ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਯੋਜਨਾ ਬਣਾਈ ਗਈ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਕੰਧਾਂ ਤੇ ਛੱਤਾਂ ‘ਤੇ ਲਾਏ ਜਾਣ ਵਾਲੇ ਵੇਲ-ਬੂਟੇ (ਵਰਟੀਕਲ ਗਾਰਡਨ) ਯੋਜਨਾ ਹੇਠ ਪੈਂਤੀ ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਰੂਫ ਗਾਰਡਨ (ਛੱਤ ਤੇ ਬਾਗ) ਯੋਜਨਾ ਹੇਠ ਵੱਖ-ਵੱਖ ਇਮਾਰਤਾਂ ‘ਤੇ ਪੌਦੇ ਲਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਵਰਤੇ ਗਏ ਜਲ ਨੂੰ ਬਚਾਉਣ ਅਤੇ ਦੁਬਾਰਾ ਵਰਤਣ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ। ਕਈ ਹੋਰ ਥਾਵਾਂ ‘ਤੇ ਵੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ-ਸਾਲਾ ਉਤਸਵ ਸਬੰਧੀ ਗੁਰੂ ਨਾਨਕ ਸੇਕਰਡ ਫਾਰੈੱਸਟ ਲਗਾਏ ਜਾ ਰਹੇ ਹਨ।
ਇਕ ਮਹੀਨੇ ਵਿਚ ਪਰਿਕਰਮਾ ਦੇ ਵਰਾਂਡਿਆਂ ‘ਤੇ ਲਗਭਗ 400 ਵੇਲਾਂ ਲਾਈਆਂ ਜਾਣਗੀਆਂ, ਜੋ ਸੁੰਦਰ ਤੇ ਸੁਗੰਧੀ ਭਰਪੂਰ ਫੁੱਲ ਤੇ ਹਰਿਆਵਲ ਦੇਣਗੀਆਂ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ‘ਵਰਟੀਕਲ ਗਾਰਡਨ’ ਯੋਜਨਾ ਹੇਠ ਲਗਭਗ 35 ਹਜ਼ਾਰ ਬੂਟੇ ਲਾਏ ਜਾ ਚੁੱਕੇ ਹਨ ਅਤੇ ਹੁਣ ਰੂਫ ਗਾਰਡਨ (ਛੱਤ ‘ਤੇ ਬਗੀਚਾ) ਯੋਜਨਾ ਹੇਠ ਵੱਖ ਵੱਖ ਇਮਾਰਤਾਂ ‘ਤੇ ਵੱਡੀਆਂ ਖੁਰਲੀਆਂ ਵਰਗੇ 4-4 ਫੁੱਟ ਉਚੇ ਤੇ ਚੌੜੇ ਖਾਲੇ ਬਣਾ ਕੇ ਬੂਟੇ ਲਾਏ ਜਾ ਰਹੇ ਹਨ। ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਮਾਹਿਰਾਂ ਦੀ ਰਾਇ ਨਾਲ ਪਰਿਕਰਮਾ ਦੇ ਵਰਾਂਡਿਆਂ ਦੀਆਂ ਦੋਹਰੀਆਂ ਛੱਤਾਂ ਉੱਪਰ ਵੇਲਾਂ ਅਤੇ ਹੋਰ ਪੱਕੇ ਬੂਟੇ ਲਾਉਣ ਦੀ ਯੋਜਨਾ ਉਲੀਕੀ ਗਈ ਹੈ। ਇਹ ਵੇਲਾਂ ਹੇਠਾਂ ਨੂੰ ਲਟਕਾਈਆਂ ਜਾਣਗੀਆਂ, ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਰਿਕਰਮਾ ਦਾ ਉੱਪਰਲਾ ਹਿੱਸਾ ਚਾਰੇ ਪਾਸਿਉਂ ਹਰਿਆ-ਭਰਿਆ ਦਿਖਾਈ ਦੇਵੇਗਾ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਜੁਲਾਈ ਮਹੀਨੇ ਬਰਸਾਤਾਂ ਦੌਰਾਨ ਪਰਿਕਰਮਾ ਦੇ ਵਰਾਂਡਿਆਂ ਦੀ ਉੱਪਰਲੀ ਛੱਤ ‘ਤੇ 400 ਵੇਲਾਂ ਲਾਉਣ ਦੀ ਯੋਜਨਾ ਹੈ। ਇਹ ਵੇਲਾਂ ਕੋਲਕਾਤਾ, ਸਹਾਰਨਪੁਰ ਤੇ ਹੋਰ ਥਾਵਾਂ ਤੋਂ ਮੰਗਵਾਈਆਂ ਗਈਆਂ ਹਨ, ਜਿਨ੍ਹਾਂ ਨੂੰ ਸੁਗੰਧੀ ਭਰਪੂਰ ਫੁੱਲ ਲੱਗਣਗੇ ਅਤੇ ਹਰਿਆਵਲ ਵੀ ਹੋਵੇਗੀ। ਇਸ ਲਈ ਵਿਸ਼ੇਸ਼ ਕਿਸਮ ਦੇ ਗਮਲੇ ਅਤੇ ਚਾਰ-ਚਾਰ ਫੁੱਟ ਉੱਚੇ ਖਾਲੇ ਤਿਆਰ ਕੀਤੇ ਗਏ ਹਨ। ਇਸ ਸਬੰਧੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਬਾਗਬਾਨੀ ਮਾਹਿਰਾਂ ਦੀ ਰਾਇ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਹਰਿਆਵਲ ਭਰਪੂਰ ਬਣਾਉਣ ਪਿੱਛੇ ਮੁੱਖ ਉਦੇਸ਼ ਇਥੇ ਗਰਮੀ ਦੇ ਦਿਨਾਂ ਵਿਚ ਸੰਗਮਰਮਰ ਦੀ ਅੱਖਾਂ ਵਿਚ ਪੈਂਦੀ ਚਮਕ ਅਤੇ ਤਪਸ਼ ਨੂੰ ਰੋਕਣਾ ਹੈ। ਇਸ ਨਾਲ ਕੁਦਰਤ ਪੱਖੀ ਵਾਤਾਵਰਨ, ਪ੍ਰਦੂਸ਼ਣ ਨੂੰ ਰੋਕਣ ਵਿਚ ਮਦਦ ਅਤੇ ਹਰਿਆਵਲ ਭਰਪੂਰ ਵਾਤਾਵਰਨ ਬਣੇਗਾ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਪਰਿਕਰਮਾ ਦੇ ਵਰਾਂਡਿਆਂ ਦੀਆਂ ਉੱਪਰਲੀਆਂ ਛੱਤਾਂ ਤੋਂ ਹੇਠਾਂ ਵੇਲਾਂ ਲਟਕਾਉਣ ਦੀ ਯੋਜਨਾ ਹੈ ਅਤੇ ਦੂਜੇ ਪੜਾਅ ਵਿਚ ਵਰਾਂਡੇ ਦੀ ਹੇਠਲੀ ਛੱਤ ‘ਤੇ ਪੱਕੇ ਬੂਟੇ ਲਾਏ ਜਾਣਗੇ। ਇਹ ਸਾਰੇ ਬੂਟੇ ਇਕੋ ਰੰਗ ਦੇ ਫੁੱਲਾਂ ਵਾਲੇ ਹੋਣਗੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਰੋਕਣ ਲਈ ਯਤਨਸ਼ੀਲ ਹੈ, ਜਿਸ ਤਹਿਤ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਆਪਣੇ ਚਾਰ ਪਹੀਆ ਵਾਹਨ ਇਥੇ ਸ੍ਰੀ ਹਰਿਮੰਦਰ ਸਾਹਿਬ ਲਿਆਉਣੋਂ ਰੋਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਵਰਟੀਕਲ ਗਾਰਡਨ ਸਥਾਪਤ ਕੀਤਾ ਹੈ, ਜਿਸ ਤਹਿਤ 35 ਹਜ਼ਾਰ ਬੂਟੇ ਲਾਏ ਗਏ ਹਨ। ਇਸ ਤੋਂ ਬਾਅਦ ਗੁਰੂ ਅਰਜਨ ਦੇਵ ਨਿਵਾਸ, ਗੁਰੂ ਹਰਿਗੋਬਿੰਦ ਨਿਵਾਸ ਤੇ ਹੋਰ ਸਰਾਵਾਂ ਦੀਆਂ ਛੱਤਾਂ ‘ਤੇ ਵੀ ਰੂਫ ਗਾਰਡਨ ਬਣਾਏ ਜਾਣਗੇ।