ਸਿੱਖ ਇਤਿਹਾਸ ਵਿਚ ਬੀਬੀਆਂ ਦਾ ਯੋਗਦਾਨ

ਡਾæ ਗੁਰਨਾਮ ਕੌਰ, ਕੈਨੇਡਾ
ਇਹ ਲੇਖ ਲੜੀ ਸਿੱਖ ਇਤਿਹਾਸ ਵਿਚ ਨਾ ਸਿਰਫ ਬੀਬੀਆਂ ਦੇ ਯੋਗਦਾਨ ਨੂੰ ਦੇਖਣ-ਸਮਝਣ ਲਈ ਹੈ, ਬਲਕਿ ਪੁਰਾਤਨ ਯੋਗਦਾਨ ਦੇ ਸੰਦਰਭ ਵਿਚ ਇਹ ਦੇਖਣ ਲਈ ਵੀ ਹੈ ਕਿ ਵਰਤਮਾਨ ਵਿਚ ਬੀਬੀਆਂ ਦੇ ਸਾਹਮਣੇ ਕੀ ਚੁਣੌਤੀਆਂ ਹਨ, ਜਿਨ੍ਹਾਂ ਨਾਲ ਸਿੱਝਣ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਹੁਣੇ ਹੁਣੇ ਨਿਊ ਯਾਰਕ ਵਿਚ ‘ਗਲੋਬਲ ਸਿੱਖ ਆਰਗੇਨਾਈਜੇਸ਼ਨ’ ਵੱਲੋਂ ਇਸ ਵਿਸ਼ੇ ‘ਤੇ ਸੰਖੇਪ ਚਰਚਾ ਕੀਤੀ ਗਈ ਸੀ। ਇਸ ਵਿਸ਼ੇ ਵੱਲ ਜਾਣ ਤੋਂ ਪਹਿਲਾਂ ਇਹ ਦੇਖਣ ਅਤੇ ਘੋਖਣ ਦੀ ਲੋੜ ਹੈ ਕਿ ਸਿੱਖ ਧਰਮ-ਚਿੰਤਨ ਵਿਚ ਇਸਤਰੀ ਦਾ ਸਥਾਨ ਕੀ ਹੈ? ਕਿਉਂਕਿ ਜਿਸ ਕਿਸਮ ਦਾ ਰੁਤਬਾ ਇਸਤਰੀ ਨੂੰ ਕਿਸੇ ਧਰਮ-ਚਿੰਤਨ ਵਿਚ ਪ੍ਰਾਪਤ ਹੋਵੇਗਾ, ਉਸ ਮੁਤਾਬਕ ਹੀ ਉਹ ਆਪਣਾ ਯੋਗਦਾਨ ਪਾ ਸਕਦੀ ਹੈ।
ਸਿੱਖ ਧਰਮ ਇੱਕ ਅਜਿਹਾ ਧਰਮ ਹੈ ਜਿਸ ਵਿਚ ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਾ ਸਥਾਨ ਪ੍ਰਾਪਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੀ ਨਹੀਂ ਬਲਕਿ ਸਰਬ ਸਮਿਆਂ ਵਾਸਤੇ ਸਿੱਖਾਂ ਦਾ ਸ਼ਬਦ ਗੁਰੂ ਹੈ। ਇਹ ਦਰਜ਼ਾ ਦਸਮ ਪਾਤਿਸ਼ਾਹ ਨੇ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਦੀ ਬਾਣੀ ‘ਗ੍ਰੰਥ ਸਾਹਿਬ’ ਵਿਚ ਸ਼ਾਮਲ ਕਰਕੇ, ਹਜ਼ੂਰ ਸਾਹਿਬ (ਨਾਂਦੇੜ) ਵਿਖੇ 1708 ਈਸਵੀ ਵਿਚ ਬਾਕਾਇਦਾ ਪਰੰਪਰਾ ਅਨੁਸਾਰ ਦਿੱਤਾ ਅਤੇ ਸਿੱਖਾਂ ਨੂੰ ਬਾਣੀ ਨੂੰ ਗੁਰੂ ਮੰਨ ਕੇ ਸ਼ਬਦ-ਗੁਰੂ ਤੋਂ ਅਗਵਾਈ ਲੈ ਕੇ ਇਸ ਦੇ ਅਦੇਸ਼ ਵਿਚ ਚੱਲਣ ਦੀ ਆਗਿਆ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਦੀ ਜਨਮ ਮੂਲਕ ਬਰਾਬਰੀ ਦਾ ਜੋ ਸਿਧਾਂਤ ਦਿੱਤਾ ਗਿਆ ਹੈ, ਉਹ ਹੈ, “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ।” ਬਾਣੀ ਵਿਚ ਇਹ ਨਹੀਂ ਕਿਹਾ ਗਿਆ ਕਿ ਪੁਰਸ਼ ਜਗ ਵਿਚ ਆਇਆ ਜਾਂ ਇਸਤਰੀ ਜੱਗ ਵਿਚ ਆਈ। ਗੁਰਬਾਣੀ ਵਿਚ ਪ੍ਰਾਪਤ ਸਿਧਾਂਤ ਅਨੁਸਾਰ ਜੀਵ ਉਦੋਂ ਸੰਸਾਰ ‘ਤੇ ਆਉਂਦਾ ਹੈ, ਜਦੋਂ ਵਾਹਿਗੁਰੂ ਆਪਣੀ ਜੋਤਿ ਉਸ ਅੰਦਰ ਰੱਖਦਾ ਹੈ। ਇਸ ਤਰ੍ਹਾਂ ਸਾਰੇ ਜੀਵਾਂ ਵਿਚ, ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼, ਉਸ ਅਕਾਲ ਪੁਰਖ ਦੀ ਜੋਤਿ ਬਿਰਾਜਮਾਨ ਹੈ ਅਤੇ ਮਨੁੱਖ ਦੇ ਸਾਹਮਣੇ ਜੋ ਆਦਰਸ਼ ਰੱਖਿਆ ਗਿਆ, ਉਹ ਹੈ, “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥” ਆਪਣੇ ਮੂਲੁ ਨੂੰ ਪਛਾਨਣ ਦੀ ਜੋ ਗੁਰਮਤਿ-ਜੁਗਤਿ ਸਾਹਮਣੇ ਆਈ ਹੈ, ਉਹ ਗੁਰੂ ਨਾਨਕ ਪਾਤਿਸ਼ਾਹ ਨੇ ‘ਜਪੁਜੀ’ ਵਿਚ ਹੀ ਸਪੱਸ਼ਟ ਕਰ ਦਿੱਤੀ ਹੈ ਜਦੋਂ ਉਹ ਪ੍ਰਸ਼ਨ ਸਾਹਮਣੇ ਰੱਖਦੇ ਹਨ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’ ਅਤੇ ਫਿਰ ਆਪ ਹੀ ਇਸ ਦਾ ਉਤਰ ਦਿੰਦੇ ਹਨ, ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥’ ਇਹ ਜੁਗਤਿ ਗੁਰੂ ਤੋਂ ਭਾਵ ਬਾਣੀ ਤੋਂ ਪਤਾ ਲੱਗਣੀ ਹੈ।
ਸਿੱਖ ਧਰਮ ਵਿਚ ਗੁਰੂ ਦਾ ਸੰਕਲਪ ਸ਼ਬਦ ਗੁਰੂ ਦਾ ਹੈ, ਕਿਉਂਕਿ ਸ਼ਬਦ ਅਬਿਨਾਸ਼ੀ ਹੈ, ਸਦੀਵੀ ਹੈ, ਅਚੁੱਕ ਹੈ। ਇਸ ਲਈ ਬਾਣੀ ਵਿਚ ਵਿਸ਼ਵਾਸ ਹੀ ਗੁਰੂ ਵਿਚ ਵਿਸ਼ਵਾਸ ਹੈ। ਇਸ ਵਿਸ਼ਵਾਸ ਵਾਸਤੇ ਇਸਤਰੀ ਜਾਂ ਪੁਰਸ਼ ਹੋਣ ਦੀ ਕੋਈ ਸ਼ਰਤ ਨਹੀਂ ਹੈ। ਇਸ ਸਿਧਾਂਤ ਅਨੁਸਾਰ ਮਨੁੱਖ ਜਾਤਿ, ਜਨਮ, ਨਸਲ, ਇਸਤਰੀ ਜਾਂ ਪੁਰਸ ਹੋਣ ਕਰਕੇ ਛੋਟਾ ਜਾਂ ਵੱਡਾ, ਉਚਾ ਜਾਂ ਨੀਵਾਂ ਨਹੀਂ ਹੈ। ਮਨੁੱਖ ਆਪਣੇ ਅਮਲਾਂ ਕਾਰਨ ਛੋਟਾ ਜਾਂ ਵੱਡਾ, ਉਚਾ ਜਾਂ ਨੀਵਾਂ ਹੁੰਦਾ ਹੈ। ਇਸ ਤਰ੍ਹਾਂ ਸਿੱਖ ਧਰਮ ਚਿੰਤਨ ਅਨੁਸਾਰ ਇਸਤਰੀ ਜਾਂ ਪੁਰਸ਼ ਹੋਣ ਕਰਕੇ ਮਨੁੱਖ ਵਿਚ ਕੋਈ ਵੰਡ ਨਹੀਂ ਹੈ। ਸਾਰੇ ਜੀਵ ਜਨਮ ਤੋਂ ਬਰਾਬਰ ਹਨ। ਗੁਰਮਤਿ ਅਨੁਸਾਰ ਮਨੁੱਖ (ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼) ਦੀਆਂ ਦੋ ਹੀ ਸ਼੍ਰੇਣੀਆਂ ਹਨ, ਗੁਰਮੁਖਿ ਅਤੇ ਮਨਮੁਖਿ। ਜੋ ਮਨੁੱਖ ਗੁਰੂ ਦੇ ਅਨੁਸਾਰੀ ਹੋ ਕੇ, ਵਾਹਿਗੁਰੂ ਦੇ ਹੁਕਮ ਅਨੁਸਾਰ ਚੱਲਦੇ ਹਨ, ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ, ਉਹ ਗੁਰਮੁਖਿ ਹਨ। ਜੋ ਮਨੁੱਖ ਆਪਣੀ ਹਉਮੈ ਦੇ ਅਧੀਨ ਹੋ ਕੇ ਆਪਣੇ ਮਨ ਦੀ ਮਤਿ ਅਨੁਸਾਰ ਚੱਲਦੇ ਹਨ, ਉਹ ਮਨਮੁਖਿ ਹਨ।
ਗੁਰਬਾਣੀ ਨੇ ਗੁਰਮੁਖਿ ਦੀ ਜੁਗਤਿ ਵਜੋਂ ਇੱਕ ਗਾਡੀ ਰਾਹ ਦਿੱਤਾ ਹੈ ਅਤੇ ਗੁਰਮੁਖਿ (ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼) ਮਨੁੱਖ ਦੀ ਪ੍ਰਵਾਨਿਤ ਸ਼੍ਰੇਣੀ ਹੈ। ਮਨਮੁਖਿ (ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼) ਗੁਰੂ ਅਨੁਸਾਰ ਗੈਰ-ਪ੍ਰਵਾਨਿਤ ਸ਼੍ਰੇਣੀ ਹੈ। ਮਨਮੁਖਿ ਆਵਾਗਵਣ ਦੇ ਚੱਕਰ ਵਿਚ ਪਿਆ ਰਹਿੰਦਾ ਹੈ ਜਦ ਕਿ ਗੁਰਮੁਖਿ ਉਤੇ ਗੁਰੂ ਦੀ ਮਿਹਰ ਪ੍ਰਵਾਨ ਕੀਤੀ ਗਈ ਹੈ ਅਤੇ ਗੁਰੂ ਦੀ ਮਿਹਰ ਰਾਹੀਂ ਉਸ ਨੂੰ ਆਪਣੇ ਜੋਤਿ-ਸਰੂਪ ਹੋਣ ਦਾ ਅਨੁਭਵ ਹੁੰਦਾ ਹੈ ਜਾਂ ਹੋ ਸਕਦਾ ਹੈ। ਇਸ ਲਈ ਜੀਵ ਨੇ ਬਾਣੀ ‘ਤੇ, ਸ਼ਬਦ ‘ਤੇ ਵਿਸ਼ਵਾਸ ਲਿਆਉਣਾ ਹੈ। ਗੁਰਮਤਿ ਵਿਚ ਕਿਉਂਕਿ ਅਧਿਆਤਮਕ ਪੱਧਰ ‘ਤੇ ਇਸਤਰੀ ਜਾਂ ਪੁਰਸ਼ ਵਿਚ ਕੋਈ ਫ਼ਰਕ ਨਹੀਂ ਕੀਤਾ ਗਿਆ, ਇਸ ਲਈ ਇਸਤਰੀ ਨੂੰ ਬਰਾਬਰ ਦਾ ਅਤੇ ਸਤਿਕਾਰਯੋਗ ਸਥਾਨ ਪ੍ਰਾਪਤ ਹੈ ਜੋ ਸੰਸਾਰ ਧਰਮਾਂ ਦੇ ਸੰਦਰਭ ਵਿਚ ਆਮ ਕਰਕੇ ਅਤੇ ਹਿੰਦੁਸਤਾਨੀ ਧਰਮਾਂ ਦੇ ਸੰਦਰਭ ਵਿਚ ਖ਼ਾਸ ਕਰਕੇ ਸਿਧਾਂਤ ਅਤੇ ਅਮਲ ਵਿਚ ਪਹਿਲੀ ਵਾਰ ਸਾਹਮਣੇ ਆਇਆ।
ਇਹ ਆਮ ਧਾਰਨਾ ਹੈ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦੀ ਸੰਸਕ੍ਰਿਤੀ ਅਤੇ ਸਭਿਅਤਾ ਦਾ ਵਿਕਾਸ ਤੇ ਤਰੱਕੀ ਇਸ ਤੱਥ ਤੋਂ ਮਾਪੀ ਜਾਂਦੀ ਹੈ ਕਿ ਉਸ ਦੇਸ਼ ਜਾਂ ਸਮਾਜ ਵਿਚ ਇਸਤਰੀ ਦਾ ਕੀ ਸਥਾਨ ਹੈ? ਇਸ ਦਾ ਕਾਰਨ ਇਹ ਹੈ ਕਿ ਸਮਾਜ ਦੀਆਂ ਸਭਿਆਚਾਰਕ ਕੀਮਤਾਂ ਦੀ ਬਹਾਲੀ ਵਾਸਤੇ ਇਸਤਰੀ ਦਾ ਬਹੁਤ ਯੋਗਦਾਨ ਹੁੰਦਾ ਹੈ। ਪੰਜਾਬੀ ਦੇ ਅਜ਼ੀਮ ਸ਼ਾਇਰ ਅਤੇ ਸਿੱਖ ਚਿੰਤਕ ਪ੍ਰੋæ ਪੂਰਨ ਸਿੰਘ ਨੇ ਇਸ ਦਾ ਬਖੂਬੀ ਬਿਆਨ ਕੀਤਾ ਹੈ, “ਉਹ ਸਾਰੇ ਪਰਿਵਾਰ ਦਾ ਕਰਾਸ ਧਾਰਨ ਕਰਦੀ ਹੈ ਪਰ ਉਸ ਨੇ ਕੋਈ ਈਸਾਈਅਤ ਸ਼ੁਰੂ ਨਹੀਂ ਕੀਤੀ। ਹਰ ਇਸਤਰੀ ਇੱਕ ਮਸੀਹਾ ਹੈ। ਮਨੁੱਖ ਦੀ ਸੇਵਾ ਵਿਚ ਉਸ ਦੀ ਰੋਜ਼ਾਨਾ ਜ਼ਿੰਦਗੀ ਨੇ ਸਾਨੂੰ ਉਸ ਦੀ ਆਤਮਾ ਦੇ ਸੁੰਦਰ ਗੀਤ ਦਿੱਤੇ ਹਨ ਜਿਵੇਂ ਆਕਾਸ਼ ਵਿਚ ਬਦਲਦੇ ਹੋਏ ਰੰਗ ਅਤੇ ਕੁਦਰਤਿ ਦੀਆਂ ਬਦਲਦੀਆਂ ਲਕੀਰਾਂ ਸਾਨੂੰ ਕੁਦਰਤਿ ਦੇ ਅੰਦਰਲੇ ਵਿਅਕਤੀ ਦੇ ਦਰਸ਼ਨ ਕਰਾਉਂਦੀਆਂ ਹਨ। ਪੁਰਸ਼ ਦੇ ਸਾਰੇ ਓਜਸਵੀ ਯਤਨਾਂ ਲਈ, ਤਾਂ ਕਿ ਉਹ ਪੁਰਸ਼ ਥੀ ਸਕੇ, ਇਸਤਰੀ ਦੀ ਪ੍ਰੇਰਨਾ ਰਹੀ ਹੈ। ਉਸ ਦੀ ਸਾਰੀ ਅੰਮ੍ਰਿਤਾ ਲਈ ਉਤਮ ਅਕਾਂਖਿਆਵਾਂ, ਉਸ ਦੇ ਸਾਰੇ ਧਰਮਾਂ, ਸਾਰੀ ਕਲਾ ਅਤੇ ਧਰਤੀ ਤੇ ਆਕਾਸ਼ ਉਤੇ ਉਸ ਦੀਆਂ ਸਾਰੀਆਂ ਉਤਮ ਜਿੱਤਾਂ ਲਈ ਇਸਤਰੀ ਹੀ ਜ਼ਿੰਮੇਵਾਰ ਰਹੀ ਹੈ।” (ਪੂਰਨ ਸਿੰਘ, ਦ ਸਪਿਰਿਟ ਬੌਰਨ ਪੀਪਲ, ਪੰਨਾ 33)
ਸਿੱਖ ਧਰਮ ਦੇ ਇਲਹਾਮ ਦਾ ਪ੍ਰਕਾਸ਼ਨ ਗੁਰੂ ਜੋਤਿ ਅਤੇ ਗੁਰੂ ਜੁਗਤਿ ਰਾਹੀਂ ਬਾਣੀ ਦੇ ਰੂਪ ਵਿਚ ਹੋਇਆ। ਬਾਣੀ ਗੁਰੂ ਸਾਹਿਬਾਨ ਦੇ ਰਹੱਸਾਤਮਕ ਅਨੁਭਵ ਦਾ ਸ਼ਬਦ ਦੇ ਰੂਪ ਵਿਚ, ਬੋਲੀ ਦੇ ਰੂਪ ਵਿਚ ਪ੍ਰਗਟਾਵਾ ਹੈ। ਰਹੱਸਾਤਮਕ ਅਨੁਭਵ ਨੂੰ ਬੋਲੀ ਦੇ ਰੂਪ ਵਿਚ ਪ੍ਰਗਟ ਕਰ ਸਕਣਾ ਇੱਕ ਕਠਿਨ ਕੰਮ ਹੁੰਦਾ ਹੈ, ਇਸ ਲਈ ਇਸ ਵਿਚ ਚਿੰਨ੍ਹਾਂ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਸ ਰਹੱਸਾਤਮਕ ਅਨੁਭਵ ਅਤੇ ਰੱਬੀ ਪ੍ਰੇਮ ਦੇ ਪ੍ਰਗਟਾਵੇ ਲਈ ਇਸਤਰੀ ਅਤੇ ਪੁਰਸ਼-ਦੋ ਚਿੰਨ੍ਹਾਂ ਦੀ ਆਮ ਵਰਤੋਂ ਕੀਤੀ ਗਈ ਹੈ। ਜਗਿਆਸੂ ਨੂੰ ਇਸਤਰੀ ਅਤੇ ਪਰਮਾਤਮਾ ਨੂੰ ਪੁਰਸ਼ ਕਰਕੇ ਸੰਬੋਧਨ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਏਕਾਂਤ ਅਤੇ ਤਿਆਗ ਵਿਚੋਂ ਕੱਢ ਕੇ ਗ੍ਰਹਿਸਥ ਨਾਲ ਜੋੜਿਆ। ਅਧਿਆਤਮਕਤਾ ਦੀ ਪ੍ਰਾਪਤੀ, ਸਮਾਜ ਦੀ ਸਥਾਪਨਾ ਅਤੇ ਉਨਤੀ ਲਈ ਇਸਤਰੀ ਦੇ ਮਹੱਤਵਪੂਰਨ ਯੋਗਦਾਨ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੇ ‘ਆਸਾ ਦੀ ਵਾਰ’ ਵਿਚ ਸਪੱਸ਼ਟ ਕੀਤਾ ਹੈ ਕਿ ਇਸਤਰੀ ਤੋਂ ਬਿਨਾ ਮਨੁਖ ਅਤੇ ਮਨੁਖੀ ਸਮਾਜ ਦੀ ਹੋਂਦ, ਸਮਾਜਿਕ ਰਿਸ਼ਤੇ ਅਤੇ ਸਮਾਜ ਦਾ ਅੱਗੇ ਵੱਧਣਾ ਅਸੰਭਵ ਹੈ।
ਮਨੁੱਖ ਦਾ ਇਸ ਸੰਸਾਰ ‘ਤੇ ਜਨਮ ਇਸਤਰੀ ਰਾਹੀਂ ਹੀ ਹੁੰਦਾ ਹੈ। ਇੱਕ ਉਹ ਪਰਮਾਤਮਾ ਹੀ ਹੈ ਜਿਸ ਦੀ ਹੋਂਦ ਇਸਤਰੀ ਤੋਂ ਬਿਨਾ ਹੈ। (ਪੰਨਾ 473) ਸਿੱਖ ਧਰਮ ਦੇ ਪ੍ਰਕਾਸ਼ਨ ਤੋਂ ਪਹਿਲਾਂ ਦੀਆਂ ਧਾਰਮਿਕ ਪਰੰਪਰਾਵਾਂ ਵਿਚ ਇਸਤਰੀ ਦੀ ਹੋਂਦ ਨਾਲ ਜੁੜੇ ਕੁਦਰਤੀ ਵਰਤਾਰਿਆਂ ਕਾਰਨ ਉਸ ‘ਤੇ ਕਈ ਕਿਸਮ ਦੇ ਸੂਤਕ, ਵਹਿਮ ਅਤੇ ਭਰਮ ਜੋੜੇ ਗਏ ਸਨ ਜਿਨ੍ਹਾਂ ਕਰਕੇ ਸੁਚਮ ਦੇ ਨਾਮ ਤੇ ਉਸ ਨੂੰ ਧਾਰਮਿਕ ਅਤੇ ਅਧਿਆਤਮਕ ਕਾਰਜਾਂ ਤੋਂ ਬਾਹਰ ਰੱਖਿਆ ਜਾਂਦਾ ਸੀ। ‘ਆਸਾ ਦੀ ਵਾਰ’ ਵਿਚ ਹੀ ਗੁਰੂ ਨਾਨਕ ਸਾਹਿਬ ਨੇ ਇਸਤਰੀ ਨਾਲ ਜੁੜੇ ਹਰ ਤਰ੍ਹਾਂ ਦੇ ਸੂਤਕ, ਵਹਿਮਾਂ ਅਤੇ ਭਰਮਾਂ ਦਾ ਖੰਡਨ ਕੀਤਾ ਹੈ।
ਇਸਤਰੀ ਦੀ ਸੁਤੰਤਰ ਹੋਂਦ ਵਿਚ ਅੜਿਕਾ ਪਾਉਣ ਵਾਲੀਆਂ ਹਰ ਤਰ੍ਹਾਂ ਦੀਆਂ ਰਸਮਾਂ ਜਿਵੇਂ ਸਤੀ ਅਤੇ ਪਰਦੇ ਦੀ ਰਸਮ ਆਦਿ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜ਼ੋਰਦਾਰ ਖੰਡਨ ਕੀਤਾ ਗਿਆ ਹੈ। ਹਿੰਦੁਸਤਾਨੀ ਸਮਾਜ ਵਿਚ ਕਿਸੇ ਔਰਤ ਦਾ ਵਿਧਵਾ ਹੋ ਜਾਣਾ ਉਸ ਲਈ ਸਭ ਤੋਂ ਵੱਡਾ ਸਰਾਪ ਗਿਣਿਆ ਜਾਂਦਾ ਰਿਹਾ ਹੈ ਅਤੇ ਇੱਕ ਵਿਧਵਾ ਦਾ ਜੀਵਨ ਨਰਕ ਨਾਲੋਂ ਭੈੜਾ ਹੋ ਜਾਂਦਾ ਹੈ। ਇਸ ਨਰਕ ਤੋਂ ਬਚਣ ਲਈ ਇਸਤਰੀ ਆਪਣੀ ਇੱਛਾ ਨਾਲ ਜਾਂ ਸਮਾਜ ਵਲੋਂ ਮਜ਼ਬੂਰ ਕਰਨ ‘ਤੇ ਆਮ ਤੌਰ ‘ਤੇ ਪਤੀ ਦੇ ਨਾਲ ਹੀ ਉਸ ਦੀ ਚਿਖਾ ‘ਤੇ ਸੜ ਕੇ ਸਤੀ ਹੋ ਜਾਂਦੀ ਸੀ। ਇਸ ਇਸਤਰੀ ਵਿਰੋਧੀ ਪਰੰਪਰਾ ਦਾ ਖੰਡਨ ਕਰਦੇ ਹੋਏ ਗੁਰੂ ਅਮਰਦਾਸ ਨੇ ਫੁਰਮਾਇਆ ਹੈ ਕਿ ਸਤੀਆਂ ਉਹ ਨਹੀਂ ਆਖੀਆਂ ਜਾਂਦੀਆਂ ਜਿਹੜੀਆਂ ਪਤੀ ਦੇ ਮੁਰਦਾ ਸਰੀਰ ਨਾਲ ਉਸ ਦੀ ਚਿਖਾ ‘ਤੇ ਸੜ ਕੇ ਮਰ ਜਾਂਦੀਆਂ ਹਨ। ਸਤੀਆਂ ਤਾਂ ਉਹ ਸਮਝੀਆਂ ਜਾਣੀਆਂ ਚਾਹੀਦੀਆਂ ਹਨ ਜੋ ਪਤੀ ਦੇ ਵਿਛੋੜੇ ਦੀ ਚੋਟ ਨਾਲ ਹੀ ਮਰ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵੀ ਸਤੀਆਂ ਸਮਝਣਾ ਚਾਹੀਦਾ ਹੈ ਜੋ ਸੁੱਚੇ ਆਚਰਨ ਅਤੇ ਸੰਤੋਖ ਵਾਲਾ ਜੀਵਨ ਬਸਰ ਕਰਦੀਆਂ ਹਨ ਅਤੇ ਹਰ ਰੋਜ਼ ਆਪਣੇ ਸਾਈਂ ਨੂੰ ਯਾਦ ਕਰਦੀਆਂ ਹਨ।
ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਇਸਤਰੀਆਂ ਆਪਣੇ ਆਪ ਨੂੰ ਪਤੀਆਂ ਦੇ ਨਾਲ ਅੱਗ ਵਿਚ ਸਾੜ ਲੈਂਦੀਆਂ ਹਨ। ਜੇਕਰ ਉਹ ਪਤੀ ਨੂੰ ਆਪਣਾ ਜਾਣਦੀਆਂ ਹਨ ਅਰਥਾਤ ਉਨ੍ਹਾਂ ਨੂੰ ਪਤੀ ਨਾਲ ਪ੍ਰੇਮ ਹੈ, ਤਦ ਤਾਂ ਉਹ ਪਤੀ ਦੇ ਮਰਨ ਨਾਲ ਹੀ ਬਹੁਤ ਦੁੱਖ ਸਹਿ ਲੈਂਦੀਆਂ ਹਨ ਭਾਵ ਉਨ੍ਹਾਂ ਨੂੰ ਸੜ ਕੇ ਸਤੀ ਹੋਣ ਦੀ ਜ਼ਰੂਰਤ ਨਹੀਂ ਹੈ, ਉਹ ਜਿਉਂਦੀਆਂ ਹੀ ਸਤੀ ਹਨ ਅਤੇ ਜੇ ਉਹ ਪਤੀ ਦੀ ਕਦਰ ਨਹੀਂ ਜਾਣਦੀਆਂ ਤਾਂ ਉਹ ਕਿਉਂ ਅੱਗ ਵਿਚ ਸੜਨ? (ਕਹਿਣ ਤੋਂ ਭਾਵ ਹੈ ਕਿ ਦੋਹਾਂ ਹੀ ਹਾਲਤਾਂ ਵਿਚ ਉਨ੍ਹਾਂ ਨੂੰ ਸਤੀ ਹੋਣ ਦੀ ਲੋੜ ਨਹੀਂ ਹੈ)। ਉਨ੍ਹਾਂ ਦਾ ਪਤੀ ਭਾਵੇਂ ਜਿਉਂਦਾ ਹੋਵੇ, ਭਾਵੇਂ ਮੋਇਆ, ਉਹ ਨੱਸਣ ਦੀ ਹੀ ਕਰਦੀਆਂ ਹਨ। ਦੁੱਖ ਅਤੇ ਸੁੱਖ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ, ਇਸ ਲਈ ਉਸ ਦਾ ਨਾਮ ਸਿਮਰਦਿਆਂ ਭਾਣੇ ਵਿਚ ਚੱਲਣ ਦਾ ਅਦੇਸ਼ ਕੀਤਾ ਹੈ,
ਸਤੀਆ ਏਹਿ ਨ ਆਖੀਅਨਿ
ਜੋ ਮੜਿਆ ਲਗਿ ਜਲੰਨ੍ਹਿ॥
ਨਾਨਕ ਸਤੀਆ ਜਾਣੀਅਨ੍ਹਿ
ਜਿ ਬਿਰਹੇ ਚੋਟ ਮਰੰਨਿ॥1॥ (ਪੰਨਾ 787)
ਗੁਰੂ ਅਮਰਦਾਸ ਨੇ ਸਤੀ ਦੀ ਰਸਮ ਨੂੰ ਰੋਕਣ ਵਾਸਤੇ ਨਾ ਸਿਰਫ ਆਪਣੀ ਬਾਣੀ ਵਿਚ ਹੀ ਇਸ ਦੀ ਨਿਰਾਰਥਕਤਾ ਨੂੰ ਸਮਝਾਇਆ ਸਗੋਂ ਉਨ੍ਹਾਂ ਨੇ ਸਤੀ ਦੀ ਰਸਮ ਨੂੰ ਬੰਦ ਕਰਾਉਣ ਲਈ ਅਮਲੀ ਤੌਰ ‘ਤੇ ਉਪਰਾਲੇ ਕੀਤੇ। ਸਤੀ ਦੀ ਰਸਮ ਦੀ ਤਰ੍ਹਾਂ ਹੀ ਇਸਤਰੀ ਨੂੰ ਪਰਦੇ ਵਿਚ ਰੱਖਣਾ ਵੀ ਇਸਤਰੀ ਦੀ ਗ਼ੁਲਾਮੀ ਦੀ ਨਿਸ਼ਾਨੀ ਹੈ ਜੋ ਉਸ ਦੇ ਆਮ ਇਨਸਾਨ ਵਾਂਗ ਸਮਾਜ ਵਿਚ ਵਿਚਰਨ ‘ਤੇ ਰੋਕ ਲਾਉਂਦੀ ਹੈ। ਅਸਲ ਵਿਚ ਸਤੀ ਦੀ ਰਸਮ ਅਤੇ ਪਰਦਾ ਇਹ ਦੋਵੇਂ ਗੱਲਾਂ ਹਿੰਦੁਸਤਾਨ ‘ਤੇ ਬਾਹਰਲੇ ਮੁਸਲਿਮ ਧਾੜਵੀਆਂ ਦੇ ਹਮਲਿਆਂ ਅਤੇ ਰਾਜ ਸਥਾਪਤ ਕਰਨ ਨਾਲ ਜੁੜੀਆਂ ਹੋਈਆਂ ਹਨ ਅਤੇ ਭਾਰਤ ਦੀ ਉਸ ਵੇਲੇ ਦੀ ਗ਼ੁਲਾਮੀ ਦੀਆਂ ਪ੍ਰਤੀਕ ਹਨ। ਭਗਤ ਕਬੀਰ ਵੀ ਔਰਤ ਦੀ ਇਸ ਗ਼ੁਲਾਮੀ ਦੀ ਨਿਖੇਧੀ ਕਰਦਿਆਂ ਆਪਣੀ ਨੂੰਹ ਨੂੰ ਘੁੰਡ ਕੱਢਣ ਤੋਂ ਵਰਜਦੇ ਹੋਏ ਸਮਝਾਉਂਦੇ ਹਨ ਕਿ ਘੁੰਡ ਨਾ ਕੱਢੋ ਕਿਉਂਕਿ ਅੰਤ ਵੇਲੇ ਤੈਨੂੰ ਇਸ ਦਾ ਰੱਤੀ ਭਰ ਵੀ ਲਾਭ ਨਹੀਂ ਹੋਣਾ ਭਾਵ ਇਸ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ। ਤੇਰੇ ਤੋਂ ਪਹਿਲਾਂ ਤੇਰੀ ਸੌਕਣ (ਭਗਤ ਕਬੀਰ ਦੇ ਬੇਟੇ ਦੀ ਪਹਿਲੀ ਵਹੁਟੀ) ਘੁੰਡ ਕੱਢਦੀ ਹੋਈ ਇਸ ਸੰਸਾਰ ਤੋਂ ਵਿਦਾ ਹੋ ਗਈ, ਤੂੰ ਉਸ ਦੀ ਰੀਸ ਕਿਉਂ ਕਰਦੀ ਹੈਂ? ਘੁੰਡ ਕੱਢਣ ਦਾ ਸਿਰਫ ਇੱਕ ਹੀ ਫਾਇਦਾ ਹੈ ਕਿ ਲੋਕ ਦਸ ਦਿਨ ਤੇਰੀ ਮਹਿਮਾ ਕਰ ਦੇਣਗੇ ਕਿ ਵਹੁਟੀ ਭਲੇ ਘਰ ਦੀ ਆਈ ਹੈ ਪਰ ਇਸ ਨਾਲ ਤੇਰਾ ਕੁੱਝ ਸੌਰਨਾ ਨਹੀਂ। ਤੇਰਾ ਅਸਲੀ ਘੁੰਡ ਤਾਂ ਇਹ ਹੈ ਕਿ ਤੂੰ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੀ ਹੋਈ ਨੱਚਦੀ-ਕੁੱਦਦੀ ਫਿਰੇਂ। ਤੇਰੀ ਜਿੱਤ ਇਸ ਗੱਲ ਵਿਚ ਹੈ ਕਿ ਤੇਰਾ ਜੀਵਨ ਪਰਮਾਤਮਾ ਦੀ ਬੰਦਗੀ ਕਰਦਿਆਂ ਬਤੀਤ ਹੋਵੇ,
ਰਹੁ ਰਹੁ ਰੀ ਬਹੁਰੀਆ
ਘੂੰਘਟੁ ਜਿਨਿ ਕਾਢੈ॥
ਅੰਤ ਕੀ ਬਾਰ ਲਹੈਗੀ
ਨ ਆਢੈ॥1॥ਰਹਾਉ॥ (ਪੰਨਾ 484)
ਗੁਰੂ ਅਮਰਦਾਸ ਨੇ ਔਰਤਾਂ ਦੇ ਪਰਦਾ ਕਰਨ ਦੇ ਖਿਲਾਫ ਅਮਲੀ ਕਦਮ ਚੁੱਕਦਿਆਂ ਸੰਗਤਿ ਨੂੰ ਆਗਿਆ ਕੀਤੀ ਕਿ ਕੋਈ ਬੀਬੀ ਗੁਰੂ ਦਰਬਾਰ ਵਿਚ ਪਰਦਾ ਕਰਕੇ ਨਹੀਂ ਆਵੇਗੀ। ਇਸ ਤਰ੍ਹਾਂ ਇਸਤਰੀ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜਨ ਵਾਲੀਆਂ ਸਾਰੀਆਂ ਸਮਾਜਕ ਅਤੇ ਧਾਰਮਿਕ ਰਸਮਾਂ ਦੀ ਬਾਣੀ ਵਿਚ ਨਾ ਸਿਰਫ ਨਿਖੇਧੀ ਹੀ ਕੀਤੀ ਗਈ ਬਲਕਿ ਇਸਤਰੀਆਂ ਦਾ ਸੁਤੰਤਰ ਮਨੁੱਖ ਵਾਲਾ ਦਰਜਾ ਸਥਾਪਤ ਕਰਨ ਵੱਲ ਅਮਲੀ ਕਦਮ ਵੀ ਚੁੱਕੇ ਅਤੇ ਇਨ੍ਹਾਂ ਰਸਮਾਂ ਅਤੇ ਰੋਕਾਂ ਨੂੰ ਖ਼ਤਮ ਕੀਤਾ।
ਮਾਰਲਿਨ ਫਰੈਂਚ ਨੇ ਇਸਤਰੀ ਦੀ ਅਸਾਵੀਂ ਸਮਾਜਿਕ ਹਾਲਤ ਦਾ ਖ਼ੁਲਾਸਾ ਕੀਤਾ ਹੈ ਕਿ ਪੁਰਸ਼ ਨੂੰ ਸਾਰੇ ਆਰਥਿਕ ਅਤੇ ਰਾਜਨੀਤਕ ਅਧਿਕਾਰ ਦੇ ਦੇਣਾ ਇਸਤਰੀ ਨੂੰ ਪੁਰਸ਼ ਤੋਂ ਹੀਣਾ, ਅਸਾਵਾਂ ਬਣਾਉਂਦਾ ਹੈ। ਇਸਤਰੀ ਤੋਂ ਵਫਾ ਭਾਲਣੀ ਪਰ ਆਦਮੀ ਤੋਂ ਨਹੀਂ, ਇਸਤਰੀ ਉਤੇ ਪੁਰਸ਼ ਦਾ ਕਬਜ਼ਾ ਜਮਾਉਣਾ ਹੈ ਜਦ ਕਿ ਇਸਤਰੀ ਵਾਸਤੇ ਇਸ ਤੋਂ ਉਲਟ ਹੈ। ਰਿਸ਼ਤਿਆਂ ਵਿਚ, ਖ਼ਾਸ ਕੇਸਾਂ ਵਿਚ, ਪਿਆਰ ਦੀ ਭਰਪੂਰਤਾ ਹੋ ਸਕਦੀ ਹੈ, ਪਰ ਇਹ ਪੁਰਸ਼ਾਂ ਦਾ ਮੁੱਢਲਾ ਅਤੇ ਆਮ ਚਰਿਤਰ ਨਹੀਂ ਹੈ। ਇੱਕ ਪੁਰਸ਼ ਆਪਣੀ ਇਸਤਰੀ ਨੂੰ ਬਰਾਬਰੀ ਦੇ ਸਕਦਾ ਹੈ ਪਰ ਇਹ ਪੁਰਸ਼ ਦਾ ਅਧਿਕਾਰ ਹੈ, ਇਸਤਰੀ ਦਾ ਨਹੀਂ ਅਤੇ ਪੁਰਸ਼ ਕਿਸੇ ਵੇਲੇ ਵੀ ਇਹ ਖੋਹ ਸਕਦਾ ਹੈ। ਮਾਰਲਿਨ ਫਰੈਂਚ ਦੇ ਕਹਿਣ ਦਾ ਭਾਵ ਹੈ ਕਿ ਇਸਤਰੀ ਨੂੰ ਬਰਾਬਰ ਦੇ ਹੱਕ ਦੇਣਾ ਵੀ ਪੁਰਸ਼-ਪ੍ਰਧਾਨ ਸਮਾਜ ਨੇ ਪੁਰਸ਼ ਦੀ ਮਰਜ਼ੀ ਤੇ ਛੱਡ ਰੱਖਿਆ ਹੈ।
ਇਸਤਰੀ ਦੀ ਬਰਾਬਰੀ ਅਤੇ ਖੁਦਮੁਖਤਾਰੀ ਅੱਜ ਦੀ ਦੁਨੀਆਂ ਵਿਚ ਬਹੁਤ ਹੀ ਸੰਵੇਦਨਸ਼ੀਲ ਅਤੇ ਭਖਦਾ ਮਸਲਾ ਹੈ। ਇੱਕ ਪਾਸੇ ਇਹ ਇਸਤਰੀ ਦੇ ਗ਼ੈਰਰਵਾਇਤੀ ਰੋਲ ਅਤੇ ਰੁਤਬੇ ਨਾਲ ਸਬੰਧਤ ਹੈ ਅਤੇ ਦੂਜੇ ਪਾਸੇ ਇਸਤਰੀ ਦੇ ਖ਼ਿਲਾਫ ਹਰ ਤਰ੍ਹਾਂ ਦੇ ਛੋਟੇ ਅਤੇ ਵੱਡੇ ਜ਼ੁਲਮ, ਘਰੇਲੂ ਹਿੰਸਾ ਤੋਂ ਲੈ ਕੇ ਦਾਜ ਹਤਿਆਵਾਂ, ਇੱਜ਼ਤ ਲਈ ਕਤਲ, ਭਰੂਣ-ਹੱਤਿਆ ਅਤੇ ਬਲਾਤਕਾਰ ਤੱਕ ਹੋ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਸਿੱਖ ਧਰਮ ਦੀ ਅਮਲੀ ਰੂਪ ਵਿਚ ਨਿਰਧਾਰਤ ਕੀਤੀ ਗਈ ਰਹਿਤ-ਮਰਿਆਦਾ ਵਿਚ ਇਸਤਰੀ ਅਤੇ ਪੁਰਸ਼ ਲਈ ਇੱਕੋ ਜਿਹੇ ਅਸੂਲ ਪੇਸ਼ ਕੀਤੇ ਗਏ ਹਨ। ਇਨ੍ਹਾਂ ਸਰੋਕਾਰਾਂ ਨੇ ਹੀ ਸਿੱਖ ਇਸਤਰੀ ਨੂੰ ਇਤਿਹਾਸ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੀ ਅਤੇ ਉਤਸ਼ਾਹ ਬਖਸ਼ਿਆ। ਇਸੇ ਯੋਗਦਾਨ ਅਤੇ ਅਜੋਕੇ ਸਮੇਂ ਵਿਚ ਉਸ ਦਾ ਕੀ ਰੋਲ ਹੋਣਾ ਚਾਹੀਦਾ ਹੈ, ਦੀ ਗੱਲ ਅਗਲੇ ਲੇਖਾਂ ਵਿਚ ਕੀਤੀ ਜਾਵੇਗੀ।
(ਚਲਦਾ)

Be the first to comment

Leave a Reply

Your email address will not be published.