ਰਾਂਚੀ: ਕੌਮਾਂਤਰੀ ਯੋਗ ਦਿਵਸ ਮੌਕੇ ਇਥੋਂ ਦੀ ਪ੍ਰਭਾਤ ਤਾਰਾ ਗਰਾਊਂਡ ‘ਚ ਤਕਰੀਬਨ 40 ਹਜ਼ਾਰ ਲੋਕਾਂ ਨਾਲ ਵੱਖ-ਵੱਖ ਯੋਗ ਆਸਨਾਂ ‘ਚ ਹਿੱਸਾ ਲੈਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਯੋਗ ਸਮਾਜ ਦੇ ਹਰ ਖੇਤਰ ‘ਚ ਲੈ ਕੇ ਜਾਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਯੋਗ ਸਭ ਤੋਂ ਉਪਰ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਯੋਗ ਨੂੰ ਜ਼ਿੰਦਗੀ ਦਾ ਇਕ ਮਹੱਤਵਪੂਰਨ ਹਿੱਸਾ ਬਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਯੋਗ ਨੂੰ ਸ਼ਹਿਰਾਂ ਤੋਂ ਪਿੰਡਾਂ ਤੇ ਕਬਾਇਲੀ ਖੇਤਰਾਂ ‘ਚ ਲੈ ਕੇ ਜਾਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਯੋਗ ਧਰਮ, ਜਾਤ, ਰੰਗ, ਲਿੰਗ, ਖੇਤਰ ਤੇ ਹਰੇਕ ਚੀਜ ਤੋਂ ਉੱਪਰ ਹੈ। 5ਵੇਂ ਯੋਗ ਦਿਵਸ ਸਬੰਧੀ ਮੁੱਖ ਸਮਾਗਮ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਹੋਇਆ। ਇਥੇ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਸਦੀਆਂ ਤੋਂ ਲਗਾਤਾਰ ਵਿਕਸਿਤ ਹੋ ਰਿਹਾ ਹੈ। ਯੋਗ ਦਾ ਮੂਲ ਸਥਿਰ ਹੈ ਤੇ ਇਹ ਹਮੇਸ਼ਾ ਇਕ ਸਮਾਨ ਰਹਿੰਦਾ ਹੈ। ਯੋਗ ਗਿਆਨ, ਕਰਮ ਤੇ ਭਗਤੀ ਦਾ ਬਹੁਤ ਵਧੀਆ ਸੋਮਾ ਹੈ। ਅੱਜ ਦੀ ਵਿਅਸਤ ਜੀਵਨ ਸ਼ੈਲੀ ‘ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਵੀ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਿਹਾ ਹੈ, ਪਰ ਯੋਗ ਇਨ੍ਹਾਂ ਬਿਮਾਰੀਆਂ ਤੇ ਹੋਰ ਕਈ ਮੁਸ਼ਕਲਾਂ ਨਾਲ ਲੜਨ ‘ਚ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ।
ਉਨ੍ਹਾਂ ਕਿਹਾ ਇਸ ਸਾਲ ਯੋਗ ਦਿਵਸ ਦਾ ਵਿਸ਼ਾ ਵੀ ‘ਦਿਲ ਲਈ ਯੋਗ’ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਯੋਗ ਨੂੰ ਸਿਹਤ ਦੇਖਭਾਲ ਦਾ ਇਕ ਸਤੰਭ ਬਣਾਉਣ ‘ਚ ਵੀ ਕੰਮ ਕਰ ਰਹੀ ਹੈ। ਭਾਰਤ ‘ਚ ਯੋਗ ਬਾਰੇ ਜਾਗਰੂਕਤਾ ਹਰੇਕ ਕੋਨੇ ਤੇ ਖੇਤਰ ‘ਚ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਡਰਾਇੰਗ ਰੂਮ ਤੋਂ ਲੈ ਕੇ ਬੈਡਰੂਮ ਤੱਕ, ਸ਼ਹਿਰ ਦੀਆਂ ਪਾਰਕਾਂ ਤੋਂ ਲੈ ਕੇ ਸਪੋਰਟਸ ਕੰਪਲੈਕਸ ਤੱਕ ਯੋਗ ਦਾ ਹਰੇਕ ਥਾਂ ‘ਤੇ ਅਨੁਭਵ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਯੋਗ ਪੂਰੇ ਵਿਸ਼ਵ ‘ਚ ਫੈਲ ਚੁੱਕਾ ਹੈ ਤਾਂ ਜਿਵੇਂ ਇਕ ਫੋਨ ਨੂੰ ਨਵੇਂ ਸਾਫਟਵੇਅਰ ਨਾਲ ਅਪਡੇਟ ਕੀਤਾ ਜਾਂਦਾ ਹੈ ਤਾਂ ਯੋਗ ਨੂੰ ਵੀ ਨਵੀਆਂ ਖੋਜਾਂ ਨਾਲ ਅਪਡੇਟ ਕਰਨ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਕੌਮਾਂਤਰੀ ਯੋਗ ਦਿਵਸ 2015 ਤੋਂ ਹਰੇਕ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ।
______________________________________
ਓਮ ਦੇ ਮੰਤਰਾਂ ਨਾਲ ਗੂੰਜਿਆ ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ: ਪਹਿਲੀ ਵਾਰ ਵੱਖਰੀ ਕਿਸਮ ਨਾਲ ਕੌਮਾਂਤਰੀ ਯੋਗ ਦਿਵਸ ਮਨਾਉਣ ਮੌਕੇ ਸੰਯੁਕਤ ਰਾਸ਼ਟਰ ਮਹਾਸਭਾ ਦਾ ਹਾਲ ਓਮ ਤੇ ਸ਼ਾਂਤੀ ਦੇ ਮੰਤਰਾਂ ਨਾਲ ਗੂੰਜਿਆ, ਜਿਥੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਤੇ ਕੂਟਨੀਤਿਕਾਂ ਨੇ ਜਲਵਾਯੂ ਤਬਦੀਲੀ ‘ਤੇ ਜਾਗਰੂਕਤਾ ਫੈਲਾਉਣ, ਸਹਿਣਸ਼ੀਲਤਾ ਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਦੇ ਯੋਗ ਦੇ ਸੰਦੇਸ਼ ਨੂੰ ਹਰੇਕ ਦੇਸ਼ ‘ਚ ਪਹੁੰਚਾਉਣ ਲਈ ਆਸਨ ਤੇ ਪ੍ਰਾਣਯਾਮ ਵਿਚ ਹਿੱਸਾ ਲਿਆ। ਕੌਮਾਂਤਰੀ ਯੋਗ ਦਿਵਸ ਮਨਾਉਣ ਲਈ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਵਲੋਂ ਕਰਵਾਏ ਗਏ ਸਮਾਗਮ ਸਬੰਧੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਹਾਲ, ਜਿਥੇ ਹਰੇਕ ਸਾਲ ਸੰਯੁਕਤ ਰਾਸ਼ਟਰ ਦੇ ਉਚ-ਪੱਧਰੀ ਇਜਲਾਸ ‘ਚ ਹਿੱਸਾ ਲੈਣ ਲਈ ਪੂਰੇ ਵਿਸ਼ਵ ਤੋਂ ਨੇਤਾ ਇੱਕਠੇ ਹੁੰਦੇ ਹਨ, ਵਿਚ ਸੰਯੁਕਤ ਰਾਸ਼ਟਰ ਦੇ ਕੂਟਨੀਤਿਕਾਂ, ਅਧਿਕਾਰੀਆਂ, ਯੋਗ ਗੁਰੂਆਂ, ਡਾਕਟਰਾਂ, ਬੱਚਿਆਂ ਤੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਹਿੱਸਾ ਲਿਆ।
______________________________
ਵਿਸ਼ਵ ਦੇ ਸਭ ਤੋਂ ਤਾਕਤਵਰ ਵਿਅਕਤੀ ਬਣੇ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ਵ ਨੇ ਇਕ ਵਾਰ ਫਿਰ ਤੋਂ ਲੋਹਾ ਮੰਨਿਆ ਹੈ। ਬਰਤਾਨੀਆ ਦੇ ਮਾਸਿਕ ਮੈਗਜ਼ੀਨ ਹੈਰਲਡ ਵੱਲੋਂ ਕਰਵਾਏ ਸਰਵੇਖਣ ਦੌਰਾਨ ਪਾਠਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਲ 2019 ‘ਚ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਚੁਣਿਆ ਹੈ। ਹੈਰਲਡ ਦੇ ਇਸ ਸਰਵੇਖਣ ‘ਚ 25 ਤੋਂ ਜ਼ਿਆਦਾ ਹਸਤੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਸ ‘ਚ ਦੁਨੀਆ ਦੇ ਤਾਕਤਵਰ ਨੇਤਾਵਾਂ ਜਿਵੇਂ ਵਲਾਦੀਮੀਰ ਪੁਤਿਨ, ਡੋਨਾਲਡ ਟਰੰਪ ਤੇ ਸ਼ੀ ਜਿਨਪਿੰਗ ਨੂੰ ਜਗ੍ਹਾ ਦਿੱਤੀ ਗਈ ਸੀ।
ਇਨ੍ਹਾਂ ਸ਼ਖ਼ਸੀਅਤਾਂ ਨੂੰ ਜੱਜ ਕਰਨ ਵਾਲੇ ਪੈਨਲ ਨੇ ਸਭ ਤੋਂ ਤਾਕਤਵਰ ਵਿਅਕਤੀ ਦੀ ਚੋਣ ਲਈ 4 ਉਮੀਦਵਾਰਾਂ ਦੇ ਨਾਂ ਸਾਹਮਣੇ ਰੱਖੇ ਸਨ, ਜਿਨ੍ਹਾਂ ਲਈ ਵੋਟਾਂ ਪਵਾਈਆਂ ਗਈਆਂ। ਮੈਗਜ਼ੀਨ ਵਲੋਂ ਜਾਅਲੀ ਵੋਟਾਂ ਨੂੰ ਰੋਕਣ ਲਈ ਵੋਟਰਾਂ ਨੂੰ ਓ.ਟੀ.ਪੀ. (ਵਨ ਟਾਈਮ ਪਾਸਵਰਡ) ਮੁਹੱਈਆ ਕਰਵਾਏ ਗਏ ਸਨ, ਤਾਂ ਕਿ ਕੋਈ ਵੋਟਰ ਇਕ ਤੋਂ ਜ਼ਿਆਦਾ ਵਾਰ ਵੋਟ ਨਾ ਕਰ ਸਕੇ, ਪਰ ਵੋਟਰਾਂ ਵਲੋਂ ਦਿਖਾਏ ਉਤਸ਼ਾਹ ਕਾਰਨ ਮੈਗਜ਼ੀਨ ਦੀ ਵੈੱਬਸਾਈਟ ਕਰੈਸ਼ ਹੋ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਜ਼ਿਆਦਾ 30.9 ਫੀਸਦੀ ਵੋਟਾਂ ਮਿਲੀਆਂ। ਹੈਰਲਡ ਮੈਗਜ਼ੀਨ ਦੇ ਨਵੇਂ ਅੰਕ ਦੇ ਮੁੱਖ ਪੰਨੇ ‘ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਜਾਵੇਗੀ, ਜੋ ਕਿ 15 ਜੁਲਾਈ ਨੂੰ ਜਾਰੀ ਹੋਵੇਗਾ।