ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਧਰਮ ਕੀ ਹੈ?
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਧਰਮ ਦੇ ਤਿੰਨ ਸਰੂਪ ਹਨ। ਪਹਿਲਾ, ਸਰੀਰਕ ਧਰਮ, ਜੋ ਗੁਰੂ ਸਿਰਫ ਸਰੀਰਕ ਪੱਧਰ ਤਕ ਹੀ ਸੀਮਤ ਹੈ, ਭਾਵ ਸਰੀਰ ਕਰਕੇ ਹੀ ਸਰੀਰਕ ਪੱਧਰ ‘ਤੇ ਹੀ ਧਰਮ ਸੀਮਤ ਹੁੰਦਾ ਹੈ। ਧਾਰਮਿਕ ਸਥਾਨ ‘ਤੇ ਮੱਥਾ ਟੇਕਿਆ, ਲੋਕਾਂ ਨੂੰ ਮਿਲ ਗਿਲ ਕੇ ਕੁਝ ਸਮਾਂ ਬਿਤਾਇਆ ਅਤੇ ਫਰਜ਼ ਪੂਰਾ। ਦੂਜਾ ਰੂਪ ਹੈ, ਸਮਾਜਕ ਧਰਮ, ਜਿਸ ਵਿਚ ਨੈਤਿਕ ਕਦਰਾਂ-ਕੀਮਤਾਂ ਪੂਰੀਆਂ ਕੀਤੀਆਂ, ਜਿਥੋਂ ਤਕ ਸਮਾਜ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਲੋੜਾਂ ਦੀ ਪੂਰਤੀ ਹੁੰਦੀ ਰਹਿੰਦੀ ਤਾਂ ਸਮਾਜਕ ਧਰਮ ਪੂਰਾ ਹੋ ਜਾਂਦਾ ਹੈ।
ਤੀਜਾ ਅਤੇ ਸਭ ਤੋਂ ਅਹਿਮ ਹੈ, ਅਧਿਆਤਮਕ ਧਰਮ, ਜਿਸ ਅਨੁਸਾਰ ਪ੍ਰਕਿਰਤੀ, ਮਨੁੱਖ ਅਤੇ ਪਰਾਭੌਤਿਕ ਸ਼ਕਤੀਆਂ ਕੀ ਹਨ ਤੇ ਇਨ੍ਹਾਂ ਦਾ ਆਪਸ ਵਿਚ ਕੀ ਸਬੰਧ ਹੈ ਅਤੇ ਮਨੁਖਾ ਜੀਵਨ ਵਿਚ ਇਨ੍ਹਾਂ ਦਾ ਕੀ ਕੰਮ ਹੈ ਤੇ ਮਨੁਖਤਾ ਨੂੰ ਇਹ ਕਿਵੇਂ ਪ੍ਰਭਾਵਿਤ ਕਰਦੀਆਂ ਹਨ? ਇਸ ਸਭ ਦਾ ਸਿਧਾਂਤਕ ਪੱਖ ਕੀ ਹੈ?
ਸਿਧਾਂਤਕ ਪੱਖ ਤੋਂ ਸਮੇਂ ਤੇ ਸਥਾਨ ਅਨੁਸਾਰ ਸਥਾਨਕ ਸਭਿਆਚਾਰ ਤੇ ਰੀਤੀ-ਰਿਵਾਜ ਅਤੇ ਭਾਸ਼ਾ ਅਨੁਸਾਰ ਸਿਧਾਂਤ ਘੜੇ ਤੇ ਪ੍ਰਚਾਰੇ ਜਾਂਦੇ ਹਨ। ਲੋਕਾਂ ਨੂੰ ਉਨ੍ਹਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਪਾਲਣਾ ਦੀ ਹਦਾਇਤ ਅਤੇ ਉਮੀਦ ਕੀਤੀ ਜਾਂਦੀ ਹੈ।
ਸਿੱਖ ਕੌਣ ਹੈ?
ਸਿਖੀ ਸਿਖਿਆ ਗੁਰ ਵੀਚਾਰਿ॥
ਸਿੱਖ ਉਹ ਹੈ, ਜੋ ਸਿਖਿਆ ਪ੍ਰਾਪਤ ਕਰਦਾ ਹੈ। ਹਰ ਵੇਲੇ ਸਿਖਣ ਨੂੰ ਤਿਆਰ ਰਹਿੰਦਾ ਹੈ। ਜੋ ਸਿਖਿਆ ਹੈ, ਉਸ ‘ਤੇ ਅਮਲ ਕਰਦਾ ਹੈ। ਜੋ ਸਿਖਿਆ ਸਿੱਖ ਧਰਮ ਅਨੁਸਾਰ ਗੁਰੂ ਸਾਹਿਬਾਨ ਨੇ ਦਿੱਤੀ, ਉਸ ਅਨੁਸਾਰ ਜੀਵਨ ਬਤੀਤ ਕਰਦਾ ਹੈ, ਉਹ ਸਿੱਖ ਹੈ। ਜੋ ਸਿਖਿਆ ਅਤੇ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਉਨ੍ਹਾਂ ਦੀ ਪਾਲਣਾ ਕਰਦਾ ਹੈ ਅਤੇ ਅਮਲ ਵਿਚ ਲਿਆਉਂਦਾ ਹੈ, ਉਹ ਸਿੱਖ ਹੈ। ਸਿਰਫ ਗੁਰੂ ਘਰ ਜਾਣਾ ਅਤੇ ਮੱਥਾ ਟੇਕ ਕੇ ਤੇ ਲੰਗਰ ਛਕ ਕੇ ਆ ਜਾਣਾ ਸਿੱਖੀ ਨਹੀਂ ਹੈ। ਸਿਰਫ ਸਰੀਰਕ, ਸਮਾਜਕ ਰਸਮਾਂ-ਰੀਤਾਂ ਪੂਰੀਆਂ ਕਰਨਾ ਹੀ ਸਿੱਖੀ ਨਹੀਂ ਹੈ।
ਗੁਰਬਾਣੀ ਦਾ ਨਿਤਨੇਮ ਅਤੇ ਉਸ ਦੀ ਵਿਚਾਰ ਤੇ ਪਾਲਣਾ ਕਰਨੀ ਅਤੇ ਉਸ ਅਨੁਸਾਰ ਜੀਵਨ ਬਤੀਤ ਕਰਨ ਦਾ ਨਾਮ ਹੀ ਸਿੱਖੀ ਹੈ। ਜੇ ਅਜਿਹਾ ਨਹੀਂ ਹੈ ਤਾਂ ਇਹ ਸਿਰਫ ਸਰੀਰਕ ਅਤੇ ਸਮਾਜਕ ਧਰਮ ਹੀ ਹੈ, ਉਸ ਤੋਂ ਅੱਗੇ ਨਹੀਂ ਤੁਰਿਆ।
ਗੁਰੂ ਨਾਨਕ ਸਾਹਿਬ ਨੇ ਕਿਸੇ ਦਾ ਵੀ ਸਮਾਜਕ ਧਰਮ ਤਬਦੀਲ ਨਹੀਂ ਕੀਤਾ। ਉਨ੍ਹਾਂ ਦਾ ਸਭ ਤੋਂ ਪਹਿਲਾ ਸਿੱਖ ਰਾਏ ਬੁਲਾਰ ਸੀ। ਸਿੱਖ ਵੀ ਐਨਾ ਵਿਸ਼ਵਾਸ ਵਾਲਾ ਕਿ ਉਸ ਨੇ 1500 ਏਕੜ ਜ਼ਮੀਨ ਉਨ੍ਹਾਂ ਨੂੰ ਅਰਪਣ ਕਰ ਦਿਤੀ। ਕੀ ਗੁਰੂ ਸਾਹਿਬ ਨੇ ਉਸ ਨੂੰ ਧਰਮ ਤਬਦੀਲ ਕਰਨ ਨੂੰ ਕਿਹਾ? ਦੂਜਾ ਸਿੱਖ ਭਾਈ ਮਰਦਾਨਾ ਸੀ, ਜਿਸ ਨੇ ਸਾਰੀ ਉਮਰ ਸਾਥ ਦਿੱਤਾ। ਕੀ ਉਸ ਦਾ ਧਰਮ ਤਬਦੀਲ ਕਰਨ ਨੂੰ ਕਿਹਾ? ਬਾਕੀ ਸਿੱਖ ਇਤਿਹਾਸ ਵਿਚ ਵੀ ਇਸ ਕਿਸਮ ਦੀ ਕੋਈ ਮਿਸਾਲ ਨਹੀਂ ਮਿਲਦੀ ਕਿ ਕਿਸੇ ਗੁਰੂ ਸਾਹਿਬ ਨੇ ਕਿਸੇ ਦਾ ਧਰਮ ਤਬਦੀਲ ਕੀਤਾ ਹੋਵੇ ਜਾਂ ਕਰਨ ਨੂੰ ਕਿਹਾ ਹੋਵੇ। ਗੁਰੂ ਸਾਹਿਬ ਨੇ ਸਿਰਫ ਜੀਵਨ ਤਬਦੀਲ ਕਰਨ ਲਈ ਹੀ ਕਿਹਾ ਹੈ। ਧਰਮ ਅਨੁਸਾਰ ਹੀ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਹੈ। ਪਹਿਲਾਂ ਹੋ ਚੁਕੇ ਭਗਤ ਸਹਿਬਾਨ ਵੱਲੋਂ ਉਚਾਰੀ ਬਾਣੀ ਨੂੰ ਵੀ ਪੂਰੇ ਸਤਿਕਾਰ ਸਹਿਤ ਗੁਰੂ ਗ੍ਰੰਥ ਸਹਿਬ ਵਿਚ ਸ਼ਾਮਲ ਕੀਤਾ ਹੈ।
ਖਾਲਸਾ ਕੌਣ ਹੈ?
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਖ ਦਾ ਪਿਛਲਾ ਜੀਵਨ ਬਦਲ ਕੇ ਉਸ ਨੂੰ ਦੂਜਾ ਜਨਮ ਦਿਤਾ ਅਤੇ ਕਿਹਾ ਕਿ ਇਸ ਤੋਂ ਬਾਅਦ ਤੁਹਾਡੀ ਪਿਛਲੀ ਜਾਤ ਅਤੇ ਗੋਤ ਖਤਮ। ਤੁਹਾਨੂੰ ਨਵਾਂ ਜਨਮ ਮਿਲਿਆ, ਅੱਜ ਤੋਂ ਬਾਅਦ ਤੁਸੀਂ ਸਿਰਫ ਖਾਲਸਾ ਹੋ ਅਤੇ ਭਾਈ ਹੋ।
ਪਰ ਅੱਜ ਕੀ ਹੋ ਰਿਹਾ ਹੈ, ਉਚੀ ਜਾਤ ਵਾਲੇ ਸਿੱਖ ਕਥਿਤ ਨੀਵੀਂ ਜਾਤ ਵਾਲਿਆਂ ਨੂੰ ਨਫਰਤ ਕਰ ਰਹੇ ਹਨ। ਜਾਤ ਪਾਤ ਅੱਜ ਵੀ ਪ੍ਰਧਾਨ ਹੈ। ਗੁਰੂ ਘਰਾਂ ‘ਤੇ ਅੱਜ ਵਿਸ਼ੇਸ਼ ਜਾਤ ਭਾਰੂ ਹੈ, ਜਿਸ ਦਾ ਨਤੀਜਾ ਇਹ ਹੈ ਕਿ ਡੇਰਾਵਾਦ ਵਧ ਰਿਹਾ ਹੈ, ਕਥਿਤ ਨੀਵੀਂ ਸਮਝੀ ਜਾਂਦੀ ਜਾਤ ਦੇ ਲੋਕ ਜਾਂ ਤਾਂ ਡੇਰਿਆਂ ਵਿਚ ਜਾ ਰਹੇ ਹਨ ਜਾਂ ਫਿਰ ਧਰਮ ਤਬਦੀਲ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਅਤੇ ਗੁਰੂ ਘਰਾਂ ਦੇ ਪ੍ਰਬੰਧਕ ਸਿਰਫ ਗੋਲਕ ਬਾਰੇ ਹੀ ਫਿਕਰਮੰਦ ਹਨ, ਧਰਮ ਦੇ ਪ੍ਰਚਾਰ ਲਈ ਕੋਈ ਫਿਕਰ ਨਹੀਂ। ਪ੍ਰਚਾਰਕ ਵੀ ਸਿਰਫ ਵਕਤ ਪੂਰਾ ਕਰ ਰਹੇ ਹਨ। ਉਨ੍ਹਾਂ ਦੀ ਕਥਨੀ ਅਤੇ ਕਰਨੀ ਵਿਚ ਫਰਕ ਹੈ। ਜਿਸ ਦਾ ਆਪਣਾ ਜੀਵਨ ਹੀ ਗੁਰੂ ਦੀ ਸਿੱਖਿਆ ਅਨੁਸਾਰ ਨਹੀਂ ਹੈ, ਉਸ ਦੀ ਸਿਖਿਆ ‘ਤੇ ਕਿਵੇਂ ਅਮਲ ਹੋਵੇਗਾ?
ਨਵੀਂ ਪੀੜ੍ਹੀ ਜਦੋਂ ਦੇਖਦੀ ਹੈ, ਸਵਾਲ ਕਰਦੀ ਹੈ ਤਾਂ ਤਸੱਲੀਬਖਸ਼ ਜਵਾਬ ਨਹੀਂ ਮਿਲਦਾ। ਨਤੀਜਾ, ਉਹ ਧਰਮ ਤੋਂ ਹੀ ਬੇਮੁੱਖ ਹੋ ਰਹੀ ਹੈ। ਵਿਸ਼ੇਸ਼ ਤੌਰ ‘ਤੇ ਇਨ੍ਹਾਂ ਮੁਲਕਾਂ ਵਿਚ।
ਖਾਲਿਸਤਾਨ
ਅੱਜ ਪੰਜਾਬ ਦੀ ਹਾਲਤ ਕੀ ਹੈ? ਲੋਕ ਜਾਂ ਤਾਂ ਖੁਦਕੁਸ਼ੀ ਕਰ ਰਹੇ ਹਨ ਜਾਂ ਫਿਰ ਥੱਬਿਆਂ ਦੇ ਥੱਬੇ ਨੋਟ ਦੇ ਕੇ ਦੂਜੇ ਦੇਸ਼ਾਂ ਵਿਚ ਜਾ ਰਹੇ ਹਨ। ਜੇ ਅਜਿਹਾ ਹੀ ਹੁੰਦਾ ਰਿਹਾ ਤਾਂ ਹੋਰ ਦਸਾਂ ਸਾਲਾਂ ਤਕ ਪੰਜਾਬ ਵਿਚ ਸਿੱਖ ਘੱਟ ਗਿਣਤੀ ਵਿਚ ਅਤੇ ਦੂਜੇ ਸੂਬਿਆਂ ਦੇ ਲੋਕ ਬਹੁਗਿਣਤੀ ਵਿਚ ਹੋ ਜਾਣਗੇ। ਫਿਰ ਕਿਨ੍ਹਾਂ ਲਈ ਅਤੇ ਕਿਸ ਨੇ ਖਾਲਿਸਤਾਨ ਬਣਾਉਣਾ ਹੈ? ਜੇ ਖਾਲਿਸਤਾਨ ਬਣਾਉਣਾ ਹੈ ਤਾਂ ਜਿੱਥੇ ਬਣਾਉਣਾ ਹੈ, ਉਥੇ ਜਾ ਕੇ ਹੀ ਕੋਸ਼ਿਸ਼ ਕਰਨੀ ਪੈਣੀ ਹੈ। ਸਿਰਫ ਸੁਪਨੇ ਲੈਣ ਨਾਲ ਹੀ ਨਹੀਂ ਬਣ ਜਾਣਾ।
ਇਕ ਹੋਰ ਗੱਲ, ਜਿਹੜੇ ਅੱਜ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ, ਜੇ ਬਣਾਉਣ ਲਈ ਹੀ ਇੱਕਠੇ ਨਹੀਂ ਹੋ ਸਕਦੇ ਤਾਂ ਜੇ ਬਣ ਵੀ ਗਿਆ ਤਾਂ ਉਸ ਨੂੰ ਸੰਭਾਲਣ ਲਈ ਇੱਕਠੇ ਕਿਵੇਂ ਹੋਣਗੇ? ਜਿਹੜੇ ਅੱਜ ਜਾਤ ਛੱਡਣ ਲਈ ਤਿਆਰ ਨਹੀਂ, ਫਿਰ ਕਥਿਤ ਨੀਵੀਂ ਜਾਤ ਵਾਲਿਆਂ ਨਾਲ ਕੀ ਸਲੂਕ ਕਰਨਗੇ?
ਖਾਲਿਸਤਾਨ ਬਣ ਗਿਆ ਤਾਂ ਉਸ ਦੀ ਆਮਦਨ ਦਾ ਸਾਧਨ ਕੀ ਹੋਵੇਗਾ ਅਤੇ ਉਹ ਕਿਵੇਂ ਸਥਿਰ ਰਹਿ ਸਕੇਗਾ? ਇਸ ਬਾਰੇ ਕੋਈ ਸਿਧਾਂਤ ਸਾਹਮਣੇ ਨਹੀਂ ਆਇਆ। ਇਨ੍ਹਾਂ ਕੁਝ ਸਵਾਲ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।