ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ 1984 ਦੀ ਪੱਤਰਕਾਰੀ

ਗੁਰਜੀਤ ਕੌਰ
ਫੋਨ: 713-469-2474
ਐਤਕੀਂ ਪਹਿਲੀ ਵਾਰ ਹਿੰਦੁਸਤਾਨ ਜਾਣ ਦਾ ਕੋਈ ਚਾਅ ਸੀ। ਕਾਰਨ ਸੀ, ਕਈ ਅਜ਼ੀਜ਼ਾਂ ਨੂੰ ਮਿਲਣਾ ਅਤੇ ਪੁਸਤਕਾਂ ਖਰੀਦਣੀਆਂ ਜਿਨ੍ਹਾਂ ਵਿਚੋਂ ਜਸਪਾਲ ਸਿੰਘ ਸਿੱਧੂ ਦੀ ‘ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ 1984 ਦੀ ਪੱਤਰਕਾਰੀ’ ਮੁੱਖ ਸੀ। ਮੈਨੂੰ ਯਕੀਨ ਸੀ ਕਿ ਇਹ ਪੁਸਤਕ ਉਸ ਸਮੇਂ ਦੇ ਵਰਤਾਰਿਆਂ ਨੂੰ ਪੂਰੀ ਇਮਾਨਦਾਰੀ ਨਾਲ ਬਿਆਨ ਕਰੇਗੀ। ਇਸ ਦਾ ਪਹਿਲਾ ਕਾਰਨ ਹੈ ਕਿ ਹੁਣ ਤੱਕ ਜੂਨ 84 ਬਾਰੇ ਉਨ੍ਹਾਂ ਲਿਖਿਆ ਜਿਨ੍ਹਾਂ ਨੂੰ ਕਲਮ ਤੇ ਚਸ਼ਮਾ ਕੇਂਦਰੀ ਸਰਕਾਰ ਨੇ ਮੁਹੱਈਆ ਕਰਵਾਇਆ ਸੀ ਅਤੇ ਉਸ ਚਸ਼ਮੇ ਦੀ ਖਾਸੀਅਤ ਸੀ ਕਿ ਉਸ ਵਿਚੋਂ ਦਿੱਲੀ ਬੈਠਿਆਂ ਹੀ ਪੰਜਾਬ ਦਿਸਦਾ ਸੀ। ਦੂਜਾ ਕਾਰਨ, ਲੇਖਕ ਦੇ ਹੱਥ ਜਦੋਂ ਵੀ ਕਲਮ ਆਈ ਤਾਂ ਇਸ ਦੀ ਵਰਤੋਂ ਉਸ ਨੇ ਸਿੱਖ ਵਜੋਂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੌਜੂਦਾ ਹਾਲਾਤ ਉਸ ਨੂੰ ਬਗੈਰ ਚਸ਼ਮੇ ਦੇ ਵੀ ਸਪੱਸ਼ਟ ਨਜ਼ਰ ਆ ਗਏ। ਤੀਜਾ ਕਾਰਨ ਸੀ, ਉਨ੍ਹਾਂ ਲੋਕਾਂ ਦਾ ਲੇਖਕ ਦੀ ਸਵੈਪੜਚੋਲ ਤੇ ਹਸਤਾਖਰ (ਅਸਰ) ਜਿਹੜੇ ਸਾਢੇ ਤਿੰਨ ਦਹਾਕਿਆਂ ਤੋਂ ਲੇਖਕ ਜਿੰਨੇ ਹੀ ਗਮਜ਼ਦਾ ਹਨ।

ਪੁਸਤਕ ਵਿਚ ਲੇਖਕ ਨੇ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਵਰਤਾਰੇ ਨੂੰ ਬਿਆਨਣ ਲਈ ਇਮਾਨਦਾਰ ਦ੍ਰਿਸ਼ਟੀਕੋਣ ਦੀ ਕਿੰਨੀ ਲੋੜ ਹੁੰਦੀ ਹੈ। ਲੇਖਕ ਨੇ ਸਾਫਗੋਈ ਨਾਲ ਉਸ ਸਮੇਂ ਵਾਪਰਦੀਆਂ ਰੋਜ਼ਾਨਾ ਘਟਨਾਵਾਂ ਨੂੰ ਅਦ੍ਰਿਸ਼ ਲੋਕ ਅਦਾਲਤ ਵਿਚ ਪੇਸ਼ ਕੀਤਾ ਹੈ ਤਾਂ ਜੋ ਜਿਸ ਦਾ ਮਨ ਹੈ, ਉਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੀ ਜ਼ਹਿਨੀਅਤ ਵਿਚ ਪਲਦੇ ਭਰਮ-ਭੁਲੇਖਿਆਂ ਨੂੰ ਕੱਢੇ ਅਤੇ ਹਕੀਕਤ ਨੂੰ ਕਬੂਲਣ ਦੀ ਜੁਰਅਤ ਕਰੇ।
ਪੁਸਤਕ ਪੜ੍ਹਨ ਤੋਂ ਬਾਅਦ ਪਾਠਕ ਨੂੰ ‘ਜੋ ਹੋਇਆ’ ਦੀ ਤਾਂ ਬਾਖੂਬੀ ਜਾਣਕਾਰੀ ਮਿਲਦੀ ਹੀ ਹੈ, ‘ਕਿਸ ਤਰ੍ਹਾਂ ਹੋਇਆ’, ਇਸ ਦੇ ਸੰਕੇਤ ਵੀ ਬਾਖੂਬੀ ਦੇ ਕੇ ਇਹ ਪ੍ਰਤੱਖ ਕਰਵਾ ਦਿੱਤਾ ਗਿਆ ਹੈ ਕਿ ਸੱਤਾ ‘ਤੇ ਕਬਜ਼ੇ ਦਾ ਜਨੂੰਨ ਹੱਡ-ਮਾਸ ਦੇ ਕਿਸੇ ਵੀ ਪੁਤਲੇ ਨੂੰ ਵਹਿਸ਼ਤ ਦੀਆਂ ਸਾਰੀਆਂ ਹੱਦਾਂ ਪਾਰ ਕਰਵਾ ਕੇ ਉਸ ਨੂੰ ਇਨਸਾਨ ਤੋਂ ਹੈਵਾਨ ਵਿਚ ਕਦੋਂ ਤਬਦੀਲ ਕਰ ਦੇਵੇ, ਪਤਾ ਹੀ ਨਹੀਂ ਲਗਦਾ।
ਜਸਪਾਲ ਸਿੰਘ ਸਿੱਧੂ ਨੇ ਇਸ ਪੁਸਤਕ ਦੀ ਭੂਮਿਕਾ ਕਿਸੇ ਹੋਰ ਤੋਂ ਨਹੀਂ ਲਿਖਵਾਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਲੇਖਕ ਅੱਗੇ ਉਸ ਦਾ ਮੰਤਵ ਸਪਸ਼ਟ ਹੈ ਤੇ ਉਸ ਲਈ ਕਿਸੇ ਦੀ ਨਾਰਾਜ਼ਗੀ ਜਾਂ ਰਜ਼ਾਮੰਦੀ ਬਿਲਕੁਲ ਬੇਅਰਥ ਹੈ। ਪੜ੍ਹਾਈ ਦੌਰਾਨ ਕਿਸੇ ਜਮਾਤ ਵਿਚ ‘ਜੱਗ ਬੀਤੀ ਹੱਡ ਬੀਤੀ’ ਦੇ ਸਿਰਲੇਖ ਹੇਠ ਇਕ ਪੁਸਤਕ ਪੜ੍ਹੀ ਸੀ। ਇਸ ਸਿਰਲੇਖ ਦਾ ਇੰਨਾ ਡੂੰਘਾ ਮਤਲਬ ਵੀ ਹੋ ਸਕਦਾ ਸੀ, ਜਸਪਾਲ ਸਿੰਘ ਸਿੱਧੂ ਦੀ ਕਲਮ ਨੇ ਦਸ ਦਿੱਤਾ ਹੈ। ‘ਸੰਤ ਭਿੰਡਰਾਂਵਾਲੇ ਦੇ ਰੂਬਰੂ…’ ਉਸੇ ਸਿਰਲੇਖ ਦੀ ਤਰਜਮਾਨੀ ਹੈ।
ਤਿੰਨ ਦਹਾਕਿਆਂ ਤੋਂ ਲੋਕ ਦਰਬਾਰ ਸਾਹਿਬ ‘ਤੇ ਵਾਪਰੇ ਜ਼ੁਲਮ ਨੂੰ ਬੜੇ ਹੀ ਗਿਣੇ ਮਿੱਥੇ ਤੇ ਰੱਟੇ ਰਟਾਏ ਵਾਰਤਾਲਾਪ ਤੇ ਸੁੰਗੜੇ ਜਿਹੇ ਦ੍ਰਿਸ਼ਟੀਕੋਣ ਰਾਹੀਂ ਬਿਆਨ ਕਰਦੇ ਆ ਰਹੇ ਹਨ। ਲੇਖਕ ਨੇ ਇਸ ਵਰਤਾਰੇ ਨੂੰ ਨਾ ਸਿਰਫ ‘ਕੀ ਹੋਇਆ’ ਨਹੀਂ ਸਗੋਂ ‘ਕਿਉਂ ਹੋਇਆ’ ਦੇ ਪ੍ਰਸੰਗ ਹੇਠ ਬਿਆਨਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਇਸ ਪੁਸਤਕ ਨੂੰ ਖੋਲ੍ਹਣ ਲੱਗਿਆਂ ਇਹ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਫਿਰਕਿਆਂ, ਜਾਤਾਂ ਤੇ ਕੌਮਾਂ ਦੇ ਬੰਧਨਾਂ ਤੋਂ ਮੁਕਤ ਕਰਕੇ ਨਿਰਪੱਖ ਪਾਠਕ ਵਜੋਂ ਪੜ੍ਹਿਆ ਜਾਵੇ ਤਾਂ ਜੋ ਰਾਸ਼ਟਰਵਾਦ, ਦੇਸ਼ ਭਗਤੀ, ਅਹਿੰਸਾ, ਧਰਮ ਨਿਰਪੇਖਤਾ, ਏਕਤਾ, ਅਖੰਡਤਾ ਦੇ ਸਰਕਾਰੀ ਮਤਲਬ ਸਮਝ ਆ ਸਕਣ।
ਹੁਣ ਪੁਸਤਕ ਖੋਲ੍ਹੀਏ। ਹਿੰਦੁਸਤਾਨ ਫੇਰੀ ਦੌਰਾਨ ਮੈਂ ਜਿਨ੍ਹਾਂ ਨੂੰ ਮਿਲ ਸਕੀ, ਉਨ੍ਹਾਂ ਵਿਚੋਂ ਇਕ ਸਨ ਭਾਈਆ ਜੀ (ਲੇਖਕ ਜਸਵੰਤ ਸਿੰਘ ਕੰਵਲ); ਤੇ ਪੁਸਤਕ ਬਾਰੇ ਵਿਚਾਰ ਚਰਚਾ ਉਨ੍ਹਾਂ ਦੀ ਪੁਸਤਕ ਦਾ ਸਹਾਰਾ ਲੈ ਕੇ ਹੀ ਕਰਨੀ ਸੋਭਦੀ ਹੈ। ਉਹ ਲਿਖਦੇ ਹਨ ਕਿ ਚੁਆਤੀ ਭਾਂਬੜ ਦੀ ਮਾਂ ਹੁੰਦੀ ਹੈ। ਇਹੀ ਤੱਥ ਲੇਖਕ ਨੇ ਪ੍ਰਮਾਣਿਕਤਾ ਸਹਿਤ ਆਪਣੀ ਪੁਸਤਕ ਵਿਚ ਪੇਸ਼ ਕੀਤਾ ਹੈ ਕਿ ਜੂਨ 1984 ਵਿਚ ਸੰਤਾਂ ਦਾ ਸਿੱਖ ਨੇਤਾ ਦੇ ਤੌਰ ‘ਤੇ ਉਭਰਨਾ, ਅਕਾਲੀ ਮੋਰਚੇ ਦੀ ਲਾਮਬੰਦੀ, ਹਥਿਆਰਾਂ ਦੀ ਮੌਜੂਦਗੀ, ਅਕਾਲ ਤਖਤ ਦਾ ਢਹਿ ਢੇਰੀ ਹੋਣਾ, ਦਰਬਾਰ ਸਾਹਿਬ ਦੇ ਵਰਾਂਡਿਆਂ ਵਿਚ ਲਾਸ਼ਾਂ ਦਾ ਵਿਛਿਆ ਹੋਣਾ, ਅਰਬਾਂ-ਖਰਬਾਂ ਦੀ ਸੰਪਤੀ ਦਾ ਵਿਨਾਸ਼, ਪੰਜਾਬ ਦਾ ਅੰਨ੍ਹੇ ਖੂਹ ਵਿਚ ਡਿੱਗ ਪੈਣਾ, ਤਾਨਾਸ਼ਾਹੀ, ਇਹ ਸਭ ਉਸ ਚੁਆਤੀ ਦੇ ਨਤੀਜੇ ਸਨ, ਜੋ ਉਸ ਰੋਟੀ ਕਮਾਉਣ ਦੇ ਜ਼ਰੀਏ ਨੇ ਲਾਈ ਜਿਸ ਨੂੰ ਪੱਤਰਕਾਰੀ ਕਿਹਾ ਜਾਂਦਾ ਹੈ।
ਸੰਤਾਂ ਦੇ ਆਪਣੇ ਬਚਨ ਇਸ ਪੁਸਤਕ ਵਿਚ ਦਰਜ ਹਨ ਕਿ ਅਖਬਾਰ ਕੋਈ ਰੱਬੀ ਬਾਣੀ ਨਹੀਂ। ਇਹ ਤਾਂ ਕੁਝ ਲੋਕਾਂ ਦੀ ਪੇਟ ਪੂਰਤੀ ਦਾ ਸਾਧਨ ਹੈ। ਇਥੋਂ ਤੱਕ ਕਿ ਪੱਤਰਕਾਰਾਂ ਨੇ ਆਪ ਹੀ ਪ੍ਰਕਾਸ਼ਕਾਂ ਦੀ ਮਨਮਾਨੀ ਨੂੰ ‘ਗਟਰ ਪ੍ਰੈੱਸ’ ਦੇ ਵਿਸ਼ੇਸ਼ਣ ਨਾਲ ਸੰਬੋਧਿਤ ਕੀਤਾ। ਜਿਸ ਤਰ੍ਹਾਂ ਸਿੱਖਾਂ ਦੇ ਸਿਰ ਸਰਕਾਰੀ ਮਹਿਕਮੇ ਵਿਚ ਤਰੱਕੀਆਂ ਲੈਣ ਦਾ ਜ਼ਰੀਆ ਬਣ ਰਹੇ ਸਨ, ਉਸੇ ਤਰ੍ਹਾਂ ਪੱਤਰਕਾਰ ਅਖਵਾਉਣ ਲਈ ਵੱਧ ਤੋਂ ਵੱਧ ਕੂੜ ਪ੍ਰਚਾਰ ਕਰ ਸਕਣ ਦੀ ਕਾਬਲੀਅਤ ਹੀ ਕਾਫੀ ਸੀ।
ਪੂਰੀ ਕੌਮ ਹਰ ਸਾਲ ਜੂਨ ਦੇ ਮਹੀਨੇ ਉੱਭੇ ਸਾਹ ਲੈਂਦੀ ਹੈ ਪਰ ਸਿੱਖਾਂ ਅੰਦਰੋਂ ਇਹ ਭੁਲੇਖਾ ਵੀ ਲੇਖਕ ਨੇ ਕੱਢਿਆ ਹੈ ਕਿ ਇਹ ਕਾਰਾ ਤਾਂ ਕਿਤੇ ਪਹਿਲਾਂ ਹੋ ਜਾਣਾ ਸੀ, ਪਰਜਾਤੰਤਰ ਨੇ ਤਾਂ ਤੋਪਾਂ-ਟੈਂਕ ਕਦੋਂ ਦੇ ਤਿਆਰ ਕਰ ਲਏ ਸਨ, ਪਰ ਰੱਬੀਂ ਸਾਰੇ ਸਰਕਾਰੀ ਅਫਸਰਾਂ ਦੀ ਜ਼ਮੀਰ ਨਹੀਂ ਸੀ ਮਰ ਗਈ। ਇਹੀ ਕਾਰਨ ਸੀ, ਤਰੀਕਾਂ ਅੱਗੇ ਪਿੱਛੇ ਹੋਣ ਦਾ। ਅਖਬਾਰਾਂ ਦੀਆਂ ਸਤਰਾਂ ਨੇ ਇਕ ਪਾਸੇ ਤਾਂ ਸੱਤਾਧਾਰੀਆਂ ਨੂੰ ਪੰਜਾਬ ‘ਤੇ ਗੈਰ ਮਨੁੱਖੀ ਕਦਮ ਚੁੱਕਣ ਨੂੰ ਪ੍ਰੇਰਿਆ, ਦੂਜੇ ਪਾਸੇ ਆਮ ਲੋਕਾਂ ਵਿਚ ਸਿੱਖਾਂ ਨੂੰ ਦਹਿਸ਼ਤਗਰਦਾਂ ਵਜੋਂ ਪ੍ਰਚਾਰਿਆ।
ਪੁਸਤਕ ਪੜ੍ਹਦਿਆਂ ਇਸ ਜਮਾਤ ਦੀ ਮੱਕਾਰੀ ਦੇ ਕਈ ਨਮੂਨੇ ਮਿਲਦੇ ਹਨ। ਜਿਸ ਤਰ੍ਹਾਂ ਇਕ ਅਣਭੋਲ ਬੱਚੇ ਦੀ ਹਥਿਆਰ ਸਾਫ ਕਰਦੇ ਦੀ ਫੋਟੋ ਖਿੱਚ ਕੇ ਉਸ ਨੂੰ ਅਤਿਵਾਦੀ ਤੇ ਅਕਾਲ ਤਖਤ ਨੂੰ ਹਥਿਆਰਾਂ ਦੇ ਜ਼ਖੀਰੇ ਵਜੋਂ ਮਸ਼ਹੂਰ ਕਰ ਦੇਣਾ। ਇਕ ਸਰਕਾਰੀ ਮੁਲਾਜ਼ਮ, ਜੋ ਦੁਕਾਨ ‘ਤੇ ਚਾਹ ਪੀ ਰਿਹਾ ਹੈ, ਉਸ ਦੇ ਅਗਵਾ ਹੋਣ ਦੀ ਖਬਰ ਛਾਪ ਦੇਣਾ। ਜੇ ਕੋਈ ਪੁੱਛਣ ਵਾਲਾ ਹੋਵੇ ਕਿ ਨਿਰਦੋਸ਼ ਜੁਆਨਾਂ, ਬਜੁਰਗਾਂ ਤੇ ਮਾਸੂਮ ਬੱਚਿਆਂ ਨੂੰ ਕੋਹ-ਕੋਹ ਕੇ ਮਾਰਨਾ ਕਿਹੜੀ ਭਲੀ ਸਭਿਅਤਾ ਦੀ ਨਿਸ਼ਾਨੀ ਹੈ ਤੇ ਇਸ ਦੀ ਨਿਖੇਧੀ ਨਾ ਕਰਕੇ ਇਸ ਨੂੰ ਵਡਿਆਉਣਾ ਪੱਤਰਕਾਰਾਂ ਦੀ ਅਣਮਨੁੱਖੀ ਜ਼ਹਿਨੀਅਤ ਨਹੀਂ ਤਾਂ ਹੋਰ ਕੀ ਹੈ?
ਹੁਣ ਸੁਆਲ ਉਠਦਾ ਹੈ ਕਿ ਲੇਖਕ ਤਾਂ ਆਪ ਵੀ ਉਸ ਸਮੇਂ ਦੌਰਾਨ ਸਰਗਰਮ ਪੱਤਰਕਾਰ ਸੀ, ਫਿਰ ਕਿਉਂ ਇਸ ਦੌੜ ਵਿਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰ ਰਿਹਾ ਹੈ? ਅਸਲ ਵਿਚ ਪੁਸਤਕ ਨੂੰ ਲੇਖਕ ਦੀ ਆਤਮ ਕਥਾ ਵੀ ਕਿਹਾ ਜਾ ਸਕਦਾ ਹੈ ਜਿਸ ਨੂੰ ਲਿਖਣ ਲਈ ਪੂਰੀ ਉਮਰ ਦੇ ਤਜਰਬੇ ਦੀ ਲੋੜ ਨਹੀਂ। ਉਸ ਦੀ ਰਹਿੰਦੀ ਉਮਰ ਦਾ ਹਰ ਪੜਾਅ 84 ਦੇ ਤਜਰਬੇ ਨਾਲ ਬੱਝਾ ਹੋਵੇਗਾ। ਜਿਥੇ ਬਾਕੀ ਪੱਤਰਕਾਰਾਂ ਲਈ ਸੰਨ 84 ਸਿਰਫ ਘਟਨਾ-ਮਾਤਰ ਹੈ, ਉਥੇ ਲੇਖਕ ਲਈ ਇਹ ਸਾਕਾ ਇਨਸਾਨੀਅਤ ਦੀ ਮੌਤ, ਸਭਿਅਤਾ ਦਾ ਵਿਨਾਸ਼, ਸਿੱਖੀ ਸੰਕਲਪ ਨੂੰ ਢਾਹ, ਗੁਰੂ ਦੀ ਬੇਅਦਬੀ ਤੇ ਮੁਲਕ ਦੇ ਅਖੌਤੀ ਅਹਿੰਸਾਵਾਦ ਦੀ ਨੁਮਾਇਸ਼ ਹੈ, ਜਿਸ ਲਈ ਉਹ ਕੇਵਲ ਤਨਖਾਹ ਹੀ ਨਹੀਂ ਸਗੋਂ ਮਾਨਸਿਕ ਤਣਾਓ ਵੀ ਖੱਟ ਰਿਹਾ ਹੈ।
ਗਹੁ ਨਾਲ ਦੇਖ ਕੇ ਜੇ ਲੇਖਕ ਨੂੰ ਲੇਖਕ ਨਾ ਕਹਿ ਕੇ 84 ਦੇ ਰੰਗ ਮੰਚ ਦਾ ਸੂਤਰਦਾਰ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਪੁਸਤਕ ਦੇ ਸਫਿਆਂ ‘ਤੇ ਕਿਰਦਾਰ ਵਿਚਰਦੇ ਹਨ। ਹਰ ਕਿਰਦਾਰ ਆਪਣੀ ਵਾਰੀ ਆਉਣ ‘ਤੇ ਆਪਣੇ ਵਿਚਾਰ ਪੇਸ਼ ਕਰਦਾ ਹੈ ਤਾਂ ਜੋ ਦਰਸ਼ਕ ਨਾਟਕਕਾਰ ਦਾ ਪ੍ਰਸੰਗ ਸਮਝ ਸਕਣ। ਮਸਲਨ ਜੇ ਇਕ ਪਾਸੇ ਪੱਤਰਕਾਰਾਂ ਦੀ ਗੱਲਬਾਤ ਰਾਹੀਂ ਉਨ੍ਹਾਂ ਦੀ ਮਾਨਸਿਕ ਗਿਰਾਵਟ ਬਾਰੇ ਪਤਾ ਲੱਗ ਰਿਹਾ ਹੈ ਤਾਂ ਦੂਸਰੇ ਪਾਸੇ ਅਕਾਲ ਤਖਤ ਵਿਚ ਵਿਚਰ ਰਹੇ ਮਰਜੀਵੜਿਆਂ ਨਾਲ ਉਸ ਦੀ ਗੱਲਬਾਤ ਸ਼ਹੀਦਾਂ ਦੇ ਨਿਰਦੋਸ਼ ਹੋਣ ਦਾ ਸਬੂਤ ਪੇਸ਼ ਕਰ ਰਹੀ ਹੈ।
ਇਕ ਪਾਸੇ ਗੋਸ਼ਟੀਆਂ ਵਿਚ ਹਿੱਸਾ ਲੈ ਰਿਹਾ ਪੜ੍ਹਿਆ ਲਿਖਿਆ ਵਰਗ ਸੰਤਾਂ ਦੀ ਭੂਮਿਕਾ ਦੀ ਨਿਖੇਧੀ ਸਰਕਾਰੀ ਬੋਲੀ ਵਿਚ ਕਰ ਰਿਹਾ ਹੈ, ਦੂਜੇ ਪਾਸੇ ਇਕ ਧੜਾ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਬਾਖੂਬੀ ਜਾਣੂ ਹੈ ਤੇ ਖੂਨ ਦੇ ਹੰਝੂ ਵਹਾ ਰਿਹਾ ਹੈ। ਬਦਕਿਸਮਤੀ ਨਾਲ ਇਹ ਵਰਗ ਆਟੇ ਵਿਚ ਲੂਣ ਜਿੰਨਾ ਹੀ ਹੈ, ਜੋ ਇਸ ਵਹਿਸ਼ਤ ਦਾ ਮੁਲੰਕਣ ਬਹੁਤ ਵੱਡੇ ਦਾਇਰੇ ਵਿਚ ਕਰਦਾ ਹੈ। ਮਸਲਨ, ਬਾਬਾ ਗੁਰਦਿਆਲ ਸਿੰਘ ਸਿੰਧੀ ਪਾਸੋਂ ਪੂਰੇ ਭੂਗੋਲ ਦੀ ਰਾਜਨੀਤੀ ਫਰੋਲਣਾ। ਉਨ੍ਹਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਸਰਕਾਰਾਂ ਆਪਣੀ ਸਰਬਉਚਤਾ ਕਾਇਮ ਕਰਨ ਲਈ ਹਰ ਹੱਥਕੰਡਾ ਅਪਨਾਉਂਦੀਆਂ ਹਨ। ਪਹਿਲਾਂ ਵਰਗ ਵਿਸ਼ੇਸ਼ ਦੇ ਹੱਕਾਂ ਦਾ ਘਾਣ, ਫਿਰ ਉਸ ‘ਤੇ ਝੂਠੀਆਂ ਤੋਹਮਤਾਂ, ਉਸ ਮਗਰੋਂ ਉਨ੍ਹਾਂ ਨੂੰ ਵਿਦਰੋਹ ਲਈ ਉਕਸਾਉਣਾ ਤੇ ਫਿਰ ਉਨ੍ਹਾਂ ‘ਤੇ ਹਮਲਾ।
ਇਥੇ ਹੀ ਬਸ ਨਹੀਂ, ਜਮਹੂਰੀ ਸਰਕਾਰਾਂ ਆਪਣੇ ਤਾਨਾਸ਼ਾਹੀ ਰਵੱਈਏ ਨੂੰ ਸਮੇਂ ਦੀ ਮੰਗ ਤੇ ਆਖਰੀ ਇਲਾਜ ਦੱਸ ਕੇ ਲੋਕਾਂ ਤੋਂ ਹਮਦਰਦੀ ਹਾਸਲ ਕਰਨ ਵਿਚ ਮਾਹਰ ਹੁੰਦੀਆਂ ਹਨ ਤੇ ਪੰਜਾਬ ਵਿਚ ਵੀ ਇਹੀ ਦਾਅ ਵਰਤਿਆ ਗਿਆ। ਸਿੱਖਾਂ ਨੂੰ ਕੁਚਲਣ ਦੀ ਹਸਰਤ ਭਾਰਤ ਸਰਕਾਰ ਹਮੇਸ਼ਾ ਤੋਂ ਪਾਲੀ ਬੈਠੀ ਸੀ ਤੇ ਦਰਬਾਰ ਸਾਹਿਬ ‘ਤੇ ਹਮਲਾ ਉਨ੍ਹਾਂ ਦੀ ਮਜਬੂਰੀ ਨਹੀਂ ਸਗੋਂ ਹਸਰਤ ਸੀ ਤੇ ਇਸ ਹਸਰਤ ਦੀ ਸੰਪੂਰਨਤਾ ਦੇ ਮਨਸੂਬੇ ਦਹਾਕਿਆਂ ਤੋਂ ਬਣ ਰਹੇ ਸਨ।
ਲੇਖਕ ਨੇ ਕੇਂਦਰ ਸਰਕਾਰ ਵਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣ ਦੀ ਰਣਨੀਤੀ ਨੂੰ ‘ਹਿੰਦੁਸਤਾਨ ਦਾ ਪੰਜਾਬ ਉਤੇ ਹਮਲਾ’ ਵਜੋਂ ਬਿਆਨ ਕੀਤਾ ਹੈ ਤੇ ਪੋਲ ਖੋਲ੍ਹੀ ਹੈ, ਦੇਸ਼ ਦੀ ਅਖੰਡਤਾ ਨੂੰ ਬਚਾਉਣ ਦੇ ਉਸ ਢੰਗ ਦੀ ਜਿਸ ਨੂੰ ਵੇਖ ਕੇ ਅਬਦਾਲੀ ਵੀ ਗਸ਼ ਖਾ ਜਾਵੇ। ਦੂਜੇ ਪਾਸੇ ਅਮਨ ਦੀ ਬਹਾਲੀ ਸਿੱਖਾਂ ਦਾ ਮੂਲ ਮਕਸਦ ਸੀ ਤੇ ਹਥਿਆਰ ਚੁੱਕਣਾ ਉਨ੍ਹਾਂ ਦੀ ਮਜਬੂਰੀ। ਕਿਸੇ ਉਰਦੂ ਸ਼ਾਇਰ ਦੀਆਂ ਸਤਰਾਂ ਉਨ੍ਹਾਂ ‘ਤੇ ਸਹੀ ਢੁੱਕਦੀਆਂ ਹਨ:
ਹਮ ਅਮਨ ਚਾਹਤੇ ਹੈਂ ਜ਼ੁਲਮ ਕੇ ਖਿਲਾਫ।
ਗਰ ਜੰਗ ਲਾਜ਼ਮੀ ਹੈ ਤੋ ਫਿਰ ਜੰਗ ਹੀ ਸਹੀ।
ਜੇ ਸਰਕਾਰ ਚਾਹੁੰਦੀ ਤਾਂ ਇਹ ਸਭ ਕੁਝ ਨਾ ਹੁੰਦਾ, ਪਰ ਸਰਕਾਰ ਨੇ ਇਹ ਸਭ ਕੁਝ ਕਰਨਾ ਹੀ ਸੀ। ਸੰਤ ਤਾਂ ਦਰਬਾਰ ਸਾਹਿਬ ਨੂੰ ਰਣਭੂਮੀ ਬਣਾਉਣ ਦਾ ਬਹਾਨਾ ਸਨ। ਬਾਬਾ ਸਿੰਧੀ ਵਲੋਂ ‘ਮੈਕਾਰਥਿਜ਼ਮ’ ਦੀ ਵਿਆਖਿਆ ਵੀ ਇਹੀ ਸਾਬਤ ਕਰਦੀ ਹੈ ਕਿ ਅਖੌਤੀ ਲੋਕਤੰਤਰ ਵਿਚ ਸਭ ਚਲਦਾ ਹੈ, ਫਿਰ ਭਾਵੇਂ ਸਰਕਾਰ ਬ੍ਰਾਹਮਣ ਦੀ ਹੋਵੇ, ਬਰਤਾਨਵੀ ਦੀ ਜਾਂ ਨਾਜ਼ੀ ਦੀ, ਕੋਈ ਫਰਕ ਨਹੀਂ ਪੈਂਦਾ।
ਦਸਮ ਪਾਤਸ਼ਾਹ ਨੇ ਜੰਗ ਦੇ ਮੈਦਾਨ ਦੇ ਹਾਲਾਤ ਕਦੇ ਇਉਂ ਕਲਮਬਧ ਕੀਤੇ ਸਨ:
ਤਰੰਕਾਰ ਤੀਰੋ ਤਰੰਗੇ ਕਮਾਂ
ਬਰਆਮਦ ਯਕੇ ਹਾਇ ਹੂ ਅਜ਼ ਜਹਾਂ।
ਟੈਂਕਾਂ ਦੀ ਗੜਗੜਾਹਟ, ਤੋਪਾਂ ਦੇ ਗੋਲੇ, ਮਸ਼ੀਨਗੰਨਾਂ ਦੀ ਤੜ-ਤੜ, ਪਲੀਤੇ ਦੇ ਭਾਂਬੜ, ਮਨੁੱਖੀ ਚੀਕਾਂ ਦਾ ਅਸਮਾਨ ਪਾੜੂ ਰੌਲਾ ਪੁਸਤਕ ਦੇ ਪੰਨਿਆਂ ‘ਤੇ ਪ੍ਰਤੱਖ ਨਜ਼ਰ ਆਉਂਦਾ ਹੈ, ਤੇ ਲਗਦਾ ਹੈ ਕਿ ਬਾਦਸ਼ਾਹਤ ਜਿਸ ਦੀ ਮਰਜ਼ੀ ਹੋਵੇ, ਸਿੱਖ ਹਮੇਸ਼ਾ ਹੀ ਸਭ ਨੂੰ ਨਾਗਵਾਰ ਗੁਜ਼ਰਨਗੇ ਅਤੇ ਪਤਾ ਨਹੀਂ ਕਿੰਨੀਆਂ ਕੁ ਹੋਰ ਚਮਕੌਰ ਦੀਆਂ ਗੜ੍ਹੀਆਂ ਉਲੀਕੀਆਂ ਜਾਣਗੀਆਂ ਤੇ ਉਨ੍ਹਾਂ ਸਾਰੀਆਂ ‘ਤੇ ਦਸਮ ਪਾਤਸ਼ਾਹ ਦਾ ਉਪਰੋਕਤ ਕਲਾਮ ਢੁਕਦਾ ਰਹੇਗਾ।
ਲੇਖਕ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਇਹ ਪੁਸਤਕ ਬਿਨਾ ਕਿਸੇ ਪੱਖਪਾਤ ਦੇ ਲਿਖੀ ਹੈ। ਜੇ ਇਕ ਪਾਸੇ ਮੌਜੂਦਾ ਸਰਕਾਰ ਦੇ ਕੋਝੇ ਫੈਸਲੇ ਤੇ ਸ਼ਰਮਨਾਕ ਕਾਰਗੁਜ਼ਾਰੀਆਂ ਨੂੰ ਬਿਆਨਿਆ ਤਾਂ ਦੂਜੇ ਪਾਸੇ ਅਕਾਲੀ ਲੀਡਰਾਂ ਦੇ ਮੌਜੂਦਾ ਹਾਲਾਤ ਪ੍ਰਤੀ ਰਵੱਈਏ ਦੀ ਸੱਚਾਈ ਨੂੰ ਵੀ ਉਭਾਰਿਆ ਤਾਂ ਜੋ ਪਾਠਕ ਇਸ ਸਰਵਨਾਸ਼ ਵਿਚ ਉਨ੍ਹਾਂ ਦੀ ਭਾਈਵਾਲੀ ਤੇ ਸੁਆਰਥ ਨੂੰ ਵੀ ਸਮਝ ਸਕਣ। ਲੇਖਕ ਦੀ ਕਲਮ ਸਰਕਾਰ ਅਤੇ ਅਕਾਲੀ ਲੀਡਰਾਂ ਦੀਆਂ ਬੇਗੈਰਤੀਆਂ, ਜਿੰਨੀ ਦਲੇਰੀ ਨਾਲ ਕਲਮਬਧ ਕਰਦੀ ਜਾ ਰਹੀ ਹੈ, ਮਰਜੀਵੜਿਆਂ ਦਾ ਸਿਰੜ ਤੇ ਗੁਰੂ ‘ਤੇ ਭਰੋਸਾ ਓਨਾ ਹੀ ਪ੍ਰਚੰਡ ਹੋ ਕੇ ਉਜਾਗਰ ਹੋ ਰਿਹਾ ਹੈ। ਮਿਸਾਲ ਵਜੋਂ ਸੁਰਿੰਦਰ ਸੋਢੀ ਦਾ ਕਤਲ ਤੇ ਸੰਤਾਂ ਦਾ ਉਸ ਘਟਨਾ ਬਾਰੇ ਪ੍ਰਤੀਕਰਮ, ਜਾਂ ਫਿਰ ਬਿਗ੍ਰੇਡੀਅਰ ਮਹਿੰਦਰ ਸਿੰਘ ਦੇ ਵਿਅੰਗ ਕੱਸਣ ‘ਤੇ ਸੰਤਾਂ ਦਾ ਦਲੇਰਾਨਾ ਜੁਆਬ ‘ਤੇਰੇ ਵਰਗੇ ਬਹੁਤ ਜਰਨੈਲ ਦੇਖੇ ਨੇ… ਜਾਓ ਆਪਣਾ ਕੰਮ ਕਰੋ।’ ਸੰਤਾਂ ਨੂੰ ਇਹ ਵੀ ਭਰੋਸਾ ਹੈ ਕਿ ਜੇ ਸਰਕਾਰ ਕੋਈ ਕੋਝੀ ਹਰਕਤ ਕਰਦੀ ਹੈ ਤਾਂ ਚਮਕੌਰ ਦੀ ਗੜ੍ਹੀ ਦਾ ਇਤਿਹਾਸ ਮਰਜੀਵੜੇ ਦੁਹਰਾ ਦੇਣਗੇ। ਪੁਸਤਕ ਵਿਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਕਿ ਕਿਸੇ ਹਿੰਸਕ ਗੱਲ ਦੀ ਸ਼ੁਰੂਆਤ ਸਿੰਘ ਆਪ ਕਰ ਰਹੇ ਹਨ। ਅਖੌਤੀ ਲੀਡਰਾਂ ਤੇ ਫੌਜ ਨੂੰ ਜਿੰਨੀ ਭਾਜੜ ਇਨ੍ਹਾਂ ਨੂੰ ਮਾਰ ਮੁਕਾਉਣ ਦੀ ਪਈ ਹੈ, ਮਰ ਮੁੱਕਣ ਵਾਲੇ ਓਨੀ ਹੀ ਸ਼ਿੱਦਤ ਨਾਲ ਗੁਰੂ ਦੇ ਹੁਕਮ ਨੂੰ ਪੁਗਾਉਣ ਲਈ ਤਿਆਰੀ ਵੱਟੀ ਬੈਠੇ ਹਨ। ਇਥੇ ਮੈਨੂੰ ਨੌਜੁਆਨ ਖਿਡਾਰੀ ਹਰਮਨਜੀਤ ਸਿੰਘ ਦੀਆਂ ਸਤਰਾਂ ਯਾਦ ਆਉਂਦੀਆਂ ਹਨ:
ਜਿੰਨੀ-ਜਿੰਨੀ ਵੈਰੀ ਅੱਤ ਚੱਕਣੀ,
ਓਨਾ-ਓਨਾ ਸਿਦਕਾਂ ਨੇ ਪੱਕਣਾ।
ਮੋਰਚੇ ਤੋਂ ਲੈ ਕੇ ਸੰਤਾਂ ਦੀ ਸ਼ਹੀਦੀ ਤੱਕ ਦਾ ਸਫਰ ਤਾਂ ਕਈ ਲਿਖਾਰੀਆਂ ਦੀਆਂ ਕਲਮਾਂ ਨੇ ਤੈਅ ਕੀਤਾ ਹੈ ਪਰ ਅਕਾਲ ਤਖਤ ਦੇ ਫਨਾਹ ਹੋ ਜਾਣ ਤੇ ਸਰਕਾਰੀ ਠੇਕੇਦਾਰਾਂ ਵਲੋਂ ਤਖਤ ਦੀ ਮੁੜ ਉਸਾਰੀ, ਸ਼ਹੀਦਾਂ ਦੇ ਸਿਵਿਆਂ ‘ਤੇ ਪੱਕਦੀਆਂ ਸਿਆਸੀ ਰੋਟੀਆਂ, ਖਾੜਕੂ ਸਿੰਘਾਂ ਨੂੰ ਦਿਸ਼ਾਹੀਣ ਕਰਨ ਦੀ ਸਾਜ਼ਿਸ਼, ਸੰਤਾਂ ਦੇ ਜ਼ਿੰਦਾ ਹੋਣ ਦੀ ਅਫਵਾਹ ਮਗਰ ਸੱਚਾਈ ਆਦਿ ਤੱਥਾਂ ਨੂੰ ਜਸਪਾਲ ਸਿੰਘ ਸਿੱਧੂ ਨੇ ਬੇਬਾਕੀ ਨਾਲ ਬਿਆਨਿਆ ਹੈ।
ਕਿਤਾਬ ਦੀ ਖਾਸੀਅਤ ਹੀ ਇਹ ਹੈ ਕਿ ਹੁਣ ਤੱਕ ਕਿਤਾਬਾਂ ਦੂਜਿਆਂ ਦੇ ਬਿਆਨਾਂ ਦੇ ਆਧਾਰ ‘ਤੇ ਲਿਖੀਆਂ ਗਈਆਂ ਪਰ ਇਹ ਕਿਤਾਬ ਕੋਈ ਕਥਾ ਕਹਾਣੀ ਨਾ ਹੋ ਕੇ ਘਟਨਾਕ੍ਰਮ ਦਾ ਵਿਸ਼ਲੇਸ਼ਣ ਹੈ ਜੋ ਲੇਖਕ, ਲੇਖਕ ਨਾ ਹੋ ਕੇ ਗਵਾਹ ਬਣ ਕੇ ਕਰ ਰਿਹਾ ਹੈ। ਇਹ ਵਿਸ਼ਲੇਸ਼ਣ ਸਪਸ਼ਟ ਕਰਦਾ ਹੈ ਕਿ ਕਿਸ ਤਰ੍ਹਾਂ ਆਪਣੇ ਸਮਝੇ ਜਾਣ ਵਾਲਿਆਂ ਲਈ ਮੋਰਚਾ ਸਿਰਫ ਸਿਆਸੀ ਚਾਲ ਤੇ ਸਿੱਖ ਕੌਮ ਪ੍ਰਤੀ ਵਿਸ਼ਵਾਸਘਾਤ ਸੀ। ਆਪਣਿਆਂ ਦੇ ਝੂਠੇ ਦਾਅਵਿਆਂ ਤੇ ਤਸੱਲੀਆਂ ਮਗਰ ਲੱਗ ਕੇ ਸਿੱਖ ਨੌਜੁਆਨਾਂ ਨੇ ਜਾਨਾਂ ਵਾਰ ਦਿੱਤੀਆਂ, ਜਿਸ ਤੋਂ ਜਾਹਰ ਹੈ ਕਿ ਜੂਨ 84 ਲਈ ਸਿਰਫ ਇਕ ਸਿਆਸੀ ਪਾਰਟੀ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਅਗਿਆਨਤਾ ਹੈ।
ਜਿਸ ਦਿਨ ਮੈਂ ਇਹ ਪੁਸਤਕ ਪੜ੍ਹਨੀ ਅਰੰਭ ਕੀਤੀ, ਸਬੱਬੀਂ ਉਸੇ ਦਿਨ ਹੀ ਸਿਰੀ ਰਾਗ ਵਿਚ ਪਹਿਲੇ ਪਾਤਸ਼ਾਹ ਦੀ ਬਾਣੀ ਪੜ੍ਹੀ ਜਿਸ ਵਿਚ ਗੁਰੂ ਸਾਹਿਬ ਨੇ ਮਨੁੱਖੀ ਜੀਵਨ ਦੇ ਚਾਰ ਪਹਿਰਾਂ ਦੀ ਗੱਲ ਕੀਤੀ ਸੀ। ਚੌਥੇ ਪਹਿਰ ਬਾਰੇ ਲਿਖਦੇ ਹਨ:
ਚਊਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ॥
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ॥
ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥
ਝੂਠਾ ਰੁਦਨੁ ਹੋਆ ਦੋਆਲੈ ਖਿਨ ਮਹਿ ਭਇਆ ਪਰਾਇਆ॥
ਸਮਝ ਆ ਗਿਆ ਕਿ ਲੇਖਕ ਨੇ ਵੀ ਲੋਕਾਂ ਵਾਂਗੂ ਰੁਜ਼ਗਾਰ ਕਮਾਇਆ ਸੀ ਪਰ ਸਿੱਖ ਹੋਣ ਦੇ ਫਰਜ਼ ਦੀ ਅਦਾਇਗੀ ਵੀ ਗੁਰੂ ਨੇ ਉਸ ਤੋਂ ਕਰਵਾ ਲਈ ਸੀ। ਜੋ ਕੁਝ ਵੀ ਉਨ੍ਹਾਂ ਲਿਖਿਆ, ਇਹ ਲਿਖਣਾ ਬਣਦਾ ਸੀ।
ਕਾਸ਼! ਇਹ ਗੱਲ ਉਨ੍ਹਾਂ ਸਭਨਾਂ ਨੂੰ ਵੀ ਸਮਝ ਆ ਜਾਵੇ ਜੋ ਅਕਾਲ ਤਖਤ ਦੇ ਵਿਨਾਸ਼ ਵਿਚ ਭਾਗੀਦਾਰ ਬਣੇ, ਕਿਉਂਕਿ ਝੂਠੀਆਂ ਖਬਰਾਂ, ਸੱਤਾ ਦੀ ਚਾਪਲੂਸੀ, ਸੱਚੇ ਪਾਤਸ਼ਾਹ ਵਲੋਂ ਉਸਾਰੇ ਤਖਤ ਦਾ ਵਿਨਾਸ਼, ਬੇਦੋਸ਼ਿਆਂ ਦੀ ਕਤਲੋਗਾਰਤ ਤੋਂ ਬਾਅਦ ਭਾਵੇਂ ਜਿੰਨੇ ਵੀ ਤਮਗੇ ਜਾਂ ਸਰਮਾਇਆ ਸਰਕਾਰੀ ਦਰਬਾਰ ਤੋਂ ਹਾਸਲ ਹੋ ਗਿਆ ਹੋਵੇ ਪਰ ਚੌਥਾ ਪਹਿਰ ਤਾਂ ਸਭ ‘ਤੇ ਹੀ ਆਉਣਾ ਹੈ ਤੇ ਗੁਰੂ ਦਾ ਆਖਿਆ ਸਿਰਫ ਸਿੱਖਾਂ ‘ਤੇ ਹੀ ਨਹੀਂ ਲਾਗੂ ਹੁੰਦਾ। ਜਮਾਂ ਨੇ ਭੇਤ ਤਾਂ ਕਿਸੇ ਨੂੰ ਵੀ ਨਹੀਂ ਦੇਣਾ। ਦੋ ਗਜ਼ ਚਿੱਟਾ ਕਪੜਾ ਪਾ ਕੇ ਘੜੀ ਦੀ ਘੜੀ ਵਿਰਲਾਪ ਕਰ ਕੇ ਆਪਣਿਆਂ ਨੇ ਹੀ ਅਗਨ ਭੇਟ ਕਰ ਦੇਣਾ ਹੈ ਤੇ ਫਿਰ ਕਿਉਂ ਨਾ ਗੁਰੂ ਅੱਗੇ ਸੱਚਾਈ ਕਬੂਲ ਕਰ ਲਈ ਜਾਵੇ। ਉਮਰ ਦੇ ਚੌਥੇ ਪਹਿਰ ਵਿਚ ਆ ਕੇ ਖੁੰਝਾਉਣ ਜੋਗਾ ਰਹਿ ਵੀ ਕੀ ਜਾਣਾ ਹੈ? ਉਂਜ ਵੀ ਤਾਂ ਬੰਦਾ ਭਾਵੇਂ ਸਰੀਰੋਂ ਜਿੰਨਾ ਮਰਜ਼ੀ ਹੌਲਾ ਹੋਵੇ, ਮਰਨ ਉਪਰੰਤ ਉਸ ਦਾ ਭਾਰ ਬਹੁਤ ਵਧ ਜਾਂਦਾ ਹੈ ਤੇ ਹੱਡੀਆਂ ਦੇ ਭਾਰ ‘ਤੇ ਤਾਂ ਬੰਦੇ ਦਾ ਕੋਈ ਵਸ ਨਹੀਂ; ਦਿਮਾਗੀ ਭਾਰ ਤੋਂ ਤਾਂ ਬੰਦਾ ਮੁਕਤੀ ਹਾਸਲ ਕਰ ਹੀ ਸਕਦਾ ਹੈ ਤਾਂ ਜੋ ਉਸ ਨੂੰ ਚੁੱਕਣ ਵਾਲਿਆਂ ਦੇ ਵੀ ਚੁੱਕਾਂ ਨਾ ਪੈਣ। ਜੇ ਭੋਗ- ਵਿਲਾਸ ਦੇ ਪਦਾਰਥ ਮਰਨ ਮਗਰੋਂ ਜੱਗ ਜਾਹਰ ਹੋ ਜਾਣੇ ਨੇ, ਤਾਂ ਕਿਉਂ ਨਾ ਦਿਮਾਗੀ ਬੋਝ ਵੀ ਉਸ ਦੁਨੀਆਂ ਅੱਗੇ ਜਾਹਰ ਕਰ ਲਿਆ ਜਾਵੇ ਤਾਂ ਜੋ ਸਾਡੇ ਸ਼ਬਦ ਕੋਸ਼ ਵਿਚ ‘ਜ਼ਮੀਰ’ ਨਾਂ ਦਾ ਲਫਜ਼ ਹਮੇਸ਼ਾ ਬਣਿਆ ਰਹੇ।