ਪਰਸੂ, ਪਰਸਾ, ਪਰਸ ਰਾਮ

ਵਾਸਦੇਵ ਸਿੰਘ ਪਰਹਾਰ
ਫੋਨ : 206-434-1155
‘ਪਰਸੂ ਪਰਸਾ ਪਰਸ ਰਾਮ, ਇਸ ਮਾਇਆ ਕੇ ਤੀਨ ਨਾਮ’ ਵਰਗਾ ਅਖਾਣ ਪ੍ਰਾਚੀਨ ਸਮੇਂ ਤੋਂ ਐਵੇਂ ਹੀ ਪ੍ਰਚਲਿਤ ਨਹੀਂ ਹੋਇਆ। ਅੱਜ ਕੱਲ੍ਹ ਦੇ ਜ਼ਮਾਨੇ ਵਿਚ ਜਦੋਂ ਬਹੁਤ ਸਾਰੇ ਲੋਕ ਰਾਤੋ-ਰਾਤ ਦਮੜੀ ਮੱਲ ਤੋਂ ਕਰੋੜੀ ਮੱਲ ਬਣ ਗਏ ਹਨ ਤਾਂ ਇਸ ਅਖਾਣ ਵਿਚ ਛੁਪੀ ਸੱਚਾਈ ਬਾਰੇ ਬਹੁਤੀ ਵਿਆਖਿਆ ਦੀ ਲੋੜ ਨਹੀਂ ਰਹਿੰਦੀ। ਬੰਦਾ ਜਦੋਂ ਗਰੀਬ ਸੀ ਤਾਂ ਲੋਕੀਂ ਉਸ ਨੂੰ ਪਰਸੂ ਆਖ ਕੇ ਬੁਲਾਉਂਦੇ, ਜਦੋਂ ਉਸ ਕੋਲ ਜ਼ਰਾ ਕੁ ਧਨ ਆਇਆ ਤਾਂ ਲੋਕੀਂ ਉਸ ਨੂੰ ਪਰਸਾ ਆਖਣ ਲੱਗ ਪਏ, ਪਰ ਜਦੋਂ ਉਸ ਕੋਲ ਬਹੁਤ ਧਨ ਹੋ ਗਿਆ ਤਾਂ ਲੋਕੀਂ ਉਸ ਨੂੰ ਪਰਸ ਰਾਮ ਆਖ ਕੇ ਸਲਾਮਾਂ ਕਰਨ ਲੱਗ ਪਏ। ਬੰਦਾ ਤਾਂ ਉਹੀ ਹੈ, ਪਰ ਇਹ ਧਨ ਦੀ ਕਰਾਮਾਤ ਹੈ, ਜੋ ਬੰਦੇ ਦਾ ਸਮਾਜ ਵਿਚ ਰੁਤਬਾ ਤੈਅ ਕਰਦੀ ਹੈ।

ਜਾਵੇਦ ਅਖਤਰ, ਜਿਸ ਨੇ ਮਸ਼ਹੂਰ ਫਿਲਮ ‘ਸ਼ੋਅਲੇ’ ਦੇ ਡਾਇਲਾਗ ਲਿਖ ਕੇ ਪ੍ਰਸਿਧੀ ਹਾਸਲ ਕੀਤੀ, ਦਾ ਕਹਿਣਾ ਹੈ:
ਜਹਾਂ ਲਿਬਾਸ ਕੀ ਕੀਮਤ ਹੈ, ਆਦਮੀ ਕੀ ਨਹੀਂ।
ਮੁਝੇ ਗਲਾਸ ਬੜਾ ਦੇ, ਜਾਮ ਕਮ ਦੇ।
ਇਸ ਸੰਸਾਰ ਵਿਚ ਧਨੀਆਂ ਦੇ ਵੈਰੀ ਵੀ ਉਨ੍ਹਾਂ ਨਾਲ ਸਾਕ-ਸਬੰਧੀਆਂ ਵਾਂਗ ਵਰਤਦੇ ਹਨ, ਪਰ ਗਰੀਬਾਂ ਦੇ ਸਾਕ-ਸਬੰਧੀ ਵੀ ਉਨ੍ਹਾਂ ਨਾਲ ਭੈੜੀ ਤਰ੍ਹਾਂ ਵਰਤਦੇ ਹਨ। ਇਹ ਧਨ ਦੀ ਹੀ ਕਰਾਮਾਤ ਹੈ ਕਿ ਅਪੂਜ ਪੂਜ ਹੋ ਜਾਂਦੇ ਹਨ ਅਤੇ ਅਪਹੁੰਚ ਪਹੁੰਚ ਹੋ ਜਾਂਦਾ ਹੈ, ਨਖਿਧ ਵੀ ਸਤਿਕਾਰਿਆ ਜਾਣ ਲਗਦਾ ਹੈ; ਜਿਵੇਂ ਰੋਟੀ ਖਾਣ ਨਾਲ ਸਾਰੀਆਂ ਇੰਦਰੀਆਂ ਆਪੋ-ਆਪਣੇ ਕੰਮ ਵਿਚ ਰੁਝ ਜਾਂਦੀਆਂ ਹਨ, ਤਿਵੇਂ ਹੀ ਧਨ ਨਾਲ ਸਾਰੇ ਕੰਮ ਆਪਣੇ ਆਪ ਸਿਧ ਹੋ ਜਾਂਦੇ ਹਨ। ਧਨੀ ਬੁੱਢਾ ਵੀ ਜਵਾਨ ਹੈ ਅਤੇ ਗਰੀਬ ਜਵਾਨ ਵੀ ਬੁੱਢਾ ਹੈ।
ਅਮਰੀਕਾ ਵਾਲੇ ਧਨ ਨੂੰ ਅਲਾਦੀਨ ਦਾ ਚਿਰਾਗ ਕਹਿੰਦੇ ਹਨ। ਜਿਸ ਪਾਸ ਧਨ ਹੋਵੇ, ਜੇ ਉਹ ਅਜਨਬੀ ਲੋਕਾਂ ਪਾਸ ਜਾਵੇ ਤਾਂ ਉਸ ਦੀ ਬੋਲਚਾਲ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨਾ ਕੁ ਧਨੀ ਹੈ। ਇਸ ਬਾਰੇ ਭਾਈ ਗੁਰਦਾਸ ਜੀ ਨੇ ਇਕ ਵਾਰ ਵਿਚ ਬੜਾ ਢੁਕਵਾਂ ਲਿਖਿਆ ਹੈ:
ਪੁੱਤ ਜਣੈ ਵੜ ਕੋਠੜੀ ਬਾਹਰ ਜੱਗ ਜਾਣੈ
ਧਨ ਧਰਤੀ ਵਿਚ ਦਬੀਐ ਮਸਤਕ ਪਰਵਾਣੈ
ਗੋਰਖ ਦੇ ਗਲ ਗੋਦੜੀ ਜੱਗ ਨਾਥ ਵਖਾਣੈ।
ਕਿਸੇ ਦੇ ਘਰ ਪੁੱਤਰ ਹੋਵੇ ਤਾਂ ਉਹ ਲੁਕਾ ਕੇ ਰੱਖਣਾ ਚਾਹੇ ਤਾਂ ਇਹ ਲੁਕਦਾ ਨਹੀਂ। ਉਸ ਘਰ ਤੋਂ ਬਾਹਰ ਆਉਣ ਦੇ ਚਿਹਰਿਆਂ ਦੇ ਹਾਵ-ਭਾਵ ਤੋਂ ਪ੍ਰਤੱਖ ਹੋ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਪਾਸ ਧਨ ਹੋਵੇ ਅਤੇ ਉਸ ਨੇ ਧਰਤੀ ਵਿਚ ਦੱਬ ਰੱਖਿਆ ਹੋਵੇ, ਉਹ ਭਾਵੇਂ ਫਟੇ-ਪੁਰਾਣੇ ਕਪੜਿਆਂ ਵਿਚ ਹੋਵੇ, ਉਸ ਦੇ ਮੱਥੇ ਦੀ ਚਮਕ ਤੋਂ ਸਾਧਾਰਨ ਤੌਰ ‘ਤੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕੋਈ ਛੁਪਿਆ ਰੁਸਤਮ ਹੈ।
ਗੋਰਖ ਨਾਥ ਕਿਹੜੇ ਰੇਸ਼ਮੀ ਕੱਪੜੇ ਜਾਂ ਸੋਨੇ ਦੇ ਗਹਿਣੇ ਪਾਉਂਦੇ ਸਨ? ਪਰ ਲੋਕ ਉਨ੍ਹਾਂ ਦੀ ਗੋਦੜੀ (ਫਕੀਰਾਂ ਦਾ ਲਿਬਾਸ) ਦੀ ਥਾਂ ਉਨ੍ਹਾਂ ਦੇ ਗੁਣਾਂ ਤੋਂ ਜਾਣੂ ਸਨ ਅਤੇ ਉਨ੍ਹਾਂ ਦਾ ਪੂਰਨ ਸਤਿਕਾਰ ਸੀ।
ਮਾਇਆ ਬਾਰੇ ਭਗਤ ਕਬੀਰ ਜੀ ਦੀ ਬਾਣੀ ਹੈ,
ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ॥
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ॥ (ਪੰਨਾ 476)
ਮਾਇਆ ਦਾ ਆਪਣਾ ਨੱਕ ਹੁੰਦਾ ਹੀ ਨਹੀਂ, ਭਾਵ ਨੱਕ ਕਟੀ ਹੈ। ਕੰਨ ਵੀ ਕਦੇ ਹੋਲੇ ਹਨ। ਮਾਇਆਧਾਰੀ ਅੰਨੇ ਬੋਲੇ ਦੀ ਤਰ੍ਹਾਂ। ਮਾਇਆਧਾਰੀ ਇਹ ਪਰਵਾਹ ਨਹੀਂ ਕਰਦਾ ਕਿ ਮਾਇਆ ਉਸ ਪਾਸ ਨਾਜਾਇਜ਼ ਧੰਦਿਆਂ ਰਾਹੀਂ ਆ ਰਹੀ ਹੈ, ਲੋਕ ਉਸ ਬਾਰੇ ਕੀ ਕਹਿੰਦੇ ਹਨ।
ਵੈਦਿਕ ਕਾਲ ਜਾਂ ਮੱਧ ਕਾਲ ਦੀ ਗੱਲ ਛੱਡੋ। ਅੱਜ ਕੱਲ੍ਹ ਵੀ ਜੋ ਹੋ ਰਿਹਾ ਹੈ, ਗਰੀਬ ਦੇ ਦੋਸਤ-ਮਿੱਤਰ ਵੀ ਉਸ ਦੇ ਆਏ ਦਾ ਮੱਥੇ ਵੱਟ ਪਾ ਕੇ ਹੀ ਸਵਾਗਤ ਕਰਦੇ ਹਨ। ਇਸ ਬਾਰੇ ਭਗਤ ਕਬੀਰ ਜੀ ਦਾ ਕਥਨ ਹੈ,
ਜਉ ਨਿਰਧਨੁ ਸਰਧਨ ਕੈ ਜਾਇ॥
ਆਗੈ ਬਿਠਾ ਪੀਠਿ ਫਿਰਾਏ॥
ਜਉ ਸਰਧਨੁ ਨਿਰਧਨ ਕੈ ਜਾਇ॥
ਦੀਆ ਆਦਰੁ ਲੀਆ ਬੁਲਾਇ॥
ਨਿਰਧਨੁ ਸਰਧਨੁ ਦੋਨਉ ਭਾਈ॥
ਪ੍ਰਭ ਕੀ ਕਲਾ ਨ ਮੇਟੀ ਜਾਈ॥
ਨਿਰਧਨ ਵਿਚ ਕਿੰਨੇ ਹੀ ਗੁਣ ਹੋਣ, ਉਨ੍ਹਾਂ ਦੀ ਕੋਈ ਕੀਮਤ ਨਹੀਂ। ਉਹ ਪਰਲੇ ਦਰਜੇ ਦਾ ਇਮਾਨਦਾਰ ਹੋਵੇ, ਚਾਲ-ਚਲਨ ਦਾ ਸੱਚਾ ਸੁੱਚਾ ਹੋਵੇ, ਕਿਸੇ ਨੂੰ ਉਸ ਦੀ ਕਦਰ ਨਹੀਂ। ਲੋਕ ਸੇਵਾ ਵਿਚ ਵੱਧ ਤੋਂ ਵੱਧ ਸਮਾਂ ਲਾਉਂਦਾ ਹੋਵੇ ਤਾਂ ਵੀ ਉਸ ਦਾ ਕੋਈ ਮਾਣ ਨਹੀਂ ਕਰਦਾ। ਸਮੁੰਦਰ ਦਾ ਪਾਣੀ ਪੀਣ ਯੋਗ ਨਹੀਂ, ਫਿਰ ਵੀ ਲੋਕ ਸਮੁੰਦਰ ਨੂੰ ਵੱਡਾ ਕਹਿੰਦੇ ਹਨ। ਇਵੇਂ ਹੀ ਕੰਜੂਸ ਸਰਮਾਏਦਾਰ, ਜੋ ਕਿਸੇ ਦੀ ਵੱਢੀ ਉਂਗਲੀ ‘ਤੇ ਵੀ ਧਾਰ ਨਾ ਮਾਰੇ ਭਾਵ ਮੂਤੇ ਨਾ, ਫਿਰ ਵੀ ਉਹ ਵੱਡਾ ਸਮਝਿਆ ਜਾਂਦਾ ਹੈ। ਲੋਕ ਕੁਲੀਨ ਅਤੇ ਸਿਆਣੇ ਮਨੁੱਖ ਦੀ ਥਾਂ ਅਕੁਲੀਨ, ਮੂਰਖ ਅਤੇ ਭੈੜੇ ਧਨੀ ਨੂੰ ਕਲਪ ਬ੍ਰਿਛ ਵਾਂਗ ਪੂਜਦੇ ਹਨ। ਇਸ ਸੰਸਾਰ ਵਿਚ ਸੂਰਬੀਰ, ਰੂਪਨਾਕ, ਭਗਵਾਨ ਅਤੇ ਨਿਪੁੰਨ ਵਕਤਾ, ਸ਼ਾਸਤਰ ਅਤੇ ਸ਼ਸਤਰ ਨੂੰ ਸਿੱਖ ਸਕਦਾ ਹੈ, ਪਰ ਧਨ ਤੋਂ ਬਿਨਾ ਸੋਭਾ ਤੇ ਮਾਣ ਪ੍ਰਾਪਤ ਨਹੀਂ ਕਰ ਸਕਦਾ।
ਕਹਿੰਦੇ ਹਨ, ਲੱਛਮੀ ਬਹੁਤ ਚੰਚਲ ਹੈ। ਬਾਂਸ ‘ਤੇ ਚੜ੍ਹਨ ਵਾਂਗ ਇਸ ਦੀ ਪ੍ਰਾਪਤੀ ਬੜੀ ਕਠਿਨ ਹੈ। ਜਿੰਨੀ ਵੀ ਕੋਈ ਲੱਛਮੀ ਦੀ ਪ੍ਰਾਪਤ ਕਰਦਾ ਹੈ, ਓਨੀ ਹੀ ਹੋਰ ਪ੍ਰਾਪਤ ਕਰਨ ਦੀ ਇੱਛਾ ਵਧਦੀ ਜਾਂਦੀ ਹੈ। ਸੋ, ਸੌ ਦਾ ਧਨੀ ਹਜ਼ਾਰ ਦੀ, ਹਜ਼ਾਰ ਵਾਲਾ ਲੱਖ ਦੀ, ਲੱਖ ਵਾਲਾ ਕਰੋੜ ਦੀ ਅਤੇ ਅਰਬਾਂ ਵਾਲਾ ਧਨੀ ਰਾਜ ਦੀ ਅਤੇ ਰਾਜਾ ਸਵਰਗ ਦੀ ਇੱਛਾ ਕਰਦਾ ਹੈ। ਧਨ ਦੀ ਪ੍ਰਾਪਤੀ ਲਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਠੱਗੀਆਂ, ਬੇਈਮਾਨੀਆਂ ਅਤੇ ਹੇਰਾਫੇਰੀਆਂ ਕਰਦੇ ਹਨ। ਪਾਲਤੂ ਬਟੇਰੇ ਜੰਗਲੀ ਬਟੇਰਿਆਂ ਨੂੰ ਫੜਨ ਲਈ ਅਤੇ ਪਾਲਤੂ ਹਾਥੀ ਜੰਗਲੀ ਹਾਥੀਆਂ ਨੂੰ ਫੜਨ ਲਈ ਵਰਤੇ ਜਾਂਦੇ ਹਨ। ਆਦਮੀ ਵੀ ਆਪਣੇ ਸਾਥੀਆਂ ਨੂੰ ਗੁਲਾਮ ਬਣਾਉਣ ਵਿਚ ਮਦਦ ਕਰਦਾ ਰਿਹਾ ਹੈ। ਜੋ ਜ਼ਰਾ ਕੁ ਹੁਸ਼ਿਆਰ ਹੋਵੇ, ਉਹ ਭੋਲੇ ਭਾਲਿਆਂ ਨੂੰ ਠੱਗਣ ਵਿਚ ਸ਼ਰਮ ਮਹਿਸੂਸ ਨਹੀਂ ਕਰਦਾ, ਪਰ ਅੰਤ ਵਿਚ ਇਹ ਸਾਰੇ ਠੱਗ ਬੇਈਮਾਨ ਪਛਤਾਉਂਦੇ ਹੀ ਹਨ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ,
ਹਰਣਾਂ ਬਾਜਾਂ ਤੈ ਸਿਕਦਾਰਾਂ
ਏਨਾ ਪੜਿਆ ਨਾਉਂ॥
ਫਾਂਧੀ ਲਗੀ ਜਾਤਿ ਫਹਾਇਨ
ਅਗੈ ਨਾਹੀ ਥਾਉ॥
ਸੋ ਪੜਿਆ ਸੋ ਪੰਡਿਤੁ ਬੀਨਾ
ਜਿਨੀ ਕਮਾਣਾ ਨਾਉ॥
ਪਹਿਲੋ ਦੇ ਜੜ ਅੰਦਰਿ ਜੰਮੈ
ਤਾਂ ਉਪਰਿ ਹੋਵੈ ਛਾਂਉ।
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਜਿਥੈ ਜੀਆਂ ਹੋਸੀ ਸਾਰ॥
ਨਕੀ ਵਢੀ ਲਾਇਤਬਹਾਰ॥ (ਪੰਨਾ 1288)