ਨੀਲਾ ਮੋਰ

ਜੇ. ਬੀ. ਸਿੰਘ, ਕੈਂਟ
ਉਹ ਦਿਨ ਬੜੇ ਚੰਗੇ ਸਨ। ਕਹਿਣ ਨੂੰ ਉਹ ਬਚਪਨ ਦੇ ਦਿਨ ਸਨ। ਮਾਪੇ ਕਹਿੰਦੇ, ਸਾਨੂੰ ਖੇਡਣ-ਕੁੱਦਣ ਤੋਂ ਬਿਨਾ ਕੰਮ ਹੀ ਕੀ ਸੀ? ਪਰ ਅੱਜ ਮੈਂ ਸੋਚਦਾ ਹਾਂ, ਉਹੀ ਤਾਂ ਦਿਨ ਸਨ, ਜਿਨ੍ਹਾਂ ਸਦਕਾ ਅੱਜ ਮੈਂ ਸਾਇੰਟਿਸਟ ਬਣ ਸਕਿਆ। ਉਨ੍ਹਾਂ ਦਿਨਾਂ ਦੀਆਂ ਯਾਦਾਂ ਕਿਵੇਂ ਭੁੱਲਣ?

ਦਲੇਰ ਮੇਰਾ ਹਮ-ਉਮਰ ਸੀ, ਹਮ ਸਫਰ ਵੀ। ਸਕੂਲ ਅਸੀਂ ਇਕੱਠੇ ਦਾਖਲ ਹੋਏ। ਦਿਨ ਚੜ੍ਹਨ ਤੋਂ ਰਾਤ ਹੋਣ ਤੱਕ ਸਾਡਾ ਚੋਲੀ-ਦਾਮਨ ਦਾ ਸਾਥ ਸੀ। ਹੱਸਣਾ ਵੀ ਸਾਂਝਾ ਤੇ ਰੋਣਾ ਵੀ। ਖਾਣਾ ਕਦੇ ਉਹਦੇ ਘਰ ਤੇ ਕਦੇ ਮੇਰੇ ਘਰ, ਪਰ ਖਾਣਾ ਇੱਕਠੇ ਹੀ।
ਦਲੇਰ ਦੇ ਡੈਡੀ ਬ੍ਰਿਟਿਸ਼ ਆਰਮੀ ਵਿਚ ਨੌਕਰੀ ਕਰਦੇ ਸਨ। ਖਾਨ-ਮੁਲਾਜ਼ਮ ਸਨ, ਬਾਰੂਦ ਦੀਆਂ ਸੁਰੰਗਾਂ ਵਿਛਾਉਣ ਵਾਲੇ ਸਿਪਾਹੀ। ਜਮੀਨ ਹੇਠਾਂ ਸੁਰੰਗਾਂ ਬਣਾ ਕੇ ਦੁਸ਼ਮਣ ਦੇਸ਼ ਵਿਚ ਬਾਰੂਦ ਰੱਖਣਾ, ਉਨ੍ਹਾਂ ਦੀ ਡਿਊਟੀ ਹੁੰਦੀ ਸੀ। ਬਹੁਤ ਖਤਰਨਾਕ ਕੰਮ ਸੀ, ਪਰ ਉਹ ਬਹਾਦਰੀ ਕਰਕੇ ਸਤਿਕਾਰੇ ਜਾਂਦੇ ਸਨ।
ਸਾਲ ਬਾਅਦ ਉਨ੍ਹਾਂ ਨੂੰ ਛੁੱਟੀਆਂ ਹੁੰਦੀਆਂ। ਵਾਪਸ ਇੰਡੀਆ ਪਰਤਦੇ। ਤਦ ਦਲੇਰ ਖੇਡਾਂ ਭੁੱਲ ਜਾਂਦਾ। ਸਾਰਾ ਦਿਨ ਡੈਡੀ ਨਾਲ ਚੰਬੜਿਆ ਰਹਿੰਦਾ, ਤੇ ਨਾਲੇ ਮੈਂ ਵੀ। ਅਸੀਂ ਸਕੂਲ ਛੁੱਟੀ ਹੋਣ ਬਾਅਦ ਗਲੀਆਂ ਕੱਛਣ ਦੀ ਥਾਂ ਉਹਦੇ ਡੈਡੀ ਨਾਲ ਖੇਡਦੇ। ਰਾਤ ਨੂੰ ਉਹ ਸਾਨੂੰ ਆਪਣੀਆਂ ਹੱਡ ਬੀਤੀਆਂ ਸੁਣਾਉਂਦੇ। ਬ੍ਰਿਟਿਸ਼ ਆਰਮੀ ਦੇ ਜ਼ਾਬਤੇ ਦੀਆਂ ਕਹਾਣੀਆਂ, ਗੋਰਿਆਂ ਦੀਆਂ ਤੇ ਉਨ੍ਹਾਂ ਦੀਆਂ ਮੇਮਾਂ ਦੀਆਂ। ਉਨ੍ਹਾਂ ਦੀ ਆਪਣੇ ਦੇਸ਼ ਪ੍ਰਤੀ ਵਫਾਦਾਰੀ ਦੀਆਂ। ਇੰਗਲੈਂਡ ਤੇ ਜਰਮਨੀ ਦੇ ਸਬੰਧਾਂ ਦੀਆਂ। ਬਹੁਤਾ ਇਤਿਹਾਸ, ਪਰ ਕਹਾਣੀਆਂ ਦੇ ਰੂਪ ਵਿਚ।
ਅਗਲੇ ਦਿਨ ਅਸੀਂ ਸਕੂਲ ਜਾਂਦੇ। ਬਾਕੀ ਦੇ ਦੋਸਤਾਂ ਨੂੰ ਉਹੀ ਕਹਾਣੀਆਂ ਸੁਣਾਉਂਦੇ। ਬੱਸ ਇੰਨੇ ਨਾਲ ਹੀ ਸਾਰੇ ਸਕੂਲ ਉਤੇ ਸਾਡੀ ਧਾਕ ਜੰਮ ਜਾਂਦੀ। ਜਿਹੜੇ ਮੰਨ ਲੈਂਦੇ, ਸਾਡੇ ਉਤੇ ਮੋਹਿਤ ਹੋ ਜਾਂਦੇ; ਜਿਹੜੇ ਨਾ ਮੰਨਦੇ, ਸਾਡਾ ਮਜ਼ਾਕ ਉਡਾ ਲੈਂਦੇ। ਸਾਡੇ ਸਾਥੀ ਸਾਥੋਂ ਕਈ ਸਵਾਲ ਪੁੱਛਦੇ। ਅਸੀਂ ਉਹੀ ਸਵਾਲ ਰਾਤ ਨੂੰ ਉਹਦੇ ਡੈਡੀ ਨੂੰ ਕਰਦੇ ਤੇ ਅਗਲੇ ਦਿਨ ਉਹੀ ਕਿੱਸਾ ਜਾਰੀ ਰਹਿੰਦਾ, ਰਮਾਇਣ ਦੀ ਕਥਾ ਵਾਂਗ।
ਪਰ ਕੁਝ ਸਵਾਲ ਅਜਿਹੇ ਸਨ, ਜਿਨ੍ਹਾਂ ਦੇ ਉਤਰ ਸਾਨੂੰ ਉਨ੍ਹਾਂ ਕੋਲੋਂ ਨਾ ਮਿਲਦੇ। ਉਹ ਸਵਾਲ ਸਾਡੇ ਵੀ ਸਨ ਤੇ ਸਾਡੇ ਮਿੱਤਰਾਂ ਦੇ ਵੀ। ਬੱਸ ਇਹੀ ਜਵਾਬ ਮਿਲਦਾ, “ਵੱਡੇ ਹੋ ਕੇ ਆਪੇ ਸਮਝ ਜਾਓਗੇ, ਬੱਸ ਜੀਅ ਲਾ ਕੇ ਪੜ੍ਹਿਆ ਕਰੋ।” ਅਸੀਂ ਉਨ੍ਹਾਂ ਦੇ ਇਸ ਜਵਾਬ ਨੂੰ ਵੀ ਕੁਰਾਨ ਦੀਆਂ ਆਇਤਾਂ ਵਾਂਗ ਮੰਨ ਲੈਂਦੇ। ਦਲੇਰ ਦੇ ਡੈਡੀ ਸਨ, ਸੋ ਮੇਰੇ ਅੰਕਲ। ਝੂਠ ਕਿਵੇਂ ਬੋਲ ਸਕਦੇ ਸਨ।
ਪਰ ਇਕ ਵਾਰ ਉਨ੍ਹਾਂ ਨੂੰ ਡਿਊਟੀ ‘ਤੇ ਗਿਆਂ ਪੰਜ-ਸੱਤ ਸਾਲ ਬੀਤ ਗਏ। ਵਾਪਸ ਹੀ ਨਹੀਂ ਆਏ। ਦਲੇਰ ਦੀ ਮੰਮੀ ਤੇ ਭੈਣਾਂ ਸਭ ਉਦਾਸ ਸਨ। ਮੈਂ ਆਪਣੀ ਉਦਾਸੀ ਬਾਰੇ ਉਨ੍ਹਾਂ ਨੂੰ ਦੱਸਣਾ ਨਹੀਂ ਸਾਂ ਚਾਹੁੰਦਾ, ਪਰ ਮੈਨੂੰ ਅੰਕਲ ਦੀ ਯਾਦ ਰਹਿ ਰਹਿ ਕੇ ਆਉਂਦੀ ਰਹੀ। ਉਨ੍ਹਾਂ ਦੀ ਗੱਲ, ‘ਵੱਡੇ ਹੋ ਕੇ ਸਮਝ ਜਾਓਗੇ’ ਭੁੱਲਦੀ ਨਹੀਂ ਸੀ।
“ਜੇ ਉਹ ਕਦੇ ਵਾਪਸ ਆਏ ਹੀ ਨਾ ਤਾਂ?” ਮੈਨੂੰ ਕਦੇ ਕਦੇ ਸ਼ੰਕਾ ਹੁੰਦਾ, ਪਰ ਇਹ ਗੱਲ ਮੈਂ ਯਕੀਨਨ ਵੱਡੇ ਹੋ ਕੇ ਲੱਭ ਲੈਣੀ ਸੀ ਕਿ ਉਹ ਫਿਰ ਤੇ ਵਾਪਸ ਕਿਉਂ ਨਹੀਂ ਆਏ?
“ਵੱਡਾ ਹੋ ਕੇ ਕੋਈ ਆਪ ਹੀ ਥੋੜ੍ਹਾ ਸਮਝ ਜਾਂਦੈ! ਅੰਕਲ ਕਹਿੰਦੇ ਸਨ, ਜੀਅ ਲਾ ਕੇ ਪੜ੍ਹਿਆ ਕਰੋ।” ਮੈਂ ਸੋਚਦਾ ਤੇ ਫਿਰ ਬਹੁਤ ਪੜ੍ਹਦਾ। ਇਤਿਹਾਸ ਬਾਰੇ, ਦੇਸ਼ਾਂ ਵਿਚ ਹੋ ਰਹੇ ਯੁੱਧਾਂ ਬਾਰੇ।
ਫਿਰ ਇਕ ਦਿਨ ਦਲੇਰ ਨੇ ਦੱਸਿਆ ਕਿ ਉਹਦੇ ਡੈਡੀ ਆ ਰਹੇ ਹਨ। ਬੱਸ! ਮੈਨੂੰ ਚਾਅ ਚੜ੍ਹ ਗਿਆ। ਇਕ-ਇਕ ਪਲ ਕਰਕੇ ਦਿਨ ਲੰਘਾਏ ਤੇ ਜਦ ਉਹਦੇ ਡੈਡੀ ਆਏ, ਮੈਂ ਉਨ੍ਹਾਂ ਦੇ ਮੂੰਹ ਵੱਲ ਇਉਂ ਦੇਖ ਰਿਹਾ ਸਾਂ, ਜਿਵੇਂ ਕੋਈ ਫਰਿਸ਼ਤਾ ਆ ਗਿਆ ਹੋਵੇ। ਤਦ ਮੈਂ ਹਾਈ ਸਕੂਲ ਵਿਚ ਸਾਂ, ਪਰ ਫਿਰ ਵੀ ਉਹਦੇ ਘਰ ਜਾ ਕੇ ਅੰਕਲ ਦੀਆਂ ਹੱਡ ਬੀਤੀਆਂ ਸੁਣਨ ਲਈ ਰਹਿ ਪਿਆ।
ਇਸ ਵਾਰ ਉਨ੍ਹਾਂ ਦੀਆਂ ਗੱਲਾਂ ਮੇਰੀ ਸਮਝ ਵਿਚ ਪੂਰੀ ਤਰ੍ਹਾਂ ਆ ਰਹੀਆਂ ਸਨ, ਪਰ ਹੁਣ ਯਕੀਨ ਘਟਦਾ ਜਾ ਰਿਹਾ ਸੀ। ਲੱਗਦਾ ਸੀ, ਉਹ ਗੱਲਾਂ ਕੋਲੋਂ ਬਣਾ ਰਹੇ ਨੇ। ਉਹ ਹੱਡ ਬੀਤੀਆਂ ਨਹੀਂ, ਕਹਾਣੀਆਂ ਹਨ। ਮਸਲਨ, ਉਨ੍ਹਾਂ ਨੇ ਨੀਲੇ ਮੋਰ ਦੀ ਗੱਲ ਦੱਸੀ। ਕਹਿੰਦੇ, ਬ੍ਰਿਟਿਸ਼ ਆਰਮੀ ਨੇ ਦਸ ‘ਨੀਲੇ ਮੋਰ’ ਆਡਰ ਕੀਤੇ ਹਨ, ਨਾਰਥ ਜਰਮਨੀ ਵਿਚ ਲੜਾਈ ਹੋਣ ਦੀ ਸੂਰਤ ਵਿਚ ਉਹ ਸੁਰੰਗਾਂ ਵਿਚ ਰੱਖਣੇ ਹਨ।
“ਪਰ ਇਹ ‘ਨੀਲੇ ਮੋਰ’ ਲੜਾਈ ਵਿਚ ਕਿਵੇਂ ਮਦਦ ਕਰਨਗੇ?” ਮੈਂ ਪੁੱਛਿਆ।
ਇਹ ਨੀਲੇ ਮੋਰ ਅਸਲ ਵਿਚ ਪੰਛੀ ਨਹੀਂ ਹਨ, ਇਹ ਖਾਸ ਤਰ੍ਹਾਂ ਦੇ ਬੰਬ ਹਨ। ਇਨ੍ਹਾਂ ਦਾ ਨਾਂ Ḕਬਲੂ ਪੀਕਾਕ’ (ਭਲੁe ਫeਅਚੋਚਕ) ਭਾਵ ‘ਨੀਲੇ ਮੋਰ’ ਰੱਖਿਆ ਹੈ। ‘ਨੀਲਾ ਮੋਰ’ ਤਾਂ ਕੋਡ ਵਰਡ ਹੈ, ਬਾਰੂਦ ਭਰੇ ਬੰਬਾਂ ਲਈ।
“ਕੀ ਤੁਸਾਂ ਨੇ ਇਹ ਬੰਬ ਉਥੇ ਖੁਦ ਰੱਖਣੇ ਹਨ?” ਅਸਾਂ ਹੈਰਾਨੀ ਨਾਲ ਪੁੱਛਿਆ।
“ਹਾਂ, ਇਹ ਸਾਡੀ ਡਿਊਟੀ ਹੀ ਲੱਗੇਗੀ।”
“ਇਹ ਕਿੱਡੇ ਕੁ ਵੱਡੇ ਹਨ?”
“ਹਰ ਇਕ ਬੰਬ ਸੱਤ ਟਨ ਤੋਂ ਵੀ ਵੱਧ ਭਾਰਾ ਹੈ।”
“ਪਰ ਜੇ ਇਹ ਰਾਹ ਵਿਚ ਫਟ ਗਏ ਤਾਂ?” ਦਲੇਰ ਨੇ ਡਰਦਿਆਂ ਪੁੱਛਿਆ।
“ਨਹੀਂ, ਪਹਿਲਾਂ ਇਹ ਬੰਬ ਇਥੇ ਟੈਸਟ ਕੀਤੇ ਜਾਣਗੇ।”
“ਕਿੱਥੇ?”
“ਸਟੀਵਨ ਓਕ ਵਿਚ। ਇਹ ਇੰਗਲੈਂਡ ਵਿਚ ਇਕ ਸ਼ਹਿਰ ਦਾ ਨਾਂ ਹੈ। ‘ਕੈਂਟ’ ਜਿਲੇ ਵਿਚ ਆਉਂਦਾ ਹੈ। ਲੰਡਨ ਤੋਂ ਕੋਈ ਬਾਈ ਕੁ ਮੀਲ ਦੂਰ ਹੈ।”
“ਕੀ ਤੁਸੀਂ ਉਥੇ ਇਹ ਬੰਬ ਚਲਾ ਕੇ ਦੇਖੋਗੇ?”
“ਨਹੀਂ, ਇਹ ਕੰਮ ਮੇਰਾ ਨਹੀਂ ਹੈ। ਇਹ ਕੰਮ ਤਾਂ ਸਾਇੰਸਦਾਨਾਂ ਦਾ ਹੈ। ਉਹ ਕਹਿੰਦੇ ਹਨ, ਬਾਕੀ ਸਭ ਤਾਂ ਠੀਕ ਹੈ, ਪਰ ਸਮੱਸਿਆ ਇਹ ਹੈ ਕਿ ਉਥੇ ਸੁਰੰਗ ਵਿਚ ਠੰਢ ਬਹੁਤ ਹੁੰਦੀ ਹੈ। ਉਹ ਬੰਬ ਸਟੀਲ ਦੇ ਇਕ ਵੱਡੇ ਡੱਬੇ ਵਾਂਗ ਹੈ ਤੇ ਉਸ ਨੂੰ ਅੰਦਰੋਂ ਗਰਮ ਰੱਖਣਾ ਹੈ।”
“ਫਿਰ?”
“ਸਾਇੰਸਦਾਨ ਅਜੇ ਸੋਚ ਰਹੇ ਹਨ। ਬਹੁਤਿਆਂ ਦਾ ਤਾਂ ਇਹੀ ਖਿਆਲ ਹੈ ਕਿ ਉਸ ਵਿਚ ਕੁਝ ਚੂਚੇ ਰੱਖ ਦਿੱਤੇ ਜਾਣ ਤੇ ਚੂਚਿਆਂ ਦੇ ਖਾਣ ਲਈ ਦਾਣਾ ਪਾਣੀ ਵੀ ਵਿਚ ਰੱਖ ਦਿਤਾ ਜਾਵੇ। ਹਫਤਾ ਕੁ ਚੂਚੇ ਜ਼ਿੰਦਾ ਰਹਿ ਸਕਣਗੇ। ਉਨ੍ਹਾਂ ਦੇ ਸਰੀਰ ਦੀ ਗਰਮੀ ਦਾ ਤਾਪਮਾਨ ਬਿਲਕੁਲ ਉਨਾ ਹੀ ਹੋਵੇਗਾ, ਜਿੰਨਾ ਬੰਬ ਦੀਆਂ ਤਾਰਾਂ ਨੂੰ ਗਰਮ ਕਰਨ ਲਈ ਚਾਹੀਦਾ ਹੈ।”
ਦਲੇਰ ਤੇ ਮੈਂ ਹੈਰਾਨ ਹੋਏ। ਦੋਹਾਂ ਨੂੰ ਯਕੀਨ ਨਾ ਆਇਆ ਪਰ ਦੋਹਾਂ ਨੇ ਹਾਂ ਵਿਚ ਹਾਂ ਮਿਲਾ ਦਿੱਤੀ ਤੇ ਉਠ ਗਏ।
“ਅੰਕਲ ਉਸੇ ਤਰ੍ਹਾਂ ਹੀ ਗੱਲਾਂ ਕਰਦੇ ਨੇ, ਜਿਵੇਂ ਪੰਜ ਸਾਲ ਪਹਿਲਾਂ ਕਰਦੇ ਸਨ। ਹੁਣ ਅਸੀਂ ਵੱਡੇ ਹੋ ਗਏ ਹਾਂ। ਚੂਚਿਆਂ ਵਾਲੀ ਕਹਾਣੀ ਤਾਂ ਸਰਾਸਰ ਝੂਠੀ ਹੈ।” ਮੈਂ ਸੋਚਿਆ।
ਅਗਲੇ ਦਿਨ ਸਵੇਰੇ ਸਕੂਲ ਗਏ। ਮੇਰਾ ਦਿਲ ਨਾ ਕੀਤਾ ਕਿ ਬਾਕੀ ਕਲਾਸ ਦੇ ਮੁੰਡਿਆਂ ਨੂੰ ਗੱਲ ਦੱਸਾਂ। ਪਰ ਦਲੇਰ ਤੋਂ ਰਿਹਾ ਨਾ ਗਿਆ, ਉਹਨੇ ਸਾਰੀ ਕਹਾਣੀ ਇੰਜ ਦੀ ਇੰਜ ਸੁਣਾ ਦਿੱਤੀ। ਸੁਣ ਕੇ ਸਾਰੇ ਹੱਸੇ। ਲੱਗੇ ਯਕੀਨ ਕਿਸੇ ਨੂੰ ਵੀ ਨਹੀਂ ਆਇਆ। ਉਲਟਾ ਉਨ੍ਹਾਂ ਨੇ ਦਲੇਰ ਦਾ ਨਾਂ ਹੀ ‘ਨੀਲਾ ਮੋਰ’ ਰੱਖ ਛੱਡਿਆ। ਉਸ ਤੋਂ ਬਾਅਦ ਦਲੇਰ ਨੂੰ ਕਿਸੇ ਨੇ ਵੀ ਉਹਦੇ ਅਸਲੀ ਨਾਂ ਨਾਲ ਨਹੀਂ ਸੀ ਬੁਲਾਇਆ।
ਅੰਕਲ ਵਾਪਿਸ ਚਲੇ ਗਏ। ਦਲੇਰ ‘ਨੀਲਾ ਮੋਰ’ ਬਣ ਗਿਆ। ਉਹਨੂੰ ਇਹ ਨਾਂ ਚੰਗਾ ਨਾ ਲੱਗਦਾ ਤੇ ਕਦੇ ਕਦੇ ਉਹ ਹੱਥੋ ਪਾਈ ‘ਤੇ ਵੀ ਆ ਜਾਂਦਾ, ਪਰ ਦਿਨ-ਬ-ਦਿਨ ਗੱਲ ਵਧਦੀ ਗਈ ਤੇ ਹੌਲੀ ਹੌਲੀ ਸਾਰੇ ਸਕੂਲ ਦੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਦਲੇਰ ਨੂੰ ਛੇੜਨਾ ਹੋਵੇ ਤਾਂ ਨੀਲਾ ਮੋਰ ਆਖ ਦਿਓ। ਸਾਰੇ ਸਕੂਲ ਲਈ ਇਹ ਮਜ਼ਾਕ ਬਣ ਗਿਆ। ਦਲੇਰ ਨੇ ਸਕੂਲ ਜਾਣਾ ਛੱਡ ਦਿੱਤਾ।
ਮੈਂ ਕਾਲਜ ਗਿਆ ਤੇ ਫਿਰ ਯੂਨੀਵਰਸਿਟੀ। ਦਲੇਰ ਤੇ ਮੈਂ ਫਿਰ ਵੀ ਮਿਲਦੇ ਰਹੇ-ਪਰ ਖਾਸ ਕਰਕੇ ਜਦ ਉਹਦੇ ਡੈਡੀ ਆਏ ਹੁੰਦੇ। ਉਹਦੇ ਡੈਡੀ ਮੇਰੇ ਸਾਹਮਣੇ, ਦਲੇਰ ਦੀ ਮੇਰੇ ਨਾਲ ਤੁਲਨਾ ਕਰਦੇ। ਮੈਨੂੰ ਇਹ ਹੋਰ ਵੀ ਚੰਗਾ ਨਾ ਲੱਗਦਾ।
ਮੈਂ ਪੀਐਚ.ਡੀ. ਕਰ ਲਈ। ਦਲੇਰ ਦੇ ਡੈਡੀ ਮੈਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਮੈਨੂੰ ਤਜਵੀਜ਼ ਦਿੱਤੀ ਕਿ ਡਿਫੈਂਸ ਸਾਇੰਸ ਤੇ ਤਕਨਾਲੋਜੀ, ਫੋਰਟ ਹਾਲਸਟੇਡ ਵਿਚ, ਸਾਇੰਟਿਸਟ ਦੀ ਅਸਾਮੀ ਲਈ ਅਰਜ਼ੀ ਦਿਆਂ। ਉਨ੍ਹਾਂ ਨੇ ਮੇਰੀ ਮਦਦ ਕੀਤੀ। ਮੈਂ ਸਾਇੰਟਿਸਟ ਲੱਗ ਗਿਆ। ਇਨ੍ਹਾਂ ਹੀ ਦਿਨਾਂ ਵਿਚ ਉਹ ਆਪ ਰਿਟਾਇਰ ਹੋ ਗਏ।
ਵਰ੍ਹੇ ਬੀਤ ਗਏ। ਕੋਈ ਚਾਰ-ਪੰਜ ਸਾਲ ਪਹਿਲਾਂ ਇਕ ਪੁਰਾਣੀ ਰਿਪੋਰਟ ਮੇਰੇ ਸਾਹਮਣੇ ਆਈ। ਪ੍ਰੋਫੈਸਰ ਪੀਟਰ ਹੈਨਸੀ ਨੇ ਦਿੱਤੀ ਸੀ। ਇਹੀ ਤਜਵੀਜ਼ ਹੂਬਹੂ ਉਹੀ ਸੀ, ਜੋ ਮੈਨੂੰ ਅੰਕਲ ਨੇ ਦੱਸੀ ਸੀ। ਇਹ ਬਰਕਸ਼ਾਇਰ ਵਿਚਲੇ ਐਲਡਰ ਮੇਸਟਨ ਨਿਊਕਲੀਅਰ ਰਿਸਰਚ ਸੈਂਟਰ ਤੋਂ ਆਈ ਸੀ।
ਅਗਲੇ ਦਿਨ ਹੀ ਇਹ ਖਬਰ ਬੀ.ਬੀ.ਸੀ. ਲੰਡਨ ਤੋਂ ਬਰਾਡਕਾਸਟ ਹੋਈ। ਇਹ ਪਹਿਲੀ ਅਪਰੈਲ 2004 ਦਾ ਦਿਨ ਸੀ। ਸਭ ਅਖਬਾਰਾਂ ਵਿਚ ਛਪੀ ਇਹ ਰਿਪੋਰਟ ਪੜ੍ਹ ਕੇ ਮੈਂ ਬਹੁਤ ਹੈਰਾਨ ਹੋਇਆ। ਮੈਨੂੰ ਅੰਕਲ ਦੀ ਗੱਲ ਯਾਦ ਆਈ, “ਵੱਡੇ ਹੋ ਕੇ ਆਪੇ ਸਮਝ ਜਾਓਗੇ।” ਮੈਂ ਅਖਬਾਰਾਂ ਦੀਆਂ ਕਾਤਰਾਂ ਇਕੱਠੀਆਂ ਕੀਤੀਆਂ ਤੇ ਇਕ ਲਿਫਾਫੇ ਵਿਚ ਬੰਦ ਕਰ ਲਈਆਂ। ਮੈਨੂੰ ਦਲੇਰ ਉਤੇ ਬਹੁਤ ਤਰਸ ਆਇਆ। ਇਸ ਘਟਨਾ ਨੇ ਉਹਦੀ ਪੜ੍ਹਾਈ ਉਥੇ ਹੀ ਰੋਕ ਦਿੱਤੀ ਸੀ, ਉਸ ਦਾ ਮਨੋ ਵਿਗਿਆਨ ਬਿਲਕੁੱਲ ਬਦਲ ਦਿਤਾ ਸੀ ਤੇ ਡੈਡੀ ‘ਤੇ ਬਣਿਆ ਟਰਸਟ ਬਿਲਕੁੱਲ ਖਤਮ ਕਰ ਦਿਤਾ ਸੀ। ਸਭ ਤੋਂ ਵੱਡੀ ਗੱਲ, ਇਸ ਘਟਨਾ ਬਾਰੇ ਉਸ ਦੇ ਡੈਡੀ ਖੁਦ ਵੀ ਨਹੀਂ ਸਨ ਜਾਣਦੇ।
ਮੈਂ ਇੰਡੀਆ ਜਾਣ ਦੀ ਤਿਆਰੀ ਕੀਤੀ। ਦਲੇਰ ਤੇ ਹੋਰ ਕੁਝ ਦੋਸਤ ਜਿਨ੍ਹਾਂ ਨੂੰ ਮੈਂ ਜਾਣਦਾ ਸਾਂ, ਨੂੰ ਦੱਸਣਾ ਜ਼ਰੂਰੀ ਸੀ ਕਿ ‘ਨੀਲਾ ਮੋਰ’ ਅਸਲ ਵਿਚ ਕਹਾਣੀ ਨਹੀਂ ਸੀ-ਬੰਬ ਸੀ, ਤੇ ਸੱਚਮੁੱਚ ਚੂਚਿਆਂ ਵਾਲੀ ਤਜਵੀਜ਼ ਦਿੱਤੀ ਗਈ ਸੀ। ਸੋ, ਮੈਂ ਇੰਡੀਆ ਪਹੁੰਚਿਆ। ਦਲੇਰ ਹੁਣ ਰਾਜਨੀਤੀ ਵਿਚ ਚਲਾ ਗਿਆ ਸੀ। ਅਖਬਾਰਾਂ ਵਿਚ ਉਹਦਾ ਨਾਂ ਵੀ ਸੀ।
ਮੈਂ ਦਲੇਰ ਨੂੰ ਕਾਲ ਕੀਤੀ। ਉਹਨੇ ਵੀ ਮਿਲਣ ਦੀ ਉਨੀ ਹੀ ਚਾਹਤ ਦਿਖਾਈ, ਜਿੰਨੀ ਮੈਨੂੰ ਸੀ। ਉਹ ਹੁਣ ਐਮ.ਐਲ਼ਏ. ਚੁਣਿਆ ਗਿਆ ਸੀ। ਮੈਂ ਉਹਦੀ ਕੋਠੀ ਗਿਆ। ਉਸ ਦੇ ਨੌਕਰਾਂ ਨੇ ਪੂਰੇ ਚਾਅ ਨਾਲ ਮੇਰੀ ਆਓ ਭਗਤ ਕੀਤੀ। ਮੈਂ ਉਸ ਦੇ ਨਾਲ ‘ਨੀਲੇ ਮੋਰ’ ਵਾਲੀ ਗੱਲ ਸਾਂਝੀ ਕਰਨਾ ਚਾਹੁੰਦਾ ਸਾਂ, ਪਰ ਉਹ ਸਵੇਰ ਤੋਂ ਸ਼ਾਮ ਤੱਕ ਬੰਦਿਆਂ ਵਿਚ ਹੀ ਘਿਰਿਆ ਰਹਿੰਦਾ। ਪੰਜ ਸੱਤ ਹਥਿਆਰਬੰਦ ਬਾਡੀਗਾਰਡ ਉਹਦੇ ਨਾਲ ਰਹਿੰਦੇ-ਦੋ ਤਿੰਨ ਬੰਦੇ, ਦੋ ਤਿੰਨ ਔਰਤਾਂ। ਦਲੇਰ ਹੁਣ ਪੂਰੀ ਤਰ੍ਹਾਂ ਬਦਲ ਚੁਕਾ ਸੀ।
ਮੈਂ ਉਹਦੇ ਕੋਲ ਦੋ ਦਿਨ ਠਹਿਰਿਆ, ਪਰ ਕੋਈ ਖਾਸ ਗੱਲਾਂ ਨਾ ਹੋ ਸਕੀਆਂ। ਤੀਸਰੇ ਦਿਨ ਸ਼ਾਮ ਨੂੰ ਮੈਂ ਦਲੇਰ ਨੂੰ ਕਿਹਾ, “ਤੈਨੂੰ ਯਾਦ ਆਉਂਦੇ ਨੇ ਉਹ ਬਚਪਨ ਦੇ ਦਿਨ?”
“ਖਾਸ ਨਹੀਂ, ਦਿਮਾਗ ਵਿਹਲਾ ਹੀ ਨਹੀਂ ਹੁੰਦਾ।”
“ਕੀ ਤੂੰ ਅੱਜ ਇਨ੍ਹਾਂ ਬਾਡੀਗਾਰਡਾਂ ਤੋਂ ਅਲੱਗ ਹੋ ਕੇ ਕੇਵਲ ਮੇਰੇ ਲਈ ਟਾਈਮ ਕੱਢ ਸਕਦਾਂ?”
“ਇਨ੍ਹਾਂ ਬਾਰਡੀਗਾਰਡਾਂ ਦੀ ਚਿੰਤਾ ਨਾ ਕਰੋ। ਇਹ ਤਾਂ ਮੇਰੇ ਚੂਚੇ ਨੇ, ਪਾਲੇ ਹੋਏ।
“ਚੂਚੇ?” ਮੈਂ ਹੈਰਾਨ ਹੋ ਕੇ ਕਿਹਾ।
“ਹਾਂ, ਤੈਨੂੰ ਪਤਾ ਹੀ ਹੈ ਅੱਜ ਕੱਲ੍ਹ ਐਮ.ਐਲ਼ਏ. ਦੀ ਵੁੱਕਤ ਕੀ ਏ? ਇਨ੍ਹਾਂ ਚੂਚਿਆਂ ਨੂੰ ਰੱਖਣ ਨਾਲ ਪਬਲਿਕ ਉਤੇ ਇਕ ਖਾਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਇਹ ਇਕ ਅਲੱਗ ਤਰ੍ਹਾਂ ਦੀ ਗਰਮੀ ਜਿਹੀ ਦਿੰਦੇ ਨੇ-ਮਨ ਨੂੰ ਵੀ ਤੇ ਸਰੀਰ ਨੂੰ ਵੀ। ਹੁਣ ਤਾਂ ਇਨ੍ਹਾਂ ਬਿਨਾ ਇਕ ਪਲ ਵੀ ਨਹੀਂ ਸਰਦਾ। ਇਹ ਆਸੇ ਪਾਸੇ ਨਾ ਹੋਣ ਤਾਂ ਚਲਣ ਲੱਗਿਆਂ ਪੈਰ ਫਰੀਜ਼ ਹੋ ਜਾਂਦੇ ਨੇ।”
“ਤੂੰ ਤਾਂ ਸੱਚਮੁੱਚ ਹੀ ‘ਨੀਲਾ ਮੋਰ’ ਨਿਕਲਿਆ, ਦਲੇਰ।” ਮੈਂ ਕਹਿਣਾ ਚਾਹਿਆ ਪਰ ਕਿਹਾ ਨਹੀਂ।
“ਨੀਲਾ ਮੋਰ ਆਪਣੇ ਆਪ ਵਿਚ ਫੋਕਾ ਸਾਬਿਤ ਹੋਇਆ ਸੀ। ਨਾਲ ਬੈਠੇ ਪੰਜ-ਸੱਤ ਚੂਚੇ ਹੀ ਉਸ ਨੂੰ ਗਰਮੀ ਦੇ ਕੇ ਜ਼ਿੰਦਾ ਰੱਖ ਸਕਦੇ ਹਨ। ਤੂੰ ਵੀ ਤਾਂ ਉਹੀ ਕੁਝ ਹੈਂ।” ਮੈਂ ਸੋਚ ਰਿਹਾ ਸੀ।
“ਕਿਹੜੀ ਸੋਚ ਵਿਚ ਪੈ ਗਿਐਂ।” ਉਹਨੇ ਪੁੱਛਿਆ।
“ਕੋਈ ਨਹੀਂ।” ਮੈਂ ਕਿਹਾ ਤੇ ਉਹਦੀ ਤਲੀ ‘ਤੇ ਉਹ ਲਿਫਾਫਾ, ਜਿਸ ਵਿਚ ਅਖਬਾਰਾਂ-ਰਸਾਲਿਆਂ ਦੀਆਂ ਕਾਤਰਾਂ ਸਨ, ਰੱਖ ਦਿੱਤਾ।
ਉਹਨੇ ਉਹੀ ਲਿਫਾਫਾ ਆਪਣੇ ਸੈਕਟਰੀ ਨੂੰ ਫੜਾ ਦਿੱਤਾ। ਸ਼ਾਇਦ ਸਿਫਾਰਸ਼ੀ ਚਿੱਠੀ ਸਮਝ ਕੇ। ਬਿਨਾ ਖੋਲ੍ਹੇ।
ਜੇ ਕਿਤੇ ਖੋਲ੍ਹ ਵੀ ਲੈਂਦਾ, ਤਾਂ ਇਹੀ ਸੋਚਦਾ ਕਿ ਚੂਚਿਆਂ ਦੀ ਅਸਲੀਅਤ ਨੂੰ ਤਾਂ ਮੇਰੇ ਤੋਂ ਵੱਧ ਜਾਣਦਾ ਸੀ ਉਹ।