੋਂ 9 ਵਿਧਾਇਕ ਹੀ ਪਾਰਟੀ ਵਿਚ ਸ਼ਾਮਲ ਸਨ ਜਿਸ ਤੋਂ ਜਾਪਦਾ ਹੈ ਕਿ ਜਥੇਬੰਦੀ ਦੀ ਕਮਾਂਡ ਵੀ ਪ੍ਰਧਾਨਾਂ ਦੀ ਅਣਹੋਂਦ ਕਾਰਨ ਵਿਧਾਇਕਾਂ ਨੂੰ ਹੀ ਸੰਭਾਲਣੀ ਪੈ ਰਹੀ ਹੈ।
ਦਰਅਸਲ, ਲੋਕ ਸਭਾ ਦੀ ਚੋਣ ਤੋਂ ਬਾਅਦ ਪਾਰਟੀ ਦੀਆਂ ਹੋਈਆਂ ਤਿੰਨ ਅਹਿਮ ਮੀਟਿੰਗਾਂ ਵਿਚੋਂ ਇਕ ਵਿਚ ਵੀ ਪ੍ਰਧਾਨ ਭਗਵੰਤ ਮਾਨ ਸ਼ਾਮਲ ਨਹੀਂ ਹੋਏ। ਚੋਣਾਂ ਤੋਂ ਬਾਅਦ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਚੰਡੀਗੜ੍ਹ ਵਿਚ ਹੋਈ ਸੀ ਜਿਸ ਵਿਚ ਉਮੀਦਵਾਰਾਂ ਨੂੰ ਵੀ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਸੱਦਿਆ ਗਿਆ ਸੀ। ਇਸ ਤੋਂ ਬਾਅਦ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਸ੍ਰੀ ਮਾਨ ਸਮੇਤ ਪੰਜਾਬ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦੀ ਸੀ। ਇਸ ਮੀਟਿੰਗ ਵਿਚ ਵੀ ਸ੍ਰੀ ਮਾਨ ਸ਼ਾਮਲ ਨਹੀਂ ਹੋ ਸਕੇ ਸਨ। ਦਰਅਸਲ, ਸ੍ਰੀ ਮਾਨ ਦੀ ਚੋਣ ਜਿੱਤਣ ਤੋਂ ਬਾਅਦ ਅੱਜ ਤੱਕ ਕੇਜਰੀਵਾਲ ਨਾਲ ਮੁਲਾਕਾਤ ਹੀ ਨਹੀਂ ਹੋ ਸਕੀ। ਇਸ ਮੀਟਿੰਗ ਵਿਚ ਕੇਜਰੀਵਾਲ ਨੇ ਹਾਰੇ ਉਮੀਦਵਾਰਾਂ ਨੂੰ ਸੱਦਿਆ ਹੀ ਨਹੀਂ ਸੀ ਜਿਸ ਕਾਰਨ ਇਹ ਮੀਟਿੰਗ ਵੀ ਹਾਰ ਦਾ ਕੋਈ ਕਾਰਨ ਲੱਭਣ ਤੋਂ ਬਿਨਾਂ ਹੀ ਸਮਾਪਤ ਹੋ ਗਈ ਸੀ। ਕੇਜਰੀਵਾਲ ਨੇ ਬਾਅਦ ਵਿਚ ਉਮੀਦਵਾਰਾਂ ਨਾਲ ਵੀ ਮੀਟਿੰਗ ਕਰਨ ਦੀ ਗੱਲ ਕਹੀ ਸੀ ਪਰ ਅੱਜ ਤੱਕ ਅਜਿਹੀ ਮੀਟਿੰਗ ਨਹੀਂ ਕੀਤੀ ਗਈ ਜਿਸ ਤੋਂ ਸਾਫ ਹੈ ਕਿ ਪਾਰਟੀ ਵਿਧਾਨ ਸਭਾ ਚੋਣਾਂ ਵਾਂਗ ਹੁਣ ਲੋਕ ਸਭਾ ਚੋਣਾਂ ਦੀ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਗੰਭੀਰ ਨਹੀਂ ਹੈ।
_______________________________
ਬਾਗੀ ਵਿਧਾਇਕਾਂ ਦੀ ਮੁਅੱਤਲੀ ਲਈ ਦਿੱਲੀ ਸਪੀਕਰ ਕੋਲ ਪੁੱਜੀ ‘ਆਪ’
ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਿਲ ਹੋਏ ‘ਆਪ’ ਦੇ 2 ਬਾਗੀ ਵਿਧਾਇਕਾਂ ਦੀ ਮੁਅੱਤਲੀ ਦੀ ਮੰਗ ਨੂੰ ਲੈ ਕੇ ‘ਆਪ’ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਕੋਲ ਪਹੁੰਚ ਕੀਤੀ ਹੈ। ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਇਹ ਜਾਣਕਾਰੀ ਦਿੱਤੀ।ਦੱਸਣਯੋਗ ਹੈ ਕਿ ਦੋ ਵਿਧਾਇਕ ਅਨਿਲ ਵਾਜਪਾਈ ਅਤੇ ਦੇਵਿੰਦਰ ਸ਼ਹਿਰਾਵਤ ਖੁੱਲ੍ਹੇਆਮ ਪਾਰਟੀ ਦੇ ਆਲੋਚਕ ਸਨ ਅਤੇ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਿਲ ਹੋ ਗਏ ਸਨ। ਭਾਰਦਵਾਜ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਮੁਅੱਤਲ ਕਰਵਾਉਣ ਲਈ ਇਨ੍ਹਾਂ ਖਿਲਾਫ ਇਕ ਪਟੀਸ਼ਨ ਦਾਇਰ ਕਰਵਾਈ ਗਈ ਹੈ।
_______________________________
ਕਾਂਗਰਸ ਅੰਦਰੂਨੀ ਕਲੇਸ਼ ਨਿਬੇੜਨ ਵਿਚ ਨਾਕਾਮ
ਚੰਡੀਗੜ੍ਹ: ਲੋਕ ਸਭਾ ਮੈਂਬਰ ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਅਹੁਦਾ ਨਾ ਸੰਭਾਲੇ ਜਾਣ ਕਰਕੇ ਕਾਂਗਰਸ ਹਾਈਕਮਾਂਡ ਵਿਚ ਅਨਿਸਚਤਾ ਦਾ ਮਾਹੌਲ ਹੈ, ਜਿਸ ਦੇ ਚੱਲਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਵਿਭਾਗ ਦਾ ਚਾਰਜ ਸੰਭਾਲਣ ਉਤੇ ਵੀ ਸੁਆਲੀਆ ਨਿਸ਼ਾਨ ਹੀ ਹੈ।
ਕਾਂਗਰਸ ਪਾਰਟੀ ਦੇ ਇਕ ਸੀਨੀਅਰ ਆਗੂ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਚਾਰੇ ਪਾਸੇ ਅਨਿਸਚਤਾ ਦਾ ਮਾਹੌਲ ਬਣ ਗਿਆ ਹੈ। ਜਦੋਂ ਕਾਂਗਰਸ ਪ੍ਰਧਾਨ ਹੀ ਆਪਦਾ ਅਹੁਦਾ ਸੰਭਾਲਣ ਲਈ ਤਿਆਰ ਨਹੀਂ ਹੈ ਤੇ ਤੜਿੰਗ ਹੋ ਗਿਆ ਹੈ ਤਾਂ ਇਸ ਸਥਿਤੀ ਵਿਚ ਕੌਣ ਕਿਸੇ ਨੂੰ ਦਿਸ਼ਾ ਦੇ ਸਕਦਾ ਹੈ। ਜੇਕਰ ਕਾਂਗਰਸ ਪ੍ਰਧਾਨ ਨੇ ਅਹੁਦਾ ਨਹੀਂ ਸੰਭਾਲਣਾ ਸੀ ਤਾਂ ਉਹ ਘੱਟੋ ਘੱਟ ਕੋਈ ਕਮੇਟੀ ਬਣਾ ਦਿੰਦਾ, ਜਿਹੜੀ ਰੋਜ਼ਾਨਾ ਦਾ ਕੰਮ-ਕਾਜ ਚਲਾਉਂਦੀ। ਇਸ ਹਾਲਤ ਵਿਚ ਕੁਝ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਿੱਧੂ ਬਾਰੇ ਕੋਈ ਦਖਲ ਦੇਣ ਦੀ ਸਥਿਤੀ ਵਿਚ ਨਹੀਂ ਹੈ। ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਨਾ ਕਿਸੇ ਦਾ ਫੋਨ ਚੁੱਕਦੇ ਹਨ ਤੇ ਨਾ ਹੀ ਕੋਈ ਸੰਪਰਕ ਹੈ। ਇਸ ਲਈ ਉਹ ਕੀ ਫੈਸਲਾ ਕਰਨਗੇ, ਕਹਿਣਾ ਮੁਸ਼ਕਲ ਹੈ।
ਇਹ ਪੁੱਛੇ ਜਾਣ ਉਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਚੋਣ ਹਾਰ ਜਾਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਨ੍ਹਾਂ ਦੇ ਅਸਤੀਫੇ ਦਾ ਕੀ ਬਣੂਗਾ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਉਸ ਵੇਲੇ ਹੀ ਹੱਲ ਹੋਣਗੇ ਜਦੋਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਫੈਸਲਾ ਹੋ ਜਾਵੇਗਾ, ਉਸ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ ਨੇ ਮਤਾ ਪਾਸ ਕਰਕੇ ਜਾਖੜ ਦਾ ਅਸਤੀਫਾ ਰੱਦ ਕਰ ਦਿੱਤਾ ਸੀ ਤੇ ਕਾਂਗਰਸ ਹਾਈਕਮਾਂਡ ਨੂੰ ਕਿਹਾ ਸੀ ਕਿ ਜਾਖੜ ਨੂੰ ਹੀ ਇਸ ਅਹੁਦੇ ‘ਤੇ ਬਹਾਲ ਰੱਖਿਆ ਜਾਵੇ। ਇਹ ਮਤਾ ਕਾਂਗਰਸ ਪ੍ਰਧਾਨ ਨੂੰ ਭੇਜਿਆ ਗਿਆ ਸੀ ਤੇ ਜੇ ਕੌਮੀ ਪ੍ਰਧਾਨ ਖੁਦ ਹੀ ਆਪ ਦੇ ਅਹੁਦੇ ਉਤੇ ਬਿਰਾਜਮਾਨ ਨਹੀਂ ਹੈ ਤੇ ਇਸ ਲਈ ਸੂਬਾਈ ਕਾਂਗਰਸ ਦੇ ਪ੍ਰਧਾਨ ਦਾ ਭਵਿੱਖ ਵੀ ਨਵੇਂ ਪ੍ਰਧਾਨ ‘ਤੇ ਹੀ ਟਿਕਿਆ ਹੈ।
_______________________________
ਨਵਜੋਤ ਸਿੱਧੂ ਦੇ ਅਸਤੀਫੇ ਸਬੰਧੀ ਲੱਗੇ ਪੋਸਟਰ
ਮੁਹਾਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਪੰਜਾਬ ਵਿਚ ਜਨਤਕ ਥਾਵਾਂ ‘ਤੇ ਸ੍ਰੀ ਸਿੱਧੂ ਦੇ ਅਸਤੀਫੇ ਬਾਰੇ ਗੁੰਮਨਾਮ ਪੋਸਟਰ ਲਗਾਏ ਗਏ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਲੱਗੇ ਇਨ੍ਹਾਂ ਇਸ਼ਤਿਹਾਰਾਂ ‘ਤੇ ਲਿਖਿਆ ਗਿਆ ਹੈ ਕਿ ‘ਮੈਂ ਰਾਜਨੀਤੀ ਛੱਡਾਂਗਾ’, ਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਨੂੰ ਗੁਆ ਦਿੱਤਾ। ਨਵਜੋਤ ਸਿੰਘ ਸਿੱਧੂ ਤੁਸੀਂ ਕਦੋਂ ਰਾਜਨੀਤੀ ਛੱਡੋਗੇ? ਹੁਣ ਸਮਾਂ ਆ ਗਿਆ ਹੈ, ਤੁਹਾਡੇ ਸ਼ਬਦਾਂ ਨੂੰ ਪੁਗਾਉਣ ਦਾ, ਅਸੀਂ ਤੁਹਾਡੇ ਅਸਤੀਫੇ ਦੀ ਉਡੀਕ ਕਰ ਰਹੇ ਹਾਂ’। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸ੍ਰੀ ਸਿੱਧੂ ਆਪਣੀ ਪਾਰਟੀ ਦੇ ਆਗੂਆਂ ਅਤੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹਨ।