ਹੈ ਕੋਈ ਮਾਈ ਦਾ ਲਾਲ!

ਜਸਵੰਤ ਸਿੰਘ ਕੰਵਲ ਦੀ ਝੰਡੀ
ਸਾਹਿਤ ਰਤਨ ਜਸਵੰਤ ਸਿੰਘ ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋ ਗਿਐ। ਉਸ ਨੇ ਅੱਸੀ ਸਾਲ ਲਿਖਣ ਤੇ ਸੌ ਸਾਲ ਜਿਉਂਦੇ ਰਹਿਣ ਦਾ ਰਿਕਾਰਡ ਰੱਖ ਦਿੱਤੈ। ਵਿਸ਼ਵ ਭਰ ਦੀਆਂ ਭਾਸ਼ਾਵਾਂ ‘ਚ ਸ਼ਾਇਦ ਹੀ ਕੋਈ ਨਾਮੀ ਸਾਹਿਤਕਾਰ ਹੋਵੇ ਜਿਸ ਨੇ ਅੱਸੀ ਵਰ੍ਹੇ ਲਗਾਤਾਰ ਲਿਖਿਆ ਹੋਵੇ ਤੇ ਸੌ ਸਾਲ ਜੀਵਿਆ ਹੋਵੇ। ਵਡਉਮਰੇ ਬਰਨਾਰਡ ਸ਼ਾਅ, ਬਰਟਰੰਡ ਰੱਸਲ ਤੇ ਖੁਸ਼ਵੰਤ ਸਿੰਘ ਜਿਹੇ ਨਾਮਵਰ ਲੇਖਕ ਸੈਂਚਰੀ ਮਾਰਦੇ ਮਾਰਦੇ ਰਹਿ ਗਏ। ਆਖਰ ਇਹ ਸੈਂਚਰੀ ਮਾਰਨੀ ਇਕ ਪੰਜਾਬੀ ਲੇਖਕ ਦੇ ਹਿੱਸੇ ਆਈ।

ਆਲੋਚਕ ਤੇ ਲੇਖਕ, ਸਭ ਮੰਨਦੇ ਹਨ ਕਿ ਕੰਵਲ ਨੇ ਪੰਜਾਬੀ ਦੇ ਸਭ ਤੋਂ ਵੱਧ ਪਾਠਕ ਪੈਦਾ ਕੀਤੇ ਹਨ।

ਪ੍ਰਿੰ. ਸਰਵਣ ਸਿੰਘ
ਕੰਵਲ ਨੂੰ ਮੈਂ ਉਠਦਾ ਬੈਠਦਾ, ਤੁਰਦਾ ਫਿਰਦਾ, ਪੜ੍ਹਦਾ ਲਿਖਦਾ, ਬੋਲਦਾ ਚਲਦਾ, ਹਸਦਾ ਖੇਡਦਾ, ਮਸਤੀ ਮਾਰਦਾ, ਇਸ਼ਕ ਕਰਦਾ ਤੇ ਹੰਝੂ ਵਹਾਉਂਦਾ ਵੇਖਦਾ ਰਿਹਾਂ। 1967 ਤੋਂ ਉਹਨੂੰ ਅਨੇਕਾਂ ਰੰਗਾਂ ਤੇ ਰੌਆਂ ‘ਚ ਵੇਖਿਆ। ਕਦੇ ਖੇੜੇ ‘ਚ ਖਿੜਦਾ, ਕਦੇ ਉਦਾਸੀ ‘ਚ ਝੂਰਦਾ; ਕਦੇ ਕਾਨਫਰੰਸਾਂ ‘ਤੇ ਜਾਂਦਾ, ਕਦੇ ਸਾਹਿਤ ਸਭਾਵਾਂ ‘ਚ ਬੋਲਦਾ; ਕਦੇ ਕੋਟ ਪੈਂਟ ਪਾਏ ਹੁੰਦੇ, ਕਦੇ ਲੁੰਗੀ ਲਾਈ ਹੁੰਦੀ; ਕਦੇ ਮੰਡਾਸਾ ਮਾਰਦਾ, ਕਦੇ ਪੋਚਵੀਂ ਪੱਗ ਬੰਨ੍ਹਦਾ; ਕਦੇ ਸਿਰ ਨਿੱਘਾ ਰੱਖਣ ਲਈ ਲੋਈ ਵਲ੍ਹੇਟੀ ਹੁੰਦੀ। ਕਦੇ ਉਸ ਨੇ ਨੰਗੇ ਸਿਰ ‘ਤੇ ਪਰਨਾ ਵਲ੍ਹੇਟਿਆ ਹੁੰਦਾ; ਕਦੇ ਕੰਬਲੀ ਦੀ ਬੁੱਕਲ, ਕਦੇ ਖੇਸ ਦੀ ਬੁੱਕਲ। ਕਦੇ ਧੂਣੀ ਰਮਾਉਂਦਾ, ਕਦੇ ਧੁੱਪ ਸੇਕਦਾ। ਕਦੇ ਵੱਟ ਬੰਨੇ, ਕਦੇ ਟਾਹਲੀ ਦੀ ਛਾਂਵੇਂ। ਕਦੇ ਪੱਬਾਂ ਭਾਰ ਬੈਠਾ ਤੇ ਕਦੇ ਵਰਾਂਡੇ ‘ਚ ਝੂਲਾ ਝੂਲਦਾ। ਕਦੇ ਨਿਆਣਿਆਂ ਨਾਲ ਕੌਡਾਂ ਖੇਡਦਾ ਤੇ ਉਨ੍ਹਾਂ ਦੇ ਬੋਦਿਆਂ ਨੂੰ ਵੱਟ ਦਿੰਦਾ। ਕਦੇ ਅੰਦਰਲੇ ਘਰ, ਕਦੇ ਬਾਹਰਲੀ ਕੋਠੀ। ਕਦੇ ਤਾਸ਼ ਖੇਡਦਾ, ਕਦੇ ਸ਼ਤਰੰਜ। ਕਦੇ ਡਾਕਘਰ ਤੇ ਕਦੇ ਢੁੱਡੀਕੇ ਦੀ ਫਿਰਨੀ ‘ਤੇ। ‘ਕੇਰਾਂ ਢੁੱਡੀਕੇ ਦੇ ਖੇਡ ਮੇਲੇ ਵਿਚ ਕਬੱਡੀ ਦੇ ਮੈਚ ਖਿਡਾਉਂਦਿਆਂ ਉਹ ਥੱਕ ਕੇ ਬਹਿ ਗਿਆ। ਦਿਨ ਛਿਪਣ ਦੇ ਨੇੜੇ ਸੀ। ਅਸੀਂ ਇਕ ਮੈਚ ਹੋਰ ਖਿਡਾਉਣਾ ਸੀ। ਮੈਨੂੰ ਮੌਕੇ ਦੀ ਔੜੀ, “ਉਠੋ, ਲਓ ਫੜੋ ਵਿਸਲ। ਹੈਗੀ ਆ ਬਾਹਰੋਂ ਆਈ ਸ਼ੀਵਾਸ਼ ਰੀਗਲ। ਲਾਹਦੂੰ ਥਕੇਵਾਂ।” ਖੁਸ਼ ਹੋਇਆ ਕਹਿੰਦਾ, “ਮਾਰਾਂ ਫੇਰ ਛਾਲ?”
ਮੈਂ ਕਿਹਾ, “ਮਾਰ ਲਓ, ਪਰ ਮਾਰਿਓ ਬਚ ਕੇ, ਮੈਂ ਚੱਕਣਾ ਨ੍ਹੀਂ!”
“ਓਏ ਤੂੰ ਨ੍ਹੀਂ ਚੱਕੇਂਗਾ ਤਾਂ ਹੋਰ ਕੌਣ ਚੱਕੂ?” ਏਨੀ ਮੇਰ ਸੀ ਉਹਨੂੰ ਮੇਰੇ ‘ਤੇ।
1967 ਵਿਚ ਉਹਨੇ ਹੀ ਮੈਨੂੰ ਦਿੱਲੀ ਦੇ ਖਾਲਸਾ ਕਾਲਜ ਤੋਂ ਪੱਟਿਆ ਸੀ, ਵਰਨਾ ਮੈਂ ਦਿੱਲੀ ‘ਚ ਦਿਲ ਲਾਈ ਰੱਖਣਾ ਸੀ। ਉਦੋਂ ਦਿੱਲੀ ਤੋਂ ਪਿੰਡਾਂ ਵੱਲ ਕੋਈ ਘੱਟ ਹੀ ਪਰਤਦਾ ਸੀ। ਕਈ ਵਾਰ ਮੈਂ ਖੁਦ ਹੈਰਾਨ ਹੁੰਨਾਂ ਕਿ ਮੈਂ ਕਿਵੇਂ ਪਰਤ ਪਿਆ? ਅਸਲ ਵਿਚ ਕੰਵਲ ਦਾ ਮਿਹਣਾ ਦਿਲ ‘ਚ ਵੱਜਾ ਸੀ, ਅਖੇ ਪਿੰਡਾਂ ਦਿਆਂ ਪੜ੍ਹਿਆਂ ਨੇ ਜੇ ਸ਼ਹਿਰਾਂ ਦੀ ਅੰਗੂਰੀ ਚਰਨੀ ਐ ਤਾਂ ਤੁਹਾਨੂੰ ਪੜ੍ਹਾਉਣ ਦਾ ਕੀ ਫਾਇਦਾ? ਕੰਵਲ ਦੇ ਆਖੇ ਮੈਂ ਕਰੀਬ ਤੀਹ ਸਾਲ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਕਾਲਜ ਵਿਚ ਪੜ੍ਹਾਇਆ ਤੇ ਵੀਹ ਸਾਲ ਉਸ ਦਾ ਗੁਆਂਢੀ ਬਣਿਆ ਰਿਹਾ। ਕਾਲਜ ਸਰਕਾਰੀ ਹੋ ਜਾਣ ‘ਤੇ ਵੀ ਬਦਲੀ ਦੇ ਚੱਕਰ ਵਿਚ ਨਹੀਂ ਪਿਆ। ਢੁੱਡੀਕੇ ਰਹਿਣ ਕਾਰਨ ਬਹੁਤੇ ਬੰਦੇ ਮੈਨੂੰ ਢੁੱਡੀਕੇ ਦਾ ਹੀ ਸਮਝਦੇ ਹਨ ਜਦ ਕਿ ਮੇਰਾ ਆਪਣਾ ਪਿੰਡ ਚਕਰ ਉਥੋਂ ਵੀਹ ਕਿਲੋਮੀਟਰ ਹੈ।
24 ਜੂਨ 1967 ਦਾ ਦਿਨ ਸੀ। ਲਾਲਾ ਲਾਜਪਤ ਰਾਏ ਜਨਮ ਸਥਾਨ ਯਾਦਗਾਰ, ਜਿਸ ਨੂੰ ਪਿੰਡ ਵਾਲੇ ‘ਲਾਲੇ ਦੀ ਜਗ੍ਹਾ’ ਕਹਿੰਦੇ ਹਨ, ਉਥੇ ਲੈਕਚਰਾਰਾਂ ਦੀ ਇੰਟਰਵਿਊ ਹੋਈ। ਚੋਣ ਕਮੇਟੀ ਵਿਚ ਲਾਲਾ ਜੀ ਦਾ ਸਾਥੀ ਲਾਲਾ ਮੋਹਨ ਲਾਲ, ਪ੍ਰਧਾਨ ਕਾਲਜ ਕਮੇਟੀ, ਪ੍ਰਿੰ. ਐਲ਼ ਰਾਮਾਚੰਦਰਨ, ਸਕੱਤਰ ਸੱਤਪਾਲ ਗਰੋਵਰ, ਜਸਵੰਤ ਸਿੰਘ ਕੰਵਲ ਤੇ ਚੂਹੜਚੱਕ ਦਾ ਜਥੇਦਾਰ ਭਜਨ ਸਿੰਘ ਸਿੱਧੂ ਬੈਠੇ ਸਨ। ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ। ਜਥੇਦਾਰ ਹਰੇਕ ਨੂੰ ਇਕੋ ਸਵਾਲ ਪੁੱਛਦਾ, “ਸੱਚੋ ਸੱਚ ਦੱਸ, ਸ਼ਰਾਬ ਪੀ ਲੈਨਾਂ?” ਹਰੇਕ ਈ ਕਹਿ ਦਿੰਦਾ, “ਨਹੀਂ ਜੀ, ਮੈਂ ਤਾਂ ਕਦੇ ਨਹੀਂ ਪੀਤੀ।” ਇਹ ਗੱਲ ਇੰਟਰਵਿਊ ਦੇ ਕੇ ਆਇਆ ਉਮੀਦਵਾਰ ਹੋਰਨਾਂ ਨੂੰ ਆ ਦੱਸਦਾ।
ਮੇਰੀ ਵਾਰੀ ਆਈ ਤਾਂ ਜਥੇਦਾਰ ਨੇ ਪੁੱਛਿਆ, “ਥੋਡੇ ਪਿੰਡ ਸਿੱਧੂ ਹੈਗੇ?” ਮੈਂ ਕਿਹਾ, “ਹਾਂ ਜੀ ਹੈਗੇ।” ਫਿਰ ਪੁੱਛਣ ਲੱਗਾ, “ਤੂੰ ਕਿਨ੍ਹਾਂ ‘ਚੋਂ ਐਂ?” ਕਿਉਂਕਿ ਮੇਰੇ ਨਾਂ ਨਾਲ ਗੋਤ ਨਹੀਂ ਸੀ ਲੱਗਾ ਹੋਇਆ, ਇਸ ਲਈ ਜਥੇਦਾਰ ਤਸੱਲੀ ਕਰਨੀ ਚਾਹੁੰਦਾ ਸੀ ਕਿ ਇਹ ਭਾਈ ਕਿਨ੍ਹਾਂ ‘ਚੋਂ ਐ? ਮੈਂ ਆਖਿਆ, “ਮੈਂ ਸੰਧੂਆਂ ‘ਚੋਂ ਆਂ।”
ਉਸ ਨੇ ਫਿਰ ਉਹੀ ਸ਼ਰਾਬ ਪੀਣ ਵਾਲਾ ਸੁਆਲ ਪੁੱਛਿਆ। ਮੈਂ ਮਚਲਾ ਬਣਦਿਆਂ ਕਿਹਾ, “ਮੈਨੂੰ ਤੁਹਾਡੇ ਸੁਆਲ ਦੀ ਸਮਝ ਨਹੀਂ ਆਈ।”
ਹਫਤਾ ਪਹਿਲਾਂ ਮੈਂ ਪਊਆ ਪੀ ਕੇ ਫੈਂਟਰ ਮਾਰ ਬੈਠਾ ਸਾਂ ਤੇ ਇਕ ਮਣ ਦੀ ਥਾਂ ਨੌਂ ਮਣ ਪੀ ਬੀ 18 ਕਣਕ ਦਾ ਬੀਜ ਲੈ ਆਇਆ ਸਾਂ। ਪਊਏ ਨੇ ਮੈਥੋਂ ਵੱਡੀ ਮੱਲ ਮਰਵਾ ਦਿੱਤੀ ਸੀ ਜਿਸ ਨਾਲ ਘਰ ਦੀ ਆਰਥਿਕ ਹਾਲਤ ਸੁਧਰ ਜਾਣੀ ਸੀ। ਪੀਤੀ ‘ਤੇ ਪਰਦਾ ਕਿਵੇਂ ਪਾਉਂਦਾ? ਕੰਵਲ ਨੇ ਵਿਚੋਂ ਈ ਕਿਹਾ, “ਚਲੋ ਛੱਡੋ, ਕੋਈ ਹੋਰ ਸੁਆਲ ਪੁੱਛੋ।”
ਪਰ ਜਥੇਦਾਰ ਨੇ ਖੰਘੂਰਾ ਮਾਰ ਕੇ ਫਿਰ ਉਹੀ ਸੁਆਲ ਕੀਤਾ, “ਕਾਕਾ, ਤੂੰ ਜੱਟਾਂ ਦਾ ਮੁੰਡੈਂ। ਮੈਂ ਪੁੱਛਦਾਂ, ਘੁੱਟ ਪੀ ਵੀ ਲੈਨੈਂ?”
ਮੈਨੂੰ ਲੱਗਾ, ਇਹ ਭਾਈ ਓਸੇ ਦੇ ਹੱਕ ‘ਚ ਭੁਗਤੂ ਜਿਹੜਾ ਇਹਨੂੰ ਪਿਆਊ। ਮੈਂ ਮੁਸਕਰਾ ਕੇ ਕਿਹਾ, “ਜਦੋਂ ਆਖੋਗੇ ਪ੍ਰੋਗਰਾਮ ਬਣਾ ਲਵਾਂਗੇ। ਬਾਕੀ ਕੰਵਲ ਸਾਹਿਬ ਨਾਲ ਸਲਾਹ ਕਰ ਲਿਓ।”
ਕੰਵਲ ਨੇ ਤਾੜੀ ਮਾਰ ਦਿੱਤੀ, “ਕਿਉਂ ਭਜਨ ਸਿਆਂ, ਹੋਰ ਵੀ ਕੁਛ ਪੁੱਛਣੈ?”
ਮੈਂ ਝੂਠ ਬੋਲਣੋਂ ਵੀ ਬਚ ਗਿਆ ਤੇ ਸੱਚੀ ਗੱਲ ਵੀ ਨਾ ਦੱਸੀ। ਮੇਰੀ ਚੋਣ ਹੋ ਗਈ।
8 ਜੁਲਾਈ 1967 ਨੂੰ ਮੈਂ ਢੁੱਡੀਕੇ ਕਾਲਜ ‘ਚ ਪੜ੍ਹਾਉਣ ਲੱਗਾ ਤਾਂ ਕੰਵਲ ਜੁਆਨਾਂ ਵਰਗਾ ਸੀ। ਦਾੜ੍ਹੀ ਪੂਰੀ ਕਾਲੀ ਸੀ। ਕਾਲਜ ਚਲਾਉਣ ਵਿਚ ਪ੍ਰੋ. ਪ੍ਰੀਤਮ ਸਿੰਘ ਉਹਦਾ ਸਲਾਹਕਾਰ ਸੀ ਜਿਸ ਨੇ ਸਲਾਹ ਦਿੱਤੀ ਸੀ ਕਿ ਪੇਂਡੂ ਕਾਲਜ ਚਲਦਾ ਰੱਖਣ ਲਈ ਸਟਾਫ ਪੇਂਡੂ ਪਿਛੋਕੜ ਦਾ ਰੱਖਿਓ। ਸ਼ਹਿਰੀਆਂ ਨੇ ਪਿੰਡ ਵਿਚ ਨਹੀਂ ਟਿਕਣਾ। ਅਗਸਤ ਵਿਚ ਕੰਵਲ ਨੇ ਮਲਾਇਆ ਨੂੰ ਉਡਾਰੀ ਮਾਰੀ ਤਾਂ ਮੈਂ ਮੁੜ ਦਿੱਲੀ ਨੂੰ ਉਡਾਰੀ ਮਾਰ ਗਿਆ। ਉਹ ਢੁੱਡੀਕੇ ਮੁੜਿਆ ਤਾਂ ਮੈਨੂੰ ਮਿਲਣ ਲਈ ਸੱਦਿਆ। ਪੈਂਦੀ ਸੱਟੇ ਮਿਹਣਾ ਮਾਰਿਆ, “ਜੇ ਪਿੰਡਾਂ ਦੇ ਪੜ੍ਹਿਆਂ ਨੇ ਸ਼ਹਿਰਾਂ ਦੀ ਅੰਗੂਰੀ ਚਰਨੀ ਐਂ ਤਾਂ ਤੁਹਾਨੂੰ ਪੜ੍ਹਾਉਣਾ ਕਾਹਨੂੰ ਸੀ? ਜਾਓ ਚਰੋ ਸ਼ਹਿਰਾਂ ਦੀ ਅੰਗੂਰੀ! ਪਿੰਡਾਂ ਨਾਲ ਤੁਹਾਨੂੰ ਕੀ?” ਮਿਹਣਾ ਸਿੱਧਾ ਮੇਰੇ ਸੀਨੇ ‘ਚ ਵੱਜਾ ਤੇ ਮੈਂ ਦਿੱਲੀ ਦੀ ਪੱਕੀ ਨੌਕਰੀ ਤੋਂ ਅਸਤੀਫਾ ਦੇ ਕੇ ਫਿਰ ਢੁੱਡੀਕੇ ਆ ਲੱਗਾ।
ਉਨ੍ਹੀਂ ਦਿਨੀਂ ਕੰਵਲ ਕੋਲ ਬਲਰਾਜ ਸਾਹਨੀ ਆਉਂਦਾ ਹੁੰਦਾ ਸੀ। ਬਲਰਾਜ ਸਾਹਨੀ ਕੋਲ ਛੋਟਾ ਟਾਈਪ ਰਾਈਟਰ ਹੁੰਦਾ ਸੀ ਜਿਸ ਉਤੇ ਉਸ ਨੇ ਆਪਣੇ ਦੋ ਸਫਰਨਾਮੇ ਕੰਵਲ ਦੇ ਘਰ ਤੇ ਬਾਹਰਲੀ ਕੋਠੜੀ ਵਿਚ ਬੈਠ ਕੇ ਟਾਈਪ ਕੀਤੇ। ਬਲਰਾਜ ਸਾਹਨੀ ਦੀ ਗੁਰਮੁਖੀ ਦੀ ਹੱਥ ਲਿਖਤ ਵੀ ਸੋਹਣੀ ਸੀ ਜੋ ਉਸ ਦੀਆਂ ਚਿੱਠੀਆਂ ਤੋਂ ਵੇਖੀ ਸੀ। ਉਸ ਦੇ ਰੂਸੀ ਸਫਰਨਾਮੇ ਨੂੰ ਸੋਵੀਅਤ ਦੇਸ਼ ਦਾ ਨਹਿਰੂ ਪੁਰਸਕਾਰ ਮਿਲਿਆ ਤਾਂ ਉਸ ਨੇ ਮਿਲੇ ਪੈਸੇ ਢੁੱਡੀਕੇ ਕਾਲਜ ਨੂੰ ਦਾਨ ਕਰ ਦਿੱਤੇ, ਜੋ ਕਾਲਜ ਦੀ ਦਾਨ ਸ਼ਿਲਾ ‘ਤੇ ਉੱਕਰੇ ਹੋਏ ਹਨ।
ਬਲਰਾਜ ਸਾਹਨੀ 60ਵਿਆਂ ਦੇ ਸ਼ੁਰੂ ਵਿਚ ਪੰਜਾਬ ਆਇਆ ਤਾਂ ਕੰਵਲ ਨੂੰ ਬਿਨਾ ਦੱਸੇ ਪਿੰਡ ਢੁੱਡੀਕੇ ਆ ਗਿਆ। ਕੰਵਲ ਉਦੋਂ ਲੁਧਿਆਣੇ ਗਿਆ ਹੋਇਆ ਸੀ। ਉਹ ਮੁੜਿਆ ਤਾਂ ਉਨ੍ਹਾਂ ਦਾ ਮੇਲ ਖੇਤਾਂ ਵਿਚ ਹੋਇਆ ਸੀ। ਬਲਰਾਜ ਨਾਲ ਉਹਦੀ ਫਿਲਮੀ ਟੀਮ ਵੀ ਸੀ। ਕੰਵਲ ਨਾਲ ਉਹਦੀ ਦੋਸਤੀ ਹੋ ਗਈ। ਉਸ ਨੇ ਫਿਲਮੀ ਟੀਮ ਵਾਪਸ ਮੁੰਬਈ ਭੇਜ ਦਿੱਤੀ ਤੇ ਆਪ ਕੰਵਲ ਦੇ ਘਰ ਡੇਰਾ ਲਾ ਲਿਆ। ਉਹ ਪਿੰਡ ਦੀਆਂ ਸੱਥਾਂ ‘ਚ ਜਾਂਦਾ ਤੇ ਖੇਤਾਂ ‘ਚ ਹਾਲੀਆਂ ਪਾਲੀਆਂ ਨੂੰ ਮਿਲਦਾ। ਇਕ ਵਾਰ ਉਹ ਮਾੜੀ ਮੁਸਤਫਾ ਦਾ ਮੇਲਾ ਵੇਖਣ ਗਿਆ। ਕੰਵਲ ਦਾ ਭਤੀਜਾ ਧੰਨਾ ਨਾਲ ਸੀ। ਬਾਘੇ ਪੁਰਾਣੇ ਤੋਂ ਉਨ੍ਹਾਂ ਨੇ ਪੰਜਾਂ ਰੁਪਿਆਂ ‘ਚ ਸਾਲਮ ਟਾਂਗਾ ਕੀਤਾ। ਟਾਂਗੇ ਵਾਲੇ ਨੇ ਬਲਰਾਜ ਸਾਹਨੀ ਨੂੰ ਫਿਲਮੀ ਐਕਟਰ ਵਜੋਂ ਪਛਾਣ ਲਿਆ। ਬਲਰਾਜ ਨੇ ਪੱਗ ਦੇ ਲੜ ਨਾਲ ਮੂੰਹ ਢਕ ਕੇ ਟਾਂਗੇ ਵਾਲੇ ਨੂੰ ਕਿਹਾ, “ਤੂੰ ਕਿਸੇ ਨੂੰ ਮੇਰੀ ਪਛਾਣ ਨਾ ਦੱਸੀਂ, ਤੈਨੂੰ ਪੰਜ ਰੁਪਏ ਹੋਰ ਮਿਲਣਗੇ।”
ਮੇਲੇ ਵਿਚ ਉਹ ਮੂੰਹ ਢਕ ਕੇ ਫਿਰਦਾ ਰਿਹਾ। ਇਕ ਗਾਉਣ ਸੁਣਿਆ। ਧੰਨੇ ਨੇ ਬਥੇਰਾ ਕਿਹਾ ਬਈ ਅਖਾੜੇ ਦੇ ਬਹੁਤਾ ਅੰਦਰ ਨਾ ਜਾਓ। ਪਰ ਉਹ ਗਾਉਣ ਵਾਲਿਆਂ ਦੇ ਅਸਲੋਂ ਕੋਲ ਚਲਾ ਗਿਆ। ਉਥੇ ਸ਼ਰਾਬੀ ਸ਼ਰਾਬ ਪੀਈ ਜਾਣ। ਕੋਈ ਕਹੇ ਹੀਰ ਸੁਣਨੀ ਐਂ ਕੋਈ ਕਹੇ ਮਿਰਜ਼ਾ। ਗਾਉਣ ਵਾਲੇ ਕੀਹਦੀ ਮੰਨਦੇ? ਬਲਰਾਜ ਸਾਹਨੀ ਦੇ ਉਥੇ ਬੈਠਿਆਂ ਸ਼ਰਾਬੀਆਂ ਦੀ ਆਪਸ ਵਿਚ ਖੜਕ ਪਈ। ਡਾਗਾਂ ਚੱਲ ਪਈਆਂ ਤੇ ਧੰਨੇ ਹੋਰਾਂ ਨੇ ਬਲਰਾਜ ਸਾਹਨੀ ਨੂੰ ਮਸਾਂ ਭੀੜ ‘ਚੋਂ ਕੱਢਿਆ।
ਇਕ ਵਾਰ ਉਹ ਤਲਵੰਡੀ ਸਾਬੋ ਦੀ ਵਿਸਾਖੀ ਵੇਖਣ ਗਏ। ਉਥੇ ਗੁਰੂ ਕਾਸ਼ੀ ਕਾਲਜ ਦੇ ਕੁਆਟਰਾਂ ਵਿਚ ਗੁਰਬਚਨ ਸਿੰਘ ਭੁੱਲਰ ਰਹਿੰਦਾ ਸੀ। ਉਹ ਦੱਸਦੈ ਕਿ ਬਲਰਾਜ ਦੇ ਭੋਥਾ ਲਾਇਆ ਤੇ ਕਲੀਆਂ ਵਾਲਾ ਕੁੜਤਾ ਪਾਇਆ ਹੋਇਆ ਸੀ। ਪਛਾਣ ਤੋਂ ਬਚਣ ਲਈ ਓਥੇ ਵੀ ਚਿਹਰਾ ਪੱਗ ਦੇ ਲੜ ਨਾਲ ਢਕਿਆ ਹੋਇਆ ਸੀ। ਬਲਰਾਜ ਢੁੱਡੀਕੇ ਦੇ ਘਰਾਂ ਵਿਚ ਆਮ ਚਲਾ ਜਾਂਦਾ ਸੀ ਤੇ ਲੱਸੀ ਪਾਣੀ ਪੀ ਆਉਂਦਾ ਸੀ। ਭੱਠੀ ‘ਤੇ ਛੜਿਆਂ ਦੀਆਂ ਗੱਲ ਸੁਣਦਾ। ਧੰਨੇ ਨੂੰ ਦਾਰੂ ਪਹਿਲੀ ਵਾਰ ਬਲਰਾਜ ਸਾਹਨੀ ਨੇ ਹੀ ਪਿਆਈ ਸੀ। ਮੇਰਾ ਉਹਦੇ ਨਾਲ ਸਿਰਫ ਦੋ ਕੁ ਵਾਰ ਹੀ ਮੇਲ ਹੋ ਸਕਿਆ।
ਉਹਦੀ ਬੇਟੀ ਅੱਗ ਨਾਲ ਸੜ ਗਈ। ਹਸਪਤਾਲੋਂ ਛੁੱਟੀ ਮਿਲਦਿਆਂ ਬਲਰਾਜ ਉਸ ਨੂੰ ਢੁੱਡੀਕੇ ਲੈ ਆਇਆ, ਜਿਸ ਦੀ ਕੰਵਲ ਦੇ ਪਰਿਵਾਰ ਨੇ ਰੱਜ ਕੇ ਸੇਵਾ ਕੀਤੀ। ਬਲਰਾਜ ਸਾਹਨੀ ਦੇ ਜਰੀਏ ਪਹਿਲਵਾਨ ਦਾਰਾ ਸਿੰਘ ਵੀ ਕੰਵਲ ਦਾ ਦੋਸਤ ਬਣ ਗਿਆ, ਜਿਸ ਨੇ ਢੁੱਡੀਕੇ ਕਾਲਜ ਦੀ ਮਾਇਕ ਮਦਦ ਲਈ ਮੋਗੇ ਤੇ ਫਿਰੋਜ਼ਪੁਰ ਦੋ ਸ਼ੋਅ ਫਰੀ ਸਟਾਈਲ ਕੁਸ਼ਤੀਆਂ ਦੇ ਵਿਖਾਏ ਸਨ। ਉਦੋਂ ਅਸੀਂ ਵੀ ਪ੍ਰਬੰਧਕਾਂ ਵਿਚ ਸ਼ਾਮਲ ਸਾਂ।
ਬਲਰਾਜ ਸਾਹਨੀ ਦੇ ਪੁੱਤਰ ਪ੍ਰੀਕਸ਼ਤ ਸਾਹਨੀ ਨੇ ਬਾਪ ਨੂੰ ਦੱਸੇ ਬਿਨਾ ਵਿਆਹ ਕਰਵਾ ਲਿਆ। ਉਸ ਦੀ ਵਧਾਈ ਬਲਰਾਜ ਨੂੰ ਕੰਵਲ ਦੇ ਅੰਦਰਲੇ ਘਰ ਬੈਠਿਆਂ ਮਿਲੀ ਸੀ। ਕੰਵਲ ਖੁਦ ਡਾਕਖਾਨੇ ਗਿਆ ਸੀ ਤੇ ਉਹੀ ਪ੍ਰੀਕਸ਼ਤ ਦੇ ਵਿਆਹ ਦੀ ਵਧਾਈ ਲੈ ਕੇ ਆਇਆ, ਜੋ ਤਾਰ ਰਾਹੀਂ ਆਈ ਸੀ। ਬਲਰਾਜ ਸਾਹਨੀ ਦੀ ਮ੍ਰਿਤੂ ਉਤੇ ਕੰਵਲ ਦੇ ਘਰ ਸੱਥਰ ਵਿਛਿਆ ਰਿਹਾ। ਲੋਕ ਕਈ ਦਿਨ ਅਫਸੋਸ ਕਰਨ ਆਉਂਦੇ ਰਹੇ।
ਕਦੇ ਕਦੇ ਪੁੰਨਿਆਂ ਦੀ ਚੰਨ ਚਾਨਣੀ ‘ਚ ਅਸੀਂ ਕਾਲਜ ਦੇ ਪ੍ਰੋਫੈਸਰ ਕੰਵਲ ਨਾਲ ਟਾਂਗੇ ‘ਤੇ ਚੜ੍ਹ ਜਾਂਦੇ। ਸੁਰਮਈ ਸੜਕ ਉਤੇ ਘੋੜੇ ਦੇ ਪੌੜ ਖੜਕਦੇ। ਆਸੇ ਪਾਸੇ ਰੁੱਖ ਝੂਮਦੇ। ਚੂਹੜਚੱਕ ਲੰਘ ਕੇ ਸੂਏ ਦਾ ਪਾਣੀ ਲਿਸ਼ਕਦਾ ਦਿਸਦਾ। ਉਸ ਵਿਚ ਤਾਰੇ ਟਿਮਟਮਾਉਂਦੇ ਤੇ ਰਾਤ ਸ਼ਾਂ ਸ਼ਾਂ ਕਰਦੀ। ਕੰਵਲ ਕਹਿੰਦਾ, “ਆਪਾਂ ਓਥੇ ਮਹਿਫਿਲ ਲਾਵਾਂਗੇ ਜਿਥੇ ਪਾਣੀ ‘ਚੋਂ ਚੰਦ ਦਿਸੇ।”
ਤੁਰਦੇ ਤੁਰਦੇ ਚੰਦ ਦਾ ਮੂੰਹ ਕਿਸੇ ਕੱਸੀ ਜਾਂ ਖਾਲ ਦੇ ਪਾਣੀ ‘ਚੋਂ ਦਿਸਦਾ ਤਾਂ ਉਹਦੀ ਬੰਨੀ ਉਤੇ ਅਸੀਂ ਆਪੋ ਆਪਣੀਆਂ ਸਾਹਿਤਕ ਰਚਨਾਵਾਂ ਸੁਣਾਉਣ ਦੀ ਮਹਿਫਿਲ ਲਾ ਲੈਂਦੇ। ਪ੍ਰੋਫੈਸਰ ਆਪਸ ਵਿਚ ਉਲਝਦੇ ਤਾਂ ਕੰਵਲ ਕਹਿੰਦਾ, “ਕਰੋ ਚੁੱਪ ਓਏ, ਨe੍ਹੀਂ ਮੈਂ ਮਾਰਦਾਂ ਸੂਏ ‘ਚ ਛਾਲ!”
ਕੋਠੀ ‘ਚ ਬੀਅਰ ਪੀਂਦਿਆਂ ‘ਕੇਰਾਂ ਕੰਵਲ ਨੇ ਮੇਰੇ ਕੋਲ ਭੇਤ ਖੋਲ੍ਹਿਆ, “ਮੈਨੂੰ ਲੋਕਾਂ ਨੇ ਜੁਆਨੀ ਚੜ੍ਹਦੇ ਨੂੰ ਈ ਗਿਆਨੀ ਕਹਿਣਾ ਸ਼ੁਰੂ ਕਰ’ਤਾ ਸੀ। ਊਂ ਮੈਂ ਗਿਆਨੀ ਗਿਊਨੀ ਕੋਈ ਨੀ ਸੀ। ਇਸ ਗਿਆਨੀਪੁਣੇ ਨੇ ਮੇਰੀਆਂ ਬਹੁਤ ਸਾਰੀਆਂ ਖੁਸ਼ੀਆਂ ਮਾਰ’ਤੀਆਂ। ਜੇ ਮੈਨੂੰ ਗਿਆਨੀ ਨਾ ਕਹਿੰਦੇ ਹੁੰਦੇ ਤਾਂ ਮੈਂ ਵੀ ਐਸ਼ਾਂ ਕਰਨੀਆਂ ਸੀ।”
ਨਾਲ ਦੇ ਕਮਰੇ ‘ਚ ਡਾ. ਜਸਵੰਤ ਗਿੱਲ ਬੈਠੀ ਸੀ। ਮੈਂ ਮਨ ‘ਚ ਕਿਹਾ, “ਘੱਟ ਤਾਂ ਕੰਵਲ ਸਾਹਿਬ ਆਪਾਂ ਗਿਆਨੀ ਬਣ ਕੇ ਵੀ ਨਹੀਂ ਗੁਜ਼ਾਰੀ!”
ਕੰਵਲ ਪਿੰਡ ਦਾ ਸਰਪੰਚ ਰਿਹੈ, ਸਾਹਿਤ ਸਭਾਵਾਂ ਦਾ ਪ੍ਰਧਾਨ ਅਤੇ ਸਾਧਾਂ ਤੇ ਵੈਲੀਆਂ ਦਾ ਸੰਗੀ ਸਾਥੀ। ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਮਿਲਦਾ ਗਿਲਦਾ ਤੇ ਉਨ੍ਹਾਂ ਦੇ ਨਾਂ ਖੁੱਲ੍ਹੀਆਂ ਚਿੱਠੀਆਂ ਛਪਵਾਉਂਦਾ ਰਿਹੈ। ਕਦੇ ਚਿੱਠੀ ਦਾ ਨਾਂ ਜ਼ਫਰਨਾਮਾ, ਕਦੇ ਫਤਿਹਨਾਮਾ ਤੇ ਆਖਰ ਜਿੱਤਨਾਮਾ ਰੱਖਦਾ ਰਿਹੈ। ਖਹਿਬੜਦਾ ਰਿਹੈ, ਮੰਨਦਾ ਰਿਹੈ ਅਤੇ ਸਿਆਸੀ ਪਾਰਟੀਆਂ ਤੇ ਧੜਿਆਂ ਦਾ ਵਿਚੋਲਾ ਬਣਦਾ ਰਿਹੈ। ਸਣੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਕਦੇ ਹੋਰ ਸਾਧਾਂ ਸੰਤਾਂ ਨੂੰ ਮਿਲਦਾ ਰਿਹੈ। ਵਿਚੇ ਸੰਤ ਲੌਂਗੋਵਾਲ, ਵਿਚੇ ਬਾਦਲ, ਵਿਚੇ ਟੌਹੜਾ, ਤਲਵੰਡੀ, ਬਰਨਾਲਾ, ਬਲਵੰਤ ਸਿੰਘ, ਮਨਪ੍ਰੀਤ ਬਾਦਲ, ਜਗਮੀਤ ਬਰਾੜ ਤੇ ਵਿਚੇ ਬਲਵੰਤ ਸਿੰਘ ਰਾਮੂਵਾਲੀਆ। ਉਹ ਏਨਾ ਕੁਛ ਕਰਦਾ ਰਿਹੈ ਕਿ ਸਾਰੀਆਂ ਗੱਲਾਂ ਦੱਸ ਨਹੀਂ ਹੁੰਦੀਆਂ।
ਜਦੋਂ ਮੈਂ ਚੜ੍ਹਦੇ ਸਿਆਲ ਕੈਨੇਡਾ ਤੋਂ ਪੰਜਾਬ ਜਾਨਾਂ ਤਾਂ ਢੁੱਡੀਕੇ ਵੀ ਗੇੜਾ ਮਾਰਦਾਂ। ਇਕ ਵਾਰ 24 ਨਵੰਬਰ 2013 ਨੂੰ ਢੁੱਡੀਕੇ ਗਿਆ। ਕੰਵਲ ਦੀ ਕੋਠੀ ਨੂੰ ਤਾਜ਼ਾ ਰੰਗ ਕੀਤਾ ਹੋਇਆ ਸੀ। ਮੈਂ ਬਿਨਾ ਆਵਾਜ਼ ਦਿੱਤੇ ਕੋਠੀ ਅੰਦਰ ਜਾਣ ਦਾ ਆਦੀ ਰਿਹਾ ਹਾਂ। ਬਾਹਰਲਾ ਗੇਟ ਲੰਘ ਕੇ ਤੇ ਵਰਾਂਡੇ ਵਾਲੇ ਕਮਰੇ ਦਾ ਦਰਵਾਜਾ ਖੋਲ੍ਹ ਕੇ ਅੰਦਰ ਗਿਆ ਤਾਂ ਕੰਵਲ ਹੱਥ ‘ਚ ਆਪਣਾ ਨਵਾਂ ਨਾਵਲ ‘ਲੱਧਾ ਪਰੀ ਨੇ ਚੰਨ ਉਜਾੜ ਵਿਚੋਂ’ ਪੜ੍ਹਦਾ ਮਿਲਿਆ। ਉਸ ਨੇ ਲੰਮੀਆਂ ਬਾਹਾਂ ਨਾਲ ਜੱਫੀ ਪਾਈ ਤੇ ਜੀ ਆਇਆਂ ਕਿਹਾ। ਕੁਝ ਹੈਰਾਨ ਵੀ ਹੋਇਆ ਕਿ ਚੁੱਪ ਕੀਤਾ ਕਿਧਰੋਂ ਆ ਨਿਕਲਿਆ!
ਮੈਂ ਕੈਨੇਡਾ ਤੋਂ ਲਿਆਂਦੀ ਸ਼ੀਵਾਸ਼ ਰੀਗਲ ਆਪਣੇ ਮੁਰਸ਼ਦ ਨੂੰ ਭੇਟ ਕੀਤੀ ਤਾਂ ਬਾਈ ਕੰਵਲ ਨੇ ਧੰਨਭਾਗ ਕਹਿ ਕੇ ਪਹਿਲਾਂ ਸੀਨੇ ਲਾਈ ਤੇ ਫਿਰ ਮੱਥੇ ਨੂੰ ਛੁਹਾਈ। ਨਾਲ ਜਿੰ.ਦਾਬਾਦ ਕਿਹਾ। ਇਹ ਉਸ ਦਾ ਮਖਸੂਸ ਅੰਦਾਜ਼ ਹੈ। ਉਸ ਨੇ ਦੱਸਿਆ ਕਿ ਇਕ ਬੋਤਲ ਨਾਲ ਉਸ ਦਾ ਮਹੀਨਾ ਨਿਕਲ ਜਾਂਦੈ। ਉਹ ਨਾਗਾ ਪਾ ਕੇ ਪੀਂਦੈ ਤੇ ਉਹ ਵੀ ਇਕ ਅੱਧਾ ਪੈੱਗ। ਉਹਨੂੰ ਸਾਲ ‘ਚ ਬਾਰਾਂ ਬੰਦੇ ਵੀ ਬਾਹਰੋਂ ਮਿਲਣ ਆ ਜਾਣ ਤਾਂ ਉਹਦਾ ਸਾਲ ਸੌਖਾ ਲੰਘ ਸਕਦੈ।
ਅਸੀਂ ਕਿਤੇ ਵੀ ਹੋਈਏ ਸਾਨੂੰ ਇਕ ਦੂਜੇ ਦੀ ਬਿੜਕ ਰਹਿੰਦੀ ਹੈ ਤੇ ਸੁੱਖ ਸਾਂਦ ਦਾ ਪਤਾ ਲੱਗਦਾ ਰਹਿੰਦੈ। ਆਉਂਦੇ ਜਾਂਦੇ ਮਿਲ ਲਈਦੈ। ਨਾਲੇ ਮੈਂ ਕਿਹੜਾ ਢੁੱਡੀਕੇ ਉਚੇਚਾ ਜਾਣਾ ਹੁੰਦੈ। ਕੰਵਲ ਜਾਂਦਿਆਂ ਨਾ ਮਿਲਿਆ ਤਾਂ ਆਉਂਦਿਆਂ ਸਹੀ। ਬਾਹਰਲੀ ਕੋਠੀ ਜਿਹੜੀ ਕਦੇ ਡਾ. ਜਸਵੰਤ ਗਿੱਲ ਦੀ ਕੋਠੀ ਵੱਜਦੀ ਸੀ, ਹੁਣ ਕੰਵਲ ਦਾ ਬਾਹਰਲਾ ਘਰ ਹੈ। ਉਹ ਅੰਦਰਲੇ ਘਰ ਦੁਪਹਿਰ ਦੀ ਰੋਟੀ ਖਾਣ ਈ ਜਾਂਦੈ ਜਾਂ ਕਿਸੇ ਜ਼ਰੂਰੀ ਕੰਮ। ਰਾਤ ਦੀ ਰੋਟੀ ਉਹਦੀ ਬਾਹਰਲੇ ਘਰ ਆ ਜਾਂਦੀ ਹੈ। ਉਹਦਾ ਪੁੱਤਰ ਸਰਬਜੀਤ ਸਿੰਘ ਬਾਹਰਲੇ ਘਰ ਰੋਟੀ ਤੇ ਦੁੱਧ ਲੈ ਆਉਂਦੈ ਤੇ ਆਏ ਗਏ ਨੂੰ ਚਾਹ ਪਾਣੀ ਪਿਆ ਦਿੰਦੈ। ਉਹੀ ਕੰਵਲ ਸਾਹਿਬ ਨੂੰ ਕਾਰ ਉਤੇ ਗੇੜਾ ਕਢਾ ਲਿਆਉਂਦੈ। ਪਹਿਲਾਂ ਉਹ ਵਾਹੀ ਕਰਦਾ ਸੀ ਹੁਣ ਜ਼ਮੀਨ ਠੇਕੇ ‘ਤੇ ਦੇ ਛੱਡੀ ਹੈ। ਕੰਵਲ ਨੂੰ ਆਪਣੇ ਬਾਪ ਦੀ ਜ਼ਮੀਨ ‘ਚੋਂ ਹਿੱਸੇ ਬਹਿੰਦੀ ਤੇਰਾਂ ਘੁਮਾਂ ਆਈ ਸੀ। ਬਾਕੀ ਉਸ ਨੇ ਸਸਤੇ ਸਮੇਂ ਕਿਤਾਬਾਂ ਦੀ ਰਾਇਲਟੀ ਨਾਲ ਖਰੀਦੀ ਜਿਵੇਂ ਜਰਨੈਲ ਸਿੰਘ ਪਨਾਮੀਏ ਨੇ ਫੁੱਟਬਾਲ ਖੇਡ ਕੇ ਖਰੀਦੀ ਸੀ। ਹੁਣ ਉਹਦੇ ਪਰਿਵਾਰ ਪਾਸ ਪੱਚੀ ਕਿੱਲੇ ਜ਼ਮੀਨ ਹੈ।
ਅੱਜ ਕੱਲ੍ਹ ਉਹ ਸਵੇਰੇ ਚਾਹ ਦੇ ਕੱਪ ਨਾਲ ਇਕ ਆਂਡਾ ਤੇ ਦਸ ਬਾਰਾਂ ਬਦਾਮ ਖਾ ਕੇ ਪੜ੍ਹਨ ਲਿਖਣ ਵਿਚ ਜੁਟ ਜਾਂਦੈ। ਲਿਖਣ ਲਈ ਉਹਦਾ ਉਹੀ ਪੁਰਾਣਾ ਮੇਜ਼ ਹੈ ਤੇ ਉਹੀ ਪੁਰਾਣੀ ਕੁਰਸੀ। ਗਿਆਰਾਂ ਕੁ ਵਜੇ ਉਹ ਲੱਸੀ ਦਾ ਗਲਾਸ ਪੀਂਦੈ। ਬਾਰਾਂ ਇਕ ਵਜੇ ਦਾਲ/ਸਬਜ਼ੀ ਤੇ ਦਹੀ ਦੀ ਕੌਲੀ ਨਾਲ ਇਕ ਰੋਟੀ ਖਾਂਦੈ। ਇਕ ਰੋਟੀ ਰਾਤ ਦੀ। ਰੋਟੀ ਪਿੱਛੋਂ ਗੁੜ ਜਾਂ ਸ਼ੱਕਰ ਜ਼ਰੂਰੀ ਹੈ। ਆਮ ਤੌਰ ‘ਤੇ ਅੱਧੀ ਰੋਟੀ ਖਾਂਦਾ ਹੀ ਸ਼ੱਕਰ ਘਿਉ ਨਾਲ ਹੈ। ਆਏ ਗਏ ਨਾਲ ਕੁਝ ਕੱਪ ਚਾਹ ਦੇ ਪੀਤੇ ਜਾਂਦੇ ਹਨ। ਦਵਾਈ ਉਹ ਖਾਸ ਨਹੀਂ ਲੈਂਦਾ, ਸਿਰਫ ਅੱਖਾਂ ‘ਚ ਈ ਪੁਆਉਂਦੈ। ਜਿੱਦਣ ਮੈਂ ਕੰਵਲ ਨੂੰ ਮਿਲਣ ਗਿਆ ਸਰਬਜੀਤ ਨੇ ਦੁਆਈ ਮੇਰੇ ਬੈਠਿਆਂ ਪਾਈ। ਦੁਆਈ ਪੁਆ ਕੇ ਉਹ ਫਿਰ ਪੜ੍ਹਨ ਲਿਖਣ ਲੱਗ ਪਿਆ।
ਉਂਜ ਤਾਂ ਕੰਵਲ ਦੀ ਲਿਖਣ ਪ੍ਰਕਿਰਿਆ ਮੈਂ ਪਹਿਲਾਂ ਵੀ ਵੇਖੀ ਹੋਈ ਸੀ ਪਰ ਕੈਨੇਡਾ ਤੋਂ ਜਾ ਕੇ ਫਿਰ ਚੰਗੀ ਤਰ੍ਹਾਂ ਵੇਖੀ। ਮੈਂ ਕਿਸੇ ਸੱਜਣ ਮਿੱਤਰ ਦੀ ਕਿਤਾਬ ਦੇ ਮੁੱਖ ਬੰਦ ਵਜੋਂ ਕੰਵਲ ਸਾਹਿਬ ਤੋਂ ਇਕ ਦੋ ਸਫੇ ਲਿਖਵਾਉਣੇ ਸਨ। ਮੈਥੋਂ ਕਿਤਾਬ ਵਿਚਲੀਆਂ ਮੋਟੀਆਂ ਮੋਟੀਆਂ ਗੱਲਾਂ ਪੁੱਛ ਕੇ ਉਹ ਇਕ ਰੱਦੀ ਲਫਾਫੇ ਉਤੇ ਨੋਟ ਕਰੀ ਗਿਆ। ਫਿਰ ਕਹਿਣ ਲੱਗਾ, ਸਵੇਰੇ ਆ ਜਾਈਂ ਤੇ ਮੁੱਖ ਬੰਦ ਲੈ ਲਈਂ। ਸਵੇਰੇ ਗਿਆ ਤਾਂ ਸਿਰ ਉਤੇ ਲੋਈ ਵਲ੍ਹੇਟੀ ਲਿਖੀ ਜਾਵੇ। ਮੈਂ ਲਿਖਣ ਵਿਚ ਵਿਘਨ ਪਾਉਣ ਦੀ ਥਾਂ ਆਲਾ ਦੁਆਲਾ ਨੋਟ ਕਰਨ ਲੱਗਾ।
ਬਾਹਰਲਾ ਗੇਟ ਚਾਰ ਕੁ ਫੁੱਟ ਉੱਚਾ ਹੈ ਜੋ ਲੋਹੇ ਦੀਆਂ ਪੱਤੀਆਂ ਦਾ ਬਣਿਆ ਹੋਇਐ। ਸੱਜੇ ਖੱਬੇ ਰੁੱਖ ਬੂਟੇ ਹਨ ਜਿਨ੍ਹਾਂ ‘ਚ ਦੋ ਸਰੂ ਵੀ ਹਨ। ਅਸ਼ੋਕ ਰੁੱਖ, ਤੂਤ, ਬਕੈਣਾਂ, ਨਿੰਮਾਂ ਤੇ ਟਾਹਲੀਆਂ ਹਨ ਤੇ ਕੋਠੀ ਅੰਦਰ ਵੱਡੇ ਪੱਤਿਆਂ ਵਾਲਾ ਸਾਗਵਾਨ ਦਾ ਦਰੱਖਤ ਹੈ। ਉਹਦਾ ਪੌਦਾ ਮੱਧ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ। ਅੰਦਰਲੇ ਗੇਟ ਕੋਲ ਅੰਗੂਰਾਂ ਦੀ ਵੇਲ ਹੈ। ਫੁੱਲਾਂ ਦੇ ਕਈ ਬੂਟੇ ਹਨ। ਕੁਝ ਫੁੱਲ ਖਿੜੇ ਹੋਏ ਵੀ ਸਨ। ਲਾਲ, ਚਿੱਟੇ ਤੇ ਨੀਲੇ। ਕੰਵਲ ਦੀ ਵਿਚਾਰਧਾਰਾ ਵਰਗੇ। ਉਸ ਦੇ ਵਿਚਾਰਾਂ ਵਾਂਗ ਹੀ ਉਹਦੇ ਵਿਹੜੇ ਦੇ ਰੰਗ ਬਰੰਗੇ ਫੁੱਲ ਵੀ ਰੰਗ ਵਟਾਉਂਦੇ ਰਹਿੰਦੇ ਹਨ!
ਅੱਗੇ ਵਰਾਂਡੇ ਵਿਚ ਝੂਲਾ ਲਟਕਦਾ ਹੁੰਦਾ ਸੀ ਜੋ ਹੁਣ ਨਹੀਂ। ਮੋਰ ਵੀ ਨਹੀਂ ਸਨ। ਖੱਬੇ ਹੱਥ ਬਰਸੀਮ ਫੁੱਟ ਰਿਹਾ ਸੀ ਤੇ ਸੱਜੇ ਹੱਥ ਬਿਜਾਈ ਲਈ ਜ਼ਮੀਨ ਵਾਹੀ ਪਈ ਸੀ। ਜਦੋਂ ਅਸੀਂ ਮੱਝ ਰੱਖੀ ਸੀ ਤਾਂ ਇਸੇ ਖੇਤ ‘ਚੋਂ ਪੱਠ ਵੱਢ ਲੈਂਦੇ ਸਾਂ। ਕੋਠੀ ਅੱਗੇ ਇੱਟਾਂ ਦਾ ਫਰਸ਼ ਤੇ ਸੱਜੇ ਹੱਥ ਭੋਰਾ ਸੀ। ਭੋਰੇ ਅੱਗੇ ਪੁਰਾਣਾ ਮੂੜ੍ਹਾ ਤੇ ਟੁੱਟੀ ਹੋਈ ਮੰਜੀ ਪਈ ਸੀ। ਸਪੱਸ਼ਟ ਸੀ ਕਿ ਹੁਣ ਕਦੇ ਭੋਰੇ ਦੀ ਵਰਤੋਂ ਨਹੀਂ ਹੋਈ। ਖੱਬੇ ਹੱਥ ਟਿਊਬਵੈੱਲ ਕੋਲ ਬਾਲਣ ਦੇ ਮੁੱਢ ਪਏ ਸਨ ਜੋ ਸੰਭਵ ਹੈ ਅੰਤਲੇ ਵੇਲੇ ਕੰਵਲ ਦੇ ਕੰਮ ਆਉਣ। ਰੁੱਖਾਂ ਦੀ ਛਾਂਗ ਛਗਾਈ ਦਾ ਬਾਲਣ ਵੀ ਬਹੁਤ ਪਿਆ ਸੀ। ਇਕ ਪਾਸੇ ਰਵਿਦਾਸੀਆਂ ਦੇ ਘਰ ਸਨ ਤੇ ਦੋਂਹ ਪਾਸੀਂ ਜੱਟਾਂ ਦੇ। ਸੱਥ ਵਿਚ ਬੈਂਚ ਸਨ ਜਿਥੇ ਬਹਿ ਕੇ ਉਹ ਕਦੇ ਕਦੇ ਤਾਸ਼ ਜਾਂ ਸ਼ਤਰੰਜ ਖੇਡਦੈ।
ਮੈਂ ਆਲਾ ਦੁਆਲਾ ਨਿਹਾਰ ਰਿਹਾ ਸਾਂ ਤਦੇ ਬਾਹਰੋਂ ਹੋਕਾ ਸੁਣਿਆ, “ਗੰਢੇ ਪੰਜਾਹ ਰੁਪਏ, ਆਲੂ ਵੀਹ ਰੁਪਏ, ਗੋਭੀ ਪੱਚੀ ਰੁਪਏ ਕਿੱਲੋ।” ਇਹ ਆਵਾਜ਼ ਰੇੜ੍ਹੇ ਉਤੇ ਰੱਖੇ ਸਪੀਕਰ ਦੀ ਸੀ।
ਮੈਂ ਬਾਹਰਲੇ ਗੇਟ ਵਿਚੋਂ ਵੇਖਿਆ ਕੋਈ ਕਾਲਜੀਏਟ ਮੁੰਡਾ ਕਿਸੇ ਕੁੜੀ ਨੂੰ ਮੋਟਰ ਸਾਈਕਲ ਪਿੱਛੇ ਬਿਠਾਈ ਜਾਂਦਾ ਸੀ ਤੇ ਕੁੜੀ ਨੇ ਮੁੰਡੇ ਦੇ ਲੱਕ ਦੁਆਲੇ ਬਾਂਹ ਵਲੀ ਹੋਈ ਸੀ। ਇਹ ਉਹੀ ਜਗ੍ਹਾ ਸੀ ਜਿਥੇ ‘ਪੂਰਨਮਾਸੀ’ ਦੀ ਬਚਨੋ ਮੂੰਹ ਹਨ੍ਹੇਰੇ ਵੀ ਆਪਣੇ ਚਾਹਣ ਵਾਲੇ ਰੂਪ ਨੂੰ ਮਿਲਣੋਂ ਤ੍ਰਹਿੰਦੀ ਸੀ। ਸਮਾਂ ਬੜਾ ਬਦਲ ਗਿਆ ਸੀ। 1967 ‘ਚ ਢੁੱਡੀਕੇ ਦੀਆਂ ਬਹੂਆਂ ਮੈਥੋਂ ਵੀ ਘੁੰਡ ਕੱਢਦੀਆਂ ਸਨ। ਇਹ ਵੱਖਰੀ ਗੱਲ ਸੀ ਕਿ ਦੌਧਰ ਦੀ ਸੜਕ ਉਤੇ ਜਾ ਰਹੀਆਂ ਘਾਹ ਖੋਤਣ ਵਾਲੀਆਂ ਚਾਰ ਜਣੀਆਂ ਨੇ ਮੇਰੇ ਟੱਲੀ ਵਜਾਉਣ ਦੇ ਬਾਵਜੂਦ ਵੀ ਮੈਨੂੰ ਰਾਹ ਨਹੀਂ ਸੀ ਦਿੱਤਾ। ਮੈਂ ਸਾਈਕਲ ਕੱਚੇ ਲਾਹ ਕੇ ਲੰਘਣ ਲੱਗਾ ਤਾਂ ਇਕ ਜਣੀ ਨੇ ਮਸ਼ਕਰੀ ਕੀਤੀ ਸੀ, “ਇਆ, ਟੱਲੀ ਤਾਂ ਤੇਰੀ ਬੋਲਦੀ ਈ ਨੀ!”
ਮੇਰੀ ਤਾਂ ਟੱਲੀ ਬੰਦ ਹੋ ਗਈ ਸੀ ਪਰ ਉਨ੍ਹਾਂ ਦਾ ਹਾਸਾ ਟੱਲੀ ਵਾਂਗ ਟੁਣਕਦਾ ਰਿਹਾ ਸੀ!
ਬਾਹਰਲੇ ਰੌਲੇ ਰੱਪੇ ਤੋਂ ਨਿਰਲੇਪ ਕੰਵਲ ਅੰਦਰ ਬੈਠਾ ਲਿਖੀ ਜਾ ਰਿਹਾ ਸੀ। ਮੈਂ ਪੋਲੇ ਪੈਰੀਂ ਸਾਰੇ ਕਮਰਿਆਂ ਵਿਚ ਘੁੰਮਿਆ। ਕਿਤੇ ਬਾਬਾ ਫਰੀਦ ਦੀ ਫੋਟੋ, ਕਿਤੇ ਮੋਨਾ ਲੀਜ਼ਾ ਦੀ ਅਤੇ ਕਿਤੇ ਕੰਵਲ ਤੇ ਡਾ. ਜਸਵੰਤ ਗਿੱਲ ਦੀ। ਕਿਤੇ ਕਲਾ ਦੇ ਨਮੂਨੇ, ਕਿਤੇ ਕਿਤਾਬਾਂ ਦੀਆਂ ਅਲਮਾਰੀਆਂ। ਕਿਤੇ ਹਿਰਨ ਤੇ ਹਿਰਨੀ ਦਾ ਬੁੱਤ, ਕਿਤੇ ਇਨਾਮਾਂ ਸਨਮਾਨਾਂ ਦੀਆਂ ਨਿਸ਼ਾਨੀਆਂ। ਕਿਤੇ ਕੰਵਲ ਦੀ ਟਾਈ, ਕਿਤੇ ਬੈਲਟ ਤੇ ਕਿਤੇ ਜੁੱਤੀ। ਕਿਤੇ ਉੱਘੜ ਦੁੱਘੜ ਕਿਤਾਬਾਂ ਤੇ ਕਾਗਜ਼। ਬੈਠਕ ਵਿਚ ਸਾਦਾ ਸੋਫਾ, ਸਾਦੀਆਂ ਕੁਰਸੀਆਂ ਤੇ ਢਾਲਵਾਂ ਦੀਵਾਨ। ਇਸ ਕਮਰੇ ਵਿਚ ਬੜੀਆਂ ਵੱਡੀਆਂ ਹਸਤੀਆਂ ਆਉਂਦੀਆਂ ਤੇ ਬਹਿੰਦੀਆਂ ਰਹੀਆਂ, ਲੇਖਕ, ਕਲਾਕਾਰ, ਸਿਆਸਤਦਾਨ, ਸਾਧ ਸੰਤ, ਕਾਮਰੇਡ ਤੇ ਵਿਚੇ ਖਾੜਕੂ; ਵਿਚੇ ਮੰਤਰੀ ਤੇ ਮੁੱਖ ਮੰਤਰੀ। ਸਾਹਮਣੇ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਸੀ ਜਿਸ ਹੇਠ ਲਿਖਿਆ ਸੀ:
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ॥
ਕੰਵਲ ਨੇ ਮੁੱਖ ਬੰਦ ਲਿਖ ਲਿਆ ਸੀ। ਮੈਂ ਕੋਲ ਗਿਆ ਤਾਂ ਪੜ੍ਹ ਕੇ ਸੁਣਾਉਣ ਲੱਗਾ। ਮੈਂ ਕਾਗਜ਼ ਉਤਲੀਆਂ ਸਤਰਾਂ ਗਿਣੀਆਂ ਜੋ 38 ਸਨ ਤੇ ਇਕ ਸਤਰ ਵਿਚ 18-19 ਲਫਜ਼ ਸਨ। ਕਾਗਜ਼ ਦਾ ਕੋਈ ਹਿੱਸਾ ਖਾਲੀ ਨਹੀਂ ਸੀ ਰਹਿਣ ਦਿੱਤਾ ਉਹਨੇ। ਲਿਖਾਈ ਮੋਤੀਆਂ ਵਾਂਗ ਚਿਣੀ ਪਈ ਸੀ। ਉਸ ਨੇ ਲਿਖਤ ਨੂੰ ਇਕ ਵਾਰ ਸੋਧਣਾ ਸੀ ਪਰ ਮੈਨੂੰ ਖੁੱਲ੍ਹ ਦੇ ਦਿੱਤੀ ਕਿ ਟਾਈਪ ਕਰਨ ਲੱਗਾ ਆਪੇ ਈ ਸੋਧ ਲਈਂ। ਮੁੱਖ ਬੰਦ ਮੈਨੂੰ ਸੌਂਪ ਕੇ ਉਹ ਕਿਸੇ ਕਾਲਜ ਦੀ ਮੈਡਮ ਵੱਲੋਂ ਪੁੱਛੇ ਸਵਾਲਾਂ ਦਾ ਉੱਤਰ ਲਿਖਣ ਲੱਗ ਪਿਆ। ਇਹ ਸਵਾਲ ਉਹਦੇ 1947 ਵਿਚ ਨਿਭਾਏ ਰੋਲ ਬਾਰੇ ਸਨ। ਇੰਜ ਲਿਖੀ ਪੜ੍ਹੀ ਜਾਣਾ ਅਜੇ ਵੀ ਉਸ ਦਾ ਨਿੱਤਨੇਮ ਹੈ।
(ਚਲਦਾ)