ਮੌਸਮੀ ਤਬਦੀਲੀਆਂ ਦੀ ਭਾਰਤ ਨੂੰ ਮਾਰ: ਸਰਕਾਰ ਦੇ ਜਾਗਣ ਦਾ ਵੇਲਾ

ਡਾ. ਗੁਰਿੰਦਰ ਕੌਰ
ਫੋਨ: 408-493-9776
ਮਈ ਦੇ ਆਖਰੀ ਅਤੇ ਜੂਨ ਦੇ ਪਹਿਲੇ ਹਫਤੇ ਭਾਰਤ ਦੇ ਕਈ ਸ਼ਹਿਰਾਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਨਿਗਰਾਨੀ ਵੈਬਸਾਈਟ ਐਲ਼ਡੋਰਾਡੋ ਅਨੁਸਾਰ 2 ਅਤੇ 3 ਜੂਨ ਵਿਚਾਲੇ ਦੁਨੀਆਂ ਦੇ 15 ਸਭ ਤੋਂ ਗਰਮ ਸ਼ਹਿਰਾਂ ਵਿਚੋਂ 11 ਭਾਰਤ ਅਤੇ ਬਾਕੀ ਦੋ ਪਾਕਿਸਤਾਨ ਦੇ ਸਨ। ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਲੂ ਚੱਲ ਰਹੀ ਹੈ। ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜੀ ਰਾਜਾਂ ਤੱਕ ਗਰਮੀ ਅਤੇ ਲੂ ਦੀ ਦੋਹਰੀ ਮਾਰ ਪੈ ਰਹੀ ਹੈ। ਰਾਜਸਥਾਨ ਵਿਚ ਇਸ ਵਾਰ ਗਰਮੀ ਦੇ ਨਵੇਂ ਰਿਕਾਰਡ ਬਣ ਰਹੇ ਹਨ। ਰਾਜਸਥਾਨ ਦੇ ਸ਼ਹਿਰ ਚੁਰੂ ਵਿਚ 2 ਜੂਨ ਨੂੰ ਦੇਸ਼ ਦੇ ਸਭ ਤੋਂ ਵੱਧ ਤਾਪਮਾਨ 50.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦੱਸਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ 2016 ਵਿਚ ਇਥੇ ਵੱਧ ਤੋਂ ਵੱਧ ਤਾਪਮਾਨ 50.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਸ੍ਰੀ ਗੰਗਾਨਗਰ ਦਾ ਤਾਪਮਾਨ ਪਹਿਲੀ ਜੂਨ ਨੂੰ 49.6 ਡਿਗਰੀ ਸੈਲਸੀਅਸ ਸੀ, ਜਿਸ ਨੇ ਇਥੋਂ ਦਾ 75 ਸਾਲਾਂ ਦਾ ਰਿਕਾਰਡ ਤੋੜ ਦਿੱਤਾ।
ਚੁਰੂ ਵਿਚ ਇੰਨੀ ਗਰਮੀ ਪੈ ਰਹੀ ਹੈ, ਜਿਸ ਨਾਲ ਇੱਥੋਂ ਦੀਆਂ ਸੜਕਾਂ ਤੱਕ ਪਿਘਲਣ ਲੱਗ ਗਈਆਂ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ, ਊਨਾ, ਮੰਡੀ, ਸਿਰਮੋਰ ਅਤੇ ਸੋਲਨ ਆਦਿ ਪੰਜਾਬ ਨਾਲ ਲੱਗਦੇ ਹੇਠਲੇ ਜਿਲਿਆਂ ਵਿਚ ਵੀ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
2 ਜੂਨ ਨੂੰ ਪੰਜਾਬ ਵਿਚ ਬਠਿੰਡਾ ਦਾ ਤਾਪਮਾਨ 46 ਡਿਗਰੀ ਸੈਲਸੀਅਸ ਸੀ, ਜੋ ਰਾਜ ਵਿਚ ਸਭ ਤੋਂ ਵੱਧ ਹੈ। ਅਸਲ ਵਿਚ ਇਸ ਸਾਲ ਦੇ ਸ਼ੁਰੂ ਵਿਚ ਹੀ ਮੌਸਮੀ ਤਬਦੀਲੀਆਂ ਦੇ ਕਹਿਰ ਦੀ ਆਮਦ ਦਾ ਅਸਰ ਦਿਸਣ ਲੱਗ ਗਿਆ ਸੀ। ਜੇ ਥੋੜ੍ਹਾ ਪਿੱਛੇ ਉਤਰੀ ਭਾਰਤ ਦੇ ਦਸੰਬਰ, ਜਨਵਰੀ, ਫਰਵਰੀ ਅਤੇ ਮਾਰਚ ਦੇ ਮਹੀਨਿਆਂ ਦੇ ਤਾਪਮਾਨ ਉਤੇ ਝਾਤ ਮਾਰੀਏ ਤਾਂ ਸਹਿਜੇ ਹੀ ਯਾਦ ਆ ਜਾਵੇਗਾ ਕਿ ਇਸ ਵਾਰ ਸਰਦੀ ਦਾ ਮੌਸਮ ਆਮ ਨਾਲੋਂ ਲੰਬਾ ਅਤੇ ਵੱਧ ਠੰਡਾ ਰਿਹਾ ਹੈ। ਮਾਰਚ ਮਹੀਨੇ ਦੇ ਅੰਤ ਤੱਕ ਸਰਦੀ ਰਹੀ ਅਤੇ ਅਪਰੈਲ ਵਿਚ ਇਕਦਮ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਤੇ ਪੱਖੇ, ਕੂਲਰ ਚੱਲਣ ਲੱਗ ਪਏ ਸਨ। ਹੁਣ ਮਈ ਅਤੇ ਜੂਨ ਦੇ ਮਹੀਨਿਆਂ ਵਿਚ ਤਾਪਮਾਨ ਦੇ ਵਾਧੇ ਦੇ ਰਿਕਾਰਡ ਵੀ ਟੁੱਟਣ ਲੱਗ ਪਏ।
ਜ਼ਿਕਰਯੋਗ ਹੈ ਕਿ ਜਦੋਂ ਉਤਰੀ ਭਾਰਤ ਦੇ ਰਾਜ ਫਰਵਰੀ ਅਤੇ ਮਾਰਚ ਵਿਚ ਸਰਦੀ ਦਾ ਸੰਤਾਪ ਝੱਲ ਰਹੇ ਸਨ, ਉਦੋਂ ਕੇਰਲ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਆਦਿ ਦੱਖਣੀ ਰਾਜ ਔਸਤ ਤੋਂ ਵੱਧ ਤਾਪਮਾਨ ਦੀ ਮਾਰ ਝੱਲ ਰਹੇ ਸਨ। ਇਨ੍ਹਾਂ ਰਾਜਾਂ ਵਿਚ ਫਰਵਰੀ ਅਤੇ ਮਾਰਚ ਮਹੀਨੇ ਔਸਤ ਤੋਂ ਵੱਧ ਗਰਮ ਰਹੇ। ਮੌਸਮੀ ਤਬਦੀਲੀ ਦਾ ਇਕ ਹੋਰ ਹੈਰਾਨੀਜਨਕ ਤੱਥ ਕਿ 2019 ਵਿਚ ਸਰਦੀ ਦੀ ਰੁੱਤ ਪਿਛੋਂ ਇਕਦਮ ਗਰਮੀ ਦੀ ਰੁੱਤ ਆ ਗਈ ਅਤੇ ਬਸੰਤ ਰੁੱਤ ਵਿਚੋਂ ਗਾਇਬ ਹੀ ਹੋ ਗਈ।
ਗਰਮੀਆਂ ਵਿਚ ਗਰਮ ਹਵਾਵਾਂ ਅਤੇ ਸਰਦੀਆਂ ਵਿਚ ਠੰਡੀਆਂ ਹਵਾਵਾਂ ਚੱਲਣ ਦੀਆਂ ਘਟਨਾਵਾਂ ਵਿਚ ਵਾਧਾ ਤਾਂ ਕਈ ਸਾਲਾਂ ਤੋਂ ਹੋ ਰਿਹਾ ਹੈ ਅਤੇ ਇਸ ਸਬੰਧੀ ਮਿਨਿਸਟਰੀ ਆਫ ਸਟੈਟਿਕਟਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਅਨੁਸਾਰ ਪਿਛਲੇ ਦੋ ਸਾਲਾਂ ਵਿਚ ਭਾਰਤ ਵਿਚ ਗਰਮ ਹਵਾਵਾਂ ਚੱਲਣ ਦੀਆਂ ਘਟਨਾਵਾਂ ਵਿਚ ਕਈ ਗੁਣਾ ਵਾਧਾ ਹੋਇਆ ਹੈ। ਗਰਮ ਹਵਾਵਾਂ ਦੀਆਂ ਘਟਨਾਵਾਂ ਵਿਚ 2017 ਵਿਚ 2016 ਨਾਲੋਂ 14 ਗੁਣਾ ਅਤੇ ਠੰਡੀਆਂ ਹਵਾਵਾਂ ਦੀਆਂ ਘਟਨਾਵਾਂ ਵਿਚ 34 ਗੁਣਾ ਵਾਧਾ ਹੋਇਆ ਹੈ। ਆਂਧਰਾ ਪ੍ਰਦੇਸ਼ ਦੇ ਜਿਲਾ ਮੇਂਡਕ ਵਿਚ 2001 ਤੋਂ 2018 ਤੱਕ ਦੇ ਫਰਵਰੀ ਅਤੇ ਮਾਰਚ ਮਹੀਨਿਆਂ ਦੇ ਔਸਤ ਤਾਪਮਾਨ ਤੋਂ 2019 ਵਿਚ 3.94 ਡਿਗਰੀ ਵਾਧਾ ਰਿਕਾਰਡ ਕੀਤਾ ਗਿਆ ਹੈ।
ਇਨ੍ਹਾਂ ਮਹੀਨਿਆਂ ਵਿਚ ਔਸਤ ਤਾਪਮਾਨ 36.62 ਡਿਗਰੀ ਸੈਲਸੀਅਸ ਸੀ, ਜੋ ਹੁਣ ਵਧ ਕੇ 40.56 ਹੋ ਗਿਆ ਹੈ, ਜਦਕਿ ਇਸ ਤੋਂ ਬਿਲਕੁਲ ਉਲਟ ਮੱਧ ਪ੍ਰਦੇਸ਼ ਦੇ ਜਿਲਾ ਵਿਦੀਸ਼ਾ ਦੀ ਤਹਿਸੀਲ ਸ਼੍ਰੀਰੰਜ ਦਾ ਤਾਪਮਾਨ ਇਸ ਸਾਲ ਇਸੇ ਸਮੇਂ ਵਿਚ 27.87 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਔਸਤ (34.11 ਡਿਗਰੀ ਸੈਲਸੀਅਸ) ਤੋਂ 6.24 ਡਿਗਰੀ ਘੱਟ ਸੀ।
ਤਾਪਮਾਨ ਵਿਚ ਤੇਜ਼ੀ ਨਾਲ ਤਬਦੀਲੀ ਸਿਰਫ ਗਰਮੀ ਅਤੇ ਸਰਦੀ ਰੁੱਤ ਵਿਚ ਹੀ ਨਹੀਂ ਆ ਰਹੀ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਦੱਖਣੀ ਰਾਜਾਂ ਵਿਚ ਰਾਤ ਦਾ ਔਸਤ ਤਾਪਮਾਨ ਵੀ ਵਧਿਆ ਹੈ। ਤਾਮਿਲਨਾਡੂ ਦੀਆਂ 88 ਫੀਸਦ ਤਹਿਸੀਲਾਂ ਵਿਚ ਰਾਤ ਦੇ ਔਸਤ ਤਾਪਮਾਨ ਵਿਚ 6.1 ਡਿਗਰੀ ਤੋਂ ਲੈ ਕੇ 2.9 ਡਿਗਰੀ ਸੈਲਸੀਅਸ ਤੱਕ ਵਾਧਾ ਹੋਇਆ ਹੈ, ਜੋ ਹੋਰ ਚਿੰਤਾ ਦਾ ਵਿਸ਼ਾ ਹੈ।
ਅੱਤ ਦੀ ਗਰਮੀ ਅਤੇ ਸਰਦੀ ਪਿਛੋਂ ਹੁਣ ਕੁਝ ਰਾਜਾਂ ਵਿਚ ਝੱਖੜ, ਤੂਫਾਨ ਅਤੇ ਹਨੇਰੀਆਂ ਆਉਣ ਨਾਲ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਹਾਲ ਹੀ ਵਿਚ ਮੌਸਮ ਵਿਭਾਗ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪਿਛਲੇ 65 ਸਾਲਾਂ ਦੇ ਰਿਕਾਰਡ ਅਨੁਸਾਰ ਇਸ ਸਾਲ ਮਾਰਚ ਤੋਂ ਮਈ ਤੱਕ ਦੇ ਮਹੀਨਿਆਂ ਵਿਚ ਸਭ ਤੋਂ ਘੱਟ ਮੀਂਹ ਪਿਆ ਹੈ ਅਤੇ ਇਸ ਸਾਲ ਐਲਨੀਨੋ ਦੀ ਆਮਦ ਦਾ ਵੀ ਖਦਸ਼ਾ ਹੈ, ਕਿਉਂਕਿ ਸਮੁੰਦਰ ਦੇ ਪਾਣੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਜੇ ਐਲਨੀਨੋ ਆਉਂਦਾ ਹੈ ਤਾਂ ਇਸ ਸਾਲ 2018 ਨਾਲੋਂ ਵੀ ਔਸਤ ਤਾਪਮਾਨ ਵਧ ਸਕਦਾ ਹੈ, ਜਿਸ ਨਾਲ ਆਮ ਮੌਸਮ ਵਿਚ ਹੋਰ ਗੜਬੜ ਹੋ ਸਕਦੀ ਹੈ।
ਸਾਲ 2014 ਦੀ ਆਈ. ਪੀ. ਸੀ. ਸੀ. ਦੀ ਇਕ ਰਿਪੋਰਟ ਨੇ ਖੁਲਾਸਾ ਕੀਤਾ ਸੀ ਕਿ ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਨਾਲ ਦੁਨੀਆਂ ਦਾ ਕੋਈ ਵੀ ਦੇਸ਼ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚ ਨਹੀਂ ਸਕੇਗਾ, ਪਰ ਭਾਰਤ ਅਤੇ ਚੀਨ ਨੂੰ ਮੌਸਮੀ ਤਬਦੀਲੀਆਂ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ। ਇਸੇ ਲਈ ਦੁਨੀਆਂ ਦੇ ਸਾਰੇ ਦੇਸ਼ਾਂ ਨੇ ਇਕੱਠੇ ਹੋ ਕੇ 2015 ਵਿਚ ਪੈਰਿਸ ਵਿਚ ਤਾਪਮਾਨ ਦੇ ਵਾਧੇ ਉਤੇ ਠੱਲ ਪਾਉਣ ਲਈ ਆਮ ਸਹਿਮਤੀ ਨਾਲ ਇੱਕ ਰੂਪ ਰੇਖਾ ਉਲੀਕੀ ਸੀ, ਜਿਸ ਨੂੰ ਪੈਰਿਸ ਮੌਸਮੀ ਸੰਧੀ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿਚ ਹਰ ਦੇਸ਼ ਨੇ ਆਪਣੇ ਹਿੱਤਾਂ ਅਤੇ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਕਟੌਤੀ ਕਰਨ ਦੀ ਹਾਮੀ ਵੀ ਭਰੀ, ਪਰ 3 ਸਾਲਾਂ ਬਾਅਦ 2018 ਵਿਚ ਪੋਲੈਂਡ ਦੇ ਸ਼ਹਿਰ ਕਾਟੋਵਿਸ ਇਸ ਸਬੰਧੀ ਹੋਈ ਕਾਨਫਰੰਸ ਵਿਚ ਸਾਰੇ ਦੇਸ਼ਾਂ ਦੀ ਤਾਪਮਾਨ ਦੇ ਉਦਯੋਗਿਕ ਸਮੇਂ ਦੇ ਔਸਤ ਤਾਪਮਾਨ ਤੋਂ ਵਧ ਤੋਂ ਵਧ ਵਾਧੇ ਭਾਵ 1.5 ਡਿਗਰੀ ਜਾਂ 2.0 ਡਿਗਰੀ ਸੈਲਸੀਅਸ ਬਾਰੇ ਕੋਈ ਰਾਇ ਨਹੀਂ ਸੀ ਬਣ ਸਕੀ, ਜਿਸ ਲਈ ਇਹ ਮੁੱਦਾ ਇਕ ਸਾਲ ਹੋਰ ਲਟਕਾ ਕੇ ਇਸ ਸਾਲ ਹੋਣ ਵਾਲੀ ਕਾਨਫਰੰਸ ਉਤੇ ਪਾ ਦਿੱਤਾ ਗਿਆ ਸੀ, ਪਰ ਇਸ ਤਰ੍ਹਾਂ ਦੇਰੀ ਕਰਨ ਨਾਲ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਲਗਾਤਾਰ ਵਧ ਰਹੀ ਹੈ, ਜਿਸ ਨਾਲ ਤਾਪਮਾਨ ਵਿਚ ਅਣਕਿਆਸੀਆਂ ਤਬਦਲੀਆਂ ਆ ਰਹੀਆਂ ਹਨ। ਹੁਣ ਸਵਾਲ ਉਠਦਾ ਹੈ ਕਿ ਜੇ ਕੌਮਾਂਤਰੀ ਪੱਧਰ ਉਤੇ ਕੁਝ ਨਹੀਂ ਹੋ ਰਿਹਾ ਤਾਂ ਦੇਸ਼ ਆਪਣੇ ਪੱਧਰ ‘ਤੇ ਕੀ ਕਰ ਰਹੇ ਹਨ?
ਗਰੀਨ ਹਾਊਸ ਗੈਸਾਂ ਦੇ ਨਿਕਾਸ ਵਿਚ ਕਮੀ ਕਰਨ ਲਈ ਸਭ ਤੋਂ ਪਹਿਲਾਂ ਤੇਲ, ਕੋਇਲੇ ਆਦਿ ਦੀ ਵਰਤੋਂ ਘਟਾ ਕੇ ਕੁਦਰਤੀ ਸਰੋਤਾਂ ਭਾਵ ਹਵਾ, ਪਾਣੀ ਅਤੇ ਸੂਰਜੀ ਸਰੋਤਾਂ ਤੋਂ ਊਰਜਾ ਪੈਦਾ ਕਰਨੀ ਚਾਹੀਦੀ ਹੈ, ਪਰ ਸਾਡੇ ਦੇਸ਼ ਨੇ ਇਸ ਪਾਸੇ ਵੱਲ ਹਾਲੇ ਤੱਕ ਕੋਈ ਉਚੇਚਾ ਉਪਰਾਲਾ ਨਹੀਂ ਕੀਤਾ। ਇਸ ਸਬੰਧੀ ਦੂਜਾ ਕਦਮ ਜੰਗਲਾਂ ਦੇ ਰਕਬੇ ਵਿਚ ਵਾਧਾ ਕਰਨਾ ਹੈ, ਕਿਉਂਕਿ ਰੁੱਖ ਗਰੀਨ ਹਾਊਸ ਗੈਸਾਂ ਨੂੰ ਕਾਫੀ ਮਾਤਰਾ ਵਿਚ ਜ਼ਜ਼ਬ ਕਰ ਲੈਂਦੇ ਹਨ। ਸਾਡੇ ਦੇਸ਼ ਦੇ ਅੰਕੜਿਆਂ ਅਨੁਸਾਰ ਤਾਂ ਪਿਛਲੇ ਦੋ ਸਾਲਾਂ ਵਿਚ ਜੰਗਲਾਂ ਥੱਲੇ 1 ਫੀਸਦ ਰਕਬਾ ਵਧਿਆ ਹੈ, ਪਰ ਅਸਲ ਵਿਚ ਇਸ ਵਿਚੋਂ 82 ਫੀਸਦ ਰਕਬਾ ਖੇਤੀਬਾੜੀ ਥੱਲੇ ਵਧਿਆ ਹੈ ਜਦਕਿ ਸਿਰਫ 4.4 ਫੀਸਦ ਜੰਗਲਾਂ ਥੱਲੇ ਵਧਿਆ ਹੈ, ਜੋ ਬਹੁਤ ਹੀ ਘੱਟ ਹੈ ਅਤੇ ਨਵੇਂ ਲੱਗੇ ਪੌਦਿਆਂ ਨੂੰ ਰੁੱਖ ਬਣਨ ਵਿਚ ਕਾਫੀ ਸਾਲ ਲੱਗ ਜਾਂਦੇ ਹਨ, ਜੋ ਗਰੀਨ ਹਾਊਸ ਗੈਸਾਂ ਨੂੰ ਜ਼ਜਬ ਕਰ ਸਕੇ। ਜੇ ਅਸੀਂ ਅੰਕੜਿਆਂ ਨੂੰ ਅੱਖੋਂ-ਪਰੋਖੇ ਕਰਕੇ ਆਪਣੇ ਆਲੇ-ਦੁਆਲੇ ਸਰਸਰੀ ਨਜ਼ਰ ਵੀ ਮਾਰ ਲਈਏ ਤਾਂ ਇਹ ਸਾਫ ਨਜ਼ਰ ਆਉਂਦਾ ਹੈ ਕਿ ਆਰਥਕ ਵਿਕਾਸ ਦੀ ਆੜ ਥੱਲੇ ਵੱਡੇ ਦਰਖਤ ਤੇਜ਼ੀ ਨਾਲ ਕੱਟੇ ਜਾ ਰਹੇ ਹਨ, ਜੋ ਇੱਕ ਬਹੁਤ ਹੀ ਖਤਰਨਾਕ ਵਰਤਾਰਾ ਹੈ।
ਭਾਰਤ ਵਿਚ ਤੇਜ਼ੀ ਨਾਲ ਬਦਲਦੇ ਮੌਸਮ ਨੂੰ ਦੇਖਦਿਆਂ ਸਰਕਾਰ ਨੂੰ ਚਾਹੀਦਾ ਹੈ ਕਿ ਲੋੜੀਂਦੀ ਊਰਜਾ ਕੁਦਰਤੀ ਸਰੋਤਾਂ ਤੋਂ ਪੈਦਾ ਕਰੇ। ਇਸ ਤੋਂ ਇਲਾਵਾ ਆਵਾਜਾਈ ਦੇ ਸਾਧਨਾਂ ਦੇ ਨਿੱਜੀਕਰਨ ਨੂੰ ਘਟਾਉਣ ਲਈ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਚੁਸਤ ਦਰੁਸਤ ਕਰੇ ਤਾਂ ਕਿ ਲੋਕ ਇਕ ਤੋਂ ਦੂਜੇ ਥਾਂ ਆਰਾਮ ਨਾਲ ਆ-ਜਾ ਸਕਣ। ਇਸ ਤੋਂ ਇਲਾਵਾ ਜੰਗਲਾਂ ਦੇ ਰਕਬੇ ਵਿਚ ਸੰਜੀਦਗੀ ਨਾਲ ਵਾਧਾ ਕਰੇ। ਖਾਨਾਪੂਰਤੀ ਕਰਨ ਤੋਂ ਗੁਰੇਜ਼ ਕਰੇ। ਇਸ ਦੇ ਨਾਲ ਨਾਲ ਦੇਸ਼ ਦੇ ਤੱਟਵਰਤੀ ਇਲਾਕਿਆਂ ਵਿਚਲੀਆਂ ਕੁਦਰਤੀ ਜਲਗਾਹਾਂ ਤੱਟਵਰਤੀ ਇਲਾਕਿਆਂ ਦੇ ਆਰਥਕ ਵਿਕਾਸ ਦੇ ਬਹਾਨੇ ਨਵੇਂ ਕਾਨੂੰਨ ਬਣਾ ਕੇ ਬਰਬਾਦ ਨਾ ਕਰੇ। ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਮੌਸਮੀ ਤਬਦੀਲੀਆਂ ਦੀ ਮਾਰ ਸਹਿੰਦਾ ਆਪਣੀ ਹੋਂਦ ਬਚਾਉਣ ਤੋਂ ਅਸਮਰੱਥ ਹੋ ਜਾਵੇਗਾ।