ਪੰਜਾਬ ‘ਚ ਔਰਤਾਂ ਖਿਲਾਫ ਜ਼ੁਲਮਾਂ ਦੇ ਡਰਾਉਣੇ ਅੰਕੜੇ

ਚੰਡੀਗੜ੍ਹ: ਪੰਜਾਬ ਵਿਚ ਔਰਤਾਂ ਖਿਲਾਫ ਹੁੰਦੇ ਅਪਰਾਧਾਂ ਖਾਸ ਕਰ ਕੇ ਜਬਰ ਜਨਾਹ ਤੇ ਜਿਸਮਾਨੀ ਛੇੜਛਾੜ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸੂਬੇ ‘ਚ ਰੋਜ਼ਾਨਾ 2 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਹੁੰਦੇ ਹਨ ਤੇ 7 ਔਰਤਾਂ ਛੇੜਛਾੜ, ਦਹੇਜ ਹਿੰਸਾ, ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ਵਿਚ ਸਾਲ 2012 ਤੋਂ 15 ਜੂਨ 2019 ਤੱਕ (ਤਕਰੀਬਨ 2,730 ਦਿਨਾਂ ਦੌਰਾਨ) ਬਲਾਤਕਾਰ ਦੇ 6,060 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦਕਿ ਇਸੇ ਸਮੇਂ ਦੌਰਾਨ ਦਹੇਜ ਲਈ ਤਸ਼ੱਦਦ ਢਾਹੁਣ, ਘਰੇਲੂ ਹਿੰਸਾ ਅਤੇ ਜਿਸਮਾਨੀ ਛੇੜਛਾੜ ਦੀਆਂ 19 ਹਜ਼ਾਰ ਦੇ ਕਰੀਬ ਘਟਨਾਵਾਂ ਵਾਪਰ ਚੁੱਕੀਆਂ ਹਨ। ਜਦਕਿ ਮਹਿਲਾ ਪੁਲਿਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਜਬਰ ਜਨਾਹ ਤੇ ਛੇੜਛਾੜ ਦੀਆਂ ਬਹੁਤ ਸਾਰੀਆਂ ਘਟਨਾਵਾਂ ‘ਇੱਜ਼ਤ ਖਾਤਰ ਪਰਦਾ ਪਾਈ ਰੱਖਣ’ ਦੀ ਰਵਾਇਤ ਕਰ ਕੇ ਪੁਲਿਸ ਦੇ ਰਿਕਾਰਡ ਵਿਚ ਆਉਂਦੀਆਂ ਹੀ ਨਹੀਂ। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ‘ਤੇ ਹੁੰਦੇ ਅਤਿਆਚਾਰ ਦੇ ਮਾਮਲਿਆਂ ਵਿਚ ਸਖਤ ਕਾਰਵਾਈ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਫਿਰ ਵੀ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪੁਲਿਸ ਰਿਕਾਰਡ ਮੁਤਾਬਕ ਵੀ ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦਹੇਜ ਅਤੇ ਜਿਸਮਾਨੀ ਛੇੜਛਾੜ ਦੀਆਂ ਘਟਨਾਵਾਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਿਚ ਜ਼ਿਆਦਾ ਵਾਪਰੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਘਰੇਲੂ ਹਿੰਸਾ ਦੇ ਮਾਮਲੇ ਆਮ ਤੌਰ ‘ਤੇ ਪੁਲਿਸ ਰਿਕਾਰਡ ਵਿੱਚ ਨਹੀਂ ਆਉਂਦੇ। ਕਈ ਮੌਕਿਆਂ ‘ਤੇ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ‘ਚ ਘਰੇਲੂ ਹਿੰਸਾ ਕਾਨੂੰਨ ਨੂੰ ਲਾਗੂ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਗਏ। ਕੰਮਕਾਜੀ ਔਰਤਾਂ ਨੂੰ ਛੇੜਛਾੜ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੁਲਿਸ ਵੱਲੋਂ ਵੀ ਢਿੱਲ ਵਰਤਣ ਦੇ ਮਾਮਲੇ ਸਾਹਮਣੇ ਆਏ ਹਨ ਤੇ ਘਰੇਲੂ ਹਿੰਸਾ ਦੇ ਕਿਸੇ ਵੀ ਕੇਸ ਵਿਚ ਸਜ਼ਾ ਨਹੀਂ ਸੁਣਾਈ ਗਈ। ਕੌਮਾਂਤਰੀ ਪੱਧਰ ‘ਤੇ ਹੋਏ ਇਕ ਸਰਵੇਖਣ ਵਿਚ ਵੀ ਭਾਰਤ ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਦੇ ਮਾਮਲਿਆਂ ਵਿਚ ਦੁਨੀਆਂ ‘ਚੋਂ ਪਹਿਲੇ ਨੰਬਰ ਉਤੇ ਹੈ। ਸਰਕਾਰ ਦਾ ਕਹਿਣਾ ਹੈ ਕਿ ਹਿੰਸਾ ਦਾ ਸ਼ਿਕਾਰ ਜੋ ਔਰਤਾਂ ਥਾਣੇ ਜਾਣ ਤੋਂ ਝਿਜਕ ਮਹਿਸੂਸ ਕਰਦੀਆਂ ਹਨ, ਉਹ ਟੋਲ ਫਰੀ ਨੰਬਰ ‘ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੀਆਂ ਹਨ। ਔਰਤਾਂ ਵਿਰੁੱਧ ਅਪਰਾਧਾਂ ਦੀ ਰੋਜ਼ਾਨਾ ਏ.ਡੀ.ਜੀ.ਪੀ. ਪੱਧਰ ‘ਤੇ ਨਿਗਰਾਨੀ ਹੁੰਦੀ ਹੈ। ਔਰਤਾਂ ਦੀ ਸਹਾਇਤਾ ਲਈ ਡੀ.ਐਸ਼ਪੀ. ਪੱਧਰ ਤੱਕ ਮਹਿਲਾਵਾਂ ਦੀ ਭਰਤੀ ਕੀਤੀ ਗਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਵਿਚ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ। ਇਸ ਸੰਗੀਨ ਅਪਰਾਧ ਦੀ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਸਮੂਹਿਕ ਬਲਾਤਕਾਰ ਵਰਗੀ ਘਟਨਾ ਦਾ ਸ਼ਿਕਾਰ ਹੋਣ ਵਾਲੀਆਂ ਮਹਿਲਾਵਾਂ ਜਾਂ ਲੜਕੀਆਂ ਆਪਣੇ ਨਾਲ ਹੁੰਦੀ ਜ਼ਿਆਦਤੀ ਨੂੰ ਪੁਲਿਸ ਦੇ ਰਿਕਾਰਡ ਵਿਚ ਨਹੀਂ ਲਿਆਉਂਦੀਆਂ ਤੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਪਰਦਾ ਪਾਈ ਰੱਖਣ ਵਿਚ ਹੀ ਭਲਾ ਸਮਝਦੀਆਂ ਹਨ।
___________________________
ਮਾਲਵੇ ‘ਚ ਵਾਪਰੀਆਂ ਜ਼ਿਆਦਾਤਰ ਘਟਨਾਵਾਂ
ਜਬਰ ਜਨਾਹ ਦੀਆਂ ਘਟਨਾਵਾਂ ਮਾਲਵੇ ਦੇ ਜ਼ਿਲ੍ਹਿਆਂ ਲੁਧਿਆਣਾ ਸ਼ਹਿਰ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਵਿਚ ਸਭ ਤੋਂ ਜ਼ਿਆਦਾ ਵਾਪਰੀਆਂ ਹਨ। ਲੁਧਿਆਣਾ (ਦਿਹਾਤੀ) ਤੇ ਪਠਾਨਕੋਟ ਦੋ ਅਜਿਹੇ ਜ਼ਿਲ੍ਹੇ ਹਨ ਜਿਥੇ ਜਬਰ ਜਨਾਹ ਦੀਆਂ ਘਟਨਾਵਾਂ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਬਹੁਤ ਘੱਟ ਵਾਪਰੀਆਂ ਹਨ। ਪੰਜਾਬ ਵਿਚ 2012 ਦੌਰਾਨ ਬਲਾਤਕਾਰ ਦੀਆਂ 680, ਸਾਲ 2013 ਦੌਰਾਨ 888, ਸਾਲ 2014 ਦੌਰਾਨ 981 ਅਤੇ ਸਾਲ 2015 ਦੌਰਾਨ 800 ਦੇ ਕਰੀਬ, 2016 ਦੌਰਾਨ 783, 2017 ਦੌਰਾਨ 682, ਸਾਲ 2018 ਦੌਰਾਨ 839 ਅਤੇ ਸਾਲ 2019 ਦੌਰਾਨ 15 ਜੂਨ ਤੱਕ 407 ਘਟਨਾਵਾਂ ਵਾਪਰ ਚੁੱਕੀਆਂ ਹਨ।