ਨਾਭਾ: ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਪ੍ਰੇਮੀ ਮਹਿੰਦਰਪਾਲ ਬਿੱਟੂ (49) ਦੀ ਜੇਲ੍ਹ ਵਿਚ ਬੰਦ ਦੋ ਹੋਰ ਕੈਦੀਆਂ ਨੇ ਇੱਟਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਬਿੱਟੂ ਨੂੰ ਤੁਰਤ ਨਾਭਾ ਦੇ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਜਾਣਕਾਰੀ ਅਨੁਸਾਰ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜੇਲ੍ਹ ਵਿਚ ਕਤਲ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਕੈਦੀ ਗੁਰਸੇਵਕ ਸਿੰਘ ਵਾਸੀ ਪਿੰਡ ਝਿਊਰ ਮਾਜਰਾ (ਸੁਹਾਣਾ) ਤੇ ਮਨਿੰਦਰ ਸਿੰਘ ਵਾਸੀ ਪਿੰਡ ਭਗੜਾਣਾ ਥਾਣਾ ਬਡਾਲੀ ਆਲਾ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਕੁਝ ਹੋਰ ਸੂਤਰਾਂ ਅਨੁਸਾਰ ਹਮਲੇ ਵਿਚ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ ਗਈ ਹੈ। ਇਹ ਰਾਡਾਂ ਹਮਲਾਵਰਾਂ ਨੇ ਉਸਾਰੀ ਵਾਲੀ ਥਾਂ ਤੋਂ ਚੁੱਕੀਆਂ ਸਨ। ਹਮਲੇ ਵਿਚ ਬਿੱਟੂ ਗੰਭੀਰ ਜਖਮੀ ਹੋ ਗਿਆ ਤੇ ਉਸ ਦੇ ਸਿਰ ਵਿਚ ਡੂੰਘੀਆਂ ਸੱਟਾਂ ਲੱਗੀਆਂ।
ਮਹਿੰਦਰਪਾਲ ਬਿੱਟੂ ਖਿਲਾਫ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਖਿਲਾਰਨ, ਕੋਟਕਪੂਰਾ ਵਿਚ ਧਾਰਮਿਕ ਸਾਖੀ ਦੀ ਬੇਦਅਬੀ ਕਰਨ ਅਤੇ ਮੋਗਾ ਵਿਚ ਡੇਰਾ ਪ੍ਰੇਮੀਆਂ ਨੂੰ ਭੜਕਾ ਕੇ ਰੇਲਵੇ ਲਾਈਨਾਂ ਰੋਕਣ ਦੇ ਕੁੱਲ ਤਿੰਨ ਮਾਮਲੇ ਦਰਜ ਸਨ। ਮਹਿੰਦਰਪਾਲ ਬਿੱਟੂ ਡੇਰਾ ਸੱਚਾ ਸੌਦਾ ਦੇ ‘ਸੱਚ ਫੂਡ’ ਦੇ ਕਾਰੋਬਾਰ ਨੂੰ ਪੰਜਾਬ ਵਿਚ ਚਲਾ ਰਿਹਾ ਸੀ, ਜਿਸ ਵਿਚੋਂ ਉਸ ਨੂੰ ਹਰ ਮਹੀਨੇ 2-3 ਲੱਖ ਰੁਪਏ ਦੀ ਆਮਦਨ ਹੁੰਦੀ ਸੀ। ਇਸ ਤੋਂ ਇਲਾਵਾ ਉਹ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਬੁਰਜ ਜਵਾਹਰ ਸਿੰਘ ਵਾਲਾ ਵਿਚ ਗੁਰੂ ਗ੍ਰੰਥ ਸਾਹਿਬ ਚੋਰੀ ਹੋਣ ਤੋਂ ਬਾਅਦ ਗੁਰਦੁਆਰਾ ਨੇੜੇ ਕਤਲ ਕੀਤੇ ਗਏ। ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਮੌਤ ਤੋਂ ਬਾਅਦ ਮਹਿੰਦਰਪਾਲ ਬਿੱਟੂ ਸੁਰਖੀਆਂ ਵਿਚ ਆਇਆ ਸੀ। ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਕਾਤਲਾਂ ਦੀ ਗ੍ਰਿਫਤਾਰ ਲਈ ਫਰੀਦਕੋਟ ਵਿਚ ਲੱਗੇ ਵਿਸ਼ਾਲ ਰੋਸ ਧਰਨੇ ਤੋਂ ਬਾਅਦ ਮਹਿੰਦਰਪਾਲ ਉਰਫ ਬਿੱਟੂ ਦਾ ਇਕ ਉੱਚ ਪੁਲੀਸ ਅਧਿਕਾਰੀ ਨਾਲ ਟਕਰਾਅ ਵੀ ਹੋ ਗਿਆ ਸੀ।
____________________________
ਬੇਅਦਬੀ ਦੇ ਰੋਸ ਵਜੋਂ ਹੋਈ ਡੇਰਾ ਪ੍ਰੇਮੀ ਦੀ ਹੱਤਿਆ: ਸੁਖਬੀਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਨੂੰ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਰੋਸ ਦਾ ਸਿੱਟਾ ਦੱਸਿਆ। ਉਨ੍ਹਾਂ ਡੇਰਾ ਪ੍ਰੇਮੀ ਦੀ ਹੱਤਿਆ ਦੀ ਨਿੰਦਾ ਕਰਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ। ਸਿੱਖ ਨੌਜਵਾਨ ਦੇ ਝੂਠੇ ਪੁਲਿਸ ਮੁਕਾਬਲੇ ਵਿਚ ਸਜ਼ਾ ਯਾਫਤਾ ਚਾਰ ਪੁਲਿਸ ਕਰਮਚਾਰੀਆਂ ਦੀ ਸਜ਼ਾ ਮੁਆਫੀ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਕਦੇ ਵੀ ਇਨ੍ਹਾਂ ਦੀ ਰਿਹਾਈ ਸਬੰਧੀ ਸਿਫਾਰਸ਼ ਨਹੀਂ ਕੀਤੀ ਗਈ।
____________________________
ਬੰਬੀਹਾ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ
ਨਾਭਾ: ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿਚ ਹੋਏ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲੈ ਲਈ ਹੈ। ਗੈਂਗਸਟਰ ਬੰਬੀਹਾ ਗਰੁੱਪ ਦੇ ਮੈਂਬਰ ਦਵਿੰਦਰ ਬੰਬੀਹਾ ਨੇ ਫੇਸਬੁੱਕ ਪੋਸਟ ‘ਚ ਲਿਖਿਆ ਕਿ ਇਹ ਸਜ਼ਾ ਬਰਗਾੜੀ ਵਿਚ ਬੇਅਦਬੀ ਕਰ ਕੇ ਦਿੱਤੀ ਗਈ ਹੈ। ਪੋਸਟ ਵਿਚ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਨੂੰ ਦੋਵਾਂ ਨਾਲ ਕੋਈ ਵਧੀਕੀ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
____________________________
ਡੇਰਾ ਪ੍ਰੇਮੀਆਂ ਨੂੰ ਪਹਿਲਾਂ ਹੀ ਹਮਲੇ ਬਾਰੇ ਸੀ ਖਦਸ਼ਾ
ਫਰੀਦਕੋਟ: ਨਾਭਾ ਜੇਲ੍ਹ ਵਿਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਬਾਕੀ ਤਿੰਨ ਸਾਥੀ ਹਵਾਲਾਤੀਆਂ ਨੇ ਆਪਣੇ ਉਪਰ ਕਾਤਲਾਨਾ ਹਮਲਾ ਹੋਣ ਦੀ ਸੰਭਾਵਨਾ ਹਾਦਸੇ ਤੋਂ ਪਹਿਲਾਂ ਹੀ ਜਿਤਾਈ ਸੀ ਅਤੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧਾਂ ਦੀ ਮੰਗ ਕੀਤੀ ਸੀ। ਇਸ ਦੇ ਬਾਵਜੂਦ ਪ੍ਰਬੰਧ ਨਾ ਹੋਣ ਕਰਕੇ ਨਾਭਾ ਜੇਲ੍ਹ ਵਿਚ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ। ਇਸ ਤੋਂ ਪਹਿਲਾਂ ਉਹ ਫਰੀਦਕੋਟ ਜੇਲ੍ਹ ਵਿਚ ਨਜ਼ਰਬੰਦ ਸੀ। ਉਸ ਦੇ ਨਾਲ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸਨੀ ਅਤੇ ਮਹਿੰਦਰਪਾਲ ਸਿੰਘ ਨਜ਼ਰਬੰਦ ਸਨ। ਫਰੀਦਕੋਟ ਜੇਲ੍ਹ ਨੇ ਸੰਭਾਵੀ ਖਤਰੇ ਨੂੰ ਦੇਖਦਿਆਂ ਬੇਅਦਬੀ ਨਾਲ ਜੁੜੇ ਡੇਰਾ ਪ੍ਰੇਮੀਆਂ ਨੂੰ ਵਿਸ਼ੇਸ਼ ਸੈੱਲ ਵਿਚ ਨਜ਼ਰਬੰਦ ਕੀਤਾ ਹੋਇਆ ਸੀ ਪਰ ਦੋ ਮਹੀਨੇ ਪਹਿਲਾਂ ਮਹਿੰਦਰਪਾਲ ਬਿੱਟੂ ਨੂੰ ਬਾਕੀ ਸਾਥੀਆਂ ਸਮੇਤ ਨਾਭੇ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਸੀ। ਕਤਲ ਹੋਣ ਤੋਂ ਪਹਿਲਾਂ ਮਹਿੰਦਰਪਾਲ ਬਿੱਟੂ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਛੇ ਅਰਜ਼ੀਆਂ ਲਿਖੀਆਂ ਸਨ ਅਤੇ ਖਦਸ਼ਾ ਜਾਹਰ ਕੀਤਾ ਸੀ ਕਿ ਉਨ੍ਹਾਂ ਉਪਰ ਹਮਲਾ ਸਕਦਾ ਹੈ। ਇਸੇ ਅਧਾਰ ‘ਤੇ ਮਹਿੰਦਰਪਾਲ ਬਿੱਟੂ ਨੇ ਜ਼ਮਾਨਤ ਦੀ ਵੀ ਮੰਗ ਕੀਤੀ ਸੀ, ਜਿਸ ਦਾ ਫੈਸਲਾ ਹਾਈਕੋਰਟ ਨੇ ਅਜੇ ਕਰਨਾ ਸੀ।