ਸ਼੍ਰੋਮਣੀ ਕਮੇਟੀ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਨਵਾਂ ਵਿਵਾਦ

ਨਰਿੰਦਰ ਸਿੰਘ ਢਿੱਲੋਂ
ਫੋਨ: 403-616-4032
ਹਰ ਸਾਲ ਜੂਨ ਦੇ ਪਹਿਲੇ ਹਫਤੇ 1984 ਵਿਚ ਹੋਏ ਸਾਕਾ ਨੀਲਾ ਤਾਰਾ ਸਬੰਧੀ ਰੋਸ ਪ੍ਰਗਟ ਕੀਤਾ ਜਾਂਦਾ ਹੈ, ਇਸ ਵਾਰ ਵੀ ਰੋਸ ਪ੍ਰਗਟ ਕੀਤਾ ਗਿਆ। ਸਾਕੇ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦੇ ਕੇ ਜਿਥੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾਂਦੀ ਹੈ, ਉਥੇ ਇਹ ਮੰਗ ਵੀ ਕੀਤੀ ਜਾਂਦੀ ਹੈ ਕਿ ਸਾਕੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਜੋ ਇਤਿਹਾਸਕ ਪੁਸਤਕਾਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਹੋਰ ਬੇਸ਼ਕੀਮਤੀ ਸਮਾਨ ਫੌਜ ਲੈ ਗਈ ਸੀ, ਉਹ ਕੇਂਦਰ ਸਰਕਾਰ ਵਾਪਸ ਕਰੇ।

ਅੱਜ ਤੱਕ ਕਦੇ ਵੀ ਕੋਈ ਬਿਆਨ ਪੜ੍ਹਨ ਜਾਂ ਸੁਣਨ ਨੂੰ ਨਹੀਂ ਮਿਲਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਜਾਂ ਕਮੇਟੀ ‘ਤੇ ਕਾਬਜ਼ ਅਕਾਲੀ ਦਲ ਦੇ ਕਿਸੇ ਆਗੂ ਨੇ ਕਿਹਾ ਹੋਵੇ ਕਿ ਕੇਂਦਰ ਸਰਕਾਰ ਜਾਂ ਉਸ ਦੀ ਕਿਸੇ ਏਜੰਸੀ ਨੇ ਕੁਝ ਸਮਾਨ ਵਾਪਸ ਵੀ ਕੀਤਾ ਹੈ। ਬੱਸ, ਇਕ ਤੋਂ ਬਾਅਦ ਦੂਜਾ, ਇਹੀ ਰਟ ਲਾਈ ਜਾਂਦਾ ਹੈ ਕਿ ਕੇਂਦਰ ਸਰਕਾਰ ਸਮਾਨ ਵਾਪਸ ਕਰੇ।
6 ਜੂਨ ਨੂੰ ਹੀ ਇਸੇ ਮੰਤਵ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਆਉਣ ਦੀ ਥਾਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਅਤੇ ਸਮਾਨ ਦੀ ਮੰਗ ਕੀਤੀ ਪਰ ਜਦ ਗ੍ਰਹਿ ਮੰਤਰੀ ਨੇ ਪੁੱਛਿਆ ਕਿ ਸਮਾਨ ਦੀ ਲਿਸਟ ਦਿਉ ਜੋ ਵਾਪਸ ਕਰਨਯੋਗ ਹੈ ਤਾਂ ਸੁਖਬੀਰ ਸਿੰਘ ਬਾਦਲ ਕੱਪੜੇ ਝਾੜ ਕੇ ਵਾਪਸ ਆ ਗਏ।
ਹੁਣ ਇਸ ਮਸਲੇ ਨੇ ਨਵਾਂ ਮੋੜ ਲੈ ਲਿਆ ਹੈ। ਇਕ ਅਖਬਾਰ ਨੇ ਰਿਪੋਰਟ ਛਾਪੀ ਜਿਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸੀ. ਬੀ. ਆਈ. ਨੇ ਕਿਸ ਕਿਸ ਮਿਤੀ ਨੂੰ ਕਿਹੜਾ ਕਿਹੜਾ ਸਮਾਨ ਵਾਪਸ ਕੀਤਾ ਹੈ। ਜੋ ਰਿਪੋਰਟ ਅਖਬਾਰ ਨੇ ਛਾਪੀ ਹੈ, ਉਸ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ, ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ ਅਕਾਲੀ ਦਲ ਦੇ ਆਗੂਆਂ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਗੁਰੂ ਰਾਮ ਦਾਸ ਜੀ ਦੇ ਪਵਿਤਰ ਅਸਥਾਨ ‘ਤੇ ਬੈਠੇ ਇਹ ਲੋਕ ਨਿਜੀ ਹਿੱਤਾਂ ਲਈ ਪੰਥ ਦੇ ਬੇਸ਼ਕੀਮਤੀ ਖਜਾਨੇ ਦਾ ਘਾਣ ਕਰ ਰਹੇ ਹਨ। ਇਸ ਖਜਾਨੇ ਦੀਆਂ ਕਈ ਚੀਜ਼ਾਂ ਚੋਰੀ-ਚੋਰੀ ਵੇਚਣ ਦੀਆਂ ਰਿਪੋਰਟਾਂ ਵੀ ਹਨ।
ਰਿਪੋਰਟ ਅਨੁਸਾਰ 1984 ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਇਕ ਜਥੇਦਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤਾਂ ਵਾਲਾ ਸਰੂਪ ਇੰਗਲੈਂਡ ਵਿਚ ਚਾਰ ਹਜ਼ਾਰ ਪੌਂਡ ਵਿਚ ਵੇਚਿਆ। ਇਸੇ ਤਰ੍ਹਾਂ ਇਕ ਪੁਰਾਤਨ ਹੱਥ ਲਿਖਤ ਸਰੂਪ ਕਰੋੜਾਂ ਰੁਪਏ ਵਿਚ ਅਮਰੀਕਾ ਵਿਚ ਵੇਚਣ ਦਾ ਕੀਰਤੀਮਾਨ ਸਥਾਪਤ ਕੀਤਾ ਜਾ ਚੁਕਾ ਹੈ। ਭਗਤ ਸੂਰਦਾਸ ਰਚਿਤ ‘ਭਾਗਵਤ ਪੁਰਾਣ’ ਨਾਮੀ ਗ੍ਰੰਥ ਵੀ ਧਾਰਮਿਕ ਸੌਦੇਬਾਜ਼ਾਂ ਦੀ ਭੇਟ ਚੜ੍ਹ ਚੁਕਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਪੇਂਟਿੰਗ ਨੂੰ ਮੁਰੰਮਤ ਦੇ ਨਾਂ ‘ਤੇ ਪਹਿਲਾਂ ਵਿਦੇਸ਼ ਲਿਜਾਇਆ ਗਿਆ ਅਤੇ ਫਿਰ ਵੇਚਣ ਦੀ ਕੋਸ਼ਿਸ਼ ਕੀਤੀ ਗਈ।
ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਅਤੇ ਅਕਾਲੀ ਦਲ ਦੇ ਕੁਝ ਆਗੂਆਂ ਵਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇਸ ਖਜਾਨੇ ਦੀ ਕੀਤੀ ਗਈ ਕਥਿਤ ਲੁੱਟ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਨੇ ਕੁਝ ਪੇਂਟਿੰਗਾਂ ਫੌਜ ਤੋਂ ਪ੍ਰਾਪਤ ਕੀਤੀਆਂ ਸਨ, ਪਰ ਉਹ ਕਿਥੇ ਹਨ, ਕਿਸੇ ਨੂੰ ਕੁਝ ਨਹੀਂ ਪਤਾ।
ਮੀਡੀਆ ਰਿਪੋਰਟ ਮੁਤਾਬਕ 7 ਜੂਨ 1984 ਨੂੰ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜੋ ਕੀਮਤੀ ਸਮਾਨ ਲੈ ਗਈ ਸੀ, ਉਹ 7 ਕਿਸ਼ਤਾਂ ਵਿਚ ਵੱਖ-ਵੱਖ ਸਰਕਾਰੀ ਏਜੰਸੀਆਂ ਨੇ ਵਾਪਸ ਕੀਤਾ। ਇਸ ਦੀ ਪਹਿਲੀ ਕਿਸ਼ਤ 29 ਸਤੰਬਰ 1984 ਨੂੰ ਵਾਪਸ ਕੀਤੀ ਗਈ ਸੀ। ਇਸ ਰਸੀਦ ‘ਤੇ ਤਤਕਾਲੀ ਸਕੱਤਰ ਭਾਨ ਸਿੰਘ (ਜਿਸ ਦਾ ਬਾਅਦ ਵਿਚ ਕਤਲ ਹੋ ਗਿਆ ਸੀ) ਅਤੇ ਕੁਲਵੰਤ ਸਿੰਘ ਦੇ ਦਸਤਖਤ ਹਨ। ਪਿਛਲੀ 13 ਜੂਨ ਨੂੰ ਹੋਈ ਮੀਟਿੰਗ ਵਿਚ ਕੁਲਵੰਤ ਸਿੰਘ ਨੇ ਸਵੀਕਾਰ ਕੀਤਾ ਕਿ ਉਸ ਨੇ ਸਮਾਨ ਪ੍ਰਾਪਤ ਕੀਤਾ ਸੀ ਪਰ ਉਸ ਸਮਾਨ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੈ। ਸਮਾਨ ਦੀ ਲਿਸਟ ਲਾਇਬ੍ਰੇਰੀਅਨ ਨੇ ਤਿਆਰ ਕੀਤੀ ਸੀ।
ਇਸ ਕਿਸ਼ਤ ਵਿਚ ਫੌਜ ਨੇ ਸ਼੍ਰੋਮਣੀ ਕਮੇਟੀ ਨੂੰ 453 ਚੀਜ਼ਾਂ ਦਿਤੀਆਂ ਸਨ ਅਤੇ ਫੌਜ ਵਲੋਂ ਦਿਤੇ ਗਏ ਸਮਾਨ ਦੀ ਲਿਸਟ ‘ਤੇ ਪੀ. ਐਨ. ਸਾਹਨੀ, ਆਰ. ਪੀ. ਨਾਇਰ ਅਤੇ ਐਸ਼ ਐਸ਼ ਢਿੱਲੋਂ ਦੇ ਦਸਤਖਤ ਹਨ। ਇਸ ਕਿਸ਼ਤ ਵਿਚ ਗੁਰੂ ਗ੍ਰੰਥ ਸਾਹਿਬ ਦੇ 185 ਸਰੂਪ ਵਾਪਸ ਕੀਤੇ ਗਏ। ਇਸ ਤੋਂ ਇਲਾਵਾ ਇਕ ਸਰੂਪ ਦਸਮ ਗ੍ਰੰਥ, ਭਗਤ ਮਾਲਾ ਭਾਈ ਮਨੀ ਸਿੰਘ ਦੀ ਲਿਖਤ, ਅਸਲ ਜਨਮ ਸਾਖੀ ਭਾਈ ਬਾਲੇ ਵਾਲੀ ਅਤੇ 26 ਹੱਥ ਲਿਖਤ ਹੁਕਮਨਾਮੇ ਸ਼ਾਮਿਲ ਸਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਤੱਕ 4000 ਪੁਸਤਕਾਂ ਲਾਇਬ੍ਰੇਰੀ ਤੱਕ ਪੁੱਜ ਚੁਕੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ 31 ਪੇਂਟਿੰਗਾਂ ਗਾਇਬ ਹਨ। ਸੀ. ਬੀ. ਆਈ. ਨੇ 26 ਬੋਰੀਆਂ ਵਿਚ ਭਰ ਕੇ ਜੋ ਖਜਾਨਾ ਵਾਪਸ ਕੀਤਾ, ਉਸ ਵਿਚ ਲੜੀ ਨੰਬਰ 6364 ਤੋਂ 6395 ਤੱਕ ਦੀ ਸੂਚੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਖਜਾਨਾ ਕਿਥੇ ਰੱਖਿਆ ਹੈ, ਇਸ ਬਾਰੇ ਸਭ ਚੁੱਪ ਹਨ।
ਮੀਡੀਏ ਮੁਤਾਬਕ ਸੀ. ਬੀ. ਆਈ. ਅਤੇ ਫੌਜ ਕੋਲੋਂ ਕਰੀਬ 10500 ਕਿਤਾਬਾਂ ਅਤੇ ਧਾਰਮਿਕ ਗ੍ਰੰਥ ਸ਼੍ਰੋਮਣੀ ਕਮੇਟੀ ਨੂੰ ਮਿਲ ਗਏ ਸਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਅੰਗਰੇਜ਼ੀ ਦੀਆਂ ਕਿਤਾਬਾਂ: 3496
ਪੰਜਾਬੀ ਦੀਆਂ ਕਿਤਾਬਾਂ: 4587
ਉਰਦੂ ਦੀਆਂ ਕਿਤਾਬਾਂ: 1400
ਹਿੰਦੀ ਦੀਆਂ ਕਿਤਾਬਾਂ: 466
ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ‘ਤੇ 11 ਜੂਨ 2000 ਨੂੰ ਅਵਤਾਰ ਸਿੰਘ ਮੱਕੜ ਦੀ ਅਗਵਾਈ ਵਿਚ ਸਬ ਕਮੇਟੀ ਬਣਾਈ ਸੀ, ਜਿਸ ਦੀ ਰਿਪੋਰਟ ਜਨਤਕ ਨਹੀਂ ਹੋਈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਵੱਖ-ਵੱਖ ਆਗੂ ਇਸ ਲਾਇਬ੍ਰੇਰੀ ਨੂੰ ਮੁੜ ਸਥਾਪਤ ਕਰਨ ਦੀਆਂ ਗੱਲਾਂ ਤਾਂ ਕਰਦੇ ਹਨ, ਪਰ ਸੱਚ ਪੰਥ ਤੋਂ ਲੁਕੋਈ ਰਖਿਆ।
ਫੌਜ ਨੇ ਜੋ ਸਮਾਨ ਬੋਰੀਆਂ ਵਿਚ ਬੰਦ ਕਰ ਲਿਆ ਸੀ, ਉਹ ਮੇਰਠ ਛਾਉਣੀ ਵਿਚ ਲਿਜਾਇਆ ਗਿਆ ਅਤੇ ਇਸ ਖਜਾਨੇ ਦਾ ਵੱਡਾ ਭਾਗ ਵੱਖ-ਵੱਖ ਮਿਤੀਆਂ 29 ਸਤੰਬਰ 1984, 31 ਅਕਤੂਬਰ 1984, 5 ਜੁਲਾਈ 1985, 13 ਅਕਤੂਬਰ 1989, 20 ਜੂਨ 1990 ਅਤੇ 28 ਦਸੰਬਰ 1990 ਨੂੰ ਵਾਪਸ ਕੀਤਾ ਗਿਆ।
ਇਹ ਸਮਾਨ ਸ਼੍ਰੋਮਣੀ ਕਮੇਟੀ ਨੇ ਵਸੂਲੀ ਪੱਤਰਾਂ ਉਤੇ ਦਸਤਖਤ ਕਰਕੇ ਪ੍ਰਾਪਤ ਕੀਤਾ। ਇਹ ਸਮਾਨ ਲਾਇਬ੍ਰੇਰੀ ਵਿਚ ਪੁੱਜਾ ਕਿ ਨਹੀਂ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ 185 ਸਰੂਪਾਂ ਦੀ ਤਿੰਨ ਪੰਨਿਆਂ ਦੀ ਸੂਚੀ ਵਿਚ ਕਰੀਬ 66 ਸਰੂਪਾਂ ਦਾ ਵੇਰਵਾ ਹੈ, ਜਿਸ ਨੂੰ ਭਾਈ ਗਿਆਨ ਸਿੰਘ ਨਿਹੰਗ ਨੇ ਤਿਆਰ ਕੀਤਾ ਸੀ। ਲਾਇਬ੍ਰੇਰੀ ਵਿਚੋਂ ਗਾਇਬ ਕੀਤੇ ਗਏ 185 ਸਰੂਪਾਂ ਵਿਚ ਉਹ ਸਰੂਪ ਵੀ ਸ਼ਾਮਿਲ ਹੈ, ਜਿਸ ਨੂੰ ਦਮਦਮੀ ਬੀੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸਰੂਪ ਦਸਮ ਪਾਤਿਸ਼ਾਹ ਨੇ ਆਪਣੇ ਹੱਥੀਂ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਭਾਈ ਹਰਿਦਾਸ ਨੂੰ ਦਿਤਾ ਸੀ।
ਮੀਡੀਆ ਰਿਪੋਰਟ ਸਹੀ ਹੈ ਕਿ ਨਹੀਂ, ਸ਼੍ਰੋਮਣੀ ਕਮੇਟੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ। 13 ਜੂਨ ਨੂੰ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਮੇਟੀ ਦੇ ਸਾਬਕਾ ਅਤੇ ਮੌਜੂਦਾ ਅਧਿਕਾਰੀਆਂ ਦੀ ਮੀਟਿੰਗ ਵਿਚ ਇਸ ਰਿਪੋਰਟ ਨੂੰ ਰੱਦ ਨਾ ਕੀਤਾ ਸਗੋਂ ਇਕ ਹੋਰ ਸਬ ਕਮੇਟੀ ਬਣਾਉਣ ਦੀ ਗੱਲ ਕੀਤੀ। ਮੀਟਿੰਗ ਵਿਚ ਜਿਥੇ ਇਕ ਸਾਬਕਾ ਅਧਿਕਾਰੀ ਕੁਲਵੰਤ ਸਿੰਘ ਨੇ 29 ਸਤੰਬਰ 1984 ਨੂੰ ਪਹਿਲੀ ਕਿਸ਼ਤ ਦੀ ਵਸੂਲੀ ਨੂੰ ਸਵੀਕਾਰ ਕੀਤਾ ਪਰ ਸਮਾਨ ਤੋਂ ਅਗਿਆਨਤਾ ਪ੍ਰਗਟ ਕੀਤੀ, ਉਥੇ ਸਾਬਕਾ ਸਕੱਤਰ ਦਲੀਪ ਸਿੰਘ ਨੇ ਕਿਹਾ ਕਿ ਉਸ ਨੂੰ ਸਰਕਾਰੀ ਏਜੰਸੀਆਂ ਜਾਂ ਫੌਜ ਵਲੋਂ ਆਏ ਸਮਾਨ ਦੀ ਕੋਈ ਜਾਣਕਾਰੀ ਨਹੀਂ। ਦਿਲਮੇਘ ਸਿੰਘ ਨੇ ਵੀ ਮੰਨਿਆ ਕਿ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਉਸ ਵੇਲੇ ਦਾ ਰੱਖਿਆ ਸੰਦੂਕ ਮਿਲਿਆ ਸੀ, ਜਿਸ ਵਿਚ ਇਕ ਪੁਰਾਣਾ ਰਿਵਾਲਵਰ ਸ਼ਾਮਿਲ ਸੀ।
ਇਸ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪੱਤਰਕਾਰਾਂ ਕੋਲ ਅਹਿਮ ਟਿਪਣੀਆਂ ਕੀਤੀਆਂ ਹਨ। 2003 ਵਿਚ ਸਤਨਾਮ ਸਿੰਘ ਖੰਡਾ ਨਾਂ ਦੇ ਵਿਅਕਤੀ ਨੇ ਅਦਾਲਤ ਵਿਚ ਮੁਕੱਦਮਾ ਕੀਤਾ ਸੀ, ਜਿਸ ਦੇ ਜਵਾਬ ਵਿਚ ਸੀ. ਬੀ. ਆਈ. ਨੇ ਕਿਹਾ ਸੀ ਕਿ ਉਹ ਸਮਾਨ ਵਾਪਸ ਕਰ ਚੁਕੇ ਹਨ। ਸ਼੍ਰੋਮਣੀ ਕਮੇਟੀ, ਜੋ ਅੱਜ ਤੱਕ ਸਮਾਨ ਵਾਪਸੀ ਦੀ ਮੰਗ ਕਰਦੀ ਆ ਰਹੀ ਹੈ ਅਤੇ ਸੁਖਬੀਰ ਸਿੰਘ ਬਾਦਲ ਹੁਣੇ-ਹੁਣੇ ਇਸ ਮੰਤਵ ਨਾਲ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਹਨ, ਉਹ ਸੀ. ਬੀ. ਆਈ. ਦੇ ਸਪਸ਼ਟੀਕਰਨ ਵਿਰੁਧ ਅਦਾਲਤ ਵਿਚ ਕਿਉਂ ਨਾ ਗਏ? ਸਾਬਕਾ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਰਾਜ ਸਭਾ ਵਿਚ ਇਕ ਪ੍ਰਸ਼ਨ ਦੇ ਜਵਾਬ ਵਿਚ ਕਿਹਾ ਸੀ ਕਿ ਸਰਕਾਰ ਕੋਲ ਬਕਾਇਆ ਸਿੱਖ ਸਾਹਿਤ ਨਹੀਂ ਹੈ। ਉਸ ਦੇ ਇਸ ਬਿਆਨ ‘ਤੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਚੁੱਪ ਕਿਉਂ ਰਹੇ? ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵੀ ਕਹਿ ਚੁੱਕੇ ਹਨ ਕਿ 29 ਬੋਰੇ ਸਾਹਿਤ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤਾ ਜਾ ਚੁਕਾ ਹੈ। ਫਿਰ ਉਹ ਚੀਜ਼ਾਂ ਕਿਥੇ ਗਈਆਂ?
13 ਜੂਨ ਦੀ ਮੀਟਿੰਗ ਵਿਚ ਸਾਬਕਾ ਸਕੱਤਰ ਦਲਜੀਤ ਸਿੰਘ ਬੇਦੀ ਸਵੀਕਾਰ ਕਰ ਚੁੱਕੇ ਹਨ ਕਿ 1991 ਵਿਚ ਫੌਜ ਨੇ ਕੁਝ ਸਮਾਨ ਵਾਪਸ ਕੀਤਾ ਸੀ, ਜਿਸ ਵਿਚ ਕੁਝ ਅਖਬਾਰਾਂ ਅਤੇ ਕਿਤਾਬਾਂ ਸ਼ਾਮਿਲ ਸਨ। ਉਹ ਪਹਿਲਾਂ ਕਿਉਂ ਚੁੱਪ ਰਹੇ? 13 ਜੂਨ ਦੀ ਮੀਟਿੰਗ ਵਿਚ ਜੋ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਕਮੇਟੀ ਬਣਾਉਣਗੇ, ਨਾਲ ਤਾਂ ਮਾਮਲਾ ਠੰਢੇ ਬਸਤੇ ਵਿਚ ਪਾਉਣ ਦੀ ਸੰਭਾਵਨਾ ਹੀ ਲਗਦੀ ਹੈ। ਚਾਹੀਦਾ ਇਹ ਹੈ ਕਿ ਕਿਸੇ ਗੈਰ ਵਿਵਾਦਤ ਰਿਟਾਇਰਡ ਜੱਜ ਨੂੰ ਇਸ ਦੀ ਜਾਂਚ ਦਾ ਕੰਮ ਸੌਂਪਿਆ ਜਾਵੇ ਤਾਂ ਜੋ ਨਿਰਪੱਖ ਜਾਂਚ ਰਾਹੀਂ ਸਥਿਤੀ ਸਪਸ਼ਟ ਕੀਤੀ ਜਾ ਸਕੇ।
ਕੁਝ ਲੋਕਾਂ ਦਾ ਵਿਚਾਰ ਹੈ ਕਿ ਅਕਾਲ ਤਖਤ ਦੇ ਜਥੇਦਾਰ ਇਸ ਸਾਰੇ ਘਟਨਾਕ੍ਰਮ ਦਾ ਨੋਟਿਸ ਲੈਣ। ਮੇਰਾ ਵਿਚਾਰ ਹੈ ਕਿ ਇਹ ਜਥੇਦਾਰ ਹੁਣ ਇਸ ਸਥਿਤੀ ਵਿਚ ਨਹੀਂ ਹਨ। ਪਿਛਲੇ ਕਈ ਸਾਲਾਂ ਤੋਂ ਅਕਾਲ ਤਖਤ ਦੇ ਜਥੇਦਾਰ ਦੇ ਰੁਤਬੇ ਨੂੰ ਢਾਹ ਲਾਈ ਜਾ ਰਹੀ ਹੈ ਤੇ ਜਥੇਦਾਰ ਉਤੇ ਲੋਕ ਦੋਸ਼ ਲਾਉਂਦੇ ਹਨ ਕਿ ਉਹ ਇਕ ਵੱਡੇ ਘਰ ਵਿਚੋਂ ਆਏ ਹੁਕਮ ਅਨੁਸਾਰ ਹੀ ਚਲਦੇ ਹਨ। ਕਦੇ ਸਮਾਂ ਸੀ, ਜਦ ਜਥੇਦਾਰ ਅਕਾਲ ਤਖਤ ਜਦੋਂ ਕਿਸੇ ਰਸਤੇ ਲੰਘਦੇ ਸੀ ਤਾਂ ਸਤਿਕਾਰ ਵਜੋਂ ਲੋਕ ਰਸਤਾ ਛੱਡ ਕੇ ਇਕ ਪਾਸੇ ਖਲੋ ਜਾਂਦੇ ਸਨ ਪਰ ਹੁਣ ਸਥਿਤੀ ਨਹੀਂ ਰਹੀ। ਹੁਣ ਤਾਂ ਜਥੇਦਾਰ ਇਕ ਪਰਿਵਾਰ ਦੇ ਹੁਕਮ ‘ਤੇ ਪਹਿਲਾਂ ਇਕ ਵਿਵਾਦਤ ਸਾਧ ਨੂੰ ਮੁਆਫ ਕਰ ਦਿੰਦੇ ਹਨ, ਫਿਰ ਮੁਆਫੀ ਵਾਪਸ ਲੈ ਲੈਂਦੇ ਹਨ ਅਤੇ ਫਿਰ ਕਹਿ ਦਿੰਦੇ ਹਨ ਕਿ ਅਸੀਂ ਤਾਂ ਮੁਆਫ ਕੀਤਾ ਹੀ ਨਹੀਂ ਸੀ। ਇਸ ਕਰਕੇ ਜਥੇਦਾਰ ਤੋਂ ਇਨਸਾਫ ਦੀ ਆਸ ਰੱਖਣੀ ਠੀਕ ਨਹੀਂ ਅਤੇ ਨਾ ਹੀ ਗੋਬਿੰਦ ਸਿੰਘ ਲੌਂਗੋਵਾਲ ਦੁਆਰਾ ‘ਆਪਣੇ’ ਬੰਦਿਆਂ ਦੀ ਬਣਾਈ ਕਮੇਟੀ ਤੋਂ ਬਹੁਤੀ ਆਸ ਹੈ।
ਪਾਠਕ ਸੋਚਣਗੇ ਕਿ 29 ਸਤੰਬਰ 1984 ਤੋਂ ਹੀ ਕੇਂਦਰ ਦੀਆਂ ਏਜੰਸੀਆਂ ਅਤੇ ਫੌਜ ਨੇ ਜੋ ਸਮਾਨ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਸੀ, ਹੁਣ ਤੱਕ ਲੁਕਾ ਕੇ ਕਿਉਂ ਰਖਿਆ ਗਿਆ। ਮੇਰਾ ਵਿਚਾਰ ਹੈ ਕਿ ਅਕਾਲੀ ਦਲ ਕੇਂਦਰ ਸਰਕਾਰ ਵਿਰੁਧ, ਵਿਸ਼ੇਸ਼ ਤੌਰ ‘ਤੇ ਕਾਂਗਰਸ ਵਿਰੁਧ ਸਾਕਾ ਨੀਲਾ ਤਾਰਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਹਿਤਕ ਖਜਾਨੇ ਦੇ ਮੁੱਦੇ ਨੂੰ ਕਾਇਮ ਰੱਖਣਾ ਚਾਹੁੰਦਾ ਸੀ। ਉਹ ਇਨ੍ਹਾਂ ਮੁੱਦਿਆਂ ਨੂੰ ਆਪਣੇ ਸੰਕਟ ਵੇਲੇ ਵਰਤਦਾ ਸੀ ਪਰ ਹੁਣ ਜਿਹੜੇ ਤੱਥ ਸਾਹਮਣੇ ਆਏ ਹਨ, ਉਸ ਨਾਲ ਅਕਾਲੀ ਦਲ ਅਤੇ ਇਸ ਦੀ ਅਗਵਾਈ ਵਿਚ ਚਲਦੀ ਸ਼੍ਰੋਮਣੀ ਕਮੇਟੀ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਇਸ ਰਿਪੋਰਟ ਨੇ ਇਕ ਵਾਰ ਤਾਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਚੂਲਾਂ ਹਿਲਾਂ ਦਿੱਤੀਆਂ ਹਨ ਅਤੇ ਗੁਰੂ ਘਰ ਨਾਲ ਜੁੜੀ ਸੰਗਤ ਨੂੰ ਸਖਤ ਮਾਨਸਿਕ ਧੱਕਾ ਲੱਗਾ ਹੈ। ਦੇਖਣਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਇਸ ਰਿਪੋਰਟ ਨੂੰ ਗਲਤ ਸਾਬਤ ਕਰਦੀ ਹੈ ਜਾਂ ਫਿਰ ਚੁੱਪ ਵੱਟ ਲੈਂਦੀ ਹੈ।
ਚਾਹੀਦਾ ਇਹ ਹੈ ਕਿ ਅਕਾਲੀ ਦਲ ਧਾਰਮਿਕ ਮਾਮਲਿਆਂ ਤੋਂ ਦੂਰ ਰਹੇ ਅਤੇ ਸ਼੍ਰੋਮਣੀ ਕਮੇਟੀ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਜਲਦੀ ਸਥਿਤੀ ਸਪਸ਼ਟ ਕਰੇ ਕਿ ਕਿਹੜਾ ਸਮਾਨ ਉਸ ਨੂੰ ਪ੍ਰਾਪਤ ਹੋਇਆ, ਕਿਹੜਾ ਰਹਿੰਦਾ ਅਤੇ ਕਿਹੜਾ ਸਮਾਨ ਪ੍ਰਾਪਤ ਹੋਣ ਤੋਂ ਬਾਅਦ ਗਾਇਬ ਹੈ। ਇਸ ਨਾਲ ਲੋਕਾਂ ਵਿਚ ਕਮੇਟੀ ਦੀ ਭਰੋਸੇਯੋਗਤਾ ਵਧੇਗੀ, ਗੁਰੂ ਰਾਮਦਾਸ ਦੇ ਪਵਿਤਰ ਅਸਥਾਨ ਦਾ ਮਹੱਤਵ ਹੋਰ ਵਧੇਗਾ।