ਐਲਾਨ ਦੇ ਬਾਵਜੂਦ ਨਾ ਭਰਿਆ ਬਿੱਲ
ਬਠਿੰਡਾ: ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬਿਜਲੀ ਸਬਸਿਡੀ ਛੱਡ ਕੇ ਸਿਆਸੀ ਮੁਹਾਜ਼ ‘ਤੇ ਭੱਲ ਤਾਂ ਖੱਟ ਲਈ ਹੈ ਪਰ ਉਨ੍ਹਾਂ ਅੱਠ ਮਹੀਨੇ ਤੋਂ ਖੇਤੀ ਮੋਟਰਾਂ ਦਾ ਕੋਈ ਬਿੱਲ ਨਹੀਂ ਤਾਰਿਆ ਹੈ। ਇਸੇ ਤਰ੍ਹਾਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੀ ‘ਬਿਜਲੀ ਸਬਸਿਡੀ’ ਛੱਡਣ ਦੇ ਆਪਣੇ ਵਚਨਾਂ ‘ਤੇ ਪੂਰੇ ਨਹੀਂ ਉਤਰੇ। ਖਹਿਰਾ ਪਰਿਵਾਰ ਕੋਲ ਕੁੱਲ 9 ਖੇਤੀ ਮੋਟਰਾਂ ਹਨ ਜਿਨ੍ਹਾਂ ‘ਤੇ ਉਹ ਸਬਸਿਡੀ ਲੈ ਰਹੇ ਹਨ।
ਸੂਬੇ ਦੇ ਅਜਿਹੇ 25 ਕਿਸਾਨਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਕੋਲ ਸਭ ਤੋਂ ਵੱਧ ਖੇਤੀ ਮੋਟਰਾਂ ਇੱਕੋ ਨਾਮ ‘ਤੇ ਹਨ, ਉਨ੍ਹਾਂ ‘ਚ ਸੁਖਪਾਲ ਖਹਿਰਾ ਵੀ ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੇ ਪੁੱਜਦਿਆਂ ਨੂੰ ‘ਬਿਜਲੀ ਸਬਸਿਡੀ’ ਛੱਡਣ ਦੀ ਅਪੀਲ ਕੀਤੀ ਸੀ। ਪਾਵਰਕੌਮ ਨੇ ਫਰਵਰੀ 2018 ਵਿਚ ਨੋਟੀਫਿਕੇਸ਼ਨ ਜਾਰੀ ਕਰਕੇ ਖੇਤੀ ਮੋਟਰਾਂ ਦਾ ਪ੍ਰਤੀ ਹਾਰਸ ਪਾਵਰ 403 ਰੁਪਏ ਤੈਅ ਕੀਤਾ ਸੀ। ਸੂਬੇ ‘ਚੋਂ ਸਿਰਫ 10 ਖੇਤੀ ਕੁਨੈਕਸ਼ਨ ‘ਬਿਜਲੀ ਸਬਸਿਡੀ’ ਤੋਂ ਮੁਕਤ ਹੋਏ ਹਨ। ਕਾਂਗਰਸ ਆਗੂ ਸੁਨੀਲ ਜਾਖੜ ਨੇ 9 ਮਈ 2017 ਨੂੰ ਲਿਖਤੀ ਸਹਿਮਤੀ ਦੇ ਕੇ ਸਬਸਿਡੀ ਛੱਡਣ ਦੀ ਪਹਿਲ ਕੀਤੀ ਸੀ। ਮੌਜੂਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਹਿਲਾਂ ਬਤੌਰ ਬਿਜਲੀ ਮੰਤਰੀ ਦੋ ਮੋਟਰਾਂ ਦੀ ਬਿਜਲੀ ਸਬਸਿਡੀ ਛੱਡਣ ਲਈ 29 ਸਤੰਬਰ 2018 ਨੂੰ ਲਿਖਤੀ ਸਹਿਮਤੀ ਦਿੱਤੀ ਸੀ। ਗੁਰਪ੍ਰੀਤ ਕਾਂਗੜ ਨੇ ਖਾਤਾ ਨੰਬਰ ਏਪੀ 19/40 ਅਤੇ ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਨੇ ਖਾਤਾ ਨੰਬਰ ਏਪੀ 19/183 ਤਹਿਤ ਖੇਤੀ ਮੋਟਰਾਂ ਦੀ ਸਬਸਿਡੀ ਤਿਆਗ ਦਿੱਤੀ ਹੈ। 7.5-7.5 ਹਾਰਸ ਪਾਵਰ ਦੀਆਂ ਦੋਵੇਂ ਮੋਟਰਾਂ ਦਾ ਬਿੱਲ ਪ੍ਰਤੀ ਮਹੀਨਾ 6044 ਰੁਪਏ ਹੈ ਜੋ ਛੇ ਮਹੀਨਿਆਂ ਦਾ ਕਰੀਬ 36,264 ਰੁਪਏ ਬਿੱਲ ਬਣਦਾ ਹੈ। ਕਾਂਗੜ ਨੇ ਸਹਿਮਤੀ ਦੇ ਅੱਠ ਮਹੀਨੇ ਮਗਰੋਂ ਵੀ ਇਹ ਬਿੱਲ ਨਹੀਂ ਤਾਰਿਆ ਹੈ ਜਦੋਂ ਕਿ ਬਾਕੀ ਸਭਨਾਂ ਨੇ ਬਿੱਲ ਤਾਰੇ ਹਨ।
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਤਿੰਨ ਮੋਟਰਾਂ ਦਾ 1.24 ਲੱਖ ਰੁਪਏ, ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੋ ਮੋਟਰਾਂ ਦਾ 30,640 ਰੁਪਏ, ਜਾਖੜ ਪਰਿਵਾਰ ਨੇ ਦੋ ਮੋਟਰਾਂ ਦਾ 72,750 ਰੁਪਏ ਤੇ ਮਹਿਰਾਜ ਦੇ ਕਮਲਜੀਤ ਦਿਓਲ ਨੇ ਵੀ ਆਪਣਾ ਬਿੱਲ ਭਰਿਆ ਹੈ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਬਿਜਲੀ ਸਬਸਿਡੀ ਛੱਡਣ ਦਾ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਪ੍ਰੰਤੂ ਉਨ੍ਹਾਂ ਅੱਜ ਤੱਕ ਬਿਜਲੀ ਸਬਸਿਡੀ ਨਹੀਂ ਛੱਡੀ ਹੈ। ਕਪੂਰਥਲਾ ਦੇ ਪਿੰਡ ਰਾਮਗੜ੍ਹ ਵਿਚ ਸੁਖਪਾਲ ਖਹਿਰਾ ਦੇ ਨਾਮ ‘ਤੇ 4, ਉਨ੍ਹਾਂ ਦੇ ਪਿਤਾ ਦੇ ਨਾਮ ‘ਤੇ ਵੀ ਚਾਰ ਅਤੇ ਇੱਕ ਟਿਊਬਵੈੱਲ ਕੁਨੈਕਸ਼ਨ ਉਨ੍ਹਾਂ ਦੀ ਮਾਤਾ ਦੇ ਨਾਮ ‘ਤੇ ਹਨ। ਭੁਲੱਥ ਸਬ ਡਵੀਜ਼ਨ ਨੇ ਖਹਿਰਾ ਪਰਿਵਾਰ ਨੂੰ ਸਬਸਿਡੀ ਬਾਰੇ 9 ਨੋਟਿਸ ਵੀ ਭੇਜੇ ਪ੍ਰੰਤੂ ਖਹਿਰਾ ਨੇ ਕੋਈ ਲਿਖਤੀ ਜੁਆਬ ਅੱਜ ਤੱਕ ਨਹੀਂ ਦਿੱਤਾ। ਦੱਸ ਦੇਈਏ ਕਿ ਬਾਦਲ ਪਰਿਵਾਰ ਕੋਲ ਵੀ ਤਿੰਨ ਖੇਤੀ ਕੁਨੈਕਸ਼ਨ ਹਨ ਜਿਨ੍ਹਾਂ ‘ਤੇ ਸਬਸਿਡੀ ਮਿਲਦੀ ਹੈ।