ਬਲਜੀਤ ਬਾਸੀ
ਇੱਕ ਪਰਿਭਾਸ਼ਾ ਅਨੁਸਾਰ ਵੀਰ ਜਾਂ ਬੀਰ-ਗਾਥਾ ਉਹ ਕਾਵਿ ਰਚਨਾ ਹੈ, ਜਿਸ ਵਿਚ ਕਿਸੇ ਬਹਾਦਰ, ਸੂਰਬੀਰ, ਯੋਧੇ ਦਾ ਮਾਣਮੱਤਾ ਕਾਰਨਾਮਾ ਪ੍ਰਸ਼ੰਸਾਤਮਕ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਵਿਚ ਇਸ ਦੇ ਦੋ ਕਾਵਿ ਰੂਪ ਹਨ-ਵਾਰ ਤੇ ਜੰਗਨਾਮਾ। ਪਰ ਜਿਵੇਂ ਤੁਸੀਂ ਜਾਣਦੇ ਹੋ, ਆਪਾਂ ਬਾਤ ਪਾਉਂਦੇ ਹਾਂ ਸ਼ਬਦਾਂ ਦੀ। ਸੋ, ਅੱਜ ਅਸੀਂ ਵੀਰ ਸ਼ਬਦ ਦੀ ਗਾਥਾ ਸੁਣਾਉਣੀ ਹੈ। ਪੰਜਾਬੀ ਵਿਚ ਇਸ ਵੀਰ ਦਾ ਸਭ ਤੋਂ ਨੇੜਲਾ ਸਮਾਨਾਰਥਕ ਸ਼ਬਦ ਹੈ, ‘ਬਹਾਦਰ’ ਅਤੇ ਹੋਰ ਹਨ-ਸੂਰਬੀਰ, ਸੂਰਮਾ, ਯੋਧਾ; ਸਾਹਸੀ, ਬਲਵਾਨ ਕੁਝ ਦੂਰ ਚਲੇ ਜਾਣਗੇ। ਗੁਰੂ ਨਾਨਕ ਦੇਵ ਦੇ ਵਾਕ ਤੋਂ ਅਰੰਭ ਕਰਦੇ ਹਾਂ, “ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ॥”
ਵੀਰ ਦਾ ਇੱਕ ਰੁਪਾਂਤਰ ਬੀਰ ਹੈ, ਜੋ ਪੰਜਾਬੀ ਸਮੇਤ ਕਈ ਹੋਰ ਭਾਰਤੀ ਆਰਿਆਈ ਭਾਸ਼ਾਵਾਂ ਵਿਚ ਖੂਬ ਪ੍ਰਚਲਿਤ ਹੈ, “ਜਿਨ ਜਾਨਿਆ ਸੇਦੀ ਤਰੇ ਸੇ ਸੂਰੇ ਸੇ ਬੀਰ॥” (ਗੁਰੂ ਅਰਜਨ ਦੇਵ)
ਵਾਰਸ ਸ਼ਾਹ ਕਹਿੰਦਾ ਹੈ,
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ
ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ।
ਜੈਂਦੇ ਨਾਲ ਮੁਦਪੜਾ ਠੀਕ ਹੋਵੇ
ਉਹਨੂੰ ਬੀਰ ਬੇਤਾਲ ਭਛਾਵਨੇ ਹਾਂ।
ਸ਼ਾਹ ਮੁਹੰਮਦ ਦੇ ਸ਼ਬਦ ਹਨ,
ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ
ਤੇਗਾਂ ਵਿਚ ਦਰਬਾਰ ਦੇ ਮਾਰੀਆਂ ਨੀਂ।
ਸ਼ਾਹ ਮੁਹੰਮਦਾ ਮੁਏ ਨੀ ਬੀਰ ਬਣਕੇ
ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀਂ।
ਵੀਰ/ਬੀਰ ਸ਼ਬਦ ਭਾਵੇਂ ਬਹੁਤਾ ਸਰੀਰਕ ਬਹਾਦਰੀ ਲਈ ਹੀ ਵਰਤਿਆ ਜਾਂਦਾ ਹੈ, ਪਰ ਇਸ ਵਿਚ ਆਤਮਕ, ਆਚਰਣਕ ਅਤੇ ਮਾਨਸਕ ਬਲ ਦੇ ਭਾਵ ਹਨ। ਦੇਖਿਆ ਜਾਵੇ ਤਾਂ ਸਰੀਰਕ ਤੌਰ ‘ਤੇ ਬਹਾਦਰ ਵੀ ਉਹੀ ਹੁੰਦਾ ਹੈ, ਜਿਸ ਵਿਚ ਆਤਮਕ ਕਰੜਾਈ ਅਤੇ ਅਨੁਸ਼ਾਸਨ ਹੋਵੇ; ਕਮਜ਼ੋਰ ਆਦਮੀ ਵੀ ਵੀਰ ਹੋ ਸਕਦਾ ਹੈ ਤੇ ਦੂਜੇ ਪਾਸੇ ਤਕੜਾ ਆਦਮੀ ਵੀ ਡਰਪੋਕ ਹੋ ਸਕਦਾ ਹੈ। ਵਾਰਸ ਦੀ ਇਸ ਟੂਕ ਵਿਚ ਬੇਤਾਲ ਨੂੰ ਬੀਰ ਕਿਹਾ ਗਿਆ ਹੈ, ਕਿਉਂਕਿ ਉਸ ਵਿਚ ਜਿੰਨ ਭੂਤ ਕੱਢਣ ਦੀ ਸ਼ਕਤੀ ਹੈ। ਭਗਤ ਕਬੀਰ ਨੇ ਕੁਲੀਨ ਵਿਅਕਤੀ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਹੈ, “ਸਤੀ ਪੁਕਾਰੈ ਚਿਹ ਚੜੀ ਸੁਨੁਹੋ ਬੀਰ ਮਸਾਨ॥” ਗੁਰਬਾਣੀ ਤੇ ਹੋਰ ਸਾਹਿਤ ਵਿਚ ਜਿਨ੍ਹਾਂ ਬਵੰਜਾ ਵੀਰਾਂ ਪ੍ਰਤੀ ਸੰਕੇਤ ਆਉਂਦਾ ਹੈ, ਉਨ੍ਹਾਂ ਦਾ ਪੁਰਾਣਾਂ ਵਿਚ ਜ਼ਿਕਰ ਹੈ ਤੇ ਉਹ ਕਈ ਸ਼ਕਤੀਆਂ ਨਾਲ ਸੰਪੰਨ ਹਨ ਜਿਵੇਂ ਹਨੂਮਾਨ, ਭੈਰਵ। ਤਾਂਤਰਿਕ ਵਿਚ, ਮੰਨਿਆ ਜਾਂਦਾ ਹੈ ਕਿ ਵੀਰ ਸਾਧਨਾ ਕਰਨ ਨਾਲ ਅਜਿਹੇ ਵੀਰਾਂ ਦੀ ਸ਼ਕਤੀ ਹਾਸਿਲ ਕੀਤੀ ਜਾ ਸਕਦੀ ਹੈ।
ਸਾਡੀਆਂ ਭਾਸ਼ਾਵਾਂ ਵਿਚ ਵੀਰ/ਬੀਰ ਸ਼ਬਦ ਭਰਾ ਲਈ ਵੀ ਵਰਤਿਆ ਜਾਂਦਾ ਹੈ, ਖਾਸ ਤੌਰ ‘ਤੇ ਸੰਬੋਧਨ ਵਜੋਂ। ਸਪੱਸ਼ਟ ਹੈ ਕਿ ਭਰਾ ਭੈਣ ਲਈ ਇੱਕ ਸ਼ਕਤੀਵਰ ਪੁਰਖ ਹੈ, ਜੋ ਰਵਾਇਤੀ ਤੌਰ ‘ਤੇ ਉਸ ਦੀ ਰੱਖਿਆ ਕਰਦਾ ਹੈ। ਗੁਰੂ ਨਾਨਕ ਦੇ ਇਨ੍ਹਾਂ ਵਾਕਾਂ ਤੋਂ ਵੀਰ ਸ਼ਬਦ ਦੀ ਭਰਾ ਦੇ ਅਰਥਾਂ ਵਿਚ ਵਰਤੋਂ ਉਜਾਗਰ ਹੁੰਦੀ ਹੈ, “ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥” ਇਸ ਤੁਕ ਵਿਚ ਤਾਂ ਭਰਾਵਾਂ ਦੇ ਨਾਲ ਹੋਰ ਸਾਕ ਸਬੰਧੀਆਂ ਲਈ ਵੀ ਵੀਰ ਦੀ ਵਰਤੋਂ ਹੋਈ ਹੈ, “ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ॥” ਕਿਹਾ ਜਾ ਸਕਦਾ ਹੈ ਕਿ ਜੋ ਵੀ ਨਿਤਾਣੇ ਮਨੁੱਖ ਨੂੰ ਸ਼ਕਤੀ ਦਿੰਦਾ ਹੈ, ਉਹ ਉਸ ਦਾ ਵੀਰ ਹੈ ਅਤੇ ਭਰਾ, ਪਤੀ, ਸਖੀ, ਸਹੇਲੀ ਹੋਰ ਸਬੰਧੀ, ਮਿੱਤਰ ਹੀ ਮਨੁੱਖ ਦੇ ਸਭ ਤੋਂ ਨੇੜੇ ਹੁੰਦੇ ਹਨ, ਜੋ ਉਸ ਕੋਲ ਵੀਰ ਬਣ ਕੇ ਬਹੁੜਦੇ ਹਨ। ਭਰਾ ਦੇ ਅਰਥਾਂ ਵਿਚ ਕੁਝ ਹੋਰ ਟੂਕਾਂ ਵਾਚਦੇ ਹਾਂ। ਰਾਂਝੇ ਦੇ ਭਰਾ ਚੂਚਕ ਨੂੰ ਚਿੱਠੀ ਲਿਖਦੇ ਹਨ,
ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ
ਨਹੀਂ ਚਲ ਮੇਲਾ ਅਸੀਂ ਆਵਨੇ ਹਾਂ।
ਗਲ ਪਲੜਾ ਪਾਏ ਕੇ ਵੀਰ ਸਭੇ
ਅਸੀਂ ਰੁਠੜਾ ਵੀਰ ਮਨਾਵਨੇ ਹਾਂ।
ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ
ਤਦੋਂ ਪਏ ਪਕਾ ਪਕਾਵਨੇ ਹਾਂ।
ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ
ਵਾਰਸ ਸ਼ਾਹ ਨੂੰ ਨਾਲ ਲਿਆਵਨੇ ਹਾਂ।
ਮੁਹੰਮਦ ਬਖਸ਼ ‘ਸੈਫਲ ਮਲੂਕ’ ਵਿਚ ਲਿਖਦਾ ਹੈ,
ਭੈਣਾਂ ਵਿਹੜੀਂ ਸੀਸ ਗੁੰਦਾਵਣ
ਸੌਵਣ ਵੀਰ ਖੜਾ ਕੇ।
ਵੀਰ ਵੀਰੇ ਗੱਲ ਪੁੱਛਦਾ ਨਾਹੀਂ
ਮਰਨ ਲੱਗੇ ਨੂੰ ਜਾ ਕੇ।
—
ਵੀਰੇ ਕੋਲੋਂ ਵੀਰ ਕੋਹਾਵਣ
ਬੁਰੇ ਰੰਨਾਂ ਦੇ ਕਾਰੇ।
ਹੱਥੀਂ ਜ਼ਹਿਰ ਪਿਲਾਇ ਖਪਾਵਣ
ਖਾਵੰਦ ਯਾਰ ਪਿਆਰੇ।
ਵੀਰ ਸ਼ਬਦ ਮੁਢਲੇ ਤੌਰ ‘ਤੇ ਸੰਸਕ੍ਰਿਤ ਦਾ ਹੈ ਤੇ ਇਸ ਵਿਚ ਇਸ ਦਾ ਰੂਪ ਵੀ ਇਹੋ ਹੈ। ਰਿਗ ਵੇਦ ਵਿਚ ਇਹ ਸ਼ਬਦ ਮਨੁੱਖ, ਨਾਇਕ, ਪੁੱਤਰ ਦੇ ਅਰਥਾਂ ਵਿਚ ਵਰਤਿਆ ਗਿਆ ਹੈ ਅਤੇ ਅਥਰਵ ਵੇਦ ਵਿਚ ਕਿਸੇ ਵੀ ਜਾਨਵਰ ਦੇ ਨਰ ਲਈ ਵੀਰ ਸ਼ਬਦ ਆਇਆ ਹੈ। ਸੰਸਕ੍ਰਿਤ ਵਿਚ ਇਸ ਦੇ ਮਿਲਦੇ ਹੋਰ ਅਰਥ ਹਨ: ਤਾਕਤਵਰ, ਬਲਵਾਨ; ਸ੍ਰੇਸ਼ਟ; ਕਾਵਿ ਵਿਚ ਵੀਰ ਭਾਵਨਾ ਜਾਂ ਰਸ (ਇਸ ਦੀਆਂ ਚਾਰ ਕੋਟੀਆਂ ਹਨ-ਦਾਨਵੀਰ, ਧਰਮਵੀਰ, ਦਇਆਵੀਰ, ਯੁਧਵੀਰ)। ਅੱਜ ਕਲ੍ਹ ਇਹ ਸ਼ਬਦ ਵਿਅਕਤੀ ਨਾਂਵਾਂ ਵਜੋਂ ਵੀ ਵਰਤੇ ਜਾਂਦੇ ਹਨ। ਖਾਸ ਨਾਂਵਾਂ ਵਿਚ ਇਸ ਸ਼ਬਦ ਦੀ ਵਰਤੋਂ ਇਥੋਂ ਹੀ ਸ਼ੁਰੂ ਹੁੰਦੀ ਹੈ। ਹੋਰ ਦੇਖੋ- ਰਘੁਵੀਰ, ਸਤਿਵੀਰ, ਕਰਨਬੀਰ, ਹਰਬੀਰ, ਬਲਬੀਰ, ਲਖਬੀਰ, ਗੁਰਬੀਰ, ਰਣਬੀਰ, ਸੁਖਬੀਰ ਆਦਿ। ਇਸ ਤੋਂ ਇਲਾਵਾ ਪਤੀ, ਪਵਿਤਰ ਅਗਨੀ, ਅਭਿਨੇਤਾ, ਲੋਹਾ, ਚਰਗਾਹ, ਕੁਝ ਬਨਸਪਤੀਆਂ ਦੇ ਨਾਂਵਾਂ ਲਈ ਵੀ ਵੀਰ ਸ਼ਬਦ ਵਰਤਿਆ ਮਿਲਦਾ ਹੈ। ਸਪੱਸ਼ਟ ਹੈ ਕਿ ਸਭ ਵਿਚ ਕਿਸੇ ਪ੍ਰਕਾਰ ਦੀ ਸ਼ਕਤੀ ਜਾਂ ਗੁਣ ਦੀ ਬਹੁਤਾਤ ਨੂੰ ਪ੍ਰਤੀਤ ਕੀਤਾ ਗਿਆ ਹੈ। ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ਨੂੰ ਮਹਾਂਵੀਰ ਦੀ ਉਪਾਧੀ ਮਿਲੀ ਹੈ। ਜੈਨ ਗ੍ਰੰਥਾਂ ਵਿਚ ਉਨ੍ਹਾਂ ਲਈ ਵਰਧਮਾਨ, ਵੀਰ, ਅਤਿਵੀਰ ਨਾਂ ਵੀ ਉਪਲਭਦ ਹਨ।
ਕਈ ਆਧੁਨਿਕ ਭਾਰਤੀ ਆਰਿਆਈ ਭਾਸ਼ਾਵਾਂ ਵਿਚ ਵੀਰ ਜਾਂ ਇਸ ਦੇ ਕਿਸੇ ਭੇਦ ਦੇ ਇਹ ਅਰਥ ਮਿਲਦੇ ਹਨ: ਊਠਾਂ, ਭੇਡਾਂ, ਬੱਕਰੀਆਂ ਦੇ ਨਰ ਅਰਥਾਤ ਊਠ, ਭੇਡੂ, ਬੱਕਰਾ; ਮੁੰਡਾ; ਮਰਦ; ਖਾਵੰਦ; ਭਰਾ; ਨਾਇਕ। ਕੁਝ ਸੰਯੁਕਤ ਸ਼ਬਦਾਂ ਵਿਚ ਵੀਰ ਘਟਕ ਆਉਂਦਾ ਹੈ: ਵੀਰ ਵਹੁਟੀ, ਵੀਰਵਾਰ, ਬੀਰਬੱਲੀਆਂ ਆਦਿ। ਵੀਰ ਵਹੁਟੀ ਸ਼ਬਦ ਦੀ ਵਿਆਖਿਆ ਗ਼ ਸ਼ ਰਿਆਲ ਨੇ ਇਸ ਤਰ੍ਹਾਂ ਕੀਤੀ ਹੈ, “ਇਕ ਨੰਨਾ ਜਿਹਾ ਲਾਲ ਰੰਗ ਦਾ ਮਖਮਲੀ ਕੀਟ, ਜੋ ਬਾਰਸ਼ ਪਿਛੋਂ ਪੈਦਾ ਹੁੰਦਾ ਹੈ; ਮੂਲ ਅਰਥ (ਬਾਰਸ਼ ਦੇ ਦੇਵਤਾ) ‘ਇੰਦਰ ਦੀ ਵਹੁਟੀ’ ਇਸ ਵਿਚਾਰ ਤੋਂ ਕਿ ਵੀਰ ਅਰਥਾਤ ‘ਸੂਰਮਾ ਜਾਂ ਯੋਧਾ’ ਇੰਦਰ ਦੀ ਇੱਕ ਉਪਾਧੀ ਹੈ।” ਸੰਸਕ੍ਰਿਤ ਵਿਚ ਵੀਰ ਵਹੁਟੀ ਲਈ ਇੰਦਰ ਵਧੂ ਸ਼ਬਦ ਹੈ। ਸਾਡੇ ਇਲਾਕੇ ਵਿਚ ਇਸ ਦਾ ਵਿਗਾੜ ਰੂਪ ‘ਚੀਜ਼-ਵਹੁਟੀ’ ਵੀ ਚਲਦਾ ਹੈ। ਵਿਅਕਤੀ ਨਾਂ ‘ਬੀਰ ਦਵਿੰਦਰ’ ਪਿਛੇ ਵੀ ਏਹੀ ਭਾਵ ਹੈ।
ਵੀਰਵਾਰ ਸ਼ਬਦ ਵੀ ਇੰਦਰ ਨੂੰ ਸਮਰਪਿਤ ਦਿਨ ਹੈ, ਇਸ ਦ੍ਰਿਸ਼ਟੀ ਤੋਂ ਕਿ ਵੀਰ ਅਰਥਾਤ ਸੂਰਮਾ ਇੰਦਰ ਦੀ ਇੱਕ ਉਪਾਧੀ ਹੈ (ਇਸ ਸ਼ਬਦ ਬਾਰੇ ਹੋਰ ਚਰਚਾ ਹਫਤੇ ਦੇ ਦਿਨਾਂ ਦੇ ਨਾਂਵਾਂ ਬਾਰੇ ਸ਼ੁਰੂ ਕੀਤੀ ਜਾਣ ਵਾਲੀ ਲੜੀ ਵਿਚ ਕੀਤੀ ਜਾਵੇਗੀ)। ਮਰਦਾਂ ਦੇ ਕੰਨਾਂ ਵਿਚ ਪਾਉਣ ਵਾਲੀਆਂ ਮੋਤੀ ਜੜਾਊ ਨੱਤੀਆਂ ਨੂੰ ਬੀਰ-ਬੱਲੀ ਆਖਦੇ ਹਨ, ‘ਮਾਮੇ ਕੰਨੀ-ਬੱਲੀਆਂ, ਭਣੇਵਾਂ ਆਕੜਿਆ ਫਿਰੇ।’ ਇਸ ਦਾ ਸੰਸਕ੍ਰਿਤ ਰੂਪ ਹੈ, ਵੀਰ-ਵੱਲਯਾ ਅਰਥਾਤ ਸੂਰਮੇ ਦੇ ਕੰਨਾਂ ਦਾ ਗਹਿਣਾ। ਧਿਆਨ ਰਹੇ, ਬੱਲੀ ਸ਼ਬਦ ਵਾਲੀ ਦਾ ਹੀ ਰੁਪਾਂਤਰ ਹੈ। ਵੀਰ ਦੇਵਤਿਆਂ ਦੇ ਸਮੂਹ ਦੀ ਪੂਜਾ ਕਰਨ ਵਾਲੇ ਨੂੰ ਵੀਰਾਰਧ ਕਿਹਾ ਜਾਂਦਾ ਹੈ (ਵੀਰ+ਅਰਾਧਣਾ), ਵਾਰਸ ਦੀ ‘ਇੱਕ ਹੀਰ’ ਵਿਚ ਇਹ ਸ਼ਬਦ ਦੇਖੋ,
ਇੱਕ ਵਾਂਗ ਬਸਾਤੀਆਂ ਕੱਢ ਲਾਟੂ
ਵੀਰਾਰਾਧ ਦੀ ਨਾਫ ਵਿਖਾਉਂਦੀਆਂ ਨੇ।
ਇੱਕ ਤਾੜੀਆਂ ਮਾਰਦੀਆਂ ਨੱਚਦੀਆਂ ਨੇ
ਇੱਕ ਹੱਸਦੀਆਂ ਘੋੜੀਆਂ ਗਾਉਂਦੀਆਂ ਨੇ।
ਭਾਈ ਗੁਰਦਾਸ ਨੇ ਇਹ ਸ਼ਬਦ ਵਰਤਿਆ ਹੈ, ‘ਤੰਤੁ ਮੰਤੁ ਪਾਖੰਡ ਕਿਸੈ ਵੀਰਾਰਾਧ ਦਿਸੰਤਰੁ ਦਿਸੈ।’ ਕੁਝ ਜੱਟ ਭਾਈਚਾਰਿਆਂ ਵਿਚ ਪਤਨੀ ਨੂੰ ਬੀਰਬਾਨੀ ਕਹਿਣ ਦਾ ਰਿਵਾਜ ਹੈ। ਵੀਰਜ ਸ਼ਬਦ ਵੀ ਵੀਰ ਨਾਲ ਹੀ ਜਾ ਜੁੜਦਾ ਹੈ। ਸੰਸਕ੍ਰਿਤ ਵਿਚ ਇਸ ਦਾ ਰੂਪ ਹੈ, ਵੀਰਯ ਅਤੇ ਅਰਥ ਹਨ-ਮਰਦਊਪੁਣਾ, ਮਰਦਾਨਗੀ, ਬਲ, ਵੀਰਤਾ, ਪਰਾਕ੍ਰਮ, ਬਹਾਦਰੀ; ਮਣੀ, ਸ਼ੁਕ੍ਰ ਆਦਿ।
ਮੋਨੀਅਰ-ਵਿਲੀਅਮਜ਼ ਨੇ ਦੋ ਧਾਤੂਆਂ ਵੱਲ ਸੰਕੇਤ ਕੀਤਾ ਹੈ, ਜੋ ਵੀਰ ਸ਼ਬਦ ਦੇ ਨਿਰਮਾਤਾ ਹੋ ਸਕਦੇ ਹਨ। ਇੱਕ ਹੈ, ‘ਅਜ’ ਜਿਸ ਦਾ ਬਦਲਵਾਂ ਰੂਪ ‘ਵੀ’ ਹੈ। ਇਸ ਵਿਚ ਚੱਲਣ ਦੇ ਭਾਵ ਹਨ। ਕਈ ਵਿਦਵਾਨ ਇਸ ਨੂੰ ‘ਵਰਿ’ ਧਾਤੂ ਨਾਲ ਜੋੜਦੇ ਹਨ, ਜਿਸ ਵਿਚ ਵਲਣ, ਢਕਣ ਦੇ ਭਾਵ ਹਨ। ਇਸ ਤੋਂ ਬਣੇ ਵਾਰ ਸ਼ਬਦ ਤੋਂ ਵੀਰ ਸ਼ਬਦ ਬਣੇ ਹੋਣ ਦੀ ਸੰਭਾਵਨਾ ਹੈ। ਇਹ ਮਸਲਾ ਅਜੇ ਉਲਝਿਆ ਪਿਆ ਹੈ।
ਅਸੀਂ ਇਸ ਸ਼ਬਦ ਦੇ ਹੋਰ ਹਿੰਦ-ਯੂਰਪੀ ਪਸਾਰ ਬਾਰੇ ਗੱਲ ਛੇੜਦੇ ਹਾਂ। ਵਿਦਵਾਨਾਂ ਨੇ ਇਸ ਦਾ ਭਾਰੋਪੀ ਮੂਲ ‘ੱ-ਿਰੋ’ ਮਿਥਿਆ ਹੈ, ਜਿਸ ਵਿਚ ਮਰਦ, ਮਨੁੱਖ, ਪੁਰਸ਼ ਦੇ ਭਾਵ ਹਨ। ਕਈ ਭਾਰੋਪੀ ਭਾਸ਼ਾਵਾਂ ਜਿਵੇਂ ਲਾਤੀਨੀ, ਵੈਲਸ਼, ਆਇਰਿਸ਼, ਗੌਥਿਕ, ਲਿਥੂਏਨੀਅਨ, ਪੁਰਾਣੀ ਅੰਗਰੇਜ਼ੀ ਅਤੇ ਅਵੇਸਤਾ ਵਿਚ ਇਸ ਤੋਂ ਬਣੇ ਸ਼ਬਦ ਮਿਲਦੇ ਹਨ। ਕੁਝ ਜਾਣੇ-ਪਛਾਣੇ ਅੰਗਰੇਜ਼ੀ ਸ਼ਬਦ ਵਾਚਦੇ ਹਾਂ। ਅਛਾਈ, ਚੰਗਿਆਈ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਹੈ, ੜਰਿਟੁe। ਇਹ ਅੰਤਿਮ ਤੌਰ ‘ਤੇ ਲਾਤੀਨੀ ਸ਼ਬਦ ੜਰਿਟੁਸ ਤੋਂ ਪੁਰਾਣੀ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਪੁੱਜਾ। ਲਾਤੀਨੀ ਦੇ ਇਸ ਸ਼ਬਦ ਵਿਚ ਸਦਾਚਾਰ, ਆਚਰਣ, ਚੰਗਿਆਈ, ਮਰਦਾਨਗੀ, ਬਹਾਦਰੀ, ਸੂਰਮਗਤੀ, ਸ੍ਰੇਸ਼ਟਤਾ, ਉਤਮਤਾ ਆਦਿ ਦੇ ਭਾਵ ਸਨ। ਅੱਜ ਵੀ ਵਰਚੂ ਸ਼ਬਦ ਲਗਭਗ ਇਹੀ ਅਰਥ ਦਿੰਦਾ ਹੈ। ਪਾਠਕ ਇਸ ਸ਼ਬਦ ਦਾ ਸਾਡੇ ਵੀਰਤਾ ਸ਼ਬਦ ਨਾਲ ਰੂਪ ਅਤੇ ਅਰਥ ਪੱਖੋਂ ਟਾਕਰਾ ਕਰਨ। ਇਸਤਰੀਆਂ ਦੇ ਪ੍ਰਸੰਗ ਵਿਚ ਇਸ ਦਾ ਅਰਥ ਨਾਰੀ ਦਾ ਸਤੀਤਵ ਵੀ ਹੋ ਗਿਆ ਹੈ।
ਅੰਗਰੇਜ਼ੀ ਸ਼ਬਦ ੜਰਿਲਿe ਵਿਚ ਮਰਦਾਨਗੀ, ਨਰਤਾ, ਬਹਾਦਰੀ ਦੇ ਭਾਵ ਹਨ। ਇਹ ਸ਼ਬਦ ਵੀ ਲਾਤੀਨੀ ਦੇ ੜਰਿਲਿ (ਮਰਦਾਨਾ) ਤੋਂ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਗਿਆ। ਪੁਰਖ ਦੇ ਜਣਨ ਅੰਗ ਨੂੰ ੜਰਿਲਿe ੰeਮਬeਰ ਵੀ ਕਿਹਾ ਜਾਣ ਲੱਗਾ ਹੈ। ਅੰਗਰੇਜ਼ੀ ੜਰਿਅਗੋ ਦਾ ਅਰਥ ਹੈ, ਮਰਦਾਵੀਂ ਲੜਕੀ, ਮਾਹੀ ਮੁੰਡਾ ਅਰਥਾਤ ਚੰਡੀ ਰੂਪ ਇਸਤਰੀ। ਲਾਤੀਨੀ ਵਿਚ ਵੀ ਇਸ ਦਾ ਇਹੋ ਰੂਪ ਸੀ ਤੇ ਅਰਥ ਸੀ ਵੀਰਾਂਗਣ। ਇਕ ਹੋਰ ਸ਼ਬਦ ਹੈ, ੜਰਿਟੋਸੋ ਜਿਸ ਦਾ ਅਰਥ ਹੈ-ਵਿਦਵਾਨ, ਉਸਤਾਦ, ਮਾਹਰ। ਇਹ ਇਤਾਲਵੀ ਤੋਂ ਅੰਗਰੇਜ਼ੀ ਵਿਚ ਗਿਆ। ਇਤਾਲਵੀ ਵਿਚ ਇਸ ਸ਼ਬਦ ਦਾ ਅਰਥ ਸੀ, ਕੁਸ਼ਲ, ਮਾਹਰ, ਵਿਦਵਾਨ ਆਦਿ। ਇਤਾਲਵੀ ਵਿਚ ਇਹ ਸ਼ਬਦ ਲਾਤੀਨੀ ਤੋਂ ਗਿਆ, ਜਿਸ ਵਿਚ ਇਸ ਦਾ ਅਰਥ ਸੀ, ਕੁਸ਼ਲ, ਸੰਗੀਤ ਆਦਿ ਦਾ ਮਾਹਰ, ਹੁਨਰੀ। ਅੰਤਿਮ ਰੂਪ ਵਿਚ ਇਹ ਸ਼ਬਦ ਮਰਦਾਨਗੀ ਦੇ ਭਾਵਾਂ ਨਾਲ ਹੀ ਜਾ ਜੁੜਦਾ ਹੈ, ਮਰਦਾਨਗੀ, ਜੋ ਕਿਸੇ ਖਾਸ ਕਿੱਤੇ ਦੇ ਮਾਹਰ ਹੋਣ ਤੱਕ ਸੀਮਿਤ ਹੋ ਗਈ। ਕੰਮ ‘ਤੇ ਕੁਝ ਔਰਤਾਂ ਵਿਚ ਘਿਰਿਆ ਸਾਂ। ਉਨ੍ਹਾਂ ਤੋਂ ਸਾਰਾ ਜ਼ੋਰ ਲਾਉਣ ‘ਤੇ ਵੀ ਬੋਤਲ ਦਾ ਡੱਟ ਨਹੀਂ ਸੀ ਖੁਲ੍ਹਦਾ, ਮੈਂ ਝੱਟ ਖੋਲ੍ਹ ਦਿੱਤਾ, ਕਹਿੰਦੀਆਂ, “ੌਹ ੁ ਅਰe ਮਅਨ।”
ਦੁਨੀਆਂ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ੱੋਰਲਦ ਵੀ ਇਥੇ ਢੁਕਦਾ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਸ਼ਬਦ ਦਾ ਅਰਥ ਸੀ-ਮਨੁੱਖੀ ਹੋਂਦ, ਜੀਵਣਾ, ਮਨੁਖ ਦੇ ਝੰਜਟ। ਅਸੀਂ ਇਸ ਨੂੰ ਦੁਨੀਆਂਦਾਰੀ, ਸੰਸਾਰਕ ਝਮੇਲੇ ਕਹਿ ਸਕਦੇ ਹਾਂ। ਇਸ ਸ਼ਬਦ ਵਿਚ ਮੁੱਦਤ, ਮਨੁਖਜਾਤੀ, ਇਨਸਾਨੀਅਤ ਦੇ ਭਾਵ ਵੀ ਸਮੋਏ ਹੋਏ ਹਨ; ਪਰ ਇਹ ਸ਼ਬਦ ਲਾਤੀਨੀ ਵਲੋਂ ਨਹੀਂ ਆਇਆ ਸਗੋਂ ਜਰਮੈਨਿਕ ਅਸਲੇ ਦਾ ਹੈ। ਪਰਾਕ-ਜਰਮੈਨਿਕ ਵਿਚ ਇਸ ਦਾ ਰੂਪ ਸੀ, ੱeਰਅਲਦ।ਿ ਇਸ ਵਿਚ ਪੁਰਖ ਦੇ ਅਰਥਾਂ ਵਾਲਾ ੱeਰ ਤਾਂ ਸਪੱਸ਼ਟ ਝਲਕਦਾ ਹੈ, ਪਿਛੇ ਲੱਗੇ ਪਿਛੇਤਰ ਅਲਦ ਦਾ ਅਰਥ ਹੈ, ਉਮਰ, ਆਯੂ। ਸੋ, ਇਸ ਦਾ ਸ਼ਾਬਦਿਕ ਅਰਥ ਬਣਿਆ, ਮਨੁੱਖ ਦੀ ਆਯੂ, ਅਉਧ। ਧਿਆਨ ਦਿਉ, ਮਨੁੱਖ ਦੀ ਅਉਧ ਵਿਚ ਸੰਸਾਰਕ ਝਮੇਲੇ, ਦੁਨੀਆਂਦਾਰੀ ਦੇ ਭਾਵ ਸਹਿਜੇ ਹੀ ਆ ਜਾਂਦੇ ਹਨ। ਅਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ: ਕਾਹਦਾ ਹੈ ਮਨੁੱਖ ਦਾ ਜੀਣਾ, ਕਾਹਦੀ ਹੈ ਇਹ ਦੁਨੀਆਂ। ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ: ਮੁਢਲੇ ਤੌਰ ‘ਤੇ ਧਰਤੀ ਉਪਰਲਾ ਜੀਵਨ, ਇਹ ਲੋਕ (ਮਰਨ ਉਪਰੰਤ ਜੀਵਨ ਦੇ ਟਾਕਰੇ ਊਹਾ ਦੇ ਟਾਕਰੇ ਈਹਾ)। ਇਸ ਤੋਂ ਭਾਵ ਉਤਪੰਨ ਹੋਇਆ ਜਾਣਿਆ ਜਾਂਦਾ ਸੰਸਾਰ ਤੇ ਆਖਰ ਪਦਾਰਥਕ ਜਗਤ, ਦਿਸਦਾ ਪਸਾਰਾ, ਸ੍ਰਿਸ਼ਟੀ ਆਦਿ।