ਆਸਾ ਦੀ ਵਾਰ-ਇੱਕ ਅਧਿਐਨ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਨਾਮ ਕੌਰ ਨੇ ਇਸ ਲੇਖ ਵਿਚ ਗੁਰਮਤਿ ਫਲਸਫੇ ਉਤੇ ਤਫਸੀਲ ਨਾਲ ਚਾਨਣਾ ਪਾਇਆ ਹੈ, ਜੋ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਲੰਘੀ 16 ਜੁਲਾਈ ਨੂੰ ਟੋਰਾਂਟੋ ਵਿਚ ਕਰਵਾਏ ਗਏ ਸੈਮੀਨਾਰ ਵਿਚ ਪੜ੍ਹਿਆ ਸੀ।

-ਸੰਪਾਦਕ

ਪ੍ਰੋ. ਗੁਰਨਾਮ ਕੌਰ (ਰਿਟਾ.)

ਸਿੱਖ ਧਰਮ ਹੋਰ ਧਰਮਾਂ ਵਾਂਗ ਇੱਕ ਇਲਹਾਮੀ ਧਰਮ ਹੈ, ਪਰ ਇਸ ਦੇ ਇਲਹਾਮ ਦੀ ਵਿਲੱਖਣਤਾ ਇਸ ਤੱਥ ਵਿਚ ਹੈ ਕਿ ਇਹ ਪਹਿਲੇ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਅਤੇ ਆਖਰੀ ਸਰੀਰਕ ਗੁਰੂ, ਗੁਰੂ ਗੋਬਿੰਦ ਸਿੰਘ ਤੱਕ ਇੱਕ ਨਿਰੰਤਰ ਅਮਲ ਹੈ। ਇਸ ਇਲਹਾਮ ਦਾ ਮਾਧਿਅਮ ਗੁਰੂ ਜੋਤਿ ਤੇ ਗੁਰੂ ਜੁਗਤਿ ਨੂੰ ਪ੍ਰਵਾਨ ਕੀਤਾ ਗਿਆ ਹੈ ਅਤੇ ਸਾਰੇ ਗੁਰੂ ਸਾਹਿਬਾਨ ਵਿਚ ਇੱਕੋ ਹੀ ਜੋਤਿ ਤੇ ਇੱਕੋ ਹੀ ਗੁਰੂ ਜੁਗਤਿ ਨੂੰ ਮੰਨਿਆ ਗਿਆ ਹੈ, “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥” (ਪੰਨਾ 966)
ਇਸੇ ਲਈ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ‘ਨਾਨਕ’ ਸੰਬੋਧਨ ਨਾਲ ਮੁਖਾਤਿਬ ਕੀਤਾ ਹੈ। ਗੁਰੂ ਜੋਤਿ ਨੂੰ ਪਰਮਾਤਮਾ ਨਾਲ ਇਕਸੁਰਤਾ ਦੇ ਪਲਾਂ ਵਿਚ ਸਤਿ ਦਾ ਜੋ ਅਨੁਭਵ ਹੋਇਆ, ਉਸ ਨੂੰ ਉਨ੍ਹਾਂ ਨੇ ਸ਼ਬਦ ਦੇ ਮਾਧਿਅਮ ਰਾਹੀਂ, ਬਾਣੀ ਰਾਹੀਂ ਪ੍ਰਗਟ ਕੀਤਾ। ਇਸੇ ਲਈ ਬਾਣੀ ਨੂੰ ‘ਖਸਮਿ ਕੀ ਬਾਣੀ’, ‘ਧੁਰਿ ਕੀ ਬਾਣੀ’ ਕਿਹਾ ਗਿਆ ਹੈ। ਸਤਿ ਦੇ ਇਸ ਅਨੁਭਵ ਨੂੰ ਉਨ੍ਹਾਂ ਨੇ ਪਰਮਾਤਮਾ ਦੇ ਹੁਕਮ ਅੰਦਰ ਹੋਇਆ ਮੰਨਿਆ ਹੈ, “ਹਉ ਆਪਹੁ ਬੋਲਿ ਨ ਜਾਣਦਾ ਮੈਂ ਕਹਿਆ ਸਭੁ ਹੁਕਮਾਉ ਜੀਉ॥” (ਪੰਨਾ 763)
ਗੁਰੂ ਨਾਨਕ ਸਾਹਿਬ ਨੇ ਤਾਂ ਆਪਣੇ ਆਪ ਨੂੰ ਉਸ ਪਰਵਦਗਾਰ ਦਾ ਢਾਡੀ ਕਿਹਾ ਹੈ, ਜਿਨ੍ਹਾਂ ਨੂੰ ਅਕਾਲ ਪੁਰਖ ਵੱਲੋਂ ਲੋਕਾਂ ਤੱਕ ਸੰਦੇਸ਼ ਦੇਣ ਦਾ ਕੰਮ ਸੌਂਪਿਆ ਗਿਆ ਹੈ, “ਹਉ ਢਾਢੀ ਵੇਕਾਰੁ ਕਾਰੈ ਲਾਇਆ॥” (ਪੰਨਾ 150) ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਹੋਰ ਸੂਫੀ ਸੰਤਾਂ ਅਤੇ ਭਗਤਾਂ ਦੀ ਬਾਣੀ, ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ, ‘ਗ੍ਰੰਥ’ ਰੂਪ ਵਿਚ ਗੁਰੂ ਅਰਜਨ ਦੇਵ ਜੀ ਨੇ ਸੰਕਲਿਤ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਨੌਂਵੇਂ ਪਾਤਿਸ਼ਾਹ ਦੀ ਬਾਣੀ ਦਰਜ ਕਰਕੇ ‘ਗ੍ਰੰਥ ਸਾਹਿਬ’ ਨੂੰ ਗੁਰਗੱਦੀ ਸੌਂਪ ਕੇ ਆਉਣ ਵਾਲੇ ਸਰਬ ਸਮਿਆਂ ਲਈ ‘ਸ਼ਬਦ ਗੁਰੂ’ ਦਾ ਦਰਜਾ ਦੇ ਦਿੱਤਾ।
ਧਰਮ ਸ਼ਾਸਤਰ ਦੀ ਜੀਵਨ ਜਾਚ ਨਾਲ ਇੱਕਸੁਰਤਾ ਹੀ ਕਿਸੇ ਧਰਮ ਦੀ ਪਰਖ ਦੀ ਕਸਵੱਟੀ ਹੈ। ਕਿਸੇ ਵੀ ਧਰਮ ਦੇ ਇਲਹਾਮ ਦੀ ਵਿਲੱਖਣਤਾ ਇਸ ਗੱਲ ਵਿਚ ਨਿਹਿਤ ਹੈ ਕਿ ਉਹ ਮਨੁੱਖ ਦੇ ਸਾਹਮਣੇ ਕਿਸ ਕਿਸਮ ਦਾ ਆਦਰਸ਼ ਅਤੇ ਨਿਸ਼ਾਨਾ ਰੱਖਦਾ ਹੈ, ਜਿਸ ਦੀ ਮਨੁੱਖ ਨੇ ਪ੍ਰਾਪਤੀ ਕਰਨੀ ਹੈ ਤੇ ਉਸ ਇਲਹਾਮ ਰਾਹੀਂ ਮਨੁੱਖ ਦੇ ਕਿਹੋ ਜਿਹੇ ਵਿਅਕਤੀਤਵ ਦੀ ਘਾੜਤ ਘੜੀ ਜਾਣੀ ਹੈ। ਬਾਣੀ ਵਿਚ ਮਨੁੱਖ ਦੇ ਸਾਹਮਣੇ ਆਦਰਸ਼ ਆਪਣੇ ਆਤਮ ਨੂੰ, ਆਪਣੇ ਅਸਲੇ ਨੂੰ ਪਛਾਣਨ ਦਾ ਰੱਖਿਆ ਗਿਆ ਹੈ, “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣ॥” (ਪੰਨਾ 441)
ਬਾਣੀ ਵਿਚ ਮਨੁੱਖ ਦੇ ਦੈਵੀ ਅੰਸ਼ ਹੋਣ ਨੂੰ ਮੂਲ ਵਿਚਾਰ ਮੰਨਿਆ ਗਿਆ ਹੈ, ਇਸ ਲਈ ਪਰਮਾਤਮਾ ਦੀ ਨਿਗਾਹ ਵਿਚ ਸਾਰੇ ਮਨੁੱਖ ਬਰਾਬਰ ਹਨ। ਕੋਈ ਵੀ ਮਨੁੱਖ ਜਨਮ, ਲਿੰਗ, ਜਾਤਿ, ਜਮਾਤ ਜਾਂ ਸੰਪਰਦਾ ਕਰਕੇ ਉਚਾ ਜਾਂ ਨੀਵਾਂ ਨਹੀਂ ਹੈ, ਕਿਉਂਕਿ ਸਾਰੇ ਮਨੁੱਖਾਂ ਵਿਚ ਉਸੇ ਇੱਕ ਦੀ ਜੋਤਿ ਜਗ ਰਹੀ ਹੈ। ਇਸ ਜੋਤਿ ਦਾ ਅਨੁਭਵ ਕਿ ਸਾਰੇ ਮਨੁੱਖ ਉਸੇ ਇੱਕ ਅਕਾਲ ਪੁਰਖ ਦੀ ਜੋਤਿ ਨਾਲ ਰੁਸ਼ਨਾਏ ਹਨ, ਗੁਰੂ ਦੀ ਸਿੱਖਿਆ ‘ਤੇ ਚੱਲਣ ਨਾਲ ਹੁੰਦਾ ਹੈ, “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥” (ਪੰਨਾ 13) ਇਸ ਲਈ ਆਪਣੇ ਅੰਦਰ ਜੋਤਿ ਸਰੂਪ ਹੋਣ ਦਾ ਅਨੁਭਵ ਕਰਨ ਵਾਸਤੇ ਮਨੁੱਖ ਨੂੰ ਕਿਸੇ ਪੁਜਾਰੀ ਜਾਂ ਅਜਿਹੇ ਕਿਸੇ ਆਸਰੇ ਦੀ ਲੋੜ ਨਹੀਂ। ਮਨੁੱਖਾ ਜਨਮ ਨੂੰ ਆਪਣੇ ਜਗਦੀਸ਼ੈ ਅੰਸ਼ ਹੋਣ ਦਾ ਅਨੁਭਵ ਕਰਨ ਲਈ ਮਿਲਿਆ ਇੱਕ ਮੌਕਾ ਮੰਨਿਆ ਗਿਆ ਹੈ, “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” (ਪੰਨਾ 378)
ਜਦੋਂ ਧਾਰਮਿਕ ਅਮਲ ਅਤੇ ਅਭਿਆਸ ਦੀ ਗੱਲ ਆਉਂਦੀ ਹੈ ਤਾਂ ਨੈਤਿਕ ਸਰੋਕਾਰਾਂ ਨੂੰ ਕੇਂਦਰੀ ਸਥਾਨ ਦਿੱਤਾ ਗਿਆ ਹੈ। ਭਾਈ ਗੁਰਦਾਸ ਨੇ ਇਸ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਹੈ, “ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ? ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।” (ਵਾਰਾਂ ਭਾਈ ਗੁਰਦਾਸ, 1233)
ਗੁਰੂ ਨਾਨਕ ਦੇਵ ਜੀ ਨੇ ਜਪੁਜੀ ਵਿਚ ਹੀ ਮਨੁੱਖ ਦੇ ਸਾਹਮਣੇ ਨਿਸ਼ਾਨਾ ‘ਸਚਿਆਰ’ ਹੋਣ ਜਾਂ ਸਚਿਆਰ ਪਦ ਨੂੰ ਪ੍ਰਾਪਤ ਕਰਨ ਦਾ ਰੱਖਿਆ ਹੈ। ਸੱਚ ਪਰਮਾਤਮਾ ਦਾ ਗੁਣ ਹੈ, ਪਰਮਾਤਮਾ ਨੂੰ ਉਚਤਮ ਸਤਿ, ਪਰਮਸਤਿ ਮੰਨਿਆ ਹੈ ਅਤੇ ਉਸ ਪਰਮਸਤਿ ਨੂੰ ਆਪਣੇ ਅੰਦਰ ਅਨੁਭਵ ਕਰ ਲੈਣ ਪਿਛੋਂ ਹੀ ਮਨੁੱਖ ਸਚਿਆਰ ਬਣ ਸਕਦਾ ਹੈ। ਬਾਣੀ ਅਨੁਸਾਰ ਸਤਿ ਜਾਂ ਸੱਚ ਸਭ ਚੀਜ਼ਾਂ ਤੋਂ ਉਪਰ ਹੈ, ਪਰ ਸੱਚ ਤੋਂ ਵੀ ਉਪਰ ਸੱਚੀ ਰਹਿਣੀ, ਅਰਥਾਤ ਸੱਚ+ਅਚਾਰ ਨੂੰ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥” (ਪੰਨਾ 62) ਗੁਰੂ ਅਨੁਸਾਰ ਮਨੁੱਖ ਦਾ ਵਿਅਕਤੀਤਵ ਉਹੋ ਜਿਹਾ ਹੀ ਘੜਿਆ ਜਾਂਦਾ ਹੈ, ਜਿਸ ਕਿਸਮ ਦੇ ਇਸ਼ਟ ਨੂੰ ਉਹ ਧਿਆਉਂਦਾ ਹੈ, “ਜੈ ਸਿਉ ਰਾਤਾ ਤੈਸੋ ਹੋਵੈ॥” (ਪੰਨਾ 411)
ਗੁਰੂ ਅਮਰਦਾਸ ਜੀ ਨੇ ਵੀ ਦ੍ਰਿੜ ਕਰਵਾਇਆ ਹੈ ਕਿ ਜਿਸ ਕਿਸਮ ਦੇ ਇਸ਼ਟ ਨੂੰ ਮਨੁੱਖ ਸੇਵਦਾ ਹੈ, ਉਹ ਉਸੇ ਕਿਸਮ ਦਾ ਬਣ ਜਾਂਦਾ ਹੈ, “ਜੈਸਾ ਸੇਵੈ ਤੈਸੋ ਹੋਇ॥” ਇਸ ਆਦਰਸ਼ ਜਾਂ ਟੀਚੇ ਦੀ ਪ੍ਰਾਪਤੀ ਲਈ ਮਨੁੱਖ ਲਈ ਜ਼ਰੂਰੀ ਹੈ ਕਿ ਉਹ ਕੁਦਰਤਿ ਅੰਦਰ ਵਰਤ ਰਹੇ ‘ਹੁਕਮ’ ਨੂੰ ਸਮਝੇ, ਜੋ ਕੁੱਲ ਬ੍ਰਹਿਮੰਡ ਵਿਚ ਵਿਆਪਕ ਹੈ ਅਤੇ ਇਸ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੇ। ਬਾਣੀ ਵਿਚ ਹੁਕਮ ਮੁੱਖ ਸਰੋਕਾਰ ਹੈ, ਜਿਸ ਅਨੁਸਾਰ ਇਹ ਸ੍ਰਿਸ਼ਟੀ ਨਿਯਮਿਤ ਰੂਪ ਵਿਚ ਚੱਲ ਰਹੀ ਹੈ; ਇਹ ਕੁਦਰਤੀ ਨਿਯਮ ਹੈ, ਜੋ ਸਾਰੀ ਕਾਇਨਾਤ ਵਿਚ ਵਿਆਪਕ ਰੂਪ ਵਿਚ ਵਰਤ ਰਿਹਾ ਹੈ। ਹੁਕਮ ਗਿਆਨ ਹੈ ਅਤੇ ਹੁਕਮ ਦੇ ਉਲਟ ਹਉਮੈ ਹੈ, ਜੋ ਅਗਿਆਨ ਹੈ।
‘ਵਾਰ ਆਸਾ ਕੀ’ ਵਿਚ ਗੁਰੂ ਨਾਨਕ ਸਾਹਿਬ ਸਮਕਾਲੀਨ ਹਿੰਦੁਸਤਾਨੀ ਧਾਰਮਿਕ, ਸਭਿਆਚਾਰਕ ਅਤੇ ਰਾਜਨੀਤਕ ਹਾਲਾਤ ਦੀ ਆਲੋਚਨਾ ਕਰਦੇ ਹਨ। ਕਿਸੇ ਵੀ ਸਮਾਜ ਦੀ ਉਦੋਂ ਗਿਰਾਵਟ ਸ਼ੁਰੂ ਹੋ ਜਾਂਦੀ ਹੈ, ਜਦੋਂ ਉਸ ਸਮਾਜ ਦੇ ਲੋਕ ਜਾਂ ਉਸ ਪਰੰਪਰਾ ਨੂੰ ਮੰਨਣ ਵਾਲੇ ਆਪਣੇ ਸਭਿਆਚਾਰ ਜਾਂ ਧਰਮ ਅੰਦਰ ਨਿਹਿਤ ਉਸ ਦੇ ਰੂਹਾਨੀ ਸਾਰ ਤੱਤ ਨੂੰ ਅੱਖੋਂ ਪਰੋਖੇ ਕਰਕੇ ਮਹਿਜ ਰਸਮਾਂ ਅਤੇ ਕਰਮ-ਕਾਂਡ ਵਿਚ ਪੈ ਜਾਂਦੇ ਹਨ। ਜਦੋਂ ਪੁਜਾਰੀ ਜਮਾਤ ਆਪਣੇ ਆਪ ਨੂੰ ਧਰਮ ਦੀ ਇੱਕ ਵਾਹਦ ਰੱਖਿਅਕ ਸਮਝਣ ਲੱਗ ਪੈਂਦੀ ਹੈ, ਤਾਂ ਆਮ ਲੋਕਾਈ ਦਾ ਸੋਸ਼ਣ ਹੀ ਉਸ ਦਾ ਧਰਮ ਬਣ ਜਾਂਦਾ ਹੈ।
ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ, ਉਦੋਂ ਹਿੰਦੁਸਤਾਨ ਵਿਚ ਹਿੰਦੂ ਅਤੇ ਇਸਲਾਮ-ਦੋ ਪ੍ਰਮੁੱਖ ਧਰਮ ਪਰੰਪਰਾਵਾਂ ਪ੍ਰਚਲਿਤ ਸਨ; ਬੁੱਧ ਮੱਤ ਕਰੀਬ ਅਲੋਪ ਹੀ ਹੋ ਗਿਆ ਸੀ ਤੇ ਕੁਝ ਅਜਿਹਾ ਹੀ ਹਾਲ ਜੈਨ ਧਰਮ ਦਾ ਸੀ, ਬੇਸ਼ੱਕ ਇਨ੍ਹਾਂ ਦੋਹਾਂ ਧਾਰਮਿਕ ਪਰੰਪਰਾਵਾਂ ਦੇ ਹਵਾਲੇ ਵੀ ਸਾਨੂੰ ਬਾਣੀ ਵਿਚ ਮਿਲ ਜਾਂਦੇ ਹਨ। ਇਹ ਦੋਵੇਂ ਮੱਤ ਸੁਤੰਤਰ ਮੱਤ ਹਨ, ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਨੇ ਵੱਖਰੇ ਤੌਰ ‘ਤੇ ਨਿਪਟਿਆ ਹੈ। ਹਿੰਦੂ ਧਰਮ, ਜੋ ਮੁੱਖ ਧਰਮ ਸੀ, ਨੇ ਆਪਣੇ ਆਪ ਨੂੰ ਰਸਮਾਂ, ਰੀਤਾਂ ਨਿਭਾਉਣ ਅਤੇ ਕਰਮ ਕਾਂਡ ਤੱਕ ਮਹਿਦੂਦ ਕਰ ਲਿਆ ਸੀ। ਇਸ ਦਾ ਬਹੁਤ ਸਪੱਸ਼ਟ ਬਿਰਤਾਂਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਮਿਲ ਜਾਂਦਾ ਹੈ।
ਗੁਰੂ ਨਾਨਕ ਦੇਵ ਆਸਾ ਦੀ ਵਾਰ ਵਿਚ ਸਭ ਤੋਂ ਪਹਿਲਾਂ ਗੁਰੂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਦੱਸਦੇ ਹਨ ਕਿ ਗੁਰੂ ਵਿਚ ਮਨੁੱਖ ਨੂੰ ਦੇਵਤਵ ਦੇ ਮੁਕਾਮ ਤੱਕ ਲੈ ਜਾਣ ਦੀ ਸਮਰੱਥਾ ਹੁੰਦੀ ਹੈ, ਅਰਥਾਤ ਗੁਰੂ ਮਨੁੱਖ ਨੂੰ ਆਪਣੇ ਅੰਦਰ ਨਿਹਿਤ ਜਗਦੀਸ਼ੈ-ਅੰਸ਼ ਹੋਣ ਨੂੰ ਅਨੁਭਵ ਕਰਾ ਸਕਣ ਦੀ ਸਮਰੱਥਾ ਰੱਖਦਾ ਹੈ, “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥” (ਪੰਨਾ 462-63) ਗੁਰੂ ਨਾਨਕ ਦੇਵ ਜੀ ਅਨੁਸਾਰ ਜੋ ਮਨੁੱਖ ਆਪਣੇ ਆਪ ਨੂੰ ਗਿਆਨਵਾਨ ਸਮਝ ਕੇ ਗੁਰੂ ਦੀ ਮਹੱਤਤਾ ਨੂੰ ਨਹੀਂ ਸਮਝਦੇ, ਉਹ ਤਿਲ ਦੇ ਉਨ੍ਹਾਂ ਬੂਟਿਆਂ ਵਾਂਗ ਹਨ, ਜੋ ਫਲ ਵਿਹੂਣੇ ਰਹਿ ਜਾਂਦੇ ਹਨ ਅਤੇ ਫਸਲ ਕੱਟਣ ਵੇਲੇ ਕਿਸਾਨ ਉਨ੍ਹਾਂ ਨੂੰ ਖੇਤ ਵਿਚ ਹੀ ਛੱਡ ਦਿੰਦਾ ਹੈ, “ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥ ਛੁਟੇ ਤਿਲ ਬੁਆੜ ਜਿਉ ਸੰਞੇ ਅੰਦਰਿ ਖੇਤ॥” (ਪੰਨਾ 463)
ਗੁਰੂ ਸਾਹਿਬ ਨੇ ‘ਸਿਧ ਗੋਸਟਿ’ ਵਿਚ ਸਪੱਸ਼ਟ ਕੀਤਾ ਹੈ ਕਿ ਸ਼ਬਦ ਹੀ ਗੁਰੂ ਹੈ, “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” (ਪੰਨਾ 943) ਇਸ ਤੱਥ ਨੂੰ ਗੁਰੂ ਸਾਹਿਬਾਨ ਨੇ ਵਾਰ ਵਾਰ ਦ੍ਰਿੜ ਕਰਵਾਇਆ ਹੈ ਕਿ ਸ਼ਬਦ ਅਰਥਾਤ ਬਾਣੀ ਹੀ ਗੁਰੂ ਹੈ; ਬਾਣੀ ਜਾਂ ਸ਼ਬਦ ਦੇ ਰੂਪ ਵਿਚ ਗੁਰੂ ਸਦੀਵੀ ਹੈ, ਜਦ ਕਿ ਸਰੀਰ ਬਿਨਸਣਹਾਰ ਹੈ। ਆਸਾ ਦੀ ਵਾਰ ਦੀ ਪਹਿਲੀ ਪਉੜੀ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕੀਤਾ ਹੈ ਕਿ ਪਰਮਾਤਮਾ ਸੈਭੰ ਹੈ, ਜਿਸ ਨੇ ਆਪਣੇ-ਆਪ ਦੀ ਸਿਰਜਣਾ ਦੋਤਰਫਾ ਪਹਿਲੂਆਂ ‘ਨਾਮ’ ਅਤੇ ‘ਰੂਪ’ ਵਿਚ ਕੀਤੀ ਹੈ। ਉਸ ਨੇ ਆਪਣੇ ਸਵੈ ਦੀ ਸਿਰਜਣਾ ਕਰਕੇ ਆਪਣੇ ਦੂਸਰੇ ਪਹਿਲੂ ਕੁਦਰਤਿ ਦੀ ਰਚਨਾ ਕੀਤੀ ਤੇ ਆਪਣੀ ਕੁਦਰਤਿ ਵਿਚ ‘ਨਾਮ’ ਵਜੋਂ ਬਿਰਾਜਮਾਨ ਹੋ ਗਿਆ ਅਤੇ ਸਮੇਂ ਤੇ ਸਥਾਨ ਵਿਚ ਕੁਦਰਤਿ ਦੇ ਫੈਲਾਉ ਨੂੰ ਦੇਖ ਕੇ ਨਿਹਾਲ ਹੋ ਰਿਹਾ ਹੈ, “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥” (ਪੰਨਾ 463)
ਗੁਰੂ ਨਾਨਕ ਮਨੁੱਖ ਦੇ ਸਾਹਮਣੇ ਅੰਤਿਮ ਮੰਜ਼ਿਲ ਪਰਮਸਤਿ ਦੀ ਪ੍ਰਾਪਤੀ ਅਰਥਾਤ ਮਨੁੱਖੀ ਮਨ ਜਾਂ ਸੁਰਤਿ ਦਾ ਪਰਮਾਤਮ-ਸੁਰਤਿ ਨਾਲ ਇੱਕਸੁਰ ਹੋਣਾ ਰੱਖਦੇ ਹਨ, ਜਿਸ ਨੂੰ ਸਤਿ ਦੀ ਪ੍ਰਾਪਤੀ ਵੀ ਕਿਹਾ ਜਾਂਦਾ ਹੈ। ਪਰਮਾਤਮਾ ਨਾਮ ਅਤੇ ਰੂਪ-ਦੋਵੇਂ ਹੈ ਅਤੇ ਪਰਮਾਤਮਾ ਦੇ ਸਮੁੱਚ ਵਿਚ ਉਸ ਦਾ ਪ੍ਰਗਟ ਰੂਪ ਭਾਵ ਕੁਦਰਤਿ ਤੇ ਉਸ ਵਿਚ ਸਮਾਇਆ ਨਾਮ-ਦੋਵੇਂ ਸ਼ਾਮਲ ਹਨ। ਨਾਮ ਉਸ ਦਾ ਨਿਰਗੁਣ ਸਰੂਪ ਹੈ, ਜੋ ਉਸ ਦੇ ਕਰਤਾ ਹੋਣ ਦਾ ਲਖਾਇਕ ਹੈ ਅਤੇ ਉਸ ਦਾ ਪ੍ਰਗਟ ਰੂਪ ਸਮੇਂ ਤੇ ਸਥਾਨ ਵਿਚ ਉਸ ਦੀ ਕੁਦਰਤਿ ਦਾ ਪਸਾਉ ਹੈ, “ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥” (ਪੰਨਾ 463)
ਇਸੇ ਲਈ ਇਸ ਜੱਗ ਨੂੰ ਸੱਚੇ ਦੀ ਕੋਠੜੀ ਕਿਹਾ ਹੈ। ਉਸ ਸੱਚੇ ਦਾ ਪ੍ਰਗਟ ਰੂਪ ਉਸ ਦੀ ਰਚਨਾ ਵੀ ਸੱਚ ਹੈ। ਤਾਤਵਿਕ ਪਰਮਾਤਮਾ ਨੂੰ ਅਭੂਤਪੁਰਬ ਰਚਨਾਤਮਕਤਾ ਵਿਚ ਪ੍ਰਗਟ ਕਰਨ ਦੀ ਇਸ ਸਹਿਜ ਪ੍ਰਕ੍ਰਿਆ ਦਾ ਕੋਈ ਅੰਤ ਨਹੀਂ ਹੈ। ਉਸ ਦੀ ਕੁਦਰਤਿ ਬੇਅੰਤ ਹੈ। ਕੁਦਰਤਿ ਦੀ ਇਸ ਰਚਨਾ ਨੂੰ ਗੁਰੂ ਨਾਨਕ ਦੇਵ ਜੀ ਨੇ ਕਰਤੇ ਦਾ ਖੇਲ ਕਿਹਾ ਹੈ। ਇਹ ਸਾਰੀ ਰਚਨਾ ਉਸੇ ਤੋਂ ਵਿਕਾਸ ਕਰਦੀ ਹੈ ਅਤੇ ਅੰਤ ਵਿਚ ਉਸੇ ਵਿਚ ਸਮਾ ਜਾਂਦੀ ਹੈ। ਕੁਦਰਤਿ ਦਾ ਇਹ ਨਿਕਾਸ ਅਤੇ ਵਿਕਾਸ ਤੇ ਅੰਤ ਵਿਚ ਉਸੇ ਵਿਚ ਸਮਾਉਣਾ ਨਿਯਮ ਅਨੁਸਾਰ ਵਾਪਰ ਰਿਹਾ ਹੈ, ਜਿਸ ਨੂੰ ਹੁਕਮ ਕਿਹਾ ਹੈ।
ਗੁਰੂ ਨਾਨਕ ਵਾਰ ਵਾਰ ਇਹ ਦ੍ਰਿੜ ਕਰਵਾਉਂਦੇ ਹਨ ਕਿ ਸੱਚਾ ਧਰਮ ਉਸ ਵਾਸਤਵਿਕ ਦੀ ਵਿਆਪਕ ਚੇਤਨਾ ‘ਚ ਜਿਉਣ ਵਿਚ ਹੈ। ਅਭੂਤਪੂਰਵ ਅਸਤਿੱਤਵ ਪਰਮਾਤਮਾ ਨਾਲ ਇਸ ਦੇ ਸੰਯੋਜਨ ਵਿਚ ਵਾਸਤਵਿਕ ਹੈ, ਕਿਸੇ ਵਿਸ਼ੇਸ਼ ਘਟਨਾ ਦੇ ਰੂਪ ਵਿਚ ਨਹੀਂ। ਪ੍ਰਗਟ ਸੰਸਾਰ ਪਰਮਾਤਮਾ ਨਾਲ ਸੰਯੁਕਤ ਹੋਣ ਕਰਕੇ ਅਸਲੀ ਹੈ, ਕਿਸੇ ਖਾਸ ਘਟਨਾ ਦੇ ਰੂਪ ਵਿਚ ਨਹੀਂ। ਗੁਰੂ ਨਾਨਕ ਅੰਤਰ ਨਿਹਿਤ ਇਸ ਨੁਕਤੇ ‘ਤੇ ਜ਼ੋਰ ਦਿੰਦੇ ਹਨ ਕਿ ਜੇ ਪਰਮਾਤਮਾ ਆਪਣੀ ਕੁਦਰਤਿ ਵਿਚ ਜ਼ਰੂਰੀ ਪ੍ਰਗਟ ਹੈ, ਤਾਂ ਧਾਰਮਿਕ ਵਿਅਕਤੀ ਨੂੰ ਇਸ ਤੱਥ ਦੀ ਰੋਸ਼ਨੀ ਵਿਚ ਜਿਉਣਾ ਚਾਹੀਦਾ ਹੈ। ਉਸ ਨੂੰ ਸੰਸਾਰਕ ਕਾਰਜਾਂ ਵਿਚ ਆਪਣੀ ਸ਼ਮੂਲੀਅਤ ਇਨਸਾਨਾਂ ਅਤੇ ਸਮਾਜ ਦੀ ਸੇਵਾ ਤੇ ਦਇਆ ਰਾਹੀਂ ਕਰਨੀ ਚਾਹੀਦੀ ਹੈ; ਸੇਵਾ ਅਤੇ ਦਇਆ ਰਾਹੀਂ ਇਹ ਸਾਧਨਾ ਇਸ ਨਜ਼ਰੀਏ ਤੋਂ ਕਰਨੀ ਚਾਹੀਦੀ ਹੈ ਕਿ ਇਹ ਅਕਾਲ ਪੁਰਖ ਦੀ ਅਰਾਧਨਾ ਹੈ। ਜਗਿਆਸੂ ਵਿਚ ਇਹ ਚੇਤਨਾ ਜਗਾਉਣ ਲਈ ਗੁਰੂ ਨਾਨਕ ਪਰਮਾਤਮਾ ਦੀ ਰਚਨਾ ਦੀ ਅਦਭੁਤਤਾ ਨੂੰ ਬਿਆਨ ਕਰਦੇ ਹਨ, “ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥…ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ॥” (ਪੰਨਾ 463-64)
ਇਸ ਤਰ੍ਹਾਂ ਇਹ ਸੰਸਾਰ ਸਾਧਨਾ ਅਤੇ ਧਾਰਮਿਕ ਸੰਸਕਾਰਾਂ ਦੇ ਪਾਲਣ ਕਰਨ ਦਾ ਆਧਾਰ ਬਣ ਜਾਂਦਾ ਹੈ। ਕੁਦਰਤਿ ਦੇ ਵਿਸਮਾਦੀ ਹੋਣ ਨੂੰ ਸਾਹਮਣੇ ਲਿਆਉਣ ਦਾ ਮਕਸਦ ਗੁਰੂ ਨਾਨਕ ਸਾਹਿਬ ਵੱਲੋਂ ਧਾਰਮਿਕ ਮਨੁੱਖ ਨੂੰ ਇਸ ਤੱਥ ਤੋਂ ਚੇਤੰਨ ਕਰਾਉਣਾ ਹੈ ਕਿ ਪਰਮਾਤਮਾ ਸਵੈ-ਸਿਰਜਿਤ ਕਰਤਾ ਹੈ ਅਤੇ ਬਾਕੀ ਸਭ ਦਿਸਦਾ ਸੰਸਾਰ ਉਸ ਦੀ ਸਿਰਜਣਾ ਹੈ। ਗੁਰੂ ਅਨੁਸਾਰ ਸਤਿ ਨੂੰ ਅਨੁਭਵ ਕਰਨ ਦੇ ਰਸਤੇ ਵਿਚ ਸਭ ਤੋਂ ਵੱਡਾ ਅੜਿੱਕਾ ਹਉਮੈ ਹੈ। ਮਨੁੱਖ ਇਸ ਹਉਮੈ ਤੋਂ ਤਾਂ ਹੀ ਛੁਟਕਾਰਾ ਪਾ ਸਕਦਾ ਹੈ ਜੇ ਕੁਦਰਤਿ ਦੇ ਇਸ ਸਾਰੇ ਪਸਾਰੇ ਨੂੰ ਸਮਝੇ ਅਤੇ ਗੁਰੂ ਦੀ ਸਿੱਖਿਆ ਅਰਥਾਤ ਸ਼ਬਦ ਦਾ ਅਨੁਸਾਰੀ ਹੋ ਕੇ ਆਪਣੇ ਆਪ ਨੂੰ ਉਸ ਕਰਤੇ ਦਾ ਰਚਿਆ ਤੁੱਛ ਜੀਵ ਹੋਣ ਦਾ ਅਹਿਸਾਸ ਕਰਾਵੇ। ਧਰਮ ਆਪਣੇ ਤੱਤ ਸਾਰ ਵਿਚ ਉਸ ਕਰਤਾ ਪੁਰਖ ਦੇ ਰਸਤੇ ‘ਤੇ ਚੱਲਣ ਦਾ ਨਾਮ ਹੈ, ਆਪਣੇ ਅੰਦਰ ਇਹ ਅਹਿਸਾਸ ਜਗਾਉਣਾ ਹੈ ਕਿ ਇਹ ਪਸਾਰ ਉਸੇ ਦਾ ਪ੍ਰਗਟ ਰੂਪ ਹੈ।
ਆਸਾ ਦੀ ਵਾਰ ਵਿਚ ਗੁਰੂ ਨਾਨਕ ਦੇਵ ਇਸ ਵਿਚਾਰ ਨੂੰ ਦ੍ਰਿੜ ਕਰਾਉਂਦੇ ਹਨ ਕਿ ਜਿਨ੍ਹਾਂ ਦੀ ਸਾਡੇ ਵਿਚੋਂ ਬਹੁਤ ਸਾਰੇ ਲੋਕ ਪੂਜਾ ਕਰਦੇ ਹਨ, ਬੇਸ਼ੱਕ ਉਹ ਆਪਣੇ ਸਮਿਆਂ ਵਿਚ ਮਹਾਨ ਮਨੁੱਖ ਹੋਣਗੇ, ਪਰ ਉਹ ਜਨਮ-ਮਰਨ ਵਿਚ ਆਉਣ ਵਾਲੇ ਨਾਸ਼ਵਾਨ ਮਨੁੱਖ ਸਨ, ਜਿਨ੍ਹਾਂ ਦੀ ਪੂਜਾ ਕਰਨੀ ਨਹੀਂ ਬਣਦੀ, ਅਰਾਧਨਾ ਸਿਰਫ ਉਸ ਇੱਕ ਅਕਾਲ ਪੁਰਖ ਦੀ ਕਰਨੀ ਚਾਹੀਦੀ ਹੈ, ਜੋ ਜਨਮ-ਮਰਨ ਤੋਂ ਉਤੇ ਅਬਿਨਾਸ਼ੀ ਹੈ, “ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥ ਕੇਤੀਆ ਕੰਨ ਕਹਾਣੀਆ ਕੇਤੇ ਬੇਦ ਬੀਚਾਰ॥” (ਪੰਨਾ 463-64)
ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਨ ਜਾਂ ਉਨ੍ਹਾਂ ਦੀ ਰਾਸ ਰਚਾਉਣ ਵਾਲਿਆਂ ਬਾਰੇ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ ਇਸ ਕਲਿਜੁਗ ਦੇ ਸਮੇਂ ਵਿਚ ਚੇਲੇ ਭਾਂਤ ਭਾਂਤ ਦੇ ਸਾਜ ਵਜਾਉਂਦੇ ਹਨ ਅਤੇ ਉਨ੍ਹਾਂ ਦੇ ਗੁਰੂ ਉਨ੍ਹਾਂ ਦੇ ਸਾਜਾਂ ਦੀ ਧੁਨੀ ‘ਤੇ ਨੱਚਦੇ ਹਨ। ਲੋਕ ਉਨ੍ਹਾਂ ਰਾਸ-ਲੀਲ੍ਹਾ ਪਾਉਣ ਵਾਲਿਆਂ ਦਾ ਤਮਾਸ਼ਾ ਦੇਖਦੇ ਹਨ ਅਤੇ ਘਰ ਜਾ ਕੇ ਹੱਸਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਸਭ ਉਹ “ਰੋਟੀਆ ਕਾਰਣਿ ਪੂਰਹਿ ਤਾਲ” ਭਾਵ ਰੋਟੀ-ਰੋਜ਼ੀ ਲਈ ਕਰਦੇ ਹਨ। ਇਸ ਤਰ੍ਹਾਂ ਇਹ ਸਵਾਂਗ ਤਮਾਸ਼ਾ ਦੇਖਣ ਵਾਲਿਆਂ ਦੇ ਮਨ ਵਿਚ ਕਿਸੇ ਤਰ੍ਹਾਂ ਦੇ ਅਧਿਆਤਮਕ ਜਾਂ ਪਵਿੱਤਰਤਾ ਦੇ ਅਹਿਸਾਸ ਜਗਾਉਣ ਦੀ ਥਾਂ ਹਾਸੇ ਦੀ ਵਜ੍ਹਾ ਬਣਦੇ ਹਨ, “ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ ਫੇਰਨਿ ਸਿਰ॥ ਉਡਿ ਉਡਿ ਰਾਵਾ ਝਾਟੇ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ॥” (ਪੰਨਾ 465)
ਗੁਰੂ ਨਾਨਕ ਦੇਵ ਵੱਖ ਵੱਖ ਫਿਰਕਿਆਂ ਦੀਆਂ ਰਸਮਾਂ ਅਤੇ ਕਰਮਕਾਂਡ ਦਾ ਹਵਾਲਾ ਸਾਨੂੰ ਇਹ ਅਹਿਸਾਸ ਕਰਾਉਣ ਲਈ ਦਿੰਦੇ ਹਨ ਕਿ ਪਰਮਾਤਮਾ ਅਸੀਮ ਅਤੇ ਬੇਅੰਤਤਾ ਦਾ ਸੋਮਾ ਹੈ। ਮਿਸਾਲ ਵਜੋਂ ਮੁਸਲਮਾਨਾਂ ਵਲੋਂ ਸ਼ਰੀਅਤ ਨੂੰ ਮੰਨਣਾ, ਹਿੰਦੂਆਂ ਵੱਲੋਂ ਸ਼ਾਸਤਰ ਦੁਆਰਾ ਪਰਮਾਤਮਾ ਨੂੰ ਸਲਾਹੁਣਾ, ਤੀਰਥਾਂ ‘ਤੇ ਇਸ਼ਨਾਨ ਕਰਨਾ, ਮੂਰਤੀਆਂ ਅੱਗੇ ਭੇਟਾ ਚੜ੍ਹਾਉਣੀਆਂ ਤੇ ਧੂਫ, ਦੀਪ ਤੇ ਚੰਦਨ ਦੇ ਟਿੱਕੇ ਲਾ ਕੇ ਮੂਰਤੀਆਂ ਦੀ ਪੂਜਾ ਕਰਨੀ, ਦਾਨੀਆਂ ਵਲੋਂ ਦਾਨ ਕਰਕੇ ਰੱਬ ਕੋਲੋਂ ਉਸ ਤੋਂ ਦੁਗਣਾ-ਚੌਗੁਣਾ ਮੰਗਣਾ, ਯੋਗੀਆਂ ਦੁਆਰਾ ਇਹ ਮੰਨਣਾ ਕਿ ਯੋਗ-ਸਮਾਧੀ ਰਾਹੀਂ ਮਾਇਆ ਤੋਂ ਦੂਰ ਰਹਿ ਕੇ ਉਸ ਦੇ ਦਰਸ਼ਨ ਸੰਭਵ ਹਨ ਆਦਿ; ਇਨ੍ਹਾਂ ਸਾਰੇ ਧਾਰਮਿਕ ਕਰਮਾਂ ਨਾਲ ਮਨੁੱਖ ਦੇ ਅੰਦਰ ਖਾਸ ਕਿਸਮ ਦੀ ਹਉਮੈ ਵੀ ਪੈਦਾ ਹੁੰਦੀ ਹੈ ਅਤੇ ਇੱਥੇ ਹੀ ਗੁਰੂ ਦਾ ਅਹਿਮ ਰੋਲ ਆਉਂਦਾ ਹੈ ਕਿ ਉਹ ਮਨੁੱਖ ਨੂੰ ਹਉਮੈ ਰੂਪੀ ਰੋਗ ਤੋਂ ਛੁਟਕਾਰਾ ਪਾਉਣ ਦਾ ਰਸਤਾ ਦਿਖਾਵੇ, “ਹਿੰਦੂ ਸਾਲਾਹੀ ਸਾਲਾਹਿਨ ਦਰਸਨਿ ਰੂਪ ਅਪਾਰੁ॥” (ਪੰਨਾ 465)
ਗੁਰੂ ਨਾਨਕ ਦੇਵ ਜੀ ਦਾ ਮਕਸਦ ਇਹ ਚੇਤਨਾ ਜਗਾਉਣਾ ਹੈ ਕਿ ਇਸ ਸਭ ਵਿਭਿੰਨ ਰਚਨਾ ਦਾ ਸੋਮਾ ਇੱਕ ਪਰਮਾਤਮਾ ਹੈ। ਜੇ ਕੋਈ ਧਾਰਮਿਕ ਫਿਰਕਾ ਜਾਂ ਜਾਤ ਦੇ ਲੋਕ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਪਰਮਾਤਮਾ ਨੇ ਖਾਸ ਪੈਦਾ ਕੀਤਾ ਹੈ ਜਾਂ ਉਹ ਕੋਈ ਪਰਮਾਤਮਾ ਦੇ ਚੁਣੇ ਹੋਏ ਲੋਕ ਹਨ, ਇਹ ਇੱਕ ਮਹਿਜ ਭਰਮ ਅਤੇ ਝੂਠ ਹੈ। ਧਾਰਮਿਕ ਹਉਮੈ ਤੋਂ ਰਹਿਤ ਸੇਵਾ ਉਹ ਹੈ, ਜੋ ਸੰਤੋਖੀ ਮਨੁੱਖ ਉਸ ਸੱਚ ਨਾਲ ਜੁੜ ਕੇ, ਨੇਕ ਕਮਾਈ ਨਾਲ ਕਰਦੇ ਹਨ।
ਗੁਰੂ ਨਾਨਕ ਦੇਵ ਵਲੋਂ ਸਥਾਪਤ ਕੀਤੀ ਗਈ ਵਿਚਾਰਧਾਰਾ ਵਿਚ ਨੈਤਿਕ ਗੁਣਾਂ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਇਸ ਵਿਚਾਰ ਨੂੰ ਉਨ੍ਹਾਂ ਨੇ ਵੱਖ ਵੱਖ ਧਾਰਮਿਕ ਰਸਮਾਂ ਅਤੇ ਕਰਮ ਕਾਂਡਾਂ, ਧਾਰਮਿਕ ਚਿੰਨ੍ਹਾਂ, ਧਰਮ ਨਾਲ ਜੁੜੇ ਅਲੱਗ ਅਲੱਗ ਵਹਿਮਾਂ ਅਤੇ ਭਰਮਾਂ ਦੀਆਂ ਮਿਸਾਲਾਂ ਤੇ ਆਲੋਚਨਾ ਰਾਹੀਂ ਸਪੱਸ਼ਟ ਕੀਤਾ ਹੈ। ਧਾਰਮਿਕ ਭੇਖ ਕਰਨੇ, ਤੀਰਥਾਂ ‘ਤੇ ਜਾਣਾ, ਮੌਨ ਵਰਤ ਰੱਖਣੇ, ਮੜ੍ਹੀਆਂ-ਮਸਾਣਾਂ ਵਿਚ ਰਹਿਣਾ, ਪਿੰਡੇ ‘ਤੇ ਸੁਆਹ ਮਲਣੀ, ਅੰਨ ਦਾ ਤਿਆਗ ਕਰਨਾ ਅਤੇ ਅਜਿਹੇ ਹੋਰ ਸਭ ਕਰਮ ਬੇਕਾਰ ਹਨ, ਕਿਉਂਕਿ ਮਨੁੱਖ ਦਾ ਧਾਰਮਿਕ ਜਾਂ ਗੈਰ-ਧਾਰਮਿਕ ਹੋਣਾ ਉਸ ਦੀ ਨੇਕ ਕਮਾਈ ਅਤੇ ਉਸ ਦੀ ਜੀਵਨ ਜੁਗਤਿ ਤੋਂ ਪ੍ਰਗਟ ਹੁੰਦਾ ਹੈ।
ਇਸ ਜੁਗਤਿ ਵਿਚ ਸ਼ਾਮਲ ਨੈਤਿਕ ਗੁਣ ਸਤਿ, ਸੰਤੋਖ, ਗਿਆਨ, ਦਇਆ, ਹਲੀਮੀ, ਪਰਉਪਕਾਰ, ਸੇਵਾ ਆਦਿ ਹਨ, ਜਿਸ ਦੀ ਸਮਝ ਗੁਰੂ ਤੋਂ ਮਿਲਦੀ ਹੈ। ਇਨ੍ਹਾਂ ਗੁਣਾਂ ਦੀ ਅਹਿਮੀਅਤ ਨੂੰ ਧਾਰਮਿਕ ਹੋਣ ਦੇ ਚਿੰਨ੍ਹ ਜਨੇਊ ਪਹਿਨਣ ਦੀ ਮਿਸਾਲ ਰਾਹੀਂ ਸਮਝਾਇਆ ਹੈ ਕਿ ਧਾਰਮਿਕ ਹੋਣ ਲਈ ਮਨੁੱਖ ਅੰਦਰ ਦਇਆ, ਸੰਤੋਖ, ਜਤ, ਸਤ ਦਾ ਹੋਣਾ ਲਾਜ਼ਮੀ ਹੈ, ਨਹੀਂ ਤਾਂ ਧਾਰਮਿਕ ਚਿੰਨ੍ਹ ਪਹਿਨਣ ਦਾ ਕੋਈ ਲਾਭ ਨਹੀਂ ਹੈ, “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥” (ਪੰਨਾ 471)
ਆਸਾ ਦੀ ਵਾਰ ਵਿਚ ਗੁਰੂ ਨਾਨਕ ਸਾਹਿਬ ਨੇ ਹਰ ਤਰ੍ਹਾਂ ਦੇ ਧਾਰਮਿਕ ਕਰਮਕਾਂਡ ਦੀ ਤਰਕ ਅਤੇ ਦਲੀਲ ਦੇ ਆਧਾਰ ‘ਤੇ ਆਲੋਚਨਾ ਕਰਦਿਆਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨੈਤਿਕ ਗੁਣਾਂ ਤੋਂ ਵਿਹੂਣੀਆਂ ਸਭ ਧਾਰਮਿਕ ਰਸਮਾਂ ਅਤੇ ਰੀਤਾਂ ਮਹਿਜ ਪਖੰਡ ਤੇ ਦਿਖਾਵਾ ਮਾਤਰ ਬਣ ਜਾਂਦੀਆਂ ਹਨ, ਜਿਨ੍ਹਾਂ ਦਾ ਅਧਿਆਤਮਕਤਾ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਇਥੇ ਸਿਰਫ ਇਸ਼ਾਰਾ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਵਿਸਥਾਰ ਵਿਚ ਜਾਣ ਦੀ ਇਥੇ ਗੁੰਜਾਇਸ਼ ਨਹੀਂ ਹੈ। ਇਨ੍ਹਾਂ ਸਭ ਗੁਣਾਂ ਦਾ ਆਧਾਰ ਸੱਚ ਜਾਂ ਸਤਿ ਨੂੰ ਬਣਾਇਆ ਗਿਆ ਹੈ, ਜਿਸ ਦਾ ਸਿੱਟਾ “ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥” (ਪੰਨਾ 468) ਵਿਚ ਨਿਕਲਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਦੀ ਸਮਾਜਕ, ਸਭਿਆਚਾਰਕ ਅਤੇ ਰਾਜਨੀਤਕ ਗਿਰਾਵਟ ਦਾ ਕਾਰਨ ਮਨੁੱਖ ਦਾ ਸੱਚ ਕੋਲੋਂ ਦੂਰ ਹੋ ਜਾਣਾ ਮੰਨਿਆ ਹੈ, ਜਿਸ ਨੂੰ “ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਦਾਲਿ॥” (ਪੰਨਾ 468) ਕਿਹਾ ਹੈ।
ਗੁਰੂ ਨਾਨਕ ਉਸ ਵੇਲੇ ਦੀ ਰਾਜਸੀ ਹਾਲਤ ਤੋਂ ਭਲੀ ਭਾਂਤ ਚੇਤੰਨ ਹਨ, ਜਿਸ ਵਿਚ ਲਾਲਚ, ਝੂਠ, ਜ਼ੁਲਮ, ਵਾਸ਼ਨਾ, ਬੇਇਨਸਾਫੀ ਆਦਿ ਦਾ ਬੋਲਬਾਲਾ ਹੈ ਅਤੇ ਇਸ ਅਵਸਥਾ ਤੋਂ ਮਨੁੱਖ ਨੂੰ ਚੇਤੰਨ ਵੀ ਕਰਾਉਂਦੇ ਹਨ ਕਿ ਅਜਿਹੇ ਹਾਲਾਤ ਲਈ ਅਗਿਆਨ ਕਾਰਨ ਪਰਜਾ ਵੀ ਕੁਝ ਹੱਦ ਤੱਕ ਜਿੰਮੇਵਾਰ ਹੁੰਦੀ ਹੈ, ਕਿਉਂਕਿ ਉਹ ਆਪਣੇ ਹੱਕਾਂ ਪ੍ਰਤੀ ਚੇਤੰਨ ਨਹੀਂ ਹੁੰਦੀ ਅਤੇ ਮੁਰਦਿਆਂ ਵਾਂਗ ਵਫਾਦਾਰੀ ਕਰਦੀ ਹੈ, “ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥” (ਪੰਨਾ 468-69)
ਉਸ ਵੇਲੇ ਦੇ ਹਾਕਮਾਂ, ਜਿਨ੍ਹਾਂ ਦਾ ਧਰਮ ਇਸਲਾਮ ਸੀ, ਜੋ ਨਮਾਜ਼ ਵੀ ਪੜ੍ਹਦੇ ਹਨ, ਬਾਕੀ ਧਾਰਮਿਕ ਰਸਮਾਂ ਵੀ ਕਰਦੇ ਹਨ ਅਤੇ ਉਨ੍ਹਾਂ ਦੇ ਕਾਰਿੰਦਿਆਂ, ਜੋ ਧਰਮ ਵਜੋਂ ਹਿੰਦੂ ਹੋਣ ਕਰਕੇ ਧੋਤੀ, ਟਿੱਕਾ, ਮਾਲਾ, ਜਨੇਊ ਪਹਿਨਣ ਤੋਂ ਲੈ ਕੇ ਪੂਜਾ ਤੱਕ ਸਾਰੇ ਧਾਰਮਿਕ ਕਰਮ ਕਰਦੇ ਹਨ, ਦੋਹਾਂ ਦੀ ਅਸਲੀਅਤ ਨੂੰ ਸਪੱਸ਼ਟ ਕੀਤਾ ਹੈ ਕਿ ਕਿਸ ਤਰ੍ਹਾਂ ਉਹ ਮਿਲੀਭੁਗਤ ਨਾਲ ਲੋਕਾਂ ਦੀ ਲੁੱਟ-ਖਸੁੱਟ ਕਰਦੇ ਹਨ, “ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨ ਤਿਨ ਗਲਿ ਤਾਗ॥” (ਪੰਨਾ 471)
ਗੁਰੂ ਜੀ ਨੇ ਇਸ ਸਾਰੀ ਮਿਲੀਭੁਗਤ ਨੂੰ ‘ਕੂੜਾ ਵਾਪਾਰ’ ਕਹਿ ਕੇ ਨਿੰਦਿਆ ਹੈ, ਜਿਨ੍ਹਾਂ ਦੇ ਅੰਦਰ ਖੋਟ ਹੈ, ਪਰ ਬਾਹਰੋਂ ਧਾਰਮਿਕ ਹੋਣ ਦਾ ਪਖੰਡ ਕਰਦੇ ਹਨ। ਇੱਕ ਪਾਸੇ ਮੁਸਲਮਾਨ ਹਾਕਮਾਂ ਨੂੰ ਮਲੇਛ ਕਹਿੰਦੇ ਹਨ ਤੇ ਦੂਜੇ ਪਾਸੇ ਮੁਸਲਮਾਨਾਂ ਦਾ ਧਾਨ ਖਾਂਦੇ ਹਨ, “ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੁਜਹਿ ਪੁਰਾਣੁ॥” (ਪੰਨਾ 472) ਇਸ ਦੇ ਨਾਲ ਹੀ ਮਨੁੱਖ ਨੂੰ ਹੱਕ-ਸੱਚ ਦੀ ਸੱਚੀ ਸੁੱਚੀ ਕਮਾਈ ਕਰਨ ਅਤੇ ਉਸ ਨੂੰ ਲੋੜਵੰਦਾਂ ਨਾਲ ਵੰਡ ਕੇ ਖਾਣ ਦੀ ਪ੍ਰੇਰਨਾ ਕੀਤੀ ਹੈ, ਕਿਉਂਕਿ ਅਜਿਹੀ ਕਮਾਈ ਹੀ ਸਾਰਥਕ ਹੁੰਦੀ ਹੈ, “ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥” (ਪੰਨਾ 472)
ਗੁਰੂ ਨਾਨਕ ਦੇਵ ਵੱਲੋਂ ਸਥਾਪਤ ਕੀਤਾ ਗਿਆ ਧਰਮ ਸਮਾਜਕ ਅਤੇ ਸਮੁੱਚੇ ਜੀਵਨ ਨਾਲ ਸਬੰਧਿਤ ਧਰਮ ਹੈ, ਜਿਸ ਵਿਚ ਪਰਿਵਾਰ, ਸਮਾਜ ਅਤੇ ਇਸਤਰੀ ਦੇ ਤਿਆਗ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ। ਜਿਵੇਂ ਸ਼ੁਰੂ ਵਿਚ ਹੀ ਸੰਕੇਤ ਕੀਤਾ ਸੀ ਕਿ ਧਾਰਮਿਕ ਮਨੁੱਖ ਨੂੰ ਸੰਸਾਰ ਵਿਚ ਸ਼ਮੂਲੀਅਤ ਸਮਾਜ ਵਿਚ ਦਇਆ ਅਤੇ ਸੇਵਾ ਰਾਹੀਂ ਕਰਨੀ ਚਾਹੀਦੀ ਹੈ, ਇਸ ਲਈ ਗੁਰੂ ਨਾਨਕ ਅਨੁਸਾਰ ਇਸਤਰੀ ਸਮਾਜ ਦਾ ਅਹਿਮ ਅੰਗ ਹੈ। ਇਸਤਰੀ ਸਮਾਜ ਦੀ ਚੂਲ ਹੈ, ਜਿਸ ਤੋਂ ਬਿਨਾ ਸਮਾਜ ਦੀ ਹੋਂਦ ਹੀ ਸੰਭਵ ਨਹੀਂ ਹੈ। ਇਸਤਰੀ ਤੋਂ ਹੀ ਸਮਾਜ ਅੱਗੇ ਚਲਦਾ ਹੈ। ਵੱਡੇ ਤੋਂ ਵੱਡਾ, ਮਹਾਨ ਤੋਂ ਮਹਾਨ ਪੁਰਸ਼ ਵੀ ਇਸ ਸੰਸਾਰ ‘ਤੇ ਇਸਤਰੀ ਤੋਂ ਹੀ ਜਨਮ ਲੈਂਦਾ ਹੈ। ਇੱਕ ਅਕਾਲ ਪੁਰਖ ਹੀ ਹੈ, ਜਿਸ ਦੀ ਹੋਂਦ ਆਪਣੇ ਆਪ ਤੋਂ ਹੈ; ਫਿਰ ਇਸਤਰੀ ਨੂੰ ਦੁਰਕਾਰਿਆ ਜਾਂ ਛੁਟਿਆਇਆ ਕਿਵੇਂ ਜਾ ਸਕਦਾ ਹੈ? “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥” (ਪੰਨਾ 473) ਉਸ ਨੂੰ ਵੀ ਪੁਰਸ਼ ਵਾਂਗ ਹੀ ਸਮਾਜਕ ਅਤੇ ਅਧਿਆਤਮਕ ਸਾਰੇ ਹੱਕ ਪ੍ਰਾਪਤ ਹਨ। ਪਰਮਾਤਮਾ ਦੀ ਨਜ਼ਰ ਵਿਚ ਕੋਈ ਵੀ ਇਸਤਰੀ ਜਾਂ ਪੁਰਸ਼ ਛੋਟਾ ਜਾਂ ਵੱਡਾ, ਉਚਾ ਜਾਂ ਨੀਵਾਂ ਨਹੀਂ ਹੈ। ਮਨੁੱਖ ਦੀ ਉਚਾ ਜਾਂ ਨੀਵਾਂ, ਛੋਟਾ ਜਾਂ ਵੱਡਾ ਹੋਣ ਦੀ ਪਛਾਣ ਇਸ ਤੱਥ ਤੋਂ ਹੋਣੀ ਹੈ ਕਿ ਉਹ ਜੀਵਨ ਵਿਚ ਕਿੰਨਾ ਕੁ ਸੱਚ ਦਾ ਅਨੁਸਾਰੀ ਹੋ ਕੇ, ਉਸ ਦੇ ਹੁਕਮ ਦੀ ਪਛਾਣ ਕਰਕੇ ਜਿਉਂ ਰਿਹਾ ਹੈ।
ਗੁਰੂ ਨਾਨਕ ਸਾਹਿਬ ਵੱਲੋਂ ਇਹ ਕੋਈ ਦੂਜੇ ਧਰਮਾਂ ਬਾਰੇ ਦਿੱਤੇ ਬਿਆਨ ਨਹੀਂ ਹਨ, ਪਰ ਇਹ ਉਨ੍ਹਾਂ ਦੇ ਆਪਣੇ ਧਾਰਮਿਕ ਅਤੇ ਅਧਿਆਤਮਕ ਦ੍ਰਿਸ਼ਟੀਕੋਣ ਬਾਰੇ ਬਿਆਨ ਹੈ। ਇਥੋਂ ਤੱਕ ਕਿ ਜੇ ਗੁਰੂ ਨਾਨਕ ਦੇਵ ਦੇ ਆਪਣੇ ਸਿੱਖ ਵੀ ਸਿੱਖ ਧਰਮ ਪ੍ਰਤੀ ਕੱਟੜਵਾਦੀ ਪਹੁੰਚ ਦੀਆਂ ਸੱਤਾਤਮਕ ਹੋਂਦ ਸਬੰਧੀ ਰੁਕਾਵਟਾਂ ਭੁਗਤਦੇ ਹਨ, ਸਿਧਾਂਤ ਉਨ੍ਹਾਂ ਨੂੰ ਇਸ ਦੀ ਆਗਿਆ ਨਹੀਂ ਦਿੰਦਾ। ਭਾਵ ਆਸਾ ਦੀ ਵਾਰ ਵਿਚ ਧਰਮ ਪ੍ਰਤੀ ਦਿੱਤਾ ਹੋਇਆ ਸਿਧਾਂਤ ਸਿੱਖ ਧਰਮ ਨੂੰ ਮੰਨਣ ਵਾਲਿਆਂ ‘ਤੇ ਵੀ ਉਵੇਂ ਹੀ ਲਾਗੂ ਹੁੰਦਾ ਹੈ। ਰਹਿਤ ਮਰਿਆਦਾ ਦੀ ਪ੍ਰਮਾਣਕ ਵਿਆਖਿਆ ਅਧਿਆਤਮਕਤਾਹੀਣ ਚਿੰਨ੍ਹਾਂ ਦੀ ਆਗਿਆ ਨਹੀਂ ਦਿੰਦੀ। ਧਾਰਮਿਕ ਚਿੰਨ੍ਹ ਦਾ ਪਹਿਨਣਾ ਮਨੁੱਖ ਦੇ ਅੰਦਰਲੀ ਅਧਾਰਮਿਕਤਾ ਦਾ ਕਵਚ ਨਹੀਂ ਹੈ। ਮਨੁੱਖ ਦੀ ਅਸਲੀ ਯੋਗਤਾ, ਉਤਮੱਤਾ ਉਸ ਅੰਦਰਲੇ ਗੁਣਾਂ ਦਇਆ, ਸੰਤੋਖ, ਸੰਜਮ, ਪਰਉਪਕਾਰ ਆਦਿ ਦੀ ਵਰਤੋਂ ਰਾਹੀਂ ਹੀ ਮਾਪੀ ਜਾਣੀ ਹੈ। ਗੁਰੂ ਨਾਨਕ ਵੱਲੋਂ ਦਿੱਤਾ ਸਿਧਾਂਤ ਕਿਸੇ ਵੀ ਧਾਰਮਿਕ ਪਰੰਪਰਾ, ਧਾਰਮਿਕ ਕਹੇ ਜਾਣ ਵਾਲੇ ਮਨੁੱਖ ਅਤੇ ਹਰ ਸਮੇਂ ਤੇ ਸਥਾਨ ‘ਤੇ ਲਾਗੂ ਹੁੰਦਾ ਹੈ।