ਮੁਸਲਮਾਨ ਹੋਣ ਦਾ ਝੋਰਾ ਅਤੇ ਤਸੱਲੀ

ਭਾਰਤ ਵਿਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਤੋਂ ਬਾਅਦ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਬਾਰੇ ਕਈ ਕੁਝ ਨਿਤ ਦਿਨ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦੀ ਦੇਸ਼ ਭਗਤੀ ਦੀ ਅਜ਼ਮਾਇਸ਼ ਕੀਤੀ ਜਾ ਰਹੀ ਹੈ ਅਤੇ ਜਿਸ ਤਰ੍ਹਾਂ ਦਾ ਪ੍ਰਚਾਰ ਉਨ੍ਹਾਂ ਬਾਰੇ ਕੀਤਾ ਜਾ ਰਿਹਾ ਹੈ, ਉਸ ਤੋਂ ਇਹ ਭਾਈਚਾਰਾ ਇਕ ਤਰ੍ਹਾਂ ਦੇ ਖੌਫ ਵਿਚੋਂ ਲੰਘ ਰਿਹਾ ਹੈ। ਅਜਿਹੇ ਮਾਹੌਲ ਵਿਚ ਲੇਖਕ ਰਖਸ਼ੰਦਾ ਜਲੀਲ ਵਰਗੀਆਂ ਹਸਤੀਆਂ ਵੀ ਹਨ, ਜੋ ‘ਬੱਟ ਯੂ ਡੋਂਟ ਲੁੱਕ ਲਾਈਕ ਏ ਮੁਸਲਿਮ’ ਵਰਗੀ ਅਹਿਮ ਕਿਤਾਬ ਨਾਲ ਹਾਜ਼ਰੀ ਲੁਆਉਂਦੀਆਂ ਹਨ।

ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਤੇਜ ਨੇ ਇਸ ਕਿਤਾਬ ਬਾਰੇ ਟਿੱਪਣੀ ਆਪਣੇ ਇਸ ਲੇਖ ਵਿਚ ਕੀਤੀ ਹੈ। ਇਸ ਦੇ ਨਾਲ ਹੀ ਅਸੀਂ ਆਪਣੇ ਪਾਠਕਾਂ ਲਈ ਇਸੇ ਕਿਤਾਬ ਦਾ ਇਕ ਕਾਂਡ ਛਾਪ ਰਹੇ ਹਾਂ। -ਸੰਪਾਦਕ

ਸੁਰਿੰਦਰ ਸਿੰਘ ਤੇਜ

ਨੋਬੇਲ ਪੁਰਸਕਾਰ ਜੇਤੂ ਸਾਹਿਤਕਾਰ ਵੀ. ਐਸ਼ ਨਾਇਪਾਲ ਆਪਣੀ ਉਮਰ ਦੇ ਆਖਰੀ ਸਾਢੇ ਤਿੰਨ ਦਹਾਕਿਆਂ ਦੌਰਾਨ ਇਸ ਸੋਚ ‘ਤੇ ਕਾਇਮ ਰਿਹਾ ਕਿ ਦੁਨੀਆਂ ਭਰ ਵਿਚ ਵਧ ਰਹੇ ਕੱਟੜਵਾਦ ਦੀ ਵਜ੍ਹਾ ਇਸਲਾਮ ਹੈ। ਨਾਇਪਾਲ ਅਨੁਸਾਰ, “ਇਹ ਮਜ਼ਹਬ ਆਪਣੇ ਮੁਰੀਦਾਂ ਨੂੰ ਆਪੋ-ਆਪਣੀ ਧਰਤੀ ਦੀ ਤਹਿਜ਼ੀਬ, ਰਸਮੋ ਰਿਵਾਜ, ਪਰੰਪਰਾਵਾਂ ਤੇ ਇਤਿਹਾਸ ਭੁਲਾ ਕੇ ਸਿਰਫ ਅਰਬ ਜਗਤ (ਖਾਸ ਕਰਕੇ ਸਾਊਦੀ ਅਰਬ) ਨੂੰ ਆਪਣਾ ਵਤਨ ਤੇ ਆਪਣਾ ਅਸਲ ਘਰ ਮੰਨਣ, ਅਰਬੀ ਤਹਿਜ਼ੀਬ ਨੂੰ ਹੀ ਆਪਣੀ ਤਹਿਜ਼ੀਬ ਸਮਝਣ ਅਤੇ ਉਥੋਂ ਦੇ ਇਤਿਹਾਸ ਨੂੰ ਹੀ ਆਪਣੇ ਅਸਲ ਇਤਿਹਾਸ ਵਜੋਂ ਅਪਨਾਉਣ ਲਈ ਮਜਬੂਰ ਕਰਦਾ ਹੈ। ਇਸਲਾਮ ਵਲੋਂ ਅਜਿਹਾ ਕੀਤਾ ਜਾਣਾ ਮਜ਼ਹਬਾਂ ਤੇ ਸਭਿਅਤਾਵਾਂ ਦੇ ਟਕਰਾਅ ਦੀ ਵਜ੍ਹਾ ਬਣ ਰਿਹਾ ਹੈ।”
ਇਰਾਨ ਤੋਂ ਲੈ ਕੇ ਇੰਡੋਨੇਸ਼ੀਆ ਤਕ ਪੈਂਦੇ ਇਸਲਾਮੀ ਮੁਲਕਾਂ ਦੇ ਸਫਰ ਨਾਲ ਜੁੜੇ ਤਜਰਬਿਆਂ ਤੇ ਚਰਚਾਵਾਂ ਉਤੇ ਆਧਾਰਿਤ ਦੋ ਕਿਤਾਬਾਂ ‘ਅਮੰਗ ਦਿ ਬਿਲੀਵਰਜ਼’ ਅਤੇ ‘ਬਿਯੌਂਡ ਬਿਲੀਫ’ ਰਾਹੀਂ ਨਾਇਪਾਲ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸਲਾਮ, ਮੁਕਾਮੀ ਤਹਿਜ਼ੀਬਾਂ, ਮੁਕਾਮੀ ਪਹਿਰਾਵਿਆਂ, ਮੁਕਾਮੀ ਖਾਣ-ਪੀਣ ਅਤੇ ਮੁਕਾਮੀ ਵਫਾਦਾਰੀਆਂ ਦਾ ਪਹਿਲਾਂ ਵੀ ਖਾਤਮਾ ਕਰਦਾ ਆਇਆ ਹੈ ਅਤੇ ਹੁਣ ਵੀ ਕਰ ਰਿਹਾ ਹੈ। ਇਹ ਸਭ ਕੁਝ ਕਰਨ ਲਈ ਹਰ ਪ੍ਰਕਾਰ ਦੇ ਸਭਿਅਕ ਜਾਂ ਗੈਰ-ਸਭਿਅਕ ਹਥਕੰਡੇ ਵਰਤੇ ਜਾ ਰਹੇ ਹਨ। ਇਨ੍ਹਾਂ ਦੇ ਵਿਰੋਧ ਨੂੰ ਹਿੰਸਕ ਢੰਗਾਂ ਨਾਲ ਦਬਾਇਆ ਜਾਂਦਾ ਰਿਹਾ ਹੈ। ਅਜਿਹੀ ਇਸਲਾਮਪ੍ਰਸਤੀ ਜਵਾਬੀ ਹਿੰਸਾ ਅਤੇ (ਇਸ ਮਜ਼ਹਬ ਪ੍ਰਤੀ) ਨਫਰਤ ਨੂੰ ਜਨਮ ਦਿੰਦੀ ਆਈ ਹੈ ਅਤੇ ਅਜੋਕੇ ਸਮੇਂ ਵਿਚ ਸਮੁੱਚੀ ਦੁਨੀਆਂ ‘ਚ ਟਕਰਾਅ, ਜਬਰ ਤੇ ਇੰਤਹਾਪਸੰਦੀ ਦੀ ਜੜ੍ਹ ਬਣੀ ਹੋਈ ਹੈ।
ਨਾਇਪਾਲ ਅਤੇ ਉਸ ਵਰਗੇ ਹੋਰ ਵਿਚਾਰਵਾਨਾਂ ਦੇ ਵਿਚਾਰਾਂ ਤੇ ਦਲੀਲਾਂ ਦਾ ਮੁਸਲਿਮ ਤੇ ਗੈਰ-ਮੁਸਲਿਮ ਦਾਨਿਸ਼ਵਰਾਂ ਵਲੋਂ ਬਾਵਜ਼ਨ ਤੇ ਬਾਦਲੀਲ ਵਿਰੋਧ ਕੀਤਾ ਜਾਂਦਾ ਰਿਹਾ ਹੈ। ਅਜਿਹੇ ਦਾਨਿਸ਼ਵਰਾਂ ਦਾ ਮੁੱਖ ਤਰਕ ਇਹੋ ਰਿਹਾ ਹੈ ਕਿ ਇਸਲਾਮ ਕਿਸੇ ਵੀ ਤਰ੍ਹਾਂ ਟਕਰਾਅਵਾਦੀ ਧਰਮ ਨਹੀਂ। ਇਸ ਦਾ ਸਰੂਪ ਤੇ ਸੁਭਾਅ ਸਮਨਵੈਅਵਾਦੀ ਹੈ, ਜੋ ਅਨੇਕਤਾ ‘ਚ ਏਕਤਾ ਦੇ ਸਿਧਾਂਤ ਨੂੰ ਪੂਰੀ ਮਾਨਤਾ ਦਿੰਦਾ ਹੈ। ਇਸ ਦੇ ਇਸ ਖਾਸੇ ਵਲ ਤਵੱਜੋ ਦੇਣ ਦੀ ਥਾਂ ਇਸ ਦੇ ਵਿਗਾੜਾਂ ਨੂੰ ਵਿਧੀਵਤ ਢੰਗ ਨਾਲ ਲਗਾਤਾਰ ਉਛਾਲਿਆ ਜਾਂਦਾ ਆ ਰਿਹਾ ਹੈ; ਤੇ ਅਜਿਹੀ ਅਲਾਮਤ ਤੋਂ ਭਾਰਤ ਵੀ ਮੁਕਤ ਨਹੀਂ ਹੈ।
ਰਖਸ਼ੰਦਾ ਜਲੀਲ ਦੀ ਕਿਤਾਬ ‘ਬੱਟ ਯੂ ਡੌਂਟ ਲੁੱਕ ਲਾਈਕ ਏ ਮੁਸਲਿਮ’ ਵੀ ਉਪਰੋਕਤ ਤਰਕ ਦੀ ਤਸਦੀਕ ਕਰਦੀ ਹੈ। ਇਹ ਭਾਰਤੀ ਮੁਸਲਿਮ ਭਾਈਚਾਰੇ ਦੀ ਮੌਜੂਦਾ ਵੇਦਨਾ ਤੇ ਵਿਅਥਾ ਨੂੰ ਭਾਰਤੀ ਬਹੁਲਵਾਦੀ ਤੇ ਬਹੁ-ਧਰਮੀ ਸਭਿਅਤਾ ਵਿਚ ਆਏ ਨਿਘਾਰਾਂ ਦੇ ਪ੍ਰਸੰਗ ਵਿਚ ਪੇਸ਼ ਕਰਦੀ ਹੈ। ਨਾਲ ਹੀ ਇਹ ਮੁਸਲਿਮ ਭਾਈਚਾਰੇ ਨੂੰ ਆਪਣੀ ਜਹਾਲਤ ਅਤੇ ਪਿਛਾਖੜੀ ਸੋਚ ਤਿਆਗਣ ਦੀ ਪ੍ਰੇਰਨਾ ਦਿੰਦੀ ਹੈ।
ਰਖਸ਼ੰਦਾ ਜਲੀਲ ਦੀ ਰਾਏ ਹੈ ਕਿ ਭਾਰਤੀ ਵਸੋਂ ਦਾ 14.5 ਫੀਸਦ ਹਿੱਸਾ ਹੋਣ ਸਦਕਾ ਮੁਸਲਮਾਨ, ਰਾਸ਼ਟਰ-ਉਸਾਰੀ ਵਿਚ ਵੱਧ ਅਹਿਮ, ਵੱਧ ਨਿੱਗਰ ਯੋਗਦਾਨ ਪਾ ਸਕਦੇ ਹਨ। ਅਜਿਹਾ ਕਰਨ ਵਾਸਤੇ ਉਨ੍ਹਾਂ ਨੂੰ ਬੇਚਾਰਗੀ ਦਾ ਅਹਿਸਾਸ ਤਿਆਗਣਾ ਹੋਵੇਗਾ ਅਤੇ ਹੁਕਮਰਾਨਾਂ ਦੀਆਂ ਮਿਹਰਬਾਨੀਆਂ ਉਤੇ ਨਿਰਭਰ ਰਹਿਣ ਦੀ ਥਾਂ ਆਪਣੀ ਸਮਰੱਥਾ, ਆਪਣੀ ਕਾਬਲੀਅਤ ਉਤੇ ਟੇਕ ਰੱਖਣ ਦੀ ਕਲਾ ਸਿੱਖਣੀ ਪਵੇਗੀ। ਉਸ ਦਾ ਇਹ ਵੀ ਯਕੀਨ ਹੈ ਕਿ ਮਜ਼ਹਬੀ ਅਕੀਦਿਆਂ ਨੂੰ ਤਿਆਗੇ ਬਿਨਾ ਆਧੁਨਿਕਤਾ ਦਾ ਪੱਲਾ ਫੜਨਾ ਭਾਰਤ ਵਿਚ ਅਜੇ ਵੀ ਬਹੁਤ ਆਸਾਨ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਇਸ ਪੱਖੋਂ ਹੋਰ ਝਿਜਕ ਨਹੀਂ ਦਿਖਾਉਣੀ ਚਾਹੀਦੀ।
ਰਖਸ਼ੰਦਾ ਅਕਾਦਮੀਸ਼ਨ, ਲੇਖਕ ਤੇ ਅਦਬੀ ਇਤਿਹਾਸਕਾਰ ਹੈ। ਉੁਹ ਉਰਦੂ ਸ਼ਾਇਰੀ ਤੇ ਵਾਰਤਕ ਦੀ ਬਿਹਤਰੀਨ ਤਰਜਮਾਕਾਰ ਵੀ ਹੈ ਅਤੇ ਵੀਹ ਤੋਂ ਵੱਧ ਕਿਤਾਬਾਂ ਲਿਖ ਚੁਕੀ ਹੈ। ਇਸ ਤੋਂ ਇਲਾਵਾ ਹਿੰਦੀ-ਉਰਦੂ ਅਦਬ ਤੇ ਤਹਿਜ਼ੀਬ ਦੀ ਮਕਬੂਲੀਅਤ ਲਈ ਸਰਗਰਮ ਸੰਸਥਾ ‘ਹਿੰਦੋਸਤਾਨੀ ਆਵਾਜ਼’ ਦੀ ਉਹ ਰੂਹੇ-ਰਵਾਂ ਵੀ ਹੈ। ਉਸ ਦੀ ਤਾਜ਼ਾਤਰੀਨ ਕਿਤਾਬ 40 ਲੇਖਾਂ ਉਤੇ ਆਧਾਰਤ ਹੈ। ਇਨ੍ਹਾਂ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਸ਼ਨਾਖਤ ਤੇ ਵਜੂਦ ਦੀ ਸਿਆਸਤ ਨਾਲ ਸਬੰਧਤ ਹੈ। ਦੂਜਾ ਹਿੰਦੋਸਤਾਨੀ ਤਹਿਜ਼ੀਬ ਦੇ ਸਰੋਤ ਬਿਆਨ ਕਰਦਾ ਹੈ। ਤੀਜਾ ਮੁਸਲਿਮ ਅਦਬ ਤੇ ਅਦੀਬਾਂ ਦੀ ਭਾਰਤੀ ਸਭਿਅਤਾ ਨੂੰ ਦੇਣ ਬਾਰੇ ਹੈ। ਚੌਥਾ ਇਸਲਾਮ ਅੰਦਰ ਮੌਜੂਦ ਬਹੁਲਤਾਵਾਦੀ ਆਯਾਮਾਂ ਦੀਆਂ ਝਲਕਾਂ ਪੇਸ਼ ਕਰਦਾ ਹੈ।
ਰਖਸ਼ੰਦਾ ਮੁਸਲਿਮ ਭਾਈਚਾਰੇ ਦੀ ਹਸਤੀ ਨੂੰ ਖਾਸ ਕਿਸਮ ਦੇ ਲਿਬਾਸ ਤੇ ਖਾਣ-ਪੀਣ ਤਕ ਹੀ ਸੀਮਤ ਕਰਨ ਦੇ ਹੱਕ ਵਿਚ ਨਹੀਂ ਪਰ ਉਹ ਇਨ੍ਹਾਂ ਪਛਾਣ-ਚਿੰਨ੍ਹਾਂ ਨੂੰ ਪੂਰੀ ਤਰ੍ਹਾਂ ਤਰਕ ਕੀਤੇ ਜਾਣ ਦੀ ਵੀ ਮੁੱਦਈ ਨਹੀਂ। ਉਹ ਸ਼ਨਾਖਤ ਤੇ ਸ਼ਾਨ ਦੇ ਸਮਤੋਲ ਦੀ ਪੈਰਵੀਕਾਰ ਹੈ। ਉਹ ਦੱਖਣੀ ਦਿੱਲੀ ਦੇ ਪੌਸ਼ ਇਲਾਕਿਆਂ ਵਿਚ ਵੀ ਮਕਾਨਾਂ-ਸਕੂਲਾਂ ਜਾਂ ਹੋਰ ਸਹੂਲਤਾਂ ਦੇ ਮਾਮਲੇ ਵਿਚ ਮੁਸਲਿਮ ਭਾਈਚਾਰੇ ਨਾਲ ਹੁੰਦੇ ਸਿੱਧੇ-ਅਸਿੱਧੇ ਵਿਤਕਰਿਆਂ ਖਿਲਾਫ ਰੋਹ ਪ੍ਰਗਟ ਕਰਦੀ ਹੈ ਪਰ ਨਾਲ ਹੀ ਆਪਣੇ ਭਾਈਚਾਰੇ ਨੂੰ ਵੀ ਹਾਸ਼ੀਏ ‘ਤੇ ਜਾਣ ਵਾਲੀ ਬਿਰਤੀ ਤੋਂ ਬਾਹਰ ਆਉਣ ਲਈ ਹਲੂਣਦੀ ਹੈ। ਉਹ ਭਾਰਤੀ ਸਾਹਿਤ ਦੀ ਅਮੀਰੀ ਵਿਚ ਉਰਦੂ ਅਦਬ ਦੇ ਬਹੁਮੁੱਲੇ ਯੋਗਦਾਨ ਦਾ ਜ਼ਿਕਰ ਫਖਰ ਨਾਲ ਕਰਦੀ ਹੈ। ਨਾਲ ਹੀ ਉਰਦੂ ਅਦਬ ਦੇ ਸੁਲ੍ਹਾਕੁਲ ਕਿਰਦਾਰ ਦੇ ਨਜ਼ਾਰੇ ਵੀ ਪੇਸ਼ ਕਰਦੀ ਹੈ। ਉਰਦੂ ਰਾਮਾਇਣਾਂ ਬਾਰੇ ਉਸ ਦਾ ਲੇਖ ਕਮਾਲ ਦਾ ਹੈ। ਇਹੀ ਕਮਾਲ ‘ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ’ ਲਿਖਣ ਵਾਲੇ ਸ਼ਾਇਰ ਹਸਰਤ ਮੋਹਾਨੀ ਦੇ ਕ੍ਰਿਸ਼ਨ-ਪ੍ਰੇਮ ਸਬੰਧੀ ਲੇਖ ਵਿਚੋਂ ਵੀ ਨਜ਼ਰ ਆਉਂਦਾ ਹੈ।
ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਦਿੱਕਤਾਂ ਤੇ ਵਿਤਕਰਿਆਂ ਅਤੇ ਇਸ ਨੂੰ ਹਾਸ਼ੀਏ ਵੱਲ ਧੱਕਣ ਦੇ ਨਿਰੰਤਰ ਯਤਨਾਂ ਦੇ ਖੁਲਾਸੇ ਪੇਸ਼ ਕਰਨ ਦੇ ਬਾਵਜੂਦ ਰਖਸ਼ੰਦਾ ਜਲੀਲ ਦੀ ਕਿਤਾਬ ਆਸ਼ਾਵਾਦ ਦਾ ਪੱਲਾ ਨਹੀਂ ਛੱਡਦੀ। ਇਹੋ ਤੱਤ ਇਸ ਕਿਤਾਬ ਨੂੰ ਰੂਹ-ਅਫਜ਼ਾਈ ਬਖਸ਼ਦਾ ਹੈ। ਉਰਦੂ ਦੇ ਭਵਿਖ ਬਾਰੇ ਉਸ ਦਾ ਇਕ ਖੂਬਸੂਰਤ ਫਿਕਰਾ ਇਸੇ ਸੋਚ ਦੀ ਤਰਜਮਾਨੀ ਕਰਦਾ ਹੈ, “ਦੁਸ਼ਵਾਰੀਆਂ ਦੇ ਬਾਵਜੂਦ ਉਰਦੂ ਨਾ ਸਿਰਫ ਜ਼ਿੰਦਾ ਰਹੀ ਹੈ ਸਗੋਂ ਵਕਤ ਦੀ ਹਮਰਾਹ ਵੀ ਸਾਬਤ ਹੋਈ ਹੈ। ਇਸੇ ਲਈ ਇਹ ਅੱਜ ਵੀ ਹਿੰਦੋਸਤਾਨ ਦੇ ਜਿਸਮ ਤੇ ਰੂਹ ਦੀ ਜ਼ੁਬਾਨ ਹੈ।” ਕਿਤਾਬ ਸੱਚਮੁੱਚ ਪੜ੍ਹਨਯੋਗ ਹੈ।
______________________________
‘ਬੱਟ ਯੂ ਡੋਂਟ ਲੁੱਕ ਲਾਈਕ ਏ ਮੁਸਲਿਮ’ ਦਾ ਇਕ ਕਾਂਡ

ਰਾਮ-ਏ-ਹਿੰਦ ਦੀ ਦਾਸਤਾਨ

ਰਖਸ਼ੰਦਾ ਜਲੀਲ

ਮੇਰੀ ਅੰਮੀ ਨੂੰ ਅਜੇ ਵੀ ਲਖਨਊ ਵਿਚ ਰਾਮ ਲੀਲ੍ਹਾ ਦੀਆਂ ਉਹ ਝਾਕੀਆਂ ਯਾਦ ਹਨ, ਜਿਨ੍ਹਾਂ ਵਿਚ ਅਦਾਕਾਰ ਖੂਬਸੂਰਤ ਹਿੰਦੋਸਤਾਨੀ ਬੋਲਦਿਆਂ ਵਿਚ-ਵਿਚ ਉਰਦੂ ਦੇ ਸ਼ਿਅਰ ਵੀ ਪੇਸ਼ ਕਰਦੇ ਸਨ। ਜਦੋਂ ਮੇਰਾ ਬਾਲਪਣ ਆਇਆ, ਉਦੋਂ ਤਕ ਉਰਦੂ, ਮੁਸਲਮਾਨ ਬਣ ਗਈ ਅਤੇ ਹਿੰਦੀ ਹਿੰਦੂ। ਇਸ ਜੰਗ ਵਿਚ ਹਲਾਕਤ ਹਿੰਦੋਸਤਾਨੀ ਦੀ ਹੋ ਗਈ। ਰਾਮ ਲੀਲ੍ਹਾ ਵਿਚੋਂ ਸੈਕੂਲਰ ਤੱਤ ਹਾਸ਼ੀਏ ‘ਤੇ ਧੱਕ ਦਿੱਤੇ ਗਏ। ਇਹ ਭਾਵੇਂ ਮੁਹੱਲੇ ਤੇ ਗੁਆਂਢ ਦੇ ਇਲਾਕਿਆਂ ਦਾ ਸਰਬ-ਸਾਂਝਾ ਜਸ਼ਨ ਅਜੇ ਵੀ ਬਣੀ ਰਹੀ, ਫਿਰ ਵੀ ਇਸ ਦਾ ਕਿਰਦਾਰ ਧਾਰਮਿਕ ਉਤਸਵ ਵਾਲਾ ਵੱਧ ਬਣ ਗਿਆ।
ਫਿਰ ਜਦੋਂ ਮੈਂ ਆਪਣੇ ਬੱਚਿਆਂ ਨੂੰ ਰਾਮ ਲੀਲ੍ਹਾ ਪੰਡਾਲਾਂ ਵਿਚ ਲਿਜਾਣਾ ਸ਼ੁਰੂ ਕੀਤਾ, ਉਦੋਂ ਤਕ ਇਸ ਉਤੇ ਬੌਲੀਵੁੱਡ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਸੀ। ਵਿਸ਼ਾ-ਵਸਤੂ ਦੀ ਸਾਦਗੀ ਦੀ ਥਾਂ ਚਕਾਚੌਂਧ ਅਤੇ ਫਿਲਮਨੁਮਾ ਨਜ਼ਾਰਿਆਂ ਨੇ ਲੈ ਲਈ ਤੇ ਸੰਵਾਦ ਜਾਂ ਤਾਂ ਕੰਨ-ਪਾੜਵੇਂ ਸੰਗੀਤ ਵਿਚ ਸੁਣਾਈ ਹੀ ਨਹੀਂ ਸਨ ਦਿੰਦੇ, ਅਤੇ ਜੇ ਸੁਣਾਈ ਦਿੰਦੇ ਸਨ ਤਾਂ ਮਾੜੀਆਂ ਹਿੰਦੀ ਫਿਲਮਾਂ ਤੋਂ ਪ੍ਰੇਰਿਤ ਜਾਪਦੇ ਸਨ। ਪੁਰਾਣੇ ਪਾਰਸੀ ਥੀਏਟਰ ਵਾਲੇ ਪ੍ਰਭਾਵ, ਲਹਿਰੀਏਦਾਰ ਹਿੰਦੋਸਤਾਨੀ ਡਾਇਲਾਗ, ਉਰਦੂ ਸ਼ਾਇਰੀ ਦੀ ਸ਼ਾਨੋ ਸ਼ੌਕਤ, ਇਹ ਸਾਰੇ ਤੱਤ ਅਜੋਕੀ ਰਾਮ ਲੀਲ੍ਹਾ ਵਿਚੋਂ ਗਾਇਬ ਹੋ ਗਏ।
ਜਦੋਂ ਵੀ ਦੁਸਹਿਰਾ ਆਉਂਦਾ ਹੈ ਤਾਂ ਮੈਨੂੰ ਉਰਦੂ ਰਾਮਾਇਣ ਦੇ ਉਹ ਹਵਾਲੇ ਯਾਦ ਆਉਣੇ ਸ਼ੁਰੂ ਹੋ ਜਾਂਦੇ ਹਨ, ਜੋ ਮੈਂ ਬਚਪਨ ਵਿਚ ਸੁਣੇ ਸਨ। ਖਾਸ ਤੌਰ ‘ਤੇ ਬ੍ਰਿਜ ਨਾਰਾਇਣ ਚਕਬਸਤ ਦੀ ਰਚੀ ਰਾਮਾਇਣ ਦੇ ਹਵਾਲੇ, ਜੋ ਮੇਰੇ ਵਡੇਰੇ ਪਰਿਵਾਰ ਦੇ ਵਡੇਰੇ ਜੀਆਂ ਨੂੰ ਜ਼ੁਬਾਨੀ ਯਾਦ ਸਨ। ਮੈਨੂੰ ਯਾਦ ਹੈ, ਮੇਰੇ ਦਾਦਾ ਜਾਨ, ਭਗਵਾਨ ਰਾਮ ਦੇ ਬਨਵਾਸ ਲਈ ਜਾਣ ਸਮੇਂ ਰਾਜਾ ਦਸ਼ਰਥ ਤੋਂ ਰੁਖਸਤ ਲੈਣ ਦੇ ਦ੍ਰਿਸ਼ ਨੂੰ ਸੋਜ਼-ਭਰੀ ਆਵਾਜ਼ ਵਿਚ ਇਉਂ ਸੁਣਾਇਆ ਕਰਦੇ ਸਨ:
ਰੁਖਸਤ ਹੁਆ ਵੋਹ ਬਾਪ ਸੇ ਲੇਕਰ ਖੁਦਾ ਕਾ ਨਾਮ,
ਰਾਹ-ਏ-ਵਫਾ ਕੀ ਮੰਜ਼ਿਲ-ਏਂ, ਅੱਵਲ ਹੂਈ ਤਮਾਮ।
ਪੁੱਤਰ ਦੇ ਬਨਵਾਸ ‘ਤੇ ਜਾਣ ਵੇਲੇ ਮਾਤਾ ਕੌਸ਼ਲਿਆ ਦੇ ਸੀਨੇ ਵਿਚੋਂ ਨਿਕਲੀ ਹੂਕ ਨੂੰ ਜਿਸ ਜ਼ੁਬਾਨ ਵਿਚ ਉਤਾਰਿਆ ਜਾ ਸਕਦਾ ਸੀ, ਉਹ ਸਿਰਫ ਹਿੰਦੋਸਤਾਨ ਦੇ ਹਿਰਦੇ ਵਿਚੋਂ ਨਿਕਲੀ ਜ਼ੁਬਾਨ ਹੀ ਹੋ ਸਕਦੀ ਸੀ:
ਕਿਸ ਤਰਹਾ ਬਨ ਮੇਂ ਆਂਖੋਂ ਕੇ ਤਾਰੇ ਕੋ ਭੇਜ ਦੂੰ
ਜੋਗੀ ਬਨਾ ਕੇ ਰਾਜ-ਦੁਲਾਰੇ ਕੋ ਭੇਜ ਦੂੰ…।
ਉਰਦੂ ਵਿਚ ਰਾਮਾਇਣ ਦੀਆਂ ਕਿਤਾਬਾਂ ਜਾਂ ਪੋਥੀਆਂ ਪਿਛਲੀਆਂ ਕੁਝ ਸਦੀਆਂ ਤੋਂ ਸਾਡੇ ਸਾਹਮਣੇ ਆਉਂਦੀਆਂ ਰਹੀਆਂ ਹਨ। ਇਹ ਕਿਤਾਬਾਂ ਕਾਵਿ ਦੇ ਰੂਪ ਵਿਚ ਵੀ ਹਨ ਅਤੇ ਵਾਰਤਕ ਦੇ ਰੂਪ ਵਿਚ ਵੀ। ਰਾਮਾਇਣ ਦੇ ਵੱਖ ਵੱਖ ਰੂਪਾਂ ਦੇ ਉਰਦੂ ਰੂਪਾਂਤਰਣ ਤੇ ਲਿਪੀਅੰਤਰਣ ਵੀ ਸਮੇਂ-ਸਮੇਂ ਛਪਦੇ ਆਏ ਹਨ। ਮਰਹੂਮ ਅਲੀ ਜਾਵਾਦ ਜ਼ੈਦੀ ਵੱਲੋਂ ਕੀਤੇ ਗਏ ਵਿਆਪਕ ਅਧਿਐਨ ਅਨੁਸਾਰ ਉਰਦੂ ਵਿਚ ‘ਰਾਮ ਕਥਨ’ ਨਾਲ ਸਬੰਧਿਤ 300 ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਇਨ੍ਹਾਂ ਵਿਚ ਬਹੁਤ ਸਾਰੀਆਂ ਸਿਰਫ ਅਵਧ ਖਿੱਤੇ ‘ਚ ਹੀ ਵਜੂਦ ਵਿਚ ਆਈਆਂ। ਇਨ੍ਹਾਂ ਵਿਚ ਕਈਆਂ ਦੀ ਸ਼ੈਲੀ ਮਰਸੀਆ-ਗੋਈ ਵਾਲੀ ਸੀ, ਜਿਸ ਨੂੰ ਅਨੀਸ ਤੇ ਦਾਬੀਰ ਨੇ ਮਕਬੂਲ ਬਣਾਇਆ। ਰਾਮਾਇਣ ਨੂੰ ਉਰਦੂ ਕਿਤਾਬ ਦੇ ਰੂਪ ਵਿਚ ਪਹਿਲੀ ਵਾਰ 1860 ਵਿਚ ਨਵਲ ਕਿਸ਼ੋਰ ਪ੍ਰੈਸ ਨੇ ਛਾਪਿਆ। ਇਹ ਤਰਜਮਾ ਮੁਨਸ਼ੀ ਜਗਨ ਨਾਥ ਖੁਸ਼ਤਰ ਨੇ ਕੀਤਾ ਸੀ। ‘ਬਿਸਮਿੱਲ੍ਹਾ ਇਰ ਰਹਿਮਾਨ ਇਰ ਰਹੀਮ’ ਨਾਲ ਅਰੰਭ ਹੁੰਦੀ ਇਹ ਜਿਲਦ, ਜੋ ਬਾਅਦ ਵਿਚ ‘ਖੁਸ਼ਤਰ ਰਾਮਾਇਣ’ ਦੇ ਨਾਮ ਨਾਲ ਮਸ਼ਹੂਰ ਹੋਈ, ਰਾਮ ਕਥਾ ਨੂੰ ਸਲੀਕੇਦਾਰ ਸ਼ੈਲੀ ਵਿਚ ‘ਆਂਖੋਂ ਦੇਖਾ ਹਾਲ’ ਦੇ ਰੂਪ ਵਿਚ ਬਿਆਨ ਕਰਦੀ ਹੈ।
‘ਖੁਸ਼ਤਰ ਰਾਮਾਇਣ’ ਤੋਂ ਬਾਅਦ ਜੋਗੇਸ਼ਵਰ ਨਾਥ ਬੇਤਾਬ ਬਰੇਲਵੀ ਦੀ ਲਿਖੀ ਉਰਦੂ ਰਾਮਾਇਣ ‘ਅਮਰ ਕਹਾਨੀ’ ਦੇ ਸਿਰਲੇਖ ਹੇਠ ਛਪੀ। ਇਸ ਤੋਂ ਬਾਅਦ ਦਰਜਨਾਂ ਹੋਰ ਰਾਮਾਇਣਾਂ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਦੇ ਨਾਮ ਲੇਖਕ ਦੇ ਨਾਮ ਜਾਂ ਤਖੱਲਸ ਵਾਲੇ ਰਹੇ ਜਿਵੇਂ ‘ਉਲਫਤ ਕੀ ਰਾਮਾਇਣ’ ਜਾਂ ‘ਰਹਿਮਤ ਕੀ ਰਾਮਾਇਣ’। ਬੇਤਾਬ ਬਰੇਲਵੀ ਵਾਲੀ ਰਾਮਾਇਣ ‘ਤੇ ਗੰਗਾ-ਜਮੁਨਾ ਪੱਟੀ ਵਾਲਾ ਭਾਸ਼ਾਈ ਰੰਗ ਭਾਰੂ ਸੀ, ਜਿਸ ਦੀ ਮਿਸਾਲ ‘ਸ਼ਕਤੀ ਬਾਣ’ ਦੇ ਬਿਰਤਾਂਤ ਦੇ ਰੂਪ ਵਿਚ ਪੇਸ਼ ਹੈ:
ਰਹਿ ਰਹਿ ਕੇ ਦੇ ਰਹੇ ਥੇ ਦੁਹਾਈ ਹਜ਼ੂਰ ਕੀ,
ਖਮ ਹੋ ਗਈ ਥੀ ਜੰਗ ਮੇਂ ਗਰਦਨ ਗਰੂਰ ਕੀ।
ਇਸੇ ਤਰ੍ਹਾਂ ਇਕ ਹੋਰ ਲੇਖਕ ਹਕੀਮ ਵਾਇਸਰਾਏ ਵਾਹਮੀ, ਜਿਸ ਦਾ ਨਾਮ ਹੀ ਆਪਣੇ ਆਪ ਵਿਚ ਬੇਮਿਸਾਲ ਹੈ, ਲਿਖਦਾ ਹੈ:
ਰਾਮ ਨੇ ਸੁਗ੍ਰੀਵ ਕੋ ਆਗੇ ਬੈਠਾ ਕਰ ਯੂੰ ਕਹਾ,
ਭਰਤ ਸੇ ਬੜ੍ਹ ਕਰ ਤੁਮਹੇ ਮੈਂ ਚਾਹਤਾ ਹੂੰ ਭਾਈ ਜਾਨ।
ਇਸੇ ਤਰ੍ਹਾਂ 1914 ਵਿਚ ਸ਼ਾਇਰ ਉਫੁਕ ਵਲੋਂ ਪ੍ਰਕਾਸ਼ਿਤ ‘ਯਕ-ਕਾਫੀਆ ਰਾਮਾਇਣ’ ਨਿਵੇਕਲੀ ਰਚਨਾ ਸੀ, ਜਿਸ ਦਾ ਹਰ ਕਾਫੀਆ, ਹਰ ਬੰਦ ‘ਨੂਨ’ (ਨ) ਨਾਲ ਮੁੱਕਦਾ ਹੈ। ਇਕ ਮਿਸਾਲ ਪੇਸ਼ ਹੈ:
ਜਬ ਖੁਮਾਰ ਅਲੂਦਾ ਦੇਖੀ ਚਸ਼ਮ-ਏ-ਮਿਹਵ-ਏ-ਆਸਮਾਨ,
ਰਾਮ ਨੇ ਭੇਜੀ ਬਰਾਇ ਜੰਗ ਫੌਜ-ਏ-ਜਾਨਿਸਤਾਨ।
ਉਫੁਕ ਨੇ ਹੀ ਉਰਦੂ ਵਿਚ ਲੰਮਾ ਨਾਟਕ ‘ਰਾਮ ਨਾਟਕ’ ਲਿਖਿਆ ਜਿਸ ਵਿਚ ਸਟੇਜ ਉਤੇ ਦਿੱਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਹਦਾਇਤਾਂ ਵੀ ਦਰਜ ਹਨ। ਇਸ ਨਾਟਕ ਦਾ ਕਾਵਿਮਈ ਸੰਵਾਦ ਹੈ:
ਅਜੋਧਾ ਕੋ ਮਾਤਮ-ਸਰਾ ਕਰ ਦੀਆ,
ਭਾਰਤ ਕੋ ਕਦਮ ਸੇ ਜੁਦਾ ਕਰ ਦੀਆ।
ਭਗਵਾਨ ਕ੍ਰਿਸ਼ਨ ਦੀ ਕ੍ਰਿਸ਼ਮਈ ਹਸਤੀ ਜਾਂ ਰਾਮਾਇਣ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਬਹੁਤ ਸਾਰੀਆਂ ਰਚਨਾਵਾਂ ਉਰਦੂ ਵਿਚ ਮੌਜੂਦ ਹਨ। ਇਨ੍ਹਾਂ ਵਿਚ ਅੱਲਾਮਾ ਇਕਬਾਲ ਦੀ ਲੰਬੀ ਨਜ਼ਮ ‘ਰਾਮ’ ਸ਼ਾਮਲ ਹੈ, ਜਿਸ ਦਾ ਅਹਿਮ ਬੰਦ ਹੈ:
ਲਬਰੇਜ਼ ਹੈ ਸ਼ਰਾਬ-ਏ-ਹਕੀਕਤ ਸੇ ਜਾਮ-ਏ-ਹਿੰਦ
ਸਭ ਫਲਸਫੀ ਹੈਂ ਖਿੱਤਾ-ਏ-ਮਗਰਿਬ ਕੇ ਰਾਮ-ਏ-ਹਿੰਦ…
ਹੈ ਰਾਮ ਕੇ ਵੁਜੂਦ ਪੇ ਹਿੰਦੋਸਤਾਂ ਕੋ ਨਾਜ਼
ਅਹਿਲ-ਏ-ਨਜ਼ਰ ਸਮਝਤੇ ਹੈਂ ਇਸ ਕੋ ਇਮਾਮ-ਏ-ਹਿੰਦ…।
ਇਸੇ ਤਰ੍ਹਾਂ ਦੇ ਹੀ ਖਿਆਲ ਪੇਸ਼ ਕਰਦੇ ਹਨ ਸਾਗਰ ਨਿਜ਼ਾਮੀ ਦੇ ਚੰਦ ਸ਼ਿਅਰ:
ਜਿਸ ਕਾ ਦਿਲ ਥਾ ਏਕ ਸ਼ਮਾ-ਏ ਤਾਕ-ਏ ਐਵਾਨ-ਏ ਹਯਾਤ
ਰੂਹ ਜਿਸ ਕੀ ਆਫਤਾਬ-ਏ ਸੁਬਹਾ-ਏ ਇਰਫਾਨ-ਏ ਹਯਾਤ…
ਜ਼ਿੰਦਗੀ ਕੀ ਰੂਹ ਥਾ, ਰੂਹਾਨੀਅਤ ਕੀ ਸ਼ਾਨ ਥਾ
ਵੋਹ ਮੁਜੱਸਿਮ ਰੂਪ ਮੇਂ ਇਨਸਾਨ ਕੇ ਇਰਫਾਨ ਥਾ…।
ਹੁਣ ਜਦੋਂ ਉਰਦੂ ‘ਮੁਸਲਿਮ’ ਜ਼ੁਬਾਨ ਦੇ ਠੱਪੇ ਤੋਂ ਮੁਕਤ ਹੋ ਰਹੀ ਹੈ ਅਤੇ ਲੋਕਾਂ ਦੀ ਜ਼ੁਬਾਨ ਵਾਲਾ ਰੁਤਬਾ ਹਾਸਲ ਕਰਨ ਵੱਲ ਮੁੜ ਕਦਮ ਪੁੱਟ ਰਹੀ ਹੈ ਤਾਂ ਜਾਪਦਾ ਹੈ ਕਿ ਮਨਜ਼ੂਮ ਰਾਮਾਇਣਾਂ ਅਤੇ ਉਫੁਕ ਦੇ ‘ਰਾਮ ਨਾਟਕ’ ਦੀ ਪੇਸ਼ਕਾਰੀ ਵੱਲ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਹ ਰਚਨਾਵਾਂ ਮੁਸਲਿਮ ਤੇ ਗੈਰ-ਮੁਸਲਿਮ ਰਚਨਾਕਾਰਾਂ ਵਲੋਂ ਉਸ ਜ਼ਮਾਨੇ ਵਿਚ ਰਚੀਆਂ ਗਈਆਂ ਸਨ, ਜਦੋਂ ਸਰਬ-ਧਰਮ ਸਦਭਾਵ ਤੇ ਬਹੁਲਵਾਦ, ਕਦੇ-ਕਦਾਈਂ ਵਾਪਰਨ ਵਾਲਾ ਵਰਤਾਰਾ ਨਾ ਹੋ ਕੇ ਜ਼ਿੰਦਗੀ ਦੇ ਨੇਮ ਸਨ। ਇਨ੍ਹਾਂ ਨੂੰ ਮਹਿਜ਼ ਫਿਰਕੇਦਾਰਾਨਾ ਰਵਾਦਾਰੀ ਤੇ ਸਦਭਾਵ ਦੇ ਨਾਂ ‘ਤੇ ਹੀ ਸੁਰਜੀਤ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਇਨ੍ਹਾਂ ਦੀ ਕਾਵਿਕ ਮਹੱਤਤਾ ਤੇ ਲੱਜ਼ਤ ਦਾ ਵੀ ਪੂਰਾ ਮੁੱਲ ਪੈਣਾ ਚਾਹੀਦਾ ਹੈ।