ਅੰਮ੍ਰਿਤਸਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਯੁਕਤ ਰਾਸ਼ਟਰ ਨੇ ਸੰਭਾਲੀ ਕਮਾਨ

ਅੰਮ੍ਰਿਤਸਰ: ਸੰਯੁਕਤ ਰਾਸ਼ਟਰ ਨੇ ਅੰਮ੍ਰਿਤਸਰ ਸਮੇਤ ਤਿੰਨ ਸ਼ਹਿਰਾਂ- ਗੁਰੂ ਗਰਾਮ ਤੇ ਵਾਰਾਨਸੀ ‘ਚ ਹਵਾ ਦਾ ਪ੍ਰਦੂਸ਼ਣ ਦੂਰ ਕਰਨ ਵਾਲੀ ਆਪਣੀ ਯੋਜਨਾ ‘ਚ ਸ਼ਾਮਲ ਕਰ ਲਿਆ ਹੈ, ਜਿਨ੍ਹਾਂ ਦਾ ਦੌਰਾ ਕਰਕੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਮਿਸ਼ਨ ਦੀ ਟੀਮ ਨਾ ਸਿਰਫ ਹਵਾ ਦੇ ਪ੍ਰਦੂਸ਼ਣ ਦੇ ਕਾਰਨਾਂ ਦਾ ਪਤਾ ਲਗਾਏਗੀ, ਸਗੋਂ ਉਸ ਨੂੰ ਦੂਰ ਕਰਨ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇਗੀ।
ਸੰਯੁਕਤ ਰਾਸ਼ਟਰ ਸੰਸਾਰ ਭਰ ‘ਚ ਉਨ੍ਹਾਂ ਸ਼ਹਿਰਾਂ ਦੇ ਹਵਾ ਦੇ ਵਧ ਰਹੇ ਪ੍ਰਦੂਸ਼ਣ ‘ਤੇ ਕਾਫੀ ਚਿੰਤਤ ਹੈ,

ਜਿਨ੍ਹਾਂ ‘ਚ ਹਵਾ ਦੇ ਪ੍ਰਦੂਸ਼ਣ ਕਰਕੇ ਇਤਿਹਾਸਕ ਇਮਾਰਤਾਂ ਨੂੰ ਨੁਕਸਾਨ ਪੁੱਜ ਰਿਹਾ ਹੈ। ਮਿਲੀਆਂ ਰਿਪੋਰਟਾਂ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਮਿਸ਼ਨ ਟੀਮ ਨੇ ਕੇਂਦਰੀ ਵਾਤਾਵਰਨ ਮੰਤਰਾਲੇ ਸਮੇਤ ਹੋਰ ਵਿਭਾਗਾਂ ਨਾਲ ਮਿਲ ਕੇ ਹਵਾ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਯੋਜਨਾ ਬਣਾਈ ਹੈ। ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ‘ਚ ਅੰਮ੍ਰਿਤਸਰ ਅਤੇ ਵਾਰਾਨਸੀ ਤਾਂ ਇਤਿਹਾਸਕ ਪੱਖੋਂ ਕਾਫੀ ਅਹਿਮੀਅਤ ਰੱਖਦੇ ਹਨ। ਇਹ ਯੋਜਨਾ ਸੰਯੁਕਤ ਰਾਸ਼ਟਰ ਪਹਿਲਾਂ ਹੀ ਕਈ ਦੇਸ਼ਾਂ ‘ਚ ਸਫਲਤਾਪੂਰਵਕ ਲਾਗੂ ਕਰ ਚੁੱਕਾ ਹੈ। ਦੋਵੇਂ ਟੀਮਾਂ ਸਾਂਝੇ ਤੌਰ ‘ਤੇ ਪੰਜਾਬ ਦੇ ਅੰਮ੍ਰਿਤਸਰ, ਹਰਿਆਣਾ ਦੇ ਗੁਰੂ ਗਰਾਮ, ਉਤਰ ਪ੍ਰਦੇਸ਼ ਦੇ ਵਾਰਾਨਸੀ ‘ਚ ਹਵਾ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਦੀ ਯੋਜਨਾ ਲਈ ਜਲਦੀ ਹੀ ਕੰਮ ਕਰ ਸਕਦੀਆਂ ਹਨ।
ਇਸ ਮਿਸ਼ਨ ਤਹਿਤ 24 ਜੂਨ ਤੋਂ ਲੈ ਕੇ 29 ਜੂਨ ਤੱਕ ਇਨ੍ਹਾਂ ਸ਼ਹਿਰਾਂ ਦਾ ਦੌਰਾ ਕਰਨ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਲਾਵਾ ਅਲੱਗ-ਅਲੱਗ ਵਿਭਾਗਾਂ ਨਾਲ ਮੀਟਿੰਗਾਂ ਕਰਕੇ ਮਸਲੇ ਦਾ ਹੱਲ ਲੱਭਣ ਲਈ ਗੱਲ ਕਰਨਗੀਆਂ। ਇਸ ਮਿਸ਼ਨ ‘ਚ ਸੰਸਾਰ ਦੀਆਂ ਕਈ ਪ੍ਰਸਿੱਧ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਵੱਲੋਂ ਪਹਿਲਾਂ 26 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਦਾ ਦੌਰਾ ਕਰਕੇ ਸਾਰੀ ਜਾਣਕਾਰੀ ਲਈ ਗਈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੰਮ੍ਰਿਤਸਰ ਵਰਗੇ ਇਤਿਹਾਸਕ ਸ਼ਹਿਰ ਦੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਹਿਲਾਂ ਹੀ ਨਿਗਰਾਨੀ ਸੈੱਲ ਸਥਾਪਤ ਕੀਤੇ ਗਏ ਹਨ ਪਰ ਕੁਝ ਸਮੇਂ ਤੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਤਹਿਤ ਇਨ੍ਹਾਂ ਤਿੰਨ ਪ੍ਰਸਿੱਧ ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ‘ਤੇ ਨਜ਼ਰਾਂ ਰੱਖੀਆਂ ਹਨ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਮਿਸ਼ਨ ਟੀਮ ਹਵਾ ਤੋਂ ਪ੍ਰਦੂਸ਼ਣ ਦੂਰ ਕਰਨ ਲਈ ਜਿਸ ਯੋਜਨਾ ‘ਤੇ ਕੰਮ ਕਰਨਗੀਆਂ, ਉਸ ਲਈ ਖਰਚਾ ਕਰਨ ਲਈ ਸੰਯੁਕਤ ਰਾਸ਼ਟਰ ਤੋਂ ਇਲਾਵਾ ਵਿਸ਼ਵ ਬੈਂਕ ਵਲੋਂ ਵੀ ਫੰਡ ਖਰਚ ਕੀਤਾ ਜਾਵੇਗਾ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਈ ਅਧਿਕਾਰੀ ਇਸ ਮਿਸ਼ਨ ਦੀ ਟੀਮ ਦੇ ਨਾਲ ਹਾਜ਼ਰ ਰਹਿਣਗੇ। ਬੋਰਡ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਮਿਸ਼ਨ ਟੀਮ ਨੇ ਦੇਸ਼ ਦੇ ਬਾਕੀ ਦੋ ਸ਼ਹਿਰਾਂ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ‘ਚ ਹਵਾ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਆਪਣੇ ਪ੍ਰੋਗਰਾਮ ‘ਚ ਸ਼ਾਮਲ ਕੀਤਾ ਹੈ। ਮਿਸ਼ਨ ਟੀਮ ਇਸ ਸ਼ਹਿਰ ਵਿਚ ਹਵਾ ਵਿਚ ਪ੍ਰਦੂਸ਼ਣ ਦੂਰ ਕਰਨ ਲਈ ਜਿਹੜਾ ਕੰਮ ਕਰੇਗੀ, ਉਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਬਾਕੀ ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਸਹਾਇਤਾ ਮਿਲੇਗੀ, ਕਿਉਂਕਿ ਅੰਮ੍ਰਿਤਸਰ ਦੀ ਹਵਾ ਨੂੰ ਸਾਫ ਰੱਖਣ ਲਈ ਬਾਕੀ ਸ਼ਹਿਰਾਂ ‘ਚ ਵੀ ਉਪਾਅ ਲਾਗੂ ਕੀਤੇ ਜਾਣਗੇ। ਰਾਜ ਸਰਕਾਰ ਪਹਿਲਾਂ ਹੀ ਅੰਮ੍ਰਿਤਸਰ ਨੂੰ ਪਲਾਸਟਿਕ ਮੁਕਤ ਕਰਨ ਲਈ ਕਈ ਥਾਵਾਂ ‘ਤੇ ਮੱਕੀ ਤੋਂ ਬਣੇ ਲਿਫਾਫਿਆਂ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਹੀ ਹੈ।