ਕਾਸ਼!

ਦਿੱਲੀ ਦੇ ਮਰਹੂਮ ਲਿਖਾਰੀ ਦਰਸ਼ਨ ਸਿੰਘ ਨੇ ਪਿਛਲੀ ਉਮਰੇ, ਰਿਟਾਇਰਮੈਂਟ ਪਿਛੋਂ ਲਿਖਣਾ ਸ਼ੁਰੂ ਕੀਤਾ ਸੀ ਅਤੇ ਫਿਰ ਲਿਖਦੇ ਹੀ ਚਲੇ ਗਏ। ਸਾਲ-ਦਰ-ਸਾਲ ਉਨ੍ਹਾਂ ਦੇ ਨਾਵਲ ਤੇ ਹੋਰ ਰਚਨਾਵਾਂ ਛਪਣ ਲੱਗੀਆਂ, ਖੂਬ ਚਰਚਾ ਵੀ ਹੋਣ ਲੱਗੀ। ਉਨ੍ਹਾਂ ਦੀਆਂ ਰਚਨਾਵਾਂ ਦੀ ਸਭ ਤੋਂ ਵੱਧ ਚਰਚਾ ਭਾਸ਼ਾ ਅਤੇ ਦ੍ਰਿਸ਼ ਚਿਤਰਨ ਕਰਕੇ ਹੋਈ। ਇਸ ਕਹਾਣੀ ਵਿਚ ਵੀ ਇਹ ਰੰਗ ਦੇਖਣ ਵਾਲਾ ਹੈ। ਸਾਧਾਰਨ ਜਿਹੀ ਦਿਸਦੀ ਪਰ ਇਸ ਨਿਵੇਕਲੀ ਪਿਆਰ ਕਹਾਣੀ ਵਿਚ ਜਾਪਦਾ ਹੈ, ਜਿਵੇਂ ਮੁਹੱਬਤ ਦੇ ਬੱਦਲ ਹੁਣੇ ਹੀ ਵਰ੍ਹਨ ਲੱਗੇ ਹਨ।

-ਸੰਪਾਦਕ

ਦਰਸ਼ਨ ਸਿੰਘ

ਸਵੇਰ ਤੋਂ ਹੀ ਬੱਦਲਵਾਈ ਸੀ। ਬੂੰਦਾਂ ਵੀ ਪਈਆਂ ਸਨ ਤੇ ਬੁਛਾੜਾਂ ਵੀ। ਫੇਰ ਵੀ ਮੇਰੇ ਮੂੰਹੋਂ ਕਾਸ਼! ਨਹੀਂ ਸੀ ਨਿਕਲਿਆ। ਪਾਸ਼ ਦੀ ਸਿੱਕ ਜਾਂ ਸਹਿਕ ਨਹੀਂ ਸੀ ਹੋਈ। ਨਾ ਹੀ ਕੋਈ ਕਲਵਲ ਮਹਿਸੂਸ ਹੋਈ ਸੀ। ਨਾ ਹੀ ਇਹ ਲੱਗਾ ਸੀ ਕਿ ਜ਼ਿੰਦਗੀ ‘ਚ ਹੁਣ ਰਸ ਰੰਗ ਨਹੀਂ ਰਿਹਾ।
ਸਿਰਫ ਪੰਜ ਛੇ ਮਹੀਨੇ ਪਹਿਲੋਂ ਹੀ ਇੰਜ ਨਹੀਂ ਸੀ ਹੁੰਦਾ। ਉਦੋਂ ਜਦੋਂ ਵੀ ਬੱਦਲ ਆਉਂਦੇ, ਵਰ੍ਹਦੇ ਭਾਵੇਂ ਨਾ ਵਰ੍ਹਦੇ, ਮੈਂ ਕਹਿ ਉਠਦਾ, “ਕਾਸ਼! ਉਹ ਗੁਜ਼ਰੇ ਜ਼ਮਾਨੇ ਵਾਪਸ ਆ ਜਾਣ ਤੇ ਮੈਂ ਉਹ ਕੁਝ ਕਰ ਲਵਾਂ ਜੋ ਪਹਿਲੋਂ ਨਹੀਂ ਸਾਂ ਕਰ ਸਕਿਆ! ਤੇ ਫੇਰ ਮੈਂ ਸਾਰਾ ਸਮਾਂ ਬੇਚੈਨ ਰਹਿੰਦਾ। ਰਾਤਾਂ ਵੀ ਜਾਗ ਕੇ ਕੱਟਦਾ। ਵੈਰਾਗਿਆ ਜਾਂਦਾ।
ਪਾਸ਼ ਦਾ ਪੂਰਾ ਨਾਂ ਪ੍ਰਕਾਸ਼ ਸੀ। ਉਹ ਮੇਰੀ ਅਮਰੀਕਾ ਜਾ ਵਸੀ ਛੋਟੀ ਭੈਣ ਜੀਤੋ ਦੀ ਪਰਮ ਸਹੇਲੀ ਸੀ।
ਪਾਸ਼ ਕੋਈ ਐਵੇਂ ਕੈਵੇਂ ਦੀ ਕੁੜੀ ਨਹੀਂ ਸੀ। ਬੜੀ ਸੁਹਣੀ ਸੀ। ਤਿੱਖੇ ਨਕਸ਼। ਗੋਰੀ ਚਿੱਟੀ। ਮੋਟੀਆਂ ਸੁਰਮਈ ਅੱਖਾਂ। ਲੰਮ-ਸਲੰਮੀ। ਕੁੰਡਲਾਏ ਵਾਲ। ਉਸ ਪੁਰਾਣੇ ਜ਼ਮਾਨੇ ‘ਚ ਵੀ ਹੇਠੋਂ ਵਿਤਰੇ ਹੋਏ। ਹਰ ਕਿਸੇ ਨੂੰ ਖਿੱਚ ਪਾਉਂਦੀ ਸੀ, ਮੈਨੂੰ ਵੀ ਪਰ ਏਨੀ ਨਹੀਂ। ਮੈਨੂੰ ਉਦੋਂ ਬਹੁਤੀ ਖਿੱਚ ਓਸ ਕੁੜੀ ਦੀ ਹੁੰਦੀ ਸੀ, ਜਿਸ ਨਾਲ ਮੇਰੇ ਵਿਆਹ ਦੀ ਗੱਲ ਚੱਲ ਰਹੀ ਸੀ ਤੇ ਜਿਸ ਨਾਲ ਮੈਂ ਫਿਰ ਵਿਆਹਿਆ ਵੀ ਗਿਆ ਤੇ ਜਿਹੜੀ ਹੁਣ ਤਕ ਮੇਰੀ ਵਿਆਹੁਤਾ ਏ ਪਰ ਪਾਸ਼ ਨੂੰ ਮੇਰੀ ਬੜੀ ਖਿੱਚ ਸੀ। ਜਦੋਂ ਉਹ ਜੀਤੋ ਕੋਲ ਸਾਡੇ ਘਰ ਆਈ ਹੁੰਦੀ, ਮੇਰੇ ਵੱਲ ਸਧਰਾਈਆਂ ਨਜ਼ਰਾਂ ਨਾਲ ਦੇਖਦੀ ਰਹਿੰਦੀ। ਉਹਦੀ ਤੱਕਣੀ ‘ਚ ਨਿੰਮ੍ਹਾ ਜਿਹਾ ਸੱਦਾ ਹੁੰਦਾ ਜੋ ਮੈਂ ਕਬੂਲ ਨਾ ਕਰਦਾ। ਉਹ ਨਿਰਾਸ਼ ਨਾ ਹੁੰਦੀ। ਕਦੀ-ਕਦੀ ਉਹਨੂੰ ਹੌਲ ਉਠਦਾ ਤੇ ਉਹ ਅਜਿਹਾ ਕੁਝ ਕਰ ਦਿਖਾਉਂਦੀ, ਜਿਹਦੇ ਨਾਲ ਸਪਸ਼ਟ ਹੋ ਜਾਂਦਾ ਕਿ ਉਹ ਚਾਹੁੰਦੀ ਕੀ ਏ।
ਇਹਨੂੰ ਮੌਕਾ-ਮੇਲ ਸਮਝੋ ਜਾਂ ਕੁਝ ਹੋਰ, ਉਦੋਂ ਬੱਦਲ ਛਾਏ ਹੁੰਦੇ, ਜਾਂ ਵਰ੍ਹਨ ਵਾਲੇ ਹੁੰਦੇ, ਜਾਂ ਵਰ੍ਹ ਰਹੇ ਹੁੰਦੇ ਤੇ ਜਾਂ ਵਰ੍ਹ ਚੁੱਕੇ ਹੁੰਦੇ। ਸ਼ਾਇਦ ਇਹ ਹੀ ਕਾਰਨ ਸੀ ਕਿ ਮੈਨੂੰ ਉਹਦੀ ਸਿੱਕ ਉਦੋਂ ਹੀ ਉਠਦੀ ਜਦੋਂ ਬੱਦਲਵਾਈ ਹੁੰਦੀ।
ਪਾਸ਼ ਨੂੰ ਹੌਲ ਤਾਂ ਕਈ ਵਾਰੀ ਉਠਦਾ ਪਰ ਤਾਂਘਣ, ਸਿੱਕਣ ਵੇਲੇ ਮੈਨੂੰ ਅਕਸਰ ਤਿੰਨ ਵਾਰਾਂ ਹੀ ਯਾਦ ਆਉਂਦੀਆਂ। ਏਨੀਆਂ ਗੂੜ੍ਹੀਆਂ ਕਿ ਮੈਂ ਉਨ੍ਹਾਂ ‘ਚ ਡੁੱਬ ਜਾਂਦਾ ਤੇ ਸਭ ਕੁਝ ਨੂੰ ਫੇਰ ਸਗਵੇਂ ਦਾ ਸਗਵਾਂ ਹੁੰਦਾ ਮਹਿਸੂਸ ਕਰ ਲੈਂਦਾ।

ਪਹਿਲੀ ਵਾਰ ਇੰਜ ਹੋਇਆ:
ਸ਼ਾਮ ਦਾ ਵੇਲਾ ਸੀ। ਪਾਸ਼ ਸਾਡੇ ਘਰ ਆਈ ਹੋਈ ਸੀ। ਉਹ, ਮੈਂ ਤੇ ਜੀਤੋ ਇਕੋ ਕਮਰੇ ‘ਚ ਸਾਂ। ਬਾਲਕੋਨੀ ਵਾਲਾ ਬੂਹਾ ਖੁੱਲ੍ਹਾ ਸੀ ਤੇ ਬਾਹਰ ਪਏ ਫੁੱਲ ਬੂਟੇ, ਤੇ ਉਪਰ ਅਸਮਾਨ ਦਿੱਸਦਾ ਸੀ। ਸਾਵਣ ਮਹੀਨਾ ਹੀ ਹੋਵੇਗਾ। ਦੇਖਦਿਆਂ ਦੇਖਦਿਆਂ ਹੀ ਕਾਲੀਆਂ ਘਟਾਵਾਂ ਚੜ੍ਹ ਆਈਆਂ ਤੇ ਛਮਾ-ਛਮ ਵੱਸਣ ਲੱਗੀਆਂ। ਜਦੋਂ ਹੀ ਜੀਤੋ ਕੁਝ ਦੇਖਣ ਲਈ ਬਾਹਰ ਨਿਕਲੀ, ਪਾਸ਼ ਉਠੀ ਤੇ ਆ ਕੇ ਮੈਨੂੰ ਉਹਨੇ, ਪਿਛਿਓਂ ਜੱਫੀ ਪਾ ਲਈ, ਬੜੀ ਘੁੱਟ ਕੇ। ਮੈਂ ਪਾ ਲੈਣ ਦਿੱਤੀ। ਅੱਗੋਂ ਕੁਝ ਨਾ ਕੀਤਾ। ਇੰਜ ਜਿਵੇਂ ਮੈਨੂੰ ਕੁਝ ਨਾ ਹੋਇਆ ਹੋਵੇ। ਜਦੋਂ ਉਹਨੂੰ ਪਰਤ-ਆਉਂਦੀ ਜੀਤੋ ਦੀ ਚਾਪ ਸੁਣੀ, ਉਹਨੇ ਮੈਨੂੰ ਛੱਡ ਦਿੱਤਾ ਤੇ ਆਪਣੀ ਥਾਂ ‘ਤੇ ਜਾ ਬੈਠੀ।
ਫੇਰ ਜਦੋਂ ਵੀ ਮੈਨੂੰ ਇਹ ਘਟਨਾ ਯਾਦ ਆਉਂਦੀ, ਤਾਂਘ ਹੁੰਦੀ ਤੇ ਮੈਂ ਆਪਣੇ ਆਪ ਨੂੰ ਕਹਿ ਉਠਦਾ, “ਕਾਸ਼! ਮੈਂ ਉਦੋਂ ਪਾਸ਼ ਨੂੰ ਅੱਗੋਂ ਘੁੱਟ ਲਿਆ ਹੁੰਦਾ। ਚੁੰਮ ਲਿਆ ਹੁੰਦਾ! ਜੇ ਇੰਜ ਕਰਦਾ ਤਾਂ ਅੱਜ ਮੇਰੀ ਜ਼ਿੰਦਗੀ ਹੋਰ ਹੁੰਦੀ!”
ਫੇਰ ਮੈਂ ਚਿਤਵਣ ਲੱਗਦਾ, ਇੰਜ ਜਿਵੇਂ ਮੈਂ ਪਾਸ਼ ਨੂੰ ਕਲਾਵੇ ‘ਚ ਭਰ ਲਿਆ ਹੋਵੇ। ਘੁੱਟ ਲਿਆ ਹੋਵੇ। ਚੁੰਮ ਲਿਆ ਹੋਵੇ। ਤੇ ਫੇਰ ਮੈਂ ਬੇਚੈਨ ਹੋ ਜਾਂਦਾ। ਖੋਹਾਂ ਪੈਣ ਲੱਗਦੀਆਂ। ਚੈਨ ਉਦੋਂ ਹੀ ਪੈਂਦਾ, ਜਦੋਂ ਬੱਦਲ ਛਟ ਜਾਂਦੇ ਤੇ ਅਸਮਾਨ ਖਰਾ ਹੋ ਜਾਂਦਾ।

ਦੂਜੀ ਵਾਰ ਇੰਜ ਹੋਇਆ, ਜੀਤੋ ਦਾ ਜਨਮ ਦਿਨ ਸੀ। ਉਹਨੇ ਸਾਰੀਆਂ ਸਹੇਲੀਆਂ ਸੱਦੀਆਂ ਹੋਈਆਂ ਸਨ। ਪਾਸ਼ ਵੀ ਸੀ। ਦੂਰ ਬੈਠੀ ਮੇਰੇ ਨਾਲ ਨਜ਼ਰਾਂ ਮਿਲਾ ਰਹੀ ਸੀ। ਕਦੀ-ਕਦੀ ਮਾੜੀ ਜਿਹੀ ਅੱਖ ਵੀ ਮਾਰ ਲੈਂਦੀ।
ਬੱਦਲ ਸਵੇਰ ਤੋਂ ਹੀ ਅਸਮਾਨ ਮੱਲੀ ਬੈਠੇ ਸਨ। ਉਨ੍ਹਾਂ ਦੀ ਵੱਸਣ ਦੀ ਨੀਅਤ ਨਹੀਂ ਸੀ ਲੱਗਦੀ। ਫੇਰ ਚਾਣਚਕ ਹੀ ਉਨ੍ਹਾਂ ਨੂੰ ਕੁਝ ਹੋਇਆ, ਗੜ੍ਹਕੇ, ਗੱਜੇ ਤੇ ਵਰ੍ਹਨ ਲੱਗ ਪਏ। ਚੰਗੇ ਛੜਾਕੇ ਛੱਡੇ ਉਨ੍ਹਾਂ। ਫੇਰ ਉਵੇਂ ਹੀ ਅਚਾਨਕ ਅਲਸਾ ਜਿਹੇ ਗਏ ਤੇ ਮੀਟੇ ਗਏ। ਕਿਤੋਂ-ਕਿਤੋਂ ਉਨ੍ਹਾਂ ਦੀਆਂ ਟਾਕੀਆਂ ਲਹਿ ਗਈਆਂ ਤੇ ਵਿਰਲਾਂ ‘ਚੋਂ ਸੂਰਜ ਝਾਕਣ ਲੱਗਾ। ਲਹਿੰਦੇ ਵੱਲ ਛੋਟੀ ਜਿਹੀ ਸਤਰੰਗੀ ਪੀਂਘ ਪੈ ਗਈ। ਕੁੜੀਆਂ ਨੂੰ ਚਾਅ ਚੜ੍ਹ ਗਿਆ ਤੇ ਦੇਖਣ ਲਈ ਬਾਹਰ ਬਾਲਕੋਨੀ ਨੂੰ ਭੱਜੀਆਂ। ਪਾਸ਼ ਬੈਠੀ ਰਹੀ। ਜਦੋਂ ਮੈਂ ਵੀ ਬਾਹਰ ਨਿਕਲਣ ਲੱਗਾ, ਪਾਸ਼ ਨੇ ਉਠ ਕੇ ਮੈਨੂੰ ਪਿਛੋਂ ਦੀ ਜੱਫੀ ਪਾ ਲਈ। ਕਮਰੇ ‘ਚ ਸਿਰਫ ਅਸੀਂ ਹੀ ਸਾਂ। ਮੈਂ ਪਾ ਲੈਣ ਦਿੱਤੀ। ਉਹਨੇ ਮੈਨੂੰ ਚੁੰਮ ਵੀ ਲਿਆ। ਹੁੰਗਾਰਾ ਕੋਈ ਨਾ ਭਰਿਆ। ਉਹ ਮੇਰੇ ਨਾਲ ਹੀ ਲੱਗੀ ਰਹੀ। ਉਦੋਂ ਹੀ ਲੱਥੀ, ਜਦੋਂ ਕੁੜੀਆਂ ਅੰਦਰ ਆਉਣ ਲੱਗੀਆਂ।
ਜਦੋਂ ਵੀ ਮੈਂ ਇਹ ਘਟਨਾ ਚਿਤਵਦਾ ਤੇ ਉਹਨੂੰ ਫੇਰ ਆਪਣੇ ਆਪ ਨਾਲ ਘੁੱਟਦਾ ਮਹਿਸੂਸ ਕਰਦਾ, ਮੈਂ ਕਹਿੰਦਾ, “ਮਨਾ, ਤੂੰ ਵੀ ਕਿਉਂ ਨਾ ਉਹਨੂੰ ਆਪਣੇ ਆਪ ਨਾਲ ਘੁੱਟ ਲਿਆ? ਕਿਉਂ ਨਾ ਚੁੰਮ ਲਿਆ ਉਹਨੂੰ? ਕੀ ਫਰਕ ਪੈਂਦਾ? ਅਜੇ ਤੇਰੀ ਕੁੜਮਾਈ ਹੀ ਹੋਈ ਸੀ, ਵਿਆਹ ਤਾਂ ਨਹੀਂ ਸੀ ਹੋਇਆ? ਜੇ ਤੂੰ ਹੁੰਗਾਰਾ ਭਰਦਾ ਤਾਂ ਅੱਜ ਤੇਰੀ ਜ਼ਿੰਦਗੀ ਹੋਰ ਹੁੰਦੀ। ਤੇਰੇ ਆਕਾਸ਼ ‘ਤੇ ਵੀ ਕੋਈ ਸਤਰੰਗੀ ਪੀਂਘ ਪਈ ਹੁੰਦੀ।”
ਜਦੋਂ ਬੇਚੈਨੀ ਬਹੁਤ ਵਧ ਜਾਂਦੀ ਤਾਂ ਮੈਂ ਆਪਣੇ ਆਪ ਨੂੰ ਸਮਝਾਉਂਦਾ, “ਓ ਛੱਡ ਯਾਰ। ਐਵੇਂ ਨਾ ਪਿਆ ਤੜਫ। ਪਾਸ਼ ਹੁਣ ਪਹਿਲਾਂ ਵਰਗੀ ਥੋੜ੍ਹੀ ਰਹਿ ਗਈ ਹੋਵੇਗੀ। ਢਲ ਗਈ ਹੋਵੇਗੀ। ਢਿਲਕ ਗਈ ਹੋਵੇਗੀ। ਝੁਰੜਾ ਗਈ ਹੋਵੇਗੀ। ਸਿਰ ਚਿੱਟਾ ਹੋ ਗਿਆ ਹੋਵੇਗਾ ਉਹਦਾ…।”
ਇਹ ਸੁਣ ਮਨ ਨੂੰ ਪੂਰਾ ਤਾਂ ਨਹੀਂ, ਕੁਝ ਕੁ ਚੈਨ ਪੈ ਹੀ ਜਾਂਦਾ।

ਤੀਜੀ ਵਾਰ ਇੰਜ ਹੋਇਆ, ਮੀਂਹ ਸਵੇਰ ਤੋਂ ਹੀ ਪੈ ਰਿਹਾ ਸੀ। ਹਰ ਥਾਂ ਪਾਣੀ ਖੜ੍ਹਾ ਸੀ। ਜੀਤੋ ਤੇ ਮੈਂ ਬੈਠੇ ਗੱਲਾਂ ਕਰ ਰਹੇ ਸਾਂ। ਏਨੇ ਨੂੰ ਪਾਸ਼ ਅੰਦਰ ਆ ਵੜੀ। ਭਿੱਜੀ ਹੋਈ ਸੀ। ਫਿਰ ਵੀ ਕਸ਼ਿਸ਼ ਉਹਦੀ ਕਾਇਮ ਸੀ ਸਗੋਂ ਵੱਧ ਸੀ। ਕਾਹਲ ‘ਚ ਲੱਗਦੀ ਸੀ। ਉਹਨੇ ਜੀਤੋ ਨੂੰ ਕਿਹਾ, ਤੂੰ ਜ਼ਰਾ ਬਾਹਰ ਜਾ। ਮੈਂ ਤੇਰੇ ਵੀਰ ਨਾਲ ਇਕ ਜ਼ਰੂਰੀ ਗੱਲ ਕਰਨੀ ਏ। ਉਹ ਬਾਹਰ ਚਲੀ ਗਈ।
ਪਾਸ਼ ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ ਤੇ ਕਿਹਾ, “ਐਸ ਸ਼ਨਿੱਚਰਵਾਰ ਮੇਰਾ ਵਿਆਹ ਹੋ ਰਿਹੈ।”
“ਪਤੈ ਮੈਨੂੰ। ਏਸ ਮਹੀਨੇ ਦੇ ਅਖੀਰੀ ਐਤਵਾਰ ਮੇਰਾ ਵੀ ਹੋ ਰਿਹੈ। ਤੈਨੂੰ ਵੀ ਪਤਾ ਹੋਣੈਂ। ਜੀਤੋ ਨੇ ਦੱਸਿਆ ਹੋਣੈ ਤੈਨੂੰ।”
“ਕਹੋ ਤਾਂ ਇਹ ਦੋਵੇਂ ਵਿਆਹ ਰੋਕ ਦਈਏ।”
ਮੈਂ ਉਹਦਾ ਭਾਵ ਸਮਝ ਗਿਆ। ਮੈਂ ਉਹਨੂੰ ਟੋਕ ਦਿੱਤਾ, “ਛੱਡ ਇਹ ਰੋਕਣਾ-ਰੁਕਾਣਾ। ਹੁਣ ਹੋ ਜਾਣ ਦੇ ਜੋ ਹੋ ਰਿਹੈ। ਰੋਕਣ ਦਾ ਵਕਤ ਨਹੀਂ ਰਿਹਾ।”
“ਠੀਕ ਏ। ਫੇਰ ਨਾ ਕਹਿਣਾ।” ਉਹਨੇ ਮੈਨੂੰ ਛੇਤੀ ਨਾਲ ਘੁੱਟ ਕੇ ਜੱਫੀ ਪਾਈ, ਹੌਲੀ ਜਿਹੇ ‘ਅਲਵਿਦਾ’ ਕਿਹਾ ਤੇ ਬਾਹਰ ਨਿਕਲ ਗਈ।
ਮੈਨੂੰ ਜਦੋਂ ਵੀ ਇਹ ਘਟਨਾ ਯਾਦ ਆਉਂਦੀ, ਮੈਂ ਤੜਫ ਪੈਂਦਾ। ਆਪਣੇ ਆਪ ਨੂੰ ਕੋਸਦਾ, “ਕੀ ਹੋ ਗਿਆ ਸੀ ਤੈਨੂੰ? ਮੰਨ ਲੈਂਦਾ ਉਹਦੀ ਸਲਾਹ। ਵਿਆਹ ਤੇਰਾ ਹੋਣਾ ਸੀ, ਅਜੇ ਹੋਇਆ ਤਾਂ ਨਹੀਂ ਸੀ। ਵਿਆਹ ਰੋਕਣਾ ਕੋਈ ਮੁਸ਼ਕਿਲ ਸੀ? ਕਹਿ ਦਿੰਦੇ, ਜੋਤਸ਼ੀ ਨੇ ਕਿਹੈ, ਕੁੰਡਲੀਆਂ ਨਹੀਂ ਮਿਲਦੀਆਂ।”
ਮੈਨੂੰ ਫੇਰ ਬੜੀ ਬੇਚੈਨੀ ਹੋਣ ਲੱਗਦੀ। ਅਖੀਰ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਕਿ ਉਹ ਜ਼ਮਾਨਾ ਹੋਰ ਸੀ। ਹੁਣ ਪਾਸ਼ ਉਹ ਪਾਸ਼ ਨਹੀਂ ਰਹੀ ਹੋਵੇਗੀ। ਅੱਜ ਉਹਦੇ ਉਦਰੇਵੇਂ ਦਾ ਕੋਈ ਮਤਲਬ ਨਹੀਂ। ਇਸ ਤਰ੍ਹਾਂ ਦੋ ਚਾਰ ਵੇਰ ਕਹਿਣ ਪਿਛੋਂ ਮੈਨੂੰ ਕੁਝ ਠੰਢ ਪੈ ਜਾਂਦੀ।
ਪਾਸ਼ ਵਿਆਹੀ ਗਈ। ਮੈਂ ਵੀ ਵਿਆਹਿਆ ਗਿਆ। ਬੜੇ ਸਾਲ ਅਸੀਂ ਇਕ ਦੂਜੇ ਤੋਂ ਓਹਲੇ ਰਹੇ। ਫੇਰ ਕਦੀ-ਕਦੀ ਪਾਸ਼ ਦਾ ਫੋਨ ਆਉਣ ਲੱਗਾ। ਉਹ ਅਦਾ ਨਾਲ ਪੁੱਛਦੀ, “ਕਦੀ ਮਿਲਣ ਨੂੰ ਦਿਲ ਨਹੀਂ ਜੇ ਕਰਦਾ।” ਫੇਰ ਸਲਾਹ ਦਿੰਦੀ, “ਕਦੀ-ਕਦੀ ਮਿਲਿਆ ਕਰੋ। ਪੁਰਾਣੇ ਫੇਰ ਵੀ ਪੁਰਾਣੇ ਹੁੰਦੇ ਨੇ।” ਮੈਂ ਅੱਗੋਂ ਹੂੰ-ਹਾਂ ਕਰ ਛੱਡਦਾ। ਅਜੇ ਮੇਰੇ ਆਪਣੇ ਵਿਆਹ ‘ਚ ਸੇਕ ਹੈ ਸੀ। ਸ਼ਾਇਦ ਉਹਦੇ ਵਿਆਹ ‘ਚ ਨਾ ਰਿਹਾ ਹੋਵੇ।
ਬਾਅਦ ‘ਚ ਜਦੋਂ ਮੇਰੇ ਵੀ ਸੇਕ ਨਾ ਰਿਹਾ, ਪਾਸ਼ ਨੂੰ ਮਿਲਣ ‘ਤੇ ਦਿਲ ਕਰਨ ਲੱਗਾ ਪਰ ਕੋਈ ਸਬੱਬ ਨਾ ਬਣਿਆ। ਜਦੋਂ ਕਦੀ ਬੱਦਲ ਆਉਂਦੇ, ਪਾਸ਼ ਦੀ ਸਿੱਕ ਹੋਣ ਲੱਗਦੀ। ਬੜੀ ਕਲਵਲ ਹੁੰਦੀ। ਕੁਝ ਚੈਨ ਪੈਂਦਾ, ਜਦੋਂ ਮੈਂ ਆਪਣੇ ਆਪ ਨੂੰ ਇਹ ਕਹਿ ਕੇ ਸਮਝਾਉਂਦਾ ਕਿ ਹੁਣ ਪਾਸ਼ ਏਡੀ ਮਿਲਣ ਵਾਲੀ ਚੀਜ਼ ਨਹੀਂ ਰਹਿ ਗਈ ਹੋਣੀ। ਸ਼ਕਲ ਸੂਰਤ ਵਿਗੜ ਗਈ ਹੋਊ ਉਹਦੀ। ਪੰਝੀ ਸਾਲ ਹੋ ਗਏ ਨੇ, ਸਾਡੇ ਉਨ੍ਹਾਂ ਪਹਿਲੇ ਵਕਤਾਂ ਨੂੰ।
ਇਸ ਤਰ੍ਹਾਂ ਮਿਲਣ ਦਾ ਸਬੱਬ ਬਣ ਗਿਆ। ਜੀਤੋ ਅਮਰੀਕਾ ਤੋਂ ਆਈ ਹੋਈ ਸੀ। ਸਾਡੇ ਕੋਲ ਨਹੀਂ, ਸਾਡੇ ਸ਼ਹਿਰ ਹੀ ਆਪਣੇ ਸਹੁਰੇ ਘਰ ਠਹਿਰੀ ਸੀ। ਪਾਸ਼ ਨੂੰ ਵੀ ਖਬਰ ਹੋ ਗਈ। ਉਹਨੇ ਮੈਨੂੰ ਫੋਨ ਕੀਤਾ, “ਨਿਮੋਹਿਓ, ਮੈਂ ਤੁਹਾਡੀ ਭੈਣ ਨੂੰ ਮਿਲਣ ਜਾ ਰਹੀ ਹਾਂ। ਸ਼ਾਮੀਂ ਚਾਰ ਵਜੇ। ਓਥੇ ਆ ਜਾਣਾ। ਮੁੱਦਤਾਂ ਹੋ ਗਈਆਂ ਨੇ…।”
ਮੈਨੂੰ ਸ਼ੌਕ ਚੜ੍ਹ ਗਿਆ। ਮੈਂ ਪਤਨੀ ਨੂੰ ਘਰ ਹੀ ਛੱਡ, ਪੂਰੇ ਚਾਰ ਵਜੇ ਸ਼ਾਮੀਂ ਜੀਤੋ ਦੇ ਸਹੁਰੇ ਘਰ ਪਹੁੰਚ ਗਿਆ।
ਰੱਬੋਂ ਉਸ ਦਿਨ ਵੀ ਬੱਦਲ ਸਨ ਪਰ ਏਨੇ ਕਾਲੇ ਤੇ ਘੁਲੇ ਹੋਏ ਨਹੀਂ ਸਨ। ਵਰ੍ਹਨ ਵਾਲੇ ਨਹੀਂ ਸਨ ਲੱਗਦੇ।
ਪਾਸ਼ ਅਜੇ ਨਹੀਂ ਸੀ ਆਈ ਹੋਈ। ਛੇਤੀ ਹੀ ਉਹ ਵੀ ਪਹੁੰਚ ਗਈ।
ਉਹਨੂੰ ਦੇਖ ਮੈਂ ਹੈਰਾਨ ਰਹਿ ਗਿਆ। ਉਹ ਢਲੀ ਹੋਈ ਉਕਾ ਨਹੀਂ ਸੀ। ਨਾ ਝੁਰੜਾਈ ਹੋਈ। ਕੁਝ ਵੱਡੀ ਜ਼ਰੂਰ ਸੀ ਪਰ ਬਿਲਕੁਲ ਪਹਿਲੋਂ ਵਰਗੀ ਲੱਗਦੀ ਸੀ ਸਗੋਂ ਪਹਿਲਾਂ ਤੋਂ ਵੀ ਸੋਹਣੀ। ਵਾਲ ਨਵੇਂ ਅੰਦਾਜ਼ ਵਿਚ ਬਣੇ ਹੋਏ। ਕਾਲੇ। ਵਿਚ ਵਿਚ ਭੂਰੀਆਂ ਫਾਂਟਾਂ ਭਾਹਾਂ ਮਾਰਦੀਆਂ। ਸਜ-ਧਜ ਕਮਾਲ ਦੀ। ਲਿਸ਼ਕ ਪੁਸ਼ਕ ਵੀ। ਮੈਂ ਦੇਖਦਾ ਰਹਿ ਗਿਆ।
ਉਹਦੀਆਂ ਨਜ਼ਰਾਂ ਵੀ ਮੇਰੇ ‘ਤੇ ਸਨ। ਟੱਕ ਲਾਈ ਬੈਠੀ ਸੀ। ਫੇਰ ਬੋਲ ਪਈ, “ਹਾਇ ਵੇ ਰੱਬਾ! ਤੁਹਾਨੂੰ ਕੀ ਹੋ ਗਿਐ। ਕਿੰਨੇ ਬਦਲ ਗਏ ਹੋ। ਬਿਮਾਰ ਰਹੇ ਹੋ।”
ਮੈਥੋਂ ਪਹਿਲੋਂ ਜੀਤੋ ਬੋਲ ਪਈ, “ਨੀ ਸ਼ੁਭ-ਸ਼ੁਭ ਬੋਲ। ਵੀਰ ਜੀ ਥੋੜ੍ਹੇ ਕੀਤਿਆਂ ਬਿਮਾਰ ਨਹੀਂ ਹੁੰਦੇ। ਬਿਲਕੁਲ ਠੀਕ ਨੇ।”
“ਨਹੀਂ ਨਹੀਂ, ਬੜੇ ਬਦਲ ਗਏ ਨੇ। ਆਪਣੇ ਵੱਡੇ ਭਰਾ ਲੱਗਦੇ ਨੇ। ਨਹੀਂ, ਨਹੀਂ!” ਪਾਸ਼ ਅੜੀ ਰਹੀ।
ਉਹਦੀ ਆਵਾਜ਼ ਵਿਚ ਚਾਅ ਨਹੀਂ ਸੀ ਰਿਹਾ। ਚੁੱਪ ਕਰ ਗਈ। ਨਜ਼ਰ ਨੀਵੀਂ ਪਾ ਲਈ ਉਹਨੇ। ਕੁਝ ਚਿਰ ਇੰਜ ਹੀ ਰਿਹਾ।
ਜੀਤੋ ਸਿਆਣੀ ਸੀ। ਸਾਨੂੰ ਮੌਕਾ ਦੇਣ ਲਈ ਉਹ ਅਛੋਪਲੇ ਹੀ ਬਾਹਰ ਚਲੀ ਗਈ।
ਮੈਂ ਪਾਸ਼ ਵੱਲ ਦੇਖ ਰਿਹਾ ਸਾਂ। ਸੋਚਦਾ ਸਾਂ, ਪਾਸ਼ ਉਠੇਗੀ ਤੇ ਮੈਨੂੰ ਜੱਫੀ ਪਾ ਲਵੇਗੀ। ਉਹ ਨਾ ਉਠੀ। ਮੈਂ ਸੋਚਿਆ, ਮੈਂ ਆਪ ਹੀ ਕਿਉਂ ਨਾ ਜਾ ਕੇ ਜੱਫੀ ਪਾ ਲਵਾਂ ਪਰ ਮੈਥੋਂ ਵੀ ਉਠ ਨਾ ਹੋਇਆ।
ਅਖੀਰ ਪਾਸ਼ ਨੇ ਨਜ਼ਰ ਉਪਰ ਕੀਤੀ ਤੇ ਬੋਲੀ, “ਤੁਸੀਂ ਉਹ ਨਹੀਂ ਰਹੇ…ਬਦਲ ਗਏ ਹੋ ਬਹੁਤ।”
“ਨਹੀਂ ਪਾਸ਼”, ਮੈਥੋਂ ਟੋਕਿਆ ਗਿਆ, “ਮੈਂ ਨਹੀਂ ਬਦਲਿਆ, ਬਦਲ ਤੂੰ ਗਈ ਏਂ।”
ਪਾਸ਼ ਨੇ ਨਾਂਹ-ਕਰਦਾ ਸਿਰ ਹਿਲਾਇਆ ਤੇ ਨਜ਼ਰ ਫੇਰ ਨੀਵੀਂ ਪਾ ਲਈ। ਮੈਨੂੰ ਲੱਗਾ, ਜਿਵੇਂ ਉਹਨੂੰ ਮੇਰੀ ਹੋਂਦ ਦਾ ਅਹਿਸਾਸ ਹੀ ਨਹੀਂ ਸੀ ਰਿਹਾ।
ਮੈਂ ਉਠਿਆ ਤੇ ਬਾਹਰ ਨਿਕਲ ਗਿਆ। ਜੀਤੋ ਨੂੰ ਦੱਸੇ ਬਿਨਾ ਘਰ ਨੂੰ ਹੋ ਪਿਆ। ਮੀਂਹ ਵਰ੍ਹਨ ਲੱੱਗ ਪਿਆ ਸੀ। ਮੈਂ ਪਰਵਾਹ ਨਾ ਕੀਤੀ। ਭਿੱਜ ਗਿਆ। ਹੋਰ ਭਿੱਜ ਜਾਣ ਦਿੱਤਾ। ਰਾਹ ‘ਚ ਆਪਣੇ ਆਪ ਨੂੰ ਸਮਝਾਉਂਦਾ ਆਇਆ, “ਸੁਣ ਭਾਈ! ਢਲੀ ਪਾਸ਼ ਨਹੀਂ, ਤੂੰ ਢਲਿਆ ਏਂ। ਝੁਰੜਾਈ ਪਾਸ਼ ਨਹੀਂ, ਤੂੰ ਝੁਰੜਾਇਆ ਏਂ। ਐਵੇਂ ਨਾ ਤੜਫਦਾ ਰਿਹਾ ਕਰ!” ਉਹ ਦਿਨ ਤੇ ਇਹ ਦਿਨ, ਮੇਰੇ ਮੂੰਹੋਂ ਕਾਸ਼! ਨਹੀਂ ਨਿਕਲਿਆ।